ਕਰੋਨਾ ਬਾਰੇ ਚੱਲ ਰਹੀਆਂ ਕੁਝ ਬਹਿਸਾਂ ਦੇ ਆਰ-ਪਾਰ

ਸੰਸਾਰ ਭਰ ਵਿਚ ਫੈਲੀ ਵਬਾ ਕਰੋਨਾ ਬਾਰੇ ਲਗਾਤਾਰ, ਕਈ ਪ੍ਰਕਾਰ ਦੀਆਂ ਜਾਣਕਾਰੀਆਂ ਸਾਹਮਣੇ ਆਉਂਦੀਆਂ ਰਹੀਆਂ ਹਨ। ਬਲਤੇਜ ਨੇ ਇਨ੍ਹਾਂ ਜਾਣਕਾਰੀਆਂ ਦੇ ਹਵਾਲੇ ਨਾਲ ਇਸ ਬਿਮਾਰੀ ਦੀ ਹਕੀਕਤ ਬਾਰੇ ਕੁਝ ਗੱਲਾਂ ਆਪਣੇ ਇਸ ਲੇਖ ਵਿਚ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਜਾਣਕਾਰੀਆਂ ਵਿਚੋਂ ਕਈ ਤਾਂ ਬਹੁਤ ਇਕਪਾਸੜ ਹੋ ਨਿਬੜੀਆਂ ਅਤੇ ਕਈ ਸਹੀ ਪ੍ਰਚਾਰ ਨਾ ਹੋਣ ਕਰ ਕੇ ਕਿਤੇ ਪਿਛਾਂਹ ਛੁੱਟ ਗਈਆਂ। ਹਰ ਮੁਲਕ ਦਾ ਬਾਸ਼ਿੰਦਾ ਇਸ ਨਾਲ ਕਿਸੇ ਨਾ ਕਿਸੇ ਰੂਪ ਵਿਚ ਦੋ-ਚਾਰ ਹੋ ਰਿਹਾ ਹੈ।

-ਸੰਪਾਦਕ

ਬਲਤੇਜ
ਫੋਨ: +91-98550-22508

ਕਰੋਨਾ ਵਾਇਰਸ ਨੂੰ ਲੈ ਕੇ ਸਮਾਜ ਵਿਚ ਭਰਮ ਫੈਲਣੇ ਸੁਭਾਵਿਕ ਹੀ ਸਨ ਪਰ ਕਦੇ-ਕਦੇ ਸੋਚੀਦਾ ਹੈ ਕਿ ਇੰਨੇ ਵਿਗਿਆਨਕ ਜਿਹੇ ਭਰਮ ਕਿਉਂ ਫੈਲ ਰਹੇ ਹਨ। ਭਾਰਤ ਵਰਗੇ ਸਮਾਜ ਵਿਚ ਜਿੱਥੇ ਵਹਿਮਾਂ ਭਰਮਾਂ ਦੇ ਆਧੁਨਿਕ ਸ਼ਿਕਾਰ ਵ੍ਹਟਸਐਪ, ਫੇਸਬੁਕ ਤੇ ਮਿੰਟ-ਮਿੰਟ ਬਾਅਦ ਨਵੀਂ ਜਾਣਕਾਰੀ ਅੱਖਾਂ ਦੱਬ ਕੇ ਸਾਂਝੀ ਕਰਦੇ ਹਨ, ਉਥੇ ਅਜੇ ਕਰੋਨਾ ਬਾਰੇ ਬਹੁਤ ਘੱਟ ਵਹਿਮ ਫੈਲੇ। ਸ਼ਾਇਦ ਕਰੋਨਾ ਸੰਸਾਰ ਵਿਆਪੀ ਵਰਤਾਰਾ ਸੀ, ਜਿਸ ਕਰ ਕੇ ਸਾਨੂੰ ਥੋੜ੍ਹਾ ਵਿਗਿਆਨਕ ਹੋਣਾ ਪਿਆ ਤੇ ਜੇ ਅਸੀਂ ਕਿਸੇ ਨੂੰ ਗਊ ਮੂਤਰ ਪੀਣ ਲਈ ਕਿਹਾ ਤਾਂ ਸੌ-ਸੌ ਵਿਗਿਆਨਕ ਬਹਾਨੇ ਬਣਾ ਕੇ ਕਿਹਾ। ਖੈਰ, ਮੁੱਦੇ ਦੀ ਗੱਲ ਕਰੀਏ ਤਾਂ ਅਸੀਂ ਸਿਰਫ ਇਸ ‘ਤੇ ਬਣ ਰਹੀਆਂ ਸਿਆਸੀ ਅਤੇ ਵਿਗਿਆਨਕ ਸਾਜ਼ਿਸ਼ਾਂ ਬਾਰੇ ਕੁਝ ਗੱਲਾਂ ਕਰਾਂਗੇ ਤਾਂ ਇਹਨਾਂ ਗੱਲਾਂ ਵਿਚ ਦੋ ਨੁਕਤੇ ਮੁੱਖ ਰਹੇ। ਪਹਿਲਾ ਨੁਕਤਾ ਇਹ ਸੀ ਕਿ ਕਰੋਨਾ ਕੋਈ ਜੈਵਿਕ ਹਥਿਆਰ ਜਾਂ ਸਿਆਸੀ ਸਾਜ਼ਿਸ਼ ਹੈ? ਦੂਜਾ ਨੁਕਤਾ ਕਰੋਨਾ ਦੇ ਸੰਭਾਵੀ ਹੱਲ ਅਤੇ ਇਸ ਦੇ ਖੌਫ ਨਾਲ ਜੁੜਿਆ ਹੈ।
ਪਹਿਲੇ ਨੁਕਤੇ ਦੀ ਗੱਲ ਕਰਦੇ ਹਾਂ। ਜਦੋਂ ਕਰੋਨਾ ਵਾਇਰਸ ਬਾਰੇ ਦੁਨੀਆ ਗੱਲਾਂ ਕਰਨ ਲੱਗੀ ਤਾਂ ਸਭ ਤੋਂ ਪਹਿਲਾਂ ਅਮਰੀਕੀ ਸਿਆਸਤਦਾਨ ਟਾਮ ਕੋਟਨ ਨੇ ਇਸ ਨੂੰ ਚੀਨ ਦੀ ਸਾਜ਼ਿਸ਼ ਕਿਹਾ। ਉਹਨੇ ਕਿਹਾ ਕਿ ਚੀਨ ਕੋਲ ਬੀ.ਐਸ਼-4 ਲੈਬ ਵੁਹਾਂਗ ਸ਼ਹਿਰ ਵਿਚ ਹੈ। ਇਹ ਉਹਨਾਂ ਕੋਲੋਂ ਉਥੇ ਲੀਕ ਹੋਇਆ। ਇਸ ਟਵੀਟ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ। ਚੀਨ ਨੂੰ ਸੰਸਾਰ ਦਾ ਖਲਨਾਇਕ ਮੰਨਣ ਵਾਲਿਆਂ ਲਈ ਇਹ ਮੰਨਣਾ ਬਹੁਤ ਸੌਖਾ ਸੀ ਅਤੇ ਉਹਨਾਂ ਬਿਨਾ ਕਿਸੇ ਜਾਂਚ ਪੜਤਾਲ ਚੀਨ ਨੂੰ ਕੋਸਣਾ ਸ਼ੁਰੂ ਕਰ ਦਿੱਤਾ। ਉਂਜ, ਜੇ ਦਿਮਾਗ ਖੋਲ੍ਹ ਕੇ ਸੋਚੀਏ ਤਾਂ ਬੀ.ਐਸ਼-4 ਲੈਬ ਇੰਨੀ ਜ਼ਿਆਦਾ ਤਰੀਕਾਵਰ ਹੁੰਦੀ ਹੈ ਕਿ ਉਥੇ ਹਵਾ ਕਿੰਨੀ ਰਹਿਣੀ ਹੈ, ਹਵਾ ਵਿਚ ਕਣ ਕਿੰਨੇ ਰਹਿਣੇ ਹਨ, ਇਹ ਪੈਮਾਨਾ ਵੀ ਤੈਅ ਕੀਤਾ ਹੁੰਦਾ ਹੈ। ਇਸ ਸੂਰਤ ਵਿਚ ਲੀਕ ਹੋਣ ਵਾਲੀ ਗੱਲ ਬਚਗਾਨਾ ਹੈ।
ਦੂਜੀ ਇਸੇ ਨਾਲ ਰਲਦੀ ਗੱਲ ਚੀਨੀ ਸਿਆਸਤਦਾਨ ਲੀਜ਼ੀਅਨ ਜ਼ੂ ਨੇ ਕੀਤੀ। ਉਹਨੇ ਕਿਹਾ ਕਿ ਇਹ ਅਮਰੀਕਾ ਦਾ ਚੀਨ ‘ਤੇ ਜੈਵਿਕ ਹਮਲਾ ਹੈ। ਇਹ ਵੀ ਕਈਆਂ ਨੂੰ ਪਸੰਦ ਆਇਆ ਪਰ ਉਸ ਤੋਂ ਬਾਅਦ ‘ਨੇਚਰ’ ਸਣੇ ਹੋਰ ਵਿਗਿਆਨਕ ਪਰਚਿਆਂ ਨੇ ਇਹ ਖੁਲਾਸਾ ਕੀਤਾ ਕਿ ਇਹ ਕੋਈ ਜੈਵਿਕ ਹਥਿਆਰ ਨਹੀਂ ਹੋ ਸਕਦਾ ਕਿਉਂਕਿ ਇਸ ਦੇ ਜੀਨੋਮ ਚਮਗਿੱਦੜ ਅਤੇ ਪੈਂਗੋਲਿਨ ਨਾਲ ਮਿਲਦੇ ਜੁਲਦੇ ਹਨ। ਇਹ ਜਾਂ ਤਾਂ ਸਿੱਧਾ ਚਮਗਿੱਦੜ ਜਾਂ ਪੈਂਗੋਲਿਨ ਤੋਂ ਆਇਆ ਹੈ, ਜਾਂ ਇਹ ਮਨੁੱਖੀ ਸਰੀਰ ਵਿਚ ਰਹਿੰਦਾ ਹੀ ਬਦਲ (ਮੁਟਅਟe) ਗਿਆ ਹੈ। ਇੱਕ ਹੋਰ ਖੋਜ ਕਹਿੰਦੀ ਹੈ ਕਿ ਇਹ ਪਹਿਲਾਂ ਤੋਂ ਹੀ ਮੌਜੂਦ ਦੋ ਵਾਇਰਸਾਂ ਦਾ ਆਧੁਨਿਕ ਸੁਮੇਲ ਹੈ।
ਇਹ ਤਾਂ ਸੀ ਵਿਗਿਆਨਕ ਪੱਖ ਜੋ ਸਾਬਤ ਕਰਦੇ ਹਨ ਕਿ ਵਾਇਰਸ ਕੁਦਰਤੀ ਹੈ। ਜੇ ਸਿਆਸੀ ਪੱਖ ਤੋਂ ਦੇਖੀਏ ਤਾਂ ਜੇ ਕੋਈ ਦੇਸ਼ ਕੋਈ ਜੈਵਿਕ ਹਥਿਆਰ ਬਣਾਉਣ ਵੱਲ ਵਧੇਗਾ ਤਾਂ ਬੇਸ਼ੱਕ ਪਹਿਲਾਂ ਉਹ ਇਸ ਦਾ ਤੋੜ ਬਣਾਵੇਗਾ, ਤੇ ਅੱਜ ਦੇ ਹਾਲਾਤ ਨੂੰ ਦੇਖ ਕੇ ਇਹ ਕਹਿਣਾ ਕਿ ਕਿਸ ਦੇਸ਼ ਨੇ ਬਣਾਇਆ, ਔਖਾ ਹੈ ਕਿਉਂਕਿ ਪੂਰੀ ਦੁਨੀਆ ਇਸ ਨੇ ਝੰਬ ਸੁੱਟੀ ਸਣੇ ਚੀਨ, ਅਮਰੀਕਾ। ਦੂਜਾ ਇਹ ਮੰਨ ਲੈਣਾ ਕਿ ਇਸ ਵਾਇਰਸ ਨੂੰ ਸਾਜ਼ਿਸ਼ ਤਹਿਤ ਫੈਲਾਇਆ ਗਿਆ, ਸਿਆਸਤ ਤੋਂ ਧਿਆਨ ਹਟਾਉਣ ਲਈ ਚੀਜ਼ਾਂ ਨੂੰ ਘਟਾ ਕੇ ਦੇਖਣਾ ਹੈ। ਸਿੱਧਾ-ਸਿੱਧਾ ਸੋਚਿਆ ਜਾਵੇ ਤਾਂ ਜੇ ਸੰਸਾਰ ਸਰਮਾਏਦਾਰੀ ਨੇ ਇੰਝ ਕੀਤਾ ਤਾਂ ਇਹ ਉਹਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਕੋਈ ਵੀ ਦੇਸ਼ ਇੰਨਾ ਮੂਰਖ ਨਹੀਂ। ਦੇਖਿਆ ਜਾਵੇ ਤਾਂ ਹਰ ਤਰ੍ਹਾਂ ਦੀ ਸਨਅਤ ਇਸ ਤੋਂ ਪ੍ਰਭਾਵਿਤ ਹੈ। ਹਰ ਸਰਕਾਰ ਨੂੰ ਆਪਣੇ ਦੇਸ਼ ਦੇ ਸਿਹਤ ਢਾਂਚੇ ‘ਤੇ ਵੱਧ ਖਰਚ ਕਰਨਾ ਪੈ ਰਿਹਾ ਹੈ। ਉਹ ਦੇਸ਼ ਜੋ ਸਿਹਤ ਜਾਂ ਸਿੱਖਿਆ ‘ਤੇ ਖਰਚ ਕਰਨ ਤੋਂ ਕਤਰਾਉਂਦੇ ਸਨ, ਉਹ ਵੀ ਇਸ ਦੇ ਜਨਤਕ ਫੈਲਾਓ ਵਲ ਵਧ ਰਹੇ ਹਨ। ਇਸ ਵਿਚ ਬੇਸ਼ੱਕ ਦਵਾਈਆਂ ਬਣਾਉਣ ਵਾਲੀ ਸਨਅਤ ਨੂੰ ਵੱਡਾ ਫਾਇਦਾ ਹੋ ਸਕਦਾ ਹੈ ਪਰ ਇਹ ਸੋਚ ਲੈਣਾ ਕਿ ਇੱਕ ਤਰ੍ਹਾਂ ਦੀ ਸਨਅਤ ਦੀ ਚੜ੍ਹਾਈ ਲਈ (ਉਹ ਵੀ ਅਜੇ ਪੱਕਾ ਪਤਾ ਨਹੀਂ) ਬਾਕੀ ਸਨਅਤਾਂ ਦੀ ਕੁਰਬਾਨੀ ਦਿੱਤੀ ਗਈ, ਭੋਲਾਪਣ ਹੈ।
ਦੂਜਾ ਨੁਕਤਾ ਜੋ ਹੁਣ ਚੱਲਿਆ ਹੈ, ਇਹ ਜ਼ਿਆਦਾ ਸੋਚਣ ਵਾਲਾ ਹੈ। ਇਸ ਵਿਚ ਬਹੁਤੀਆਂ ਚੀਜ਼ਾਂ ਬਾਰੇ ਸਹਿਮਤੀ ਬਣਦਿਆਂ ਅਸਹਿਮਤੀ ਹੈ। ਇਸ ਵਿਚ ਮੁੱਖ ਬਹਿਸ ਹੈ ਕਿ ਵਾਇਰਸ ਸਾਡੀ ਆਮ ਜ਼ਿੰਦਗੀ ਦਾ ਹਿੱਸਾ ਹਨ ਅਤੇ ਹੁਣ ਜਲਦ ਹੀ ਇਸ ਨਵੇਂ ਵਾਇਰਸ ਨਾਲ ਸਾਡਾ ਇਮਿਊਨ ਤੰਤਰ ਲੜ ਕੇ ਸਾਨੂੰ ਠੀਕ ਕਰ ਦੇਵੇਗਾ। ਇਹ ਸੋਚਿਆ ਜਾ ਸਕਦਾ ਹੈ। ਵਿਗਿਆਨਕ ਤੌਰ ‘ਤੇ ਇਹ ਸੱਚ ਵੀ ਹੈ। ਡਾਰਵਿਨ ਦਾ ਸਿਧਾਂਤ ਹੈ ਕੁਦਰਤੀ ਚੋਣ ਦਾ, ਉਹਦੇ ਅਨੁਸਾਰ ਹਰ ਪ੍ਰਜਾਤੀ ਆਪਣੀਆਂ ਔਖੀਆਂ ਘੜੀਆਂ ਵਿਚੋਂ ਜਦੋਂ ਅੱਗੇ ਲੰਘਦੀ ਹੈ, ਸਿਰਫ ਤਾਕਤਵਰ ਬਚਦੇ ਹਨ। ਹੁਣ ਮੰਨ ਲਓ, ਆਪਾਂ ਇਹ ਮੰਨ ਲੈਂਦੇ ਹਾਂ ਕਿ ਇਹ ਤਾਂ ਬਹੁਤ ਕੁਦਰਤੀ ਜਿਹਾ ਨਿਯਮ ਹੈ, ਆਪਣਾ ਸਰੀਰ ਝੱਲ ਲਵੇਗਾ, ਫਿਰ ਹਸਪਤਾਲ ਕਿਉਂ ਬਣਾਏ? ਅਸੀਂ ਇੰਨੇ ਸਾਲ ਵਿਗਿਆਨ ਨਾਲ ਮੱਥਾ ਕਿਉਂ ਮਾਰਿਆ? ਕੀ ਸਾਡਾ ਮਕਸਦ ਸਿਰਫ ਗਿਆਨ ਲੈਣਾ ਹੀ ਸੀ, ਮਨੁੱਖਾਂ ਦੀ ਜਾਨ ਬਚਾਉਣਾ ਨਹੀਂ ਸੀ? ਹੁਣ ਜੇ ਇਸ ਕੁਦਰਤੀ ਨਿਯਮ ਅਨੁਸਾਰ ਚੱਲੀਏ ਤਾਂ ਇਸ ਵਾਇਰਸ ਨਾਲ ਮੌਤ ਦਰ ਚੀਨ ਵਿਚ 1-4% ਸੀ ਅਤੇ ਇਟਲੀ ਵਿਚ ਇਹ 10% ਸੀ। ਜੇ ਭਾਰਤ ਵਿਚ ਮੌਤ ਦਰ 1% ਵੀ ਹੁੰਦੀ ਹੈ (ਜੋ ਸੰਭਵ ਨਹੀਂ ਲੱਗਦਾ) ਤਾਂ ਵੀ 1 ਕਰੋੜ ਤੋਂ ਉਤੇ ਲੋਕ ਮਰਨਗੇ। ਕੀ ਅਸੀਂ ਇਹਨਾਂ ਲੋਕਾਂ ਨੂੰ ਇੰਝ ਹੀ ਮਰਨ ਲਈ ਛੱਡ ਸਕਦੇ ਹਾਂ?
ਦੂਸਰੀ ਵੱਡੀ ਗੱਲ, ਜਦੋਂ ਭਾਰਤ ਵਰਗੇ ਦੇਸ਼ ਵਿਚ ਸਾਹ ਦੀ ਕੋਈ ਬਿਮਾਰੀ ਫੈਲੇਗੀ ਤਾਂ ਸਾਡੇ ਕੋਲ ਇੱਕਦਮ ਆਏ ਇੰਨੇ ਮਰੀਜ਼ਾਂ ਲਈ ਕੋਈ ਢੁਕਵੇਂ ਪ੍ਰਬੰਧ ਹੋਣਗੇ? ਇਸ ਹਾਲਤ ਵਿਚ, ਕੀ ਇਹ ਦਰ ਵਧ ਨਹੀਂ ਜਾਵੇਗੀ? ਸਰਕਾਰ ਦੇ ਸਿਹਤ ਵਿਭਾਗ ਅਨੁਸਾਰ ਸਰਕਾਰ ਕੋਲ 8432 ਵੈਂਟੀਲੇਟਰ ਹਨ। ਜੋ ਲੋਕ ਆਮ ਹਾਲਤ ਵਿਚ ਬਚਾਏ ਜਾ ਸਕਦੇ ਹਨ, ਜੇ ਹਾਲਾਤ ਵਿਗੜਦੇ ਹਨ ਤਾਂ ਉਹ ਵੀ ਬਚਾਏ ਨਹੀਂ ਜਾ ਸਕਣਗੇ। ਉਂਜ, ਇਹ ਵੀ ਇੱਕ ਸੱਚ ਹੈ ਕਿ ਹੁਣ ਤਾਲਾਬੰਦੀ ਕਦੋਂ ਤੱਕ ਚੱਲ ਸਕਦੀ ਹੈ, ਕਿਉਂਕਿ ਗਰੀਬੀ ਕਾਰਨ ਬਹੁਤੇ ਲੋਕ ਤਾਂ ਭੁੱਖ ਨਾਲ ਹੀ ਮਰ ਜਾਣਗੇ। ਇਉਂ ਹੁਣ ਵੱਡਾ ਸਵਾਲ ਇਹ ਹੈ ਕਿ ਸਰਕਾਰ ਕਦੋਂ ਤੱਕ ਇਸ ਲਈ ਢੁਕਵੇਂ ਪ੍ਰਬੰਧ ਕਰ ਸਕਦੀ ਹੈ? ਸਰਕਾਰ ਨੂੰ ਨਵੇਂ ਹਸਪਤਾਲ, ਨਵੇਂ ਵੈਂਟੀਲੇਟਰ ਬਹੁਤ ਤੇਜ਼ੀ ਨਾਲ ਬਣਾਉਣੇ ਪੈਣਗੇ ਤਾਂ ਕਿ ਹਾਲਾਤ ਲਈ ਤਿਆਰ ਰਹਿ ਕੇ ਢਿੱਲ ਦਿੱਤੀ ਜਾ ਸਕੇ ਜਾਂ ਵੈਨੇਜ਼ੁਆਲਾ ਵਾਂਗੂ ਚੀਨ ਦੀ ਮਦਦ ਨਾਲ ਇਸ ਨੂੰ ਜਲਦੀ ਠੱਲ੍ਹਿਆ ਜਾਵੇ। ਇਮਿਊਨਿਟੀ (ਰੋਗ ਨਾਲ ਲੜਨ ਦੀ ਤਾਕਤ) ਤੰਤਰ ਨਾਲ ਜੁੜਿਆ ਇਕ ਪਹਿਲੂ ਇਹ ਵੀ ਹੈ ਕਿ ਕਈ ਅਜਿਹੇ ਕੇਸ ਵੀ ਆਏ ਹਨ ਜਿਨ੍ਹਾਂ ਨੂੰ ਦੁਬਾਰਾ ਕੋਵਿਡ-19 ਹੋ ਗਿਆ ਤਾਂ ਇਹੋ ਜਿਹੇ ਮਾਮਲੇ ਵਿਚ ਇਮਿਊਨਿਟੀ ਤੰਤਰ ਬਾਰੇ ਕੀ ਕਿਹਾ ਜਾਵੇ?
ਇਸੇ ਵਿਚ ਇੱਕ ਹੋਰ ਵਿਗਿਆਨਕ ਤਰਕ ਆਉਂਦਾ ਹੈ ਕਿ ਇਹ ਆਮ ਮੌਸਮੀ ਫਲੂ ਵਾਂਗ ਹੈ ਅਤੇ ਮੌਸਮੀ ਫਲੂ ਦੀ ਕੇਸ ਮੌਤ ਦਰ (ਚਅਸe ਾਅਟਅਲਟੇ ਰਅਟe) ਇਸ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ। ਇਸ ਲਈ ਕਰੋਨਾ ਵਾਇਰਸ ਲਈ ਕੋਈ ਸਿਰਦਰਦੀ ਲੈਣ ਦੀ ਇੰਨੀ ਲੋੜ ਨਹੀਂ। ਪਹਿਲੀ ਗੱਲ, ਕਰੋਨਾ ਵਾਇਰਸ ਮੌਸਮੀ ਨਹੀਂ; ਦੂਜੀ ਗੱਲ, ‘ਕੇਸ ਮੌਤ ਦਰ’ ਉਦੋਂ ਕੱਢੀ ਜਾਂਦੀ ਹੈ ਜਦੋਂ ਤੁਹਾਡੇ ਸਾਹਮਣੇ ਕੁੱਲ ਕੇਸ ਅਤੇ ਕੁੱਲ ਮੌਤਾਂ ਹੋਣ। ਇਹ ਵਾਇਰਸ ਬਿਲਕੁਲ ਨਵਾਂ ਹੈ ਅਤੇ ਫੈਲ ਰਿਹਾ ਹੈ। ਤੀਜੀ ਗੱਲ, ਇਹਦੇ ਲੱਛਣ ਦਿਸਣ ਲਈ 2 ਤੋਂ ਲੈ ਕੇ 8 ਹਫਤੇ ਲੱਗ ਰਹੇ ਹਨ। ਇੱਕ ਹੋਰ ਖੋਜ ਰਸਾਲੇ ਮੁਤਾਬਿਕ, ਇਹ ਅਜੇ ਆਪਣੇ ਵਿਕਾਸ ਵਿਚ ਹੈ ਅਤੇ ਹੋਰ ਵਾਇਰਸਾਂ ਵਾਂਗ ਤੇਜ਼ੀ ਨਾਲ ਬਦਲ ਰਿਹਾ ਹੈ, ਇਸ ਕਰ ਕੇ ਇਹਦੇ ਲੱਛਣ ਦਿਸਣ ਦੀ ਮਿਆਦ ਵੀ ਵੱਖੋ-ਵੱਖਰੀ ਹੈ। ਅਜੇ ਕਿਸੇ ਵੀ ਨਤੀਜੇ ‘ਤੇ ਇੰਨੀ ਕਾਹਲੀ ਨਾਲ ਅੱਪੜਿਆ ਨਹੀਂ ਜਾ ਸਕਦਾ। ਉਂਜ ਵੀ, ਇਸ ਦਾ ਅਸਰ ਵੱਖ-ਵੱਖ ਖਿੱਤੇ ਉਤੇ ਵੱਖ-ਵੱਖ ਦਿਸ ਰਿਹਾ ਹੈ।
ਜੋ ਤੀਜਾ ਤਰਕ ਦਿੱਤਾ ਜਾ ਰਿਹਾ ਹੈ, ਉਹ ਯੂ.ਕੇ. ਸਰਕਾਰ ਦੀ ਅਡਵਾਈਜ਼ਰੀ ਨਾਲ ਜੁੜਿਆ ਹੈ। ਯੂ.ਕੇ. ਨੇ ਨਵੇਂ ਕਰੋਨਾ ਵਾਇਰਸ (ਕੋਵਿਡ-19) ਨੂੰ ‘ਵੱਧ ਮਾਰ ਵਾਲੀ ਲਾਗ ਦੀ ਬਿਮਾਰੀ’ ਵਾਲੀ ਸੂਚੀ ਵਿਚੋਂ ਬਾਹਰ ਕੱਢ ਦਿੱਤਾ। ਉਹਨਾਂ ਨੇ ਸ਼ੁਰੂ ਵਿਚ ਇਸ ਦੇ ਫੈਲਾਓ ਨੂੰ ਦੇਖਦਿਆਂ ਇਸ ਨੂੰ ਇਸ ਸੂਚੀ ਵਿਚ ਸ਼ਾਮਿਲ ਕਰ ਲਿਆ ਸੀ। ਫਿਰ ਉਹਨਾਂ ਨੇ ਇਹ ਕਹਿ ਕੇ ਇਸ ਸੂਚੀ ਵਿਚੋਂ ਕੱਢਿਆ ਹੈ ਕਿ ਇਸ ਨਾਲ ਮੌਤ ਦਰ ਇੰਨੀ ਨਹੀਂ ਹੈ ਜਿੰਨੀ ਇਸ ਸੂਚੀ ਵਿਚ ਸ਼ਾਮਿਲ ਹੋਰਾਂ ਵਾਇਰਸਾਂ ਦੀ ਹੈ। ਇਸ ਨੂੰ ਬਾਹਰ ਕੱਢਣ ਦਾ ਇੱਕੋ-ਇੱਕ ਹਵਾਲਾ ਮੌਤ ਦਰ ਦਿੱਤਾ ਗਿਆ ਹੈ। ਕਿਤੇ ਵੀ ਇਸ ਦੇ ਫੈਲਾਓ ਬਾਰੇ ਗੱਲ ਨਹੀਂ ਕੀਤੀ ਗਈ ਜਦਕਿ ਇਸੇ ਵੈਬਸਾਇਟ ‘ਤੇ ਇਹਨਾਂ ਦੀਆਂ ਹਦਾਇਤਾਂ ਮੁਤਾਬਿਕ ਘਰੇ ਰਹਿਣਾ, ਦੋ ਮੀਟਰ ਦੀ ਦੂਰੀ ਬਣਾਉਣਾ ਆਦਿ ਜੋ ਆਮ ਕੋਵਿਡ-19 ਲਈ ਹਦਾਇਤਾਂ ਹਨ, ਉਹ ਸ਼ੁਮਾਰ ਹਨ। ਸੋ, ਇਸ ਖਬਰ ਦੇ ਸਹਾਰੇ ਇਹ ਨਹੀਂ ਆਖਿਆ ਜਾ ਸਕਦਾ ਕਿ ਹੁਣ ਸਾਨੂੰ ਕੋਵਿਡ-19 ਬਾਰੇ ਸਾਵਧਾਨੀ ਵਰਤਣ ਦੀ ਲੋੜ ਹੀ ਨਹੀਂ। ਹੋ ਸਕਦਾ ਹੈ, ਇਸ ਬਾਰੇ ਅਜੇ ਕਈ ਨਵੀਆਂ ਚੀਜ਼ਾਂ ਸਾਨੂੰ ਪਤਾ ਲੱਗਣ ਅਤੇ ਇਹਨਾਂ ਵਿਚੋਂ ਕਈ ਝੂਠੀਆਂ ਸਾਬਿਤ ਹੋ ਜਾਣ ਪਰ ਕੀ ਅਸੀਂ ਸਿਰਫ ਆਪਣੇ ਬੋਲਾਂ ਨੂੰ ਸੱਚ ਸਾਬਤ ਕਰਨ ਲਈ ਲੱਖਾਂ ਜ਼ਿੰਦਗੀਆਂ ਦਾਅ ‘ਤੇ ਲਾਉਣ ਨੂੰ ਤਿਆਰ ਹਾਂ? ਜਾਂ ਕੀ ਅਸੀਂ ਲੋਕਾਂ ‘ਤੇ ਕਿਸੇ ਵੀ ਕਿਸਮ ਦਾ ਪ੍ਰਯੋਗ ਕਰਨ ਦਾ ਜੋਖਮ ਉਠਾ ਸਕਦੇ ਹਾਂ? ਜੇ ਨਹੀਂ ਤਾਂ ਕਿਉਂ ਨਾ ਤਦ ਤੱਕ ਸੁਣੀਆਂ ਸੁਣਾਈਆਂ ਗੱਲਾਂ ਨਾ ਮੰਨ ਕੇ ਜਿੰਨੀ ਹੋ ਸਕੇ, ਲੋਕਾਂ ਦੀ ਮਦਦ ਕਰੀਏ ਅਤੇ ਉਨ੍ਹਾਂ ਨੂੰ ਕਰੋਨਾ ਤੋਂ ਬਚਣ ਲਈ ਸੁਚੇਤ ਕਰੀਏ।
ਇਸ ਤੋਂ ਬਿਨਾ ਵੀ ਕਈ ਸੁਆਲ ਹਨ ਜੋ ਇਸ ਵਾਇਰਸ ਦੇ ਆਉਣ ਨਾਲ ਦੁਨੀਆ ਸਾਹਮਣੇ ਖੜ੍ਹੇ ਹੋ ਗਏ ਹਨ। ਇਹਨਾਂ ਨੇ ਸਾਨੂੰ ਸਾਡੇ ਅਸਲ ਮੁੱਦਿਆਂ ਵੱਲ ਕਰ ਦਿੱਤਾ ਹੈ। ਸਾਨੂੰ ਪਤਾ ਲੱਗ ਗਿਆ ਹੈ ਕਿ ਸਰਕਾਰਾਂ ਨੂੰ ਬੁੱਤਾਂ, ਮੂਰਤੀਆਂ ਅਤੇ ਫੌਜੀ ਖਰਚਿਆਂ ਨਾਲੋਂ ਸਿਹਤ ਵਿਭਾਗ ‘ਤੇ ਖਰਚੇ ਕਰਨੇ ਕਿੰਨੇ ਜ਼ਰੂਰੀ ਸਨ। ਆਪਣੇ ਆਪ ਨੂੰ ਅਜਿੱਤ ਮੰਨੀ ਬੈਠੇ ਦੇਸ਼ ਇੱਕ ਵਾਇਰਸ ਦੇ ਆਉਣ ਨਾਲ ਡਾਵਾਂਡੋਲ ਹੋ ਚੁੱਕੇ ਹਨ। ਇਹ ਕੋਈ ਪਹਿਲਾ ਰੋਗ ਨਹੀਂ ਅਤੇ ਆਖਰੀ ਵੀ ਨਹੀਂ। ਦੁਨੀਆ ਨੇ ਪਲੇਗ ਵੀ ਦੇਖੀ ਹੈ ਪਰ ਸਾਡੇ ਲਈ ਸਵਾਲ ਇਹ ਹੈ ਕਿ ਅਸੀਂ ਇਹ ਦੌਰ ਲੰਘ ਜਾਣ ਤੋਂ ਬਾਅਦ ਕਿਸ ਤਰ੍ਹਾਂ ਦੇ ਸਵਾਲਾਂ ਬਾਰੇ ਚਰਚਾ ਕਰਾਂਗੇ? ਕੀ ਅਸੀਂ ਕਦੇ ਸਿਹਤ, ਸਿੱਖਿਆ ਅਤੇ ਖੋਜਾਂ ‘ਤੇ ਹੁੰਦੇ ਖਰਚਿਆਂ ਨੂੰ ਘਟਾਉਣ ਬਾਰੇ ਸੋਚ ਵੀ ਸਕਦੇ ਹਾਂ?