ਅਰੂਸਾ ਦੀ ਮਹਿਮਾਨ-ਨਿਵਾਜੀ ‘ਤੇ ਕੈਪਟਨ ਨੂੰ ਘੇਰਾ

ਪਟਿਆਲਾ: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਆਈ.ਐਸ਼ਆਈ. ਏਜੰਟ ਅਰੂਸਾ ਆਲਮ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਿਸ ਹੈਸੀਅਤ ਵਿਚ ਪੰਜਾਬ ਦੇ ਮਾਮਲਿਆਂ ਵਿਚ ਦਖਲਅੰਦਾਜ਼ੀ ਕਰਨ ਲਈ ਪੰਜਾਬ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਹੈ, ਇਸ ਦੀ ਜਾਂਚ ਕਰਾਉਣ ਲਈ ਉਹ ਪਾਰਲੀਮੈਂਟ ਵਿਚ ਮੁੱਦਾ ਉਠਾਉਣਗੇ।

ਸ੍ਰੀ ਮਾਨ ਨੇ ਪ੍ਰੈੱਸ ਕਾਨਫਰੰਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦਿੱਤਾ ਜਿਸ ਵਿਚ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵਿਦੇਸ਼ੀ ਏਜੰਸੀਆਂ ਦੇ ਹੱਥਾਂ ਵਿਚ ਖੇਡਣ ਦੇ ਦੋਸ਼ ਲਾਏ ਸਨ। ਸ੍ਰੀ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕੌਮੀ ਪੱਧਰੀ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਹਨ ਜਿਨ੍ਹਾਂ ਦੀ ਪਾਰਟੀ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਵਿਚ ਹੈ, ਇਸ ਕਰਕੇ ਉਸ ਨੂੰ ਹੱਕ ਹੈ ਕਿ ਉਹ ਪੰਜਾਬ ਦੇ ਮਸਲਿਆਂ ਬਾਰੇ ਬੋਲਣ ਪਰ ‘ਰਾਜਾ ਸਾਹਿਬ’ ਇਹ ਦੱਸਣ ਕਿ ਵਿਰੋਧੀ ਮੁਲਕ ਪਾਕਿਸਤਾਨ ਦੀ ਨਾਗਰਿਕ ਨੂੰ ਪੰਜਾਬ ਸਰਕਾਰ ਵਿਚ ਕਿਸ ਹੈਸੀਅਤ ਵਿਚ ਦਖਲਅੰਦਾਜ਼ੀ ਕਰਵਾ ਰਹੇ ਹਨ। ਭਗਵੰਤ ਮਾਨ ਨੇ ਮੁੱਖ ਮੰਤਰੀ ‘ਤੇ ਅਰੂਸਾ ਆਲਮ ਦਾ ਨਾਮ ਲੈ ਕੇ ਪਲਟਵਾਰ ਕੀਤੇ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਮੁਕਾਬਲੇ ਪੰਜਾਬ ਸਰਕਾਰ ਨੂੰ ਕਰੋਨਾ ਮਹਾਮਾਰੀ ਉਤੇ ਕਾਬੂ ਪਾਉਣ ‘ਚ ਬੁਰੀ ਤਰ੍ਹਾਂ ਫਲਾਪ ਸਰਕਾਰ ਦੱਸਿਆ। ਉਨ੍ਹਾਂ ਕਿਹਾ ਕਿ ਕੈਪਟਨ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਆਲਮ ਦੀ ਦੋਸਤੀ ਦੇਸ਼ ਦੀ ਸੁਰੱਖਿਆ ਲਈ ਖਤਰਾ ਬਣ ਗਈ ਹੈ ਜਿਸ ਬਾਰੇ ਕੇਂਦਰੀ ਵਿਦੇਸ਼ ਅਤੇ ਗ੍ਰਹਿ ਮੰਤਰਾਲਿਆਂ ਨੂੰ ਨੋਟਿਸ ਲੈਣਾ ਚਾਹੀਦਾ ਹੈ।
ਕੇਂਦਰ ਸਰਕਾਰ ਲੰਮੇ ਸਮੇਂ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਉਤੇ ਰਹਿ ਰਹੀ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦੇ ਭਾਰਤੀ ਵੀਜ਼ੇ ਦਾ ਸਟੇਟਸ ਜਨਤਕ ਕਰੇ। ਉਨ੍ਹਾਂ ਜਵਾਬ ਮੰਗਿਆ ਕਿ ਅਰੂਸਾ ਆਲਮ ਅਤੇ ਉਸ ਦੇ ਰਿਸ਼ਤੇਦਾਰ ਕਿਹੜੇ ਵੀਜ਼ੇ ‘ਤੇ ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਸਿਸਵਾਂ ਫਾਰਮ ਹਾਊਸ ‘ਤੇ ਬੇਰੋਕ-ਟੋਕ ਰਹਿ ਰਹੇ ਹਨ, ਜਦਕਿ ਅਰੂਸਾ ਆਲਮ ਫੌਜੀ ਮਾਮਲਿਆਂ ਬਾਰੇ ਮਾਹਿਰ ਪਾਕਿਸਤਾਨੀ ਪੱਤਰਕਾਰ ਹਨ ਜਿਸ ਦੀਆਂ ਆਈ.ਐਸ਼ਆਈ. ਨਾਲ ਸਬੰਧਾਂ ਬਾਰੇ ਵੀ ਚਰਚਾਵਾਂ ਹਨ। ਇਸ ਕਰ ਕੇ ਉਹ ਸੰਸਦ ਵਿਚ ਇਹ ਮਾਮਲਾ ਉਠਾਉਣਗੇ।
_____________________________________________
ਕੋਵਿਡ ਪ੍ਰਬੰਧਾਂ ਬਾਰੇ ਕੇਜਰੀਵਾਲ ਦੀ ਸਲਾਹ ਪਿੱਛੋਂ ਕੈਪਟਨ ਨੂੰ ਚੜ੍ਹਿਆ ਵੱਟ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਪ੍ਰਬੰਧਾਂ ਦੇ ਮਾਮਲੇ ਉਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਿੱਧਾ ਪੇਚਾ ਪਾ ਲਿਆ ਹੈ। ਮੁੱਖ ਮੰਤਰੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਹੁਣ ਪੰਜਾਬ ‘ਚ ਆਪਣੇ ਗੁਆਚੇ ਭਰੋਸੇ ਦੀ ਬਹਾਲੀ ਲਈ ਰਾਜ ਦੇ ਸੁਰੱਖਿਆ ਤੇ ਭਲਾਈ ਦੇ ਏਜੰਡੇ ਨੂੰ ਲੀਹੋਂ ਲਾਹੁਣਾ ਚਾਹੁੰਦੀ ਹੈ। ਅਮਰਿੰਦਰ ਨੇ ਦਿੱਲੀ ‘ਚ ਕੋਵਿਡ ਪ੍ਰਬੰਧਾਂ ਉਤੇ ਉਂਗਲ ਚੁੱਕਦਿਆਂ ਆਖਿਆ ਕਿ ‘ਆਪ’ ਆਗੂ ਆਪਣੇ ਸੌੜੇ ਹਿੱਤਾਂ ਖਾਤਰ ਪੰਜਾਬ ਦੀ ਸੁਰੱਖਿਆ ਦਾਅ ‘ਤੇ ਲਾ ਰਹੇ ਹਨ।
ਅਮਰਿੰਦਰ ਸਿੰਘ ਨੇ ਕਿਹਾ ਕਿ ‘ਆਪ’ ਇਕ ਪਾਸੇ ਮਿਲ ਕੇ ਕੋਵਿਡ ਖਿਲਾਫ ਲੜਨ ਦੀ ਗੱਲ ਕਰਦੀ ਹੈ ਤੇ ਦੂਜੇ ਬੰਨੇ ਪਾਕਿਸਤਾਨ ਤਰਫੋਂ ਮਹਾਮਾਰੀ ਨੂੰ ਲੈ ਕੇ ਕੀਤੇ ਜਾ ਰਹੇ ਗਲਤ ਪ੍ਰਚਾਰ ਨੂੰ ਇਹ ਲੋਕ ਅੱਖੋਂ ਪਰੋਖੇ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਆਗੂ ਸਮਾਜ ਵਿਰੋਧੀ ਅਨਸਰਾਂ ਦੁਆਰਾ ਸੂਬੇ ਦੇ ਪਿੰਡਾਂ ਵਿਚ ਕੋਵਿਡ ਸਬੰਧੀ ਫੈਲਾਈ ਜਾ ਰਹੀ ਗਲਤ ਜਾਣਕਾਰੀ ਦੀ ਨਿੰਦਾ ਕਰਨ ਨਾਲੋਂ ਉਨ੍ਹਾਂ ਉਪਰ ਨਿੱਜੀ ਹਮਲੇ ਕਰਨ ਉਤੇ ਵਧੇਰੇ ਕੇਂਦਰਿਤ ਜਾਪਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਾਅਲੀ ਖਬਰਾਂ ਦੀਆਂ ਵੀਡੀਓਜ਼ ਜੋ ਕੋਵਿਡ ਸਬੰਧੀ ਪੰਜਾਬ ਦੇ ਲੋਕ ਵਿਚ ਡਰ ਅਤੇ ਗਲਤ ਜਾਣਕਾਰੀ ਫੈਲਾਉਣ ਲਈ ਪਾਕਿਸਤਾਨ ਤੋਂ ਚਲਾਈਆਂ ਜਾਪਦੀਆਂ ਹਨ, ਬਾਰੇ ਆਮ ਆਦਮੀ ਪਾਰਟੀ ਵੱਲੋਂ ਇਕ ਸ਼ਬਦ ਵੀ ਨਹੀਂ ਕਿਹਾ ਗਿਆ।
ਅਮਰਿੰਦਰ ਨੇ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਦੇ ‘ਆਪ’ ਵਰਕਰਾਂ ਵੱਲੋਂ ਔਕਸੀਮੀਟਰਾਂ ਨਾਲ ਪੰਜਾਬ ਦੇ ਪਿੰਡਾਂ ਵਿਚ ਜਾਣ ਬਾਰੇ ਐਲਾਨ ਤੋਂ ਸਾਡੇ ਰਾਜ ਦੇ ਲੋਕਾਂ ਦਾ ਸਮਰਥਨ ਲੈਣ ਲਈ ਉਨ੍ਹਾਂ ਦੀ ਨਿਰਾਸ਼ਾ ਜ਼ਾਹਿਰ ਹੋਈ ਹੈ। ਉਨ੍ਹਾਂ ਕਿਹਾ ਕਿ 10,000 ਪਲਸ ਔਕਸੀਮੀਟਰਾਂ ਦੀ ਪਹਿਲਾਂ ਹੀ ਵੰਡ ਕੀਤੀ ਗਈ ਹੈ ਅਤੇ ਹੋਰ 50,000 ਔਕਸੀਮੀਟਰਾਂ ਦੀ ਖਰੀਦ ਲਈ ਟੈਂਡਰ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਉਪਕਰਨਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਯਾਦ ਦਿਵਾਇਆ ਕਿ ਕੌਮੀ ਰਾਜਧਾਨੀ ਵਿਚ ਕੋਵਿਡ ਸੰਕਟ ਦੇ ਪ੍ਰਬੰਧਨ ਲਈ ਕਿਵੇਂ ਕੇਂਦਰੀ ਗ੍ਰਹਿ ਅਤੇ ਸਿਹਤ ਮੰਤਰੀਆਂ ਨੂੰ ਨਿੱਜੀ ਅਤੇ ਸਿੱਧੇ ਤੌਰ ਉਤੇ ਦਖਲ ਦੇਣਾ ਪਿਆ।