ਲਾਪਤਾ ਸਰੂਪ: ਸ਼੍ਰੋਮਣੀ ਕਮੇਟੀ ਨੇ ਪੁਲਿਸ ਕਾਰਵਾਈ ਬਾਰੇ ਯੂ-ਟਰਨ ਲਿਆ

ਅੰਮ੍ਰਿਤਸਰ: 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਬਾਰੇ ਸ਼੍ਰੋਮਣੀ ਕਮੇਟੀ ਨੇ ਯੂ-ਟਰਨ ਲੈ ਲਿਆ ਹੈ। ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ ਪੁਲਿਸ ਕੇਸ ਦਰਜ ਕਰਾਉਣ ਦੀ ਥਾਂ ‘ਤੇ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਗੁਰਦੁਆਰਾ ਐਕਟ ਮੁਤਾਬਕ ਪੰਥਕ ਮਰਿਆਦਾ ਅਤੇ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਹੁਦੇਦਾਰ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਵੀ 18 ਸਤੰਬਰ ਨੂੰ ਸ੍ਰੀ ਅਕਾਲ ਤਖਤ ‘ਤੇ ਪੇਸ਼ ਹੋ ਕੇ ਖਿਮਾ ਯਾਚਨਾ ਕਰਨਗੇ।

ਜ਼ਿਕਰਯੋਗ ਹੈ ਕਿ ਪਿਛਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਪੰਜ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਸਨ ਅਤੇ ਪੰਜ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਮੌਕੇ ਸ਼੍ਰੋਮਣੀ ਕਮੇਟੀ ਨੇ ਦੋਸ਼ੀ ਕਰਮਚਾਰੀਆਂ ਖਿਲਾਫ ਫੌਜਦਾਰੀ ਕੇਸ ਕਰਨ ਦਾ ਵੀ ਐਲਾਨ ਕੀਤਾ ਸੀ ਅਤੇ ਚਾਰ ਵਕੀਲਾਂ ਦਾ ਪੈਨਲ ਵੀ ਬਣਾਇਆ ਗਿਆ ਸੀ।
ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੀ ਕੀਤੀ ਗਈ ਜਾਂਚ ਰਿਪੋਰਟ ਦਾ ਕੁੱਝ ਹਿੱਸਾ ਸ਼੍ਰੋਮਣੀ ਕਮੇਟੀ ਨੇ ਜਨਤਕ ਕਰ ਦਿੱਤਾ ਹੈ ਤੇ ਇਹ ਸਿੱਖ ਸੰਸਥਾ ਦੀ ਵੈੱਬਸਾਈਟ ਉਤੇ ਉਪਲਬੱਧ ਹੈ। 10 ਪੰਨਿਆਂ ਦੀ ਇਕ ਰਿਪੋਰਟ ਵੈੱਬਸਾਈਟ ਉਤੇ ਹੈ, ਜਿਸ ਨੂੰ ਸਮੁੱਚੀ ਰਿਪੋਰਟ ਦਾ ਮੁੱਖ ਅੰਸ਼ ਦੱਸਿਆ ਗਿਆ ਹੈ ਤੇ ਬਾਕੀ ਹਿੱਸੇ ਵਿਚ ਜਾਂਚ ਦੌਰਾਨ ਦਰਜ ਕੀਤੇ ਬਿਆਨ ਆਦਿ ਦੱਸੇ ਜਾ ਰਹੇ ਹਨ।
ਲੌਂਗੋਵਾਲ ਦਾ ਕਹਿਣਾ ਹੈ ਕਿ ਅੰਤ੍ਰਿੰਗ ਕਮੇਟੀ ਨੇ ਫੈਸਲਾ ਲਿਆ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਕੰਮਕਾਜ ਵਿਚ ਕਿਸੇ ਨੂੰ ਦਖਲ ਦੇਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ। ‘ਸਿੱਖ ਸੰਸਥਾ ਦੀ ਆਪਣੀ ਆਜ਼ਾਦ ਹਸਤੀ ਹੈ ਅਤੇ ਉਹ ਫੈਸਲੇ ਲੈਣ ਦੇ ਸਮਰੱਥ ਹੈ।’ ਲੌਂਗੋਵਾਲ ਨੇ ਇਸ ਬਾਰੇ ਸਪੱਸ਼ਟ ਕੀਤਾ ਕਿ ਹੁਣ ਇਹ ਮਾਮਲਾ ਪੁਲਿਸ ਕੋਲ ਦੇਣ ਦੀ ਥਾਂ ਉਤੇ ਸ਼੍ਰੋਮਣੀ ਕਮੇਟੀ ਕੁਝ ਸਖਤ ਕਾਰਵਾਈ ਕਰੇਗੀ ਤਾਂ ਜੋ ਭਵਿੱਖ ਵਿਚ ਕੋਈ ਅਜਿਹੀ ਹਿੰਮਤ ਨਾ ਕਰ ਸਕੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਰਿਕਾਰਡ ਵਿਚੋਂ ਘਟੇ ਪਾਵਨ ਸਰੂਪ ਨਾ ਤਾਂ ਗਾਇਬ ਹੋਏ ਹਨ ਅਤੇ ਨਾ ਹੀ ਕੋਈ ਬੇਅਦਬੀ ਹੋਈ ਹੈ। ਉਨ੍ਹਾਂ ਕਿਹਾ ਕਿ ਸਬੰਧਤ ਕਰਮਚਾਰੀਆਂ ਵਲੋਂ ਇਹ ਪਾਵਨ ਸਰੂਪ ਸੰਗਤ ਨੂੰ ਹੀ ਦਿੱਤੇ ਗਏ ਹਨ ਪਰ ਲਾਲਚ ਵੱਸ ਇਸ ਦੀ ਨਾ ਭੇਟਾ ਜਮ੍ਹਾਂ ਕਰਾਈ ਗਈ ਅਤੇ ਨਾ ਹੀ ਇਸ ਨੂੰ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਘਟਨਾਕ੍ਰਮ ਨਾਲ ਨਾਨਕ ਨਾਮਲੇਵਾ ਸੰਗਤ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ ਅਤੇ ਉਹ ਇਸ ਲਈ ਜ਼ਾਤੀ ਤੌਰ ਉਤੇ ਸਿੱਖ ਸੰਗਤ ਕੋਲੋਂ ਖਿਮਾ ਮੰਗਦੇ ਹਨ। ਉਨ੍ਹਾਂ ਕਿਹਾ ਕਿ ਕੁਝ ਕਰਮਚਾਰੀਆਂ ਵਲੋਂ ਕੀਤੀਆਂ ਗਈਆਂ ਬੇਨੇਮੀਆਂ ਅਤੇ ਗੈਰ ਜ਼ਿੰਮੇਵਾਰਾਨਾ ਕੰਮਾਂ ਕਾਰਨ ਸ਼੍ਰੋਮਣੀ ਕਮੇਟੀ ਨੂੰ ਨਮੋਸ਼ੀ ਅਤੇ ਚਿੰਤਾਜਨਕ ਹਾਲਾਤ ਵਿਚੋਂ ਲੰਘਣਾ ਪੈ ਰਿਹਾ ਹੈ।
_________________________________________
ਰੂਪ ਸਿੰਘ ਦੋਸ਼ੀ ਪ੍ਰਚਾਰੇ ਜਾਣ ਤੋਂ ਖਫਾ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਡਾ. ਰੂਪ ਸਿੰਘ, ਜਿਨ੍ਹਾਂ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਅਸਤੀਫਾ ਦੇ ਦਿੱਤਾ ਸੀ, ਨੇ ਆਪਣੀ ਖਾਮੋਸ਼ੀ ਤੋੜਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਬਿਨਾਂ ਵਜ੍ਹਾ ਦੋਸ਼ੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਅਕਾਰਨ ਹੀ ਬਦਨਾਮੀ ਹੋ ਰਹੀ ਹੈ। ਕੈਨੇਡਾ ਤੋਂ ਪਰਤਣ ਮਗਰੋਂ ਇਕਾਂਤਵਾਸ ਵਿਚ ਰਹਿ ਰਹੇ ਡਾ. ਰੂਪ ਸਿੰਘ ਨੇ ਆਖਿਆ ਕਿ ਉਨ੍ਹਾਂ ਨੈਤਿਕ ਆਧਾਰ ‘ਤੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਪਰ ਮੀਡੀਆ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਦਾ ਨਾਂ ਦੋਸ਼ੀਆਂ ਦੀ ਸੂਚੀ ਵਿਚ ਸ਼ਾਮਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਪੜਤਾਲ ਵਿਚ ਦੋਸ਼ੀ ਹਨ ਤਾਂ ਅਸਤੀਫ਼ਾ ਅਪ੍ਰਵਾਨ ਕਰ ਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ।
______________________________________
ਅਕਾਲ ਫੈਡਰੇਸ਼ਨ ਨੇ ਜਥੇਦਾਰ ਕੋਲੋਂ ਸਪੱਸ਼ਟੀਕਰਨ ਮੰਗਿਆ
ਅੰਮ੍ਰਿਤਸਰ: ਅਕਾਲ ਫੈਡਰੇਸ਼ਨ ਜਥੇਬੰਦੀ ਦੇ ਆਗੂ ਨਰਾਇਣ ਸਿੰਘ ਚੌੜਾ ਨੇ ਅਕਾਲ ਤਖਤ ਦੇ ਸਕੱਤਰੇਤ ਵਿਚ ਇਕ ਪੱਤਰ ਸੌਂਪ ਕੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਖਿਆ ਕਿ ਉਹ ਪਾਵਨ ਸਰੂਪਾਂ ਦੀ ਚੱਲ ਰਹੀ ਜਾਂਚ ਦੌਰਾਨ ਦਿੱਤੇ ਆਪਣੇ ਬਿਆਨ ਬਾਰੇ ਸਿੱਖ ਸੰਗਤ ਨੂੰ ਸਥਿਤੀ ਸਪੱਸ਼ਟ ਕਰਨ। ਇਸ ਪੱਤਰ ਵਿਚ ਉਨ੍ਹਾਂ ਆਖਿਆ ਕਿ ਜਥੇਦਾਰ ਨੇ ਦਾਅਵਾ ਕੀਤਾ ਸੀ ਕਿ 267 ਪਾਵਨ ਸਰੂਪ ਗੁਆਚੇ ਨਹੀਂ ਰਿਕਾਰਡ ਵਿਚ ਹੇਰਾ-ਫੇਰੀ ਦੀ ਘਟਨਾ ਹੈ, ਜਿਸ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਸਾਬਤ ਹੋ ਗਿਆ ਹੈ ਕਿ ਲਾਪਤਾ ਹੋਏ ਸਰੂਪਾਂ ਦੀ ਗਿਣਤੀ 267 ਨਹੀਂ ਸਗੋਂ 328 ਹੈ।