ਅਵਤਾਰ ਸਿੰਘ ਪਾਸ਼: ਅੱਧੀ ਸਦੀ ਦਾ ਸੱਚ

ਗੁਲਜ਼ਾਰ ਸਿੰਘ ਸੰਧੂ
1969 ਵਿਚ ਖੁਸ਼ਵੰਤ ਸਿੰਘ ‘ਇਲਸਟ੍ਰੇਟਡ ਵੀਕਲੀ ਆਫ ਇੰਡੀਆ’ ਦਾ ਐਡੀਟਰ ਬਣਿਆ ਤਾਂ ਉਸ ਨੇ ਮੇਰੇ ਕੋਲੋਂ ਪੰਜਾਬੀ ਸਾਹਿਤ ਦੇ ਨਵੇਂ ਚਿਹਰਿਆਂ ਬਾਰੇ ਲੇਖ ਲਿਖਵਾਇਆ, ਮੈਂ ਆਪਣੇ ਲੇਖ ਵਿਚ ਕਹਾਣੀਕਾਰ ਗੁਰਬਚਨ ਭੁੱਲਰ ਤੇ ਗੁਰਦੇਵ ਰੁਪਾਣਾ ਅਤੇ ਕਵੀ ਜਗਤ ਦੇ ਸੁਰਿੰਦਰ ਗਿੱਲ, ਕਲਪਨਾ ਤੇ ਪਾਸ਼ ਸਮੇਤ 1970 ਦੇ ਉਭਰਦੇ ਲੇਖਕਾਂ ਬਾਰੇ ਲਿਖਿਆ। ਸਥਾਪਤ ਲੇਖਕਾਂ ਦੀ ਬਾਤ ਪਾ ਕੇ ਕਰੋਨਾ ਤਾਲਾਬੰਦੀ ਕਾਰਨ ਪੁਰਾਣੇ ਕਾਗਜ਼ ਫਰੋਲਦਿਆਂ ਮੈਨੂੰ ਉਹ ਲੇਖ ਲੱਭਿਆ ਤਾਂ ਮੀਡੀਆ ਵਿਚ ਪਾਸ਼ ਦੇ ਜਨਮ ਦੀ 9 ਸਤੰਬਰ 2020 ਨੂੰ ਪੈਂਦੀ 70ਵੀਂ ਵਰ੍ਹੇ ਗੰਢ ਵੀ ਛਾ ਗਈ।

ਪਾਸ਼ ਦੇ ਹਾਣੀ ਅਮਰਜੀਤ ਚੰਦਨ ਤੇ ਪਾਸ਼ ਦੀ ਕੈਲੀਫੋਰਨੀਆ ਰਹਿੰਦੀ ਬੇਟੀ ਵਿੰਕਲ ਸੰਧੂ ਦੀਆਂ ਯਾਦਾਂ ਤੇ ਉਸ ਦੀ ਕਵਿਤਾ ਦੇ ਮੱਦਾਹ ਸੁਮੇਲ ਸਿੱਧੂ ਦਾ ਖਿਰਾਜ-ਏ-ਅਕੀਕਤ ਉਨ੍ਹਾਂ ਵਿਚੋਂ ਪ੍ਰਮੁੱਖ ਸਨ। ਮੇਰੇ ਮਨ ਵਿਚ ਪਾਸ਼ ਦੀ ਕਵਿਤਾ ‘ਸਭ ਤੋਂ ਖਤਰਨਾਕ’ ਘੁੰਮਣ ਲੱਗੀ,
ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ
ਪੁਲਿਸ ਦੀ ਕੁੱਟ ਸਭ ਤੋਂ ਖਰਤਨਾਕ ਨਹੀਂ ਹੁੰਦੀ
ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ
ਬੈਠੇ ਸੁੱਤਿਆਂ ਫੜੇ ਜਾਣਾ-ਬੁਰਾ ਤਾਂ ਹੈ
ਡਰੀ ਜਿਹੀ ਚੁੱਪ ਵਿਚ ਮੜ੍ਹੇ ਜਾਣਾ-ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲਗ ਜਾਣਾ-ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰ ਤੋਂ ਨਿਕਲਣਾ ਕੰਮ ‘ਤੇ
ਤੇ ਕੰਮ ਤੋਂ ਘਰ ਜਾਣਾ
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ।
ਮੈਂ ਆਪਣੇ ਅੱਧੀ ਸਦੀ ਪਹਿਲਾਂ ਵਾਲੇ ਲੇਖ ਵਿਚ ਪਾਸ਼ ਦੀ ਤਲਵਾਰ ਥੱਲੇ ‘ਉਮਰ ਵਿਚ ਸਭ ਤੋਂ ਛੋਟਾ ਤੇ ਰੋਹ ਵਿਚ ਸਭ ਤੋਂ ਵੱਡਾ’ ਲਿਖਿਆ ਸੀ। ਮੇਰੇ ਲੇਖ ਵਾਲੇ ਸਾਰੇ ਲੇਖਕ ਪਾਸ਼ ਨਾਲੋਂ 14-15 ਸਾਲ ਵੱਡੇ ਸਨ। ਕਲਪਨਾ ਵੀ, ਜੋ ਦਸ ਸਾਲ ਵੱਡੀ ਸੀ; ਪਰ 1970 ਵਿਚ ਵੀ ਪਾਸ਼ ਦੇ ਬੋਲ ਤੇ ਕਾਵਿਕ ਮੁਹਾਵਰਾ ਬਾਕੀਆਂ ਤੋਂ ਉੱਚਾ ਨਹੀਂ ਤਾਂ ਹਾਣ ਦਾ ਜ਼ਰੂਰ ਸੀ।
ਪਾਸ਼ 9 ਸਤੰਬਰ 1950 ਵਾਲੇ ਦਿਨ ਨਕੋਦਰ ਨੇੜਲੇ ਪਿੰਡ ਤਲਵੰਡੀ ਸਲੇਮ ਵਿਚ ਪੈਦਾ ਹੋਇਆ ਸੀ ਤੇ 1986 ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਦੁਸ਼ਮਣਾਂ ਤੋਂ ਉਹਲੇ ਹੋਣ ਲਈ ਕੈਲੀਫੋਰਨੀਆ ਜਾ ਵੱਸਿਆ ਸੀ। ਇਸ ਸਮੇਂ ਨੂੰ ਪੰਜਾਬ ਦੇ ਕਾਲੇ ਦਿਨਾਂ ਦਾ ਨਾਂ ਦਿੱਤਾ ਗਿਆ ਸੀ। ਪੰਜਾਬ ਦੇ ਕਹਿੰਦੇ-ਕਹਾਉਂਦੇ ਸਪੂਤ ਮਹਿੰਦਰ ਸਿੰਘ ਰੰਧਾਵਾ ਦੀ ਮੌਤ ਵੀ ਦਿਲ ਦੇ ਦੌਰੇ ਨਾਲ ਇਨ੍ਹੀਂ ਦਿਨੀਂ ਹੀ ਹੋਈ ਸੀ। ਆਪਣੇ ਆਪ ਨੂੰ ਮਰਜੀਵੜੇ ਦੱਸਣ ਵਾਲੇ ਉਹ ਲੋਕ ਏਨੇ ਵਹਿਸ਼ੀ ਸਨ ਕਿ ਉਨ੍ਹਾਂ ਨੇ ਕੈਲੀਫੋਰਨੀਆ ਤੋਂ ਦੋ ਸਾਲ ਪਿੱਛੋਂ ਆਪਣੇ ਪਿੰਡ ਆਏ ਪਾਸ਼ ਨੂੰ ਵੀ ਨਹੀਂ ਸੀ ਬਖਸ਼ਿਆ। ਖੂਹ ਉੱਤੇ ਨਹਾਉਂਦੇ ਨੂੰ ਗੋਲੀਆਂ ਮਾਰੀਆਂ ਸਨ। ਉਨ੍ਹਾਂ ਨੇ ਗੱਦਾਰੀ ਲੋਭ ਦੀ ਮੁੱਠ ਨੂੰ ਸੱਭ ਤੋਂ ਖਤਰਨਾਕ ਨਾ ਮੰਨਣ ਵਾਲੇ ਪਾਸ਼ ਦੇ ਸੁਪਨਿਆਂ ਦੀ ਹੱਤਿਆ ਦਾ ਜ਼ਾਲਿਮਾਨਾ ਅਮਲ ਕੀਤਾ ਸੀ, ਪਰ ਉਹ ਆਪਣੇ ਮੰਤਵ ਵਿਚ ਬਿਲਕੁਲ ਅਸਫਲ ਰਹੇ। ਪਾਸ਼ ਅੱਜ ਵੀ ਜ਼ਿੰਦਾ ਹੈ। ਉਸ ਦੀਆਂ ਕਵਿਤਾਵਾਂ ਯੂਨੀਵਰਸਟੀਆਂ ਦੇ ਪਾਠਕ੍ਰਮ ਦਾ ਹਿੱਸਾ ਹਨ। ਇਨ੍ਹਾਂ ਉੱਤੇ ਵਿਦਿਆਰਥੀ ਖੋਜ ਨਿਬੰਧ ਲਿਖ ਕੇ ਡਾਕਟਰੇਟ ਕਰ ਰਹੇ ਹਨ। ਉਸ ਦੀ ਯਾਦ ਵਿਚ ਇੰਟਰਨੈਸ਼ਨਲ ਪਾਸ਼ ਮੈਮੋਰੀਅਲ ਟਰੱਸਟ ਸਥਾਪਤ ਹੋ ਚੁਕਾ ਹੈ। ਉਸ ਦੀ ਕਵਿਤਾ ਦੀ ਛਤਰ-ਛਾਇਆ ਹੇਠ ਪਲੀ ਉਸਦੀ ਧੀ ਵਿੰਕਲ ਤੇ ਵਿੰਕਲ ਦੀ ਮਾਂ ਰਾਜਵਿੰਦਰ ਕੌਰ ਚੰਗਾ ਜੀਵਨ ਬਤੀਤ ਕਰ ਰਹੀਆਂ ਹਨ। ਉਸ ਦੀ ਸ਼ਹਾਦਤ ਸਮੇਂ 7 ਵਰ੍ਹਿਆਂ ਦੀ ਵਿੰਕਲ 38 ਸਾਲ ਦੀ ਹੋ ਗਈ ਹੈ ਤੇ ਉਸ ਦਾ ਬੇਟਾ ਅਰਮਾਨ ਨੌਂ ਸਾਲ ਦਾ ਤੇ ਬੇਟੀ ਅਨਾਇਤ ਸੱਤ ਸਾਲ ਦੀ। ਮੈਨੂੰ ਚੇਤੇ ਹੈ, ਕੈਲੀਫੋਰਨੀਆ ਤੁਰ ਜਾਣ ਤੋਂ ਪਹਿਲਾਂ ਪਾਸ਼ ਮੈਨੂੰ ਤੇ ਰਘਬੀਰ ਸਿੰਘ ਸਿਰਜਣਾ ਨੂੰ ਮਿਲ ਕੇ ਗਿਆ ਸੀ। ਮੈਂ ਉਸ ਦੀ ਮੌਤ ਸਮੇਂ ਉਹਦੇ ਬਾਰੇ ਕੁਝ ਨਹੀਂ ਲਿਖ ਸਕਿਆ। ਉਹ ਵਾਲੀ ਭੁੱਲ ਹੁਣ ਬਖਸ਼ਾ ਰਿਹਾ ਹਾਂ।
ਮੈਂ ਉਸ ਦੇ ਪਰਿਵਾਰਕ ਮੈਂਬਰ ਨੂੰ ਕਦੀ ਨਹੀਂ ਮਿਲਿਆ। ਹੁਣੇ ਜਿਹੇ ਉਸ ਦੀ ਬੇਟੀ ਵਿੰਕਲ ਨਾਲ ਕੈਲੀਫੋਰਨੀਆ ਵਿਚ ਟੈਲੀਫੋਨ ‘ਤੇ ਗੱਲ ਹੋਈ ਹੈ। ਉਸ ਨੇ ਦੱਸਿਆ ਕਿ ਉਹ ਖੁਦ ਐਲੀਮੈਂਟਰੀ ਸਕੂਲ ਵਿਚ ਪੜ੍ਹਾਉਂਦੀ ਹੈ ਤੇ ਉਸ ਦੀ ਮਾਂ ਸੀ. ਐਨ. ਏ. ਵਿਚ ਅਸਿਸਟੈਂਟ ਹੈ। ਪਾਸ਼ ਜਿਉਂਦਾ ਹੁੰਦਾ ਤਾਂ ਉਨ੍ਹਾਂ ਦੇ ਜੀਵਨ ਵਿਚ ਉਹ ਪਾੜਾ ਨਹੀਂ ਸੀ ਹੋਣਾ, ਜੋ ਉਹ ਭੋਗ ਰਹੇ ਹਨ। ਉਹ ਜਦ ਕਦੀ ਵੀ ਭਾਰਤ ਆਉਂਦੀ ਹੈ ਤੇ ਉਹ ਵਾਲਾ ਘਰ, ਜਿੱਥੇ ਪਾਸ਼ ਜੰਮਿਆ ਸੀ ਤੇ ਉਹ ਖੇਤ, ਜਿਨ੍ਹਾਂ ਬਾਰੇ ਕਵਿਤਾਵਾਂ ਲਿਖੀਆਂ, ਉਸ ਨੂੰ ਸਕੂਨ ਦਿੰਦੇ ਹਨ। ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਪਾਸ਼ ਦੇ ਪਿਤਾ ਤੇ ਆਪਣੇ ਸਵਰਗਵਾਸੀ ਦਾਦਾ ਮੇਜਰ ਸੋਹਣ ਸਿੰਘ ਸੰਧੂ ਤੋਂ ਇਹ ਵੀ ਪਤਾ ਲੱਗਿਆ ਕਿ ਜਿਸ ਦਿਨ ਉਸ ਦਾ ਜਨਮ ਹੋਇਆ ਸੀ ਤਾਂ ਪਾਸ਼ ਨੇ ਸਾਰੇ ਪਿੰਡ ਵਿਚ ਲੱਡੂ ਵੰਡੇ ਸਨ ਅਤੇ ਘਰ ਵਿਚ ਗੀਤ-ਸੰਗੀਤ ਰਚਾਇਆ ਸੀ; ਉਹ ਕੁਝ, ਜੋ ਹੋਰ ਲੋਕ ਪੁੱਤਾਂ ਦੇ ਜਨਮ ਸਮੇਂ ਕਰਦੇ ਸਨ। ਵਿੰਕਲ ਨੂੰ ਪਿਤਾ ਵੱਲੋਂ ਆਪਣਾ ਖੂਬਸੂਰਤ ਨਾਂ ਰੱਖੇ ਜਾਣ ਦਾ ਵੀ ਅਹਿਸਾਸ ਹੈ ਤੇ ਉਸ ਨੇ ਆਪਣੇ ਬੇਟੇ ਦਾ ਨਾਂ ਅਰਮਾਨ ਰੱਖਿਆ ਹੈ, ਜਿਸ ਨੇ ਉਸ ਦੀ ਅਰਮਾਨਾਂ ਦੀ ਪੂਰਤੀ ਕੀਤੀ ਹੈ ਅਤੇ ਬੇਟੀ ਦਾ ਅਨਾਇਤ ਜਿਸ ਨੂੰ ਉਹ ਆਪਣੇ ਪਿਤਾ ਵਾਂਗ ਹੀ ਪਿਆਰ ਕਰਦੀ ਹੈ ਤੇ ਉਹਦੇ ਵੱਲੋਂ ਮਿਲੀ ਅਨਾਇਤ ਸਮਝਦੀ ਹੈ।
ਵਿੰਕਲ ਦਾ ਇਹ ਕਹਿਣਾ ਕਿ ਜਦੋਂ ਵੀ ਭਾਰਤ ਆਵੇਗੀ, ਮੈਨੂੰ ਮਿਲੇ ਬਿਨਾ ਨਹੀਂ ਜਾਂਦੀ, ਮੈਨੂੰ ਵੀ ਚੰਗਾ ਲੱਗਿਆ। ਵਿੰਕਲ ਅੱਜ 38 ਸਾਲ ਦੀ ਹੈ ਤੇ ਉਸ ਨੂੰ 38 ਵਰ੍ਹੇ ਦੀ ਉਮਰੇ ਤੁਰ ਗਏ ਪਿਤਾ ਦੀਆਂ ਪ੍ਰਾਪਤੀਆਂ ਦਾ ਅਹਿਸਾਸ ਹੈ; ਏਨੀ ਥੋੜ੍ਹੀ ਉਮਰ ਭੋਗਣਾ, ਕਿੰਨਾ ਕੁਝ ਮਾਣੇ ਬਿਨਾ ਤੁਰ ਜਾਣਾ ਹੈ, ਇਸ ਦਾ ਵੀ।
ਅੰਤ ਵਿਚ ਪਾਸ਼ ਦੀ ਕਵਿਤਾ ‘ਇਨਕਾਰ’, ਜੋ ਉਸ ਦੇ ਕਾਵਿ ਸੰਗ੍ਰਿਹ ‘ਸਾਡੇ ਸਮਿਆਂ ਵਿਚ’ ਛਪੀ ਸੀ, ਉਹਦੇ ਉੱਤੇ ਪਏ ਨਕਸਲਵਾਦੀ ਪ੍ਰਭਾਵ ਦੀ ਬਾਤ ਪਾਉਂਦੀ ਹੋਈ। ਇਹ ਪਾਸ਼ ਦੀ ਉਸ ਧਾਰਨਾ ਉੱਤੇ ਵੀ ਮੋਹਰ ਲਾਉਂਦੀ ਹੈ, ਜਿਸ ਨੂੰ ਉਹ ‘ਸ਼ਬਦ ਗਿਰਵੀ ਨਹੀਂ ਹੁੰਦੇ। ਸਮਾਂ ਗੱਲ ਆਪ ਕਰਦਾ ਹੈ। ਪਲ ਗੁੰਗੇ ਨਹੀਂ ਹੁੰਦੇ’ ਕਹਿੰਦਾ ਹੈ,
ਮੇਰੇ ਕੋਲੋਂ ਆਸ ਨਾ ਕਰਿਓ
ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
ਜਿਨ੍ਹਾਂ ਦੇ ਹੜ੍ਹ ਵਿਚ ਰੁੜ੍ਹ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ।
ਮੈਂ ਬੈਂਕ ਦੇ ਸੈਕੇਟਰੀ ਦੀਆਂ ਖਚਰੀਆਂ ਮੁੱਛਾਂ
ਸਰਪੰਚ ਦੀ ਥਾਣੇ ਤੱਕ ਲੰਮੀ ਪੂਛ ਦੀ
ਤੇ ਉਸ ਅਜਾਇਬ ਘਰ ਦੀ
ਜੋ ਮੈਂ ਆਪਣੀ ਹਿੱਕ ਅੰਦਰ ਪਾਲ ਰੱਖਿਆ ਹੈ
ਜਾਂ ਏਦਾਂ ਦੀ ਹੀ ਕੋਈ ਕਰੜ ਬਰੜੀ ਗੱਲ ਕਰਾਂਗਾ
ਮੈਂ ਜੱਟਾਂ ਦੇ ਸਾਧ ਹੋਵਣ ‘ਤੇ ਉਨ੍ਹਾਂ ਦਾ ਸਫਰ ਹਾਂ
ਮੈਂ ਬੁੱਢੇ ਮੋਚੀ ਦੀ ਗੁੰਮੀ ਹੋਈ ਅੱਖਾਂ ਦੀ ਲੋਅ ਹਾਂ
ਮੈਂ ਟੁੰਡੇ ਹੌਲਦਾਰ ਦੇ ਸੱਜੇ ਹੱਥ ਦੀ ਯਾਦ ਹਾਂ ਕੇਵਲ
ਮੈਂ ਪਿੰਡੇ ਵਕਤ ਦੇ, ਚੱਪਾ ਸਦੀ ਦਾ ਕਾਗ ਹਾਂ ਕੇਵਲ
ਮੇਰੇ ਕੋਲ ਸੁਹਜ ਦੀ ਉਸ ਸੁਪਨ ਸੀਮਾ ਤੋਂ ਉਰੇ
ਹਾਲਾਂ ਕਰਨ ਨੂੰ ਬਹੁਤ ਗੱਲਾਂ ਹਨ
ਅਜੇ ਮੈਂ ਧਰਤ ‘ਤੇ ਛਾਈ
ਕਿਸੇ ਸੀਰੀ ਦੇ ਕਾਲੇ-ਸ਼ਾਹ ਬੁੱਲ੍ਹਾਂ ਜਿਹੀ
ਰਾਤ ਦੀ ਗੱਲ ਕਰਾਂਗਾ
ਉਸ ਇਤਿਹਾਸ ਦੀ
ਜੋ ਮੇਰੇ ਬਾਪ ਦੇ ਧੁੱਪ ਨਾਲ
ਲੂਸੇ ਮੌਰਾਂ ਉੱਤੇ ਉੱਕਰਿਆ ਹੈ
ਮੈਂ ਆਪਣੀ ਮਾਂ ਦੇ ਪੈਰਾਂ ਦੀਆਂ
ਬਿਆਈਆਂ ਦੇ ਭੂਗੋਲ ਦੀ ਗੱਲ ਕਰਾਂਗਾ।
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਪਾਸ਼ ਦੇ ਆਪਣੇ ਮਾਪੇ ਭਾਵੇਂ ਖੇਤੀ ਨਹੀਂ ਸਨ ਕਰਦੇ, ਪਰ ਉਹ ਖੇਤਾਂ ਵਿਚ ਕੰਮ ਕਰਨ ਵਾਲੇ ਧਰਤੀ ਪੁੱਤਰਾਂ ਤੇ ਧੀਆਂ ਦਾ ਦਰਦ ਪਛਾਣਦਾ ਸੀ। ਇਹੀਓ ਉਸ ਦੀ ਕਵਿਤਾ ਦੀ ਉੱਤਮਤਾਈ ਸੀ।
ਅੰਤਿਕਾ: ਪਾਸ਼
ਮੇਰੇ ਕੋਲ ਕੋਈ ਚਿਹਰਾ, ਸੰਬੋਧਨ ਕੋਈ ਨਹੀਂ
ਧਰਤੀ ਦਾ ਝੱਲਾ ਇਸ਼ਕ ਸ਼ਾਇਦ ਮੇਰਾ ਹੈ
ਤੇ ਤਾਹੀਓਂ ਜਾਪਦੈ
ਮੈਂ ਹਰ ਚੀਜ਼ ਉੱਤੋਂ ਹਵਾ ਵਾਂਗੂ
ਸਰਸਰਾ ਕੇ ਲੰਘ ਜਾਵਾਂਗਾ
ਸੱਜਣੋ! ਮੇਰੇ ਲੰਘ ਜਾਣ ਤੋਂ ਮਗਰੋਂ ਵੀ
ਮੇਰੇ ਫਿਕਰ ਦੀ ਬਾਂਹ ਫੜੀ ਰੱਖਣੀ।