ਭਾਰਤ ਤੇ ਚੀਨ ਵਿਚਾਲੇ ਸਰਹੱਦੀ ਟਕਰਾਅ ਦੀ ਸਥਿਤੀ ਬਰਕਰਾਰ

ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਤਣਾਅ ਵਧਦਾ ਜਾ ਰਿਹਾ ਹੈ। ਜੂਨ ਵਿਚ ਗਲਵਾਨ ਘਾਟੀ ਵਿਚ ਦੋਵਾਂ ਦੇਸ਼ਾਂ ਦੇ ਫੌਜੀਆਂ ਦੀ ਹਿੰਸਕ ਤੇ ਮਾਰੂ ਝੜਪਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ ਸਾਹਮਣੇ ਹਨ। ਭਾਵੇਂ ਇਸ ਦੌਰਾਨ ਦੋਵਾਂ ਦੇਸ਼ਾਂ ਦੇ ਉਚ ਫੌਜੀ ਜਰਨੈਲਾਂ ਦੀਆਂ ਆਪਸੀ ਮੀਟਿੰਗਾਂ ਹੁੰਦੀਆਂ ਰਹੀਆਂ ਹਨ ਪਰ ਉਨ੍ਹਾਂ ਦਾ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ।

ਹੁਣ ਤਕਰੀਬਨ ਇਕ ਹਫਤੇ ਤੋਂ ਆਪਸੀ ਟਕਰਾਅ ਹੋਰ ਵੀ ਵਧਿਆ ਦਿਖਾਈ ਦਿੰਦਾ ਹੈ। ਪੂਰਬੀ ਲੱਦਾਖ ਵਿਚ ਭਾਰਤੀ ਫੌਜ ਨੇ ਕਈ ਅਹਿਮ ਚੋਟੀਆਂ ‘ਤੇ ਆਪਣਾ ਕਬਜ਼ਾ ਜਮਾ ਲਿਆ ਹੈ ਜੋ ਇਸ ਲਈ ਮਹੱਤਵਪੂਰਨ ਹਨ ਕਿ ਉਥੋਂ ਚੀਨ ਦੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਫੌਜੀ ਹਰਕਤਾਂ ਦਾ ਆਸਾਨੀ ਨਾਲ ਪਤਾ ਲਗਦਾ ਰਹਿੰਦਾ ਹੈ। ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਵੀ ਇਸੇ ਲਈ ਦੋ ਦਿਨਾਂ ਭੂਟਾਨ ਦੀ ਯਾਤਰਾ ਕੀਤੀ। ਲੇਹ ਵਿਚ ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਵੀ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ। ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਵੀ ਭਾਰਤ-ਅਮਰੀਕਾ ਰਣਨੀਤਕ ਸਾਂਝੇਦਾਰੀ ਮੰਚ ‘ਤੇ ਕਿਹਾ ਹੈ ਕਿ ਦੇਸ਼ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਉਨ੍ਹਾਂ ਇਥੋਂ ਤੱਕ ਵੀ ਕਿਹਾ ਕਿ ਜੇਕਰ ਚੀਨ ਨਾਲ ਤਣਾਅ ਦਾ ਪਾਕਿਸਤਾਨ ਫਾਇਦਾ ਚੁੱਕਣ ਦਾ ਯਤਨ ਕਰੇਗਾ ਤਾਂ ਭਾਰਤ ਇਸ ਲਈ ਵੀ ਤਿਆਰ ਹੈ। ਪਿਛਲੇ ਦਿਨੀਂ ਚੀਨ ਦੀਆਂ 118 ਐਪਾਂ ਉਤੇ ਪਾਬੰਦੀ ਲਗਾਉਣ ਦੇ ਐਲਾਨ ਤੋਂ ਬਾਅਦ ਚੀਨ ਨੇ ਇਸ ਕਦਮ ਦੀ ਸਖਤ ਆਲੋਚਨਾ ਵੀ ਕੀਤੀ ਹੈ। ਆਪਣੀ ਸ਼ੰਘਾਈ ਸੰਗਠਨ ਦੀ ਮੀਟਿੰਗ ਲਈ ਰੂਸ ਦੀ ਫੇਰੀ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਸਪੱਸ਼ਟ ਬਿਆਨ ਦਿੱਤਾ ਸੀ ਕਿ ਉਥੇ ਉਨ੍ਹਾਂ ਦੀ ਚੀਨ ਦੇ ਰੱਖਿਆ ਮੰਤਰੀ ਨਾਲ ਮਿਲਣ ਦੀ ਕੋਈ ਯੋਜਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਰੂਸ, ਚੀਨ, ਭਾਰਤ ਅਤੇ ਪਾਕਿਸਤਾਨ ਦੀਆਂ ਆਪਸੀ ਫੌਜੀ ਕਸਰਤਾਂ ਵਿਚੋਂ ਵੀ ਭਾਰਤ ਨੇ ਆਪਣੇ-ਆਪ ਨੂੰ ਅਲੱਗ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਹੁਣ ਰੂਸ ਦੀ ਫੇਰੀ ਦੌਰਾਨ ਚੀਨ ਦੀ ਪਹਿਲ ‘ਤੇ ਦੋਵਾਂ ਰੱਖਿਆ ਮੰਤਰੀਆਂ ਦੀ ਰੂਸ ਵਿਚ ਲੰਮੀ ਮੀਟਿੰਗ ਜ਼ਰੂਰ ਹੋਈ ਹੈ। ਇਸ ਪੱਧਰ ਦੀਆਂ ਮੁਲਾਕਾਤਾਂ ਤੋਂ ਇਹ ਸੰਭਾਵਨਾ ਜ਼ਰੂਰ ਬਣ ਗਈ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਪੈਦਾ ਹੋਈ ਸਥਿਤੀ ਨੂੰ ਮੋੜਾ ਪੈ ਸਕਦਾ ਹੈ ਪਰ ਸੁਧਾਰ ਦੀ ਆਸ ਉਦੋਂ ਹੀ ਕੀਤੀ ਜਾ ਸਕਦੀ ਹੈ ਜੇ ਚੀਨ ਆਪਣੇ ਅੜੀਅਲ ਵਤੀਰੇ ਨੂੰ ਬਦਲੇ।
__________________________________
ਰਾਜਨਾਥ ਨੇ ਭਾਰਤ ਦਾ ਰੁਖ ਸਪਸ਼ਟ ਕੀਤਾ
ਮਾਸਕੋ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੰਘਾਈ ਸਹਿਯੋਗ ਸੰਗਠਨ (ਐਸ਼ਸੀ.ਓ.) ਦੀ ਬੈਠਕ ਦੇ ਦੌਰਾਨ ਮਾਸਕੋ ਵਿਚ ਸਟੇਟ ਕੌਂਸਲਰ ਅਤੇ ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਘੇ ਨਾਲ ਗੱਲਬਾਤ ਕੀਤੀ। ਦੋਵਾਂ ਮੰਤਰੀਆਂ ਨੇ ਭਾਰਤ-ਚੀਨ ਸਰਹੱਦੀ ਖੇਤਰਾਂ ਦੀਆਂ ਘਟਨਾਵਾਂ ਤੇ ਦੋਵਾਂ ਦੇਸ਼ਾਂ ਦੇ ਸਬੰਧਾਂ ‘ਤੇ ਸਪੱਸ਼ਟ ਅਤੇ ਡੂੰਘਾਈ ਨਾਲ ਵਿਚਾਰ ਵਟਾਂਦਰੇ ਕੀਤੇ। ਸ੍ਰੀ ਰਾਜਨਾਥ ਸਿੰਘ ਨੇ ਪਿਛਲੇ ਕੁਝ ਮਹੀਨਿਆਂ ਵਿਚ ਭਾਰਤ-ਚੀਨ ਸਰਹੱਦੀ ਖੇਤਰਾਂ ਦੇ ਪੱਛਮੀ ਸੈਕਟਰ ਵਿਚ ਅਸਲ ਕੰਟਰੋਲ ਰੇਖਾ (ਐਲ਼ਏ.ਸੀ.) ‘ਤੇ ਭਾਰਤ ਦੇ ਰੁਖ ਨੂੰ ਸਪਸ਼ਟ ਕੀਤਾ। ਭਾਰਤੀ ਰੱਖਿਆ ਮੰਤਰੀ ਨੇ ਚੀਨੀ ਸੈਨਿਕਾਂ ਦੀਆਂ ਕਾਰਵਾਈਆਂ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸੈਨਿਕਾਂ ਨੂੰ ਇਕੱਤਰ ਕਰਨਾ, ਉਨ੍ਹਾਂ ਦੇ ਹਮਲਾਵਰ ਵਿਵਹਾਰ ਅਤੇ ਇਕਪਾਸੜ ਸਥਿਤੀ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦੁਵੱਲੇ ਸਮਝੌਤਿਆਂ ਦੀ ਉਲੰਘਣਾ ਹੈ।
__________________________________
ਅਮਰੀਕਾ ਮਦਦ ਲਈ ਤਿਆਰ: ਟਰੰਪ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ-ਚੀਨ ਸਰਹੱਦ ‘ਤੇ ਸਥਿਤੀ ਬਹੁਤ ਖਰਾਬ ਹੈ ਅਤੇ ਚੀਨ ਇਸ ਨੂੰ ਹੋਰ ਜ਼ੋਰਦਾਰ ਢੰਗ ਨਾਲ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਸ਼ਾਮਲ ਹੋਣਾ ਅਤੇ ਮਦਦ ਕਰਨਾ ਚਾਹੁੰਦੇ ਹਨ। ਵ੍ਹਾਈਟ ਹਾਊਸ ਦੀ ਪ੍ਰੈਸ ਕਾਨਫਰੰਸ ਵਿਚ ਟਰੰਪ ਨੇ ਕਿਹਾ ਕਿ ਸਰਹੱਦ ‘ਤੇ ਚੀਨ ਅਤੇ ਭਾਰਤ ਦਰਮਿਆਨ ਸਥਿਤੀ ਬਹੁਤ ਖਰਾਬ ਹੈ। ਉਹ ਇਸ ਬਾਰੇ ਭਾਰਤ ਅਤੇ ਚੀਨ ਦੋਵਾਂ ਨਾਲ ਗੱਲਬਾਤ ਕਰ ਰਹੇ ਹਨ। ਭਾਰਤ ਅਤੇ ਚੀਨ ਦੇ ਸਬੰਧ ਵਿਚ ਅਮਰੀਕਾ ਮਦਦ ਲਈ ਤਿਆਰ ਹੈ।
_________________________________
ਸੋਸ਼ਲ ਮੀਡੀਆ ਉਤੇ ਨੁਕਤਾਚੀਨੀ ਤੋਂ ਘਬਰਾਈ ਮੋਦੀ ਸਰਕਾਰ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੰਘੇ ਹਫਤੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਬਹੁਤ ਜ਼ਿਆਦਾ ‘ਡਿਸਲਾਈਕ’ (ਨਾਪਸੰਦ) ਕੀਤੇ ਜਾਣ ਮਗਰੋਂ ਭਾਜਪਾ ਦੀਆਂ ਹੋਰਨਾਂ ਵੀਡੀਓ’ਜ਼ ਨੂੰ ‘ਡਿਸਲਾਈਕ’ ਕੀਤੇ ਜਾਣ ਦਾ ਰੁਝਾਨ ਰੁਕਣ ਦਾ ਨਾਂ ਨਹੀਂ ਰਿਹਾ ਜਿਸ ਕਾਰਨ ਭਾਜਪਾ ਨੂੰ ਪੋਸਟ ਕੀਤੀਆਂ ਜਾ ਰਹੀਆਂ ਵੀਡੀਓ’ਜ਼ ਵਿਚੋਂ ‘ਲਾਈਕ’ (ਪਸੰਦ) ਤੇ ‘ਡਿਸਲਾਈਕ’ ਵਾਲਾ ਬਟਨ ਹੀ ਹਟਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਅਧਿਕਾਰਤ ਚੈਨਲ ‘ਤੇ ਪ੍ਰਧਾਨ ਮੰਤਰੀ ਵੱਲੋਂ ਇਕ ਮਹਿਲਾ ਪ੍ਰੋਬੇਸ਼ਨਰ ਨਾਲ ਕੀਤੀ ਗੱਲਬਾਤ ਦੀ ਵੀਡੀਓ ਸਾਂਝੀ ਕੀਤੀ ਗਈ ਪਰ ਇਸ ਨੂੰ ਵੀ ‘ਲਾਈਕ’ ਤੋਂ ਜ਼ਿਆਦਾ ‘ਡਿਸਲਾਈਕ’ ਮਿਲੇ ਹਨ। ਇਸੇ ਚਿੰਤਾ ਕਾਰਨ ਭਾਜਪਾ ਨੇ ਪ੍ਰਧਾਨ ਮੰਤਰੀ ਵੱਲੋਂ ਆਈ.ਪੀ.ਐਸ਼ ਪ੍ਰੋਬੇਸ਼ਨਰਾਂ ਨਾਲ ਕੀਤੀ ਗੱਲਬਾਤ ਦੀ ਵੀਡੀਓ ‘ਚੋਂ ‘ਲਾਈਕ’ ਜਾਂ ‘ਡਿਸਲਾਈਕ’ ਦਾ ਬਟਨ ਹਟਾਉਣ ਦਾ ਫੈਸਲਾ ਕੀਤਾ ਸੀ। ਇਹ ਸਭ ਕੁਝ ‘ਅਮਰੀਕਾ-ਭਾਰਤ ਰਣਨੀਤਕ ਤੇ ਭਾਈਵਾਲੀ ਮੰਚ’ ਦੇ ਤੀਜੇ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਬਾਅਦ ਵੀ ਹੋਇਆ ਜਿਸ ਨੂੰ ਮਿਲੇ ‘ਲਾਈਕਸ’ ਦੀ ਗਿਣਤੀ ‘ਡਿਸਲਾਈਕਸ’ (ਇਕ ਲੱਖ ਤੋਂ ਵੱਧ) ਤੋਂ ਤਕਰੀਬਨ ਅੱਧੀ ਸੀ।
ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦੌਰਾਨ ਕੀਤੇ ਗਏ ਕੰਮਾਂ ਸਬੰਧੀ ਐਨੀਮੇਟਡ ਵੀਡੀਓ ਨੂੰ ਵੀ ‘ਲਾਈਕਸ’ ਨਾਲੋਂ ਵੱਧ ‘ਡਿਸਲਾਈਕਸ’ ਮਿਲੇ ਹਨ। ਭਾਰਤੀ ਜਨਤਾ ਪਾਰਟੀ ਦੀਆਂ ਵੀਡੀਓ’ਜ਼ ਨੂੰ ‘ਡਿਸਲਾਈਕ’ ਕਰਨ ਦਾ ਰੁਝਾਨ ਜੇ.ਈ.ਈ. ਤੇ ਨੀਟ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਹੋਰਨਾਂ ਵੱਖ-ਵੱਖ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਦੀਆਂ ਤਿਆਰੀਆਂ ‘ਚ ਲੱਗੇ ਨੌਜਵਾਨਾਂ ਦੇ ਗੁੱਸੇ ਦੇ ਰੂਪ ‘ਚ ਸਾਹਮਣੇ ਆਇਆ ਹੈ ਕਿਉਂਕਿ ਉਹ ਨਤੀਜਿਆਂ, ਭਰਤੀ ਨੋਟੀਫਿਕੇਸ਼ਨ ਤੇ ਦਾਖਲਾ ਕਾਰਡ ਜਾਰੀ ਹੋਣ ‘ਚ ਹੋ ਰਹੀ ਦੇਰੀ ਤੋਂ ਪਰੇਸ਼ਾਨ ਹਨ। ਭਾਜਪਾ ਦੇ ਚੈਨਲ ਉਤੇ ਵੀਡੀਓ’ਜ਼ ਨੂੰ ‘ਡਿਸਲਾਈਕ’ ਕਰਨ ਦਾ ਸਿਲਸਿਲਾ ਲੰਘੇ ਐਤਵਾਰ ਤੋਂ ਸ਼ੁਰੂ ਹੋਇਆ ਸੀ ਜਦੋਂ ਪ੍ਰਧਾਨ ਮੰਤਰੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਸੰਬੋਧਨ ਕੀਤਾ। ਵਿਦਿਆਰਥੀਆਂ ਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੀਆਂ ਨੌਕਰੀਆਂ ਬਾਰੇ ਕੁਝ ਕਹਿਣਗੇ ਪਰ ਉਹ ਹੋਰਨਾਂ ਵਿਸ਼ਿਆਂ ਬਾਰੇ ਬੋਲਦੇ ਰਹੇ। ਇਸ ਮਗਰੋਂ ਜਲਦੀ ਹੀ ਸੋਸ਼ਲ ਮੀਡੀਆ ਉਤੇ ‘ਡਿਸਲਾਈਕਸ’ ਰੁਝਾਨ ਸ਼ੁਰੂ ਹੋ ਗਿਆ ਕਿ ਪ੍ਰਧਾਨ ਮੰਤਰੀ ਦੇਸ਼ ਭਰ ‘ਚ ਲੱਖਾਂ ਲੋਕਾਂ ਦੀ ਜ਼ਿੰਦਗੀ ਤੇ ਕਰੀਅਰ ਜਿਹੇ ਅਹਿਮ ਮੁੱਦਿਆਂ ਉਤੇ ਗੱਲ ਕਿਉਂ ਨਹੀਂ ਕਰ ਰਹੇ।