ਕੁੱਬੇ ਦੇ ਵੱਜੀ ਲੱਤ

ਅਮਰ ਮੀਨੀਆਂ (ਗਲਾਸਗੋ)
ਫੋਨ: 0044-78683-70984
ਪੰਜਾਬ ਵਿਚ ਬੇਰੁਜ਼ਗਾਰੀ ਤਾਂ ਕਦੇ ਘਟੀ ਹੀ ਨਹੀਂ, ਸਗੋਂ ਦਿਨੋ ਦਿਨ ਵਧਦੀ ਹੀ ਜਾਂਦੀ ਹੈ। ਉਪਰੋਂ ਨਸ਼ਾ ਹਰੇਕ ਪਿੰਡ ਪਿੰਡ ਬੇਖੌਫ ਵਿਕ ਰਿਹਾ ਹੈ। ਵਿਹਲੀ ਮੰਡ੍ਹੀਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਹ ਸੁਆਦ ਚੱਖਦੀ ਚੱਖਦੀ ਨਸ਼ਿਆਂ ਦੀ ਆਦੀ ਹੋ ਜਾਂਦੀ ਹੈ। ਫਿਰ ਇਸ ਦੀ ਪੂਰਤੀ ਲਈ ਚੋਰੀਆਂ, ਲੁੱਟਾਂ-ਖੋਹਾਂ ਦਾ ਰਸਤਾ ਚੁਣਿਆ ਜਾਂਦਾ ਹੈ। ਨਸ਼ਿਆਂ ਦੀ ਦਲਦਲ ਵਿਚ ਤਾਂ ਸਾਰੇ ਵਰਗਾਂ ਦੇ ਮੁੰਡੇ-ਕੁੜੀਆਂ ਫਸ ਜਾਂਦੇ ਹਨ, ਪਰ ਲੁੱਟਾਂ-ਖੋਹਾਂ, ਚੋਰੀਆਂ ਦੇ ਪਾਂਧੀ ਗਰੀਬ ਜਾਂ ਮੱਧਵਰਗੀ ਪਰਿਵਾਰਾਂ ਦੇ ਬੱਚੇ ਬਣਦੇ ਹਨ। ਇੱਕ ਨਾ ਇੱਕ ਦਿਨ ਇਹ ਪੁਲਿਸ ਦੇ ਅੜਿੱਕੇ ਆ ਜਾਂਦੇ ਹਨ, ਪਰ ਜੇਲ੍ਹ ਤੱਕ ਬਹੁਤ ਘੱਟ ਪਹੁੰਚਦੇ ਹਨ। ਪਿੰਡ ਦੇ ਮੋਹਤਬਰ ਛੁਡਵਾਉਣ ਪਹੁੰਚ ਜਾਂਦੇ ਹਨ।

ਗਰੀਬ ਮਾਪੇ 15-20 ਹਜ਼ਾਰ ਵਿਆਜੂ ਫੜ ਕੇ ਪੁਲਿਸ ਦਾ ਮੱਥਾ ਡੰਮ ਦਿੰਦੇ ਹਨ; ਇਸ ਵਿਚ ਮੋਹਤਬਰਾਂ ਦਾ ਵੀ ਕਮਿਸ਼ਨ ਹੁੰਦਾ ਹੈ। ਮਾਪੇ ਕਰਜ਼ੇ ਦੀਆਂ ਕਿਸ਼ਤਾਂ ਤਾਰਨ ਲੱਗਦੇ ਹਨ। ਮੁੰਡੇ ਦੋ-ਚਾਰ ਮਹੀਨੇ ਅਰਾਮ ਕਰਕੇ ਮੁੜ ਉਹੀ ਹਥਿਆਰ ਚੁੱਕ ਲੈਂਦੇ ਹਨ। ਵਿਕਸਿਤ ਮੁਲਕਾਂ ਵਿਚ ਅਪਰਾਧੀ ਨੂੰ ਕੋਈ ਛੁਡਾਉਣ ਲਈ ਨਹੀਂ ਜਾਂਦਾ। ਕਾਨੂੰਨ ਆਪਣਾ ਕੰਮ ਕਰਦਾ ਹੈ, ਦੋਸ਼ੀ ਨੂੰ ਸਜ਼ਾ ਮਿਲਦੀ ਹੈ ਤੇ ਬੇਗੁਨਾਹ ਬਰੀ ਹੁੰਦੇ ਹਨ। ਪੰਜਾਬ ਵਿਚ ਵੀ ਜੇ ਦੋਸ਼ੀਆਂ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਜਾਵੇ ਤਾਂ ਇਸ ਨਾਲ ਅਪਰਾਧ ਵੀ ਘਟੇਗਾ ਤੇ ਭੋਲੇ-ਭਾਲੇ ਮਾਪੇ ਗੰਦੀ ਔਲਾਦ ਕਰਕੇ ਕਰਜ਼ਈ ਨਹੀਂ ਹੋਣਗੇ।
2017 ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਮੇਰੇ ਗੁਆਂਢੀ ਪਿੰਡ ਦੇ ਦੋ ਨਸ਼ੇੜੀ ਜੋ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਕੇ ਸਾਰੇ ਇਲਾਕੇ ਵਿਚ ਮਸ਼ਹੂਰ ਹੋ ਚੁਕੇ ਸਨ। ਲੋਕਾਂ ਦੀ ਨਜ਼ਰ ਵਿਚ ਆਉਣ ਕਰਕੇ ਦੂਰ-ਦੁਰਾਡੇ ਪਿੰਡਾਂ ਵਿਚ ਵਾਰਦਾਤਾਂ ਕਰਨ ਲੱਗੇ। ਇਕ ਵਾਰ ਬਠਿੰਡੇ ਵੱਲ ਕਿਸੇ ਮੋਟਰਸਾਈਕਲ ਵਾਲੇ ਨੂੰ ਲੁੱਟ ਕੇ ਉਸ ਦੇ ਪਿੰਡ ਵੱਲ ਦੀ ਹੀ ਸੜਕ ਨੂੰ ਪੈ ਗਏ। ਚੋਰ ਬਿਗਾਨੇ ਇਲਾਕੇ ਤੋਂ ਅਣਜਾਣ ਸਨ ਤੇ ਉਹ ਬੰਦਾ ਕੱਚੇ ਰਸਤੇ ਰਾਹੀਂ ਉਨ੍ਹਾਂ ਤੋਂ ਪਹਿਲਾਂ ਪਿੰਡ ਪਹੁੰਚ ਗਿਆ। ਉਸੇ ਸੜਕ ‘ਤੇ ਸ਼ਮਸ਼ਾਨਘਾਟ ਸੀ ਤੇ ਪਿੰਡ ਦੇ ਲੋਕ ਮੁਰਦਾ ਫੂਕਣ ਆਏ ਸਨ। ਜਦੋਂ ਉਸ ਨੇ ਸਾਰੀ ਗੱਲ ਦੱਸੀ ਤਾਂ ਸਲਾਹ ਹੋਈ ਕਿ ਮੁਰਦਾ ਤਾਂ ਬਾਅਦ ‘ਚ ਫੂਕਾਂਗੇ ਪਹਿਲਾਂ ਚੋਰਾਂ ਦਾ ਸਵਾਗਤ ਹੋ ਜਾਵੇ। ਲੋਕਾਂ ਨੇ ਚਿਖਾ ਵਾਸਤੇ ਚਿਣੇ ਅਣਘੜਤ ਤਰੈਂਬੜ ਚੁੱਕ ਲਏ। ਦੋਹਾਂ ਦੀ ਚੰਗੀ ਤੌਂਣੀ ਲਾ ਕੇ ਪੁਲਿਸ ਹਵਾਲੇ ਕੀਤੇ। ਦੂਜੇ ਦਿਨ ਹੀ ਪਿੰਡ ਦਾ ਸਰਪੰਚ ਸਿਕੰਦਰ ਸਿੰਘ ਮਲੂਕਾ ਦੀ ਸਿਫਾਰਸ਼ ਨਾਲ ਦੋਹਾਂ ਨੂੰ ਛੁਡਵਾ ਲਿਆਇਆ। ਵੋਟਾਂ ਦਾ ਮਸਲਾ ਸੀ, ਪਰ ਉਹ ਦੋ ਵੋਟਾਂ ਕਿਸੇ ਦੇ ਹੱਕ ਵਿਚ ਵੀ ਨਾ ਭੁਗਤ ਸਕੀਆਂ। ਬਾਦਲ ਸਾਹਿਬ ਦੀ ਕਿਲੀ ਚਾਹਲਾਂ ਵਾਲੀ ਰੈਲੀ ਵਿਚ ਲੋਕਾਂ ਦੀਆਂ ਜੇਬਾਂ ਸਾਫ ਕਰਦੇ ਫੜੇ ਗਏ। ਇਸ ਵਾਰ ਨਾ ਘਰਵਾਲਿਆਂ ਕੋਈ ਕੋਸ਼ਿਸ਼ ਕੀਤੀ ਤੇ ਨਾ ਹੀ ਕੋਈ ਪੰਚਾਇਤੀਆ ਛੁਡਾਉਣ ਗਿਆ। ਪੁਲਿਸ ਨੇ ਚਿੱਟੇ ਦਾ ਕੇਸ ਪਾ ਕੇ ਚਲਾਨ ਕਰ ਦਿੱਤਾ। ਵੋਟਾਂ ਵਾਲੇ ਦਿਨ ਦੋਨੋਂ ਫਰੀਦਕੋਟ ਜੇਲ੍ਹ ‘ਚ ਬੈਠੇ ਸਨ। ਪਤਾ ਲੱਗਾ ਹੈ ਕਿ ਦੋਵੇਂ ਜੇਲ੍ਹ ਤੋਂ ਬਾਹਰ ਆ ਕੇ ਸੁਧਰ ਗਏ ਸਨ।
ਚਾਰ ਪੰਜ ਸਾਲ ਪਹਿਲਾਂ ਮੇਰੇ ਇਕ ਮਿੱਤਰ ਦੀ ਕਰੀਬੀ ਰਿਸ਼ਤੇਦਾਰੀ ਵਿਚ ਵੀਹ ਕੁ ਸਾਲ ਦਾ ਮੁੰਡਾ ਆਪਣੇ ਪਿੰਡ ਦੀ ਕੁੜੀ ਨਾਲ ਫਰਾਰ ਹੋ ਗਿਆ। ਪੰਜ-ਸੱਤ ਹਜ਼ਾਰ ਕੁੜੀ ਨੇ ਘਰੋਂ ਚੋਰੀ ਕਰ ਲਿਆ ਤੇ ਪੰਦਰਾਂ ਕੁ ਹਜ਼ਾਰ ਮੁੰਡੇ ਕੋਲ ਸੀ। ਹਫਤਾ ਦਸ ਦਿਨ ਸ਼ਿਮਲੇ ਘੁੰਮਣ ਪਿਛੋਂ ਖਾਕੀ ਨੰਗ ਹੋ ਕੇ ਪਟਿਆਲੇ ਕਿਸੇ ਜਾਣ-ਪਛਾਣ ਵਾਲੇ ਕੋਲ ਪਹੁੰਚੇ। ਪੁਲਿਸ ਰਿਪੋਰਟ ਹੋ ਚੁਕੀ ਸੀ ਤੇ ਘਰ ਵਾਲੇ ਰਿਸ਼ਤੇਦਾਰੀਆਂ ਵਿਚ ਕਰੋਲੇ ਦੇ ਚੁਕੇ ਸਨ। ਪੁਲਿਸ ਤੋਂ ਡਰਦਿਆਂ ਉਸ ਬੰਦੇ ਨੇ ਠਾਣੇ ਇਤਲਾਹ ਦੇ ਦਿੱਤੀ ਤੇ ਪ੍ਰੇਮੀ ਜੋੜਾ ਹਵਾਲਾਤ ਪਹੁੰਚ ਗਿਆ। ਦੋਵੇਂ ਇਕੋ ਪਿੰਡ ਦੇ ਹੋਣ ਕਰਕੇ ਵਿਆਹ ਹੋਣਾਂ ਤਾਂ ਮੁਸ਼ਕਿਲ ਸੀ ਤੇ ਕੁੜੀ ਦੇ ਵਾਰਸ ਕਿਸੇ ਸਮਝੌਤੇ ਲਈ ਵੀ ਰਾਜ਼ੀ ਨਾ ਹੋਏ। ਕੁੜੀ ਦਾ ਜਨਮ ਸਰਟੀਫਿਕੇਟ ਵੇਖਿਆ ਤਾਂ ਅਠਾਰਾਂ ਸਾਲਾਂ ਤੋਂ ਦੋ ਤਿੰਨ ਮਹੀਨੇ ਘੱਟ ਉਮਰ ਸੀ। ਪੁਲਿਸ ਨੇ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਕੇਸ ਦਰਜ ਕਰਕੇ ਮੁੰਡਾ ਜੇਲ੍ਹ ਭੇਜ ਦਿੱਤਾ। ਜਿਲਾ ਅਦਾਲਤ ਨੇ ਜ਼ਮਾਨਤ ਰੱਦ ਕਰ ਦਿੱਤੀ ਤੇ ਮਾਮਲਾ ਚੰਡੀਗੜ੍ਹ ਹਾਈ ਕੋਰਟ ਤੱਕ ਪਹੁੰਚ ਗਿਆ। ਚੰਡੀਗੜ੍ਹ ਹਾਈ ਕੋਰਟ ਵਿਚ ਮੇਰਾ ਰਿਸ਼ਤੇਦਾਰ ਵਕਾਲਤ ਕਰਦਾ ਹੈ। ਇਸ ਕਰਕੇ ਮੇਰੇ ਮਿੱਤਰ ਨੇ ਮੇਰੇ ਤੱਕ ਪਹੁੰਚ ਕੀਤੀ ਤੇ ਮੈਨੂੰ ਸਾਰੀ ਕਹਾਣੀ ਦਾ ਪਤਾ ਲੱਗਾ। ਚੰਡੀਗੜ੍ਹ ਤੋਂ ਸਾਡੇ ਵਕੀਲ ਨੇ ਮੁੰਡੇ ਦੀ ਜ਼ਮਾਨਤ ਕਰਵਾ ਦਿੱਤੀ।
ਪੰਜ ਸੱਤ ਦਿਨਾਂ ਬਾਅਦ ਉਸੇ ਮਿੱਤਰ ਦਾ ਮੈਨੂੰ ਫੋਨ ਆਇਆ, “ਪਿੰਡ ਦਾ ਸਰਪੰਚ ਕਹਿ ਰਿਹਾ ਹੈ ਕਿ ਮੈਂ ਰਾਜ਼ੀਨਾਮਾ ਕਰਵਾ ਦਿੰਦਾ ਹਾਂ, ਕੁੜੀ ਵਾਲੇ ਪੰਜ ਲੱਖ ਮੰਗਦੇ ਆ। ਚਾਰ ਕੁ ਲੱਖ ‘ਚ ਮੰਨ ਜਾਣਗੇ। ਤੁਸੀਂ ਪੈਸਿਆਂ ਦਾ ਬੰਦੋਬਸਤ ਕਰੋ।” ਦੱਸ ਕਿਵੇਂ ਕਰੀਏ?
ਮੈਂ ਪੁੱਛਿਆ, “ਮੁੰਡੇ ਵਾਲਿਆਂ ਕੋਲ ਇੰਨੇ ਪੈਸੇ ਹੈਗੇ ਆ?”
ਉਹ ਕਹਿੰਦਾ, “ਡੇਢ ਕੁ ਕਿੱਲਾ ਪੈਲੀ ਆ, ਜਾਂ ਤਾਂ ਗਹਿਣੇ ਕਰਨਾ ਪਉ ਜਾਂ ਅੱਧਾ ਕਿੱਲਾ ਵੇਚਣਾ ਪਉ।”
ਮੈਂ ਤਿੰਨ-ਚਾਰ ਸਵਾਲ ਇਕੱਠੇ ਹੀ ਕਰ ਦਿੱਤੇ, “ਮੁੰਡਾ ਕੀ ਕੰਮ ਕਰਦਾ? ਜੇ ਅੱਧਾ ਕਿੱਲਾ ਵੇਚ ਦਿੱਤਾ ਤਾਂ ਕੀ ਉਹ ਦੋ-ਚਹੁੰ ਸਾਲਾਂ ‘ਚ ਮੁੜ ਖਰੀਦ ਲਵੇਗਾ? ਸਜ਼ਾ ਕਿੰਨੀ ਕੁ ਹੋ ਸਕਦੀ ਹੈ?”
ਉਸ ਦਾ ਜਵਾਬ ਸੀ, “ਮੁੰਡਾ ਹੈ ਤਾਂ ਖਿਡਾਰੀ, ਪਰ ਹੈ ਸਿਰਫ ਤਾਸ਼ ਦਾ। ਸਵੇਰੇ ਸ਼ਾਮ ਤਾਸ਼ ਹੀ ਕੁੱਟਦਾ। ਪੰਜ ਤੋਂ ਸੱਤ ਸਾਲ ਲਈ ਅੰਦਰ ਜਾ ਸਕਦੈ।”
ਮੈਂ ਤਾਂ ਆਪਣੀ ਸਲਾਹ ਦੇ ਕੇ ਫੋਨ ਕੱਟ ਦਿੱਤਾ, “ਭਰਾਵਾ ਉਹਨੂੰ ਪੰਜ ਸੱਤ ਸਾਲ ਪਤਲੀ ਦਾਲ ਹੀ ਪਿਲਾਓ ਤਾਂ ਚੰਗੇ ਰਹੋਂਗੇ। ਪੈਲੀ ਵੀ ਬਚ ਜਾਉ, ਕੁੜੀ ਵਾਲਿਆਂ ਦਾ ਗੁੱਸਾ ਵੀ ਮੱਠਾ ਹੋ ਜਾਉ ਤੇ ਹੋ ਸਕਦਾ ਕੁਝ ਅਕਲ ਵੀ ਆ ਜਾਵੇ।”
ਕੁਝ ਦਿਨ ਪਹਿਲਾਂ ਉਸੇ ਮਿੱਤਰ ਦਾ ਫੋਨ ਆਇਆ, ਕਹਿੰਦਾ, “ਬਚ ਗਏ ਭਰਾਵਾ, ਤਿੰਨ ਕੁ ਸਾਲ ਜੇਲ੍ਹ ਦੇ ਪ੍ਰਸ਼ਾਦੇ ਛਕ ਕੇ ਮੁੰਡਾ ਪਿਛਲੇ ਮਹੀਨੇ ਘਰ ਆ ਗਿਆ ਹੈ। ਕੁੜੀ ਅਗਲਿਆਂ ਨੇ ਵਿਆਹ ਦਿੱਤੀ ਸੀ। ਉਹ ਦੋ ਜੁਆਕਾਂ ਦੀ ਮਾਂ ਬਣ ਗਈ ਹੈ ਤੇ ਮੁੰਡਾ ਬਣ ਗਿਆ ਬੰਦੇ ਦਾ ਪੁੱਤ। ਪਾਠੀ ਬੋਲਦੇ ਨਾਲ ਹੀ ਪਸੂਆਂ ਨੂੰ ਪੱਠਾ ਦੱਥਾ ਪਾਉਣ ਲੱਗ ਪੈਂਦਾ ਏ। ਤਾਸ਼ ਦੀ ਢਾਣੀ ਵੱਲ ਤਾਂ ਮੂੰਹ ਵੀ ਨਹੀਂ ਕਰਦਾ।”
ਕੁੱਬੇ ਦੇ ਲੱਤ ਵੱਜੀ ਰਾਸ ਆ ਗਈ!