ਕਾਗਹੁ ਹੰਸ ਕਰਹਿ

ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’
ਫੋਨ: 559-333-5776
ਪ੍ਰੋ. ਧਰਮਵੀਰ ਸਿੰਘ ਚੱਠਾ ਦੀ ਪੁਸਤਕ “ਕਾਗਹੁ ਹੰਸ ਕਰਹਿ” ‘ਬਠਿੰਡੇ ਵਾਲੇ ਕਾਂ’ ਦੇ ਨਾਮ ਨਾਲ ਮਸ਼ਹੂਰ ਬਦਮਾਸ਼ ਦੇ ਜੀਵਨ ‘ਤੇ ਆਧਾਰਤ ਹੈ ਕਿ ਕਿਵੇਂ ਬੰਦੇ ਦੀ ਜ਼ਿੰਦਗੀ ਬਦਲਦਿਆਂ ਦੇਰ ਨਹੀਂ ਲਗਦੀ ਅਤੇ ਗੁਰੂ ਦੀ ਮਿਹਰ ਸਦਕਾ ਵਿਗੜੇ ਬਦਮਾਸ਼ ਤੋਂ ਰਜਿੰਦਰਪਾਲ ਸਿੰਘ ਖਾਲਸਾ ਬਣ ਗਿਆ। ਕਾਂ ਦੀ ਜੀਵਨੀ ‘ਤੇ ਆਧਾਰਤ 112 ਪੰਨਿਆਂ ਦੀ ਇਸ ਪੁਸਤਕ ਵਿਚ ਲੇਖਕ ਨੇ ਸਾਰੇ ਬਿਰਤਾਂਤ ਬਹੁਤ ਵਧੀਆ ਤਰੀਕੇ ਨਾਲ ਕਲਮਬੰਧ ਕੀਤੇ ਹਨ। ਲੇਖਕ ਦੀ ਸਰਲ ਲੇਖਣੀ ਪਾਠਕ ਨੂੰ ਆਪਣੇ ਨਾਲ ਉਂਗਲ ਫੜ ਕੇ ਤੋਰਨ ਦੀ ਸਮਰੱਥਾ ਰੱਖਦੀ ਹੈ। ਬਠਿੰਡੇ ਵਾਲੇ ਕਾਂ ਤੋਂ ਰਜਿੰਦਰਪਾਲ ਸਿੰਘ ਖਾਲਸਾ ਦੇ ਸਫਰ ਦੀ ਪੂਰੀ ਕਹਾਣੀ ਇਉਂ ਹੈ:

ਰੱਬ ਨੇ ਇਨਸਾਨ ਨੂੰ ਇਸ ਦੁਨੀਆਂ ‘ਤੇ ਫਰਿਸ਼ਤਾ ਬਣਾ ਕੇ ਭੇਜਿਆ ਹੈ। ਕਈ ਵਾਰ ਇਨਸਾਨ ਦੀ ਜਿੰ.ਦਗੀ ਲਫਜ਼ਾਂ ਦੇ ਪਹਿਰਾਵੇ ਤੋਂ ਬਾਹਰ ਚਲੀ ਜਾਂਦੀ ਹੈ। ਜਿਸ ਮਾਹੌਲ ਵਿਚੋਂ ਤੁਸੀਂ ਗੁਜ਼ਰਦੇ ਹੋ, ਉਸੇ ਨਾਲ ਹੀ ਤੁਰ ਪੈਂਦੇ ਹੋ। ਵਕਤ ਦਾ ਝੰਬਿਆ ਮਨੁੱਖ ਸਮਾਜ ਵਿਚ ਆਪਣੇ ਫਰਜ਼ ਨਹੀਂ ਨਿਭਾ ਸਕਦਾ। ਬੁਰੇ ਦੌਰ ਦੀ ਜਦੋਂ ਚੱਕੀ ਚਲਦੀ ਹੈ ਤਾਂ ਲੋਕ ਤੁਹਾਨੂੰ ਵੇਖ ਕੇ ਘਰਾਂ ਨੂੰ ਜਿੰਦਰੇ ਮਾਰ ਲੈਂਦੇ ਹਨ। ਵਕਤ ਦੀਆਂ ਕਰਵਟਾਂ ਆਪਣਾ ਫਰਜ਼ ਨਿਭਾਉਂਦੀਆਂ ਰਹਿੰਦੀਆਂ ਹਨ। ਵਕਤ ਤੋਂ ਖੁੰਝਣਾ ਤੁਰਨਾ ਨਹੀਂ, ਭਟਕਣਾ ਰਹਿ ਜਾਂਦਾ ਹੈ। ਮੈਂ ਗੱਲ ਕਰਨ ਲੱਗਾ ਹਾਂ ਉਸ ਸ਼ਖਸ ਦੀ, ਜੋ ਜ਼ਿੰਦਗੀ ਦੀ ਮੰਜ਼ਿਲ ਤੋਂ ਭਟਕ ਕੇ ਮੁੜ ਗੁਰੂਆਂ ਵੱਲੋਂ ਦੱਸੇ ਮਾਰਗ ‘ਤੇ ਆਣ ਖਲੋਤਾ।
1997 ਤੋਂ ਲੈ ਕੇ 2007 ਤੱਕ ਖੌਫ ਦਾ ਦੂਜਾ ਨਾਂ ‘ਬਠਿੰਡੇ ਵਾਲਾ ਕਾਂ’, ਜੋ ਬਠਿੰਡੇ ਦੇ ਨਵੇਂ ਵਸੇ ਇਲਾਕੇ ਭਾਈ ਮਤੀ ਦਾਸ ਨਗਰ ਦਾ ਵਸਨੀਕ ਸੀ। ਇਕੱਲਾ ਪੁੱਤ ਮਾਪਿਆਂ ਨੇ ਬੜੇ ਹੀ ਚਾਵਾਂ ਨਾਲ ਪਾਲਿਆ ਸੀ। ਪਿਤਾ ਫੌਜ ਵਿਚ ਕੈਪਟਨ ਸੀ। ਮਾਂ-ਪਿਓ ਅਤੇ ਭੈਣਾਂ ਦੇ ਸੁਪਨੇ ਘਰ ਦੇ ਇਕਲੌਤੇ ਚਿਰਾਗ ਵਿਚ ਸਮੋਏ ਹੋਏ ਸਨ। ਪੜ੍ਹਾਈ ਦੇ ਨਾਲ ਨਾਲ ਮਾਪਿਆਂ ਨੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਬਾਬੇ ਫਰੀਦ ਦੇ ਅਖਾੜੇ ਫਰੀਦਕੋਟ ਭੇਜਿਆ। ਕੋਚ ਜਗਦੇਵ ਸਿੰਘ ਨੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤਿਆਰ ਕੀਤਾ। ਭਲਵਾਨੀ ਕਰਦਿਆਂ ਉਸ ਨੇ ਕੁਝ ਜਿੱਤਾਂ ਵੀ ਦਰਜ ਕੀਤੀਆਂ। ਸਟੇਟ ਲੈਵਲ ‘ਤੇ ਘੁਲਣ ਪਿਛੋਂ ਜਦੋਂ ਉਹੋ ਵਾਪਸ ਬਠਿੰਡੇ ਆਇਆ, ਉਸ ਉਪਰੋਂ ਭਲਵਾਨੀ ਦਾ ਨਸ਼ਾ ਉਤਰਨ ਲੱਗਾ। ਘਰ ਦਾ ਮਾਹੌਲ ਬੇਹੱਦ ਧਾਰਮਿਕ ਸੀ। ਕਾਂ ਸ਼ੁਰੂ ਤੋਂ ਹੀ ਭਿੰਡਰਾਂਵਾਲੇ ਸੰਤਾਂ ਦਾ ਉਪਾਸ਼ਕ ਸੀ, ਪਰ ਉਸ ਉਪਰ ਫਿਲਮਾਂ ਦਾ ਪ੍ਰਭਾਵ ਹੋਣ ਕਰਕੇ ਸੰਜੇ ਦੱਤ ਵਾਂਗ ਲੰਮੇ ਵਾਲ ਰੱਖੇ ਹੋਏ ਸਨ। ਇੱਥੇ ਉਸ ਦੀ ਸਮਝ ਗੋਤਾ ਖਾ ਗਈ। ਬਣਨਾ ਤਾਂ ਉਸ ਨੂੰ ਨਾਇਕ ਚਾਹੀਦਾ ਸੀ, ਪਰ ਸੁਪਨੇ ਖਲਨਾਇਕ ਬਣਨ ਦੇ ਲੈਣ ਲੱਗ ਪਿਆ।
ਪੌਲੀਟੈਕਨਿਕ ਕਾਲਜ, ਬਠਿੰਡਾ ਪੜ੍ਹਦਿਆਂ ਭਾਗੂ ਰੋਡ ‘ਤੇ ਇੱਕ ਗਹਿਗੱਚ ਲੜਾਈ ਹੋਈ। ਇਸ ਲੜਾਈ ਵਿਚ ਪੁਰਾਤਨ ਹਥਿਆਰਾਂ ਨਾਲ ਪੂਰੀ ਵੱਢ-ਟੁੱਕ ਹੋਈ। ਇਸ ਪਿੱਛੋਂ ਉਸ ਦੀ ਦਲੇਰੀ ਅਤੇ ਦਹਿਸ਼ਤ ਦੇ ਚਰਚੇ ਇਲਾਕੇ ਵਿਚ ਸ਼ੁਰੂ ਹੋ ਗਏ। ਫਿਰ ਇਸ ਨਾਲ ਆਸੇ-ਪਾਸੇ ਪਿੰਡਾਂ ਦੇ ਮੁੰਡੇ ਜੁੜਨੇ ਸ਼ੁਰੂ ਹੋ ਗਏ। ਮਤੀ ਦਾਸ ਨਗਰ ਵਿਚ ਰਹਿਣ ਕਰਕੇ ਇਹ ਮਤੀ ਦਾਸ ਗਰੁੱਪ ਨਾਲ ਮਸ਼ਹੂਰ ਹੋ ਗਏ। ਸਿਆਣੇ ਕਹਿੰਦੇ, ਬਾਰੂਦ ਹੋਵੇ ਨਾ ਫਟੇ, ਤੇ ਸੂਰਮਾ ਹੋਵੇ ਪਾਸਾ ਵੱਟੇ…ਇਹ ਵੀ ਕਦੇ ਕਦੇ ਹੋ ਜਾਂਦਾ ਹੈ। ਆਪਣਿਆਂ ਵੱਲੋਂ ਰੋਕਣ ਦੇ ਬਾਵਜੂਦ ਦੁਸ਼ਮਣ ਨੂੰ ਕਮਜ਼ੋਰ ਸਮਝਣ ਵਾਲੀ ਬੇਸਮਝੀ ਦਾ ਸ਼ਿਕਾਰ ਹੋ ਗਿਆ। ਪੰਪ ‘ਤੇ ਇਕੱਲਾ ਤੇਲ ਪਵਾਉਂਦਾ ਮਾਰ ਖਾ ਗਿਆ।
ਜ਼ਖਮਾਂ ਦੀ ਪੀੜ ਨੇ ਸਰੀਰ ਦੀ ਤਾਕਤ ਅਤੇ ਦਲੇਰੀ ਨੂੰ ਇਹੋ ਜਿਹਾ ਕੁਰਾਹੇ ਪਾਇਆ, ਉਸ ਦੀ ਲੰਮੀ ਡਾਂਗ ਵਾਲਾ ਚੰਡਿਆ ਹੋਇਆ ਗੰਡਾਸਾ ਦਸ ਸਾਲ ਖੁੰਢਾ ਨਹੀਂ ਹੋਇਆ। ਉਸ ਨੇ ਵਿਰੋਧੀ ਗੁੱਟਾਂ ਨਾਲ ਅਨੇਕਾਂ ਹੀ ਲੜਾਈਆਂ ਲੜੀਆਂ-ਚਾਹੇ ਉਹ ਕਾਲਜ ਦੀ ਪ੍ਰਧਾਨਗੀ ਹੋਵੇ, ਯਾਰੀ ਪਿੱਛੇ ਜ਼ਮੀਨ ਦੇ ਕਬਜ਼ੇ, ਟਰੱਕ ਯੂਨੀਅਨ ਦੀ ਪ੍ਰਧਾਨਗੀ, ਪਿੰਡ ਦੀ ਸਰਪੰਚੀ, ਮਿਨੀ ਬੱਸਾਂ ਦੇ ਟਾਈਮ ਦੇ ਮਸਲੇ, ਚੋਣਾਂ ਆਦਿ! ਇੱਕ ਵਾਰੀ ਕਾਲਜ ਦੀ ਪ੍ਰਧਾਨਗੀ ਸਮੇਂ ਅਨੇਕਾਂ ਮੁੰਡਿਆਂ ਦੀ ਮੌਜੂਦਗੀ ਵਿਚ ਸਿਰਫ ਦੋ ਮੁੰਡਿਆਂ ਨੂੰ ਨਾਲ ਲੈ ਕੇ ਪੋਸਟਰ ਲੈ ਆਏ ਸਨ, ਤੇ ਇਨ੍ਹਾਂ ਪੋਸਟਰਾਂ ਨੂੰ ਉਤਾਰਨ ਦੀ ਕਿਸੇ ਨੇ ਕੋਸ਼ਿਸ਼ ਨਹੀਂ ਸੀ ਕੀਤੀ।
ਅਖੀਰਲੀ ਗੱਲ ਕਿ ਇਲਾਕੇ ਦੀ ਹਰ ਬਦਮਾਸ਼ੀ ਵਿਚ ਕਾਂ ਨੇ ਆਪਣਾ ਦਬਦਬਾ ਬਣਾਈ ਰੱਖਿਆ। ਇਨ੍ਹਾਂ ਲੜਾਈਆਂ ਦੌਰਾਨ ਕਾਂ ‘ਤੇ ਅਣਗਿਣਤ ਕੇਸ ਪਏ। ਅਨੇਕਾਂ ਵਾਰ ਜੇਲ੍ਹ ਯਾਤਰਾਵਾਂ ਕੀਤੀਆਂ। ਪਹਿਲੀ ਵਾਰ ਜੇਲ੍ਹ ਦੀ ਕਾਲ ਕੋਠੜੀ ਦੀ ਠੰਢੀ ਫਰਸ਼ ਨੇ ਕਾਫੀ ਤੰਗ-ਪ੍ਰੇਸ਼ਾਨ ਕੀਤਾ। ਲਗਾਤਾਰ ਜੇਲ੍ਹ ਅੰਦਰ ਆਉਣ-ਜਾਣ ਕਰਕੇ ਸਾਰਾ ਡਰ ਖਤਮ ਹੋ ਗਿਆ। ਕਾਂ ਲਈ ਜੇਲ੍ਹ ਛੁੱਟੀਆਂ ਕੱਟਣ ਵਾਲੀ ਸੁਰੱਖਿਅਤ ਥਾਂ ਬਣ ਗਈ। ਜੇਲ੍ਹ ਅੰਦਰ ਹਰ ਤਰ੍ਹਾਂ ਦੀ ਬੁਰਾਈ ਨਾਲ ਜੁੜੇ ਇਨਸਾਨ ਨਾਲ ਵਾਹ ਪਿਆ। ਪੈਸੇ ਅਤੇ ਦਬਦਬੇ ਵਾਲੇ ਇਨਸਾਨ ਲਈ ਜੇਲ੍ਹ ਦੇ ਕੋਈ ਵੀ ਅਰਥ ਨਹੀਂ ਹਨ। ਇਹ ਸੁਧਾਰ ਘਰ ਦੀ ਥਾਂ ਬਿਮਾਰ ਘਰ ਬਣ ਗਏ ਹਨ। ਹੌਲੀ ਹੌਲੀ ਮਤੀ ਦਾਸ ਗਰੁੱਪ ਨਸ਼ਿਆਂ ਦਾ ਸ਼ਿਕਾਰ ਹੋ ਗਿਆ। ਫਿਰ ਸਾਰਾ ਸਾਰਾ ਦਿਨ ਖੋਖਿਆਂ ‘ਤੇ ਬੈਠ ਕੇ ਸਿਗਰਟ, ਬੀੜੀ, ਫੈਂਸੀ, ਜਰਦੇ ਅਤੇ ਹੋਰ ਅਨੇਕਾਂ ਕਿਸਮ ਦੇ ਨਸ਼ੇ ਚੱਲਦੇ। ਵੇਚਣ ਵਾਲਿਆਂ ਦੀ ਚਾਂਦੀ ਤੇ ਮਾਂਵਾਂ ਦੇ ਪੁੱਤਾਂ ਦੀ ਬਰਬਾਦੀ; ਨਸ਼ਿਆਂ ਦਾ ਕੋਈ ਟਿਕਾਣਾ ਨਾ ਰਿਹਾ। ਗੱਲ ਖਤਮ ਕਿ ਭੈਣਾਂ ਦੀਆਂ ਡੋਲੀਆਂ ਤੋਰਨ ਵੇਲੇ ਵੀ ਨਸ਼ੇ ਵਿਚ ਗੁਲਤਾਨ ਰਿਹਾ। ਲੋਹੇ ਵਰਗਾ ਸਰੀਰ ਸੁੱਕ ਕੇ ਪਿੰਜਰ ਬਣਦਾ ਜਾ ਰਿਹਾ ਸੀ।
ਕਾਂ ਦਾ ਵਿਆਹ 2006 ਵਿਚ ਬੀਬੀ ਸੁਖਪਾਲ ਕੌਰ ਨਾਲ ਹੋਇਆ। ਉਹ ਪਰਮਾਤਮਾ ‘ਤੇ ਵਿਸ਼ਵਾਸ ਰੱਖਣ ਵਾਲੀ ਧਾਰਮਿਕ ਕੁੜੀ ਸੀ। ਇਸ ਤਰ੍ਹਾਂ ਨਸ਼ੇ ਦੀ ਮਦਹੋਸ਼ੀ ਵਿਚ ਕਾਂ ਦਾ ਐਕਸੀਡੈਂਟ ਹੋ ਗਿਆ। ਹਸਪਤਾਲ ਵਿਚ ਉਸ ਦੀ ਦੋਸਤੀ ਹਰਪਿੰਦਰ ਸਿੰਘ ਗਿਆਨੀ ਨਾਲ ਹੋਈ। ਉਹ ਧਾਰਮਿਕ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਸੀ। ਉਸ ਨੇ ਸੰਤਾਂ ਬਾਰੇ ਕੁਝ ਕਿਤਾਬਾਂ ਪੜ੍ਹਨ ਲਈ ਦਿੱਤੀਆਂ। ਅਸਲ ਵਿਚ ਇਹ ਦੁਰਘਟਨਾ ਨਹੀਂ ਸੀ, ਸਗੋਂ ਇਸ ਦੁਰਘਟਨਾ ਨੇ ਉਸ ਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ। ਮਾਂ-ਪਿਓ ਅਤੇ ਘਰ ਵਾਲੀ ਦੀਆਂ ਅਰਦਾਸਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਉਸ ਦੇ ਅੰਦਰਲੇ ਇਨਸਾਨ ਨੇ ਜਾਗਣਾ ਸ਼ੁਰੂ ਕਰ ਦਿੱਤਾ। ਲੰਬਾ ਸਮਾਂ ਉਸ ਦੇ ਅੰਦਰ ਨੇਕੀ ਅਤੇ ਬਦੀ ਦੀ ਲੜਾਈ ਹੋਈ। ਗੁਰੂ ਭਰੋਸੇ ਉਸ ਦੇ ਅੰਦਰਲੇ ਸ਼ਿੱਦਕ ਨੇ ਇੱਕ ਦਿਨ ਬੁਰਾਈ ਨੂੰ ਹਰਾ ਦਿੱਤਾ। ਜਿਸ ਦੇ ਬਾਪ ਦਾ ਸਿਰੜ ਸਰਹੱਦਾਂ ਦੀਆਂ ਲਕੀਰਾਂ ਬਦਲ ਦਿੰਦਾ ਹੋਵੇ, ਉਸ ਦੇ ਪੁੱਤਰ ਦੀ ਜ਼ਿੰਦਗੀ ਬਦਲਣੀ ਕੋਈ ਵੱਡੀ ਗੱਲ ਨਹੀਂ ਸੀ।
ਖੁੰਖਾਰੂ ਬਿਰਤੀ ਵਾਲਾ ਕਾਂ 2014 ਵਿਚ ਆਪਣੇ ਦੋਵੇਂ ਪੁੱਤਰਾਂ ਅਤੇ ਧਰਮ ਪਤਨੀ ਨਾਲ ਅੰਮ੍ਰਿਤਪਾਨ ਕਰਕੇ ਨਿਮਰਤਾ ਦਾ ਪੁੰਜ ਰਜਿੰਦਰਪਾਲ ਸਿੰਘ ਖਾਲਸਾ ਬਣ ਗਿਆ। ਇਸ ਵਿਚ ਆਪਣੇ ਮਾਂ ਬਾਪ ਅਤੇ ਪੁਰਖਿਆਂ ਦਾ ਅਣਖੀ ਅਤੇ ਜੁਝਾਰੂ ਖੂਨ ਸੀ, ਜਿਸ ਨੂੰ ਇਸ ਨੇ ਸਹੀ ਰਸਤੇ ‘ਤੇ ਲਿਆ ਖੜਾ ਕੀਤਾ। ਰਜਿੰਦਰਪਾਲ ਸਿੰਘ ਖਾਲਸਾ ਦੀ ਆਪਣੇ ਗੁਨਾਹ ਕਬੂਲਣ ਵਾਲੀ ਦਲੇਰੀ ਦੀ ਦਾਦ ਦੇਣੀ ਬਣਦੀ ਹੈ। ਹੁਣ ਉਸ ਦੀ ਜ਼ਿੰਦਗੀ ਦਾ ਹੁਸੀਨ ਸਫਰ ਜ਼ਿੰਦਗੀ ਦੀਆਂ ਨਵੀਂਆਂ ਲੀਹਾਂ ਵੱਲ ਤੁਰ ਪਿਆ ਹੈ।
ਅਨੰਦ ਦੀ ਪ੍ਰਾਪਤੀ ਵੱਲ ਤੁਰੇ ਗੁਰਸਿੱਖ ਦਾ ਰਸਤਾ ਕਦੇ ਖਤਮ ਨਹੀਂ ਹੁੰਦਾ, ਮੈਂ ਆਸ ਕਰਦਾਂ ਕਿ ਜੁਝਾਰੂ ਨੌਜਵਾਨ ਸਮਾਜ ਦੀਆਂ ਬੁਰੀਆਂ ਨਾਲ ਲੜ ਕੇ ਇੱਕ ਨਵਾਂ ਇਤਿਹਾਸ ਲਿਖੇਗਾ। ਸਾਡੇ ਸਮਾਜ ਨੂੰ ਇਸ ਵੀਰ ਦੇ ਕੌੜੇ ਤਜਰਬਿਆਂ ਦਾ ਲਾਭ ਲੈਣਾ ਚਾਹੀਦਾ ਹੈ। ਇਸ ਵੀਰ ਨੂੰ ਪਿੰਡਾਂ ਵਿਚ ਸਤਿਕਾਰ ਦੇ ਕੇ ਪ੍ਰੋ. ਧਰਮਵੀਰ ਚੱਠਾ ਵੱਲੋਂ ਲਿਖੀ ਕਿਤਾਬ “ਕਾਗਹੁ ਹੰਸੁ ਕਰੇਇ” ਉਪਰ ਸੈਮੀਨਰ ਕਰਵਾਉਣੇ ਚਾਹੀਦੇ ਹਨ ਅਤੇ ਨੌਜਵਾਨਾਂ ਅੰਦਰ ਇਹ ਕਿਤਾਬ ਜਾਗ੍ਰਿਤੀ ਵਜੋਂ ਵੰਡਣੀ ਚਾਹੀਦੀ ਹੈ, ਤਾਂ ਜੋ ਲੋਕਾਂ ਦੇ ਪੁੱਤ ਆਪਣੀ ਕੀਮਤੀ ਜ਼ਿੰਦਗੀ ਤੋਂ ਭਟਕ ਕੇ ਬਰਬਾਦੀ ਤੋਂ ਬਚ ਸਕਣ।