ਮੌਤ ਨਾਲ ਸਤਰੰਜ਼ ਖੇਡਦੀ ਜ਼ਿੰਦਗੀ ਦੀ ਬਾਤ ‘ਸੈਵਨਥ ਸੀਲ’

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ, ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸਵੀਡਨ ਦੇ ਸਰਕਰਦਾ ਫਿਲਮਸਾਜ਼ ਇੰਗਮਾਰ ਬਰਗਮੈਨ ਦੀ ਫਿਲਮ ‘ਦਿ ਸੈਵਨਥ ਸੀਲ’ ਬਾਰੇ ਚਰਚਾ ਕੀਤੀ ਗਈ ਹੈ। ਇਸ ਫਿਲਮ ਵਿਚ ਮੌਤ ਦੇ ਰਹੱਸ ਅਤੇ ਧੜਕਦੀ ਜ਼ਿੰਦਗੀ ਦੀਆਂ ਦਾਰਸ਼ਨਿਕ ਗੱਲਾਂਬਾਤਾਂ ਹਨ।

-ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330
ਫਿਲਮਸਾਜ਼ ਇੰਗਮਾਰ ਬਰਗਮੈਨ ਦੀ ਫਿਲਮ ‘ਦਿ ਸੈਵਨਥ ਸੀਲ’ ਵਿਚ ਇੱਕ ਕਿਰਦਾਰ ਮੌਤ ਤੋਂ ਜਵਾਬ-ਤਲਬੀ ਕਰ ਰਿਹਾ ਹੈ। ਪਿਆਰ ਤੇ ਰੱਬ ਤੋਂ ਬਾਅਦ ਮੌਤ ਤੀਜੀ ਅਜਿਹੀ ਬੁਝਾਰਤ ਹੈ ਜਿਸ ਨੇ ਮਨੁੱਖੀ ਚੇਤਨਾ, ਹੋਂਦ ਤੇ ਆਜ਼ਾਦੀ ਨੂੰ ਹਜ਼ਾਰਾਂ ਵਾਰੀ ਸੂਈ ਦੇ ਨੱਕੇ ‘ਚੋਂ ਲੰਘਾਇਆ ਹੈ। ਫਿਲਮ ਦੇ ਪਿਛੋਕੜ ਵਿਚ ਫਿਲਮਸਾਜ਼, ਸਵੀਡਨ ‘ਚ ਫੈਲੀ ‘ਬਲੈਕ ਡੈੱਥ’ (ਪਲੇਗ) ਦੀ ਦਹਿਸ਼ਤ ਨੂੰ ਫਿਲਮ ਦੇ ਕਿਰਦਾਰਾਂ, ਕਥਾਨਕ ਅਤੇ ਬਿਰਤਾਂਤ ਨਾਲ ਖੇਡਣ ਦਾ ਮੌਕਾ ਦਿੰਦਾ ਹੈ। ਉਹਨਾਂ ਸਮਿਆਂ ਦੇ ਚੱਕਰਵਿਊ ਵਿਚ ਫਸਿਆ ਪਰ ਜੰਗ ਵਿਚੋਂ ਸਾਬਤ-ਸਬੂਤ ਬਚਿਆ ਐਨਟੋਨੀਅਸ ਬਲਾਕ ਪਾਦਰੀ ਦੇ ਰੂਪ ਵਿਚ ਲੁਕੀ ਖੜ੍ਹੀ ਅਤੇ ਉਸ ਦੀ ਪੈੜ-ਚਾਲ ਨੱਪਦੀ ਆ ਰਹੀ ਮੌਤ ਤੋਂ ਪੁੱਛਦਾ ਹੈ:
“ਕਿਉਂ ਬੰਦਾ ਆਪਣੀ ਚੇਤਨਾ ਦੇ ਸਿਰ ‘ਤੇ ਹੀ ਰੱਬ ਨੂੰ ਪ੍ਰਾਪਤ ਨਹੀਂ ਕਰ ਲੈਂਦਾ? ਉਹ ਆਪਣੇ-ਆਪ ਨੂੰ ਉਲਝਾਵੇਂ ਭੁਲੇਖਿਆਂ ਅਤੇ ਅਣ-ਕਿਆਸੇ ਚਮਤਕਾਰਾਂ ਵਿਚ ਕਿਉਂ ਲੁਕੋ ਕੇ ਰੱਖਦਾ ਹੈ? ਅਸੀਂ ਉਸ ਨੂੰ ਮੰਨਣ ਵਾਲਿਆਂ ਦਾ ਯਕੀਨ ਕਿਉਂ ਕਰੀਏ ਜਦ ਅਸੀਂ ਖੁਦ ਹੀ ਆਪਣੇ-ਆਪ ‘ਤੇ ਯਕੀਨ ਨਹੀਂ ਕਰ ਸਕਦੇ? ਸਾਡੇ ਵਿਚੋਂ ਉਹਨਾਂ ਦਾ ਕੀ ਬਣੂ ਜਿਹੜੇ ਯਕੀਨ ਕਰਨਾ ਚਾਹੁੰਦੇ ਹਨ ਪਰ ਅਜਿਹਾ ਕਰਨ ਤੋਂ ਅਸਮਰਥ ਹਨ? ਤੇ ਉਹਨਾਂ ਦਾ ਕੀ ਬਣੂ ਜਿਹਨਾਂ ਨੇ ਨਾ ਯਕੀਨ ਕੀਤਾ, ਨਾ ਹੀ ਕਰਨਾ ਹੈ? ਮੈਂ ਆਪਣੇ ਅੰਦਰ ਦੇ ਰੱਬ ਨੂੰ ਹੀ ਕਤਲ ਕਿਉਂ ਨਹੀਂ ਕਰ ਦਿੰਦਾ? ਉਹ ਮੇਰੇ ਇੰਨੇ ਦਰਦ ਵਿੰਨ੍ਹੇ ਤੇ ਜ਼ਲਾਲਤ ਭਰੇ ਆਪੇ ਵਿਚ ਰਹਿਣ ਤੋਂ ਇਨਕਾਰ ਕਿਉਂ ਨਹੀਂ ਕਰ ਦਿੰਦਾ? ਮੈਂ ਉਸ ਨੂੰ ਆਪਣੇ ਦਿਲ ਦੀ ਸਾਰੀਆਂ ਕੰਧਾਂ ਤੋਂ ਮਿਟਾ ਦੇਣਾ ਚਾਹੁੰਦਾ ਪਰ ਉਹ ਹਾਸੋਹੀਣਾ ਸੱਚ ਬਣ ਕੇ ਮੇਰੇ ਦਿਲ ਵਿਚ ਧਸਿਆ ਪਿਆ ਜਿਸ ਤੋਂ ਮੇਰਾ ਖਹਿੜਾ ਨਹੀਂ ਛੁੱਟ ਸਕਦਾ। ਕੀ ਉਹ ਮੈਨੂੰ ਸੁਣ ਸਕਦਾ ਹੈ?”
ਐਨਟੋਨੀਅਸ ਬਲਾਕ ਦਾ ਕਿਰਦਾਰ ਆਧੁਨਿਕ ਆਸਤਿਕਤਾ ਵਾਲਾ ਕਿਰਦਾਰ ਹੈ। ਉਹ ਨਾ ਤਾਂ ਮੱਧਯੁੱਗੀ ਕਿਰਦਾਰਾਂ ਵਾਂਗ ਮਿੱਥਾਂ ਅਤੇ ਕਲਪਿਤ ਕਹਾਣੀਆਂ ਦੇ ਸਿਰ ‘ਤੇ ਘੜੇ ਰੱਬ ਵਿਚ ਯਕੀਨ ਕਰ ਸਕਦਾ ਹੈ ਅਤੇ ਨਾ ਹੀ ਮੌਤ ਵਰਗੀ ਪਾਰਦਰਸ਼ੀ ਸੱਚਾਈ ਤੋਂ ਖਹਿੜਾ ਛੁਡਾ ਸਕਦਾ ਹੈ। ਆਧੁਨਿਕ ਮਨੁੱਖ ਨੂੰ ਇਸ ਗੱਲ ਦੀ ਸਮਝ ਹੈ ਕਿ ਉਹ ਰੱਬ ਅਤੇ ਮੌਤ ਬਾਰੇ ਜਿੰਨਾ ਮਰਜ਼ੀ ਜਾਣਨ ਦੀ ਕੋਸ਼ਿਸ਼ ਕਰੇ ਪਰ ਆਖਿਰ ਨੂੰ ਇਹਨਾਂ ਦੋਹਾਂ ਬਾਰੇ ਉਸ ਦਾ ਗਿਆਨ ਨਾ-ਮੁਕੰਮਲ ਹੀ ਰਹੇਗਾ। ਇਸ ਦੇ ਬਾਵਜੂਦ ਉਹ ਨਾ ਤਾਂ ਰੱਬ ਨੂੰ ਪਾਉਣ ਲਈ ਹੱਥ-ਪੈਰ ਮਾਰਨੇ ਬੰਦ ਕਰਦਾ ਹੈ ਅਤੇ ਨਾ ਹੀ ਮੌਤ ‘ਤੇ ਜਿੱਤ ਪਾਉਣ ਲਈ ਤਿਕੜਮਾਂ ਲਗਾਉਣ ਤੋਂ ਬਾਜ਼ ਆਉਂਦਾ ਹੈ। ਉਹ ਜ਼ਿੰਦਗੀ ਭਰ ਜ਼ਿੰਦਗੀ ਦਾ ਕੈਦੀ ਬਣਿਆ ਰਹਿੰਦਾ ਹੈ ਅਤੇ ਮੌਤ ਤੋਂ ਬਾਅਦ ਮੌਤ ਦੀਆਂ ਸ਼ਰਤਾਂ ਮੰਨਣ ਲਈ ਸਰਾਪਿਆ ਹੋਇਆ ਹੈ।
ਇੱਥੇ ਫਿਲਮਸਾਜ਼ ਮੌਤ ਬਾਰੇ ਦਾਰਸ਼ਨਿਕ ਬਿਰਤਾਂਤ ਸਿਰਜਦੇ ਹੋਏ ਵੀ ਮੌਤ ਨੂੰ ਅੰਤਿਮ ਸੱਚ ਮੰਨਣ ਤੋਂ ਇਨਕਾਰ ਕਰਦਾ ਹੈ। ਉਮੀਦ ਅਤੇ ਸੰਭਾਵਨਾ ਦਾ ਮੈਟਾਫਰ ਸਿਰਜਣ ਲਈ ਉਹ ਅਜਿਹੇ ਪਰਿਵਾਰ ਨੂੰ ਫਿਲਮ ਦੀ ਦੂਜੀ ਧਿਰ ਬਣਾਉਣ ਲਈ ਚੁਣਦਾ ਹੈ ਜਿਹੜਾ ਸੁਪਨਿਆਂ ਅਤੇ ਪੁਨਰ-ਸਿਰਜਣ ਵਿਚ ਵਿਸ਼ਵਾਸ ਕਰਦਾ ਹੈ, ਤੇ ਕਲਾ ਨੂੰ ਸਮਰਪਿਤ ਹੈ। ਮੌਤ ਦੇ ਖਿਲਾਫ ਕਲਾ ਤੋਂ ਵੱਡੀ ਢਾਲ ਹੋਰ ਕੀ ਹੋ ਸਕਦੀ ਹੈ? ਇਸ ਪਰਿਵਾਰ ਵਿਚ ਵਣਜਾਰਾ ਦੰਪਤੀ ਜੌਫ ਅਤੇ ਮਿਆ ਹਨ ਜਿਹਨਾਂ ਦਾ ਨਿੱਕਾ ਮੁੰਡਾ ਮਾਈਕਲ ਉਹਨਾਂ ਦੀ ਜ਼ਿੰਦਗੀ ਦੀ ਨਵੀਂ ਆਸ ਹੈ। ਉਹ ਕਲਾਕਾਰ ਹਨ ਅਤੇ ਪਲੇਗ ਵਰਗੀ ਮਹਾਮਾਰੀ ਦੇ ਦਿਨਾਂ ਵਿਚ ਥਾਂ-ਥਾਂ ਰੁਕ ਕੇ ਕਲਾ ਦਾ ਪ੍ਰਚਾਰ ਕਰ ਰਹੇ ਹਨ। ਸਾਰੀ ਫਿਲਮ ਵਿਚ ਐਨਟੋਨੀਅਸ ਬਲਾਕ ਵਰਗੇ ਜੰਗਜੂ ਲਈ ਸ਼ਾਂਤੀ ਅਤੇ ਚੈਨ ਦੀ ਸਿਰਫ ਇਕ ਹੀ ਘੜੀ ਆਉਂਦੀ ਹੈ ਜਦੋਂ ਉਹ ਇਸ ਪਰਿਵਾਰ ਕੋਲ ਕੁਝ ਦੇਰ ਰੁਕਦਾ ਹੈ ਅਤੇ ਜੌਫ ਉਸ ਨੂੰ ਦੁੱਧ ਦਾ ਪਿਆਲਾ ਤੇ ਤਾਜ਼ੀਆਂ ਸਟ੍ਰਾਬੇਰੀਆਂ ਖਾਣ ਨੂੰ ਦਿੰਦਾ ਹੈ। ਬਾਅਦ ਵਿਚ ਉਹਨਾਂ ਦਾ ਧੰਨਵਾਦ ਕਰਦਿਆਂ ਉਹ ਆਖਦਾ ਹੈ:
“ਮੈਂ ਹਮੇਸ਼ਾਂ ਇਸ ਪਲ ਦੀ ਸ਼ਾਂਤੀ, ਚੰਨ ਦੀ ਚਾਨਣੀ, ਤਾਜ਼ੀਆਂ ਸਟ੍ਰਾਬੇਰੀਆਂ ਤੇ ਦੁੱਧ ਦੇ ਪਿਆਲੇ ਨੂੰ ਚੇਤੇ ਰੱਖਾਗਾਂ। ਸ਼ਾਮ ਦੇ ਰੰਗ ਵਿਚ ਦਮਕਦੇ ਤੁਹਾਡੇ ਚਿਹਰੇ, ਸੁੱਤਾ ਪਿਆ ਨਿੱਕਾ ਮਾਈਕਲ, ਜੌਫ ਦਾ ਸੰਗੀਤ ਭੁਕੰਨਾ ਸਾਜ਼ ਸਭ ਯਾਦ ਰਹੇਗਾ। ਮੈਨੂੰ ਆਪਣੀ ਗੱਲਬਾਤ ਯਾਦ ਰਹੇਗੀ। ਮੈਂ ਇਸ ਸਾਰੀ ਯਾਦ ਨੂੰ ਦੁੱਧ ਨਾਲ ਨੱਕੋ-ਨੱਕ ਭਰੇ ਪਿਆਲੇ ਵਾਂਗ ਪਿਆਰ ਨਾਲ ਬੋਚ-ਬੋਚ ਕੇ ਸਾਂਭਣਾ ਚਾਹੁੰਦਾ ਹਾਂ। ਇਹ ਮੇਰੇ ਲਈ ਤਸੱਲੀ ਦਾ ਪਲ ਹੈ, ਇਹ ਮੈਨੂੰ ਮੇਰੇ ਅਰਥ ਦਿੰਦਾ ਹੈ।”
ਇਸ ਪਲ ਨੂੰ ਜਿਊਣ ਤੋਂ ਬਾਅਦ ਐਨਟੋਨੀਅਸ ਬਲਾਕ ਲਈ ਮੌਤ ਨਾਲ ਲੱਗੀ ਸ਼ਤਰੰਜ਼ ਦੀ ਬਾਜ਼ੀ ਦੇ ਅਰਥ ਬਦਲ ਜਾਂਦੇ ਹਨ। ਉਸ ਨੂੰ ਸਮਝ ਆ ਜਾਂਦੀ ਹੈ ਕਿ ਜ਼ਿੰਦਗੀ ‘ਮਹਾਨ ਜਿੱਤਾਂ’ ਅਤੇ ‘ਮਹਾਨ ਪ੍ਰਾਪਤੀਆਂ’ ਵਿਚ ਨਹੀਂ ਬਲਕਿ ਇਹਨਾਂ ਛੋਟੇ-ਛੋਟੇ ਪਲਾਂ ਵਿਚ ਹੀ ਬਿਖਰੀ ਹੁੰਦੀ ਹੈ ਜਿਹਨਾਂ ਨੂੰ ਸਤਿਕਾਰ ਨਾਲ ਸਾਂਭਣਾ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ। ਬੰਦੇ ਦਾ ਕੰਮ ਜ਼ਿੰਦਗੀ ਨੂੰ ਇਸ ਦੀਆਂ ਪੂਰੀਆਂ ਗੁੰਝਲਾਂ ਅਤੇ ਊਣਤਾਈਆਂ ਸਮੇਤ ਸਵੀਕਾਰ ਕਰਦਿਆਂ ਬਿਹਤਰ ਢੰਗ ਨਾਲ ਜਿਊਣਾ ਹੈ ਤਾਂ ਕਿ ਜਦੋਂ ਮੌਤ ਆਵੇ ਤਾਂ ਬੰਦਾ ਉਸ ਨਾਲ ਦਸਤ-ਪੰਜਾ ਲੈ ਸਕੇ। ਇਸ ਪਲ ਨੂੰ ਜਿਊਣ ਤੋਂ ਬਾਅਦ ਉਸ ਨੂੰ ਮੌਤ ਤੋਂ ਹਾਰਨ ਦਾ ਕੋਈ ਅਫਸੋਸ ਨਹੀਂ ਹੁੰਦਾ।
ਇਸ ਫਿਲਮ ਦਾ ਮੂਲ ਖਾਕਾ ਬਾਈਬਲ ਦੀਆਂ ਕਹਾਣੀਆਂ ਅਤੇ ਮਿੱਥਾਂ ਦੇ ਆਲੇ-ਦੁਆਲੇ ਬੁਣਿਆ ਗਿਆ ਹੈ। ਬਾਈਬਲ ਵਿਚ ਸਮਝਾਈ ਗਈ ‘ਪਵਿਤਰ ਪਰਿਵਾਰ’ ਵਾਲੀ ਗੱਲ ਹੀ ਜੌਫ ਅਤੇ ਮਿਆ ਤੇ ਉਹਨਾਂ ਦੇ ਨਿੱਕੇ ਮੁੰਡੇ ਮਾਈਕਲ ਦੇ ਰੂਪ ਵਿਚ ਪਰਦੇ ‘ਤੇ ਸਾਕਾਰ ਕਰਦਾ ਹੈ। ਇਹ ਮੌਤ ਦੇ ਖਿਲਾਫ ਬੰਦੇ ਦੀ ਠਾਹਰ ਹੈ ਕਿਉਂਕਿ ਇਹ ਬੰਦੇ ਨੂੰ ਰੱਬ ਵਾਂਗ ਆਪਣੀ ਦੁਨੀਆ ਆਪ ਘੜਨ ਦੇ ਸਮਰੱਥ ਬਣਾਉਂਦਾ ਹੈ। ਫਿਲਮਸਾਜ਼ ਇਸ ਪਰਿਵਾਰ ਨੂੰ ਕਲਾ ਨੂੰ ਸਮਰਪਿਤ ਪਰਿਵਾਰ ਵਜੋਂ ਚਿੱਤਰ ਕੇ ਰੱਬ ਦੀ ਸੱਤਾ ਨੂੰ ਚੁਣੌਤੀ ਦਿੰਦਾ ਹੈ। ਕਲਾ ਵਿਸ਼ਵਾਸ ਦਾ ਸਭ ਤੋਂ ਮਹੀਨ ਪਰ ਸਭ ਤੋਂ ਅਰਥ-ਭਰਪੂਰ ਪ੍ਰਗਟਾਵਾ ਹੈ। ਸਿਰਫ ਕਲਾ ਨਾਲ ਇੱਕ-ਮਿੱਕ ਹੋਇਆਂ ਹੀ ਬੰਦਾ ਰੱਬ ਦੀ ਹੋਂਦ ਤੋਂ ਮੁਨਕਰ ਹੋਣ ਦਾ ਹੌਸਲਾ ਰੱਖਦਾ ਹੈ। ਸਿਰਫ ਕਲਾ-ਜ਼ਿੰਦਗੀ ਨੂੰ ਉਸ ਦੀ ਸੰਪੂਰਨਤਾ ਵਿਚ ਜਿਊਣ ਦਾ ਢੰਗ ਸਿਖਾ ਸਕਦੀ ਹੈ। ਸਿਰਫ ਕਲਾ ਬੰਦੇ ਦਾ ਰੁਤਬਾ ਰੱਬ ਦੇ ਬਰਾਬਰ ਲਿਆ ਕੇ ਖੜ੍ਹਾ ਕਰ ਸਕਦੀ ਹੈ। ਸਿਰਫ ਕਲਾ ਤੋਂ ਮੌਤ ਡਰਦੀ ਹੈ ਕਿਉਂਕਿ ਅਜਿਹੀ ਹਾਲਤ ਵਿਚ ਉਸ ਦੇ ਪੱਲੇ ਸਿਰਫ ਬੰਦੇ ਦਾ ਸਰੀਰ ਰਹਿ ਜਾਂਦਾ ਹੈ, ਆਤਮਾ ਨਹੀਂ।
ਇਸ ਦੇ ਬਾਵਜੂਦ ਕਲਾ ਨੂੰ ਮਨੁੱਖੀ ਸਮਾਜਾਂ ਵਿਚ ਆਪਣਾ ਮਾਣਯੋਗ ਦਰਜਾ ਪ੍ਰਾਪਤ ਕਰਨ ਲਈ ਸਦਾ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈਂਦਾ ਹੈ। ਕਲਾਕਾਰ ਲਈ ਲੋਂੜੀਦੀ ਸੰਵੇਦਨਾ ਅਤੇ ਸਤਿਕਾਰ ਤੋਂ ਵਿਰਵੇ ਸਮਾਜਾਂ ਵਿਚ ਵਾਰ-ਵਾਰ ਖਾਨਾਜੰਗੀ, ਜੰਗਾਂ, ਮਹਾਮਾਰੀਆਂ ਅਤੇ ਅੰਦਰੂਨੀ ਕਲੇਸ਼ ਦਾ ਨਾ-ਮੁੱਕਣ ਵਾਲਾ ਸਿਲਸਿਲਾ ਜਾਰੀ ਰਹਿੰਦਾ ਹੈ। ਕਲਾ ਦੀ ਸਭ ਤੋਂ ਕਸੂਤੀ ਟੱਕਰ ਧਰਮ ਤੇ ਧਾਰਮਿਕ ਅਕੀਦਿਆਂ ‘ਤੇ ਵਿਸ਼ਵਾਸਾਂ ਨਾਲ ਹੁੰਦੀ ਹੈ ਜਿਹੜੇ ਬੰਦੇ ਦੀ ਚੇਤਨਾ ਨੂੰ ਸਥਿਰ ਤੇ ਕਾਬੂ ਕਰਨ ਵਾਲੀ ਚੀਜ਼ ਮੰਨਦਿਆਂ ਉਸਦ ੀ ਸੋਚਣ-ਸਮਰੱਥਾ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਜ਼ਿੰਦਗੀ ਦੀ ਕਸ਼ਮਕਸ਼ ਅਤੇ ਗਧੀ-ਗੇੜਾਂ ਵਿਚ ਉਲਝੇ ਲੋਕ ਇਹਨਾਂ ਨੂੰ ਸੌਖਾ ਤੇ ਅਜ਼ਮਾਇਆ ਨੁਸਖਾ ਮੰਨ ਕੇ ਇਹਨਾਂ ਅੱਗੇ ਬਹੁਤ ਛੋਟੀ ਉਮਰ ਵਿਚ ਹੀ ਸਿਰ ਨਿਵਾ ਦਿੰਦੇ ਹਨ ਅਤੇ ਚੁੱਪ-ਚਾਪ ਮੌਤ ਦੀ ਉਡੀਕ ਵਿਚ ਜ਼ਿੰਦਗੀ ਗੁਜ਼ਾਰ ਦਿੰਦੇ ਹਨ। ਕਲਾ ਬੰਦੇ ਨੂੰ ਸੋਚਣ ਅਤੇ ਨਵਾਂ ਸਿਰਜਣ ਦੇ ਰਾਹ ਪਾਉਂਦੀ ਹੈ। ਉਹ ਬੰਦੇ ਨੂੰ ਸਾਰੇ ਕਾਇਦੇ-ਕਾਨੂੰਨਾਂ ਅਤੇ ਜੜ੍ਹ-ਵਿਸ਼ਵਾਸਾਂ ਨੂੰ ਵੰਗਾਰਨ ਦਾ ਸੱਦਾ ਦਿੰਦਿਆਂ ਆਜ਼ਾਦੀ ਦੀ ਤਾਂਘ ਉਸ ਅੰਦਰ ਫੂਕ ਦਿੰਦੀ ਹੈ। ਉਹ ਬੰਦਾ ਜਗਿਆਸਾ ਦਾ ਭੰਨਿਆ ਪੁਰਾਤਨ ਲੀਹਾਂ ਨੂੰ ਰੱਦ ਕਰਦਿਆਂ ਨਵੇਂ ਰਸਤਿਆਂ ਦੀ ਭਾਲ ਵਿਚ ਤੁਰਦਾ ਹੈ। ਕੁਦਰਤ ਨੂੰ ਆਪਣਾ-ਆਪ ਸੌਂਪ ਦਿੰਦਾ ਹੈ ਤੇ ਸੱਚ ਨੂੰ ਆਪਣੀ ਇਕਲੌਤੀ ਢਾਲ ਬਣਾ ਲੈਂਦਾ ਹੈ। ਇਸ ਫਿਲਮ ਵਿਚ ਚਰਚ ਦਾ ਪਾਦਰੀ, ਜੌਫ ਦੀ ਕਲਾ ਦਾ ਮਜ਼ਾਕ ਉਡਾਉਂਦਾ ਹੈ। ਗਲੀ ਵਿਚ ਕੰਮ ਕਰਦਾ ਸੁਨਿਆਰਾ ਉਸ ਨੂੰ ਪਾਗਲ ਸਮਝਦਾ ਹੈ। ਰੱਬ ਅਤੇ ਮੌਤ, ਦੋਵੇਂ ਇਸ ਪਰਿਵਾਰ ਦੀ ਉਮੀਦ ਤੇ ਜ਼ਿੰਦਾਦਿਲੀ ਤੋਂ ਭੈਅ ਖਾਂਦੇ ਹਨ।
ਨੀਂਦ ਨੂੰ ਅੱਧੀ ਮੌਤ ਮੰਨਿਆ ਗਿਆ ਹੈ। ਰੋਮਨ ਸਭਿਅਤਾ ਅਨੁਸਾਰ ਮੌਤ ਦਾ ਦੇਵਤਾ ਰਾਤ ਅਤੇ ਨੀਂਦ ਨੂੰ ਮਿਲਾ ਕੇ ਬਣਾਇਆ ਗਿਆ ਹੈ। ਮੌਤ ਦੀ ਪੁਰਾਤਨ ਰੂਪ-ਰੇਖਾ ਮਰਦ ਦੇ ਨੈਣ-ਨਕਸ਼ਾਂ ਵਾਲੀ ਘੜੀ ਗਈ ਜਿਸ ਦੀ ਬੇਦਰਦ ਕੁਹਾੜੀ ਰਾਜੇ ਅਤੇ ਰੰਕ ਨੂੰ ਇੱਕੋ ਜਿਹੀ ਤਰਤੀਬ ਨਾਲ ਵੱਢਦੀ ਹੈ। ਨਵ-ਜਾਗਰਨ ਦੌਰਾਨ ਇਸ ਦਾ ਤਸੱਵੁਰ ਔਰਤ ਰੂਪ ਵਿਚ ਵਟ ਗਿਆ। 14ਵੀਂ ਸਦੀ ਵਿਚ ਪਲੇਗ ਨੇ ‘ਕਾਲੀ ਮੌਤ’ ਦਾ ਨਵਾਂ ਨਾਮ ਈਜਾਦ ਕੀਤਾ। ਫਿਰ ਮੌਤ ਨੂੰ ਟਾਲਣ ਦੇ ਤਰੀਕਿਆਂ ਵਿਚੋਂ ਕਥਾਵਾਂ ਅਤੇ ਕਹਾਣੀਆਂ ਦਾ ਜਨਮ ਹੋਇਆ। ਇਸ ਦੀ ਅਹਿਮ ਉਦਾਹਰਨ ‘ਅਰਬ ਦੀਆਂ ਰਾਤਾਂ’ ਵਿਚਲੀਆਂ ਕਹਾਣੀਆਂ ਹਨ ਜਿਹਨਾਂ ਵਿਚ ਮੌਤ ਨੂੰ ਉਲਝਾਈ ਰੱਖਣ ਲਈ ਨਾ-ਮੁੱਕਣ ਵਾਲੀਆਂ ਕਹਾਣੀਆਂ ਦੀ ਲੰਮੀ ਦਾਸਤਾਨ ਛੇੜੀ ਜਾਂਦੀ ਹੈ। ਮੌਤ ਨੂੰ ਜ਼ਿੰਦਾ ਬੰਦਿਆਂ ਦੀਆਂ ਕਹਾਣੀਆਂ ਸੁਣਨ ਵਿਚ ਕੀ ਦਿਲਚਸਪੀ ਹੋ ਸਕਦੀ ਹੈ? ਰੱਬ ਬੰਦਿਆਂ ਦੀਆਂ ਅਰਜ਼ੋਈਆਂ ਅਤੇ ਪ੍ਰਾਰਥਨਾਵਾਂ ਸੁਣਨ ਲਈ ਇੰਨਾ ਤਤਪਰ ਕਿਉਂ ਰਹਿੰਦਾ ਹੈ? ਦੋਵੇਂ ਬੰਦੇ ਨੂੰ ਸਦਾ ਹੀ ਇਮਤਿਹਾਨਾਂ ਅਤੇ ਦੁੱਖ-ਤਕਲੀਫਾਂ ਦੀ ਚੱਕੀ ਵਿਚ ਕਿਉਂ ਪੀਂਹਦੇ ਰਹਿੰਦੇ ਹਨ? ਕਿਤੇ ਇੱਦਾਂ ਤਾਂ ਨਹੀਂ ਕਿ ਇਹ ਦੋਵੇਂ ਵੀ ਬੰਦਿਆਂ ਦੁਆਰਾ ਹੀ ਸਿਰਜੀਆਂ ਦੋ ਕਹਾਣੀਆਂ ਮਾਤਰ ਹਨ?
ਇੰਗਮਾਰ ਬਰਗਮੈਨ ਦੀ ਇਹ ਫਿਲਮ ਸਿਨੇਮਾ ਦੇ ਇਤਿਹਾਸ ਵਿਚ ਮਿੱਥ ਵਿਚ ਬਦਲ ਚੁੱਕੀ ਹੈ। ਫਿਲਮ ਵਿਚ ਦ੍ਰਿਸ਼ਾਂ ਦੀ ਤਰਤੀਬ ਅਤੇ ਰੰਗਾਂ ਦਾ ਆਪਸੀ ਤਾਲਮੇਲ ਸਿਰਜਣਾਤਮਿਕ ਪੱਖ ਤੋਂ ਲਾਜਵਾਬ ਹੈ; ਖਾਸ ਤੌਰ ‘ਤੇ ਮੌਤ ਨਾਲ ਸਤਰੰਜ਼ ਖੇਡਦਾ ਕਿਰਦਾਰ ਸਿਨੇਮਾ ਇਤਿਹਾਸ ਵਿਚ ਅਮਰ ਹੋ ਚੁੱਕਿਆ ਹੈ।