ਕਰੋਨਾ ਮਹਾਮਾਰੀ ਨੇ ਲਾਇਆ ਪੰਜਾਬ ਦੇ ਖਜਾਨੇ ਨੂੰ ਮੋਟਾ ਰਗੜਾ

ਚੰਡੀਗੜ੍ਹ: ਕਰੋਨਾ ਮਹਾਮਾਰੀ ਨੇ ਪੰਜਾਬ ਸਰਕਾਰ ਦੇ ਖਜਾਨੇ ਨੂੰ ਮੋਟਾ ਰਗੜਾ ਲਾਇਆ ਹੈ। ਪੰਜਾਬ ਵਿਚ ਅਗਸਤ 2020 ਮਹੀਨੇ ਦੌਰਾਨ ਕੁੱਲ ਜੀ.ਐਸ਼ਟੀ. ਮਾਲੀਏ ਵਿਚ 2.64 ਗਿਰਾਵਟ ਦਰਜ ਕੀਤੀ ਗਈ ਹੈ। ਇਹ ਮਾਲੀਆ 987.20 ਕਰੋੜ ਰੁਪਏ ਰਿਹਾ ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਦਾ ਕੁੱਲ ਜੀ.ਐਸ਼ਟੀ. ਮਾਲੀਆ 1014.03 ਕਰੋੜ ਸੀ। ਇਸ ਸਾਲ 2.64 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ।

ਦੱਸਣਯੋਗ ਹੈ ਕਿ ਕੋਵਿਡ-19 ਕਾਰਨ ਕਰਦਾਤਿਆਂ ਨੂੰ ਪਿਛਲੇ ਮਹੀਨਿਆਂ ਦੀ ਰਿਟਰਨ ਭਰਨ ਲਈ ਰਾਹਤ ਦਿੱਤੀ ਗਈ ਸੀ ਅਤੇ ਪਿਛਲੇ ਸਾਲ 5 ਕਰੋੜ ਤੋਂ ਘੱਟ ਟਰਨ ਓਵਰ ਵਾਲੇ ਕਰਦਾਤਾਵਾਂ ਨੂੰ ਸਤੰਬਰ 2020 ਤੱਕ ਰਿਟਰਨ ਭਰਨ ਵਿਚ ਢਿੱਲ ਦਿੱਤੀ ਗਈ ਹੈ। ਪੰਜਾਬ ਦੇ ਕਰ ਕਮਿਸ਼ਨਰ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਪਰੈਲ ਤੋਂ ਅਗਸਤ 2020 ਦੌਰਾਨ ਪੰਜਾਬ ਦਾ ਕੁੱਲ ਜੀ.ਐਸ਼ਟੀ. ਮਾਲੀਆ 3630.48 ਕਰੋੜ ਰੁਪਏ ਸੀ ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਕੁੱਲ ਜੀ.ਐਸ਼ਟੀ. ਮਾਲੀਆ 5266.06 ਕਰੋੜ ਰੁਪਏ ਸੀ। ਇਸੇ ਤਰ੍ਹਾਂ 31.05 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਅਗਸਤ 2020 ਦੇ ਮਹੀਨੇ ਸੁਰੱਖਿਅਤ ਮਾਲੀਆ 2403 ਕਰੋੜ ਹੈ, ਜਿਸ ਵਿਚੋਂ ਪੰਜਾਬ ਸੂਬੇ ਨੇ 987.20 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋ ਕੁੱਲ ਸੁਰੱਖਿਅਤ ਮਾਲੀਏ ਦਾ 41.08 ਫੀਸਦੀ ਬਣਦਾ ਹੈ। ਇਸੇ ਤਰ੍ਹਾਂ ਅਗਸਤ 2020 ਦੇ ਮਹੀਨੇ ਲਈ ਬਕਾਇਆ ਮੁਆਵਜ਼ੇ ਦੀ ਰਕਮ 1415.8 ਕਰੋੜ ਹੈ ਜੋ ਹਾਲੇ ਤੱਕ ਪ੍ਰਾਪਤ ਨਹੀਂ ਹੋਈ। ਇਸੇ ਤਰ੍ਹਾਂ ਅਪਰੈਲ ਤੋਂ ਜੁਲਾਈ 2020 ਦੇ ਸਮੇਂ ਦੌਰਾਨ ਮੁਆਵਜ਼ੇ ਦੀ ਰਕਮ 6965 ਕਰੋੜ ਰੁਪਏ ਹੈ, ਜੋ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਅਗਸਤ 2020 ਦੇ ਮਹੀਨੇ ਦੌਰਾਨ ਰਾਸ਼ਟਰੀ ਕੁੱਲ ਜੀ.ਐਸ਼ਟੀ. ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਇਕੱਤਰ ਹੋਏ ਜੀ.ਐਸ਼ਟੀ. ਮਾਲੀਏ ਦਾ 88 ਫੀਸਦੀ ਹੈ।
ਇਸ ਤੋਂ ਇਲਾਵਾ ਦਰਾਮਦ ਵਸਤਾਂ ਤੇ ਘਰੇਲੂ ਲੈਣ-ਦੇਣ ਤੋਂ ਕੁੱਲ ਰਾਸ਼ਟਰੀ ਜੀ.ਐਸ਼ਟੀ. ਮਾਲੀਆ ਪਿਛਲੇ ਸਾਲ ਇਸੇ ਮਹੀਨੇ ਦੇ ਅੰਕੜਿਆਂ ਦਾ ਕ੍ਰਮਵਾਰ 77 ਫੀਸਦੀ ਤੇ 92 ਫੀਸਦੀ ਰਿਹਾ ਹੈ। ਅਗਸਤ 2020 ਦੇ ਮਹੀਨੇ ਵਿਚ ਵੈਟ ਅਤੇ ਸੀ.ਐਸ਼ਟੀ. ਦੀ ਕੁਲੈਕਸ਼ਨ 539.44 ਕਰੋੜ ਹੈ, ਜਦੋਂ ਕਿ ਅਗਸਤ 2019 ਦੇ ਮਹੀਨੇ ਲਈ ਇਹ ਕੁਲੈਕਸ਼ਨ 394.14 ਕਰੋੜ ਸੀ। ਅਗਸਤ ਮਹੀਨੇ ਦਾ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਵਿਚ ਵੈਟ ਅਤੇ ਸੀ.ਐਸ਼ਟੀ. ਮਾਲੀਏ ਨਾਲੋਂ 26.78 ਫੀਸਦੀ ਵੱਧ ਹੈ। ਅਪਰੈਲ ਤੋਂ ਅਗਸਤ 2020 ਲਈ ਵੈਟ ਅਤੇ ਸੀ.ਐਸ਼ਟੀ. ਕੁੱਲ ਮਾਲੀਆ 2032.75 ਕਰੋੜ ਰਿਹਾ ਹੈ ਜੋ ਪਿਛਲੇ ਸਾਲ ਦੇ ਇਸੇ ਪੀਰੀਅਡ ਲਈ 2397.15 ਕਰੋੜ ਸੀ, ਜੋ ਕਿ 15.20 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ।
_____________________________________________
ਕਰੋਨਾ ਅਸਰ: ਪੰਜਾਬ ‘ਚ ਡਾਕਟਰਾਂ ਦੀ ਸੇਵਾਮੁਕਤੀ 31 ਦਸੰਬਰ ਤੱਕ ਟਾਲੀ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਵਿਚ ਕੋਵਿਡ ਮਹਾਮਾਰੀ ਨਾਲ ਮੌਤ ਦਰ ‘ਚ ਵਾਧੇ ਦੀ ਚੁਣੌਤੀ ਦੇ ਮੱਦੇਨਜ਼ਰ 60 ਸਾਲ ਤੋਂ ਘੱਟ ਉਮਰ ਦੇ ਸਾਰੇ ਸੇਵਾਮੁਕਤ ਹੋ ਰਹੇ ਡਾਕਟਰਾਂ ਅਤੇ ਮਾਹਿਰਾਂ ਨੂੰ ਤਿੰਨ ਮਹੀਨੇ ਦਾ ਨੌਕਰੀ ‘ਚ ਵਾਧਾ ਦੇਣ ਦਾ ਫੈਸਲਾ ਕੀਤਾ ਹੈ। ਮਹਾਮਾਰੀ ਦੀ ਵੰਗਾਰ ਨਾਲ ਨਜਿੱਠਣ ਲਈ ਟੈਕਨੀਸ਼ੀਅਨਾਂ ਅਤੇ ਲੈਬ ਅਸਿਸਟੈਂਟਾਂ ਦੀ ਭਰਤੀ ਪ੍ਰਕਿਰਿਆ ਤੇਜ਼ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕੋਵਿਡ ਸਮੀਖਿਆ ਮੀਟਿੰਗ ਵਿਚ ਬਾਕੀ ਫੈਸਲਿਆਂ ਤੋਂ ਇਲਾਵਾ ਘਰਾਂ ਵਿਚ ਇਕਾਂਤਵਾਸ ਹੋਏ ਗਰੀਬ ਮਰੀਜ਼ਾਂ ਨੂੰ ਖਾਣੇ ਦੇ ਪੈਕੇਟ ਦੇਣ ਦੀ ਹਦਾਇਤ ਕੀਤੀ ਹੈ। ਦੱਸਣਯੋਗ ਹੈ ਕਿ ਸੇਵਾਮੁਕਤੀ ਵਾਲੇ ਡਾਕਟਰਾਂ ਤੇ ਮਾਹਿਰਾਂ ਨੂੰ ਪਹਿਲਾਂ ਕੈਬਨਿਟ ਨੇ 30 ਸਤੰਬਰ ਤੱਕ ਵਾਧਾ ਦਿੱਤਾ ਜਿਸ ਨੂੰ ਮੁੱਖ ਮੰਤਰੀ ਨੇ ਹੁਣ 31 ਦਸੰਬਰ, 2020 ਤੱਕ ਵਧਾ ਦਿੱਤਾ ਹੈ।
ਵਰਚੁਅਲ ਕੋਵਿਡ ਸਮੀਖਿਆ ‘ਚ ਮੁੱਖ ਮੰਤਰੀ ਨੇ ਕਿਹਾ ਕਿ ਮੈਡੀਕਲ ਸਿੱਖਿਆ ਵਿਭਾਗ ਦੁਆਰਾ ਭਰਤੀ ਦੀ ਪ੍ਰਕਿਰਿਆ ਹਾਲੇ ਬਾਕੀ ਹੈ। ਵਿੱਤ ਵਿਭਾਗ ਦੁਆਰਾ ਵਿਸ਼ੇਸ਼ ਛੋਟ ਦਿੱਤੀ ਗਈ ਹੈ ਤਾਂ ਜੋ ਇਹ ਕਾਲਜ ਹੋਰਨਾਂ ਮਨੁੱਖੀ ਵਸੀਲਿਆਂ ਤੋਂ ਸੇਵਾਵਾਂ ਲੈ ਸਕਣ। ਮੀਟਿੰਗ ਵਿਚ ਡਿਪਟੀ ਕਮਿਸ਼ਨਰਾਂ ਤਹਿਤ ਕਮੇਟੀਆਂ ਦੇ ਗਠਨ ਦੇ ਵੀ ਨਿਰਦੇਸ਼ ਦਿੱਤੇ ਗਏ ਤਾਂ ਜੋ ਘਰੇਲੂ ਇਕਾਂਤਵਾਸ/ਕੁਆਰੰਟੀਨ ਵਿਚਲੇ ਗਰੀਬ ਪਰਿਵਾਰਾਂ ਨੂੰ ਖਾਣੇ ਦੇ ਪੈਕੇਟਾਂ ਦੀ ਵੰਡ ਕੀਤੀ ਜਾ ਸਕੇ। ਇਨ੍ਹਾਂ ਪਰਿਵਾਰਾਂ ਨੂੰ ਜਾਂਚ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਆਖਿਆ ਗਿਆ ਹੈ। ਹਸਪਤਾਲਾਂ ਵਿਚ ਇਕਾਂਤਵਾਸ ਕੀਤੇ ਗੰਭੀਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਮਾਨਸਿਕ ਤਕਲੀਫਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਉਪਕਰਨ ਉਪਲਬਧ ਕਰਵਾਏ ਜਾਣਗੇ ਤਾਂ ਜੋ ਮਰੀਜ਼ਾਂ ਅਤੇ ਅਟੈਂਡੈਂਟਾਂ ਦਰਮਿਆਨ ਵੀਡੀਓ ਕਾਲ ਰਾਹੀਂ ਗੱਲਬਾਤ ਯਕੀਨੀ ਬਣਾਈ ਜਾ ਸਕੇ।
ਮੁੱਖ ਮੰਤਰੀ ਨੇ ਸਮੂਹ ਸਰਕਾਰੀ ਲੈਬਾਂ ਨੂੰ ਆਰ.ਟੀ.-ਪੀ.ਸੀ.ਆਰ. ਦਾ ਸਾਈਕਲ ਥਰੈਸ਼ਹੋਲਡ (ਸੀ.ਟੀ.) ਮੁੱਲ ਮੁਹੱਈਆ ਕਰਵਾਉਣਾ ਸ਼ੁਰੂ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ। 40 ਸਾਲ ਦੇ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਦੀ ਨਿਯਮਿਤ ਰੂਪ ਨਾਲ ਨਿਗਰਾਨੀ ਲਈ ਸਿਹਤ ਵਿਭਾਗ ਨੂੰ ਇਕ ਅਜਿਹੀ ਪ੍ਰਣਾਲੀ ਅਮਲ ਵਿਚ ਲਿਆਉਣ ਲਈ ਕਿਹਾ ਹੈ ਜਿਸ ਨਾਲ ਅਜਿਹੇ ਮਰੀਜ਼ਾਂ ਦੇ ਇਲਾਜ ਉਤੇ ਨਿਗਰਾਨੀ ਰੱਖੀ ਜਾ ਸਕੇ ਅਤੇ ਅਚਾਨਕ ਹਾਲਤ ਵਿਗੜਨ ਦੀ ਸਥਿਤੀ ਤੋਂ ਬਚਿਆ ਜਾ ਸਕੇ। ਮੁੱਖ ਮੰਤਰੀ ਨੇ ਵਿਭਾਗਾਂ ਨੂੰ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਪਹਿਲੇ ਲੱਛਣ ਦਿੱਸਣ ਮੌਕੇ ਹੀ ਜਾਂਚ ਕਰਵਾਉਣ ਹਿੱਤ ਪ੍ਰੇਰਿਤ ਕਰਨ ਲਈ ਵੀ ਕਿਹਾ।