ਵਜ਼ੀਫਾ ਸਕੀਮ ਵਿਵਾਦ ਨੇ ਕੁੜਿੱਕੀ ਵਿਚ ਫਸਾਈ ਕੈਪਟਨ ਸਰਕਾਰ

ਚੰਡੀਗੜ੍ਹ: ਵਿਰੋਧੀ ਧਿਰਾਂ ਦੇ ਨਿਸ਼ਾਨੇ ਉਤੇ ਆਈ ਪੰਜਾਬ ਸਰਕਾਰ ਨੂੰ ਕੋਈ ਰਾਹ ਨਹੀਂ ਲੱਭ ਰਿਹਾ। ਪਹਿਲਾਂ ਰੇਤ-ਬਜਰੀ ਘੁਟਾਲੇ, ਫਿਰ ਸ਼ਰਾਬ ਕਾਂਡ ਅਤੇ ਹੁਣ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੇ ਸਕਾਲਰਸ਼ਿਪ ਘੁਟਾਲੇ ਵਿਚ ਸਰਕਾਰ ਕੁੜਿੱਕੀ ਵਿਚ ਹੈ। ਸਰਕਾਰ ਲਈ ਹਾਲਾਤ ਇੰਨੇ ਔਖੇ ਬਣ ਗਏ ਹਨ ਕਿ ਉਸ ਦੇ ਆਪਣੇ ਆਗੂ ਵੀ ਸਰਕਾਰੀ ਨਾਲਾਇਕੀ ਖਿਲਾਫ ਖੜ੍ਹੇ ਹੋ ਗਏ ਹਨ।

ਕਾਂਗਰਸ ਦੇ ਦੋ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਉਂਗਲੀ ਸਮਾਜ ਭਲਾਈ ਮੰਤਰੀ ਵੱਲ ਚੁੱਕੀ ਹੈ ਅਤੇ ਉਸ ਦੀ ਬਰਖਾਸਤੀ ਮੰਗੀ ਹੈ। ਉਧਰ, ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਭਾਜਪਾ ਨੇ ਇਸ ਬਹੁਕਰੋੜੀ ਘੁਟਾਲੇ ‘ਤੇ ਸਰਕਾਰ ਖਿਲਾਫ ਸ਼ਿਕੰਜਾ ਹੋ ਕੱਸ ਦਿੱਤਾ ਹੈ। ਇਹ ਮਸਲਾ ਇਕ ਦਿਨਾ ਵਿਧਾਨ ਸਭਾ ਦੇ ਸੈਸ਼ਨ ਵਿਚ ਵੀ ਜ਼ੋਰ-ਸ਼ੋਰ ਨਾਲ ਉੱਠਿਆ ਸੀ। ਹੁਣ ਸਾਰੀਆਂ ਹੀ ਵਿਰੋਧੀ ਪਾਰਟੀਆਂ ਇਸ ਘੁਟਾਲੇ ਦੀ ਜਾਂਚ ਸੀ.ਬੀ.ਆਈ. ਜਾਂ ਕਿਸੇ ਹੋਰ ਏਜੰਸੀ ਤੋਂ ਕਿਸੇ ਜੱਜ ਦੀ ਰਹਿਨੁਮਾਈ ਹੇਠ ਕਰਵਾਉਣ ਦੀ ਮੰਗ ਕਰ ਰਹੀਆਂ ਹਨ ਹਾਲਾਂਕਿ ਸਰਕਾਰ ਹੁਣ ਤੱਕ ਇਸ ‘ਤੇ ਟੱਸ ਤੋਂ ਮੱਸ ਨਹੀਂ ਹੋਈ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਧੀਕ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਦੀ ਜਾਂਚ ਰਿਪੋਰਟ ਜਨਤਕ ਕਰਦਿਆਂ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅਹੁਦੇ ਤੋਂ ਬਰਖਾਸਤ ਕਰਕੇ ਗ੍ਰਿਫਤਾਰ ਕਰਨ ਦਾ ਹੁਕਮ ਦੇਣ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਇਹ ਸਮਝਿਆ ਜਾਵੇਗਾ ਕਿ ਗਰੀਬ ਵਿਦਿਆਰਥੀਆਂ ਖਿਲਾਫ ਹੋਏ ਇਸ ਅਪਰਾਧ ‘ਚ ਉਨ੍ਹਾਂ ਦੀ ਵੀ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਪਤਾ ਹੈ ਕਿ ਇਸ ਮਾਮਲੇ ‘ਚ ਜਾਂਚ ਮਹਿਜ਼ ਡਰਾਮਾ ਹੈ ਅਤੇ ਮੰਤਰੀ ਨੂੰ ਕਲੀਨ ਚਿੱਟ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਅਕਾਲੀ ਦਲ ਗਰੀਬ ਬੱਚਿਆਂ ਦੇ ਪੈਸਿਆਂ ਦਾ ਘੁਟਾਲਾ ਕਰਨ ਵਾਲੇ ਮੰਤਰੀ ਨੂੰ ਨਹੀਂ ਛੱਡੇਗਾ, ਚਾਹੇ ਉਨ੍ਹਾਂ ਨੂੰ ਅਦਾਲਤ ਹੀ ਕਿਉਂ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਉਹ ਕੇਂਦਰ ਤੋਂ ਸੀ.ਬੀ.ਆਈ. ਜਾਂਚ ਲਈ ਵੀ ਦਬਾਅ ਬਣਾਉਣਗੇ। ਉਨ੍ਹਾਂ ਕਿਹਾ ਕਿ ਹਾਲਾਂਕਿ ਸੀਨੀਅਰ ਆਈ.ਏ.ਐਸ਼ ਅਧਿਕਾਰੀ ਦੀ ਰਿਪੋਰਟ ਨੇ ਮੰਤਰੀ ਨੂੰ ਦੋਸ਼ੀ ਠਹਿਰਾਇਆ ਹੈ ਫਿਰ ਮੁੱਖ ਮੰਤਰੀ ਦਲਿਤ ਵਿਦਿਆਰਥੀਆਂ ਨੂੰ ਦੱਸਣ ਕਿ ਉਨ੍ਹਾਂ ਨੂੰ ਭ੍ਰਿਸ਼ਟ ਮੰਤਰੀ ਦੇ ਖਿਲਾਫ ਕਾਰਵਾਈ ਕਰਨ ਲਈ ਹੋਰ ਕੀ ਸਬੂਤ ਚਾਹੀਦਾ ਹੈ।
ਸਰਕਾਰ ਦੇ ਇਕ ਉਚ ਅਧਿਕਾਰੀ ਵੱਲੋਂ ਮੁੱਖ ਸਕੱਤਰ ਨੂੰ ਸੌਂਪੀ ਰਿਪੋਰਟ ਵਿਚ ਸਬੰਧਤ ਵਿਭਾਗ ਦੇ ਮੰਤਰੀ ਵੱਲ ਉਂਗਲ ਉਠਾਈ ਗਈ ਹੈ ਕਿ ਵਿਭਾਗ ਦੇ ਸਕੱਤਰ ਅਤੇ ਨਿਰਦੇਸ਼ਕ ਨੂੰ ਬਾਈਪਾਸ ਕਰ ਕੇ 303 ਕਰੋੜ ਰੁਪਏ ਵਿਚੋਂ 248 ਕਰੋੜ ਰੁਪਏ ਵੱਖ-ਵੱਖ ਸੰਸਥਾਵਾਂ ਨੂੰ ਦਿੱਤੇ ਗਏ। ਦੋਸ਼ ਲਗਾਇਆ ਗਿਆ ਕਿ ਲਗਭਗ 39 ਕਰੋੜ ਰੁਪਏ ਅਜਿਹੀਆਂ ਸੰਸਥਾਵਾਂ ਨੂੰ ਦੇ ਦਿੱਤੇ ਗਏ ਜੋ ਮੌਜੂਦ ਹੀ ਨਹੀਂ। ਇਸੇ ਤਰ੍ਹਾਂ 16.91 ਕਰੋੜ ਰੁਪਏ ਉਨ੍ਹਾਂ ਸੰਸਥਾਵਾਂ ਨੂੰ ਦਿੱਤੇ ਗਏ ਜਿਨ੍ਹਾਂ ਤੋਂ ਆਡਿਟ ਟੀਮ ਦੇ ਆਦੇਸ਼ਾਂ ਅਨੁਸਾਰ ਪਹਿਲਾਂ ਹੀ ਅੱਠ ਕਰੋੜ ਰੁਪਏ ਵਾਪਸ ਕਰਵਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ। ਇਸ ਵਿਚ ਕਰੀਬ 64 ਕਰੋੜ ਰੁਪਏ ਦਾ ਘਪਲਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਹੈ।
_______________________________
ਅਕਾਲੀਆਂ ਦੇ ਬੀਜੇ ਕੰਡੇ ਚੁਗ ਰਹੇ ਹਾਂ: ਜਾਖੜ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਜ਼ੀਫਾ ਘੁਟਾਲੇ ‘ਤੇ ਕਿਹਾ ਕਿ ਗੱਠਜੋੜ ਸਰਕਾਰ ਦੇ ਬੀਜੇ ਕੰਡੇ ਹੁਣ ਕਾਂਗਰਸ ਸਰਕਾਰ ਨੂੰ ਚੁਗਣੇ ਪੈ ਰਹੇ ਹਨ। ਜਾਖੜ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਬਾਰੇ ਕੋਈ ਟਿੱਪਣੀ ਕਰਨ ਤੋਂ ਪਾਸਾ ਵੱਟਦਿਆਂ ਕਿਹਾ ਕਿ ਮੁੱਖ ਸਕੱਤਰ ਦੀ ਰਿਪੋਰਟ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਜਾਖੜ ਨੇ ਕਿਹਾ ਕਿ ਜੋ ਵੀ ਕਸੂਰਵਾਰ ਹੋਵੇਗਾ, ਉਸ ਖਿਲਾਫ ਕਾਰਵਾਈ ਹੋਵੇਗੀ। ਉਨ੍ਹਾਂ ਆਖਿਆ ਕਿ ਵਜ਼ੀਫਾ ਘੁਟਾਲੇ ਦਾ ਮੁੱਢ ਗੱਠਜੋੜ ਸਰਕਾਰ ਸਮੇਂ ਬੱਝਾ। ਜਾਖੜ ਨੇ ਰਿਕਾਰਡ ਵੀ ਦਿਖਾਇਆ ਕਿ ਉਦੋਂ ਵਿਧਾਨ ਸਭਾ ਵਿਚ ਇਸ ਘੁਟਾਲੇ ਦੀ ਜਾਂਚ ਵਿਜੀਲੈਂਸ ਤੋਂ ਕਰਾਏ ਜਾਣ ਦੀ ਗੱਲ ਆਖੀ ਗਈ ਸੀ।
___________________________________
ਜਾਂਚ ਦਾ ਫੈਸਲਾ ਪ੍ਰਵਾਨ ਹੋਵੇਗਾ: ਧਰਮਸੋਤ
ਚੰਡੀਗੜ੍ਹ: ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੀ ਮੁੱਖ ਸਕੱਤਰ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਤੇ ਮੁੱਖ ਸਕੱਤਰ ਦੀ ਜਾਂਚ ਦਾ ਜੋ ਵੀ ਨਤੀਜਾ ਆਵੇਗਾ, ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਉਨ੍ਹਾਂ ਕਿਹਾ ਕਿ ਵਧੀਕ ਮੁੱਖ ਸਕੱਤਰ (ਏ.ਸੀ.ਐਸ) ਕ੍ਰਿਪਾ ਸ਼ੰਕਰ ਸਰੋਜ ਦੀ ਰਿਪੋਰਟ ਤੱਥਹੀਣ ਹੈ ਅਤੇ ਉਨ੍ਹਾਂ ‘ਤੇ ਲਾਏ ਜਾ ਰਹੇ ਦੋਸ਼ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਖਿਲਾਫ ਕੀਤੀ ਜਾ ਰਹੀ ਇਕ ਸਾਜ਼ਿਸ਼ ਦਾ ਹਿੱਸਾ ਹੈ ਅਤੇ ਅਜਿਹਾ ਕਰਕੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।