ਵਣ ਇਸ਼ਨਾਨ

ਹਰਜੀਤ ਦਿਓਲ, ਬਰੈਂਪਟਨ
ਤੁਸਾਂ ਜਲ ਇਸ਼ਨਾਨ, ਧੁੱਪ ਇਸ਼ਨਾਨ ਅਤੇ ਸ਼ਾਇਦ ਚਿੱਕੜ ਇਸ਼ਨਾਨ ਬਾਰੇ ਜਰੂਰ ਸੁਣਿਆ ਹੋਣੈ, ਪਰ ਇੱਕ ਹੋਰ ਇਸ਼ਨਾਨ ਬਾਰੇ ਪਤਾ ਲੱਗਾ। ਜਦ ਮੈਂ ਡਾਕਟਰ ਦੇ ਵਾਕ ਇਨ ਕਲਿਨਿਕ ਵਿਚ ਆਪਣੀ ਵਾਰੀ ਉਡੀਕਦਿਆਂ ਉੱਥੇ ਪਏ ਕੁਝ ਰਸਾਲੇ ਫਰੋਲਣ ਲੱਗਾ। ਇੱਕ ਲੇਖ ਵਿਚ ਬੜੀ ਦਿਲਚਸਪ ਜਾਣਕਾਰੀ ਹਾਸਲ ਹੋਈ। ਜਾਪਾਨ ਦੇ ਕਿਸੇ ਡਾਕਟਰ ਕਿੰਗ ਲੀ ਨੇ ਇੱਕ ਕਿਤਾਬ ਲਿਖੀ ਹੈ, ‘ਸ਼ਿਨਰਿਨ ਯੋਕੂ।’ ਸ਼ਿਨਰਿਨ ਕਹਿੰਦੇ ਹਨ ਜੰਗਲ ਨੂੰ ਅਤੇ ਯੋਕੂ ਦਾ ਮਤਲਬ ਇਸ਼ਨਾਨ ਭਾਵ ਫਾਰੈਸਟ ਬਾਥਿੰਗ ਜਾਂ ਵਣ ਇਸ਼ਨਾਨ।

ਸੈਂਕੜੇ ਸਾਲ ਪਹਿਲਾਂ ਤੋਂ ਮਨੁੱਖ ਨੇ ਜਾਣ ਲਿਆ ਸੀ ਕਿ ਕੁਦਰਤ ਨਾਲ ਨੇੜਤਾ ਇਨਸਾਨੀ ਸਿਹਤ ਲਈ ਲਾਭਦਾਇਕ ਹੈ। ਮਹਾਤਮਾ ਗਾਂਧੀ ਨੇ ਕੁਦਰਤੀ ਉਪਚਾਰਾਂ ਬਾਰੇ ਆਪਣੇ ਤਜਰਬੇ ਆਪਣੀਆਂ ਲਿਖਤਾਂ ਰਾਹੀਂ ਸਾਂਝੇ ਕੀਤੇ ਹਨ। ਸਰ ਅਡੋਲਫ ਜਸਟ ਨਾਮੀ ਇਕ ਪ੍ਰਕਰਿਤੀ ਪ੍ਰੇਮੀ ਨੇ ਆਪਣੀ ਪੁਸਤਕ ‘ਰਿਟਰਨ ਟੂ ਨੇਚਰ’ ਵਿਚ ਕੁਦਰਤ ਨਾਲ ਮਨੁੱਖੀ ਸਿਹਤ ਦਾ ਤਾਲਮੇਲ ਬਿਆਨਿਆ ਹੈ। ਕਵੀਆਂ ਨੇ ਆਪਣੇ ਸ਼ਬਦਾਂ ਨਾਲ ਅਤੇ ਚਿੱਤਰਕਾਰਾਂ ਨੇ ਬ੍ਰਸ਼ ਤੇ ਰੰਗਾਂ ਨਾਲ ਕੁਦਰਤ ਦੀ ਸੁੰਦਰਤਾ ਨੂੰ ਚਿਤਰਿਆ ਹੈ। ਅਕਸਰ ਹਸਪਤਾਲਾਂ ਵਿਚ ਵੀ ਬੜੇ ਮਨਮੋਹਕ ਲੈਂਡਸਕੇਪ (ਕੁਦਰਤੀ ਦ੍ਰਿਸ਼) ਦੀਵਾਰਾਂ ‘ਤੇ ਲੱਗੇ ਮਿਲਦੇ ਹਨ, ਕਿਉਂਕਿ ਇਹ ਮਰੀਜ਼ਾਂ ਨੂੰ ਮਾਨਸਿਕ ਸਕੂਨ ਪਹੁੰਚਾਉਣ ਦਾ ਕਾਰਗਰ ਵਸੀਲਾ ਹੁੰਦੇ ਹਨ। ਵਿਗਿਆਨੀਆਂ ਨੇ ਖੋਜਾਂ ਰਾਹੀਂ ਨਤੀਜੇ ਕੱਢੇ ਹਨ ਕਿ ਕੁਦਰਤ ਨਾਲ ਦੋਸਤੀ ਬੜੀ ਲਾਹੇਵੰਦ ਹੈ।
ਇੱਕ ਮਹਿਲਾ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਲਿਖਿਆ ਹੈ ਕਿ ਰੋਜ਼ਮੱਰਾ ਦੀ ਮਸ਼ੀਨੀ ਜ਼ਿੰਦਗੀ ਤੋਂ ਅੱਕ ਕੇ ਉਸ ਨੇ ਆਪਣੀ ਮਾਨਸਿਕ ਅਤੇ ਸਰੀਰਕ ਅਰੋਗਤਾ ਲਈ ਫਾਰੈਸਟ ਬਾਥਿੰਗ ਦਾ ਪ੍ਰਯੋਗ ਕਰਨ ਬਾਰੇ ਫੈਸਲਾ ਕੀਤਾ ਤੇ ਕੰਮ ਤੋਂ ਲੰਮੀ ਛੁੱਟੀ ਲੈ ਕਿਸੇ ਘਣੇ ਜੰਗਲਾਂ ਵਾਲੇ ਇਲਾਕੇ ਜਾ ਡੇਰੇ ਲਾਏ। ਇਸ ਪੱਧਤੀ ਦੀਆਂ ਹਦਾਇਤਾਂ ਮੁਤਾਬਕ ਉਹ ਬਿਨਾ ਕੈਮਰਾ ਅਤੇ ਫੋਨ ਦੇ, ਘਣੇ ਜੰਗਲ ਵਿਚ ਜਾ ਕੁਝ ਘੰਟੇ ਉੱਥੇ ਬਿਤਾਉਂਦੀ। ਦਰੱਖਤਾਂ ਦੇ ਪੱਤਿਆਂ ਨਾਲ ਖਹਿ ਕੇ ਲੰਘਦੀ ਹਵਾ ਦੀ ਅਵਾਜ਼ ਤੇ ਪੰਛੀਆਂ ਦੀਆਂ ਚਹਿਚਹਾਟਾਂ ਦਾ ਸੰਗੀਤ ਸੁਣਦੀ। ਵਹਿੰਦੇ ਪਾਣੀ ਦੀ ਕਲ ਕਲ ਨਾਲ ਇੱਕਸੁਰਤਾ ਰੱਖ ਪੈਰ ਪਾਣੀ ਵਿਚ ਡੁਬੋ ਲੈਂਦੀ। ਦਰੱਖਤਾਂ ਦੇ ਪੱਤਿਆਂ ਵਿਚੋਂ ਛਣ ਕੇ ਆਉਂਦੀ ਧੁੱਪ ਦਾ ਸੇਕ ਮਾਣਦੀ। ਉਸ ਦੀਆਂ ਪੰਜੇ ਇੰਦਰੀਆਂ-ਨੱਕ, ਕੰਨ, ਅੱਖਾਂ, ਮੂੰਹ ਅਤੇ ਚਮੜੀ ਕੁਦਰਤ ਦੀਆਂ ਘੁੱਟਾਂ ਭਰਦਿਆਂ ਅਲੋਕਾਰ ਮਾਨਸਿਕ ਸਕੂਨ ਦਾ ਅਨੁਭਵ ਕਰਦੀਆਂ। ਆਪਣੀ ਵੋਕੇਸ਼ਨ ਤੋਂ ਵਾਪਸ ਪਰਤ ਕੇ ਉਸ ਨੇ ਆਪਣੇ ਆਪ ਨੂੰ ਵਿਲੱਖਣ ਰੂਪ ਵਿਚ ਨਰੋਆ ਮਹਿਸੂਸ ਕੀਤਾ। ਜ਼ਿੰਦਗੀ ਦੇ ਤਣਾਅ ਗਾਇਬ ਹੋ ਗਏ ਸਨ ਤੇ ਉਹ ਇੱਕ ਨਵੀਂ ਊਰਜਾ ਨਾਲ ਭਰ ਗਈ ਸੀ। ਉਸ ਦਾ ਤਜਰਬਾ ਸਫਲ ਰਿਹਾ ਸੀ।
ਇੱਕ ਰਿਪੋਰਟ ਅਨੁਸਾਰ ਇੱਕ ਅਮਰੀਕੀ ਆਪਣਾ 93% ਔਸਤ ਸਮਾਂ ਇਨਡੋਰ (ਇਮਾਰਤਾਂ ਅੰਦਰ) ਬਿਤਾਉਂਦਾ ਹੈ। ਅੰਦਾਜ਼ਨ 2050 ਤੱਕ ਦੁਨੀਆਂ ਦੀ 66% ਅਬਾਦੀ ਕੰਕਰੀਟਾਂ ਦੇ ਜੰਗਲ ਭਾਵ ਸ਼ਹਿਰਾਂ ਵਿਚ ਰਹਿਣ ਲੱਗ ਜਾਵੇਗੀ। ਮਸ਼ੀਨੀ ਜੀਵਨ ਚੱਕਰ ਅਤੇ ਕੁਦਰਤ ਤੋਂ ਦੂਰੀ ਮਾਨਸਿਕ ਤੇ ਸਰੀਰਕ ਗੁੰਝਲਾਂ ਦਾ ਕਾਰਨ ਬਣ ਰਹੀ ਹੈ, ਪਰ ਜੇ ਰੋਜ਼ਾਨਾ ਦੋ ਘੰਟੇ ਕਿਸੇ ਤਰ੍ਹਾਂ ਵਣ ਇਸ਼ਨਾਨ ਦਾ ਮੌਕਾ ਪੈਦਾ ਕਰ ਲਿਆ ਜਾਵੇ ਤਾਂ ਕਾਫੀ ਹੱਦ ਤੱਕ ਜ਼ਿੰਦਗੀ ਦੇ ਤਣਾਓ ਅਤੇ ਅਵਸਾਦਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ। ਜ਼ਿਆਦਾ ਨਾ ਸਹੀ ਤਾਂ ਘਣੇ ਦਰੱਖਤਾਂ ਵਿਚਾਲੇ ਪਾਣੀ ਦੇ ਸੋਮਿਆਂ ਲਾਗੇ ਸੈਰ ਕਰਦਿਆਂ (ਬਿਨਾ ਈਅਰ ਫੋਨ ਤੋਂ) ਕੁਝ ਸਮਾਂ ਕੁਦਰਤ ਨਾਲ ਗੁਫਤਗੂ ਕੀਤੀ ਜਾ ਸਕਦੀ ਹੈ, ਜਿਸ ਨਾਲ ਸਰੀਰਕ ਬੈਟਰੀ ਰਿਚਾਰਜ ਹੁੰਦੀ ਰਹੇ। ਧਰਮ ਅਸਥਾਨਾਂ ਵਿਚ ਜੋ ਆਤਮਕ ਸਕੂਨ ਪਰੋਸਿਆ ਜਾਂਦਾ ਹੈ, ਉਹ ਬਿਨਾ ਮੀਟਰ ਤੋਂ ਕੁੰਡੀ ਲਾ ਕੇ ਸਿੱਧਾ ਕੁਦਰਤ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਲੋੜ ਹੈ ਤਾਂ ਸਿਰਫ ਕੁਦਰਤ ਦੀ ਨੇੜਤਾ ਦਾ ਨਿੱਘ ਮਾਣ ਸਕਣ ਦੀ।