ਨਵੀਨਤਮ ਸ਼ਬਦ ਸੋਚ ਅਤੇ ਵਿਲੱਖਣਤਾ ਦੀ ਪੈੜ

ਡਾ. ਅਮਰਜੀਤ ਟਾਂਡਾ
ਸਿੱਖ ਸਾਹਿਤ, ਪਰੰਪਰਾ ਅਤੇ ਇਤਿਹਾਸ ਵਿਚ ਗੁਰਬਾਣੀ ਦੀ ਵਿਆਖਿਆ ਦੇ ਵਿਭਿੰਨ ਪਾਸਾਰਾਂ ਦਾ ਵਰਣਨ ਹੈ। ਗੁਰਮਤਿ ਸਿਧਾਂਤਾਂ ਅਤੇ ਪਰੰਪਰਾਵਾਂ ਦੀ ਵਿਆਖਿਆ ਜਿਵੇਂ ਵਾਰਾਂ ਭਾਈ ਗੁਰਦਾਸ, ਜਨਮ ਸਾਖੀਆਂ, ਗੁਰ ਬਿਲਾਸ ਆਦਿ ਗ੍ਰੰਥਾਂ ਰਾਹੀਂ ਮੂਰਤੀਮਾਨ ਚਿੱਤਰੀ ਦਿਸਦੀ ਹੈ। ਗੁਰਮਤਿ ਵਿਦਵਾਨਾਂ ਨੇ ਗੁਰਬਾਣੀ ਦੀ ਵਿਆਖਿਆ ਕਰਨ ਦਾ ਉਘਾ ਕਾਰਜ ਨੇਪਰੇ ਲਾਇਆ ਹੈ। ਮਹਾਨ ਸੂਰਜਾਂ ‘ਚ ਭਾਈ ਗੁਰਦਾਸ, ਭਾਈ ਮਨੀ ਸਿੰਘ, ਸੋਢੀ ਮਿਹਰਬਾਨ, ਸਾਧੂ ਅਨੰਦਘਨ, ਭਾਈ ਸੰਤੋਖ ਸਿੰਘ, ਪੰਡਿਤ ਤਾਰਾ ਸਿੰਘ ਨਰੋਤਮ, ਗਿਆਨੀ ਬਦਨ ਸਿੰਘ, ਸੰਤ ਅਮੀਰ ਸਿੰਘ, ਸੰਤ ਗੁਲਾਬ ਸਿੰਘ, ਪੰਡਿਤ ਨਰੈਣ ਸਿੰਘ, ਪੰਡਿਤ ਕਰਤਾਰ ਸਿੰਘ ਦਾਖਾ, ਭਾਈ ਵੀਰ ਸਿੰਘ, ਪ੍ਰਿੰ. ਤੇਜਾ ਸਿੰਘ, ਪ੍ਰੋ. ਸਾਹਿਬ ਸਿੰਘ ਆਦਿ ਨਾਂ ਲਏ ਜਾ ਸਕਦੇ ਹਨ।

ਵਿਦਵਾਨਾਂ ਨੇ ਉਘਾ ਕਾਰਜ ਗੁਰਬਾਣੀ ਦੀ ਵਿਆਖਿਆ ਕਰਨ ਲਈ ਅਰੰਭਿਆ, ਜੋ ਗੁਰਬਾਣੀ ਦੀ ਸੋਝੀ ਵਧਾਉਣ, ਸੋਚ ‘ਚ ਵਾਧਾ, ਨਵੀਨ ਕਾਰਜ ਵਿਧੀਆਂ ਦੀ ਪਰੰਪਰਾਗਤ ਚੇਤਨਤਾ ਦੀਆਂ ਪੈੜਾਂ ਹਨ।
ਅਜੋਕੇ ਸਮੇਂ ਵਿਚ ਗੁਰਬਾਣੀ ਵਿਆਖਿਆ ਦੀ ਸ਼ਰਧਾ, ਸਿਰੜ ਅਤੇ ਸੋਝੀ ਦਾ ਪ੍ਰੋ. ਸਾਹਿਬ ਸਿੰਘ ਵਲੋਂ ਗੁਰੂ ਗ੍ਰੰਥ ਸਾਹਿਬ ਦਾ 10 ਭਾਗਾਂ ਵਿਚ ਰਚਿਆ ਹੋਇਆ ਸਟੀਕ ਅਹਿਮ ਕਾਰਜ ਸਮਝਿਆ ਜਾ ਰਿਹਾ ਹੈ। ਇੱਕ ਗੈਰ-ਸਿੱਖ ਹੀਰਾਨੰਦ ਦੇ ਘਰ ਜਨਮ ਲੈ ਕੇ ਪ੍ਰੋ. ਸਾਹਿਬ ਸਿੰਘ ਨੇ ਗੁਰਬਾਣੀ ਦੀ ਵਿਆਖਿਆਕਾਰੀ ਵਿਚ ਉਚੇਰੇ ਤੇ ਸੱਚੇ ਸੁੱਚਾ ਕਾਰਜ ਅਰੰਭੇ। ਖਾਲਸੇ ਦੀ ਰਹਿਤ ਧਾਰਨ ਕਰ ਕੇ ਨੱਥੂ ਰਾਮ ਤੋਂ ਸਾਹਿਬ ਸਿੰਘ ਦੇ ਰੂਪ ਵਿਚ ਆਏ। ਸਾਹਿਬ ਸਿੰਘ ਦਾ ਜਨਮ ਪਿੰਡ ਫੱਤੇਵਾਲ, ਜਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ ਵਿਚ) ਭਾਈ ਹੀਰਾ ਚੰਦ ਦੇ ਘਰ ਮਾਤਾ ਨਿਹਾਲ ਦੇਵੀ ਦੀ ਕੁੱਖੋਂ 16 ਫਰਵਰੀ 1892 ਨੂੰ ਹੋਇਆ। ਪਿੰਡ ਦੇ ਨੇੜੇ ਵਸੇ ਕਸਬਾ ਫਤਿਹਗੜ੍ਹ ਤੋਂ ਅੱਠਵੀਂ ਕੀਤੀ। ਪਸਰੂਰ ਦੇ ਹਾਈ ਸਕੂਲ ਵਿਚ ਨੌਵੀਂ ਸ਼੍ਰੇਣੀ ਤੋਂ ਸੰਸਕ੍ਰਿਤ ਪੜ੍ਹਨੀ ਸ਼ੁਰੂ ਕੀਤੀ, ਪਰ ਦਸਵੀਂ ਤੋਂ ਅੱਗੇ ਉਹ ਨਹੀਂ ਪੜ੍ਹ ਸਕੇ। 15 ਸਾਲ ਦੀ ਉਮਰ ਵਿਚ ਪਿਤਾ ਜੀ ਦੇ ਅਕਾਲ ਚਲਾਣੇ ਪਿਛੋਂ ਕੁਝ ਚਿਰ ਅਧਿਆਪਕ ਲੱਗੇ ਰਹੇ ਅਤੇ ਫਿਰ ਡਾਕਖਾਨੇ ਵਿਚ ਕਲਰਕ; ਪਰ ਜਲਦ ਹੀ ਮੁੜ ਪੜ੍ਹਨ ਲੱਗ ਪਏ ਅਤੇ 1913 ਵਿਚ ਦਿਆਲ ਸਿੰਘ ਕਾਲਜ ਲਾਹੌਰ ਤੋਂ ਐਫ਼ ਏ. ਤੇ 1915 ਵਿਚ ਗੌਰਮਿੰਟ ਕਾਲਜ ਲਾਹੌਰ ਤੋਂ ਬੀ. ਏ. ਕੀਤੀ। ਗੁਰੂ ਨਾਨਕ ਖਾਲਸਾ ਕਾਲਜ, ਗੁੱਜਰਾਂਵਾਲਾ ਵਿਖੇ ਸੰਸਕ੍ਰਿਤ ਵਿਸ਼ੇ ਵਿਚ ਪ੍ਰੋਫੈਸਰ ਵਜੋਂ ਅਧਿਆਪਨ ਕਾਰਜ ਸ਼ੁਰੂ ਕੀਤਾ ਅਤੇ ਸਮੁੱਚਾ ਜੀਵਨ ਗੁਰਬਾਣੀ ਨੂੰ ਸਮਝਣ ਤੇ ਸਮਝਾਉਣ ਲਈ ਅਰਪਿਤ ਕਰ ਦਿੱਤਾ।
ਗੁਰਬਾਣੀ ਦੀ ਟੀਕਾਕਾਰੀ, ਗੁਰ-ਇਤਿਹਾਸ ਅਤੇ ਸਿੱਖ ਸਿਧਾਂਤਾਂ ਦੇ ਨਾਲ ਨਾਲ ਸਬੰਧਿਤ 50 ਤੋਂ ਵਧੇਰੇ ਹੋਰ ਪੁਸਤਕਾਂ ਵੀ ਲਿਖੀਆਂ ਹਨ। ਗੁਰਬਾਣੀ ਵਿਆਕਰਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਅਹਿਮ ਰਚਨਾਵਾਂ ਕਾਰਨ ਉਨ੍ਹਾਂ ਦੀ ਸਿੱਖਾਂ ਵਿਚ ਪਛਾਣ ਕਾਇਮ ਹੋਈ। ਵਿੱਦਿਅਕ ਅਦਾਰੇ ਕਿਸੇ ਨਾ ਕਿਸੇ ਰੂਪ ਵਿਚ ਗੁਰਬਾਣੀ ਦੀ ਵਿਆਖਿਆ ਦੇ ਕਾਰਜ ਵਿਚ ਸਰਗਰਮ ਹਨ ਜਿਵੇਂ ਕਿ ਉਦਾਸੀ, ਨਿਰਮਲੇ, ਸੇਵਾਪੰਥੀ, ਟਕਸਾਲਾਂ, ਸਿੰਘ ਸਭਾਵਾਂ, ਮਿਸ਼ਨਰੀ ਕਾਲਜ ਆਦਿ। ਸਭਾ ਪ੍ਰਣਾਲੀ ਗੁਰਬਾਣੀ ਦੀ ਵਿਆਖਿਆ ਦੇ ਆਧੁਨਿਕ ਸੰਦਰਭ ਵਿਚ ਨਵੀਂ ਸੋਚ ਸੇਧ ਦੀ ਤਸਵੀਰ ਹੈ, ਜੋ ਵੱਧ ਪ੍ਰਚਲਿਤ ਹੋ ਰਹੀ ਹੈ। ‘ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ’ ਰਾਹੀਂ ਗੁਰਬਾਣੀ ਦੀ ਆਧੁਨਿਕ ਵਿਆਖਿਆ ਦਾ ਮੁੱਢ ਭਾਈ ਵੀਰ ਸਿੰਘ ਨੇ ਬੰਨ੍ਹਿਆ, ਭਾਵੇਂ ਸੰਪਰਦਾਈ ਪ੍ਰਣਾਲੀ ਦੇ ਅੰਸ਼ ਵਿਆਖਿਆ ਵਿਚ ਨਜ਼ਰ ਆਉਂਦੇ ਹਨ, ਪਰ ਸ਼ਬਦ ਅਰਥਾਵਲੀ ਪ੍ਰਸੰਗ ਸਮਝ ‘ਚ, ਸੇਧ ‘ਚ ਨਵੀਨਤਮ ਉਪਰਾਲਾ ਹੈ। ਵਰਣਨ ਵਿਆਖਿਆ ‘ਚ ਸੰਪਰਦਾਈ ਪਰੰਪਰਾਵਾਂ ਦਾ ਪ੍ਰਭਾਵ ਪੈ ਜਾਣਾ ਕੋਈ ਅਤਿਕਥਨੀ ਨਹੀਂ ਹੈ।
ਪ੍ਰਿੰ. ਤੇਜਾ ਸਿੰਘ, ਪ੍ਰੋ. ਸਾਹਿਬ ਸਿੰਘ, ਡਾ. ਸ਼ੇਰ ਸਿੰਘ ਤੇ ਹਜ਼ਾਰਾ ਸਿੰਘ ਸੋਢੀ ਵਰਗੇ ਵਿਦਵਾਨ ਸਭਾਈ ਪ੍ਰਣਾਲੀ ਦੇ ਪ੍ਰਭਾਵ ਅਧੀਨ ਗੁਰਬਾਣੀ ਵਿਆਖਿਆ ਦੇ ਚੰਦ ਤਾਰੇ ਹਨ। ਪ੍ਰਿੰ. ਤੇਜਾ ਸਿੰਘ ਦਾ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਇਨ੍ਹਾਂ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੁਆਰਾ ਛਪਿਆ ਵਧੇਰੇ ਪਰਵਾਹ ‘ਚ ਪਰਵਾਨ ਹੈ। ਮੂਲ ਪਾਠ ਦੇ ਸਾਹਮਣੇ ਪੰਨੇ ‘ਤੇ ਗੁਰਬਾਣੀ ਦੇ ਔਖੇ ਸ਼ਬਦਾਂ ਦੇ ਅਰਥ ਲਿਖੇ ਹੋਏ ਹਨ, ਜੋ ਸਮਝਣ ਸੋਚਣ ਲਈ ਰੌਸ਼ਨੀ ਪ੍ਰਦਾਨ ਕਰਦੇ ਹਨ। ਫੁੱਟ-ਨੋਟ ਵਿਚ ਸ਼ਬਦਾਂ ਦੀ ਭਾਵਨਾ ਅਤੇ ਸਾਰ-ਸੰਖੇਪ ਮੌਜੂਦ ਹੈ। ਅਧਿਐਨ ਕਰਤਾ ਸਹਿਜੇ ਹੀ ਚੱਲ ਰਹੇ ਪ੍ਰਸੰਗ ਨੂੰ ਮਨ ਵਿਚ ਡੋਬ ਤਾਰੀ ਲਾ ਅਨੰਦਮਈ ਹੋ ਜਾਂਦਾ ਹੈ। ਸ਼ਬਦ ਨੂੰ ਸਮਝਣ ਲੱਗਿਆਂ ਪ੍ਰਸੰਗ ਵਿਸਰ ਨਹੀਂ ਸਕੇਗਾ। ਗੁਰਬਾਣੀ ਦੇ ਪ੍ਰਮਾਣ ਦੇਣ ਲੱਗਿਆਂ ਮੁਸ਼ਕਿਲ ਵੀ ਨਹੀਂ ਆਉਂਦੀ ਅਤੇ ਸੌਖਿਆਂ ਹੀ ਖੋਜਾਰਥੀ ਇਸ ਦੀ ਵਰਤੋਂ ਕਰ ਸਕਦੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਇੱਕ ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਿਭਿੰਨ ਬਾਣੀਆਂ ਦੇ ਸਟੀਕ ਸੰਗਤ ਦੇ ਹੱਥਾਂ ਵਿਚ ਪੁਜਣ ਤੋਂ ਪਹਿਲਾਂ ਕਈ ਹੋਰ ਟੀਕੇ ਵੀ ਪੁੱਜ ਚੁਕੇ ਸਨ। ਜਾਪੁ ਸਾਹਿਬ ਸਟੀਕ, ਫਰੀਦ ਜੀ ਦੇ ਸਲੋਕ ਸਟੀਕ, ਗੁਰੂ ਅੰਗਦ ਸਾਹਿਬ ਜੀ ਦੇ ਸਲੋਕ ਸਟੀਕ, ਦਸ ਵਾਰਾਂ ਸਟੀਕ, ਸਿਧ ਗੋਸਟਿ ਸਟੀਕ, ਸਤੇ ਬਲਵੰਡ ਦੀ ਵਾਰ ਸਟੀਕ ਅਤੇ ਜੈਤਸਰੀ ਕੀ ਵਾਰ ਸਟੀਕ ਇਨ੍ਹਾਂ ਟੀਕਿਆਂ ਵਿਚ ਸ਼ਾਮਲ ਸਨ। ਭਗਤਾਂ ਦੀ ਬਾਣੀ ਦਾ ਸਟੀਕ ਵੀ ਇਨ੍ਹਾਂ ਦੀ ਵੱਡੀ ਪ੍ਰਾਪਤੀ ਸੀ, ਜੋ ਸਿੰਘ ਬ੍ਰਦਰਜ਼, ਅੰਮ੍ਰਿਤਸਰ ਵਾਲਿਆਂ ਨੇ ਛਾਪੀ ਸੀ। ਆਪਣੀ ਸਵੈ-ਜੀਵਨੀ ‘ਮੇਰੀ ਜੀਵਨ-ਕਹਾਣੀ’ ਵਿਚ ਉਹ ਦੱਸਦੇ ਹਨ, “ਨਵੀਂ ਦਿੱਲੀ ਦੇ ਰਹਿਣ ਵਾਲੇ ਇੱਕ ਸੱਜਣ ਸਰਦਾਰ ਦਲੀਪ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਆਏ। ਮੈਨੂੰ ਭੀ ਸਿੱਖ ਮਿਸ਼ਨਰੀ ਕਾਲਜ ਆ ਕੇ ਮਿਲੇ। ਉਨ੍ਹਾਂ ਮੇਰੀਆਂ ਕੁਝ ਕਿਤਾਬਾਂ ਪੜ੍ਹੀਆਂ ਹੋਈਆਂ ਸਨ। ਮੇਰੇ ਪਾਸ ਉਹ ਘੰਟਾ ਕੁ ਬੈਠੇ। ਉਨ੍ਹਾਂ ਮੈਨੂੰ ਪ੍ਰੇਰਨਾ ਕੀਤੀ ਕਿ ਮੈਂ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰ ਦਿਆਂ; ਪਰ ਮੇਰਾ ਮਨ ਨਾ ਮੰਨਿਆ।…ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਮੈਨੂੰ ਬੜਾ ਔਖਾ ਕੰਮ ਦਿਸ ਰਿਹਾ ਸੀ। ਫੇਰ ਇਸ ਨੂੰ ਛਾਪੇਗਾ ਕੌਣ? ਮੈਂ ਸਰਦਾਰ ਦਲੀਪ ਸਿੰਘ ਜੀ ਨੂੰ ਨਾਂਹ ਕਰ ਦਿੱਤੀ। ਉਹ ਚਲੇ ਗਏ। ਮੈਂ ਸੋਚਿਆ ਕਿ ਰੋਜ਼ਾਨਾ ਕਈ ਘੰਟੇ ਨਿੰਦਾ ਆਦਿਕ ਵਿਚ ਗੁਜ਼ਾਰ ਦੇਈਦੇ ਹਨ, ਜੇ ਮੈਂ ਟੀਕੇ ਦਾ ਕੰਮ ਸ਼ੁਰੂ ਕਰ ਦਿਆਂ ਤਾਂ ਇਸ ਭੈੜੇ ਪਾਸੇ ਵੱਲੋਂ ਬਚਿਆ ਰਹਾਂਗਾ। ਮੈਂ ਸਰਦਾਰ ਦਲੀਪ ਸਿੰਘ ਨੂੰ ਖਤ ਲਿਖ ਦਿੱਤਾ ਕਿ ਮੈਂ ਟੀਕਾ ਲਿਖਣ ਦਾ ਕੰਮ ਸ਼ੁਰੂ ਕਰ ਦਿਆਂਗਾ।”
ਅਜਿਹੀਆਂ ਪ੍ਰੇਰਨਾਵਾਂ ਦੇ ਨਤੀਜੇ ਵਜੋਂ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਟੀਕਾ ਲਿਖਣ ਦੀ ਚਿਣਗ ਪ੍ਰੋ. ਸਾਹਿਬ ਸਿੰਘ ਨੂੰ ਲੱਗੀ ਸੀ ਅਤੇ ਇਹ ਕਾਰਜ ਸੰਪੂਰਨ ਹੋਇਆ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਵਿਆਕਰਣਕ ਨਿਯਮਾਂ ਅਨੁਸਾਰ ਕੀਤਾ ਹੈ। ਭਾਸ਼ਾ ਨੂੰ ਵਿਆਕਰਣ ਦੇ ਨਿਯਮਾਂ ਤੋਂ ਬਿਨਾ ਸਮਝਣਾ ਕਠਿਨ ਹੁੰਦਾ ਹੈ। ਇਹ ਨਿਯਮ ਭਾਸ਼ਾ ਦੀ ਸੋਝੀ ਪੈਦਾ ਕਰਨ ਅਤੇ ਸ਼ਬਦ ਦੇ ਸਹੀ ਅਰਥ ਤਕ ਪਹੁੰਚਣ ਵਿਚ ਮਦਦ ਕਰਦੇ ਹਨ।
ਵਿਟਗਨਸਟਾਇਨ ਨੇ ਕਿਹਾ ਸੀ, “ਭਾਸ਼ਾ ਦੇ ਅੱਖਰ ਸ਼ਤਰੰਜ ਦੀ ਖੇਡ ਵਾਂਗ ਹੁੰਦੇ ਹਨ, ਤੇ ਮੋਹਰੇ ਨਿਰਧਾਰਿਤ ਨਿਯਮਾਂ ਅਨੁਸਾਰ ਆਪਣੀ ਚਾਲ ਚੱਲਦੇ ਰਹਿੰਦੇ ਹਨ।” ਭਾਸ਼ਾ ਦੀ ਖੇਡ ਹੁੰਦੀ ਹੈ, ਜਿਸ ਵਿਚ ਹਰ ਇੱਕ ਅੱਖਰ ਦਾ ਵਿਸ਼ੇਸ਼ ਅਰਥ ਹੁੰਦਾ ਹੈ ਅਤੇ ਜਦੋਂ ਉਹ ਸੰਦਰਭ ਬਦਲ ਲੈਂਦਾ ਹੈ ਤਾਂ ਉਸ ਦਾ ਅਰਥ ਵੀ ਬਦਲ ਜਾਂਦਾ ਹੈ। ਬਹੁਤ ਸਾਰੇ ਵਿਦਵਾਨ ਧਰਮ ਗ੍ਰੰਥ ਨੂੰ ਸਮਝਣ ਵਿਚ ਰੁਚੀ ਤਾਂ ਰੱਖਦੇ ਹਨ, ਪਰ ਉਨ੍ਹਾਂ ਦੀ ਵਿਆਖਿਆ ਕਰਨ ਤੋਂ ਨਾਂਹ ਕਰ ਦਿੰਦੇ ਹਨ। ਭਾਸ਼ਾ ਅਤੇ ਭਾਵਨਾ ਨੇੜੇ ਹੋਣੀਆਂ ਜਰੂਰੀ ਹੈ, ਜੋ ਪ੍ਰੋ. ਸਾਹਿਬ ਸਿੰਘ ਨੇ ਇਸ ਨੂੰ ਦਿਸ਼ਾ ਦਿੱਤੀ, ਤੇ ਗੁਰਬਾਣੀ ਨੂੰ ਸਮਝਣ ਦਾ ਯਤਨ ਕੀਤਾ। ਸ਼ਰਧਾਲੂ ਸ਼ਰਧਾਵੱਸ ਸ਼ਬਦ ਨਾਲ ਜੁੜਨ ਦੀ ਥਾਂ ਉਸ ਦੀ ਤਾਰਕਿਕ ਵਿਆਖਿਆ ਦੀ ਲੋੜ ਮਹਿਸੂਸ ਕਰਦੇ ਵੀ ਨਜ਼ਰ ਆਉਂਦੇ ਹਨ। ਬੌਧਿਕ ਪੱਧਰ ‘ਤੇ ਸ਼ਬਦ ਦੀ ਸੋਝੀ ਹੋ ਜਾਣ ਉਤੇ ਉਹ ਵਹਿਮਾਂ, ਭਰਮਾਂ ਅਤੇ ਪਖੰਡਾਂ ਤੋਂ ਬਚ ਕੇ ਸਿੱਧਾ ਸ਼ਬਦ ਦੇ ਸੰਦੇਸ਼ ਨਾਲ ਤੁਰ ਪੈਂਦਾ ਹੈ। ਜੇ ਵੇਦਾਂ ਦਾ ਵਿਆਕਰਣ ਲਿਖਣਾ ‘ਅਕਾਸ਼ ਬਾਣੀ’ ਦੀ ਨਿਰਾਦਰੀ ਹੈ ਤਾਂ ਅੱਜ ਉਨ੍ਹਾਂ ਵੇਦਾਂ ਨੂੰ ਸਮਝਣਾ ਅਸੰਭਵ ਹੁੰਦਾ। ਬੋਲੀ ਸਦਾ ਬਦਲਦੀ ਆਈ ਹੈ। ਅੱਜ ਦੀ ਪੰਜਾਬੀ ਉਹ ਨਹੀਂ, ਜੋ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸ ਪੰਜਾਬੀ ਬੋਲੀ ਵਿਚ ਉਚਾਰਨ ਕੀਤੀ ਗਈ ਹੈ, ਜੋ ਉਸ ਵੇਲੇ ਪ੍ਰਚਲਿਤ ਸੀ। ਤਦੋਂ ਦਾ ਕੋਸ਼, ਅੱਜ ਦੇ ਕੋਸ਼ ਨਾਲੋਂ ਵੱਖਰਾ ਸੀ, ਵਿਆਕਰਣ ਭੀ ਅੱਜ ਦੇ ਵਿਆਕਰਣ ਨਾਲੋਂ ਵਿਲੱਖਣ ਸੀ।
ਪ੍ਰੋ. ਸਾਹਿਬ ਸਿੰਘ ਨੇ ਤਰਕਪੂਰਨ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਸੰਪੂਰਨ ਕਰ ਕੇ ਪੇਸ਼ ਕੀਤਾ। ਭਾਵੇਂ ਵਿਆਕਰਣ ਦੇ ਨਿਯਮਾਂ ਨੂੰ ਪੂਰਨ ਤੌਰ ‘ਤੇ ਗੁਰਬਾਣੀ ‘ਤੇ ਲਾਗੂ ਨਹੀਂ ਕੀਤਾ ਜਾ ਸਕਦਾ, ਪਰ ਸਮਝਣ ਵਿਚ ਵਿਅਕਾਰਣ ਕਾਫੀ ਹੱਦ ਤਕ ਮਦਦ ਕਰਦੀ ਹੈ। ਉਨ੍ਹਾਂ ਨੇ ਗੁਰਬਾਣੀ ਵਿਆਕਰਣ ਤਿਆਰ ਕਰ ਕੇ ਸ਼ਬਦ ਦਾ ਉਚਾਰਨ ਅਤੇ ਇਸ ਦੇ ਅਰਥ ਨੂੰ ਸਮਝਣ ਦਾ ਰਾਹ ਉਲੀਕਿਆ। ਜੇ ਉਚਾਰਨ ਸਹੀ, ਸ਼ੁੱਧ ਹੋ ਜਾਵੇ ਤਾਂ ਅਰਥ ਆਪਣੇ ਆਪ ਹੀ ਸਮਝ ਆਉਣ ਲੱਗਦੇ ਹਨ। ਪਹਿਲਾਂ ਗੁਰਬਾਣੀ ਦੇ ਪਦ-ਛੇਦ ਕਰਨ ਵਾਲਿਆਂ ਨੇ ਗੁਰਬਾਣੀ ਨੂੰ ਸਮਝਣ ਵਿਚ ਸਰਲਤਾ ਪੈਦਾ ਕੀਤੀ ਸੀ ਅਤੇ ਫਿਰ ਉਚਾਰਨ ਸੇਧਾਂ ਦੱਸਣ ਵਾਲਿਆਂ ਨੇ ਗੁਰਬਾਣੀ ਦੇ ਸ਼ਬਦ ਦੀ ਸੋਝੀ ਪੈਦਾ ਕਰਨ ਵਿਚ ਮਦਦ ਕੀਤੀ। ਉਹ ਸ਼ਬਦ ਦੇ ਪੁਰਾਤਨ ਮੁਹਾਵਰੇ ਦੀ ਥਾਂ ਇਸ ਦੀ ਨਵੇਂ ਸਰੂਪ ਅਤੇ ਸੰਦਰਭ ਵਿਚ ਸਿਰਜਣਾ ਕਰ ਕੇ ਸੰਗਤ ਦੇ ਮਨ ਵਿਚ ਪਹਿਲਾਂ ਤੋਂ ਸਥਾਪਿਤ ਪ੍ਰਸੰਗ ਨੂੰ ਬਦਲ ਕੇ ਪੇਸ਼ ਕਰਦੇ ਹਨ। ਇੰਜ ਸੋਚ ਅਤੇ ਵਿਚਾਰਨ ਵਿਧੀ ਵੀ ਬਦਲ ਜਾਂਦੀ ਹੈ।
ਪ੍ਰੋ. ਸਾਹਿਬ ਦੀ ਸ਼ਬਦ ਨਵੀਨਤਮ ਅਰਥ ਕਰਨ ਵਿਚ ਵਿਲੱਖਣਤਾ ਸ਼ਲਾਘਾਯੋਗ ਕਦਮ ਹੈ। ਇਸ ਸੰਦਰਭ ਵਿਚ ‘ਮਹਲਾ’ ਅਤੇ ਇਸ ਨਾਲ ਜੁੜੇ ਹੋਏ ਅੰਕਾਂ ੧, ੨, ੩, ੪, ੫, ੯ ਦੇ ਉਚਾਰਨ ਨੂੰ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਮੁਢਲੇ ਪੰਨਿਆਂ ਵਿਚ ਦੇਖਿਆ ਜਾ ਸਕਦਾ ਹੈ। ਗੁਰਬਾਣੀ ਵਿਚੋਂ ਹੀ ਪ੍ਰਮਾਣ ਦੇ ਕੇ ਉਹ ਇਸ ਸ਼ਬਦ ਦਾ ਸਹੀ ਉਚਾਰਨ “ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਲਫਜ਼ ‘ਰਹਤ’, ‘ਬਹਰੇ’, ‘ਬਹਲੇ’, ‘ਸਹਜੇ’, ‘ਗਹਲਾ’, ‘ਟਹਲ’, ‘ਮਹਰੇਰ’ ਅਤੇ ਅਜਿਹੇ ਹੋਰ ਭੀ ਕਈ ਲਫਜ਼ ਆਉਂਦੇ ਹਨ, ਜਿਨ੍ਹਾਂ ਵਿਚ ਅੱਖਰ ‘ਹ’ ਆਉਂਦਾ ਹੈ। ਜਿਵੇਂ ਇਨ੍ਹਾਂ ਲਫਜ਼ਾਂ ਦਾ ਉਚਾਰਨ ਕੀਤਾ ਜਾਂਦਾ ਹੈ, ਤਿਵੇਂ ਲਫਜ਼ ‘ਮਹਲਾ’ ਦਾ ਉਚਾਰਨ ਕਰਨਾ ਹੈ।” ਸ਼ਬਦ ਦੇ ਨਾਲ ਦਿੱਤੇ ਅੰਕਾਂ ਸਬੰਧੀ ਉਚਾਰਨ ਸੇਧ ਦਿੰਦੇ ਕਹਿੰਦੇ ਹਨ ਕਿ ਇਨ੍ਹਾਂ ਅੰਕਾਂ ਨੂੰ ਇੱਕ, ਦੋ, ਤਿੰਨ, ਚਾਰ, ਪੰਜ ਅਤੇ ਨੌਂ ਪੜ੍ਹਨਾ ਗਲਤ ਹੈ।
ਪ੍ਰੋ. ਸਾਹਿਬ ਸਿੰਘ ਨੇ ਲੱਖਾਂ ਹੀ ਪ੍ਰਾਣੀਆਂ ਨੂੰ ਗੁਰੂ ਸਿਧਾਂਤ ਨਾਲ ਜੋੜਿਆ ਅਤੇ ਅੱਜ ਵੀ ਲੱਖਾਂ ਹੀ ਗੁਰੂ ਪ੍ਰੇਮੀ ਉਨ੍ਹਾਂ ਦੀਆਂ ਲਿਖਤਾਂ ਰਾਹੀਂ ਗੁਰੂ ਨਾਲ ਜੁੜ ਰਹੇ ਹਨ ਤੇ ਗੁਰਬਾਣੀ ਦਾ ਸ਼ੁੱਧਤਾ ਵਾਲਾ ਪ੍ਰਚਾਰ ਕਰ ਰਹੇ ਹਨ। ਸਿੱਖ ਦਾ ਅਰਥ ਸਿੱਖਣਾ ਹੈ, ਜੋ ਸਦਾ ਹੀ ਗੁਰੂ ਦਾ ਸਿਖਿਆਰਥੀ ਹੈ। ਪ੍ਰੋ. ਸਾਹਿਬ ਸਿੰਘ ਜਿਹੇ ਉਚ ਕੋਟੀ ਦੇ ਵਿਦਵਾਨਾਂ ਤੋਂ ਗੁਰਬਾਣੀ ਵਿਆਖਿਆ ਦੀ ਸੇਧ ਲੈ ਕੇ ਗੁਰਬਾਣੀ ਨੂੰ ਵੱਧ ਤੋਂ ਵੱਧ ਸਮਝਣ ਦੀ ਕੋਸ਼ਿਸ਼ ਕਰਨੀ ਜਰੂਰੀ ਹੈ।