ਲਾਪਤਾ ਪਾਵਨ ਸਰੂਪ: ਸ਼੍ਰੋਮਣੀ ਕਮੇਟੀ ਦੇ ਰਵੱਈਏ ‘ਤੇ ਉਠੇ ਸਵਾਲ

ਅੰਮ੍ਰਿਤਸਰ: ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਰਵੱਈਏ ਉਤੇ ਲਗਾਤਾਰ ਸਵਾਲ ਉਠ ਰਹੇ ਹਨ। ਇਸ ਮਾਮਲੇ ਵਿਚ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਤੋਂ ਟਾਲਾ ਵੱਟਣ ਦੀਆਂ ਕੋਸ਼ਿਸ਼ਾਂ ਨੂੰ ਵੀ ਸਿੱਖ ਜਥੇਬੰਦੀਆਂ ਸ਼ੱਕ ਦੀ ਨਿਗ੍ਹਾ ਨਾਲ ਵੇਖ ਰਹੀਆਂ ਹਨ।

ਦੂਜੇ ਪਾਸੇ ਜਾਂਚ ਰਿਪੋਰਟ ਜਨਤਕ ਕਰਨ ਦੀ ਮੰਗ ਉਤੇ ਵੀ ਸ਼੍ਰੋਮਣੀ ਕਮੇਟੀ ਘੇਸਲ ਮਾਰਦੀ ਜਾਪ ਰਹੀ ਹੈ। ਸੰਗਤ ਦੇ ਰੋਹ ਨੂੰ ਵੇਖਦੇ ਹੋਏ ਭਾਵੇਂ ਪੜਤਾਲੀਆ ਕਮੇਟੀ ਦੀ ਰਿਪੋਰਟ ਕਮੇਟੀ ਦੀ ਵੈੱਬਸਾਈਟ ‘ਤੇ ਪਾ ਦਿੱਤੀ ਗਈ ਪਰ ਹਕੀਕਤ ਵਿਚ ਡਾæ ਈਸ਼ਰ ਸਿੰਘ ਵਾਲੀ ਜਾਂਚ ਕਮੇਟੀ ਦੀ ਤਕਰੀਬਨ 1 ਹਜ਼ਾਰ ਪੰਨੇ ਵਾਲੀ ਜਾਂਚ ਰਿਪੋਰਟ ਵਿਚੋਂ ਸਿਰਫ 10 ਪੰਨੇ ਹੀ ਜਨਤਕ ਕੀਤੇ ਗਏ ਹਨ ਅਤੇ ਬਾਕੀ 990 ਪੰਨਿਆਂ ਬਾਰੇ ਕੋਈ ਜ਼ਿਕਰ ਨਹੀਂ ਮਿਲਦਾ। ਅਸਲ ਵਿਚ ਸ਼੍ਰੋਮਣੀ ਕਮੇਟੀ ਨੂੰ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਜੇਕਰ ਜਾਂਚ ਨਿਰਪੱਖ ਹੈ ਤਾਂ ਪੜਤਾਲੀਆ ਰਿਪੋਰਟ ਤੋਂ ਸੰਗਤ ਨੂੰ ਸਪਸ਼ਟ ਕਰੋ ਕਿ ਪਾਵਨ ਸਰੂਪ ਕਿਉਂ ਘਟੇ, ਕਿੰਨੇ ਘਟੇ ਅਤੇ ਕਿੱਥੇ ਗਏ? ਰਿਪੋਰਟ ਅਨੁਸਾਰ ਪਾਵਨ ਸਰੂਪ ਆਰੰਭ ਤੋਂ ਕਿੰਨੇ, ਕਿਸ ਨੂੰ, ਕਿਸ ਸਮੇਂ ਅਤੇ ਕਿਸ ਦੀ ਆਗਿਆ ਨਾਲ ਗਏ? ਪਰ ਸ਼੍ਰੋਮਣੀ ਕਮੇਟੀ ਇਸ ਦੇ ਉਲਟ ਕੁਝ ਮੁਲਾਜ਼ਮਾਂ ਨੂੰ ਦੋਸ਼ੀ ਐਲਾਨ ਕੇ ਇਸ ਮਾਮਲੇ ਉਤੇ ਮਿੱਟੀ ਪਾਉਣ ਵਾਲੇ ਰਾਹ ਤੁਰੀ ਹੋਈ ਹੈ।
ਦੋਸ਼ੀਆਂ ਖਿਲਾਫ ਪੁਲਿਸ ਕਾਰਵਾਈ ਕਰਨ ਬਾਰੇ ਯੂ-ਟਰਨ ਬਾਰੇ ਵੀ ਸਵਾਲ ਉਠ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤਰਕ ਦੇ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਕੰਮਕਾਜ ਵਿਚ ਕਿਸੇ ਨੂੰ ਦਖਲ ਦੇਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ। ਸਿੱਖ ਸੰਸਥਾ ਦੀ ਆਪਣੀ ਆਜ਼ਾਦ ਹਸਤੀ ਹੈ ਅਤੇ ਉਹ ਫੈਸਲੇ ਲੈਣ ਦੇ ਸਮਰੱਥ ਹੈ। ਸਿੱਖ ਜਥੇਬੰਦੀਆਂ ਨੇ ਸਵਾਲ ਕੀਤਾ ਹੈ ਕਿ ਜੇ ਉਹ ਇਸ ਮਾਮਲੇ ਵਿਚ ਪੁਲਿਸ ਦੀ ਦਖਲਅੰਦਾਜ਼ੀ ਨਹੀਂ ਚਾਹੁੰਦੇ ਤਾਂ ਫਿਰ ਇਹ ਦੱਸਣ ਕਿ ਹਰ ਸਾਲ ਜੂਨ ਮਹੀਨੇ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਦੌਰਾਨ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਤੋਂ ਬਿਨਾ ਹੀ ਦਰਬਾਰ ਸਾਹਿਬ ਪਰਿਕਰਮਾ ਵਿਚ ਪੁਲਿਸ ਤਾਇਨਾਤ ਕਰ ਕੇ ਨੌਜਵਾਨਾਂ ਦੀ ਆਵਾਜ਼ ਕਿਉਂ ਦੱਬੀ ਜਾਂਦੀ ਹੈ। ਜੇ ਕੋਈ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕਰਦਾ ਹੈ ਤਾਂ ਦਰਬਾਰ ਸਾਹਿਬ ਪਰਿਕਰਮਾ ਵਿਚ ਤਾਇਨਾਤ ਪੁਲਿਸ ਮੁਲਾਜ਼ਮ ਉਸੇ ਵੇਲੇ ਕਿਵੇਂ ਗ੍ਰਿਫਤਾਰ ਕਰ ਲੈਂਦੇ ਹਨ। ਉਧਰ, ਇਸ ਵਾਦ-ਵਿਵਾਦ ਦੌਰਾਨ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦੇਣ ਵਾਲੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾæ ਰੂਪ ਸਿੰਘ ਨੇ ਸਵਾਲ ਕੀਤਾ ਹੈ ਕਿ ਜੇਕਰ ਉਹ ਪੜਤਾਲ ‘ਚ ਦੋਸ਼ੀ ਹਨ ਤਾਂ ਉਨ੍ਹਾਂ ‘ਤੇ ਕਾਰਵਾਈ ਕਰਨੀ ਚਾਹੀਦੀ ਸੀ।
ਸਿੱਖ ਜਥੇਬੰਦੀਆਂ ਦਾ ਦਾਅਵਾ ਹੈ ਕਿ ਇਹ ਜਾਂਚ ਅਧੂਰੀ ਹੈ ਕਿਉਂਕਿ ਇਸ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਤੇ ਮੌਜੂਦਾ ਪ੍ਰਧਾਨਾਂ, ਪ੍ਰਬੰਧਕਾਂ ਤੇ ਬਾਦਲ ਪਰਿਵਾਰ ਨੂੰ ਜਾਂਚ ਦੇ ਘੇਰੇ ਤੋਂ ਬਾਹਰ ਰੱਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਮੁਅੱਤਲ ਕਰਨ ਜਾਂ ਬਰਖਾਸਤ ਕਰਨ ਨਾਲ ਅਸਲ ਦੋਸ਼ੀਆਂ ਦਾ ਛੁਟਕਾਰਾ ਨਹੀਂ ਹੋਣਾ ਅਤੇ ਜੇਕਰ ਸ਼੍ਰੋਮਣੀ ਕਮੇਟੀ ਨੇ ਤੁਰਤ ਆਪਣੀ ਜ਼ਿੰਮੇਵਾਰੀ ਕਬੂਲਦਿਆਂ 328 ਸਰੂਪਾਂ ਦੀ ਭਾਲ ਨਾ ਕੀਤੀ ਤਾਂ ਮੋਰਚਾ ਵੀ ਲੱਗ ਸਕਦਾ ਹੈ।
ਯਾਦ ਰਹੇ ਕਿ ਲਾਪਤਾ ਸਰੂਪਾਂ ਦੇ ਮਾਮਲੇ ਉਤੇ ਹੁਣ ਤੱਕ ਪਰਦਾ ਪਾਉਣ ਦੀਆਂ ਹੀ ਕੋਸ਼ਿਸ਼ਾਂ ਹੋਈਆਂ ਹਨ। ਮਨੁੱਖੀ ਅਧਿਕਾਰ ਸੰਗਠਨ ਵਲੋਂ ਇਹ ਮਸਲਾ ਉਭਾਰਨ ਪਿੱਛੋਂ ਇਹ ਮਾਮਲਾ ਭਖ ਗਿਆ ਤੇ ਅਕਾਲ ਤਖਤ ਨੇ ਨਿਰਪੱਖ ਜਾਂਚ ਲਈ ਕਮੇਟੀ ਬਣਾਉਣ ਦੇ ਹੁਕਮ ਦੇ ਦਿੱਤੇ ਪਰ ਸ਼੍ਰੋਮਣੀ ਕਮੇਟੀ ਦੀ ਰਵੱਈਏ ਕਾਰਨ ਇਹ ਜਾਂਚ ਸ਼ੁਰੂ ਤੋਂ ਹੀ ਸਵਾਲਾਂ ਦੇ ਘੇਰੇ ਵਿਚ ਰਹੀ। ਜਾਂਚ ਰਿਪੋਰਟ ਆਉਣ ਪਿੱਛੋਂ ਕਮੇਟੀ ਨੇ ਕੁਝ ਮੁਲਾਜ਼ਮਾਂ ਨੂੰ ਬਰਖਾਸਤ ਕਰ ਕੇ ਫੌਜਦਾਰੀ ਕੇਸ ਦਰਜ ਕਰਵਾਉਣ ਦੀ ਗੱਲ ਕਹੀ। ਮੁਲਾਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਵਾਸਤੇ ਚਾਰ ਮੈਂਬਰੀ ਕਾਨੂੰਨੀ ਮਾਹਿਰਾਂ ਦਾ ਪੈਨਲ ਵੀ ਬਣਾਇਆ ਗਿਆ ਸੀ ਪਰ ਕਮੇਟੀ ਦੀ ਅਗਲੀ ਹੀ ਮੀਟਿੰਗ ਵਿਚ ਸਿੱਖ ਮਰਿਆਦਾ ਦੀ ਦੁਹਾਈ ਪਾ ਕੇ ਆਪਣੇ ਪੱਧਰ ਉਤੇ ਹੀ ਕਾਰਵਾਈ ਸੀਮਤ ਕਰਨ ਦੀ ਗੱਲ ਆਖ ਦਿੱਤੀ।
ਉਧਰ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ 18-19 ਮਈ 2016 ਨੂੰ ਅਗਨ ਭੇਟ ਹੋਏ ਸਰੂਪਾਂ ਦੀ ਗਿਣਤੀ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਸੰਗਠਨ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਬ ਕਮੇਟੀ ਨੂੰ ਇਕ ਪੱਤਰ ਭੇਜ ਕੇ ਦਾਅਵਾ ਕੀਤਾ ਹੈ ਕਿ 18-19 ਮਈ 2016 ਨੂੰ ਅੱਗ ਅਤੇ ਪਾਣੀ ਨਾਲ ਲਗਭਗ 80 ਸਰੂਪ ਨੁਕਸਾਨੇ ਗਏ ਸਨ।
ਇਸ ਦਾ ਜ਼ਿਕਰ ਪਬਲੀਕੇਸ਼ਨ ਵਿਭਾਗ ਦੇ ਸੇਵਾ ਮੁਕਤ ਹੋਏ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਸਿੰਘ ਨੇ 20 ਫਰਵਰੀ 2020 ਨੂੰ ਮੁੱਖ ਸਕੱਤਰ ਨੂੰ ਭੇਜੇ ਗਏ ‘ਆਫਿਸ ਨੋਟ’ ਵਿਚ ਕੀਤਾ ਹੈ। ਉਸ ਨੇ ਆਪਣੇ ਇਸ ਨੋਟ ਵਿਚ ਲਿਖਿਆ ਹੈ ਕਿ ਅਚਾਨਕ ਅੱਗ ਲੱਗਣ ਅਤੇ ਪਾਣੀ ਨਾਲ 80 ਸਰੂਪ, ਜੋ ਦਰਮਿਆਨੇ ਸਾਈਜ਼ ਦੇ ਸਨ, ਨੁਕਸਾਨੇ ਗਏ ਸਨ। ਪਾਵਨ ਸਰੂਪ ਪ੍ਰਕਾਸ਼ ਯੋਗ ਨਾ ਰਹਿਣ ਕਾਰਨ ਸਸਕਾਰ ਲਈ ਗੋਇੰਦਵਾਲ ਸਾਹਿਬ ਭੇਜ ਦਿੱਤੇ ਗਏ ਸਨ। ਪਾਵਨ ਸਰੂਪ ਅਤੇ ਸਾਮਾਨ ਬਾਰੇ ਸਟਾਕ ਅਤੇ ਲੈਜਰਾਂ ਵਿਚ ਜ਼ਿਕਰ ਕਰਨ ਲਈ ਕਾਰਵਾਈ ਵਾਸਤੇ ਰਿਪੋਰਟ ਭੇਜੀ ਗਈ ਹੈ। ਇਸ ਦਫਤਰੀ ਨੋਟ ਦੇ ਹੇਠਾਂ ਮੁੱਖ ਸਕੱਤਰ ਰੂਪ ਸਿੰਘ ਵਲੋਂ ਦਸਤਖਤ ਕਰਕੇ ਇਹ ਮਾਮਲਾ ਮੀਤ ਸਕੱਤਰ ਕੋਲ ਰਿਪੋਰਟ ਕਰਨ ਲਈ ਭੇਜਿਆ ਗਿਆ ਹੈ। ਸੰਗਠਨ ਆਗੂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੇ ਇਸ ਬਾਰੇ ਗਲਤ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪੰਜ ਸਰੂਪ ਅਗਨ ਭੇਟ ਹੋਏ ਹਨ ਅਤੇ 9 ਸਰੂਪ ਪਾਣੀ ਨਾਲ ਨੁਕਸਾਨੇ ਗਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਸ੍ਰੀ ਮਹਿਤਾ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਅਸਲ ਵਿਚ ਸ਼੍ਰੋਮਣੀ ਕਮੇਟੀ ਦੀ ਹੁਣ ਤੱਕ ਦੀ ਕਾਰਵਾਈ ਤੋਂ ਇਹ ਸਪਸ਼ਟ ਜਾਪ ਰਿਹਾ ਹੈ ਕਿ ਉਹ ਜਾਂਚ ਰਿਪੋਰਟ ਵਿਚ ਦੋਸ਼ੀ ਐਲਾਨੇ ਮੁਲਾਜ਼ਮਾਂ ਖਿਲਾਫ ਬਾਹਲੀ ਸਖਤੀ ਕਰਨ ਤੋਂ ਟਾਲਾ ਵੱਟ ਰਹੀ ਹੈ। ਕਿਉਂਕਿ ਦੋਸ਼ੀ ਐਲਾਨੇ ਕੁਝ ਮੁਲਾਜ਼ਮਾਂ ਨੇ ਪਿਛਲੇ ਦਿਨੀਂ ਆਪਣਾ ਪੱਖ ਜਨਤਕ ਕਰਨ ਦੀ ਗੱਲ ਆਖੀ ਸੀ। ਜਿਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਵੀ ਹਨ, ਪਰ ਅਗਲੇ ਹੀ ਦਿਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਲੌਂਗੋਵਾਲ ਤੇ ਮਹਿਤਾ ਨੂੰ ਅਕਾਲ ਤਖਤ ‘ਤੇ ਤਲਬ ਕਰਨ ਦੀ ਮੰਗ
ਜਲੰਧਰ: 35 ਸਿੱਖ ਜਥੇਬੰਦੀਆਂ ਤੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਰਾਜਿੰਦਰ ਸਿੰਘ ਮਹਿਤਾ ਨੂੰ ਲਾਪਤਾ ਹੋਏ ਸਰੂਪਾਂ ਬਾਰੇ ਝੂਠ ਬੋਲਣ ਅਤੇ ਸਿੱਖ ਪੰਥ ਨੂੰ ਗੁਮਰਾਹ ਕਰਨ ਦੇ ਦੋਸ਼ ਤਹਿਤ ਸ੍ਰੀ ਅਕਾਲ ਤਖਤ ‘ਤੇ ਤਲਬ ਕੀਤਾ ਜਾਵੇ। ਉਨ੍ਹਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਧਾਨ ਲੌਂਗੋਵਾਲ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਮਾਮਲੇ ਵਿਚ ਦੋਸ਼ੀਆਂ ਖਿਲਾਫ ਫੌਜਦਾਰੀ ਮੁਕੱਦਮੇ ਦਰਜ ਕਰਨ ਤੋਂ ਮੁੱਕਰ ਗਏ ਹਨ ਜਿਸ ਤੋਂ ਸਪਸ਼ਟ ਹੋ ਗਿਆ ਹੈ ਕਿ ਉਹ ਸਾਰੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਹਨ।