ਮੁਲਤਾਨੀ ਕੇਸ: ਤਮਾਸ਼ਾ ਬਣੀ ਸੈਣੀ ਦੀ ਗ੍ਰਿਫਤਾਰੀ

ਚੰਡੀਗੜ੍ਹ: ਸਿਟਕੋ ਦੇ ਜੂਨੀਅਰ ਇੰਜਨੀਅਰ (ਜੇ.ਈ.) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀæਜੀæਪੀæ ਸੁਮੇਧ ਸੈਣੀ ਦੇ ਹੱਥ ਕਾਨੂੰਨ ਤੋਂ ਲੰਮੇ ਜਾਪ ਰਹੇ ਹਨ।

ਪਿਛਲੇ ਕੁਝ ਦਿਨਾਂ ਤੋਂ ਸੈਣੀ ਦੀ ਗ੍ਰਿਫਤਾਰੀ ਬਾਰੇ ਪੁਲਿਸ ਦੀਆਂ ਕੋਸ਼ਿਸ਼ਾਂ ਤਮਾਸ਼ਾ ਬਣ ਕੇ ਰਹਿ ਗਈਆਂ ਹਨ। ਪੁਲਿਸ ਕਾਰਵਾਈ ਤੋਂ ਜਾਪ ਰਿਹਾ ਹੈ ਕਿ ਧਾਰਾ 302 ਦੇ ਮਾਮਲੇ ਵਿਚ ਨਾਮਜ਼ਦ ਸੈਣੀ ਨੂੰ ਗ੍ਰਿਫਤਾਰੀ ਦੀ ਥਾਂ ਬਾਹਰੋਂ ਬਾਹਰ ਜ਼ਮਾਨਤ ਦਿਵਾਉਣ ਲਈ ਪੁਲਿਸ ਵੀ ਮੈਦਾਨ ਵਿਚ ਨਿੱਤਰੀ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੈਣੀ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਟੀਮਾਂ ਵਲੋਂ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਜੰਮੂ ਕਸ਼ਮੀਰ ਸਮੇਤ ਸਮੁੱਚੇ ਉਤਰ ਭਾਰਤ ਵਿਚ ਕਈ ਥਾਵਾਂ ‘ਤੇ ਛਾਪੇ ਮਾਰੇ ਗਏ ਹਨ, ਪਰ ਹੁਣ ਤੱਕ ਸੈਣੀ ਦੀ ਮੌਜੂਦਗੀ ਬਾਰੇ ਪੁਲਿਸ ਨੂੰ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਸੁਮੇਧ ਸੈਣੀ ਆਪਣੀ ਗ੍ਰਿਫਤਾਰੀ ਦੇ ਡਰੋਂ ਜ਼ੈੱਡ ਪਲੱਸ ਸੁਰੱਖਿਆ ਛੱਡ ਕੇ ਅਚਾਨਕ ਰੂਪੋਸ਼ ਹੋ ਗਿਆ ਹੈ।
ਸੈਣੀ ਖਿਲਾਫ 29 ਸਾਲ ਪੁਰਾਣੇ ਮਾਮਲੇ ਵਿਚ ਕੇਸ ਦਰਜ ਹੋਣ ਤੋਂ ਬਾਅਦ ਹੀ ਪੁਲਿਸ ਉਤੇ ਇਸ ਸਾਬਕਾ ਅਫਸਰ ਨਾਲ ਲਿਹਾਜ਼ਦਾਰੀ ਦੇ ਦੋਸ਼ ਲੱਗ ਰਹੇ ਹਨ। ਪਿਛਲੇ ਦਿਨੀਂ ਅਦਾਲਤ ਮੁਹਾਲੀ ਨੇ ਸਾਬਕਾ ਡੀæਜੀæਪੀæ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਮੁੱਢੋਂ ਰੱਦ ਕਰ ਦਿੱਤਾ ਸੀ। ਅਦਾਲਤ ਦਾ ਮੰਨਣਾ ਹੈ ਕਿ ਉਸ (ਸੈਣੀ) ਖਿਲਾਫ ਬਹੁਤ ਗੰਭੀਰ ਕਿਸਮ ਦੇ ਦੋਸ਼ ਹਨ। ਇਸ ਮਾਮਲੇ ਵਿਚ ਪੁਲਿਸ ਦੀ ਜਾਂਚ ਅਤੇ ਮੁਲਜ਼ਮ ਦੀ ਪੁੱਛ-ਪੜਤਾਲ ਬਹੁਤ ਜ਼ਰੂਰੀ ਹੈ, ਜਿਸ ਕਾਰਨ ਸੈਣੀ ਦੀ ਕਿਸੇ ਵੀ ਸੂਰਤ ਵਿਚ ਜ਼ਮਾਨਤ ਮਨਜ਼ੂਰ ਨਹੀਂ ਕੀਤੀ ਜਾ ਸਕਦੀ ਹੈ। ਹੁਣ ਹਾਈ ਕੋਰਟ ਤੋਂ ਵੀ ਉਸ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਉਧਰ, ਅਦਾਲਤੀ ਹੁਕਮਾਂ ਦੇ ਬਾਵਜੂਦ ਗ੍ਰਿਫਤਾਰੀ ਵਿਚ ਪੁਲਿਸ ਦੀ ਨਕਾਮੀ ਉਤੇ ਸਵਾਲ ਉਠ ਰਹੇ ਹਨ।
ਤਿੰਨ ਦਹਾਕੇ ਪਹਿਲਾਂ ਐਸ਼ਐਸ਼ਪੀæ ਦੇ ਅਹੁਦੇ ‘ਤੇ ਤਾਇਨਾਤੀ ਦੌਰਾਨ ਸੈਣੀ ਸਿੱਖਾਂ ਅਤੇ ਖਾੜਕੂਵਾਦ ਲਹਿਰ ਦੇ ਨਿਸ਼ਾਨੇ ‘ਤੇ ਰਹੇ ਅਤੇ ਧੱਕੇਸ਼ਾਹੀ ਅਤੇ ਨਾ-ਇਨਸਾਫੀ ਦੇ ਦੋਸ਼ਾਂ ਨੇ ਉਨ੍ਹਾਂ ਦਾ ਡੀæਜੀæਪੀæ ਬਣਨ ਤੋਂ ਬਾਅਦ ਵੀ ਪਿੱਛਾ ਨਹੀਂ ਛੱਡਿਆ। ਆਮ ਲੋਕਾਂ ਅਤੇ ਵੱਡੇ ਵੱਡਿਆਂ ਨੂੰ ਕਾਨੂੰਨ ਦੀ ਸਖਤੀ ਨਾਲ ਪਾਲਣਾ ਕਰਵਾਉਣ ਵਾਲਾ ਇਹ ਸ਼ਖਸ ਅੱਜ ਖੁਦ ਉਸੇ ਕਾਨੂੰਨ ਦਾ ਭਗੌੜਾ ਹੋ ਗਿਆ ਹੈ।