ਪੌੜੀ

ਵਿਦੇਸ਼/ਪਰਦੇਸ ਨੇ ਪੰਜਾਬੀਆਂ ਲਈ ਜ਼ਿੰਦਗੀ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਹਨ। ਜਿਹੜੇ ਸਰੋਕਾਰ ਬੰਦੇ ਨੂੰ ਬੰਦਾ ਬਣਾਈ ਰੱਖਣ ਲਈ ਸਹਾਈ ਹੁੰਦੇ ਹਨ ਅਤੇ ਬਹੁਤ ਵਾਰ ਸੜ-ਤਪ-ਬਲ ਰਹੇ ਦਿਲਾਂ ਲਈ ਮਰਹਮ ਦਾ ਕੋਈ ਫੇਹਾ ਬਣਦੇ ਹਨ; ਇਨ੍ਹਾਂ ਤੋਂ ਪੰਜਾਬੀ, ਪਰਦੇਸ ਦੇ ਲਾਲਚ ਵਿਚ ਪੱਲਾ ਛੁਡਾ ਰਹੇ ਹਨ। ਹਰਭਜਨ ਹਾਂਸ ਦੀ ਕਹਾਣੀ ‘ਪੌੜੀ’ ਇਸੇ ਤਰ੍ਹਾਂ ਦਾ ਬਿਆਨ ਹੈ। ਕਹਾਣੀ ਦਾ ਨਾਇਕ ਕਦੋਂ ਖਲਨਾਇਕ ਦਾ ਰੂਪ ਧਾਰ ਕੇ ਪ੍ਰਗਟ ਹੋ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ। ਇਸ ਖਲਨਾਇਕੀ ਕਰ ਕੇ ਕਿੰਨੀਆਂ ਕੰਜਕਾਂ ਦੀਆਂ ਜ਼ਿੰਦਗੀਆਂ, ਲੀਹ ਤੋਂ ਲਹਿ ਜਾਂਦੀਆਂ ਹਨ, ਕਿਤੇ ਕੋਈ ਹਿਸਾਬ-ਕਿਤਾਬ ਨਹੀਂ ਹੈ। ਇਸ ਖਾਮੋਸ਼ ਕਤਲੋ-ਗਾਰਤ ਲਈ ਤਾਂ ਬਹੁਤ ਵਾਰ ਹਾਅ ਦਾ ਨਾਅਰਾ ਤੱਕ ਨਹੀਂ ਲੱਗਦਾ। ਬੱਸ, ਧੀਆਂ ਦਾ ਕਸੂਰ ਕੱਢ ਕੇ ਅਗਲੇ ਅਗਾਂਹ ਤੁਰ ਜਾਂਦੇ ਹਨ। -ਸੰਪਾਦਕ

ਹਰਭਜਨ ਹਾਂਸ
ਜਿਉਂ ਹੀ ਇਮੀਗ੍ਰੇਸ਼ਨ ਅਫਸਰ ਨੇ ਜਸਵੀਰ ਦੇ ਪਾਸਪੋਰਟ ‘ਤੇ ਲੈਂਡਿਡ ਇਮੀਗ੍ਰਾਂਟ ਦੀ ਮੋਹਰ ਲਾਈ, ਉਸ ਨੇ ਇਕੋ ਝਪਟ ਨਾਲ ਪਾਸਪੋਰਟ ਖੋਹ ਕੇ ਦਫਤਰੋਂ ਭੱਜਣ ਦੀ ਕੀਤੀ; ਮਤੇ ਅਫ਼ਸਰ ਮੋਹਰ ਕੈਂਸਲ ਕਰ ਦੇਵੇ! ਉਸ ਦੀ ਪਤਨੀ ਨੂੰ ਉਹਦੇ ਨਾਲ ਕਦਮ ਮਿਲਾਉਣ ਲਈ ਭੱਜਣਾ ਹੀ ਪਿਆ। ਦਫਤਰ ਦੇ ਬਾਹਰ ਸੜਕ ਦੇ ਕਿਨਾਰੇ ਲੱਗੇ ਦਰਖਤਾਂ ਦੀ ਛਾਂ ਹੇਠ ਖੜ੍ਹ ਕੇ ਉਸ ਨੇ ਡੂੰਘਾ ਸਾਹ ਲਿਆ। ਉਹਨੂੰ ਲੱਗਿਆ ਜਿਵੇਂ ਉਹਦੇ ਫੇਫੜਿਆਂ ਨੂੰ ਕਿੰਨੇ ਚਿਰ ਬਾਅਦ ਆਕਸੀਜਨ ਨਸੀਬ ਹੋਈ ਹੋਵੇ!
ਅੱਜ ਉਹਨੂੰ ਡਾਊਨ ਟਾਊਨ ਦੀਆਂ ਉਚੀਆਂ ਸ਼ਾਨਦਾਰ ਬਿਲਡਿੰਗਾਂ ਸੁਹਣੀਆਂ ਸੁਹਣੀਆਂ ਲੱਗ ਰਹੀਆਂ ਸਨ। ਦਰਖਤਾਂ ਦੇ ਹਰੇ ਕਚੂਰ ਪੱਤੇ ਉਹਦੀਆਂ ਅਖਾਂ ‘ਚ ਠੰਢ ਪਾ ਰਹੇ ਸਨ। ਕਿੰਨਾ ਫਰਕ ਪਾ ਦਿੱਤਾ ਸੀ ਕਾਗ਼ਜ਼ ਤੇ ਲੱਗੀ ਇਕ ਮੋਹਰ ਨੇ! ਪਹਿਲੋਂ ਇਹੀ ਚੁਗਿਰਦਾ ਉਹਨੂੰ ਵੱਢ ਵੱਢ ਖਾਂਦਾ ਸੀ। ਭੈਅ ਨਾਲ ਉਹਦੀ ਜਾਨ ਮੁੱਠੀ ‘ਚ ਆਈ ਰਹਿੰਦੀ। ਪਤਾ ਨਹੀਂ ਕਿਹੜੀ ਨੁਕਰੋਂ ਕਿਸੇ ਅਫਸਰ ਨੇ ਨਿਕਲ ਕੇ ਉਹਨੂੰ ਗੈਰਕਾਨੂੰਨੀ ਪਰਵਾਸੀ ਕਹਿ ਕੇ ਜੇਲ੍ਹ ਦੀ ਕਾਲ ਕੋਠੜੀ ‘ਚ ਤੁੰਨ੍ਹ ਦੇਣਾ ਸੀ।
ਕਿੰਨਾ ਲੰਬਾ ਸਫਰ ਸੀ ਦਿੱਲੀ ਦੀ ਕੈਨੇਡੀਅਨ ਅੰਬੈਂਸੀ ਤੋਂ ਇਸ ਇਮੀਗ੍ਰੇਸਨ ਦੇ ਦਫਤਰ ਤੱਕ ਦਾ!
ਹਜ਼ਾਰਾਂ ਗਰੀਬ ਕਿਸਾਨਾਂ ਦੇ ਪੁੱਤਰਾਂ ਵਾਂਗ ਸੋਨੇ ਦੇ ਮਿਰਗ ਦੀ ਤਲਾਸ਼ ‘ਚ ਲੁੱਟੇ-ਪੁੱਟੇ ਜਾਣ ਵਾਲੀ ਕਹਾਣੀ ਦਾ ਜਸਵੀਰ ਵੀ ਇਕ ਰਟਿਆ-ਰਟਾਇਆ ਪਾਤਰ ਸੀ। ਕਿਸੇ ਗੌਣ ਵਾਲੇ ਦੀ ਪਾਰਟੀ ਨਾਲ਼ ਕੈਨੇਡਾ ਭੇਜਣ ਦੇ ਸੱਤ-ਲੱਖੀਏ ਵਾਅਦੇ ਕਾਰਨ ਉਹ ਅੰਬੈਸੀ ਦੇ ਸਾਹਮਣੇ ਆਪਣੇ ਵਰਗਿਆਂ ਦੀ ਲੰਬੀ ਕਤਾਰ ‘ਚ ਖੜ੍ਹਾ ਸੀ।
“ਭਾਅ ਜੀ!” ਜਸਵੀਰ ਨੇ ਨਾਟੇ ਜਿਹੇ ਏਜੰਟ ਜਿਹੜਾ ਭੀੜ ਨਾਲ ਸਾਲੀ-ਜੀਜੇ ਦੇ ਮਸ਼ਗੂਲਿਆਂ ਵਾਂਗ ਹੱਸ ਹੱਸ ਕੇ ਟਿਚਕਰਬਾਜ਼ੀ ‘ਚ ਮਸਰੂਫ ਸੀ, ਨੂੰ ਬਲਾਉਂਦਿਆਂ ਕਿਹਾ।
“ਹਾਂ ਬਈ ਜੱਸੀ ਸੇਠ, ਕਰ ਹੁਕਮ?”
“ਹੁਕਮ ਕਾਹਦਾ ਜੀ, ਡਰ ਲੱਗੀ ਜਾਂਦਾ। ਜਿਹੜੇ ਚਾਰ ਕੀਲੇ ਸੀਗੇ, ਧਰ ਕੇ ਥੋਨੂੰ ਦੇ’ਤੇ। ਜੇ ਗੱਲ ਸਿਰੇ ਨਾ ਲੱਗੀ, ਅਸੀਂ ਤਾਂ ਪੱਟੇ ਈ ਜਾਵਾਂਗੇ!”
“ਓਏ ਜੱਸੀ ਸੇਠਾ, ਮਨ ਨੂੰ ਖੜ੍ਹਾ। ਤੈਨੂੰ ਵੀਹ ਵਾਰੀ ਕਿਹਾ, ਬਈ ਸਾਡੇ ਭੇਜੇ ਪੱਤਣੀਂ ਜਾ ਕੇ ਖੜ੍ਹਦੇ ਆ, ਵਿਚ-ਵਿਚਾਲ਼ੇ ਨ੍ਹੀਂ। ਨਾਲ਼ੇ ਤੈਨੂੰ ਜੀਹਦੇ ਨਾਲ ਭੇਜ ਰਿਹਾਂ, ਇਹਨੇ ਤਾਂ ਪੰਜਾਬ ਪੁਲਿਸ ਦੀ ਮਾਰ ਤੋਂ ਜਿੰਨੇ ਮੁੰਡੇ ਬਚਾਏ ਨੇ, ਸਾਰੇ ਕਨੇਡਾ ਵਾੜ’ਤੇ। ਇਹਦੇ ਨਾਲ਼ ਜਿੰਨੇ ਮਰਜ਼ੀ ਤੂੰਬੀ ਢੋਲਕੀ ਵਾਲ਼ੇ ਹੋਣ, ਮਜਾਲ ਐ ਅੰਬੈਸੀ ਆਲ਼ੇ ਨਾਂਹ ਕਰਨ।”
“ਹੱਛਾ ਜੀ!” ਜਸਵੀਰ ਦਾ ਹੌਸਲਾ ਬੁਲੰਦ ਹੋ ਗਿਆ।
“ਢੋਲਕੀ ਦੀ ਟ੍ਰੇਨਿੰਗ ਤਾਂ ਪੂਰੀ ਲੈ ਲਈ ਸੀ ਨਾ। ਮਿਲਾਉਣਾ ਤਾਲ ਨਾਲ ਤਾਲ!” ਏਜੰਟ ਅੱਖਾਂ ਮਟਕਾਉਂਦਾ ਬੋਲਿਆ।
“ਤਾਲ ਕਾਹਦੇ ਮੇਲਣੇ ਆ ਜੀ, ਜੱਟ ਦਾ ਪੁੱਤ ਤਾਂ ਬੱਸ ਨੱਕੇ ਛੱਡਣ ਜੋਗਾ ਹੀ ਹੁੰਦਾ!”
“ਓਏ ਜੱਸੀ ਸੇਠਾ, ਜੱਟਾਂ ਦੀ ਸੁਣ ਲੈ। ਧਰਮਰਾਜ ਜਦੋਂ ਬਾਣੀਏ ਨੂੰ ਦੁਨੀਆਂ ‘ਤੇ ਭੇਜਣ ਲੱਗਾ ਤਾਂ ਕਹਿੰਦਾ-‘ਲਾਲਾ ਜੀ! ਪਹਿਲਾਂ ਤੁਸੀਂ ਧਰਤੀ ‘ਤੇ ਜਾਣਾ ਕਿ ਥੋਡੀ ਅਕਲ ਜਾਵੇ!’ ਬਾਣੀਆ ਤਿੱਖਾ, ਹੱਥ ਜੋੜ ਕੇ ਬੋਲਿਆ-‘ਪਾਤਸ਼ਾਹੋ! ਅਕਲ ਰਾਣੀ ਨੂੰ ਭੇਜੋ ਪਹਿਲਾਂ!’ ਫੇਰ ਇਹੀ ਸਵਾਲ ਧਰਮਰਾਜ ਨੇ ਜੱਟ ਤੋਂ ਪੁੱਛਿਆ, ਤਾਂ ਪਤਾ ਕੀ ਜਵਾਬ ਮਿਲਿਆ, ‘ਬੂਬਨਿਆ! ਗੋਲੀ ਮਾਰ ਅਕਲ ਦੇ, ਮੈਂ ਸਾਲੀ ਤੋਂ ਗੰਢੇ ਗਡਾਉਣੇ ਨੇ। ਮੈਂ ਚਲਦਾਂ, ਭੇਜਦੀਂ ਜੇ ਭੇਜਣੀ ਹੋਈ ਪਿਛੋਂ।’ ਤੇ ਧਰਮਰਾਜ ਨੇ ਹੁਣ ਬਿਲਟੀ ਕੀਤੀ ਐ ਜੱਟ ਦੀ ਅਕਲ! ਆਹ ਦੇਖ ਲੈ, ਹਰੇਕ ਮੋੜ ‘ਤੇ ਜੱਟ ਤੂੰਬੀ ਚੁੱਕੀ ਫਿਰਦੇ ਨੇ। ਨਿਰਾ ਲਾਹੇ ਦਾ ਸੌਦਾ। ਚਾਰ ਕੁ ਲਿਲਕਾਂ ਮਾਰੋ, ਪੈਸੇ ਤਾਂ ਸ਼ਰਾਬੀ ਲਾਣਾ ਜੇਬਾਂ ‘ਚੋਂ ਊਈਂ ਵਰ੍ਹਾਉਣ ਨੂੰ ਤਿਆਰ ਰਹਿੰਦਾ!”
“ਮੈਥੋਂ ਵਜਵਾ ਕੇ ਤਾਂ ਨ੍ਹੀਂ ਦੇਖਣਗੇ ਜੀ?” ਜਸਵੀਰ ਨੇ ਸ਼ੰਕਾ ਜ਼ਾਹਰ ਕੀਤਾ।
“ਓਏ ਉਥੇ ਕਿਹੜਾ ਚਰਨਜੀਤ ਆਹੂਜਾ ਬੈਠਾ, ਚਾਰ ਠੋਲੇ ਮਾਰਦੀਂ। ਗੋਰੇ ਵਾਸਤੇ ਤਾਂ ਘਰਾਟ ਰਾਗ ਵੀ ਪੰਜਾਬੀ ਦਾ ਪੌਪ ਸੰਗੀਤ ਐ। ਨਾਲ਼ੇ ਤੂੰ ‘ਕੱਲਾਂ, ਅਹੁ ਦੇਖ ਤਿੰਨ ਰਾਗੀ ਸਿੰਘ। ਦੋ ਤਾਂ ਸਹੀ ਨੇ, ਪਰ ਤੀਜਾ ਜੀਹਦਾ ਦਾਹੜੀ ਖੁਰਚਣ ‘ਤੇ ਜ਼ੋਰ ਐ, ਅਸਲੀ ਦੀਂਹਦਾ? ਕਨੇਡਾ ਖਾਤਰ ਰੱਖੀ ਨਵੀਂ ਨਵੀਂ ਦਾਹੜੀ ਵਖਤ ਪਾਈ ਬੈਠੀ ਵਿਚਾਰੇ ਨੂੰ। ਇਹ ਚਲਿਆ ਕਨੇਡਾ ਗੁਰਮਤਿ ਪ੍ਰਚਾਰ ਕਰਨ, ਦਸਾਂ ਗੁਰਾਂ ਦੇ ਨਾਂ ਵੀ ਦਸ ਦਵੇ ਤਾਂ ਮੇਰਾ ਨਾਂ ਵਟਾਦੀਂ। ਅਹੁ ਕੌਡੀ ਦੀ ਟੀਮ ਦੇਖ ਲੈ, ਤਿੰਨਾਂ ਕੁ ਦੇ ਜੁੱਸੇ ਤਾਂ ਖਿਲਾੜੀਆਂ ਵਾਲੇ ਆ, ਬਾਕੀ ਤਾਂ ਸਵੇਰਿਓਂ ਤੋਲ਼ਾ ਖਾ ਕੇ ਮੰਜੇ ਤੋਂ ਉਠਣ ਵਾਲੇ ਨੇ। ਸੋ ਜੱਸੀ ਸੇਠਾ, ਲੈ ਸੀਤਾ ਦਾ ਨਾਮ, ਰਾਮ ਭਲੀ ਕਰੂਗਾ।”
ਜਸਵੀਰ ਹੋਰਾਂ ਦੀ ਸਾਰੀ ਸੰਗੀਤ ਪਾਰਟੀ ਨੂੰ ਕਲਚਰਲ ਸ਼ੋਅ ਪੇਸ਼ ਕਰਨ ਦਾ ਵੀਜ਼ਾ ਮਿਲ ਗਿਆ।
ਦੋ-ਚਾਰ ਕਲਾਕਾਰਾਂ ਤੋਂ ਬਿਨਾਂ ਏਜੰਟ ਨੇ ਬਾਕੀ ਲਾਣੇ ਨੂੰ ਆਪਣੇ ਆਪਣੇ ਰਹਿਮੋ-ਕਰਮ ‘ਤੇ ਛੱਡ ਦਿਤਾ। ਜਿਥੇ ਸਿਰ ਘਸੋੜਨ ਨੂੰ ਥਾਂ ਮਿਲਿਆ, ਦੋ ਦੋ, ਚਾਰ ਚਾਰ ਕਰ ਕੇ ਸਾਰਾ ਲਾਣਾ ਟਿਕ ਗਿਆ। ਜਸਵੀਰ ਦਾ ਸਕਾ ਚਾਚਾ ਜਿਹੜਾ ਵਰ੍ਹਿਆਂ ਪਹਿਲੋਂ ਕੈਨੇਡਾ ਆ ਗਿਆ ਸੀ ਤੇ ਜੀਹਦਾ ਆਪਣੇ ਭਰਾ ਨਾਲ ਕੋਈ ਰਾਬਤਾ ਨਹੀਂ ਸੀ, ਉਹਦੀ ਠਾਹਰ ਦੀ ਇਕ ਧੁੰਦਲੀ ਜਿਹੀ ਆਸ ਸੀ। ਫੋਨ ਬੁਕ ‘ਚੋਂ ਨੰਬਰ ਲੱਭ ਕੇ ਉਹਨੇ ਫੋਨ ਕੀਤਾ।
“ਹੈਲੋ!” ਅੱਗਿਓਂ ਜ਼ਨਾਨਾ ਆਵਾਜ਼ ਸੀ।
“ਸਾਸਰੀ’ਕਾਲ ਚਾਚੀ ਜੀ, ਮੈਂ ਜਸਵੀਰ ਬੋਲਦਾਂ!”
“ਕਿਹੜਾ ਜਸਵੀਰ? ਰੌਂਗ ਲੰਬਰ ਲਗਦਾ ਭਾਈ!” ਜਸਵੀਰ ਨੇ ਆਪਣੀ ਚਾਚੀ ਦੀ ਆਵਾਜ਼ ਪਛਾਣ ਲਈ ਜਿਹੜੀ ਚਾਰ ਕੁ ਵਰ੍ਹੇ ਪਹਿਲਾਂ ਪਿੰਡ ਆਪਣੀ ਜ਼ਮੀਨ ਦਾ ਹਿੱਸਾ ਵੰਡਾ ਕੇ ਵੇਚ ਆਈ ਸੀ।
“ਚਾਚੀ ਜੀ, ਮੈਂ ਪਿੰਡੋਂ ਆਇਆਂ ਮੈਂ ਥੋਡਾæææ!”
“ਤੂੰ ਤਾਂ ਧੱਕੇ ਨਾਲ ਭਤੀਜਾ ਬਣੀ ਜਾਨਾਂ, ਹੈ ਨ੍ਹੀਂ ਸਾਡਾ ਪਿੱਛੇ ਕੋਈ!”
“ਤਾਂ ਜੀ ਇਹ ਸਰਦਾਰ ਕਿਹਰ ਸਿਓਂ ਹੁਣਾਂ ਦਾ ਘਰ ਨਹੀਂ?”
“ਨਾ ਭਾਈ, ਇਹ ਤਾਂ ਦਲੇਰ ਸਿਓਂ ਹੁਣਾਂ ਦਾ ਘਰ ਆ!” ਕਹਿ ਚਾਚੀ ਨੇ ਫੋਨ ਰੱਖ ਦਿੱਤਾ ਤੇ ਮੂੰਹ ‘ਚ ਬੁੜ੍ਹਬੁੜਾਉਣ ਲੱਗ ਪਈ-ਮੇਰੇ ਭਤੀਜਿਆਂ ਤੋਂ ਤਸੀਲ ਨ੍ਹੀਂ ਟੱਪ ਹੋਈ, ਇਹ ਪਤਾ ਨ੍ਹੀਂ ਕਿਵੇਂ ਠਾਹ ਕਰ ਕੇ ਆ ਵਜਦੇ ਨੇ! ਫੇਰ ਫੋਨ ਚੌਂਗੇ ‘ਤੇ ਰੱਖਦੀ ਬੋਲੀ, ‘ਧਗੜਾ ਚਾਚੀ ਦਾ! ਸਰਾਂ ਸਮਝ ਕੇ ਮੰਜੇ ਬਿਸਤਰੇ ਨੂੰ ਫੂਨ ਕੀਤਾ ਸੀ!’
ਚੋਰੀ ਰਹਿ ਰਿਹਾ ਲਾਣਾ ਕਿਤੇ ਨਾ ਕਿਤੇ ਕੰਮ ਲੱਭੀ ਰੱਖਦਾ, ਪਰ ਗੈਰਕਨੂੰਨੀ ਜ਼ਿੰਦਗੀ ਨਿਰੀ ਜਿਲਤ ਸੀ। ਸਹਿਮ ਸਹਿਮ ਕੇ ਜੀਣ ਨਾਲਂੋ ਸਭ ਦਾ ਜੀਅ ਵਾਪਸ ਮੁਲਕ ਪਰਤਣ ਨੂੰ ਕਰਦਾ ਸੀ, ਪਰ ਮਾਪਿਆਂ ਦੇ ਸਿਰ ‘ਤੇ ਕਰਜ਼ਿਆਂ ਦੀਆਂ ਪੰਡਾਂ ਸਭ ਲਈ ਲਛਮਣ ਰੇਖਾਵਾਂ ਬਣੀਆਂ ਹੋਈਆਂ ਸਨ। ਤੇ ਕਦੇ ਕਦੇ ਇਸ ਤਰ੍ਹਾਂ ਦੇ ਕਬੂਤਰਾਂ ਲਈ ਆਲ੍ਹਣੇ ਵੀ ਲੱਭ ਜਾਂਦੇ ਹਨ। ਵਰ ਸਿਰ ਹੋਈਆਂ ਧੀਆਂ ਦੇ ਮਾਪੇ ਲੰਬੀ ਉਡੀਕ ਤੇ ਮਹਿੰਗੇ ਸੌਦੇ ਵਾਲੇ ਪੰਜਾਬ ਜਾ ਕੇ ਵਿਆਹ ਕਰਨ ਨਾਲੋਂ ਜਸਵੀਰ ਵਰਗਿਆਂ ਨਾਲ ਸੰਯੋਗ ਦਾ ਤੋਪਾ ਭਰ ਦਿੰਦੇ ਹਨ। ਇਵੇਂ ਹੀ ਇਕ ਧੀ ਦਾ ਲਾੜਾ ਬਣ ਗਿਆ ਸੀ ਜਸਵੀਰ!
ਵਿਆਹ ਤੋਂ ਬਾਅਦ ਕਾਗਜ਼ਾਂ ਦੀ ਖਾਨਾਪੂਰੀ ਨੇ ਕੁਛ ਵਕਤ ਲਿਆ ਤੇ ਜਸਵੀਰ ਦੇ ਪਾਸਪੋਰਟ ‘ਤੇ ਇਮੀਗ੍ਰੇਸ਼ਨ ਅਫ਼ਸਰ ਨੇ ਲੈਂਡਿਡ ਇਮੀਗ੍ਰਾਂਟ ਦੀ ਮੋਹਰ ਠੱਪ ਦਿਤੀ। ਸਹੁਰਿਆਂ ਦੀ ਬੇਸਮੈਂਟ ‘ਚ ਰਹਿੰਦਾ ਢੋਲੇ ਦੀਆਂ ਲਾਉਂਦਾ ਜ਼ਿੰਦਗੀ ਲੰਘਾ ਰਿਹਾ ਸੀ ਜਸਵੀਰ!
ਵੀਕਐਂਡ ਦੀ ਇਕ ਸ਼ਾਮ ਨੂੰ ਫੋਨ ਖੜਕਿਆ।
“ਹੈਲੋ?” ਜਸਵੀਰ ਨੇ ਫੋਨ ਕੰਨ ‘ਤੇ ਰੱਖਦਿਆਂ ਕਿਹਾ।
“ਓਏ ਜਸਵੀਰ ਆ? ਮੈਂ ਤੇਰਾ ਚਾਚਾ ਬੋਲਦਾਂ!” ਦੂਜੇ ਪਾਸਿਉਂ ਆਵਾਜ਼ ਆਈ।
“ਸਾਸਰੀ’ਕਾਲ ਚਾਚਾ ਜੀ!” ਜਸਵੀਰ ਦਾ ਚਾਅ ਉਹਦੀ ਉਚੀ ਆਵਾਜ਼ ‘ਚੋਂ ਡੁੱਲ੍ਹ ਡੁੱਲ੍ਹ ਪੈ ਰਿਹਾ ਸੀ।
“ਚਾਚਾ ਜੀ! ਮੈਂ ਤਾਂ ਆਉਣ ਸਾਰ ਹੀ ਫੋਨ ਕੀਤਾ ਸੀ, ਪਰ ਚਾਚੀ ਜੀ ਨੂੰ ਖੌਰੇ ਪਛਾਣ ਨਾ ਆਈ, ਇਹੀ ਕਹਿੰਦੀ ਰਹੀæææਭਾਈ, ਰੌਂਗ ਨੰਬਰ ਆ!”
“ਓਏ ਚਾਚੀ ਤੇਰੀ ਨੂੰ ਮਿਰਗੀ ਪੈਂਦੀ ਆ, ਕੁਛ ਨ੍ਹੀਂ ਚੇਤੇ-ਚੂਤੇ ਰਹਿੰਦਾ!”
“ਚਾਚਾ ਜੀ! ਡਾਕਟਰ ਨੂੰ ਦਿਖਾਉਣਾ ਸੀ ਚਾਚੀ ਜੀ ਨੂੰ?” ਜਸਵੀਰ ਨੇ ਚਿੰਤਾ ਜ਼ਾਹਰ ਕੀਤੀ।
“ਦਿਖਾਈ ਐ ਬਥੇਰਿਆਂ ਨੂੰ, ਉਨ੍ਹਾਂ ਤੋਂ ਤਾਂ ‘ਰਾਮ ਆਇਆ ਨ੍ਹੀਂ, ਪਰ ਮੈ ‘ਲਾਜ ਲੱਭ ਲਿਆ। ਹਫਤੇ ‘ਚ ਇਕ ਦਿਨ ਸਟੋਰ ਛੱਡ ਆਈਦੀ ਆ। ਖਰੀਦੇ ਭਾਵੇਂ ਕੁਝ ਨਾ, ਫੋਲਾ-ਫਾਲੀ ਕਰ ਕੇ ਪੂਰੇ ਸੱਤ ਦਿਨ ਠੀਕ ਰਹਿੰਦੀ ਆ। ਊਂ ਵੀ ਮਾੜੇ ਖਲਣੇ ਦੀ ਆ, ਮੇਰਿਆਂ ਨੂੰ ਕਿਥੇ ਝਲਦੀ ਆ। ਲਿਖਾ ਐਡਰੈਸ ਮੈਨੂੰ, ਆਥਣੇ ਮਿਲਣ ਆਉਨੇ ਆਂ।”
ਚਾਚਾ-ਚਾਚੀ ਮਿਲਣ ਆਏ। ਸੱਸ-ਸਹੁਰੇ ਨੇ ਬਹੁਤ ਮਾਣ-ਇੱਜ਼ਤ ਦਿਤਾ। ਆਉਣ-ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਦੋਂ ਜਸਵੀਰ ਚਾਚੇ-ਚਾਚੀ ਕੋਲ਼ ਇਕੱਲਾ ਜਾਂਦਾ ਤਾਂ ਘਰ ਪਰਤਦੇ ਦੇ ਉਹਦੇ ਤੇਵਰ ਬਦਲੇ ਹੁੰਦੇ। ਘਰ ਵਾਲੀ ਨਾਲ ਗੱਲ ਗੱਲ ‘ਤੇ ਲੜਨ ਝਗੜਨ ਲੱਗ ਜਾਂਦਾ। ਗੱਲ ਗਾਲ੍ਹਾਂ ਤੋਂ ਵਧ ਕੇ ਧੌਲ਼-ਧੱਫੇ ‘ਤੇ ਚਲੀ ਗਈ। ਸੱਸ-ਸਹੁਰੇ ਨੇ ਵਾਵੇਲਾ ਕੀਤਾ। ਚਾਚਾ-ਚਾਚੀ ਸੱਦ ਲਏ।
“ਜੇ ਨਹੀਂ ਬਣਦੀ, ਅੱਡ ਹੋ ਜੋ। ਡਿਵੋਰਸ ਲੈ ਲੋ। ਥੋਡੇ ਕਿਹੜਾ ਪੈਰੀਂ ਬੇੜੀ ਪਾਈ ਹੋਈ ਆ!” ਚਾਚੇ ਨੇ ਫੜਾਹ ਸੋਟਾ ਮਾਰਦੇ ਨੇ ਕਿਹਾ।
“ਸ਼ਾਬਾਸ਼ੇ ਥੋਡੇ!” ਧੀ ਦੇ ਪਿਉ ਨੇ ਚਾਚੇ ਵੱਲ ਅਹੁਰਾ ਜਿਹਾ ਝਾਕਦੇ ਨੇ ਕਿਹਾ, “ਸਿਆਣੇ ਮਾਪੇ ਜਵਾਕਾਂ ਨੂੰ ਝਾੜ-ਝੰਬ ਕੇ ‘ਕੱਠੇ ਰੱਖਦੇ ਨੇ, ਤੇ ਤੁਸੀਂ ਆਉਂਦੇ ਸਾਰ ਪਾਟਕ ਪਾਉਣੇ ਸ਼ੁਰੂ ਕਰ ਦਿੱਤੇ!”
“ਪਾਟਕ ਪਾਉਣ ਨੂੰ ਮੈਂ ਸਰਕਾਰੀ ਆਡਰ ਜਾਰੀ ਕਰ’ਤਾ। ਇਹ ਕਨੇਡਾ! ਕੋਈ ਝੱਲਦਾ ਇਥੇ ਧੌਂਸ? ਨਾਲੇ ਚੌਧਰੀ ਸਾ’ਬ! ਧੀਆਂ ਵਾਲੇ ਐਨਾ ਉਚੀ ਨ੍ਹੀਂ ਬੋਲਦੇ ਹੁੰਦੇ!”
“ਇਹ ਮੁੰਡੇ ਆਲੇ ਕਿਥੋਂ ਜੰਮ’ਪੇ? ਲੋੜ ਵੇਲੇ ਤਾਂ ਨਾਂ ਵੀ ਬਦਲ ਲਏ ਸੀ, ਹੁਣ ਬੜਾ ਹੇਜ ਜਾਗਦਾ!”
“ਉਹ ਤਾਂ ਘਰਵਾਲੀ ਨੂੰ ਪੁੱਠੀ ਜਿਹੀ ਬਿਮਾਰੀ ਕਰ ਕੇ।”
“ਮੈਨੂੰ ਕਿਹੜੀ ਬਿਮਾਰੀ ਆ?”
ਚਾਚੀ ਘਰਵਾਲੇ ਨੂੰ ਟੁੱਟ ਕੇ ਪਈ, “ਬਿਮਾਰ ਤਾਂ ਤੂੰ ਐਂ, ਸਾਰੀ ਰਾਤ ਕੁੱਤੇ ਆਂਗੂੰ ਖੰਘੀ ਜਾਨਾਂ!”
“ਕਿਉਂ ਭੌਂਕਦੀ ਐਂæææਬੰਦਿਆਂ ‘ਚ ਬੁੜ੍ਹੀਆਂ ਬੋਲਦੀਆਂ ਚੰਗੀਆਂ ਲੱਗਦੀਆਂ? ਭਾਈ ਸਾ’ਬ! ਜੇ ਕਿਤੇ ਜਸਵੀਰ ਦਾ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ, ਮਹਿੰਗਾ ਵਕੀਲ ਕਰ ਕੇ ਮੈਂ ਤਾਂ ਊਈਂ ਇਹਨੂੰ ਪੱਕਾ ਕਰਵਾ ਦੇਣਾ ਸੀ। ਥੋਡਾ ਰੋਅਬ ਤਾਂ ਨਾ ਝੱਲਣਾ ਪੈਂਦਾ ਵਿਚਾਰੇ ਨੂੰ!”
ਜਸਵੀਰ ਸੋਫੇ ਦੀ ਨੁਕਰੋਂ ਸਹੁਰੇ ਵੱਲ ਅੱਖਾਂ ਕੱਢਦਾ ਬੋਲਿਆ, “ਤੁਸੀਂ ਬੇਮਤਲਬੀ ਚਾਚਾ ਜੀ ਦੀ ਲਾਹ-ਪਾਹ ਕਰੀ ਜਾਨੇ ਓਂæææਹੇਜ ਜਾਗੇ ਨਾæææਚਾਚਾ ਜੀ ਨੇ ਮੇਰੇ। ਆਪਣਾ ਲਹੂ ਆਪਣਾ ਹੀ ਹੁੰਦਾ!”
“ਜਸਵੀਰ ਪੁੱਤ! ਅਸੀਂ ਕਿਹੜਾ ਬੇਗਾਨੇ ਆਂ!” ਸੱਸ ਨੇ ਵਿਚ ਪੈਂਦੇ ਕਿਹਾ।
“ਗੱਲ ਗੱਲ ‘ਤੇ ਖਾਣ ਨੂੰ ਪੈਨੇ ਓਂ। ਆਪਣੇ ਆਲੀ ਇਹਦੇ ‘ਚ ਕਿਹੜੀ ਗੱਲ ਰਹਿ ਗਈ।”
“ਮੈਨੂੰ ਲੱਗਦਾ ਇਹ ਫੈਮਿਲੀ ਨ੍ਹੀਂ ਤੇਰੇ ਫਿਟ। ਤੂੰ ਤਲਾਕ ਦੇ ਪੇਪਰ ਭਰ। ਇਹ ਆਪਣੀ ਕੁੜੀ ਨੂੰ ਜਿਥੇ ਮਰਜ਼ੀ ਵਿਆਹੁਣ, ਮੈਂ ਤੈਨੂੰ ਜਿਥੇ ਮਰਜ਼ੀ ਵਿਆਹਵਾਂ!”
“ਸਾਡੀ ਕੁੜੀ ਦਾ ਕਸੂਰ ਕੀ ਐ, ਜਿਹੜੇ ਗੱਲ ਗੱਲ ‘ਤੇ ਤਲਾਕ ਦੀ ਧਮਕੀ ਦਿੰਦੇ ਓਂ?” ਪਿਉ ਨੇ ਤਿੱਖੀ ਸੁਰ ‘ਚ ਪੁੱਛਿਆ।
“ਕਸੂਰ ਕੋਈ ਨਹੀਂ, ਸੱਤ-ਅੱਠ ਲੱਖ ਲਾ ਕੇ ਇਥੇ ਆਇਆ, ਉਹ ਕਿਥੋਂ ਹਰਾ ਕਰਨਾ? ਇੰਡੀਆ ਜਾਊ, ਕਿਸੇ ਦੇ ਕੀਲੇ ਧਰਾਊ, ਨਹੀਂ ਤਾਂ ਜਣਦਿਆਂ ਦੀ ਕੁਰਕੀ ਆਈ ਪਈ ਆ। ਨਾਲੇ ਕਨੇਡਾ ਪਹਿਲਾ ਵਿਆਹ ਤਾਂ ਪੌੜੀ ਅਰਗਾ ਹੁੰਦਾ, ਜੀਹਦੇ ‘ਤੇ ਚੜ੍ਹ ਕੇ ਬੰਦਾ ਕਨੇਡਾ ਵੜਨ ਜੋਗਾ ਹੁੰਦਾ।”
“ਮੇਰੀ ਧੀ ਬਾਰੇ ਪੁੱਠੇ-ਸਿੱਧੇ ਬੋਲ ਸੋਚ ਕੇ ਬੋਲੀਂ ਓਏ ਵੱਡਿਆ ਮੁੰਡੇ ਆਲਿਆ। ਜੇ ਸਾਨੂੰ ਪੱਕਾ ਕਰਾਉਣਾ ਆਉਂਦਾ ਤਾਂ ਪਿਛਲੇ ਪੈਰੀਂ ਜਹਾਜ਼ ਵੀ ਚੜ੍ਹਾਉਣਾ ਆਉਂਦਾ!”
“ਥੋਡਾ ਘਰ ਆ ਜੀ, ਜੋ ਕੁਛ ਕਹਿਣਾ ਕਹਿ ਲਵੋ। ਆਬਦੀ ਗਲੀ ‘ਚ ਤਾਂ ਕੁੱਤਾ ਵੀ ਸ਼ੇਰ ਹੁੰਦਾ!” ਚਾਚਾ ਕਹਿ ਰਿਹਾ ਸੀ।
“ਤੇਰੀ ਓਏ ਵੱਡੇ ਸਰਦਾਰ ਦੀæææਨਿਕਲ ਭੈਣæææਮੇਰੇ ਘਰੋਂ!”
“ਇਸ ਖਲ਼ਣੇ ਨੂੰ ਅਕਲ ਨ੍ਹੀਂ!” ਚਾਚੀ ਸੋਫੇ ਤੋਂ ਉਠਦੀ ਬੋਲੀ, “ਪਹਿਲਾਂ ਮੇਰੇ ਪੇਕੀਂ ਜਾ ਕੇ ਕਿੜ੍ਹ-ਕਿੜ੍ਹ ਕਰਦਾ ਮੇਰੇ ਭਰਾਵਾਂ ਤੋਂ ਜੁੱਤੀਆਂ ਖਾਂਦਾ ਰਿਹਾ, ਹੁਣ ਭਰਾ ਦੇ ਚੌਣੇ ਪਿੱਛੇ ਦੁਰ-ਦੁਰ ਕਰਾਈ ਜਾਂਦਾ। ਦੇਖੂੰ ਤੈਨੂੰ ਜਦੋਂ ਮੰਨ ਪਰੋਸ ਕੇ ਦੇਣਗੇ!”
“ਤੂੰ ਸਾਲੀਏ ਆਬਦੀ ਗਿੱਠ ਦੀ ਜੀਭ ਨੂੰ ਅੰਦਰ ਨਾ ਵਾੜੀਂ!”
“ਗਾਲ਼੍ਹ ਕੱਢ ਆਬਦੀ ਮਾਂ ਨੂੰ, ਆਬਦੀ ਭੈਣ ਨੂੰ!” ਚਾਚਾ ਚਾਚੀ ਲੜਦੇ ਬਾਹਰ ਹੋ ਗਏ ਤੇ ਉਨ੍ਹਾਂ ਦੇ ਪਿੱਛੇ ਜਸਵੀਰ ਵੀ ਤੁਰ ਪਿਆ। ਕੁੜੀ ਦੇ ਪਿਉ ਨੇ ਬੇਸਮੈਂਟ ਦਾ ਡੋਰ ਬੰਦ ਕਰ ਦਿੱਤਾ। ਮਾਂ ਅੱਖਾਂ ‘ਚ ਹੰਝੂ ਭਰੀ ਉਪਰ ਨੂੰ ਤੁਰ ਪਈ। ਦਰਵਾਜ਼ੇ ‘ਤੇ ਦਸਤਕ ਹੋਈ। ਬਾਪ ਨੇ ਦਰਵਾਜ਼ਾ ਖੋਲਿਆ। ਸਾਹਮਣੇ ਜਸਵੀਰ ਖੜ੍ਹਾ ਸੀ।
“ਕੀ ਗੱਲ ਐ?” ਪਿਉ ਨੇ ਰੁੱਖਾ ਜਿਹਾ ਪੁੱਛਿਆ।
“ਪੱਗ ਭੁੱਲ ਗਿਆ, ਨੰਗੇ ਸਿਰ!”
“ਪੱਗ ਇੱਜ਼ਤਾਂ ਵਾਲਿਆਂ ਦੇ ਸਿਰਾਂ ‘ਤੇ ਸੋਭਦੀਆਂ। ਤੇਰੇ ਵਰਗੇ ਕੰਜਰਾਂ ਦੇ ਨ੍ਹੀਂ!” ਬਾਪ ਨੇ ਜ਼ੋਰ ਨਾਲ ਦਰਵਾਜ਼ਾ ਬੰਦ ਕਰ ਲਿਆ।

Be the first to comment

Leave a Reply

Your email address will not be published.