ਸਿੱਖ ਧਰਮ ਅਤੇ ਅਵਤਾਰਵਾਦ

ਡਾ. ਗੁਰਨਾਮ ਕੌਰ, ਕੈਨੇਡਾ
ਅਵਤਰਣ ਸੰਸਕ੍ਰਿਤ ਭਾਸ਼ਾ ਵਿਚ ਸੰਗਿਆ ਹੈ ਅਤੇ ਇਸ ਦਾ ਧਾਤੂ ‘ਅਮ’ ਹੈ, ਜਿਸ ਦਾ ਅਰਥ ਹੈ, ‘ਹੇਠਾਂ ਉਤਰ ਰਿਹਾ ਜਾਂ ਹਵਾ ਵਿਚੋਂ ਜ਼ਮੀਨ ਉਤੇ ਆ ਰਿਹਾ।’ ਅਵਤਾਰ ਦਾ ਧਾਤੂ ‘ਅਸ’ ਹੈ, ਜਿਸ ਦਾ ਭਾਵ ਹੈ ਉਤਰਨਾ। ਇਹ ਸ਼ਬਦ ਆਮ ਅਤੇ ਵਿਸ਼ੇਸ਼-ਦੋਹਾਂ ਅਰਥਾਂ ਵਿਚ ਵਰਤਿਆ ਗਿਆ ਹੈ। ਆਮ ਅਰਥਾਂ ਵਿਚ ਇਸ ਦੀ ਵਰਤੋਂ ਕਿਸੇ ਵੀ ਦੇਵਤੇ ਦੇ ਧਰਤੀ ‘ਤੇ ਪਰਗਟ ਹੋਣ ਦੇ ਅਰਥਾਂ ਵਿਚ ਹੋਈ ਹੈ। ਵਿਸ਼ੇਸ਼ ਅਰਥਾਂ ਵਿਚ ਇਸ ਦੀ ਵਰਤੋਂ ਵਿਸ਼ਨੂੰ ਦੇ ਮੁੱਖ ਅਵਤਾਰਾਂ ਲਈ ਕੀਤੀ ਗਈ ਹੈ। ਇਸ ਦੇ ਤੀਸਰੇ ਅਰਥ ਵੀ ਹਨ, ਜਿਨ੍ਹਾਂ ਵਿਚ ਇਹ ਕਿਸੇ ਵੀ ਵਿਲੱਖਣ ਹਸਤੀ ਦੇ ਧਰਤੀ ਉਤੇ ਜਨਮ ਲੈਣ ਲਈ ਵਰਤਿਆ ਗਿਆ ਹੈ। ਹਿੰਦੂ ਧਰਮ ਅਨੁਸਾਰ ਈਸ਼ਵਰ ਆਪਣੀ ਯੋਗ ਮਾਇਆ ਰਾਹੀਂ ਸਮੇਂ ਸਮੇਂ ਧਰਤੀ ‘ਤੇ ਲੋੜ ਅਨੁਸਾਰ ਖਾਸ ਰੂਪਾਂ ਵਿਚ ਪਰਗਟ ਹੁੰਦਾ ਹੈ।

ਈਸ਼ਵਰ, ਜਿਸ ਨੂੰ ਵਿਸ਼ਨੂੰ ਵੀ ਕਿਹਾ ਗਿਆ ਹੈ, ਉਸ ਦੇ ਪ੍ਰਮੁੱਖ ਅਵਤਾਰ ਦਸ ਮੰਨੇ ਗਏ ਹਨ-ਮਤਸਯ, ਕੁਰਮ, ਵਾਮਨ, ਰਾਮ (ਪਰਸੁ ਰਾਮ), ਰਾਮ (ਰਾਮਾਇਣ ਦਾ ਨਾਇਕ), ਕ੍ਰਿਸ਼ਨ (ਭਗਵਤ ਗੀਤਾ ਵਿਚ ਪ੍ਰਮੁਖ ਹਸਤੀ), ਬੁੱਧ (ਸਿਧਾਰਥ) ਅਤੇ ਕਲਕੀ, ਜਿਸ ਨੇ ਹਾਲੇ ਪੈਦਾ ਹੋਣਾ ਹੈ। ਅਵਤਾਰਾਂ ਦੀ ਵਰਗ-ਵੰਡ ਵੀ ਹੈ ਜਿਵੇਂ ਪ੍ਰਮੁੱਖ ਅਤੇ ਗੌਣ, ਪੂਰਨ ਅਤੇ ਅਰਧ। ਹਿੰਦੂ ਧਰਮ ਦੇ ਵੱਖ ਵੱਖ ਸਰੋਤਾਂ ਵਿਚ ਅਵਤਾਰਾਂ ਦੀ ਗਿਣਤੀ ਵੱਖਰੀ ਵੱਖਰੀ ਹੈ; ਕੁਝ ਅਨੁਸਾਰ ਇਹ ਗਿਣਤੀ ਅੱਠ ਹੈ, ਕਈਆਂ ਅਨੁਸਾਰ ਦਸ ਅਤੇ ਕਈਆਂ ਅਨੁਸਾਰ ਸੌਲਾਂ ਹੈ। ਕੁਝ ਹੋਰ ਇਨ੍ਹਾਂ ਦੀ ਗਿਣਤੀ ਚੌਵੀ ਮੰਨਦੇ ਹਨ।
ਹਿੰਦੂ ਸ਼ਾਸਤਰਾਂ ਵਿਚ ਸ੍ਰਿਸ਼ਟੀ ਦੀ ਉਤਪਤੀ ਤੋਂ ਲੈ ਕੇ ਅਵਤਾਰਾਂ, ਉਨ੍ਹਾਂ ਦੀ ਸ਼੍ਰੇਣੀ ਵੰਡ, ਦੇਵੀ-ਦੇਵਤਿਆਂ ਦੇ ਪੈਦਾ ਹੋਣ ਦਾ ਲੰਬਾ-ਚੌੜਾ ਵਿਸਥਾਰ ਹੈ, ਜਿਸ ਵਿਚ ਜਾਣ ਦੀ ਇੱਥੇ ਸਾਨੂੰ ਲੋੜ ਨਹੀਂ ਜਾਪਦੀ ਅਤੇ ਇਹ ਵਿਸਥਾਰ ਵੱਖ ਵੱਖ ਸੋਮਿਆਂ ਵਿਚ ਵੱਖਰੇ ਵੱਖਰੇ ਹਨ। ਕਹਿ ਸਕਦੇ ਹਾਂ ਕਿ ਅਵਤਾਰਾਂ ਦੀ ਦਰਜਾਬੰਦੀ ਕੀਤੀ ਗਈ ਹੈ, ਜਿਸ ਅਨੁਸਾਰ ਕੁਝ ਅਵਤਾਰ ਵੱਡੇ ਹਨ ਤੇ ਕੁਝ ਛੋਟੇ ਹਨ। ਧਾਰਮਿਕ ਨੁਕਤੇ ਤੋਂ ਕੁਝ ਬਹੁਤ ਉਚੇ ਦਰਜੇ ‘ਤੇ ਬਹੁਤ ਅਹਿਮ ਹਨ ਅਤੇ ਕੁਝ ਛੋਟੇ ਦਰਜੇ ‘ਤੇ ਅਤੇ ਘੱਟ ਅਹਿਮ। ਦੂਜੀ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਵੱਖ ਵੱਖ ਸ਼ਾਸਤਰਾਂ ਵਿਚ ਨਾ ਸਿਰਫ ਇਨ੍ਹਾਂ ਦੀ ਗਿਣਤੀ ਵੱਖਰੀ ਵੱਖਰੀ ਹੈ, ਸਗੋਂ ਦਰਜਾ ਵੀ ਵੱਖਰਾ ਵੱਖਰਾ ਹੈ। ਮਿਸਾਲ ਵਜੋਂ ਕੁਝ ਥਾਂਈਂ ਤਿੰਨ ਵਿਯੂਹਾਂ ਸੰਕਰਸਨ, ਪ੍ਰਦੁਮਨ ਅਤੇ ਅਨਿਰੁਧ ਨੂੰ ਵਿਸ਼ਨੂੰ ਦੇ ਪ੍ਰਗਟਾਅ ਮੰਨਿਆ ਗਿਆ ਹੈ। ਕਿਸੇ ਹੋਰ ਥਾਂ ‘ਤੇ ਵਿਸ਼ਨੂੰ ਨੂੰ ਗੋਵਿੰਦ ਅਤੇ ਨਾਰਾਇਣ ਦੇ ਨਾਲ ਸੰਕਰਸਨ ਦਾ ਸਹਾਇਕ ਵਿਯੂਹ ਮੰਨਿਆ ਗਿਆ ਹੈ। ਆਮ ਤੌਰ ‘ਤੇ ਸਾਖਿਆਤ ਅਵਤਾਰਾਂ ਨੂੰ ਮੁੱਖ ਮੰਨਿਆਂ ਜਾਂਦਾ ਹੈ, ਜੋ ਪਰਮਾਤਮਾ ਦਾ ਸਿੱਧਾ ਪ੍ਰਗਟਾ ਕਹੇ ਜਾਂਦੇ ਹਨ ਅਤੇ ਆਵੇਸ਼ਾਵਤਾਰ ਗੌਣ ਸੁਭਾਅ ਦੇ ਮੰਨੇ ਗਏ ਹਨ। ਇਹ ਗੌਣ ਅਵੇਸ਼ਾਵਤਾਰ ਪਰਮਾਤਮਾ ਦੀ ਇੱਛਾ ਰਾਹੀਂ ਪਰਗਟ ਹੁੰਦੇ ਹਨ, ਜਿਵੇਂ ਮਨੁੱਖੀ ਰੂਪ ਵਿਚ ਰਾਮ ਅਤੇ ਕ੍ਰਿਸ਼ਨ; ਪਸੂਆਂ ਦੇ ਰੂਪ ਵਿਚ ਵਾਮਨ, ਮੱਛ ਅਤੇ ਨਰਸਿੰਘ; ਇੱਥੋਂ ਤੱਕ ਕਿ ਦਰੱਖਤ ਦੇ ਰੂਪ ਵਿਚ ਵੀ ਜਿਵੇਂ ਡੰਡਕ ਵਣ ਵਿਚ ਵਲਦਾਰ ਅੰਬ ਦਾ ਦਰੱਖਤ।
ਇਨ੍ਹਾਂ ਸਾਰੇ ਸ੍ਰੋਤਾਂ ਦੀ ਇੱਕ ਗੱਲ ਸਾਂਝੀ ਹੈ ਕਿ ਇਹ ਸਾਰੇ ਹੀ ਵੇਦਾਂ ਵਿਚ ਆਸਥਾ ਰੱਖਦੇ ਹਨ ਅਤੇ ਵਰਣ-ਆਸ਼ਰਮ ਧਰਮ ਦੀ ਸਮਾਜਕ ਵੰਡ ਨੂੰ ਜਿਉਂ ਦਾ ਤਿਉਂ ਮੰਨਦੇ ਹਨ। ਅਸਲ ਵਿਚ ਅਵਤਾਰਵਾਦ ਦੇ ਸਿਧਾਂਤ ਨੂੰ ਮੰਨਣ ਦਾ ਮੂਲ ਮਕਸਦ ਨਵੇਂ ਧਾਰਮਿਕ ਸਿਧਾਂਤਾਂ ਅਤੇ ਉਭਾਰਾਂ ਨੂੰ ਆਪਣੇ ਵਿਚ ਸਮੋ ਲੈਣਾ ਅਤੇ ਮਿਲਾ ਲੈਣਾ ਸੀ, ਭਾਵੇਂ ਉਨ੍ਹਾਂ ਦੀ ਵਿਚਾਰਧਾਰਾ ਬਿਲਕੁਲ ਉਲਟ ਹੀ ਕਿਉਂ ਨਾ ਹੋਵੇ। ਇਸ ਦੀ ਸਭ ਤੋਂ ਵੱਡੀ ਮਿਸਾਲ ਬੁੱਧ ਧਰਮ ਹੈ। ਬੁੱਧ ਧਰਮ ਨਾ ਹੀ ਵੇਦਾਂ ਦੀ ਪ੍ਰਭੁਸਤਾ ਨੂੰ ਮੰਨਦਾ ਹੈ ਅਤੇ ਨਾ ਹੀ ਵਰਣ-ਆਸ਼ਰਮ ਧਰਮ ਤੇ ਨਿਰਧਾਰਤ ਸਮਾਜਕ ਵੰਡ ਨੂੰ। ਬੁੱਧ ਧਰਮ ਦਾ ਆਪਣਾ ਪਾਲੀ ਬੋਲੀ ਵਿਚ ‘ਧਮਪਦ’ ਨਾਮ ਦਾ ਧਰਮ ਗ੍ਰੰਥ ਹੈ ਅਤੇ ਵਰਣ-ਵੰਡ ਨੂੰ ਬੁੱਧ ਧਰਮ ਵਿਚ ਬਿਲਕੁਲ ਨਕਾਰਿਆ ਗਿਆ ਹੈ; ਇਸ ਦੇ ਬਾਵਜੂਦ, ਜਿਵੇਂ ਉਪਰ ਜ਼ਿਕਰ ਕੀਤਾ ਹੈ, ਸਿਧਾਰਥ ਬੁੱਧ ਨੂੰ ਵਿਸ਼ਨੂੰ ਦੇ ਪ੍ਰਮੁੱਖ ਅਵਤਾਰਾਂ ਵਿਚ ਸ਼ੁਮਾਰ ਕਰ ਲਿਆ ਗਿਆ ਹੈ। ਵਿਸ਼ਨੂੰ ਦੇ ਦਸ ਅਵਤਾਰਾਂ ਵਿਚੋਂ ਦੋ ਅਵਤਾਰ ਰਾਮ (ਰਾਮਾਇਣ ਦਾ ਨਾਇਕ) ਅਤੇ ਕ੍ਰਿਸ਼ਨ (ਗੀਤਾ ਵਿਚ ਪ੍ਰਮੁੱਖ ਹਸਤੀ) ਬਹੁਤ ਪੂਜੇ ਜਾਂਦੇ ਹਨ। ਅਵਤਾਰਵਾਦ ਦਾ ਸਿਧਾਂਤ ਮੁੱਖ ਤੌਰ ‘ਤੇ ਭਗਤੀ ਨਾਲ ਜੁੜਿਆ ਹੋਇਆ ਹੈ। ਅਵਤਾਰ ਮਨੁੱਖ ਅਤੇ ਪਰਮਾਤਮਾ ਵਿਚਾਲੇ ਵਿਚੋਲਾ ਹੈ। ਅਵਤਾਰ ਦੇ ਰੂਪ ਵਿਚ ਪਰਮਾਤਮਾ ਜ਼ਿਆਦਾ ਨਿੱਜੀ ਬਣ ਜਾਂਦਾ ਹੈ। ਇੱਕ ‘ਵਿਚਾਰ’ ਨਾਲੋਂ ਮਨੁੱਖ ਇੱਕ ‘ਰੂਪ’ ਜਾਂ ‘ਆਕਾਰ’ ਨਾਲ ਜ਼ਿਆਦਾ ਡੂੰਘਾ ਸਬੰਧ ਮਹਿਸੂਸ ਕਰਦਾ ਹੈ।
ਵਿਦਵਾਨਾਂ ਦਾ ਮੰਨਣਾ ਹੈ, ਜਿਵੇਂ ਸਵਰਗੀ ਸ਼ ਦਲਜੀਤ ਸਿੰਘ ਨੇ ਵੀ ਆਪਣੀ ਪੁਸਤਕ ‘ਸਿਖਇਜ਼ਮ’ ਵਿਚ ਜ਼ਿਕਰ ਕੀਤਾ ਹੈ ਕਿ ਵਿਸ਼ਨੂੰ ਦੇ ਅਵਤਾਰਾਂ ਦਾ ਸਿਧਾਂਤ ਵੇਦਾਂ ਤੋਂ ਪਿਛਲੇਰੇ ਕਾਲ ਵਿਚ ਬਣਾਇਆ ਗਿਆ। ਇਹ ਸਿਧਾਂਤ ਹਿੰਦੂ ਧਰਮ ਦਾ ਜਾਣਨਯੋਗ ਅੰਗ ਹੈ। ਇਹ ਹਿੰਦੂ ਧਰਮ ਨੂੰ ਦੂਜੀਆਂ ਸੰਪਰਦਾਵਾਂ ਨੂੰ ਇਹ ਕਹਿ ਕੇ ਆਪਣੇ ਵਿਚ ਸ਼ਾਮਲ ਕਰਨ ਦੇ ਯੋਗ ਬਣਾਉਂਦਾ ਹੈ ਕਿ ਉਨ੍ਹਾਂ ਦੇ ਦੇਵਤੇ ਜਾਂ ਪੈਗੰਬਰ ਇੱਕ ਪਰਮਾਤਮਾ ਜਾਂ ਵਿਸ਼ਨੂੰ ਦਾ ਹੀ ਪ੍ਰਗਟਾਅ ਹਨ।
ਸਿੱਖ ਧਰਮ ਵਿਚ ਅਵਤਾਰਵਾਦ ਦੇ ਪ੍ਰਾਪਤ ਸਿਧਾਂਤ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ ਅਤੇ ਇਸ ਦਾ ਅਧਾਰ ਸਿੱਖ ਧਰਮ ਦਰਸ਼ਨ ਦਾ ਪਰਮਸਤਿ ਦਾ ਸੰਕਲਪ ਹੈ; ਜਿਸ ਦਾ ਉਲੇਖ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਹੀ ਮੂਲ ਸਿਧਾਂਤ ਦੇ ਤੌਰ ‘ਤੇ ਕਰ ਦਿੱਤਾ ਗਿਆ ਹੈ। ਇਹ ਮੂਲ ਸਿਧਾਂਤ ਉਸ ਪਰਮਸਤਿ ਦਾ ਵਰਨਣ ਹੈ ਜੋ ‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ’ ਤੱਕ ਦੀ ਬਾਣੀ ਹੈ, ਇਹ ਅਸਲ ਵਿਚ ਪਰਮਸਤਿ ਦੇ ਗੁਣਾਂ ਦਾ ਵਰਣਨ ਹੈ, ਜਿਸ ਨੂੰ ਮੂਲ ਮੰਤਰ ਵੀ ਕਿਹਾ ਜਾਂਦਾ ਹੈ। ਸਿੱਖ ਧਰਮ ਦਰਸ਼ਨ ਅਨੁਸਾਰ ੴ ਤੋਂ ਭਾਵ ਪਰਮ ਹਸਤੀ, ਜੋ ਇੱਕੋ ਇੱਕ ਸਤਿ ਹੈ। ਇਹ ਹਸਤੀ ਇਸ ਬ੍ਰਹਿਮੰਡ ਦੀ ਕਰਤਾ ਪੁਰਖ ਵੀ ਹੈ ਅਤੇ ਇਸ ਸੰਸਾਰ ਦਾ ਪਾਸਾਰ ਉਸ ਨੇ ਆਪਣੇ ਆਪ ਤੋਂ ਕੀਤਾ ਹੈ। ਪਰਮਸਤਿ ਸਮੇਂ ਅਤੇ ਸਥਾਨ ਤੋਂ ਉਤੇ ਹੈ ਅਤੇ ਉਹ ਜਨਮ ਅਤੇ ਮੌਤ ਵਿਚ ਨਹੀਂ ਆਉਂਦਾ, ਪਰ ਉਹ ਆਪਣੀ ਰਚਨਾ ਵਿਚ ਇੱਕ-ਰਸ ਵਿਆਪਕ ਹੈ। ਪਰਮਸਤਿ ਦੇ ਅਜੂਨੀ ਹੋਣ ਨਾਲ ਹੀ ਅਵਤਾਰਵਾਦ ਦਾ ਖੰਡਨ ਹੋ ਜਾਂਦਾ ਹੈ। ਗੁਰਮਤਿ ਦਰਸ਼ਨ ਅਨੁਸਾਰ ਉਪਜਨ ਅਤੇ ਬਿਨਸਨ ਦਾ ਸਿਧਾਂਤ ਉਸ ਦੀ ਰਚਨਾ ‘ਤੇ ਲਾਗੂ ਹੁੰਦਾ ਹੈ, ਪਰਮਸਤਿ ‘ਤੇ ਨਹੀਂ। ਇਸ ਲਈ ਇਹ ਸਾਰਾ ਪਾਸਾਰ, ਅਵਤਾਰ ਆਦਿ ਵੀ ਉਸ ਦੀ ਰਚਨਾ ਦਾ ਹਿੱਸਾ ਹਨ। ਗੁਰੂ ਨਾਨਕ ਦੇਵ ਜੀ ਨੇ ਜਪੁਜੀ ਵਿਚ ਈਸਰ, ਗੋਰਖ, ਬ੍ਰਹਮਾ, ਪਾਰਬਤੀ ਦੇ ਨਾਂ ਪਰਮਸਤਿ ਦੀ ਰਚਨਾ ਦੇ ਤੌਰ ‘ਤੇ ਵਰਤੇ ਹਨ।
ਗੁਰੂ ਨਾਨਕ ਦੇਵ ਜੀ ਅਨੁਸਾਰ ਗੁਰੂ ਹੀ ਬ੍ਰਹਮਾ, ਗੁਰੂ ਹੀ ਵਿਸ਼ਨੂੰ, ਗੋਰਖ ਅਤੇ ਪਾਰਬਤੀ ਹੈ। ਉਨ੍ਹਾਂ ਅਨੁਸਾਰ ਗੁਰੂ ਹੀ ਉਹ ਸਾਧਨ ਹੈ, ਜਿਸ ਦੀ ਮਿਹਰ ਨਾਲ ਉਸ ਇੱਕ ਪਰਮਸਤਿ ਦਾ ਗਿਆਨ ਅਤੇ ਅਨੁਭਵ ਪ੍ਰਾਪਤ ਹੁੰਦਾ ਹੈ। ਗੁਰਬਾਣੀ ਅਨੁਸਾਰ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਹੀ, ਗੁਰੂ ਹੈ, ਕਿਉਂਕਿ ਸ਼ਬਦ ਸਦੀਵੀ ਰਹਿਣ ਵਾਲਾ ਹੈ, ਜਦੋਂ ਕਿ ਸਰੀਰਕ ਰੂਪ ਵਿਚ ਗੁਰੂ ਬਿਨਸਨਹਾਰ ਹੈ। ਹਿੰਦੂ ਧਰਮ ਵਿਚ ਵਿਸ਼ਨੂੰ, ਬ੍ਰਹਮਾ ਅਤੇ ਮਹੇਸ਼ ‘ਤ੍ਰੈਮੂਰਤੀ’ ਨੂੰ ਸੁਤੰਤਰ ਤਾਕਤਾਂ ਮੰਨਿਆ ਗਿਆ ਹੈ। ਸਿੱਖ ਧਰਮ ਚਿੰਤਨ ਅਨੁਸਾਰ ਇਹ ਕੋਈ ਸੁਤੰਤਰ ਤਾਕਤਾਂ ਨਹੀਂ ਹਨ, ਪਰਮਸਤਿ ਦੀ ਰਚਨਾ ਦਾ ਹਿੱਸਾ ਹਨ ਅਤੇ ਉਸ ਦੀ ਰਚਨਾ ਦਾ ਹਿੱਸਾ ਹੋਣ ਕਰਕੇ ਉਸ ਦੀ ਉਸਤਤਿ ਕਰ ਰਹੇ ਹਨ। ਇਨ੍ਹਾਂ ਦੀ ਗਿਣਤੀ ਇੱਕ ਨਹੀਂ, ਅਨੇਕ ਹੈ, ਕਿਉਂਕਿ ਉਸ ਪਰਮਸਤਿ ਦੀ ਰਚਨਾ ਬੇਅੰਤ ਹੈ,
ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ॥
ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ॥ (ਪੰਨਾ 7)
ਗੁਰੂ ਨਾਨਕ ਦੇਵ ਜੀ ਨੇ ਰਾਗੁ ਮਾਰੂ ਵਿਚ ਸੰਕੇਤ ਕੀਤਾ ਹੈ ਕਿ ਬ੍ਰਹਿਮੰਡ ਦੀ ਰਚਨਾ ਤੋਂ ਪਹਿਲਾਂ ਪਰਮਾਤਮਾ ਸੁੰਨ-ਸਮਾਧੀ ਦੀ ਅਵਸਥਾ ਵਿਚ ਸੀ। ਸਭ ਤੋਂ ਪਹਿਲਾਂ ਉਸ ਨੇ ਆਪਣੇ ਆਪ ਤੋਂ ਅਚੇਤ ਕੁਦਰਤ ਪੈਦਾ ਕੀਤੀ। ਫਿਰ ਉਸ ਨੇ ਪੌਣ, ਪਾਣੀ, ਸਾਰੀ ਸ੍ਰਿਸ਼ਟੀ ਅਤੇ ਮਨੁੱਖ ਦੀ ਰਚਨਾ ਕੀਤੀ। ਮਨੁੱਖੀ ਸਰੀਰ ਵਿਚ ਉਸ ਨੇ ਆਪਣੀ ਜੋਤਿ ਰੱਖੀ। ਉਸ ਨੇ ਹੀ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਆਦਿ ਦੀ ਰਚਨਾ ਕੀਤੀ। ਇਹ ਸਾਰੀ ਸਿਰਜਣਾ ਉਸ ਨੇ ਆਪਣੇ ਭਾਣੇ ਵਿਚ ਹੀ ਕੀਤੀ ਹੈ। ਇਹ ਸਾਰੇ ਦੇਵੀ-ਦੇਵਤੇ, ਦਾਨਵ, ਅਵਤਾਰ ਆਦਿ ਇੱਕ ਨਹੀਂ, ਅਨੇਕ ਪੈਦਾ ਕੀਤੇ, ਜੋ ਉਸ ਦੇ ਹੁਕਮ ਅਧੀਨ ਕਾਰਜ ਕਰ ਰਹੇ ਹਨ ਅਤੇ ਦਿਨ ਰਾਤ ਉਸ ਇੱਕ ਦੀ ਉਸਤਤਿ ਕਰ ਰਹੇ ਹਨ। ਇਹ ਕੋਈ ਸੁਤੰਤਰ ਹਸਤੀਆਂ ਨਹੀਂ ਹਨ, ਸਗੋਂ ਉਸ ਇੱਕ ਪਰਮਸਤਿ ਦੀਆਂ ਪੈਦਾ ਕੀਤੀਆਂ ਹੋਈਆਂ ਹਨ,
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥
ਬਾਝੁ ਕਲਾ ਆਡਾਣੁ ਰਹਾਇਆ॥
ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਆ॥੧੪॥
ਹੁਕਮਿ ਉਪਾਏ ਦਸ ਅਵਤਾਰਾ॥
ਦੇਵ ਦਾਨਵ ਅਗਣਤ ਅਪਾਰਾ॥ (ਪੰਨਾ 1036-37)
ਹਿੰਦੂ ਧਰਮ ਦੀ ਤ੍ਰੈਮੂਰਤੀ ਵਿਚ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਹਨ। ਬ੍ਰਹਮਾ ਨੂੰ ਪੈਦਾ ਕਰਨ ਵਾਲਾ, ਵਿਸ਼ਨੂੰ ਨੂੰ ਪਾਲਣ ਵਾਲਾ ਅਤੇ ਮਹੇਸ਼ ਜਾਂ ਸ਼ਿਵਜੀ ਨੂੰ ਸੰਘਾਰ ਕਰਨ ਵਾਲਾ ਮੰਨਿਆ ਗਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਹਰ ਸੰਸਾਰ ਚੱਕਰ ਦੇ ਅਰੰਭ ਵੇਲੇ ਬ੍ਰਹਮਾ ਨੂੰ ਚਾਰੇ ਵੇਦ ਦਿੱਤੇ ਜਾਂਦੇ ਹਨ ਅਰਥਾਤ ਬ੍ਰਹਮਾ ਚਾਰੇ ਵੇਦਾਂ ਦਾ ਰਚੈਤਾ ਵੀ ਹੈ। ਗੁਰੂ ਅਮਰਦਾਸ ਇਸੇ ਸੰਦਰਭ ਵਿਚ ਦੱਸਦੇ ਹਨ ਕਿ ਅਕਾਲ ਪੁਰਖ ਨੇ ਬ੍ਰਹਮਾ ਨੂੰ ਚਾਰੇ ਵੇਦ ਦਿੱਤੇ। ਬ੍ਰਹਮਾ ਵੇਦਾਂ ਨੂੰ ਪੜ੍ਹ ਪੜ੍ਹ ਕੇ ਵਿਚਾਰ ਤਾਂ ਕਰਦਾ ਰਿਹਾ, ਪਰ ਉਹ ਦੈਵੀ ਹੁਕਮ ਨੂੰ ਨਹੀਂ ਸਮਝ ਸਕਿਆ। ਸਿੱਟੇ ਵਜੋਂ ਇਹ ਵਿਚਾਰ ਕਾਇਮ ਰਿਹਾ ਕਿ ਉਹ ਕਦੀ ਚੰਗੇ ਕੰਮਾਂ ਕਰਕੇ ਅਤੇ ਕਦੀ ਭੁੱਲਾਂ ਕਰਕੇ ਵਾਰ ਵਾਰ ਸਵਰਗ ਅਤੇ ਨਰਕ ਵਿਚਕਾਰ ਆਉਂਦਾ-ਜਾਂਦਾ ਰਿਹਾ। ਸਮੇਂ ਸਮੇਂ ‘ਤੇ ਵੱਡੇ ਵੱਡੇ ਪੁਰਖ ਪੈਦਾ ਕੀਤੇ, ਜਿਨ੍ਹਾਂ ਨੂੰ ਲੋਕ ਅਵਤਾਰ ਕਰਕੇ ਬਿਆਨ ਕਰਦੇ ਰਹੇ, ਪਰ ਉਨ੍ਹਾਂ ਨੂੰ ਪਰਮਸਤਿ ਦਾ ਪਾਰਾਵਾਰ ਨਹੀਂ ਲੱਭਾ। ਇਸ ਦਾ ਅਰਥ ਇਹ ਬਣਦਾ ਹੈ ਕਿ ਅਵਤਾਰ ਵੀ ਪਰਮਸਤਿ ਦਾ ਅੰਤ ਨਹੀਂ ਪਾ ਸਕੇ; ਉਹ ਵੀ ਸੰਪੂਰਨ ਨਹੀਂ ਹਨ। ਇੱਥੇ ਇਸ਼ਾਰਾ ਸ੍ਰੀ ਰਾਮ ਚੰਦਰ ਅਤੇ ਸ੍ਰੀ ਕ੍ਰਿਸ਼ਨ ਵੱਲ ਹੈ, ਜੋ ਸਨ ਤਾਂ ਆਪਣੇ ਸਮੇਂ ਦੇ ਰਾਜੇ, ਪਰ ਲੋਕ ਉਨ੍ਹਾਂ ਨੂੰ ਅਵਤਾਰ ਜਾਣ ਕੇ ਗੁਣ ਗਾਉਂਦੇ ਰਹੇ। ਉਹ ਵੀ ਪਰਮਸਤਿ ਦੇ ਭੇਤ ਨੂੰ ਨਹੀਂ ਸਮਝ ਸਕੇ,
ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ॥
ਤਾ ਕਾ ਹੁਕਮੁ ਨਾ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ॥੬॥
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥
ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ॥ (ਪੰਨਾ 423)
ਇਸ ਦੀ ਪ੍ਰੋੜਤਾ ਕਰਦਿਆਂ ਗੁਰੂ ਅਮਰਦਾਸ ਨੇ ਫਰਮਾਇਆ ਹੈ ਕਿ ਅਵਤਾਰ ਪਰਮਾਤਮ-ਅੰਸ਼ ਦਾ ਇੱਕ ਨਿੱਕਾ ਜਿਹਾ ਹਿੱਸਾ ਹਨ, ਇਸੇ ਲਈ ਉਹ ਆਮ ਰਾਜਿਆਂ ਦੀ ਤਰ੍ਹਾਂ ਸੁੱਖ ਅਤੇ ਦੁੱਖ ਲਈ ਲੜਦੇ ਰਹੇ ਹਨ। ਸ਼ਿਵ ਅਤੇ ਬ੍ਰਹਮਾ ਪਰਮਾਤਮਾ ਦੀ ਸੇਵਾ ਤਾਂ ਕਰਦੇ ਹਨ, ਪਰ ਸੱਚ ਨੂੰ ਫਿਰ ਵੀ ਜਾਣ ਨਹੀਂ ਸਕੇ, ਕਿਉਂਕਿ ਪਰਮਾਤਮਾ ਦੇ ਨਿਰਭਉ, ਅਮੂਰਤ ਅਤੇ ਅਲਖ ਰੂਪ ਨਾਲ ਇਕਸੁਰ ਨਹੀਂ ਹੋਏ,
ਅੰਸਾ ਅਉਤਾਰੁ ਉਪਾਇਨੁ ਭਾਉ ਦੂਜਾ ਕੀਆ॥
ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ॥
ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨੀ ਨ ਲਹੀਆ॥ (ਪੰਨਾ 559)
ਗੁਰੂ ਅਮਰਦਾਸ ਜੀ ਨੇ ਵੱਖ ਵੱਖ ਅਵਤਾਰਾਂ ਦੀਆਂ ਵੱਖ ਵੱਖ ਸ਼ਕਤੀਆਂ ਦਾ ਜ਼ਿਕਰ ਕਰਦਿਆਂ ਇਸ ਤੱਥ ਵੱਲ ਧਿਆਨ ਦੁਆਇਆ ਹੈ ਕਿ ਇਹ ਸ਼ਕਤੀਆਂ ਉਨ੍ਹਾਂ ਦੇ ਪਰਮਾਤਮਾ ਹੋਣ ਦਾ ਪ੍ਰਤੀਕ ਨਹੀਂ ਹਨ। ਬ੍ਰਹਮਾ ਰਾਹੀਂ ਵੇਦ ਪਰਗਟ ਹੋਏ, ਪਰ ਆਪ ਉਹ ਮਾਇਆ-ਮੋਹ ਅਤੇ ਇੱਛਾਵਾਂ ਵਿਚੋਂ ਨਿਕਲ ਹੀ ਨਹੀਂ ਸਕਿਆ। ਮਹਾਦੇਵ ਜਾਂ ਸ਼ਿਵ ਨੂੰ ਅਧਿਆਤਮਕ ਗਿਆਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਪਰ ਉਹ ਹਮੇਸ਼ਾ ਆਪਣੇ ਆਪ ਵਿਚ ਹੀ ਰੁੱਝਾ ਰਹਿੰਦਾ ਹੈ ਅਤੇ ਹਰ ਸਮੇਂ ਗੁੱਸੇ ਅਤੇ ਕ੍ਰੋਧ ਨਾਲ ਹੀ ਭਰਿਆ ਰਹਿੰਦਾ ਹੈ। ਵਿਸ਼ਨੂੰ (ਕ੍ਰਿਸ਼ਨ) ਆਪਣੇ ਆਪ ਨੂੰ ਅਵਤਾਰ ਧਾਰਨ ਵਿਚ ਹੀ ਮਸਰੂਫ ਰੱਖਦਾ ਹੈ। ਫਿਰ ਸੰਸਾਰ ਲਈ ਮੁਕਤੀ ਪ੍ਰਾਪਤ ਕਰਨ ਦਾ ਕਿਹੜਾ ਰਸਤਾ ਰਹਿ ਜਾਂਦਾ ਹੈ? ਗੁਰਮੁਖਿ ਹੀ, ਗੁਰੂ ਦੀ ਸਿੱਖਿਆ ‘ਤੇ ਚੱਲਦਿਆਂ ਉਚੇ ਗਿਆਨ ਦੀ ਪ੍ਰਾਪਤੀ ਵਿਚ ਲੱਗਿਆ ਰਹਿੰਦਾ ਹੈ, ਗੁਰਮੁਖਿ ਹੀ ਇੱਛਾ ਅਤੇ ਅਗਿਆਨ ਦੇ ਹਨੇਰੇ ਤੋਂ ਛੁਟਕਾਰਾ ਪਾ ਸਕਦਾ ਹੈ ਅਤੇ ਸੰਸਾਰ ਸਾਗਰ ਨੂੰ ਪਾਰ ਕਰਦਾ ਹੈ,
ਬ੍ਰਹਮੈ ਵੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ॥
ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ॥
ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗੈ ਤਰੈ ਸੰਸਾਰਾ॥
ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ॥੨॥ (ਪੰਨਾ 559)
ਗੁਰੂ ਰਾਮਦਾਸ ਇਸੇ ਵਿਚਾਰ ਨੂੰ ਕਿ ਅਵਤਾਰ ਪਰਮਾਤਮਾ ਨਹੀਂ ਹਨ, ਹੋਰ ਪਰਪੱਕ ਕਰਦਿਆਂ ਦੱਸਦੇ ਹਨ ਕਿ ਤ੍ਰੈਮੂਰਤੀ ਦੇ ਤਿੰਨੇ ਦੇਵ-ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਆਪਣੇ ਅੰਦਰਲੇ ‘ਅੰਹ’ ਭਾਵ ਤੋਂ ਮੁਕਤ ਨਹੀਂ ਹੋ ਸਕੇ। ਇਸ ‘ਅੰਹ’ ਦੇ ਭਾਵਕਾਰਨ ਹੀ ਆਪਣੇ ਸਿਰਜਣਹਾਰ ਅਕਾਲ ਪੁਰਖ ਨੂੰ ਭੁੱਲ ਗਏ। ਇਸੇ ‘ਹਉਮੈ ਕਾਰ’ ਕਰਕੇ ਉਨ੍ਹਾਂ ਨੇ ਲੋਕਾਂ ਨੂੰ ਇੱਕ ਅਕਾਲ ਪੁਰਖ ਨਾਲ ਜੋੜਨ ਦੀ ਥਾਂ ਆਪਣੀ ਪੂਜਾ ਪਰਮਾਤਮਾ ਵਾਂਗ ਕਰਵਾਈ, ਜਦੋਂ ਕਿ ਉਹ ਪਰਮਾਤਮਾ ਨਾ ਹੋ ਕੇ ਉਸ ਦੀ ਸਿਰਜਣਾ ਦਾ ਇੱਕ ਹਿੱਸਾ ਸਨ। ਪਰਮਾਤਮਾ ਦੀ ਸੋਝੀ ਮਨੁੱਖ ਨੂੰ ਗੁਰੂ ਪਾਸੋਂ ਮਿਲਦੀ ਹੈ,
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ॥
ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰ ਗੁਰਮੁਖਿ ਸੋਝੀ ਪਾਈ॥੨॥ (ਪੰਨਾ 735)
ਗੁਰੂ ਅਰਜਨ ਦੇਵ ਸਪੱਸ਼ਟ ਕਰਦੇ ਹਨ ਕਿ ਅਕਾਲ ਪੁਰਖ ਵੱਲੋਂ ਸ੍ਰਿਸ਼ਟੀ ਰਚਨਾ ਅਨੇਕ ਵਾਰ ਹੋਈ ਹੈ, ਕਿਉਂਕਿ ਇਹ ਸਾਰੀ ਰਚਨਾ ਪਰਮਸਤਿ ਆਪਣੇ ਆਪ ਤੋਂ ਕਰਦਾ ਹੈ, ਇਸ ਲਈ ਉਸ ਨੇ ਆਪਣੇ ਆਪ ਦਾ ਪ੍ਰਗਟਾਵਾ ਅਨੇਕ ਤਰ੍ਹਾਂ ਨਾਲ ਕੀਤਾ ਹੈ। ਇਹ ਸਾਰੀ ਕੁਦਰਤ ਉਸ ਦਾ ਪਰਗਟ ਰੂਪ ਹੈ। ਉਸ ਵਲੋਂ ਰਚੀ ਗਈ ਹਰ ਚੀਜ਼ ਅੰਤ ਨੂੰ ਉਸ ਵਿਚ ਹੀ ਸਮਾ ਜਾਂਦੀ ਹੈ। ਕੋਈ ਵੀ ਉਸ ਦਾ ਅੰਤ ਨਹੀਂ ਪਾ ਸਕਦਾ। ਉਹ ਇਕ ਹੀ ਹੈ ਜਿਸ ਦੀ ਹੋਂਦ ਸਦੀਵੀ ਹੈ,
ਕਈ ਕੋਟਿ ਹੋਏ ਅਵਤਾਰ॥
ਕਈ ਜੁਗਤਿ ਕੀਨੋ ਬਿਸਥਾਰ॥
ਕਈ ਬਾਰ ਪਸਰਿਓ ਪਾਸਾਰ॥
ਸਦਾ ਸਦਾ ਇਕੁ ਏਕੰਕਾਰ॥ (ਪੰਨਾ 276)
ਵਿਸ਼ਨੂੰ ਦੇ ਦੋ ਅਵਤਾਰ ਸ੍ਰੀ ਰਾਮ ਚੰਦਰ ਅਤੇ ਸ੍ਰੀ ਕ੍ਰਿਸ਼ਨ ਪ੍ਰਮੁੱਖ ਮੰਨੇ ਜਾਂਦੇ ਹਨ। ਭਾਦੋਂ ਦੀ ਅਸ਼ਟਮੀ ਨੂੰ ਕ੍ਰਿਸ਼ਨ ਦਾ ਜਨਮ-ਦਿਨ ਮੰਨਿਆਂ ਜਾਂਦਾ ਹੈ। ਇਸ ਉਤੇ ਹੀ ਗੁਰੂ ਅਰਜਨ ਦੇਵ ਗੁਰਮਤਿ ਦਾ ਨਜ਼ਰੀਆ ਪੇਸ ਕਰਦੇ ਹਨ ਕਿ ਇਹ ਕਹਿਣਾ ਕਿ ਪਰਮਾਤਮਾ ਅਸ਼ਟਮੀ ਵਾਲੇ ਦਿਨ ਪੈਦਾ ਹੋਇਆ, ਮਹਾ-ਮੂਰਖਤਾ ਹੈ। ਇਹ ਮੰਨਣਾ ਕਿ ਪਰਮਾਤਮਾ ਜਨਮ ਲੈਂਦਾ ਜਾਂ ਮਰਦਾ ਹੈ, ਤਰਕਹੀਣ ਹੈ। ਸਰੀਰ ਬਿਨਸਣਹਾਰ ਹੈ ਅਤੇ ਬਿਨਸਣਹਾਰ ਚੀਜ਼ ਸੰਪੂਰਨ ਕਿਵੇਂ ਹੋ ਸਕਦੀ ਹੈ? ਸਰੀਰ ਵਿਚ ਤਾਂ ਸੌ ਤਰ੍ਹਾਂ ਦੇ ਦੋਸ਼ ਹੁੰਦੇ ਹਨ। ਜਨਮ ਤੇ ਮੌਤ ਬੰਧਨ ਅਤੇ ਸੀਮਾ ਹਨ; ਬੰਧਨ ਅਤੇ ਸੀਮਾ ਅਸੀਮ ਤੇ ਅਨੰਤ ਉਤੇ ਲਾਗੂ ਨਹੀਂ ਹੁੰਦੇ। ਇਸ ਲਈ ਅਜਿਹਾ ਮੁੱਖ ਜਲ ਜਾਣਾ ਚਾਹੀਦਾ ਹੈ, ਜੋ ਕਹਿੰਦਾ ਹੈ ਕਿ ਪਰਮਾਤਮਾ ਨੇ ਜਨਮ ਲਿਆ,
ਸਗਲੀ ਥੀਤਿ ਪਾਸਿ ਡਾਰਿ ਰਾਖੀ॥
ਅਸਟਮ ਥੀਤਿ ਗੋਵਿੰਦ ਜਨਮਾਸੀ॥
ਭਰਮਿ ਭੂਲੇ ਨਰਕਰਤ ਕਚਰਾਇਣ॥
ਜਨਮ ਮਰਨ ਤੇ ਰਹਤ ਨਾਰਾਇਣ॥੧॥ਰਹਾਉ॥
ਕਰਿ ਪੰਜੀਰ ਖਵਾਇਓ ਚੋਰ॥
ਓਹੁ ਜਨਮ ਨ ਮਰੈ ਰੇ ਸਾਕਤ ਢੋਰ॥੨॥
ਸਗਲ ਪਰਾਧ ਦੇਹਿ ਲੋਰੀਨੀ॥
ਸੋ ਮੁਖੁਜਲਉ ਜਿਤੁ ਕਹਹਿ ਠਾਕੁਰੁ ਜੋਨੀ॥
ਜਨਮਿ ਨ ਮਰੈ ਨ ਆਵੈ ਨ ਜਾਇ॥
ਨਾਨਕ ਕਾ ਪ੍ਰਭੁ ਰਹਿਓ ਸਮਾਇ॥੧੪॥ (ਪੰਨਾ 1136)
ਵਿਸ਼ਨੂੰ ਦਾ ਦੂਜਾ ਪ੍ਰਮੁਖ ਅਵਤਾਰ ਸ੍ਰੀ ਰਾਮ ਚੰਦਰ ਨੂੰ ਮੰਨਿਆ ਜਾਂਦਾ ਹੈ।