ਪਲਟਾ

ਪੰਜਾਬੀ ਦੇ ਮਿਸਾਲੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਇਹ ਕਹਾਣੀ ‘ਪਲਟਾ’ ਵੀ ਬੇਮਿਸਾਲ ਹੈ। ਲੇਖਕ ਨੇ ਮਨੁੱਖੀ ਮਨ ਦੀਆਂ ਤੰਦਾਂ ਨੂੰ ਇਸ ਕਹਾਣੀ ਵਿਚ ਬਹੁਤ ਸੂਖਮ ਢੰਗ ਨਾਲ ਫੜਿਆ ਹੈ ਅਤੇ ਇਸ ਵਿਚ ਬੰਦੇ ਦੇ ਮਨ ਵਿਚ ਲਗਾਤਾਰ ਵਾਪਰਦੀ ਤਬਦੀਲੀ ਦੇ ਦਰਸ਼ਨ ਹੁੰਦੇ ਹਨ। ਇਸ ਕਹਾਣੀ ਦਾ ਪਾਤਰ ਘਰ ਦੀ ਸਰਦਲ ਦੇ ਬਾਹਰ ਪੈਰ ਧਰਦਾ ਹੈ ਤਾਂ ਉਸ ਦੇ ਸੋਚਣ ਦਾ ਰੰਗ-ਢੰਗ ਹੀ ਬਦਲ ਜਾਂਦਾ ਹੈ। ਪਰਦੇਸ ਤੋਂ ਮੁੜਿਆ ਬੰਦਾ ਕਿੰਨਾ ਕੁਝ ਸਿੱਖ/ਦੇਖ ਕੇ ਆਉਂਦਾ ਹੈ ਅਤੇ ਇਨ੍ਹਾਂ ਸਭ ਗੱਲਾਂ ਨੂੰ ਆਪਣੇ ਅੰਦਰ ਕਿੰਜ ਜਜ਼ਬ ਵੀ ਕਰਦਾ ਹੈ, ਇਹੀ ਇਸ ਕਹਾਣੀ ਦਾ ਹਾਸਲ ਹੈ। ਸਭ ਤੋਂ ਵੱਡੀ ਗੱਲ, ਬਦਲ ਰਹੇ ਸਮਿਆਂ ਬਾਰੇ ਲੇਖਕ ਦਾ ਆਪਣਾ ਨਜ਼ਰੀਆ ਵੀ ਨਾਲੋ-ਨਾਲ ਪੇਸ਼ ਹੋ ਰਿਹਾ ਹੈ। ਵਿਰਕ ਦੀਆਂ ਕਹਾਣੀ ਵਿਚ ਔਰਤ ਪਾਤਰ ਬੜੇ ਸੁਹਜ ਅਤੇ ਸਹਿਜ ਨਾਲ ਪੇਸ਼ ਹੋਏ ਹਨ ਅਤੇ ਉਹ ਇਨ੍ਹਾਂ ਪਾਤਰਾਂ ਦਾ ਖਿਆਲ ਵੀ ਉਨੀ ਹੀ ਜ਼ਿੰਮੇਵਾਰੀ ਨਾਲ ਰੱਖਦਾ ਹੈ। -ਸੰਪਾਦਕ

ਕੁਲਵੰਤ ਸਿੰਘ ਵਿਰਕ
ਮੈਂ ਅਤੇ ਮੇਰਾ ਦੋਸਤ ਦਿੱਲੀ ਕਨਾਟ ਪਲੇਸ ਵਿਚ ਫਿਰ ਰਹੇ ਸਾਂ। ਦੁਕਾਨਾਂ ਵਿਚ ਲੱਗੇ ਸਾਮਾਨ ਉਤੇ ਅਸੀਂ ਬਾਹਰੋਂ ਬਾਹਰੋਂ ਝਾਤੀਆਂ ਮਾਰ ਰਹੇ ਸਾਂ। ਸਮੇਂ ਦੀ ਟੋਰ ਨਾਲ ਵਰਤੋਂ ਦੀਆਂ ਵਸਤਾਂ ਦੇ ਬਦਲੇ ਮੁਹਾਂਦਰੇ ਵੇਖ ਕੇ ਮਨ ਪਰਚਾ ਰਹੇ ਸਾਂ। ਕੁਝ ਵਸਤਾਂ ਬਾਰੇ ਤਾਂ ਅਸੀਂ ਵੇਖ ਕੇ ਵੀ ਇਹ ਵੀ ਨਹੀਂ ਦੱਸ ਸਕਦੇ ਸਾਂ ਕਿ ਇਹ ਕਿਸ ਕੰਮ ਆਉਂਦੀਆਂ ਹਨ। ਸਾਡਾ ਬਹੁਤਾ ਧਿਆਨ ਮੌਜ ਮੇਲੇ ਲਈ ਫਿਰ ਰਹੇ ਲੋਕਾਂ ਵੱਲ ਸੀ।
ਦੁਕਾਨਾਂ ਦੇ ਵਿਚਕਾਰ ਹਵਾਈ ਜਹਾਜ਼ਾਂ ਦੀ ਕੰਪਨੀ ਦਾ ਦਫਤਰ ਸੀ। ਬਾਹਰਲੀ ਕੰਧ ਅਤੇ ਦਰਵਾਜ਼ੇ ਸ਼ੀਸ਼ੇ ਦੇ ਸਨ। ਅੰਦਰੋਂ ਸਭ ਕੁਝ ਦਿਸ ਰਿਹਾ ਸੀ। ਦਫਤਰ ਸ਼ਾਇਦ ਮਸ਼ੀਨ ਨਾਲ ਠੰਢਾ ਕੀਤਾ ਹੋਇਆ ਸੀ ਕਿਉਂਕਿ ਬਾਹਰੋਂ ਹਵਾ ਜਾਣ ਲਈ ਕੋਈ ਰਸਤਾ ਨਹੀਂ ਸੀ। ਅੰਦਰ ਬੜੇ ਸੋਹਣੇ ਸੋਫੇ ਅਤੇ ਗਲੀਚੇ ਵਿਛੇ ਹੋਏ ਸਨ। ਇਕ ਸਿੱਖ ਜਿਹੜਾ ਮੁਹਾਂਦਰੇ ਤੋਂ ਪੇਂਡੂ ਜਾਪਦਾ ਸੀ, ਖੜ੍ਹਾ ਹੋ ਕੇ ਆਪਣੇ ਨਵੇਂ ਪਾਏ ਕੋਟ ਪਤਲੂਨ ਵੱਲ ਵੇਖ ਰਿਹਾ ਸੀ। ਦੋ ਤਿੰਨ ਹੋਰ ਸਿੱਖ ਪੇਂਡੂ ਕੱਪੜਿਆਂ ਵਿਚ ਕੋਲ ਬੈਠੇ ਸਨ। ਕੋਟ ਪਤਲੂਨ ਉਸ ਨੇ ਉਮਰ ਵਿਚ ਪਹਿਲੀ ਵਾਰ ਪਾਈ ਲੱਗਦੀ ਸੀ। ਗਰਮ ਕੱਪੜੇ ਦਾ ਵਧੀਆ ਸੂਟ ਸੀ। ਜਟਕੇ ਤਰੀਕੇ ਨਾਲ ਬੱਧੀ ਪੱਗ ਹੇਠਾਂ ਇਹ ਸੂਟ ਓਪਰਾ ਓਪਰਾ ਲਗਦਾ। ਅਸੀਂ ਵੇਖਣ ਲਈ ਬਾਹਰ ਖੜ੍ਹੇ ਹੋ ਗਏ। ਉਹ ਆਪਣੀਆਂ ਵੱਖੀਆਂ ਅਤੇ ਲੱਤਾਂ ਪੈਰਾਂ ਵੱਲ ਵੇਖ ਵੇਖ ਕੇ ਅਤੇ ਉਤੇ ਹੱਥ ਫੇਰ ਫੇਰ ਕੇ ਇਸ ਦੀ ਫੱਬਤ ਨੂੰ ਟੋਹ ਰਿਹਾ ਸੀ।
ਹਵਾਈ ਕੰਪਨੀ ਦੇ ਦਫਤਰ ਵਿਚ ਖਲੋ ਕੇ ਇਕ ਪੇਂਡੂ ਦਾ ਗਰਮੀਆਂ ਵਿਚ ਗਰਮ ਸੂਟ ਪਾਣ ਦਾ ਮਤਲਬ ਇਹ ਸੀ ਕਿ ਉਹ ਵਲਾਇਤ ਜਾ ਰਿਹਾ ਹੈ।
ਇਸ ਦ੍ਰਿਸ਼ ਤੋਂ ਮੇਰੇ ਦਿਲ ਨੂੰ ਖੋਹ ਜਿਹੀ ਪਈ। ਇਕ ਆਦਮੀ ਜਿਹੜਾ ਨਾ ਬਹੁਤਾ ਪੜ੍ਹਿਆ ਹੋਇਆ ਸੀ ਅਤੇ ਨਾ ਹੀ ਪਹਿਲਾਂ ਕਿਧਰੇ ਭੰਵਿਆਂ ਸੀ, ਆਪਣਾ ਦੇਸ ਛੱਡ ਕੇ ਪਰਦੇਸ ਜਾ ਰਿਹਾ ਸੀ! ਮੈਂ ਉਸ ਦੇ ਚਿਹਰੇ ਤੋਂ ਉਸ ਦੇ ਭਾਵ ਪੜ੍ਹਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਇਸ ਗੱਲ ਦੀ ਬਹੁਤੀ ਚਿੰਤਾ ਨਹੀਂ ਸੀ ਜਾਪਦੀ। ਇਸ ਵੇਲੇ ਉਹ ਆਪਣੇ ਸੂਟ ਵਿਚ ਹੀ ਮਸਤ ਸੀ।
“ਇਸ ਨੂੰ ਤੇ ਜ਼ਰਾ ਝੋਰਾ ਨਹੀਂ!” ਮੈਂ ਆਪਣੀ ਹੈਰਾਨੀ ਆਪਣੇ ਮਿੱਤਰ ਨਾਲ ਸਾਂਝੀ ਕੀਤੀ।
“ਝੋਰਾ ਕਿਸ ਗੱਲ ਦਾ?” ਮੇਰੇ ਮਿੱਤਰ ਨੇ ਮੇਰੀ ਗੱਲ ਸਮਝਦਿਆਂ ਹੋਇਆਂ ਵੀ ਪੁੱਛਿਆ। ਉਹ ਜਲੰਧਰ ਵਿਚ ਸਕੂਲ ਮਾਸਟਰ ਸੀ। ਸੈਂਕੜੇ ਆਦਮੀ ਇਸ ਤਰ੍ਹਾਂ ਟੁਰਦੇ ਵੇਖੇ ਸਨ।
“ਓਏ, ਵਿਚਾਰਾ ਕਿਧਰ ਦਾ ਕਿਧਰ ਜਾ ਡਿਗੇਗਾ। ਜਿਥੇ ਇਹ ਜੰਮਿਆ ਪਲਿਆ ਏ, ਉਸ ਥਾਂ ਉਤੇ ਇਕ ਝਾਤ ਲਈ ਤਰਸ ਜਾਏਗਾ। ਆਪਣੇ ਸਾਕਾਂ ਅੰਗਾਂ ਦੇ ਦੁੱਖ ਸੁੱਖ ਵਿਚ ਜਾ ਆ ਨਹੀਂ ਸਕੇਗਾ। ਬੰਦੇ ਦੇ ਮਨ ਵਿਚ ਹੋਰ ਹੁੰਦਾ ਕਿੰਨਾ ਕੁਝ ਏ?”
“ਬੰਦੇ ਦਾ ਮਨ ਕੋਈ ਗੁਥਲਾ ਏ, ਪਈ ਜੋ ਕੁਝ ਇਸ ਵਿਚ ਪਿਆ ਹੋਇਆ ਏ, ਉਸੇ ਦੀ ਸੰਭਾਲ ਕਰੀ ਜਾਉ?”
“ਹੋਰ ਕੀ ਹੁੰਦਾ ਹੈ ਇਹ, ਮਾਸਟਰ ਜੀ?” ਮੈਂ ਚਿੜ ਕੇ ਕਿਹਾ।
“ਮੈਂ ਤੇ ਸਮਝਨਾਂ ਇਹ ਇਕ ਖੇਤ ਵਾਂਗ ਏ, ਜਿਥੇ ਹਰ ਸਮੇਂ ਕੁਝ ਨਵਾਂ ਉਗਦਾ ਸੁੱਕਦਾ ਰਹਿੰਦਾ ਏ।”
“ਤਾਂ ਹੁਣ ਇਹ ਖੇਤੀ ਕਰੂ ਵਲਾਇਤ ਜਾ ਕੇ, ਆਪਣੇ ਮਨ ਦੀ।”
“ਆਪੇ ਈ ਹੋਈ ਜਾਣੀ ਏ।”
“ਤੂੰ ਤੇ ਐਂ ਗੱਲਾਂ ਕਰਨਾ ਏ, ਜਿਵੇਂ ਓਥੇ ਰਹਿ ਕੇ ਆਇਆ ਹੁੰਨਾ ਏਂ।”
“ਰਹਿ ਕੇ ਤੇ ਨਹੀਂ ਆਇਆ, ਪਰ ਰਹਿ ਕੇ ਆਇਆਂ ਨਾਲ ਵਾਹ ਜ਼ਰੂਰ ਪਿਆ ਏ।”
“ਕਿਥੇ?”
“ਲੰਮੀ ਗੱਲ ਏ, ਬਹਿ ਕੇ ਦੱਸਣ ਵਾਲੀ।” ਉਸ ਨੇ ਸਾਹਮਣੀ ਪਾਰਕ ਵੱਲ ਇਸ਼ਾਰਾ ਕਰ ਕੇ ਕਿਹਾ।
ਅਸੀਂ ਉਥੇ ਇਕ ਬੈਂਚ ਉਤੇ ਬਹਿ ਗਏ। ਉਸ ਨੇ ਆਪਣੀ ਗੱਲ ਛੇੜੀ,
“ਹੁਣ ਵਾਲੇ ਪੇਂਡੂ ਸਕੂਲ ਵਿਚ ਬਦਲੀ ਹੋਣ ਤੋਂ ਪਹਿਲਾਂ ਮੈਂ ਜਲੰਧਰ ਸ਼ਹਿਰ ਵਿਚ ਪੜ੍ਹਾਂਦਾ ਹੁੰਦਾ ਸਾਂ। ਨੇੜੇ ਦੇ ਘਰ ਵਿਚ ਇਕ ਕੁੜੀ ਰਹਿੰਦੀ ਸੀ। ਉਹ ਵੀ ਮਾਸਟਰਨੀ ਸੀ। ਸਕੂਲ ਤੇ ਸਾਡੇ ਵੱਖੋ ਵੱਖਰੇ ਸਨ, ਫਿਰ ਵੀ ਇਕੋ ਕੰਮ ਵਿਚ ਹੋਣ ਕਰ ਕੇ ਵਾਕਫੀ ਹੋ ਗਈ ਤੇ ਫਿਰ ਗੂੜ੍ਹੀ ਦੋਸਤੀ ਪੈ ਗਈ; ਉਹ ਆਪਣੀ ਇਕ ਵਡੇਰੀ ਜਿਹੀ ਮਾਸੀ ਦੇ ਨਾਲ ਰਹਿੰਦੀ ਸੀ। ਇਸ ਲਈ ਉਸ ਨੂੰ ਘਰ ਵਿਚ ਮਿਲਣਾ ਕੋਈ ਔਖੀ ਗੱਲ ਨਹੀਂ ਸੀ। ਦੋਵੇਂ ਪੜ੍ਹਾਉਂਦੇ ਹੋਣ ਕਰ ਕੇ ਸੌ ਗੱਲਾਂ ਸਾਡੀਆਂ ਸਾਂਝੀਆਂ ਸਨ! ਅਸੀਂ ਬਾਹਰ ਅੰਦਰ ਵੀ ਇਕੱਠੇ ਜਾਣ ਲੱਗ ਪਏ।
ਇਕ ਦਿਨ ਅਸੀਂ ਦੋਵੇਂ ਬਜ਼ਾਰ ਵਿਚੋਂ ਲੰਘ ਰਹੇ ਸਾਂ ਕਿ ਇਕ ਆਦਮੀ ਨੇ ਆਦਰ ਨਾਲ ਮੇਰੀ ਸਾਥਣ ਨੂੰ ਨਮਸਕਾਰ ਕੀਤੀ। ਮੈਂ ਬੜਾ ਹੈਰਾਨ ਹੋਇਆ। ਇਹ ਸ਼ਹਿਰ ਦਾ ਇਕ ਬਹੁਤ ਵੱਡਾ ਗੁੰਡਾ ਸੀ। ਕੁੜੀ ਨੇ ਵੀ ਮੁਸਕਰਾ ਕੇ ਜਵਾਬ ਦਿੱਤਾ, ਪਰ ਕੋਈ ਧਿਰ ਵੀ ਗੱਲ ਕਰਨ ਲਈ ਨਾ ਖਲੋਤੀ। ਆਪਣੀ ਉਤਸੁਕਤਾ ਮੈਂ ਬਹੁਤਾ ਚਿਰ ਨਾ ਦੱਬ ਸਕਿਆ ਤੇ ਦੋ ਪੈਰ ਹੀ ਅੱਗੇ ਜਾ ਕੇ ਪੁੱਛਣ ਲੱਗ ਪਿਆ।
ਕੁੜੀ ਨੇ ਦੱਸਿਆ ਕਿ ਇਹ ਉਸ ਦੇ ਭਰਾ ਦਾ ਦੋਸਤ ਹੈ। ਉਸ ਦਾ ਭਰਾ ਹੁਣ ਅੱਗੇ ਪੜ੍ਹਨ ਲਈ ਇੰਗਲੈਂਡ ਗਿਆ ਹੋਇਆ ਹੈ। ਪਹਿਲਾਂ ਏਥੇ ਉਹ ਇਕ ਪ੍ਰਾਈਵੇਟ ਕਾਲਜ ਵਿਚ ਪੜ੍ਹਾਂਦਾ ਸੀ। ਸ਼ਹਿਰ ਦੇ ਚੰਗੀ ਜਾਨ ਵਾਲੇ ਮੁੰਡਿਆਂ ਨਾਲ ਉਹਦਾ ਉਠਣ ਬਹਿਣ ਸੀ। ਧੱਕਾ-ਮੁੱਕੀ ਵੀ ਕਰ ਲੈਂਦਾ ਸੀ। ਉਹ ਭਾਵੇਂ ਪੜ੍ਹਿਆ ਲਿਖਿਆ ਆਦਮੀ ਸੀ, ਪਰ ਉਸ ਕੋਲੋਂ ਕਿਸੇ ਵੇਲੇ ਵੀ ਖਰ੍ਹਵੇ ਤੋਂ ਖਰ੍ਹਵੇ ਕੰਮ ਦੀ ਆਸ ਹੋ ਸਕਦੀ ਸੀ। ਇਹ ਸਾਰੇ ਗੁੰਡੇ ਉਸ ਦੇ ਦੋਸਤ ਸਨ ਤੇ ਓਦੋਂ ਦੇ ਹੀ ਮੈਨੂੰ ਜਾਣਦੇ ਨੇ।
ਫਿਰ ਇਕ ਦਿਨ ਉਸ ਮੈਨੂੰ ਕਿਹਾ ਕਿ ਮੈਂ ਇਕ ਦੁਕਾਨ ਤੋਂ ਘੜੀ ਲੈਣੀ ਹੈ। ਤੂੰ ਮੇਰੇ ਨਾਲ ਚੱਲੀਂ। ਜਿਸ ਦੁਕਾਨ ਦਾ ਪਤਾ ਉਸ ਮੈਨੂੰ ਦੱਸਿਆ, ਉਹ ਘੜੀਆਂ ਦੀ ਨਹੀਂ, ਸਗੋਂ ਸੋਡੇ ਵਾਟਰ ਦੀ ਸੀ। ਮੈਂ ਕਿਹਾ, ਸੋਡੇ ਵਾਟਰ ਦੀ ਦੁਕਾਨ ਤੋਂ ਘੜੀ ਕਿਸ ਤਰ੍ਹਾਂ ਮਿਲੇਗੀ? ਉਸ ਨੇ ਦੱਸਿਆ ਕਿ ਉਸ ਦੁਕਾਨ ਵਾਲੇ ਕੋਲ ਸਮਗਲਿੰਗ ਦਾ ਮਾਲ ਆਉਂਦਾ ਹੈ, ਵਿਚੇ ਹੀ ਘੜੀਆਂ ਵੀ। ਉਹ ਸਾਨੂੰ ਬਹੁਤ ਵਧੀਆ ਘੜੀ ਸਸਤੀ ਦੇ ਦੇਵੇਗਾ। ਮੇਰੇ ਭਰਾ ਦਾ ਦੋਸਤ ਹੈ। ਇਸੇ ਤਰ੍ਹਾਂ ਹੋਇਆ। ਉਸ ਆਦਮੀ ਨੇ ਨੌਕਰ ਭੇਜ ਕੇ ਇਕ ਘੜੀਆਂ ਦਾ ਡੱਬਾ ਮੰਗਵਾਇਆ ਤੇ ਉਸ ਵਿਚੋਂ ਇਕ ਮਸ਼ਹੂਰ ਕੰਪਨੀ ਦੀ ਘੜੀ ਕੱਢ ਕੇ ਉਸ ਨੇ ਦੇ ਦਿੱਤੀ।
ਇਕ ਦਿਨ ਮੈਂ ਉਸ ਤੋਂ ਪੁੱਛਿਆ, ਤੂੰ ਅਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ? ਉਹ ਪੰਝੀਆਂ ਛੱਬੀਆਂ ਵਰ੍ਹਿਆਂ ਦੀ ਹੋ ਗਈ ਸੀ। ਉਸ ਨੇ ਕਿਹਾ, ਤਿੰਨ ਚਾਰ ਸਾਲ ਹੋਏ ਮੈਨੂੰ ਇਕ ਮੁੰਡਾ ਚੰਗਾ ਲੱਗਾ ਸੀ। ਮਾਸਟਰ ਹੀ ਸੀ ਉਹ ਵੀ, ਉਂਜ ਘਰੋਂ ਮਾੜਾ ਸੀ। ਅਸੀਂ ਇਕੋ ਸਕੂਲ ਵਿਚ ਪੜ੍ਹਾਂਦੇ ਸਾਂ। ਉਹ ਸਾਡੇ ਘਰ ਵੀ ਆਉਣ ਜਾਣ ਲੱਗ ਪਿਆ। ਮੇਰੇ ਭਰਾ ਨੂੰ ਇਹ ਗੱਲ ਬੁਰੀ ਲੱਗੀ। ਉਸ ਮੈਨੂੰ ਵਰਜਿਆ। ਮੈਂ ਕਿਹਾ, ਮੈਂ ਇਸ ਤੋਂ ਪਿਛਾਂਹ ਨਹੀਂ ਹਟ ਸਕਦੀ, ਮੈਂ ਇਸੇ ਨਾਲ ਵਿਆਹ ਕਰਵਾਣਾ ਹੈ। ਭਰਾ ਨੇ ਕਿਹਾ, ਤੂੰ ਆਪਣੀ ਮਰਜ਼ੀ ਨਹੀਂ ਕਰ ਸਕਦੀ।
ਇਕ ਦਿਨ ਮੈਂ ਘਰ ਆ ਕੇ ਵੇਖਿਆ, ਬੂਹੇ ਉਹਲੇ ਇਕ ਕਿਰਪਾਨ ਪਈ ਸੀ। ਆਪਣੇ ਭਰਾ ਦੇ ਸੁਭਾਅ ਨੂੰ ਮੈਂ ਜਾਣਦੀ ਸਾਂ, ਡਰ ਗਈ। ਆਪਣੀ ਖਾਤਰ ਵੀ ਤੇ ਉਸ ਮੁੰਡੇ ਦੀ ਖਾਤਰ ਵੀ। ਮੈਂ ਉਸ ਦੇ ਪੈਰੀਂ ਡਿੱਗ ਕੇ ਮਾਫੀ ਮੰਗੀ ਤੇ ਬਚਨ ਦਿੱਤਾ ਕਿ ਫਿਰ ਕਦੀ ਉਸ ਦੇ ਮੱਥੇ ਨਹੀਂ ਲੱਗਾਂਗੀ। ਇਸ ਪਾਸੇ ਮੇਰੇ ਭਰਾ ਦੇ ਵਸੀਲੇ ਖੁੱਲ੍ਹੇ ਸਨ ਤੇ ਮੈਂ ਇਹ ਵੀ ਸਮਝਦੀ ਸਾਂ ਕਿ ਕੋਈ ਵੀ ਕੰਮ ਉਸ ਲਈ ਔਖਾ ਨਹੀਂ। ਉਹ ਵਿਚਾਰਾ ਮਾਂ ਦਾ ਪੁੱਤਰ ਮੇਰੇ ਪਿੱਛੇ ਕਿਉਂ ਜਾਨ ਗਵਾਂਦਾ? ਹੋਰ ਕਿਧਰੇ ਵਿਆਹ ਕਰਵਾ ਸਕਦਾ ਸੀ। ਮੇਰਾ ਤੇ ਹੋਰ ਕਿਸੇ ਨਾਲ ਕਰਾਣ ਨੂੰ ਜੀ ਹੀ ਨਹੀਂ ਸੀ ਕਰਦਾ। ਮਗਰੋਂ ਉਸ ਦੀ ਏਥੋਂ ਬਦਲੀ ਹੋ ਗਈ। ਪਿੱਛੋਂ ਮੇਰੇ ਭਰਾ ਨੇ ਮੈਨੂੰ ਦੱਸਿਆ ਕਿ ਅਸਾਂ ਤੁਹਾਨੂੰ ਦੋਹਾਂ ਨੂੰ ਮਾਰ ਕੇ ਲਾਸ਼ਾਂ ਖੁਰਦ-ਬੁਰਦ ਕਰ ਦੇਣੀਆਂ ਸਨ ਤੇ ਠਾਣੇ ਇਹ ਪਰਚਾ ਦੇਣਾ ਸੀ ਕਿ ਉਹ ਮਾਸਟਰ ਸਾਡੀ ਭੈਣ ਨੂੰ ਭਜਾ ਕੇ ਲੈ ਗਿਆ ਹੈ।
ਫਿਰ ਇਕ ਦਿਨ ਉਸ ਕੁੜੀ ਨੇ ਮੈਨੂੰ ਦੱਸਿਆ ਕਿ ਮੇਰਾ ਭਰਾ ਵਲਾਇਤੋਂ ਮੁੜਨ ਹੀ ਵਾਲਾ ਏ ਤੇ ਮੈਨੂੰ ਤੇਰੇ ਵੱਲੋਂ ਵੀ ਡਰ ਲੱਗਣ ਲੱਗ ਪਿਆ ਏ। ਜੇ ਉਸ ਨੂੰ ਪਤਾ ਲੱਗ ਗਿਆ ਜਾਂ ਉਸ ਨੇ ਵੇਖ ਲਿਆ ਤਾਂ ਪਤਾ ਨਹੀਂ ਕੀ ਬਣੇ! ਮੈਂ ਵੀ ਆਪਣੇ ਥਾਂ ਡਰਨ ਲੱਗ ਪਿਆ। ਮਰਨਾ ਕੌਣ ਚਾਹੁੰਦਾ ਏ? ਇਨ੍ਹਾਂ ਨੇ ਤੇ ਪਤਾ ਈ ਨਹੀਂ ਸੀ ਲੱਗਣ ਦੇਣਾ, ਪਈ ਗਿਆ ਕਿਧਰ ਏ!
ਪਰ ਮੈਥੋਂ ਛੱਡੀ ਵੀ ਨਹੀਂ ਸੀ ਜਾਂਦੀ ਉਹ। ਦੋ ਦਿਨ ਨਾ ਜਾਂਦਾ ਤਾਂ ਉਸ ਦਾ ਘਰ ਤੇ ਉਸ ਦੇ ਅੰਗ ਅੱਖਾਂ ਅੱਗੇ ਫਿਰਨ ਲੱਗ ਪੈਂਦੇ। ਮੇਰੀ ਹੋਸ਼ ਕਿਸੇ ਮੇਰੇ ਕੰਮ ਆਉਣ ਦੀ ਥਾਂ ਉਨ੍ਹਾਂ ਦੇ ਵਿਚ ਸਮਾਈ ਰਹਿੰਦੀ ਤੇ ਮੈਂ ਮਿੱਟੀ ਦਾ ਬੁੱਤ ਬਣ ਜਾਂਦਾ। ਕੁਝ ਇਹ ਵੀ ਖਿਆਲ ਆਉਂਦਾ ਕਿ ਮੇਰੇ ਬਿਨਾਂ ਉਸ ਦਾ ਕੌਣ ਹੈ? ਉਸ ਨੇ ਹੁਣ ਆਪਣੀ ਜ਼ਿੰਦਗੀ ਹੀ ਕੁਝ ਇਸ ਤਰ੍ਹਾਂ ਦੀ ਬਣਾ ਲਈ ਹੋਈ ਸੀ।
ਫਿਰ ਉਸ ਦੇ ਭਰਾ ਦੇ ਮੁੜਨ ਦਾ ਦਿਨ ਨੇੜੇ ਆਉਣ ਲੱਗਾ। ਪੱਕੀ ਤਰੀਕ ਕੋਈ ਨਹੀਂ ਸੀ। ਉਸ ਨੇ ਹੋਰ ਸਾਕਾਂ-ਅੰਗਾਂ ਨੂੰ ਮਿਲਦੇ-ਮਿਲਾਂਦੇ ਕਿਸੇ ਦਿਨ ਆਉਣਾ ਸੀ। ਇਕ ਦਿਨ ਮੈਂ ਗਿਆ ਤਾਂ ਇਕ ਬੜੀ ਸ਼ਾਨ ਵਾਲਾ ਆਦਮੀ ਘਰ ਬੈਠਾ ਸੀ। ਮੈਂ ਸੋਚਿਆ, ਅੱਜ ਮੈਂ ਨਾ ਹੀ ਆਉਂਦਾ ਤਾਂ ਚੰਗਾ ਸੀ। ਮੇਰੇ ਬਾਰੇ ਸ਼ਾਇਦ ਮਾਸੀ ਨੇ ਅਤੇ ਉਸ ਕੁੜੀ ਨੇ ਦੱਸ ਦਿੱਤਾ ਹੋਇਆ ਸੀ। ਉਹ ਮੈਨੂੰ ਪੁਰਾਣੇ ਵਾਕਫਾਂ ਵਾਂਗ ਮਿਲਿਆ। ਮੈਂ ਸਿਰ ਨੀਵਾਂ ਸੁਟ ਕੇ ਬੈਠ ਗਿਆ। ਸਮਝ ਨਹੀਂ ਸੀ ਆਉਂਦੀ ਕਿ ਕਿਸ ਤੱਕਣੀ ਨਾਲ ਵੇਖਾਂ। ਉਹ ਕੱਲ੍ਹ ਦਾ ਆਇਆ ਹੋਇਆ ਸੀ। ਚਲੋ, ਜੋ ਹੋਵੇ, ਸੋ ਹੋਵੇ, ਮੈਂ ਸੋਚਿਆ।
“ਤੁਸੀਂ ਚਾਹ ਪੀਓਗੇ? ਅਸੀਂ ਹੁਣੇ ਪੀ ਕੀ ਬੈਠੇ ਆਂ”, ਭਰਾ ਨੇ ਪੁੱਛਿਆ।
“ਹਾਂ”, ਮੈਂ ਕਿਹਾ। ਜਦੋਂ ਉਹ ਆਪ ਪੁੱਛ ਰਿਹਾ ਸੀ ਤਾਂ ਅੱਗੋਂ ਮੈਂ ਕੀ ਆਖ ਸਕਦਾ ਸਾਂ?
ਕੁੜੀ ਨੇ ਚਾਹ ਲਿਆਂਦੀ। ਮੈਂ ਪੀਣ ਲੱਗ ਪਿਆ। ਉਹ ਆਪਣੇ ਸਾਕਾਂ-ਅੰਗਾਂ ਦੀਆਂ ਗੱਲਾਂ ਕਰਦੇ ਰਹੇ। ਮੈਂ ਵਿਚ ਕੋਈ ਗੱਲ ਨਹੀਂ ਕਰ ਸਕਦਾ ਸਾਂ।
ਜਦੋਂ ਮੈਂ ਟੁਰਨ ਲੱਗਾ ਤਾਂ ਉਸ ਨੇ ਕਿਹਾ, “ਠਹਿਰੋ, ਮੈਂ ਤੁਹਾਨੂੰ ਅਗਾਂਹ ਕਰ ਆਉਂਦਾ ਹਾਂ।” ਮੈਨੂੰ ਹੁਣ ਬਹੁਤਾ ਡਰ ਨਹੀਂ ਲੱਗਦਾ ਸੀ। ਫਿਰ ਵੀ ਮੈਂ ਸੋਚਿਆ ਕਿ ਸਾਡੇ ਸਬੰਧਾਂ ਬਾਰੇ ਕੋਈ ਕੌੜੀ ਗੱਲ ਕਰੇਗਾ।
ਰਾਹ ਵਿਚ ਉਸ ਨੇ ਕਿਹਾ, “ਮੈਨੂੰ ਦਿੱਲੀ ਨੌਕਰੀ ਮਿਲਦੀ ਏ। ਕਿਵੇਂ ਰਹੇਗੀ?”
“ਐਥੇ ਜਲੰਧਰ ਹੋਵੇ ਤਾਂ ਚੰਗਾ ਏ”, ਮੈਂ ਇਹ ਦੱਸਣ ਲਈ ਕਿਹਾ ਕਿ ਉਹ ਮੈਨੂੰ ਚੰਗਾ ਲੱਗਾ ਹੈ।
“ਏਥੇ ਤੇ ਉਹੋ ਜਿਹੀ ਮਿਲਦੀ ਨਹੀਂ। ਦਿੱਲੀ ਬਹੁਤ ਮਹਿੰਗੀ ਏ? ਤਿੰਨ ਕੁ ਕਮਰਿਆਂ ਦਾ ਮਕਾਨ ਕਿੰਨੇ ਕੁ ਤੋਂ ਮਿਲ ਜਾਏਗਾ ਭਲਾ? ਕਹਿੰਦੇ ਨੇ ਮਕਾਨਾਂ ਦੀ ਤਕਲੀਫ ਏ, ਹੋਰ ਕੋਈ ਨਹੀਂ।”
“ਮੈਨੂੰ ਤੇ ਪਤਾ ਨਹੀਂ: ਮੈਂ ਤੇ ਕਦੀ ਦਿੱਲੀ ਰਿਹਾ ਈ ਨਹੀਂ।”
“ਮੇਰਾ ਖਿਆਲ ਏ, ਪਹਿਲਾਂ ਬੱਚੇ ਪਿੰਡ ਈ ਰੱਖਣੇ ਪੈਣਗੇ। ਇਕੱਲੇ ਹੀ ਓਥੇ ਔਖ ਸੌਖ ਕਰਾਂਗੇ। ਪਿੱਛੋਂ ਵੇਖੀ ਜਾਵੇਗੀ।”
“ਛੋਟਾ ਮਕਾਨ ਲੈ ਲਵੋ ਅਜੇ।”
“ਛੋਟੇ ਨਾਲ ਨਹੀਂ ਸਰਨਾ। ਬੇਬੇ ਵੀ ਨਾਲ ਏ। ਪਰ ਮਕਾਨ ਦੇ ਦੁੱਖੋਂ ਮੈਂ ਨੌਕਰੀ ਨਹੀਂ ਛੱਡ ਸਕਦਾ। ਹੋਰ ਕੀ ਪਤਾ ਕਦੋਂ ਮਿਲੇ?”
“ਨਹੀਂ, ਨਹੀਂ। ਨੌਕਰੀ ਕਿਉਂ ਛੱਡਣੀ ਜੇ? ਸਭ ਠੀਕ ਹੋ ਜਾਵੇਗਾ।”
“ਬਸ ਤੁਹਾਡੀ ਦੁਆ ਚਾਹੀਦੀ ਏ।” ਉਸ ਨੇ ਪਿਆਰ ਨਾਲ ਕਿਹਾ।
ਸੜਕ ਉਤੋਂ ਉਹ ਮੇਰੇ ਨਾਲ ਹੱਥ ਮਿਲਾ ਕੇ ਪਿਛਾਂਹ ਮੁੜ ਗਿਆ।
ਹੈਰਾਨੀ ਵਿਚ ਮੈਨੂੰ ਆਪਣੇ ਆਪ ਦੀ ਹੋਸ਼ ਨਹੀਂ ਸੀ। ਇਹ ਉਹ ਹੀ ਆਦਮੀ ਸੀ ਜਿਸ ਨੇ ਆਪਣੀ ਭੈਣ ਅਤੇ ਉਸ ਦੇ ਦੋਸਤ ਨੂੰ ਵੱਢ ਸੁੱਟਣ ਲਈ ਕਿਰਪਾਨ ਘਰ ਲਿਆਂਦੀ ਸੀ। ਹੁਣ ਵੀ ਤੇ ਓਨਾ ਹੀ ਕਸੂਰ ਸੀ! ਮੇਰੇ ਮਿੱਤਰ ਨੇ ਆਪਣੀ ਕਥਾ ਖਤਮ ਕੀਤੀ।

Be the first to comment

Leave a Reply

Your email address will not be published.