ਕੋਵਿਡ-19 ਅਤੇ ‘ਸਾਈਬਰ ਬੁਲਿੰਗ’

ਡਾ. ਰਵੀਜੋਤ ਕੌਰ, ਲੁਧਿਆਣਾ
ਫੋਨ: 91-94175-33094
ਕਰੋਨਾ ਮਹਾਮਾਰੀ ਦੌਰਾਨ ਲੌਕਡਾਊਨ ਕਾਰਨ ਹਰ ਉਮਰ ਅਤੇ ਵਰਗ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਤਣਾਅ, ਚਿੰਤਾ ਤੇ ਨਿਰਾਸ਼ਾ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਵਿਦਿਆਰਥੀ ਆਪਣਾ ਬਹੁਤਾ ਸਮਾਂ ਘਰਾਂ ਵਿਚ ਹੀ ਔਖੇ-ਸੌਖੇ ਆਪਣੀ ਆਨਲਾਈਨ ਪੜ੍ਹਾਈ ਕਰਦਿਆਂ ਬਤੀਤ ਕਰ ਰਹੇ ਹਨ। ਇੰਟਰਨੈਟ ਉੱਤੇ ਵਧੇਰੇ ਸਮਾਂ ਬਤੀਤ ਕਰਨ ਕਰਕੇ ਉਨ੍ਹਾਂ ‘ਤੇ ਆਨਲਾਈਨ ਹੈਕਰਾਂ, ਸਾਈਬਰ ਅਪਰਾਧੀਆਂ ਅਤੇ ਗੈਰ-ਸਮਾਜੀ ਤੱਤਾਂ ਦਾ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ਕਈ ਵਾਰ ਗੰਭੀਰ ਸ਼ੋਸ਼ਣ, ਧੋਖਾਧੜੀ ਅਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ‘ਸਾਈਬਰ ਬੁਲਿੰਗ’ ਤੋਂ ਭਾਵ ਸਾਈਬਰ ਧੱਕੇਸ਼ਾਹੀ ਅਤੇ ਗੁੰਡਾਗਰਦੀ ਹੈ। ਇਸ ਵਿਚ ਡਿਜੀਟਲ ਤਕਨਾਲੋਜੀ ਦੀ ਵਰਤੋਂ ਨਾਲ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਡਰਾਇਆ-ਧਮਕਾਇਆ ਜਾਂਦਾ ਹੈ।

ਪਿਛਲੇ ਸਮਿਆਂ ਦੌਰਾਨ ਹੋਈਆਂ ਕੁਝ ਖੋਜਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਸਾਈਬਰ ਬੁਲਿੰਗ ਦੀਆਂ ਘਟਨਾਵਾਂ ਵਿਚ ਕੋਵਿਡ-19 ਦੇ ਸਮੇਂ ਦੌਰਾਨ ਕਾਫੀ ਵਾਧਾ ਹੋਇਆ ਹੈ ਅਤੇ ਇਹ ਵਿਸ਼ੇਸ਼ ਕਰਕੇ ਸੋਸ਼ਲ ਨੈਟਵਰਕਿੰਗ ਸਾਈਟਾਂ, ਟੈਕਸਟ ਸੰਦੇਸ਼ਾਂ ਅਤੇ ਈਮੇਲ ਆਦਿ ਰਾਹੀਂ ਹੋ ਰਹੀ ਹੈ। ਇਸ ਵਿਚ ਕਿਸੇ ਨੂੰ ਅਪਮਾਨਜਨਕ ਜਾਂ ਅਣਚਾਹੇ ਜਿਨਸੀ ਸੰਦੇਸ਼ ਭੇਜਣ, ਸ਼ਰਮਿੰਦਾ ਕਰਨ ਵਾਲੀਆਂ ਤਸਵੀਰਾਂ, ਆਡੀਓ ਅਤੇ ਵੀਡੀਓ ਅੱਗੇ ਭੇਜਣਾ ਅਤੇ ਅਪਮਾਨਜਨਕ ਟਿੱਪਣੀਆਂ ਕਰਨਾ ਆਦਿ ਸ਼ਾਮਲ ਹੁੰਦੇ ਹਨ।
ਮੋਬਾਈਲ ਉੱਤੇ ਕੁਝ ਐਪਲੀਕੇਸ਼ਨਾਂ ਨੂੰ ਡਾਊਨਲੋਡ ਕਰਨ ਨਾਲ ਅਸੀਂ ਜਾਣੇ-ਅਣਜਾਣੇ ਆਪਣੇ ਮੋਬਾਈਲ ‘ਤੇ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਜਿਵੇਂ ਮੋਬਾਈਲ ਨੰਬਰ, ਸੰਦੇਸ਼, ਤਸਵੀਰਾਂ ਅਤੇ ਵੀਡੀਓ ਆਦਿ ਨੂੰ ਉਨ੍ਹਾਂ ਐਪਲੀਕੇਸ਼ਨਾਂ ਦੀ ਪਹੁੰਚ ਵਿਚ ਲੈ ਆਉਂਦੇ ਹਾਂ। ਅੱਜ ਕੱਲ੍ਹ ਵਿਦਿਆਰਥੀ ਆਨਲਾਈਨ ਕਲਾਸਾਂ, ਇਮਤਿਹਾਨਾਂ ਅਤੇ ਅਸਾਈਨਮੈਂਟਾਂ ਆਦਿ ਪੜ੍ਹਾਈ ਦੇ ਕਾਰਜਾਂ ਲਈ ਡਿਜੀਟਲ ਤਕਨਾਲੋਜੀ ਉੱਤੇ ਵਧੇਰੇ ਨਿਰਭਰ ਹੁੰਦੇ ਹਨ, ਪਰ ਬਹੁਤ ਸਾਰੇ ਵਿਦਿਆਰਥੀ ਆਪਣਾ ਖਾਲੀ ਸਮੇਂ ਦੌਰਾਨ ਇੰਟਰਨੈੱਟ ਉੱਤੇ ਕੋਈ ਸਕਾਰਾਤਮਕ ਜਾਂ ਉਸਾਰੂ ਗਤੀਵਿਧੀਆਂ ਘੱਟ ਸਿੱਖਦੇ ਹਨ, ਜਦੋਂ ਕਿ ਨਕਾਰਾਤਮਕ ਅਤੇ ਅਸੱਭਿਅਕ ਕਾਰਜ ਜਲਦੀ ਸਿੱਖ ਜਾਂਦੇ ਹਨ। ਆਪਣੇ ਘਰਾਂ ਵਿਚ ਬੈਠਿਆਂ ਉਹ ਨਿੱਤ ਨਵੇਂ ਤਰੀਕਿਆਂ ਨਾਲ ਆਪਣੇ ਦੋਸਤਾਂ-ਮਿੱਤਰਾਂ ਨਾਲ ਸਮਾਜਕ ਹੋਣ ਦੀ ਕੋਸ਼ਿਸ਼ ਕਰਦੇ ਹਨ, ਪਰ ਸਹੀ ਯੋਜਨਾ ਅਤੇ ਉਦੇਸ਼ ਦੀ ਕਮੀ ਹੋਣ ਕਾਰਨ ਉਹ ਕਈ ਵਾਰ ਸਾਈਬਰ ਧੱਕੇਸ਼ਾਹੀ ਜਿਹੀਆਂ ਗੰਭੀਰ ਸਮੱਸਿਆਵਾਂ ਵਿਚ ਫਸ ਜਾਂਦੇ ਹਨ।
ਕਈ ਮਹੀਨਿਆਂ ਤੋਂ ਲਗਾਤਾਰ ਆਪਣੇ ਘਰਾਂ ਵਿਚ ਬੈਠੇ ਵਿਦਿਆਰਥੀਆਂ ਉੱਤੇ ਪੈ ਰਹੇ ਮਾਨਸਿਕ ਦਬਾਅ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ। ਲਾਸ ਏਂਜਲਸ, ਕੈਲੀਫੋਰਨੀਆ ਦੀ ਯੂਨੀਵਰਸਿਟੀ ਦੇ ਬਰੇਨ ਮੈਪਿੰਗ ਸੈਂਟਰ ਦੇ ਵਿਗਿਆਨੀਆਂ ਨੇ ਆਪਣੀ ਖੋਜ ਵਿਚ ਦੱਸਿਆ ਹੈ ਕਿ ਸੋਸ਼ਲ ਮੀਡੀਆ ਉੱਤੇ ਪਾਈਆਂ ਪੋਸਟਾਂ ਨੂੰ ਮਿਲਦੇ ‘ਲਾਈਕ’ ਸਾਡੇ ਦਿਮਾਗ ਦੇ ‘ਰਿਵਾਰਡ’ ਵਾਲੇ ਹਿੱਸੇ ਨੂੰ ਸਰਗਰਮ ਕਰ ਦਿੰਦੇ ਹਨ। ਇਸ ਕਰਕੇ ਅੱਲੜ੍ਹ ਉਮਰ ਦੇ ਵਿਦਿਆਰਥੀ ਆਪਣੇ ਕਿਸ਼ੋਰ ਦਿਮਾਗ ਦੇ ਉਸ ਹਿੱਸੇ ਵਿਚ ਬਹੁਤ ਜ਼ਿਆਦਾ ਹਲਚਲ ਮਹਿਸੂਸ ਕਰਦੇ ਹਨ, ਜਿਸ ਤੋਂ ਕੁਝ ਹੱਦ ਤੱਕ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਹ ਸੋਸ਼ਲ ਮੀਡੀਆ ਉੱਤੇ ਇੰਨਾ ਸਮਾਂ ਅਤੇ ਅਨੰਦ ਕਿਉਂ ਮਾਣਦੇ ਹਨ। ਸੋਸ਼ਲ ਮੀਡੀਆ ਦੇ ਝੂਠੇ-ਸੱਚੇ ਲਾਈਕਾਂ ਨੂੰ ਲਗਾਤਾਰ ਦੇਖ-ਦੇਖ ਕੇ ਵਿਦਿਆਰਥੀ ਬਹੁਤੀ ਵਾਰ ਇਸ ਭੁਲੇਖੇ ਵਿਚ ਆ ਜਾਂਦੇ ਹਨ ਕਿ ਲੋਕ ਉਨ੍ਹਾਂ ਨੂੰ ਕਿੰਨਾ ਪਸੰਦ ਕਰਦੇ ਹਨ, ਜਿਸ ਨਾਲ ਉਹ ਆਪਣੀ ਅਸਲ ਪਛਾਣ ਅਤੇ ਵਿਅਕਤਿਤਵ ਨੂੰ ਵਿਸਾਰ ਦਿੰਦੇ ਹਨ।
ਖੋਜ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਸਵੈ-ਭਰੋਸੇ ਲਈ ਕੀਤੀ ਜਾਂਦੀ ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਵਿਦਿਆਰਥੀਆਂ ਨੂੰ ਕਈ ਵਾਰ ਹੋਰ ਉਦਾਸ ਅਤੇ ਨਿਰਾਸ਼ ਕਰ ਦਿੰਦੀ ਹੈ, ਕਿਉਂਕਿ ਉਹ ਆਪਣੇ ਦੋਸਤਾਂ ਤੇ ਹਾਣੀਆਂ ਦੇ ਸਟੇਟਸ, ਤਸਵੀਰਾਂ ਜਾਂ ਵੀਡੀਓ ਆਦਿ ਗਤੀਵਿਧੀਆਂ ਨਾਲ ਆਪਣੇ ਜੀਵਨ ਦੀ ਸਫਲਤਾ ਜਾਂ ਅਸਫਲਤਾ ਨਾਲ ਤੁਲਨਾ ਕਰਨ ਲੱਗ ਜਾਂਦੇ ਹਨ। ਕੁਝ ਵਿਗਿਆਨਕ ਰਿਪੋਰਟਾਂ ਇਹ ਵੀ ਦਰਸਾਉਂਦੀਆਂ ਹਨ ਕਿ ਇੰਟਰਨੈੱਟ ਦੀ ਬਹੁਤ ਜ਼ਿਆਦਾ ਵਰਤੋਂ ਬਿਲਕੁਲ ਕਿਸੇ ਨਸ਼ੀਲੇ ਪਦਾਰਥ ਦੀ ਨਿਰਭਰਤਾ ਜਿਹੀ ਹੈ, ਜਿਸ ਨਾਲ ਵਿਦਿਆਰਥੀਆਂ ਵਿਚ ਨੀਂਦ ਦੀ ਸਮੱਸਿਆ, ਚਿੰਤਾ, ਤਣਾਅ ਅਤੇ ਉਦਾਸੀ ਪੈਦਾ ਹੁੰਦੀ ਹੈ। ਖੋਜਕਰਤਾਵਾਂ ਅਨੁਸਾਰ ਦੋ ਘੰਟਿਆਂ ਤੋਂ ਵੱਧ ਸਮੇਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਨਾਲ ਨੌਜਵਾਨਾਂ ਵਿਚ ਸਾਈਬਰ ਧੱਕੇਸ਼ਾਹੀ ਦੀ ਸੰਭਾਵਨਾ ਵੱਧ ਜਾਂਦੀ ਹੈ।
ਡਿਜੀਟਲ ਯੁੱਗ ਵਿਚ ਮਾਪਿਆਂ ਲਈ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਬੱਚਿਆਂ ਦੀ ਸਾਈਬਰ ਸੁਰੱਖਿਆ ਕਰਨਾ ਹੈ। ਇਸ ਲਈ ਮਾਪਿਆਂ ਨੂੰ ਵੱਧ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਆਨਲਾਈਨ ਸਮਗਰੀ ਦੀ ਵਰਤੋਂ ਕਰਦਿਆਂ ਕਿੰਨੇ ਕੁ ਸੁਰੱਖਿਅਤ ਅਤੇ ਸਕਾਰਾਤਮਕ ਰਹਿੰਦੇ ਹਨ। ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਪੂਰੀ ਸਪਸ਼ਟਤਾ, ਇਮਾਨਦਾਰੀ ਅਤੇ ਅਪਣੱਤ ਨਾਲ ਗੱਲਬਾਤ ਕਰਕੇ ਨਿਰੰਤਰ ਪੁੱਛਦੇ ਰਹਿਣਾ ਚਾਹੀਦਾ ਹੈ ਕਿ ਉਹ ਕੀ ਮਹਿਸੂਸ ਅਤੇ ਅਨੁਭਵ ਕਰ ਰਹੇ ਹਨ। ਅੱਜ ਕੱਲ੍ਹ ਬਹੁਤੇ ਇੰਟਰਨੈੱਟ ਉਪਕਰਨਾਂ ਅਤੇ ਮੋਬਾਈਲ ਐਪਲੀਕੇਸ਼ਨਾਂ ਨੂੰ ਇਸ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ ਕਿ ਉਹ ਬੱਚਿਆਂ ਦੇ ਮਾਪਿਆਂ ਦੇ ਨਿਯੰਤਰਣ ਵਿਚ ਵੀ ਰਹਿ ਸਕਣ। ਇਨ੍ਹਾਂ ਵਿਚ ‘ਸਕਰੀਨ ਸਮਾਂ’ ਸੀਮਿਤ ਕਰਨ, ਅਣਉਚਿਤ ਸਮਗਰੀ ਨੂੰ ਰੋਕਣ ਅਤੇ ਮੈਸੇਜਿੰਗ ਐਪਲੀਕੇਸ਼ਨਾਂ ਤੱਕ ਪਹੁੰਚ ਨੂੰ ਨਿਯੰਤਰਣ ਕਰਨ ਦੀ ਵੀ ਚੰਗੇ ਤਰੀਕੇ ਨਾਲ ਸੈਟਿੰਗ ਕੀਤੀ ਗਈ ਹੁੰਦੀ ਹੈ। ਭਾਵੇਂ ‘ਹੈਲੀਕਾਪਟਰ ਪਰੈਂਟ’ ਭਾਵ ਬੱਚਿਆਂ ਦੇ ਜੀਵਨ ਵਿਚ ਲੋੜ ਨਾਲੋਂ ਜ਼ਿਆਦਾ ਦਖਲਅੰਦਾਜ਼ੀ ਕਰਨ ਅਤੇ ਦਿਲਚਸਪੀ ਦਿਖਾਉਣ ਵਾਲੇ ਮਾਪੇ ਬਣਨਾ ਬਹੁਤੀ ਚੰਗੀ ਗੱਲ ਨਹੀਂ ਹੈ, ਪਰ ਮਾਪਿਆਂ ਵੱਲੋਂ ਬੱਚਿਆਂ ਨੂੰ ਸਮੇਂ-ਸਮੇਂ ਉੱਤੇ ਇੰਟਰਨੈੱਟ ਦੀ ਸਹੀ ਤੇ ਸੁਰੱਖਿਅਤ ਵਰਤੋਂ ਕਰਨ ਬਾਰੇ ਅਤੇ ਇਸ ਦੀ ਦੁਰਵਰਤੋਂ ਦੇ ਨਤੀਜਿਆਂ ਬਾਰੇ ਜਾਗਰੂਕ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ।
ਸੀਨੀਅਰ ਸਾਈਬਰ ਸੁਰੱਖਿਆ ਸਲਾਹਕਾਰ ਅਮਿਤ ਸਾਹੂ ਮੁਤਾਬਿਕ “ਇੰਟਰਨੈੱਟ ਬੱਚਿਆਂ ਲਈ ਦੋਹਰੀ ਤਲਵਾਰ ਵਾਂਗ ਹੈ। ਇਹ ਉਨ੍ਹਾਂ ਨੂੰ ਬਹੁਤ ਵਧੀਆ ਸਿੱਖਿਆ ਪ੍ਰਦਾਨ ਕਰਨ ਦੀ ਭੂਮਿਕਾ ਨਿਭਾਉਂਦਾ ਹੈ, ਪਰ ਸੁਰੱਖਿਅਤ ਸੀਮਾਵਾਂ ਤੋਂ ਬਾਹਰ ਹੋ ਕੇ ਇਹ ਹਿੰਸਕ ਸਮਗਰੀ, ਹੈਕਿੰਗ ਅਤੇ ਸਾਈਬਰ ਧੱਕੇਸ਼ਾਹੀ ਆਦਿ ਜ਼ੋਖਮਾਂ ਨੂੰ ਪੇਸ਼ ਕਰਦਾ ਹੈ।”
ਕੋਵਿਡ-19 ਮਹਾਮਾਰੀ ਦੇ ਸਮੇਂ ਵਿਚ ਸੁਰੱਖਿਅਤ ਆਨਲਾਈਨ ਸਿਖਲਾਈ ਲਈ ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਨੇ ਯੁਨੈਸਕੋ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਸੁਰੱਖਿਅਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਤਾਂ ਕਿ ਉਨ੍ਹਾਂ ਨੂੰ ਸਾਈਬਰ ਧੱਕੇਸ਼ਾਹੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ। ਵਿਦਿਆਰਥੀਆਂ ਨੂੰ ਇਕ ਸਖਤ ਪਾਸਵਰਡ ਤਿਆਰ ਕਰਨ ਦੀ ਸਲਾਹ ਦਿੱਤੀ ਗਈ ਹੈ, ਜਿਸ ਨੂੰ ਨਿਯਮਤ ਰੂਪ ਵਿਚ ਬਦਲਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸੋਸ਼ਲ ਮੀਡੀਆ ਸਾਈਟਾਂ ‘ਤੇ ਫੋਟੋਆਂ ਅਤੇ ਵੀਡੀਓ ਪੋਸਟ ਕਰਦੇ ਸਮੇਂ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ।