ਮਨੁੱਖਤਾ ਦੇ ਦਰਵਾਜੇ ‘ਤੇ ਇਤਿਹਾਸ ਅਤੇ ਵਕਤ ਦੀ ਦਸਤਕ ‘ਕਿੰਨੇ ਪਾਕਿਸਤਾਨ’

ਗੁਰਮੀਤ ਕੜਿਆਲਵੀ
ਕਮਲੇਸ਼ਵਰ ਨੇ ਇਸ ਸ਼ਾਹਕਾਰ ਨਾਵਲ ਰਾਹੀਂ ਸਾਨੂੰ ਉਨ੍ਹਾਂ ਬਹੁਤ ਸਾਰੇ ਸਵਾਲਾਂ ਦੇ ਸਨਮੁਖ ਕੀਤਾ ਹੈ, ਜਿਨ੍ਹਾਂ ਸਵਾਲਾਂ ਦਾ ਜਵਾਬ ਦੇਸ਼ ਦੇ ਲੋਕਾਂ ਨੇ ਆਪਣੇ ਹੋ ਗੁਜ਼ਰੇ ਅਤੇ ਮੌਜੂਦਾ ਰਹਿਨੁਮਾਵਾਂ ਤੋਂ ਹਾਸਲ ਕਰਨਾ ਹੈ। ਨਾਵਲ ਰਾਹੀਂ ਉਸ ਨੇ ਦੇਸ਼ ਨੂੰ ਕੱਟੜਵਾਦੀ ਲੀਹਾਂ ‘ਤੇ ਵੰਡਣ ਦੀਆਂ ਸਾਜ਼ਿਸ਼ਾਂ ਕਰਨ ਵਾਲਿਆਂ ਨੂੰ ਇਕ ਤਰ੍ਹਾਂ ਕਟਹਿਰੇ ‘ਚ ਲਿਆ ਖੜਾ ਕੀਤਾ ਹੈ।
ਨਾਵਲ ਵਿਚ ਕਮਲੇਸ਼ਵਰ ਆਪਣੇ ਇਕ ਪਾਤਰ ਅਦੀਬ ਦੇ ਮੂੰਹੋਂ ਅਖਵਾਉਂਦਾ ਹੈ, “ਕਿਤਾਬਾਂ ਵਿਚ ਜੋ ਇਤਿਹਾਸ ਲਿਖਿਆ ਜਾਂ ਲਿਖਵਾਇਆ ਜਾਂਦਾ ਹੈ, ਪੇਸ਼ੇਵਰ ਕਲਮਕਾਰਾਂ ਰਾਹੀਂ, ਉਹ ਇਤਿਹਾਸ ਨਹੀਂ ਹੁੰਦਾ। ਇਤਿਹਾਸ ਉਹ ਹੁੰਦਾ ਹੈ, ਜੋ ਦਿਲੋ ਦਿਮਾਗ ਦੀ ਤਖਤੀ ‘ਤੇ ਲਿਖਿਆ ਜਾਂਦਾ ਹੈ।”

ਪੂਰਾ ਨਾਵਲ ਉਨ੍ਹਾਂ ਇਤਿਹਾਸਕ ਦਸਤਾਵੇਜ਼ੀ ਘਟਨਾਵਾਂ ਦੀ ਗਰਦ ਝਾੜਨ ਦੀਆਂ ਕੋਸ਼ਿਸ਼ਾਂ ਨਾਲ ਭਰਿਆ ਪਿਆ ਹੈ, ਜੋ ਪੇਸ਼ੇਵਰ ਕਲਮਕਾਰਾਂ ਨੇ ਆਪਣੇ ਸਮੇਂ ਦੇ ਆਕਾਵਾਂ ਨੂੰ ਖੁਸ਼ ਕਰਨ ਲਈ ਲਿਖੀਆਂ ਹਨ। ਉਹ ਸਪਸ਼ਟ ਕਰਦਾ ਹੈ ਕਿ ਮੁਗਲ ਬਾਦਸ਼ਾਹ ਸ਼ਾਹਜਹਾਂ, ਔਰੰਗਜ਼ੇਬ ਨਾਲੋਂ ਕਿਤੇ ਵੱਧ ਹਿੰਦੂ ਵਿਰੋਧੀ ਸੀ। ਉਹ ਔਰੰਗਜ਼ੇਬ ਤੋਂ ਵੱਧ ਕੱਟੜ ਮੁਸਲਮਾਨ ਸੀ। ਇਸੇ ਤਰ੍ਹਾਂ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਵਿਚਲੇ ਵਿਰਾਸਤੀ ਯੁੱਧ ਬਾਰੇ ਕਮਲੇਸ਼ਵਰ ਦਾ ਸਿਰਜਿਆ ਇਕ ਪਾਤਰ ਆਖਦਾ ਹੈ, “ਦਾਰਾ ਤੇ ਔਰੰਗਜ਼ੇਬ ਵਿਚਕਾਰ ਯੁੱਧ ਹਿੰਦੂ ਪਰਜਾ ਤੇ ਮੁਸਲਮਾਨ ਪਰਜਾ ਦਾ ਯੁੱਧ ਨਹੀਂ ਸੀ। ਉਥੇ ਮਜ਼ਹਬ ਦਾ ਸਵਾਲ ਹੀ ਨਹੀਂ ਸੀ, ਨਹੀਂ ਤਾਂ ਬਾਰਹਾ ਦੇ ਸੱਯਦਾਂ (ਜੋ ਬਹੁਤ ਕੱਟੜ ਮੁਸਲਮਾਨ ਸਨ) ਨੇ ਦਾਰਾ ਦਾ ਸਾਥ ਨਾ ਦਿੱਤਾ ਹੁੰਦਾ ਤੇ ਔਰੰਗਜ਼ੇਬ ਦੀ ਤਰਫਦਾਰੀ ਜੈਪੁਰ ਦੇ ਮਹਾਰਾਣਾ ਰਾਜ ਸਿੰਘ ਨੇ ਕਿਉਂ ਕਰਨੀ ਸੀ।”
ਨਾਵਲਕਾਰ ਸਾਨੂੰ ਇਤਿਹਾਸ ਦੀ ਬੜੀ ਕੌੜੀ ਸੱਚਾਈ ਦੇ ਸਾਹਮਣੇ ਲਿਆ ਖੜਾ ਕਰਦਾ ਹੈ ਕਿ ਔਰੰਗਜ਼ੇਬ ਨੇ ਆਪਣੀਆਂ ਕਮੀਨਗੀਆਂ ਤੇ ਸਿਆਸੀ ਚਾਲਾਂ ਨੂੰ ਹਿੰਦੂ ਰਾਜਿਆਂ ਤੇ ਅਹਿਲਕਾਰਾਂ ਜ਼ਰੀਏ ਹੀ ਤੋੜ ਚੜਾਇਆ ਸੀ। ਨਾਵਲਕਾਰ ਅਨੇਕਾਂ ਘਟਨਾਵਾਂ ਰਾਹੀਂ ਇਸ ਸੱਚ ਨੂੰ ਸਥਾਪਿਤ ਕਰਦਾ ਹੈ ਕਿ ਹਿੰਦੋਸਤਾਨ ਦੀ ਧਰਤੀ ਕਦੇ ਵੀ ਧਾਰਮਿਕ ਯੁੱਧਾਂ ਦੀ ਰਣਭੂਮੀ ਨਹੀਂ ਰਹੀ। ਕੱਟੜ ਮੁਸਲਮਾਨ ਸ਼ਾਸ਼ਕ ਸ਼ਾਹਜਹਾਂ ਨੇ ਵਿਰਾਸਤੀ ਯੁੱਧ ਵਿਚ ਕੱਟੜ ਮੁਸਲਮਾਨ ਔਰੰਗਜ਼ੇਬ ਦੀ ਥਾਂ ਫਰਾਖਦਿਲ ਅਤੇ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਦਾਰਾ ਸ਼ਿਕੋਹ ਦਾ ਸਾਥ ਦਿੱਤਾ।
ਨਾਵਲਕਾਰ ਨੇ ਦੇਸ਼ ਦੇ ਕੱਟੜਪੰਥੀਆਂ ਦੀ ਉਸ ਵਿਚਾਰਧਾਰਾ ਨੂੰ ਵੀ ਨਿਸ਼ਾਨੇ ‘ਤੇ ਲਿਆ ਹੈ, ਜੋ ਦਿਨ ਰਾਤ ਪ੍ਰਚਾਰਦੇ ਰਹਿੰਦੇ ਹਨ ਕਿ ਬਾਬਰ ਦੇ ਆਉਣ ਨਾਲ ਹਿੰਦੂਆਂ ਦੀ ਗੁਲਾਮੀ ਦਾ ਯੁੱਗ ਸ਼ੁਰੂ ਹੁੰਦਾ ਹੈ। ਨਾਵਲ ਵਿਚ ਬਾਦਸ਼ਾਹ ਬਾਬਰ ਧਰਮਰਾਜ ਦੀ ਕਚਹਿਰੀ ‘ਚ ਪੇਸ਼ ਹੋ ਕੇ ਆਪਣੇ ‘ਤੇ ਲੱਗੇ ਦੋਸ਼ਾਂ ਦਾ ਜਵਾਬ ਦਿੰਦਾ ਹੈ ਕਿ ਉਸ ਨੂੰ ਤਾਂ ਹਮਲਾ ਕਰਨ ਲਈ ਹਿੰਦੂ ਰਾਜਪੂਤ ਰਾਜੇ ਰਾਣਾ ਸਾਂਗਾ ਨੇ ਬੁਲਾਇਆ ਸੀ। ਉਹ ਆਖਦਾ ਹੈ, “ਮੈਂ ਹਿੰਦੋਸਤਾਨ ਨੂੰ ਆਪਣੇ ਲਈ ਜਿੱਤਣ ਆਇਆ ਸੀ, ਇਸਲਾਮ ਲਈ ਨਹੀਂ। ਮੈਂ ਤਾਂ ਕਦੇ ਤੁਲਸੀ ਦਾਸ ਦਾ ਨਾਂ ਵੀ ਨਹੀਂ ਸੀ ਸੁਣਿਆ, ਜੀਹਨੇ ਹਿੰਦੂਆਂ ਦੇ ਰਾਮ ਨੂੰ ਭਗਵਾਨ ਬਣਾਇਆ। ਮੇਰੇ ਦੌਰ ਵਿਚ ਰਾਮ ਭਗਵਾਨ ਸਨ ਹੀ ਨਹੀਂ, ਤਾਂ ਮੈਂ ਉਨ੍ਹਾਂ ਦਾ ਮੰਦਿਰ ਕਿਉਂ ਤੋੜਦਾ?”
ਨਾਵਲਕਾਰ ਦਾ ਇਹ ਵੀ ਸੁਆਲ ਹੈ ਕਿ ਇਕ ਮੁਸਲਮਾਨ ਸ਼ਾਸ਼ਕ (ਬਾਬਰ) ਨੇ ਦੂਜੇ ਮੁਸਲਿਮ ਸ਼ਾਸ਼ਕ (ਇਬਰਾਹਿਮ ਲੋਧੀ) ‘ਤੇ ਹਮਲਾ ਕੀਤਾ, ਇਸ ਵਿਚ ਹਿੰਦੂ ਕਿਥੋਂ ਆ ਗਿਆ?
ਨਾਵਲਕਾਰ ਸਾਨੂੰ ਦੁਨੀਆਂ ਭਰ ਦੇ ਵੰਡੀਆਂ ਪਾਉਣ ਵਾਲੇ ਹਾਕਮਾਂ/ਕੱਟੜਵਾਦੀਆਂ ਦੇ ਸਾਹਵੇਂ ਲਿਜਾ ਖੜਾ ਕਰਦਾ ਹੈ। ਆਰ. ਐਸ਼ ਐਸ਼, ਸਾਵਰਕਰ, ਇਕਬਾਲ, ਮੁਹੰਮਦ ਅਲੀ ਜਿਨਾਹ ਸਮੇਤ ਉਹ ਸਾਰੇ ਇਤਿਹਾਸਕ ਪਾਤਰ ਨਾਵਲ ਵਿਚ ਝੁਕੀਆਂ ਧੌਣਾਂ ਸਮੇਤ ਮੌਜੂਦ ਹਨ, ਜਿਨ੍ਹਾਂ ਨੇ ਪਾਕਿਸਤਾਨ ਬਣਾ ਕੇ ਦੇਸ਼ ਦੀ ਤਹਿਜ਼ੀਬ ਨੂੰ ਵੰਡਣ ਦਾ ਅਪਰਾਧ ਕੀਤਾ ਹੈ। ਇਥੇ ਅੰਗਰੇਜ਼ ਹੁਕਮਰਾਨਾਂ ਦੀ ਬਦਨੀਤੀ ਵੀ ਆਪਣੇ ਵਿਕਰਾਲ ਰੂਪ ਨਾਲ ਸਾਹਮਣੇ ਆਉਂਦੀ ਹੈ, ਜਿਨ੍ਹਾਂ ਨੇ ਆਉਂਦਿਆਂ ਹੀ ਇਹ ਮਹਿਸੂਸ ਕਰ ਲਿਆ ਸੀ ਕਿ ਇੰਨੇ ਵੱਡੇ ਦੇਸ਼ ਨੂੰ ਕਾਬੂ ਕਰਨਾ ਤੇ ਕਾਬੂ ਕਰੀ ਰੱਖਣਾ, ਕੋਈ ਬਹੁਤਾ ਔਖਾ ਕੰਮ ਨਹੀਂ ਹੈ, ਬੱਸ ਇਨ੍ਹਾਂ ਲੋਕਾਂ ਨੂੰ ਧਰਮ ਨਾਂ ਦੀ ਅਫੀਮ ਨਾਲ ਘੂਕ ਸੁਆਈ ਰੱਖਣਾ ਹੈ ਤੇ ਉਨ੍ਹਾਂ ਅੰਦਰਲੀ ਆਪਸੀ ਨਫਰਤ ਨੂੰ ਹਵਾ ਦੇਈ ਰੱਖਣੀ ਹੈ। ਕਮਲੇਸ਼ਵਰ ਨੇ ਸਾਡੇ ਸਮਿਆਂ ਦੇ ਸਾਰੇ ਹੁਕਮਰਾਨਾਂ ਨੂੰ ਕਟਹਿਰੇ ਵਿਚ ਖੜਾ ਕੀਤਾ ਹੈ, ਜੋ ਅਜੇ ਵੀ ਨਵੇਂ ਪਾਕਿਸਤਾਨ ਬਣਾਉਣ ਦੀ ਕਵਾਇਦ ‘ਚ ਲੱਗੇ ਰਹਿੰਦੇ ਹਨ।
ਨਾਵਲ ਦਾ ਘੇਰਾ ਬੜਾ ਵਸੀਹ ਹੈ। ਇਸ ਵਿਚ ਦੁਨੀਆਂ ਦੀਆਂ ਯੂਨਾਨੀ, ਮੈਸੋਪੋਟਾਮੀਆ, ਸਿੰਧੂ ਘਾਟੀ, ਅਫਰੀਕਨ ਤੇ ਆਰੀਅਨ ਸੱਭਿਅਤਾਵਾਂ ਉਪਰ ਸਟੀਕ ਟਿੱਪਣੀਆਂ ਕੀਤੀਆਂ ਗਈਆਂ ਹਨ। ਇਸ ਵਿਚ ਹਿੰਦੂ ਦੇਵਤੇ ਹਨ, ਉਨ੍ਹਾਂ ਦੀਆਂ ਦਰਾਵੜਾਂ ਨੂੰ ਹਰਾਉਣ ਲਈ ਵਰਤੀਆਂ ਚਾਲਾਂ ਹਨ, ਸ਼ੂਦਰ ਸੰਭੂਕ ਦੇ ਕੱਟੇ ਸਿਰ ਦੀ ਗਾਥਾ ਹੈ, ਲੋਕਾਂ ਦੀ ਵਰਣਾਂ ਜਾਤੀਆਂ ਦੇ ਰੂਪ ‘ਚ ਕੀਤੀ ਗੈਰ ਕੁਦਰਤੀ ਵੰਡ ਹੈ, ਬੁੱਧ ਧਰਮ ਦੀ ਫਿਲਾਸਫੀ ਹੈ, ਬ੍ਰਾਹਮਣ ਧਰਮ ਦੇ ਪੈਰੋਕਾਰਾਂ ਵੱਲੋਂ ਬੋਧੀਆਂ ਦੇ ਕੀਤੇ ਸਮੂਹਿਕ ਨਰਸੰਘਾਰ ਹਨ, ਮੁਸਲਿਮ ਹਮਲਾਵਰਾਂ ਦੇ ਹਮਲੇ, ਹਿੰਦੂ ਰਾਣੀਆਂ ਦੇ ਪੇਟੋਂ ਪੈਦਾ ਹੁੰਦੇ ਮੁਗਲ ਬਾਦਸ਼ਾਹਾਂ ਦਾ ਸੱਚ ਹੈ, ਅੰਗਰੇਜ਼ਾਂ ਨੂੰ ਹਿੰਦੋਸਤਾਨ ਜਿੱਤਣ ਵਿਚ ਮਦਦ ਕਰਦੇ ਸੇਠ ਜਗਤ ਵਰਗੇ ਲੋਕਾਂ ਦਾ ਵੇਰਵਾ ਹੈ, ਅੰਗਰੇਜ਼ਾਂ ਦੀ ਝੋਲੀ ਚੁੱਕਦੇ ਉਚ ਖਾਨਦਾਨੀਏ ਹਿੰਦੂ, ਸਿੱਖ ਤੇ ਮੁਸਲਮਾਨ ਹਨ, ਦੇਸ਼ ਦੀ ਵੰਡ ਦੇ ਨਾਂ ਹੇਠ ਮਨੁੱਖੀ ਸਭਿਅਤਾ ਦੀ ਅਣਮਨੁੱਖੀ ਵੰਡ ਹੈ ਤੇ ਵੰਡ ਤੋਂ ਬਾਅਦ ਕੱਟੜਵਾਦੀਆਂ ਵਲੋਂ ਨਵੇਂ ਪਾਕਿਸਤਾਨਾਂ ਦੀ ਸਿਰਜਣਾ ਲਈ ਢਾਹੇ ਤੇ ਉਸਾਰੇ ਜਾਂਦੇ ਨਵੇਂ ਧਰਮ ਅਸਥਾਨਾਂ ਦਾ ਜ਼ਿਕਰ ਹੈ। ਦੇਸ਼ ‘ਚ ਲੱਗਦੇ ਫਿਰਕੂ ਨਾਅਰਿਆਂ ਦਾ ਸ਼ੋਰ, ਅੱਗ ਉਗਲਦੇ ਭਾਸ਼ਣਾਂ ਦੀ ਜ਼ਹਿਰੀਲੀ ਹਵਾ ਅਤੇ ਲਿਸ਼ਕਦੀਆਂ ਛੁਰੀਆਂ ਤੇ ਤਲਵਾਰਾਂ ਦਾ ਖੌਫ ਹੈ।
ਨਾਵਲ ‘ਚ ਪੇਸ਼ ਹੋਏ ਕਈ ਸੱਚ ਤਾਂ ਐਨੇ ਕੌੜੇ ਹਨ ਕਿ ਕੱਟੜਵਾਦੀਆਂ ਦੇ ਹਜ਼ਮ ਆਉਣੇ ਬੜੇ ਔਖੇ ਹਨ, ਜਿਵੇਂ “ਇਕਬਾਲ (ਆਲਾਮਾ ਮੁਹੰਮਦ ਇਕਬਾਲ-ਸਾਰੇ ਜਹਾਂ ਸੇ ਅੱਛਾ ਵਾਲਾ) ਬਹੁਤ ਵੱਡਾ ਸ਼ਾਇਰ ਸੀ, ਪਰ ਆਪਣੇ ‘ਹਿੰਦੂ’ ਲਹੂ ਨੂੰ ਸੰਭਾਲ ਨਾ ਸਕਣ ਤੇ ਉਸ ਤੋਂ ਬਗਾਵਤ ਕਾਰਨ ਉਹ ਬਹੁਤ ਬੇਹੁਦਾ ਤੇ ਪਖੰਡੀ ਆਦਮੀ ਬਣ ਗਿਆ ਸੀ।”
‘ਹਿੰਦੂ ਕਿਸੇ ਤੋਂ ਨਹੀਂ ਡਰਦਾ। ਉਹ ਸਿਰਫ ਤਾਕਤਵਰ ਦੀ ਤਾਕਤ ਤੋਂ ਡਰਦਾ ਹੈ।’ ਆਪਣੇ ਇਸ ਕਥਨ ਦੀ ਸੱਚਾਈ ‘ਚ ਨਾਵਲਕਾਰ ਦਾਰਾ ਸ਼ਿਕੋਹ ਦੇ ਹਿੰਦੂ ਸਹੁਰੇ ਕੱਛ ਦੇ ਰਾਜਾ ਰਾਵ ਦੀ ਮਿਸਾਲ ਦਿੰਦਾ ਹੈ, ਜਿਸ ਨੇ ਆਪਣੀ ਕੁੜੀ ਦੀ ਸ਼ਾਦੀ ਦਾਰਾ ਸ਼ਿਕੋਹ ਨਾਲ ਕੀਤੀ, ਪਰ ਔਰੰਗਜ਼ੇਬ ਦਾ ਸਾਥ ਦੇ ਕੇ ਧੋਖੇ ਅਤੇ ਗੱਦਾਰੀ ਨਾਲ ਦਾਰਾ ਸ਼ਿਕੋਹ ਨੂੰ ਗ੍ਰਿਫਤਾਰ ਕਰਵਾ ਦਿੱਤਾ।
ਇਸੇ ਤਰ੍ਹਾਂ ਉਹ ਲਿਖਦਾ ਹੈ ਕਿ ਹਰ ਹਿੰਦੂ ਰਾਜਾ ਆਪਣੀ ਲੜਕੀ ਨੂੰ ਇਕ ਮਹਿਕਦੇ ਗੁਲਦਸਤੇ ਵਾਂਗ ਸਿਆਸਤ ਦੇ ਬਾਜ਼ਾਰ ਵਿਚ ਨਿਲਾਮ ਕਰ ਰਿਹਾ ਸੀ।
ਨਾਵਲ ਹਰ ਸੂਝਵਾਨ ਪਾਠਕ ਨੂੰ ਪੜ੍ਹਨਾ ਚਾਹੀਦਾ ਹੈ ਤੇ ਗੈਰ-ਸੂਝਵਾਨਾਂ ਨੂੰ ਇਸ ਤੋਂ ਵੀ ਜਰੂਰੀ, ਤਾਂ ਜੋ ਉਨ੍ਹਾਂ ਅੰਦਰਲਾ ‘ਹਿੰਦੂ-ਮੁਸਲਮਾਨ’ ਦਾ ਭੂਤ ਨਿਕਲ ਸਕੇ। ਨਾਵਲਕਾਰ ਸਾਨੂੰ ਉਂਗਲ ਫੜ੍ਹ ਕੇ ਦੁਨੀਆਂ ਦੇ ਇਤਿਹਾਸ ‘ਤੇ ਸਮਕਾਲ ਨਾਲ ਮਿਲਾ ਦਿੰਦਾ ਹੈ। ਇਤਿਹਾਸ ਨਾਵਲ ਵਿਚ ਕਿਵੇਂ ਆਉਂਦਾ ਹੈ ਜਾਂ ਕਿਵੇਂ ਆਉਣਾ ਚਾਹੀਦਾ ਹੈ? ਕਮਲੇਸ਼ਵਰ ਦਾ ਇਹ ਨਾਵਲ ਪੜ੍ਹ ਕੇ ਪਤਾ ਲੱਗਦਾ ਹੈ। ਪੰਜਾਬੀ ਦੇ ਵਧੇਰੇ ਇਤਿਹਾਸਕ ਤੇ ਮਿਥਿਹਾਸਕ ਨਾਵਲ ਇਸ ਇਕੱਲੇ ਨਾਵਲ ਤੋਂ ਵਾਰੇ ਜਾ ਸਕਦੇ ਹਨ। ਥਾਂ ਪੁਰ ਥਾਂ ਬਿਆਨ ਐਨਾ ਰੌਚਕ, ਕਲਾਸਿਕ ਤੇ ਪਾਰ-ਕਾਲੀ ਹੈ ਕਿ ਪਾਠਕ ਅਚੰਭਿਤ ਰਹਿ ਜਾਂਦਾ ਹੈ। ਨਾਵਲ ਦਿਮਾਗ ਦੇ ਬੰਦ ਪਏ ਸਾਰੇ ਕਪਾਟ ਖੋਲ੍ਹਣ ਦੇ ਸਮਰੱਥ ਹੈ। ਨਾਵਲ ਅੰਦਰਲਾ ਕੌੜਾ ਸੱਚ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਇਸ ਨੂੰ ‘ਸਾਹਿਤ ਅਕਾਡਮੀ ਦਾ ਸਰਕਾਰੀ ਐਵਾਰਡ’ ਕਿਵੇਂ ਮਿਲ ਗਿਆ!
ਨਾਵਲ ਸਾਨੂੰ ਦੱਸਦਾ ਹੈ ਕਿ ਇਤਿਹਾਸ ਦੀ ਛੋਟੀ ਜਿਹੀ ਗਲਤੀ ਦਾ ਬਹੁਤ ਵੱਡਾ ਖਮਿਆਜ਼ਾ ਆਉਣ ਵਾਲੀਆਂ ਨਸਲਾਂ ਨੂੰ ਭੁਗਤਣਾ ਪੈਂਦਾ ਹੈ। ‘ਲਮਹੋਂ ਨੇ ਖਤਾ ਕੀ, ਸਦੀਓਂ ਨੇ ਸਜ਼ਾ ਪਾਈ’ ਵਾਂਗ ਅਸੀਂ ਵਰਤਮਾਨ ‘ਚ ਜੋ ਪੀੜ ਹੰਢਾਈ ਹੈ, ਇਸ ਦੇ ਬੀਜ ਸਦੀਆਂ ਪਹਿਲਾਂ ਬੀਜੇ ਗਏ ਸਨ। ਸਮੇਂ ਸਮੇਂ ‘ਤੇ ਹਾਕਮਾਂ ਨੇ ਇਨ੍ਹਾਂ ਬੀਜਾਂ ਨੂੰ ਵੰਡ ਦਾ ਇਕ ਵੱਡਾ ਰੁੱਖ ਬਣਾਉਣ ਲਈ ਪਾਣੀ ਤੇ ਖਾਦ ਪਾਈ ਹੈ।
ਪੇਸ਼ ਹੈ, ਲੇਖਕ ਦੀ ਬਿਆਨੀ ਦਾ ਇਕ ਹੋਰ ਸ਼ਾਨਦਾਰ ਨਮੂਨਾ,
“ਚਾਂਦਨੀ ਚੌਕ ਵਿਚ ਹੁਣ ਨੇਜ਼ੇ ‘ਤੇ ਟੰਗਿਆ ਦਾਰਾ ਸ਼ਿਕੋਹ ਦਾ ਸਿਰ ਹੀ ਨਹੀਂ ਹੱਸ ਰਿਹਾ ਏ, ਸਗੋਂ ਗੁਰੂ ਤੇਗ ਬਹਾਦਰ ਦਾ ਸਿਰ ਕੱਟਣ ਦੇ ਬਾਵਜੂਦ ਝੁਕਣ ਅਤੇ ਧਰਤੀ ‘ਤੇ ਡਿੱਗਣ ਤੋਂ ਇਨਕਾਰ ਕਰ ਰਿਹਾ ਹੈ। ਉਨ੍ਹਾਂ ਦਾ ਲਹੂ ਬਾਰੂਦ ਵਿਚ ਬਦਲ ਗਿਆ ਹੈ ਤੇ ਉਹ ਇਕ ਅੱਗ ਦੇ ਗੋਲੇ ਵਾਂਗ ਤੇਜ਼ੀ ਨਾਲ ਘੁੰਮ ਰਿਹਾ ਹੈ, ਜਿਸ ਦੀ ਵਜ੍ਹਾ ਤੋਂ ਹਨੇਰੀਆਂ ਦੇ ਜਥੇ ਨਿਕਲ ਪਏ ਹਨ…।”
ਨਾਵਲ ਇਤਿਹਾਸ ਨੂੰ ਪੜ੍ਹਨ ਤੇ ਨਵੇਂ ਜਾਵੀਏ ਤੋਂ ਸਮਝਣ ਦੀ ਸੂਝ ਵੀ ਦਿੰਦਾ ਹੈ।