ਸਿੱਖ, ਸਿੱਖ ਧਰਮ ਅਤੇ ਪੁਜਾਰੀਵਾਦ

ਅਮਰਜੀਤ ਸਿੰਘ ਮੁਲਤਾਨੀ
‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕ (12 ਸਤੰਬਰ) ਵਿਚ ਹਰਚਰਨ ਸਿੰਘ ਪਰਹਾਰ ਦਾ ਲੇਖ “ਸਿੱਖ ਧਰਮ ਬਨਾਮ ਪੁਜਾਰੀਵਾਦ” ਸਿੱਖਾਂ ਦੀਆਂ ਅੱਖਾਂ, ਜਿਨ੍ਹਾਂ ‘ਤੇ ਪੁਜਾਰੀਆਂ ਦਾ ਪ੍ਰਭਾਵ ਕਾਲੇ ਮੋਤੀਆ ਬਿੰਦ ਦੀ ਪਰਤ ਵਾਂਗ ਪੱਕੇ ਤੌਰ ‘ਤੇ ਚੜ੍ਹ ਚੁਕਾ ਹੈ, ਬਾਰੇ ਅਨੇਕਾਂ ਸਵਾਲ ਖੜ੍ਹੇ ਕਰਦਾ ਹੈ; ਪਰ ਸਿੱਖ ਪੁਜਾਰੀਆਂ ਦੇ ਗੜ੍ਹ ਗੁਰਦੁਆਰਾ ਸਾਹਿਬਾਨ ਅਤੇ ਡੇਰਿਆਂ ਦੀਆਂ ਰਸਮਾਂ ਤੇ ਕਸਮਾਂ ਵਿਚ ਇੰਨੇ ਉਲਝ ਚੁਕੇ ਹਨ ਕਿ ਇਸ ਦੇ ਲਈ ਸਿੰਘ ਸਭਾ ਲਹਿਰ ਤੋਂ ਵੀ ਵੱਡ ਅਕਾਰੀ ਤੇ ਪ੍ਰਭਾਵੀ ਸਿੱਖ ਜਨ ਜਾਗ੍ਰਿਤੀ ਲਹਿਰ ਦੀ ਲੋੜ ਹੈ।

ਪੁਜਾਰੀਵਾਦ ਦਾ ਨਸ਼ਾ ਬਹੁਤੇ ਸਿੱਖਾਂ ‘ਤੇ ਇੰਨਾ ਤਾਰੀ ਹੋ ਗਿਆ ਹੈ ਕਿ ਉਸ ਦੀ ਕਾਟ ਲਈ ਨਸ਼ਾ ਛਡਾਊ ਜਿਹੇ ਕੈਂਪ ਯਾਨਿ ਮਜ਼ਬੂਤ ਧਿਰ ਦੀ ਤਿਆਰੀ ਵਕਤ ਦੀ ਸਭ ਤੋਂ ਵੱਡੀ ਲੋੜ ਹੈ। ਸਿੱਖਾਂ, ਜੋ ਆਪਣੇ ਧਰਮ ਦੇ ਨਿੱਘਰਨ ਤੋਂ ਅਤਿ ਦੁਖੀ ਹਨ, ਨੂੰ ਲਾਮਬੰਦ ਹੋ ਕੇ ਆਪਣੇ ਆਪ ਨੂੰ ਪੁਜਾਰੀਵਾਦ ਦਾ ਵਿਰੋਧੀ ਗਰਦਾਨਣਾ ਪਵੇਗਾ। ਇਨ੍ਹਾਂ ਸਿੱਖਾਂ ਨੂੰ ਆਪਣੇ ਆਚਰਣ ਰਾਹੀਂ ਆਮ ਬਹੁਗਿਣਤੀ ਸਿੱਖਾਂ ਵਿਚ ਇਹ ਪ੍ਰਭਾਵ ਸਥਾਪਿਤ ਕਰਨਾ ਪਵੇਗਾ ਕਿ ਉਨ੍ਹਾਂ ‘ਤੇ ਪੁਜਾਰੀਆਂ-ਡੇਰਿਆਂ ਨਾਲੋਂ ਤੋੜ-ਵਿਛੋੜੇ ਕਾਰਨ ਗੁਰੂ ਨਾਨਕ ਦਾ ਅਸ਼ੀਰਵਾਦ ਘਟਿਆ ਨਹੀਂ, ਸਗੋਂ ਉਹ ਵਧੇਰੇ ਅਨੰਦਿਤ ਤੇ ਵਧੇਰੇ ਗੁਰੂ ਕਿਰਪਾ ਦੇ ਪਾਤਰ ਬਣ ਗਏ ਹਨ। ਇਹ ਯਤਨ ਲਗਾਤਾਰ ਜਾਰੀ ਰੱਖਣੇ ਪੈਣਗੇ ਤੇ ਉਹ ਵੀ ਲੰਬੇ ਸਮੇਂ ਤੱਕ, ਜਦ ਤੱਕ ਤੁਸੀਂ ਆਪਣੇ ਮਿਸ਼ਨ ਵਿਚ ਘੱਟੋ ਘੱਟ 50% ਸਫਲ ਨਹੀਂ ਹੁੰਦੇ, ਪਰ ਤੁਹਾਨੂੰ ਸੌ ਪ੍ਰਤੀਸ਼ਤ ਦੇ ਨਿਸ਼ਾਨੇ ਦੀ ਪ੍ਰਾਪਤੀ ਤਕ ਜਾਗਦੇ ਹੀ ਰਹਿਣਾ ਪਵੇਗਾ।
ਸਿੱਖਾਂ ਦੇ ਇਕ ਵੱਡੇ ਵਰਗ ਨੂੰ ਇਸ ਵੇਲੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਕਾਫੀ ਪ੍ਰਭਾਵਿਤ ਕਰ ਰਿਹਾ ਹੈ। ਆਪਣੇ ਸ਼ੁਰੂਆਤੀ ਦਿਨਾਂ ਵਿਚ ਉਸ ਨੇ ਵੀ ਕਾਫੀ ਕਮਲੀਆਂ ਘੋਟੀਆਂ ਸਨ, ਪਰ ਇਸ ਵਿਚ ਉਸ ਦਾ ਨਹੀਂ, ਸਗੋਂ ਉਸ ਦੀ ਘੱਟ ਉਮਰ ਦਾ ਦੋਸ਼ ਸੀ। ਇਕ ਤਾਂ ਹੁਣ ਉਹ ਥੋੜ੍ਹਾ ਸਿਆਣਾ ਹੋ ਗਿਆ ਹੈ। ਮੈਨੂੰ ਲੱਗਦਾ ਹੈ ਕਿ ਉਸ ਨੇ ਡੂੰਘਾ ਆਤਮ ਚਿੰਤਨ ਕਰਨ ਪਿਛੋਂ ਇਹ ਮੌਜੂਦਾ ਰੁਖ ਅਖਤਿਆਰ ਕੀਤਾ ਹੈ। ਇਹ ਵੀ ਲੱਗਦਾ ਹੈ, ਉਸ ਨੇ ਸਿੱਖ ਗ੍ਰੰਥਾਂ ਦਾ ਅਧਿਐਨ ਕਰਨ ਦੇ ਨਾਲ-ਨਾਲ ਮੌਜੂਦਾ ਸਿੱਖ ਸੰਸਥਾਵਾਂ, ਜਿਨ੍ਹਾਂ ਵਿਚ ਐਸ਼ ਜੀ. ਪੀ. ਸੀ. ਅਤੇ ਅਕਾਲ ਤਖਤ ਸ਼ਾਮਿਲ ਹੈ, ਤੋਂ ਇਲਾਵਾ ਆਪਣੇ ਸਮਕਾਲੀ ਟਕਸਾਲ ‘ਤੇ ਵੀ ਡੂੰਘੀ ਖੋਜ ਬਾਰੇ ਵਿਚਾਰਾਂ ਨੂੰ ਪੱਕਿਆਂ ਕੀਤਾ ਹੈ। ਸਿੱਖ ਧਾਰਮਿਕ ਸੰਸਥਾਵਾਂ, ਹਮਾਮ ਤਾਂ ਦੂਰ ਰਿਹਾ, ਸ਼ੱਰੇਆਮ ਨੰਗੀਆਂ ਹੋ ਗਈਆਂ ਹਨ। ਸਿੱਖ ਭਾਵੇਂ ਇਸ ਪਾਸਿਓਂ ਅੱਖਾਂ ਮੀਟੀ ਰੱਖਣ, ਪਰ ਇਸ ਨਾਲ ਹਕੀਕਤ ਨਹੀਂ ਬਦਲਨੀ। ਅਕਾਲ ਤਖਤ ਤੇ ਐਸ਼ ਜੀ. ਪੀ. ਸੀ. ਅਜਿਹੀਆਂ ਦੋ ਸੰਸਥਾਵਾਂ ਹਨ, ਜਿਸ ਨਾਲ ਸਾਰੇ ਸੰਸਾਰ ਦੇ ਸਿੱਖ ਬਾਵਸਤਾ ਹਨ। ਇਨ੍ਹਾਂ ਦੇ ਕੰਮਾਂ ‘ਤੇ ਸਾਰੇ ਸਿੱਖਾਂ ਦੀ ਨਜ਼ਰ ਹੁੰਦੀ ਹੈ। ਇਨ੍ਹਾਂ ਸੰਸਥਾਵਾਂ ਵਿਚ ਹੁੰਦੀਆਂ ਨੀਚ ਤੇ ਨਿੰਦਾਯੋਗ ਘਟਨਾਵਾਂ ਤੋਂ ਪੈਦਾ ਹੋਈ ਨਿਰਾਸ਼ਾ ਹੀ ਭਾਈ ਢੱਡਰੀਆਂ ਵਾਲੇ ਦੀ ਅਸਲ ਤਾਕਤ ਹਨ। ਜੋ ਸਿੱਖ ਅੱਜ ਉਸ ਨਾਲ ਡਟੇ ਖੜੇ ਹਨ, ਨੂੰ ਚਾਹੀਦਾ ਹੈ ਕਿ ਉਹ ਇਸ ਆਰ ਤੇ ਪਾਰ ਦੀ ਲੜਾਈ ਵਿਚ ਉਸ ਨਾਲ ਹੀ ਖੜਨ ਤੇ ਉਸ ਦੀ ਤਾਕਤ ਬਣਨ।
ਸਿੱਖਾਂ ‘ਤੇ ਅਕਾਲ ਤਖਤ ਦੀ ਸਿਰਮੌਰਤਾ ਐਸ਼ ਜੀ. ਪੀ. ਸੀ. ਨੇ ਹੀ ਥੋਪੀ ਸੀ ਤੇ ਹੁਣ ਅਕਾਲ ਤਖਤ ਦੀ ਸ਼ਕਤੀ ਦਾ ਮਜ਼ਾਕ ਵੀ ਐਸ਼ ਜੀ. ਪੀ. ਸੀ. ਨੇ ਖੁਦ ਹੀ ਉਡਾਇਆ ਹੈ। ਸਭ ਜਾਣਦੇ ਹਨ ਕਿ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ‘ਤੇ ਐਕਸ਼ਨ ਲੈਣ ਲਈ ਐਸ਼ ਜੀ. ਪੀ. ਸੀ. ਨੂੰ ਹਦਾਇਤ ਦਿੱਤੀ ਸੀ। ਐਸ਼ ਜੀ. ਪੀ. ਸੀ. ਵੀ ਆਪਣੀ ਤੇ ਆਪਣਿਆਂ ਦੀ ਚਮੜੀ ਬਚਾਉਣ ਲਈ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਸਮੇਤ ਚੁਣ-ਚੁਣ ਕੇ ਬਲੀ ਦੇ ਬੱਕਰੇ ਲੱਭਦੀ ਹੈ। ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਤਾਂ ਹਿਰਖ ਕਰਦਾ ਹੋਇਆ ਇਸ ਫਾਨੀ ਜਹਾਨ ਨੂੰ ਹੀ ਅਲਵਿਦਾ ਕਹਿ ਗਿਆ ਹੈ। ਬਾਕੀ ਬਲੀ ਦੇ ਬੱਕਰੇ ਵੀ ਜਦੋਂ ਪੂਰੇ ਦਮ ਨਾਲ ਮਿਆਂਕਨ ਲੱਗਦੇ ਹਨ ਤਾਂ ਪੋਲ ਖੁਲ੍ਹਣ ਦੇ ਡਰੋਂ ਐਸ਼ ਜੀ. ਪੀ. ਸੀ. ਦਾ ਨਾਮ ਧਰੀਕ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਵਾਂਗ ਚੀਨੀ ਘੁਸਪੈਠ ਤੇ ਮਾਰੀ ਯੂ ਟਰਨ ਜਿਹਾ ਹੀ ਬਿਆਨ ਦਿੰਦਾ ਹੈ ਕਿ ਕਦੇ ਵੀ ਕੋਈ ਸਰੂਪ ਗੁੰਮ ਹੀ ਨਹੀਂ ਹੋਇਆ। ਅਜਿਹਾ ਬਿਆਨ ਦੇ ਕੇ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਨੂੰ ਝੂਠੇ ਸਾਬਤ ਕਰਨ ਦਾ ਯਤਨ ਕੀਤਾ ਸੀ, ਪਰ ਗੋਬਿੰਦ ਸਿੰਘ ਲੌਂਗੋਵਾਲ ਦੇ ਬਿਆਨ ਨੇ ਤਾਂ ਅਕਾਲ ਤਖਤ ਤੇ ਉਸ ਦੇ ਜਥੇਦਾਰ ਨੂੰ ਹੀ ਧਰਾਸ਼ਾਈ ਕਰ ਦਿੱਤਾ।
ਸਾਰੇ ਸਿੱਖਿਅਤ ਸਿੱਖਾਂ ਨੂੰ ਆਪਣੇ ਆਲੇ-ਦੁਆਲੇ ਦੀਆਂ ਕੰਧਾਂ ‘ਤੇ ਲਿਖਿਆ ਜ਼ਰੂਰ ਪੜ੍ਹਨਾ ਚਾਹੀਦਾ ਹੈ। ਗੁਰੂ ਨਾਨਕ ਦੇ ਸਿੱਖਾਂ ਨੂੰ ਪੁਜਾਰੀਆਂ ਜਾਂ ਡੇਰੇਦਾਰਾਂ ਤੋਂ ਡਰਨ ਦੀ ਲੋੜ ਨਹੀਂ। ਸਿੱਖ ਨੂੰ ਕੋਈ ਤਾਕਤ ਡਰਾ ਨਹੀਂ ਸਕਦੀ, ਬਸ਼ਰਤੇ ਉਹ ਖੁਦ ਡਰਨਾ ਨਾ ਚਾਹੁੰਦੇ ਹੋਣ। ਤੁਸੀਂ ਇਕ ਵਾਰ ਹਿੰਮਤ ਤਾਂ ਕਰੋ, ਗੁਰੂ ਨਾਨਕ ਤੁਹਾਡੇ ਅੰਗ-ਸੰਗ ਖਲੋਤੇ ਹਨ, ਤੁਸੀਂ ਖੁਦ ਮਹਿਸੂਸ ਕਰੋਗੇ। ਸਿੱਖ ਧਰਮ ‘ਤੇ ਗੁਰੂ ਨਾਨਕ ਦੇ ਸਿੱਖਾਂ ਦਾ ਏਕਾਧਿਕਾਰ ਹੈ। ਜਿਸ ਸਿੱਖ ਨੇ ਗੁਰੂ ਨਾਨਕ ਦੀ ਇਲਾਹੀ ਬਾਣੀ ‘ਜਪੁਜੀ’ ਪੜ੍ਹ ਤੇ ਸਮਝ ਲਈ ਹੈ, ਸਮਝ ਲਉ ਉਸ ਨੂੰ ਬ੍ਰਹਿਮੰਡ ਦੇ ਗਿਆਨ ਦਾ ਗਿਆਨ ਮਿਲ ਗਿਆ ਹੈ। ਉਸ ਨੂੰ ਦਸਮ ਗ੍ਰੰਥ ਤਾਂ ਦੂਰ ਦੀ ਗੱਲ, ਕਿਸੇ ਵੀ ਹੋਰ ਦੁਨੀਆਵੀ ਗ੍ਰੰਥ ਦੀ ਲੋੜ ਨਹੀਂ। ਸਿੱਖ ਲਈ ਕਿਸੇ ਵੀ ਕਿਸਮ ਦੀ ਧਾਰਮਿਕ ਕੱਟੜਤਾ ਅਰਥਹੀਣ ਹੈ। ਸਿੱਖ ਇਹ ਸਭ ਨਿਗੁਣੀਆਂ ਤੇ ਕੋਝੀਆਂ ਹਰਕਤਾਂ ਤੋਂ ਕਿਤੇ ਉਚਾ ਮੁਕਾਮ ਰੱਖਦਾ ਹੈ। ਸਿੱਖਾਂ ਨੂੰ ਗੁਰੂ ਨਾਨਕ ਵੱਲੋਂ ਦੇਸ਼-ਦੇਸ਼ਾਂਤਰਾਂ ਦੀਆਂ ਕੀਤੀਆਂ ਯਾਤਰਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ, ਹਰ ਸਿੱਖ ਨੂੰ ਅਹਿਦ ਕਰ ਲੈਣਾ ਚਾਹੀਦਾ ਹੈ ਕਿ ਉਹ ਮੌਜੂਦਾ ਸਮੇਂ ਵਿਚ ਸਿੱਖ ਅਤੇ ਸਿੱਖ ਧਰਮ ਦੇ ਦੋਖੀਆਂ ਵੱਲੋਂ ਸਿੱਖੀ ਬਾਣੇ ਵਿਚ, ਜੋ ਸਿੱਖ ਧਰਮ ਵਿਰੋਧੀ ਕਾਰਵਾਈਆਂ ਹੋ ਰਹੀਆਂ ਹਨ, ਵਿਚ ਨਾ ਉਲਝ ਕੇ ਖੁਦ ਅਤੇ ਆਪਣੇ ਵਰਗਿਆਂ ਨਾਲ ਮਿਲ ਕੇ ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਹਮੇਸ਼ਾ ਤਤਪਰ ਰਹਿਣਾ ਹੈ।
ਅਸੀਂ ਜੱਗ ਬੀਤੀਆਂ ਕਰਨ ਵਿਚ ਵਧੇਰੇ ਸੁਆਦ ਤੇ ਧਰਵਾਸ ਮਾਣਦੇ ਹਾਂ, ਪਰ ਮੇਰਾ ਨਿੱਜੀ ਮੱਤ ਹੈ ਕਿ ਜੱਗ ਬੀਤੀਆਂ ਨਾਲੋਂ ਹੱਡ ਬੀਤੀਆਂ ਕਰਨੀਆਂ ਚਾਹੀਦੀਆਂ ਹਨ। ਇਸੇ ਕਰਕੇ ਮੈਂ ਆਪਣੇ ਆਲੇ-ਦੁਆਲੇ ਤੇ ਨਿੱਜ ਨਾਲ ਬੀਤੀਆਂ ਘਟਨਾਵਾਂ ਦਾ ਹੀ ਜ਼ਿਕਰ ਕਰਦਾ ਹਾਂ। ਮੈਂ ਗੱਲ ਗੋਲ ਕਰਨ ਨਾਲੋਂ, ਜਿਵੇਂ ਦੀ ਹੈ, ਉਵੇਂ ਦੀ ਕਰਦਾ ਹਾਂ। ਮੇਰੀ ਆਪਣੀ ਨਿੱਜੀ ਜ਼ਿੰਦਗੀ ਵਿਚ ਸਾਲ 2014 ਦੌਰਾਨ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਮੈਨੂੰ ਗੁਰਦੁਆਰੇ ਤੋਂ ਡਰਨ ਵਾਲੇ ਇਕ ਆਮ ਅਖੌਤੀ ਸਿੱਖ ਤੋਂ ਇਕ ਪਰਿਪੂਰਨ ਸਿੱਖ ਵਿਚ ਤਬਦੀਲ ਕਰ ਦਿੱਤਾ। ਮੈਂ ਇਸ ਘਟਨਾ ਦਾ ਸਿਵਾਏ ਦੋ ਵਿਅਕਤੀਆਂ ਦੇ ਕਿਸੇ ਨਾਲ ਜ਼ਿਕਰ ਨਹੀਂ ਕੀਤਾ, ਪਰ ਉਸ ਪਿਛੋਂ ਆਈ ਤਬਦੀਲੀਆਂ ਤੋਂ ਹੁਣ ਸਾਰੇ ਵਾਕਿਫ ਹਨ, ਕਿਉਂਕਿ ਮੈਂ ਧਾਰਮਿਕ ਘੜਮੱਸ ਵਿਚ ਗੁਰੂ ਨਾਨਕ ਦੇ ਸਿੱਖ ਦੀ ਬਾਤ ਜਰੂਰ ਪਾਉਂਦਾ ਹਾਂ। ਮੈਂ ਆਪਣੇ ਹਰ ਜਾਣਨ ਵਾਲੇ ਨੂੰ ਧਾਰਮਿਕ ਬੋਝੇ ਲਾਹ ਸੁੱਟ ਕੇ ਇਕ ਵਧੀਆ ਸਿੱਖ ਬਣਨ ਦੀ ਜਰੂਰ ਬੇਨਤੀ ਕਰਦਾ ਹਾਂ। ਉਸ ਘਟਨਾ ਵਾਲੇ ਦਿਨ ਤੋਂ ਬਾਅਦ ਅੱਜ ਤੱਕ ਮੈਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਨੇੜੇ-ਤੇੜੇ ਵੀ ਨਹੀਂ ਗਿਆ, ਸਿਵਾਏ ਇੱਕ ਜਾਂ ਦੋ ਵਾਰ; ਉਹ ਵੀ ਪੱਤਰਕਾਰ ਹਰਬਖਸ਼ ਸਿੰਘ ਟਾਹਲੀ ਦੇ ਕਹਿਣ ‘ਤੇ। ਮੈਂ ਇਥੇ ਇਕ ਵੱਡੇ ਗੁਰੂ ਘਰ ਵਿਚ ਪਿਛਲੇ ਸਾਲ ਤਿੰਨ ਮਹੀਨਿਆਂ ਲਈ ਸਿਟੀ ਦੀ ਤਰਫੋਂ ਇਮੀਗ੍ਰਾਂਟਾਂ ਨੂੰ ਇੰਗਲਿਸ਼ ਸਿਖਾਉਣ ਜਾਂਦਾ ਰਿਹਾ ਹਾਂ। ਘਰੋਂ ਸਿੱਧੇ ਗੁਰੂ ਘਰ ਦੇ ਜੋੜਾ ਘਰ, ਫਿਰ ਸਿੱਧੇ ਲਿਫਟ ਰਾਹੀਂ ਚੌਥੀ ਮੰਜ਼ਿਲ ‘ਤੇ; ਢਾਈ ਘੰਟਿਆਂ ਦੀ ਕਲਾਸ ਲੈ ਕੇ ਫਿਰ ਲਿਫਟ ਰਾਹੀਂ ਹੇਠਲੀ ਮੰਜ਼ਿਲ ਤੋਂ ਜੋੜਾ ਘਰ। ਘਰ ਆ ਕੇ ਲੰਚ ਕਰਨਾ। ਉਸ 2014 ਦੀ ਘਟਨਾ ਨੇ ਮੈਨੂੰ ਆਤਮਿਕ ਤੇ ਨੈਤਿਕ ਤੌਰ ‘ਤੇ ਇੰਨਾ ਮਜਬੂਤ ਕੀਤਾ ਹੈ, ਇਹ ਬਿਆਨ ਨਹੀਂ ਕੀਤਾ ਜਾ ਸਕਦਾ।
ਹਰ ਕਿਸੇ ਨੂੰ ਇਸ ਗੱਲ ਦਾ ਪਤਾ ਹੈ ਕਿ ਗੁਰੂ ਨਾਨਕ ਵੀ ਇਕੱਲਾ ਹੀ ਸੀ, ਤੇ ਕਿਵੇਂ ਉਸ ਯੁਗ ਪੁਰਸ਼ ਨੇ ਸੜ੍ਹਦੀ, ਬਲਦੀ ਲੋਕਾਈ ਨੂੰ ਸ਼ੀਤਲ ਚਿੱਤ ਹੋ ਕਿ ਬਿਨਾ ਕਿਸੇ ਧਾਰਮਿਕ ਬੰਧਨਾਂ ਦੇ ਇਸੇ ਜਨਮ ਵਿਚ ਖੁਦ ਹੀ ਮਹਾਮਾਨਵ ਬਣਨ ਦਾ ਸੌਖਾ ਰਸਤਾ ਦੱਸਿਆ। ਮੈਂ ਹਰ ਵਕਤ ਆਪਣੇ ਆਪ ਨੂੰ ਗੁਰੂ ਨਾਨਕ ਦੀ ਕਿਰਪਾ ਨਾਲ ਸਰਸ਼ਾਰ ਮਹਿਸੂਸ ਕਰਦਾ ਹਾਂ। ਹਰ ਸਿੱਖ ਗੁਰੂ ਨਾਨਕ ਦਾ ਹੈ ਤੇ ਉਹ ਸਿੱਖ, ਸਿੱਖ ਧਰਮ ਦਾ ਦੂਤ ਹੈ, ਜਿਨ੍ਹਾਂ ਦੇ ਮੋਢਿਆਂ ‘ਤੇ ਸਵਾਰ ਹੋ ਕੇ ਸਿੱਖ ਧਰਮ ਨੇ ਵਿਸ਼ਵ ਦਾ ਧਰਮ ਬਣਨਾ ਹੈ।