ਕਰੋਨਾ ਦਾ ਕਹਿਰ: ਪੰਜਾਬ ਵਿਚ ਮੌਤ ਦਰ ਨੇ ਫਿਕਰਮੰਦੀ ਵਧਾਈ

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਕੇਸਾਂ ਨੂੰ ਠੱਲ੍ਹ ਪਾਉਣ ਲਈ 20 ਅਗਸਤ ਨੂੰ ਰਾਜ ਦੇ ਵੱਡੇ ਸ਼ਹਿਰਾਂ ‘ਚ ਮੁੜ ਪਾਬੰਦੀਆਂ ਤੇ ਰਾਤ ਦੇ ਕਰਫਿਊ ਲਗਾਉਣ ਦੇ ਨਾਲ-ਨਾਲ ਨਮੂਨੇ ਲੈਣ ‘ਚ ਕੀਤੇ ਵਾਧੇ ਦੇ ਬਾਵਜੂਦ ਰਾਜ ਅੰਦਰ ਕਰੋਨਾ ਪੀੜਤ ਕੇਸਾਂ ਤੇ ਮੌਤ ਦਰ ‘ਚ ਵਾਧਾ ਲਗਾਤਾਰ ਜਾਰੀ ਹੈ।

ਨਵੀਆਂ ਪਾਬੰਦੀਆਂ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਤਾਂ ਜ਼ਰੂਰ ਵਧੀਆਂ ਪਰ ਨਾ ਤਾਂ ਨਵੇਂ ਕੇਸ ਆਉਣੋਂ ਘਟੇ ਹਨ ਤੇ ਨਾ ਹੀ ਮੌਤ ਦਰ ‘ਚ ਕੋਈ ਫਰਕ ਆਇਆ ਹੈ। ਸਿਹਤ ਵਿਭਾਗ ਵਲੋਂ ਜਾਰੀ ਕੀਤੇ ਜਾਂਦੇ ਰੋਜ਼ਾਨਾ ਅੰਕੜਿਆਂ ਅਨੁਸਾਰ ਦੇਸ਼ ਦੇ ਬਹੁਤੇ ਸੂਬਿਆਂ ਅੰਦਰ ਕੇਸਾਂ ਦੀ ਗਿਣਤੀ ਤੇ ਮੌਤ ਦਰ ਘਟਣ ਵਾਲੇ ਪਾਸੇ ਤੁਰੇ ਹਨ ਪਰ ਨਾਲ ਪੰਜਾਬ ਇਨ੍ਹਾਂ ਦੋਵਾਂ ਮਾਮਲਿਆਂ ਦੇ ਵਾਧੇ ਵਲ ਹੈ। ਪੰਜਾਬ ਵਿਚ ਇਸ ਵੇਲੇ ਮੌਤ ਦਰ 2.7 ਫੀਸਦੀ ਹੈ, ਜਦਕਿ ਕੌਮੀ ਪੱਧਰ ਉਤੇ ਇਹ ਦਰ 1.8 ਫੀਸਦੀ ਤੇ ਦਿੱਲੀ ‘ਚ 2.6 ਫੀਸਦੀ ਹੈ। ਮਰੀਜ਼ਾਂ ਦੇ ਠੀਕ ਹੋਣ ਵਾਲੀ ਦਰ ‘ਚ ਵੀ ਪੰਜਾਬ ਕਾਫੀ ਫਾਡੀ ਹੈ। ਇਹ ਦਰ ਪੰਜਾਬ ‘ਚ ਇਸ ਵੇਲੇ 68 ਫੀਸਦੀ ਹੈ ਜਦਕਿ ਦੇਸ਼ ਪੱਧਰ ਉਤੇ ਠੀਕ ਹੋਣ ਵਾਲਿਆਂ ਦੀ ਦਰ 77 ਫੀਸਦੀ ਤੇ ਦਿੱਲੀ ‘ਚ 89 ਫੀਸਦੀ ਹੈ। ਪ੍ਰਤੀ 10 ਲੱਖ ਪਿੱਛੇ ਪੰਜਾਬ ਨੂੰ ਨਮੂਨੇ 34013, ਦੇਸ਼ ਪੱਧਰ ‘ਤੇ 30781 ਤੇ ਦਿੱਲੀ ‘ਚ 77433 ਹੈ।
ਪੰਜਾਬ ਅੰਦਰ ਮੁੜ ਪਾਬੰਦੀਆਂ ਲਗਾਏ ਜਾਣ ਵਾਲੇ ਸਮੇਂ ‘ਚ ਮੌਤ ਦਰ ਛੜੱਪਾ ਮਾਰ ਕੇ ਵਧ ਗਈ ਹੈ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ 16 ਅਗਸਤ ਤੱਕ ਦੇ ਪੰਦਰਵਾੜੇ ‘ਚ ਰਾਜ ‘ਚ ਪ੍ਰਤੀ ਮਿਲੀਅਨ ਮੌਤਾਂ ਦੀ ਗਿਣਤੀ 28.3 ਸੀ ਜਦਕਿ 30 ਅਗਸਤ ਤੱਕ ਵਾਲੇ ਪੰਦਰਵਾੜੇ ‘ਚ ਛੜੱਪਾ ਮਾਰ ਕੇ ਇਹ ਗਿਣਤੀ 46.8 ਹੋ ਗਈ, ਜਦਕਿ ਦੇਸ਼ ਪੱਧਰ ਉਤੇ ਮੌਤਾਂ ਦੀ ਇਹ ਗਿਣਤੀ ਇਸ ਸਮੇਂ ਦੌਰਾਨ 27 ਤੋਂ ਵਧ ਕੇ 35.9 ਹੋ ਗਈ ਹੈ।
ਸਰਕਾਰ ਨੇ ਕਰੋਨਾ ਮਹਾਮਾਰੀ ਦਾ ਸਾਹਮਣਾ ਕਰਨ ਲਈ ਲੰਮੇ ਸਮੇਂ ਲਈ ਤਾਲਾਬੰਦੀ ਵੀ ਕੀਤੀ ਅਤੇ ਕਰਫਿਊ ਵੀ ਲਗਾਇਆ। ਹੁਣ ਵੀ ਤਾਲਾਬੰਦੀ ਤਹਿਤ ਪੰਜਾਬ ਵਿਚ ਪਾਬੰਦੀਆਂ ਜਾਰੀ ਹਨ। ਲੋਕਾਂ ਨੂੰ ਮਾਸਕ ਲਗਾਉਣ, ਸਰੀਰਕ ਦੂਰੀ ਬਣਾ ਕੇ ਰੱਖਣ ਅਤੇ ਵਾਰ ਵਾਰ ਹੱਥ ਧੋਣ ਲਈ ਵੀ ਕਿਹਾ ਗਿਆ। ਸਵਾਲ ਇਹ ਹੈ ਕਿ ਕਈ ਕਮਜ਼ੋਰੀਆਂ ਦੇ ਬਾਵਜੂਦ ਪੰਜਾਬ ਕੋਲ ਬਾਕੀ ਸੂਬਿਆਂ ਨਾਲੋਂ ਬਿਹਤਰ ਸਿਹਤ ਪ੍ਰਬੰਧ ਢਾਂਚਾ ਹੈ ਤਾਂ ਇਥੇ ਮੌਤ ਦੀ ਦਰ ਜ਼ਿਆਦਾ ਕਿਉਂ ਹੈ। ਸਰਕਾਰ ਕੋਲ ਲਗਭਗ 4,600 ਏ.ਐਨ.ਐਮ, 20,000 ਆਸ਼ਾ ਵਰਕਰ ਤੇ ਆਸ਼ਾ ਫੈਸਲੀਟੇਟਰ, 1,600 ਮਲਟੀਪਲ ਹੈਲਥ ਵਰਕਰ, 1,400 ਸਪੈਸਲਿਸ਼ਟ ਤੇ 2,000 ਡਾਕਟਰ ਹਨ। ਇਸੇ ਤਰ੍ਹਾਂ 2,900 ਸਬ-ਸੈਂਟਰ, 1,186 ਦਿਹਾਤੀ ਡਿਸਪੈਂਸਰੀਆਂ, 500 ਤੋਂ ਜ਼ਿਆਦਾ ਪ੍ਰਾਇਮਰੀ ਹੈਲਥ ਸੈਂਟਰ, ਲਗਭਗ 170 ਕਮਿਊਨਿਟੀ ਹੈਲਥ ਸੈਂਟਰ, 41 ਸਬ-ਡਵੀਜ਼ਨ ਹਸਪਤਾਲ ਅਤੇ 22 ਜ਼ਿਲ੍ਹਾ ਹਸਪਤਾਲ ਹਨ। ਤਿੰਨ ਸਰਕਾਰੀ ਤੇ ਤਿੰਨ ਪ੍ਰਾਈਵੇਟ ਮੈਡੀਕਲ ਕਾਲਜਾਂ ਨੂੰ ਕੋਵਿਡ ਨਾਲ ਲੜਨ ਲਈ ਸਿਖਰਲੇ ਹਸਪਤਾਲ ਐਲਾਨਿਆ ਗਿਆ, ਹੇਠਲੇ ਪੱਧਰ ਉਤੇ ਵੀ ਵੱਡੀ ਗਿਣਤੀ ਵਿਚ ਹਸਪਤਾਲ ਤੇ ਕੁਆਰਨਟੀਨ ਸੈਂਟਰ ਹਨ।
________________________________________________
ਕਰੋਨਾ: ਪੰਜਾਬ ਤੇ ਚੰਡੀਗੜ੍ਹ ‘ਚ ਕੇਂਦਰੀ ਟੀਮਾਂ ਦੀ ਤਾਇਨਾਤੀ
ਚੰਡੀਗੜ੍ਹ: ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ‘ਚ ਕੋਵਿਡ ਕੇਸਾਂ ਦਾ ਅੰਕੜਾ ਅਤੇ ਮੌਤ ਦਰ ਦੀ ਵੰਗਾਰ ਨੂੰ ਦੇਖਦੇ ਹੋਏ ਕੇਂਦਰੀ ਟੀਮਾਂ ਭੇਜਣ ਦਾ ਫੈਸਲਾ ਕੀਤਾ ਹੈ, ਜੋ ਅਗਲੇ ਦਸ ਦਿਨ ਤੱਕ ਕੋਵਿਡ ਦੀ ਚੁਣੌਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਮਾਰਗ ਦਰਸ਼ਨ ਕਰਨਗੀਆਂ। ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਨੂੰ ਖਦਸ਼ਾ ਹੈ ਕਿ ਪੰਜਾਬ ਤੇ ਚੰਡੀਗੜ੍ਹ ਵਿਚ ਕੋਵਿਡ ਕੇਸਾਂ ਦੀ ਮੌਜੂਦਾ ਰਫਤਾਰ ਤੇ ਮੌਤਾਂ ਦੀ ਗਿਣਤੀ ਨੂੰ ਦੇਖਦੇ ਹੋਏ ਸਥਿਤੀ ਵਿਗੜ ਸਕਦੀ ਹੈ ਜਿਸ ਦੇ ਮੱਦੇਨਜ਼ਰ ਕੇਂਦਰੀ ਟੀਮਾਂ ਦੀ ਤਾਇਨਾਤੀ ਦਾ ਫੈਸਲਾ ਕੀਤਾ ਗਿਆ ਹੈ। ਕੇਂਦਰੀ ਟੀਮਾਂ ਕੋਵਿਡ-19 ਕਾਰਨ ਮੌਤ ਦਰ ਘਟਾਉਣ ਅਤੇ ਜਾਨਾਂ ਬਚਾਉਣ ਲਈ ਕੁਸ਼ਲ ਪ੍ਰਬੰਧ, ਕੰਟੇਨਮੈਂਟ ਅਤੇ ਨਿਗਰਾਨੀ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ ਵਿਚ ਰਾਜ ਸਰਕਾਰ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਦੀ ਮਦਦ ਕਰਨਗੀਆਂ। ਕੇਂਦਰੀ ਟੀਮ ਵਿਚ ਪੀ.ਜੀ.ਆਈ. ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਮਾਹਿਰ ਅਤੇ ਐਨ.ਸੀ.ਡੀ.ਸੀ. ਦਾ ਇਕ ਮਹਾਮਾਰੀ ਰੋਗ ਮਾਹਿਰ ਸ਼ਾਮਲ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਕੋਵਿਡ ਮਹਾਮਾਰੀ ਦੌਰਾਨ ਬਹੁ-ਖੇਤਰੀ ਟੀਮਾਂ ਭੇਜ ਕੇ ਉਨ੍ਹਾਂ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀ ਮਦਦ ਕਰ ਰਿਹਾ ਹੈ ਜਿਥੇ ਕੋਵਿਡ ਕੇਸਾਂ ਦੀ ਗਿਣਤੀ ਵਿਚ ਇਕਦਮ ਵਾਧਾ ਹੋਇਆ ਹੈ ਅਤੇ ਮੌਤ ਦਰ ਉਚੀ ਹੈ।
ਦੂਸਰੇ ਸੂਬਿਆਂ ਵਿਚ ਵੀ ਕੇਂਦਰੀ ਟੀਮਾਂ ਵਲੋਂ ਦੌਰੇ ਕੀਤੇ ਗਏ ਹਨ। ਕੇਂਦਰੀ ਟੀਮ ਵਲੋਂ ਪੰਜਾਬ ਤੇ ਚੰਡੀਗੜ੍ਹ ਵਿਚ ਬੀਮਾਰੀ ਦਾ ਸਮੇਂ ਸਿਰ ਪਤਾ ਲਗਾਉਣ ਲਈ ਮਾਹਰਾਂ ਦੀ ਰਾਇ ਦਿੱਤੀ ਜਾਵੇਗੀ। ਕੇਂਦਰੀ ਟੀਮ ਵਲੋਂ ਵੱਧ ਮੌਤਾਂ ਵਾਲੇ ਜ਼ਿਲ੍ਹਿਆਂ ਉਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਆਖਿਆ ਹੈ ਕਿ ਉਹ ਕੋਵਿਡ ਬਿਮਾਰੀ ਦੀ ਸੰਚਾਰ ਲੜੀ ਨੂੰ ਤੋੜਨ ਅਤੇ ਮੌਤ ਦਰ ਨੂੰ ਘਟਾਉਣ ਲਈ ਵਿਆਪਕ ਤੌਰ ਤੇ ਵਧੇਰੇ ਸਰਗਰਮ ਤੇ ਅਜਿਹੇ ਉਪਰਾਲੇ ਕਰਨ ਜਿਨ੍ਹਾਂ ਨਾਲ ਮੌਤ ਦਰ ਇਕ ਫੀਸਦੀ ਤੋਂ ਥੱਲੇ ਲਿਆਂਦੀ ਜਾ ਸਕੇ।