ਹਾਲੇ ਵੀ ਖੂਹ ਤੋਂ ਪਾਣੀ ਭਰਦੀ ਏ ਗੁਰਪਾਲ ਸਿੰਘ ਪਾਲ ਦੀ ‘ਪਾਲੀ’

-ਸਵਰਨ ਸਿੰਘ ਟਹਿਣਾ
ਉਸ ਸ਼ਖਸੀਅਤ ਦੀ ਪੰਜਾਬੀ ਗਾਇਕੀ ਨੂੰ ਦੇਣ ਬਾਬਤ ਜਦੋਂ ਵੀ ਸੋਚਦਾ ਹਾਂ ਤਾਂ ਪੰਦਰਾਂ ਸਾਲ ਪਹਿਲਾਂ ਵਾਲੀ ਪਲੇਠੀ ਮਿਲਣੀ ਚੇਤੇ ਆ ਜਾਂਦੀ ਏ। ਜਾਣਕਾਰਾਂ ਦੱਸਿਆ ਸੀ ਕਿ ਕੋਟਕਪੂਰਾ ਦੇ ਬੱਸ ਅੱਡੇ ਦੇ ਪਿਛਲੇ ਪਾਸੇ ਵਾਲੀ ਗਲੀ ਵਿਚ ਉਹਦਾ ਘਰ ਏ। ਚੌੜ੍ਹੀ ਗਲੀ ਤੇ ਵੱਡਾ ਸਾਰਾ ਗੇਟ। ਬਾਹਰ ਨਾਂ ਵਾਲੀ ਛੋਟੀ ਜਿਹੀ ਪਲੇਟ ਲੱਗੀ ਹੋਈ ਏ, ਜਿਸ ‘ਤੇ ਰੇਡੀਓ ਤੇ ਟੀæਵੀæ ਆਰਟਿਸਟ ਲਿਖਿਆ ਏ। ਦੱਸਣ ਵਾਲਿਆਂ ਇਹ ਵੀ ਕਿਹਾ ਸੀ ਕਿ ਜਦੋਂ ਤੂੰ ਉਨ੍ਹਾਂ ਦੀ ਤੂੰਬੀ ਵੱਲ ਦੇਖੇਂਗਾ ਤਾਂ ਉਹਦੇ ‘ਤੇ ‘ਪਾਲੀ’ ਲਿਖਿਆ ਮਿਲੇਗਾ। ਹਰ ਗੱਲ ‘ਚੋਂ ਉਨ੍ਹਾਂ ਦਾ ‘ਪਾਲੀ ਪ੍ਰੇਮ’ ਡੁੱਲ੍ਹ-ਡੁੱਲ੍ਹ ਪਏਗਾ, ਥੋੜ੍ਹੀ ਜਹੀ ਗੱਲ ਤੂੰ ਸ਼ੁਰੂ ਕਰ ਦਈਂ, ਬਾਕੀ ਸਾਰੀ ਉਨ੍ਹਾਂ ਆਪੇ ਪੂਰੀ ਕਰ ਛੱਡਣੀ ਏ।
ਹੋਇਆ ਵੀ ਏਦਾਂ ਹੀ। ਘਰ ਪੁੱਜਾ ਤਾਂ ਪਿਛਲੇ ਪਾਸੇ ਬਣੇ ਛੋਟੇ ਜਿਹੇ ਕਮਰੇ ਵਿਚ ਉਹ, ਉਨ੍ਹਾਂ ਦਾ ਟੀæਵੀ, ਕੂਲਰ, ਤੂੰਬੀ, ਹਾਰਮੋਨੀਅਮ, ਵੈਦਾਂ ਦੀਆਂ ਦਵਾਈਆਂ ਤੇ ਲੀੜੇ ਭਰੇ ਹੋਏ ਸਨ। ਕੋਲ ਖਾਲੀ ਬੋਤਲ ਤੇ ਕੱਚ ਦਾ ਗਲਾਸ ਪਿਆ ਸੀ, ਜੋ ਦੱਸਣ ਲਈ ਕਾਫੀ ਸੀ ਕਿ ਕੌੜਾ ਘੁੱਟ ਲੱਗੇ ਨੂੰ ਬਹੁਤੀ ਦੇਰ ਨਹੀਂ ਹੋਈ। ਆਉਣ ਦਾ ਕਾਰਨ ਦੱਸਿਆ ਤਾਂ ਖਿੱਲਰੇ ਵਾਲਾਂ ਦਾ ਜੂੜਾ ਬਣਾਉਂਦਿਆਂ ਥੋੜ੍ਹੀ ਥਥਲਾਉਂਦੀ ਆਵਾਜ਼ ‘ਚ ਕਿਹਾ, “ਅੱਛਾ-ਅੱਛਾ, ਬਹਿਜੋ, ਬਹਿਜੋ।”
“ਓਏ ਦੀਪੀæææਦੀਪੀ ਓਏæææਓਏ ਰਵੀ, ਪਤਾ ਨਹੀਂ ਕਿੱਧਰ ਗਏ ਸਾਰੇ। ਮੰਗਾਉਂਨਾ ਪਾਣੀæææਆ ਲੈਣ ਦਿਓ ਕਿਸੇ ਨੂੰ ਏਧਰ।” ਕਹਿ ਉਹ ਢੋਅ ਲਾ ਬੈਠ ਗਏ।
ਰਸਮੀ ਗੱਲਾਂਬਾਤਾਂ ਤੋਂ ਪੰਦਰਾਂ ਕੁ ਮਿੰਟ ਬਾਅਦ ਉਨ੍ਹਾਂ ਤੂੰਬੀ ਦੀ ਤਾਰ ਕਸ ਲਈ ਤੇ ਗੱਲਾਂ ਦੀ ਧਾਰ ਪਹਿਲਾਂ ਨਾਲੋਂ ਤਿੱਖੀ ਹੋ ਗਈ। ਤੂੰਬੀ ‘ਤੇ ਮੋਟੇ ਲਾਲ ਅੱਖਰਾਂ ‘ਚ ‘ਪਾਲੀ’ ਲਿਖਿਆ ਚਮਕਾਰੇ ਮਾਰ ਰਿਹਾ ਸੀ। ਹਰ ਗੱਲ ਦਾ ਬੇਪ੍ਰਵਾਹੀ ਨਾਲ ਉਤਰ ਦਿੰਦਿਆਂ ਕੁਝ ਸੈਕਿੰਡਾਂ ਮਗਰੋਂ ਉਹ ਤੂੰਬੀ ਦੀ ਤਾਰ ‘ਤੇ ਉਂਗਲ ਮਾਰ ‘ਟੁਣਨਨæææਟੁਣਨਨ’ ਕਰਾਉਂਦਿਆਂ ਸ਼ਾਇਦ ਉਹਦੇ ਨਾਲ ਵੀ ਕੋਈ ਗੱਲ ਕਰੀ ਜਾ ਰਹੇ ਸੀ।
“ਬਾਪੂ, ਆਹ ਪਾਲੀ ਕੌਣ ਸੀ?” ਮੈਂ ਪੁੱਛ ਲਿਆ।
“ਸਾਰੇ ਪਹਿਲੀ ਮਿਲਣੀ ‘ਚ ਏਹੀ ਪੁੱਛਦੇ ਆ। ਇੱਕ ਵਾਰ ਪਾਕਿਸਤਾਨ ਪ੍ਰੋਗਰਾਮ ਕਰਨ ਗਿਆ ਸੀ, ਉਥੇ ਇੱਕ ਰੇਡੀਓ ਪ੍ਰੋਗਰਾਮ ਕਰਨ ਵਾਲੀ ਕੁੜੀ ਨੇ ਇਹੀ ਗੱਲ ਪੁੱਛ ਲਈ ਤੇ ਮੈਂ ਉਹਦੇ ਬੁੱਲ੍ਹਾਂ ਦੀ ਲਾਲ ਸੁਰਖੀ ਨਾਲ ਪਾਲੀ ਦਾ ਸਬੰਧ ਜੋੜਦਿਆਂ ਸੁਣਾ ਦਿੱਤਾ, ‘ਜਦੋਂ ਤੱਕ ਤੇਰੇ ਬੁੱਲ੍ਹਾਂ ‘ਤੇ ਲਾਲੀ ਰਹੂਗੀ, ਪਾਲ ਦਿਆਂ ਬੁੱਲ੍ਹਾਂ ‘ਤੇ ਪਾਲੀ ਰਹੂਗੀ।”
ਅੰਦਰੋਂ ਹੋਰ ਕੁਰੇਦਣ ਲਈ ਮੈਂ ਅਗਲਾ ਸਵਾਲ ਪੁੱਛਿਆ, “ਕਹਿੰਦੇ ਪਾਲੀ ਥੋਨੂੰ ਛੱਡ ਗਈ ਸੀ, ਤਾਹੀਓਂ ਤੁਸੀਂ ‘ਹਾਲੇ ਵੀ ਨਹੀਂ ਭੁੱਲੀ ਪਾਲੀ ਯਾਦ ਆਉਂਦੀ ਰਹਿੰਦੀ ਏ, ਛੱਡਦੀ ਨ੍ਹੀਂ ਜਿਊਣ ਜੋਗਾ, ਜਾਨ ਕੱਢ ਲੈਂਦੀ ਏ’ ਗਾਇਆ ਸੀ।”
ਮੇਰੇ ਵੱਲ ਟਿਕਟਿਕੀ ਲਾ ਦੇਖ ਕਹਿਣ ਲੱਗੇ, “ਨਿੱਕਾ ਏਂ, ਪਰ ਤਿੱਖਾ ਏਂ ਤੂੰ। ਮੇਰੇ ਵਾਲੀ ਤਾਂ ਕੋਈ ਹੋਰ ਸੀ, ਇਹ ਪਾਲੀ ਕਿਸੇ ਹੋਰ ਦੀ ਸੀ।”
ਫੇਰ ਸ਼ੁਰੂ ਹੋ ਗਏ, “ਗਾਉਣ ਨੇ ਬੜਾ ਨਾਂ ਦਿੱਤੈ, ਮਾਣ-ਸਨਮਾਨ ਖੂਬ ਦਿਵਾਇਆ। ਵਾਹਿਗੁਰੂ ਦਾ ਦਿੱਤਾ ਸਾਰਾ ਕੁਝ ਐ ਆਪਣੇ ਕੋਲ।”
“ਪਰ ਦਾਰੂ ਆਲੀ ਗੱਲ ਤਾਂ ਮਾੜੀ ਐ ਨਾ।” ਮੈਂ ਝਿਜਕਦਿਆਂ ਕਹਿ ਦਿੱਤਾ।
“ਇਹੀ ਤਾਂ ਸਾਰੇ ਗ਼ਮ ਮਾਰਦੀ ਏ, ਲੋਕਾਂ ਐਵੇਂ ਬਦਨਾਮ ਕਰ ਛੱਡੀ ਏ। ਪਹਿਲਾਂ ਵੀ ਛੱਡੀ ਸੀ, ਹੁਣ ਫੇਰ ਛੱਡ ਦੇਣੀ ਆ। ਜਦੋਂ ਅਗਲੀ ਵਾਰ ਮਿਲੇਂਗਾ ਸੋਫੀ ਹੋਊਂਗਾ, ਪੱਕਾ ਰਿਹਾ।” ਉਨ੍ਹਾਂ ਜਵਾਬ ਦਿੰਦਿਆਂ ਸਫ਼ਾਈ ਵੀ ਦੇ ਦਿੱਤੀ।
ਉਸ ਮੁਲਾਕਾਤ ਤੋਂ ਬਾਅਦ 15 ਸਾਲਾਂ ‘ਚ ਸੈਂਕੜੇ ਮੁਲਾਕਾਤਾਂ ਹੋਈਆਂ ਨੇ, ਦੁੱਖ-ਸੁੱਖ ਵੇਲ਼ੇ ਇਕ-ਦੂਜੇ ਦੇ ਘਰ ਗਏ ਹਾਂ ਤੇ ਅਣਗਿਣਤ ਘਰੇਲੂ ਗੱਲਾਂ ਸਾਂਝੀਆਂ ਕੀਤੀਆਂ ਨੇ। ਤਸੱਲੀ ਏਸ ਗੱਲ ਦੀ ਏ ਕਿ ਲੋਕਾਂ ਦਾ ਗੁਰਪਾਲ ਸਿੰਘ ਪਾਲ ਮੇਰੇ ਲਈ ‘ਬਾਪੂ’ ਹੈ ਤੇ ਮੈਂ ਉਨ੍ਹਾਂ ਲਈ ‘ਸਵਰਨਾ।’ ਉਮਰ ਦਾ ਫ਼ਾਸਲਾ ਸਾਡੀ ਗੱਲਬਾਤ ਵਿਚ ਕਦੇ ਅੜਿੱਕਾ ਨਹੀਂ ਬਣਿਆ, ਬਹੁਤੀ ਵਾਰ ਉਹ ਮੈਨੂੰ ‘ਯਾਰ’ ਹੀ ਕਹਿੰਦੇ ਨੇ।
ਬਾਪੂ ਦੀ ਦਿੱਖ ਹੁਣ ਪਹਿਲਾਂ ਨਾਲੋਂ ਢੇਰ ਬਦਲ ਚੁੱਕੀ ਹੈ, ਚਿੱਟੇ ਦਾਹੜੇ ਦਾ ਪ੍ਰਕਾਸ਼ ਤੇ ਪਹਿਲੀ ਨਜ਼ਰੇ ਉਹ ਗਾਇਕ ਨਾਲੋਂ ਗ੍ਰੰਥੀ ਵੱਧ ਲੱਗਦੇ ਨੇ। ਪਰ ਨਾ ਕਿਸੇ ਗੱਲ ‘ਤੇ ਮਰੂੰ ਮਰੂੰ ਏ, ਨਾ ਕਿਸੇ ਗੱਲ ਦਾ ਝੋਰਾ। ਕਮਰਾ ਹੇਠੋਂ ਬਦਲ ਕੇ ਛੱਤ ਉਪਰ ਜਾ ਚੁਕੈ ਤੇ ਸਮਾਨ ਉਹੀ ਪੰਦਰਾਂ ਸਾਲ ਪਹਿਲਾਂ ਵਾਲਾ। ਅੱਸੀ ਦੀ ਉਮਰ ‘ਚ ਬਹੁਤੇ ਬਜ਼ੁਰਗਾਂ ਦਾ ਬੋਲ ਨਹੀਂ ਨਿਕਲਦਾ, ਹੱਥ ਕੰਬਦੇ ਨੇ, ਸਰੀਰ ਝੋਲ ਮਾਰਦੈ, ਪਰ ਪਾਲ ਹੁਰਾਂ ਮੂੰਹੋਂ ਗੀਤ ਨਿਕਲਦੇ ਨੇ, ਉਂਗਲਾਂ ਤੂੰਬੀ ਵਜਾਉਂਦੀਆਂ ਨੇ ਤੇ ਸਟੇਜ ‘ਤੇ ਖੜ੍ਹ ਗਾਉਣ ਦੇ ਨਾਲ-ਨਾਲ ਲੋਕਾਂ ਨੂੰ ਸਮਝਾਉਣੀਆਂ ਵੀ ਦਿੰਦੇ ਨੇ।
ਇੱਕ ਵਾਰ ਕਹਿੰਦੇ, “ਜੈਤੋ ਲਾਗੇ ਮੇਲਾ ਏ, ਮੈਨੂੰ ਬੁਲਾਇਆਂ ‘ਕਵੰਜਾ ਸੌ ‘ਚ, ਚੱਲ ਨਾਲ।”
ਮੇਲੇ ‘ਚ ਦੋ ਕੁ ਹਜ਼ਾਰ ਦਾ ਇਕੱਠ ਹੋਏਗਾ ਤੇ ਸਟੇਜ ਸਕੱਤਰ ਨੇ ਕਿਹਾ, “ਆ ਰਹੇ ਨੇ ਬਾਪੂ ਗੁਰਪਾਲ ਸਿੰਘ ਪਾਲ ‘ਪਾਲੀ ਪਾਣੀ ਖੂਹ ਤੋਂ ਭਰੇ’ ਫੇਮæææਤਾੜੀਆਂ ਮਾਰ ਦਿਓ।”
ਪਾਲ ਹੁਰਾਂ ਮਾਈਕ ਨੇੜੇ ਕਰ ਸਟੇਜ ਸਕੱਤਰ ਵੱਲ ਘੂਰਦਿਆਂ ਆਖਿਆ, “ਓਏ ਮੁੰਡਿਆ, ਦੱਸ ਮੈਂ ਬਾਪੂ ਕਿਹੜੇ ਪਾਸਿਓਂ ਲੱਗਦਾਂ, ਕਿਸੇ ਦਾ ਬਾਪੂ ਹੈ ਮੇਰੇ ਵਰਗਾ, ਜਿਹੜਾ 75 ਸਾਲ ‘ਚ ਸਟੇਜ ‘ਤੇ ਗਾਣੇ ਗਾਵੇ। ਉਮਰ ਨਾ ਦੇਖੋ, ਗਾਣਿਆਂ ਦਾ ਜਲਵਾ ਦੇਖਿਓ।”
ਪੰਡਾਲ ‘ਚ ਹਾਸਾ ਛਿੜ ਪਿਆ ਤੇ ਉਨ੍ਹਾਂ ਤੂੰਬੀ ਦੀ ਟੁਣਕ-ਟੁਣਕ ਕਰਾਉਂਦਿਆਂ ਪਹਿਲਾ ਗਾਣਾ ਛੇੜ ਲਿਆ, “ਦਾਤੇ ਦੀਆਂ ਬੇਪ੍ਰਵਾਹੀਆਂ ਤੋਂ, ਤੂੰ ਲਾਪ੍ਰਵਾਹਾ ਡਰਿਆ ਕਰ, ਕਿਉਂ ਹਰ ਦਮ ਦਮਦਮ ਕਰਦਾ ਏਂ, ਦਮ ਦੇਣੇ ਨੇ ਦਮ ਭਰਿਆ ਕਰ।” ਆਵਾਜ਼ ਅਗਲੇ ਤੋਂ ਅਗਲੇ ਅੰਤਰੇ ਉਚੀ ਹੁੰਦੀ ਜਾ ਰਹੀ ਸੀ ਤੇ ਤੀਜੇ ਗੀਤ ਤੋਂ ਬਾਅਦ ਸੌ-ਸੌ ਦੇ ਨੋਟ ਬਾਪੂ ਵੱਲ ਆਉਣੇ ਸ਼ੁਰੂ ਹੋ ਗਏ। ਲੋਕਾਂ ਦੀ ਹੌਸਲਾ ਅਫ਼ਜ਼ਾਈ ਨਾਲ ਉਨ੍ਹਾਂ ਦੀਆਂ ਅੱਖਾਂ ‘ਚ ਚਮਕ ਆ ਗਈ, ਕਹਿੰਦੇ, “ਹੁਣ ਪਾਲੀ ਖੂਹ ਤੋਂ ਪਾਣੀ ਭਰਨ ਲੱਗੀ ਏ, ਜੇ ਕਿਸੇ ਨੇ ਘੜਾ ਚੁਕਾਉਣੈ ਤਾਂ ਬਾਹਾਂ ਉਚੀਆਂ ਕਰ ਲਵੋ ਭਾਵ ਤਾੜੀਆਂ ਨਾਲ-ਨਾਲ ਮਾਰੀ ਜਾਇਓ।” ਤੇ ਫੇਰ ਗੀਤ ਸ਼ੁਰੂ ਹੋ ਗਿਆ,
ਪਾਲੀ ਪਾਣੀ ਖੂਹ ਤੋਂ ਭਰੇ, ਓ ਹੋæææਆਹ ਹਾ।
ਉਹਦੇ ਇੰਨੂ ਨੂੰ ਸਿਤਾਰੇ, ਜਿਵੇਂ ਅੰਬਰਾਂ ‘ਚ ਤਾਰੇ,
ਉਹਦੀ ਹਿੱਕ ‘ਤੇ ਜੰਜ਼ੀਰੀ ਲਮਕੇ,
ਬਈ ਜਦੋਂ ਘੜਾ ਲਿਫ਼ ਕੇ ਧਰੇ,
ਪਾਲੀ ਪਾਣੀæææ।
ਆਮ ਲੋਕ ਕਲਾਕਾਰ ਦੀਆਂ ਕਲਾ ਵੰਨਗੀਆਂ ਬਾਰੇ ਜਾਣਦੇ ਹੁੰਦੇ ਨੇ, ਉਹ ਕੀ ਗਾਉਂਦੈ, ਕਿਵੇਂ ਗਾਉਂਦੈ, ਸਟੇਜ ‘ਤੇ ਕੇਹਾ ਲੱਗਦੈ, ਵਗੈਰਾ-ਵਗੈਰਾ, ਇਹ ਕੋਈ ਨਹੀਂ ਜਾਣਦਾ ਹੁੰਦਾ ਕਿ ਸਟੇਜ ‘ਤੇ ਹੱਸਣ ਵਾਲਾ ਇਨਸਾਨ ਕਿਤੇ ਸਟੇਜ ਦੇ ਪਿਛਲੇ ਪਾਸੇ ਰੋਇਆ ਤਾਂ ਨਹੀਂ। ਪਾਲ ਜਮਾਂਦਰੂ ਕਲਾਕਾਰ ਨਹੀਂ, ਹਾਲਾਤ ਨੇ ਉਸ ਕੋਲੋਂ ਬਹੁਤ ਕੁਝ ਕਰਾਇਆ, ਚੰਗਾ ਵੀ ਤੇ ਮਾੜਾ ਵੀ। ਇਕ ਵੇਲਾ ਉਹ ਵੀ ਸੀ, ਜਦੋਂ ਉਨ੍ਹਾਂ ‘ਤਾਰ ਬਾਬੂ’ ਦੀ ਨੌਕਰੀ ਕੀਤੀ ਤੇ ਇਕ ਵੇਲਾ ਉਹ ਸੀ, ਜਦੋਂ ਉਨ੍ਹਾਂ ਮਾਸਟਰੀ ਕੀਤੀ। ਪਰ ਮਨ ਦੇ ਵਲਵਲੇ ਉਨ੍ਹਾਂ ਨੂੰ ਸਰਕਾਰੀ ਵਕਤ ‘ਚ ਬੰਨ੍ਹ ਕੇ ਨਾ ਰੱਖ ਸਕੇ। ਕੁਝ ਕਰਨ ਦੀ ਹਸਰਤ ਉਸਲਵੱਟੇ ਲੈ ਰਹੀ ਸੀ, ਆਪਣੇ ਨਾਂ, ਵੱਖਰੀ ਪਛਾਣ ਦੀ ਇੱਛਾ ਸੀæææਤੇ ਇਹ ਸਭ ਕੁਝ ਉਦੋਂ ਮਿਲਣਾ ਸ਼ੁਰੂ ਹੋਇਆ, ਜਦੋਂ ਉਨ੍ਹਾਂ ਤੂੰਬੀ ਨੂੰ ਆਪਣੀ ਪੱਕੀ ਸਾਥਣ ਬਣਾ ਲਿਆ ਤੇ ਗਾਇਕੀ ਨੂੰ ਸਾਰੇ ਦੁੱਖਾਂ-ਸੁੱਖਾਂ ਦੀ ਰਾਜ਼ਦਾਰ।
ਗੁਰਪਾਲ ਸਿੰਘ ਪਾਲ ਤੇ ਪਾਲੀ ਦੇ ਰਿਸ਼ਤੇ ਬਾਰੇ ਅਕਸਰ ਲੋਕੀਂ ਆਪਣੇ ਕੋਲੋਂ ਸਵਾਲ-ਜਵਾਬ ਘੜਦੇ ਰਹਿੰਦੇ ਨੇ। ਪਰ ਹਕੀਕਤ ਇਹ ਹੈ ਕਿ ‘ਪਾਲੀ’ ‘ਪਾਲੀ ਪਾਣੀ ਖੂਹ ਤੋਂ ਭਰੇ’ ਗੀਤ ਦੇ ਲੇਖਕ ਸਵਰਗੀ ਗੁਰਦੀਪ ਘੋਲੀਆ ਦੇ ਖਿਆਲਾਂ ਦੀ ਨਾਇਕਾ ਸੀ। ਘੋਲੀਆ ਹੁਰਾਂ ਦੇ ਘਰ ਅੱਗੇ ਇਕ ਖੂਹੀ ਸੀ, ਜਿੱਥੋਂ ਕੁੜੀਆਂ-ਚਿੜੀਆਂ ਪਾਣੀ ਭਰਨ ਆਉਂਦੀਆਂ ਸਨ ਤੇ ਉਨ੍ਹਾਂ ‘ਚੋਂ ਇਕ ‘ਬਿੰਦੋ’ ਵੀ ਸੀ, ਜਿਸ ਨਾਲ ਘੋਲੀਆ ਦੀਆਂ ਅੱਖਾਂ ਚਾਰ ਹੋਈਆਂ ਸਨ। ਉਸ ਨੇ ਆਪਣੀ ਮੁਹੱਬਤ ‘ਤੇ ਗੀਤ ਲਿਖਿਆ ਸੀ, ‘ਬਿੰਦੋ ਪਾਣੀ ਖੂਹ ਤੋਂ ਭਰੇ।’ ਇਹ ਗੀਤ ਜਦੋਂ ਪਾਲ ਕੋਲ ਗਾਉਣ ਲਈ ਆਇਆ ਤਾਂ ਉਨ੍ਹਾਂ ‘ਪੱਪਿਆਂ’ ਦਾ ਮੇਲ ਕਰਾਉਂਦਿਆਂ ‘ਬਿੰਦੋ’ ਨੂੰ ‘ਪਾਲੀ’ ਕਰ ਦਿੱਤਾ, ਕਿਉਂਕਿ ‘ਪ’ ਤੋਂ ਪਾਲੀ, ‘ਪ’ ਤੋਂ ਪਾਣੀ ਤੇ ‘ਪ’ ਤੋਂ ‘ਪਾਲ’ ਬਣਦੈ। ਜਦੋਂ ਪਾਤਰ ਬਦਲ ਗਿਆ ਤਾਂ ਸੁਣਨ ਵਾਲਿਆਂ ‘ਪਾਲੀ’ ਨੂੰ ਸਦਾ ਲਈ ‘ਪਾਲ’ ਦੇ ਖਾਤੇ ਪਾ ਦਿੱਤਾ।
ਇਹ ਗਾਣਾ ਅਮਰ ਹੋ ਗਿਆ ਤੇ ਅੱਜ ਗੁਰਪਾਲ ਸਿੰਘ ਪਾਲ ਨੂੰ ਜਿੰਨੇ ਲੋਕ ਜਾਣਦੇ ਨੇ, ਸਭ ਏਸੇ ਕਰਕੇ। ਪਾਲ ਹੁਰਾਂ ਵੱਲੋਂ ਗਾਏ ਸਾਰੇ ਗੀਤਾਂ ਦੇ ਮੁੱਖੜਿਆਂ ਵੱਲ ਝਾਤ ਮਾਰੀਏ ਤਾਂ ਪਤਾ ਲੱਗਦੈ ਕਿ ਆਪਣੇ ਜੀਵਨ ਦੇ ਸਾਦੇਪਣ ਜਿਹੇ ਹੀ ਉਨ੍ਹਾਂ ਗੀਤ ਗਾਏ। ਕਿਸੇ ਗੀਤ ਵਿਚ ਕੋਈ ਵਲ ਫੇਰ ਨਹੀਂ, ਕੋਈ ਲੁਕਵੀਂ ਚੋਭ ਨਹੀਂ। ਗਾਣੇ ਏਦਾਂ ਦੇ, ਜਿਵੇਂ ਉਹ ਗਾਉਣ ਦੀ ਥਾਂ ਸਮਝਾਉਣ ਕੀ ਕੋਸ਼ਿਸ਼ ਕਰ ਰਹੇ ਹੋਣ। ਪਾਲ ਹੁਰਾਂ ਦਾ ਇਕ ਹੋਰ ਗੀਤ ‘ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਆ’ ਅੱਜ ਵੀ ਸਟੇਜਾਂ ‘ਤੇ ਇਕ ਨਹੀਂ, ਤਿੰਨ-ਚਾਰ ਵਾਰ ਜ਼ਰੂਰ ਸੁਣਿਆ ਜਾਂਦੈ।
ਜਦੋਂ ਮੈਂ ਬਾਪੂ ਪਾਲ ਬਾਰੇ ‘ਗੁਰਪਾਲ ਸਿੰਘ ਪਾਲ ਦਾ ਗਾਇਕੀ ਸਫ਼ਰ’ ਕਿਤਾਬ ਲਿਖੀ ਤਾਂ ਸਰਬਜੀਤ ਚੀਮਾ ਨੇ ਪੜ੍ਹਨ ਉਪਰੰਤ ਕਿਹਾ, ‘ਪੈਸਾ’ ਗਾਣਾ ਮੈਂ ਦੁਬਾਰਾ ਗਾਉਣੈæææਇਜਾਜ਼ਤ ਲੈ ਕੇ ਦਿਓ ਗੁਰਾਂਦਿੱਤਾ ਸਿੰਘ ਸੰਧੂ ਤੋਂæææ।’ ਇਹ ਗੀਤ ਸੁੱਖਣਵਾਲੇ ਦੇ ਗੁਰਾਂਦਿੱਤਾ ਦਾ ਲਿਖਿਆ ਹੋਇਐ, ਉਹਤੋਂ ਤੇ ਪਾਲ ਤੋਂ ਆਗਿਆ ਲੈ ਕੇ ਚੀਮੇ ਨੇ ਵੀ ਇਹਨੂੰ ਗਾ ਛੱਡਿਆ ਤੇ ਹੋਰ ਗੀਤਾਂ ਵਾਂਗ ਇਹ ਵੀ ਚੀਮੇ ਦਾ ਹਾਸਲ ਬਣ ਗਿਆ।
ਪਾਲ ਹੁਰਾਂ ਦੀ ਸਭ ਤੋਂ ਵੱਡੀ ਖਾਸੀਅਤ ਬੁਢਾਪੇ ਨੂੰ ਮਖੌਲਾਂ ਕਰਨਾ ਹੈ। ਮੜ੍ਹਕ ਨਾਲ ਤੁਰਨ ਤੇ ਮੱਠਾ-ਮੱਠਾ ਬੋਲਣ ਨੂੰ ਉਹ ਬੁਢਾਪੇ ਨਾਲ ਨਹੀਂ, ਸਗੋਂ ਮਿਜਾਜ਼ ਨਾਲ ਜੋੜਦੇ ਨੇ। ਕਹਿੰਦੇ ਨੇ, “ਬੁਢਾਪੇ ਦਾ ਉਮਰ ਨਾਲ ਨਹੀਂ, ਮਹਿਸੂਸ ਕਰਨ ਨਾਲ ਸਬੰਧ ਏ, ਤੇ ਮੈਂ ਕਦੇ ਸੋਚਿਆ ਹੀ ਨਹੀਂ ਕਿ ਨਿਆਣੇ ਵਿਆਹੇ ਗਏ ਨੇ, ਪੋਤਿਆਂ-ਦੋਹਤਿਆਂ ਵਾਲਾ ਹਾਂ। ਅੱਜ ਵੀ ਇਉਂ ਮਹਿਸੂਸ ਕਰਦਾਂ ਜਿਵੇਂ ਚੜ੍ਹਦੀ ਉਮਰੇ ਹੋਵਾਂ, ਓਦਾਂ ਭਾਵੇਂ ਢਿੱਲਾ-ਮੱਠਾ ਰਹਾਂ, ਪਰ ਜਦੋਂ ਤੂੰਬੀ ਹੱਥ ਆਉਂਦੀ ਏ ਤਾਂ ਵੀਹਵੇਂ ਸਾਲ ‘ਚ ਪਹੁੰਚ ਜਾਂਦਾ ਹਾਂ। ਗਾਉਣ ਵੇਲੇ ਜਦੋਂ ਵਜਦ ‘ਚ ਆਉਂਦਾ ਹਾਂ ਤਾਂ ਪਤਾ ਨਹੀਂ ਰੱਬ ਦੀ ਕੇਹੀ ਕ੍ਰਿਪਾ ਹੁੰਦੀ ਏ, ਅੱਜ ਤੱਕ ਨਹੀਂ ਜਾਣ ਸਕਿਆ।”
ਪਿਛਲੇ ਅੱਠ-ਦਸ ਸਾਲਾਂ ਤੋਂ ਪਾਲ ਹੁਰਾਂ ਕਦੇ ਕੌੜੇ ਘੁੱਟ ਦਾ ਸੰਗ ਨਹੀਂ ਕੀਤਾ। ਮਾਲਾ ਹਮੇਸ਼ਾ ਉਨ੍ਹਾਂ ਨੇੜੇ ਪਈ ਹੁੰਦੀ ਏ ਤੇ ਜਦੋਂ ਵਕਤ ਮਿਲਦੈ, ਫੇਰਨ ਲੱਗ ਜਾਂਦੇ ਨੇ। ਜੋਸ਼ ਭਾਵੇਂ ਪਹਿਲਾਂ ਵਰਗਾ ਹੈ, ਪਰ ਉਮਰ ਨਹੀਂ ਲੁਕਦੀ। ਘਰ ਜਿਵੇਂ ਮਰਜ਼ੀ ਫਿਰਦੇ ਹੋਣ, ਤੇੜ ਚਾਦਰ ਬੰਨ੍ਹੀ ਹੋਵੇ, ਸਿਰ ਪਰਨਾ ਹੋਵੇ, ਪਰ ਜਦੋਂ ਬਾਹਰ-ਅੰਦਰ ਜਾਂਦੇ ਨੇ ਤਾਂ ਜਾਪਦੈ ਜਿਵੇਂ ਕਾਲਜੀਏਟ ਮੁੰਡਾ ਤਿਆਰ ਹੋ ਕਾਲਜ ਚੱਲਿਆ ਹੋਵੇ। ਚਮਕਾਰੇ ਮਾਰਦਾ ਸਕੂਟਰ ਸਟਾਰਟ ਕਰ ਫੁਰਰਰਰਰ ਕਰਦੇ ਔਹ ਗਏ, ਔਹ ਗਏ।
ਉਨ੍ਹਾਂ ਦੀ ਗਾਇਕੀ ਤੇ ਸ਼ਖਸੀਅਤ ਬਾਰੇ ਜਿੰਨੇ ਮਰਜ਼ੀ ਸਫ਼ੇ ਭਰ ਲਈਏ, ਥੋੜ੍ਹੇ ਨੇ, ਕਿਉਂਕਿ ਉਨ੍ਹਾਂ ਦੀ ਗਾਇਕੀ ਨੂੰ ਦੇਣ ਬਹੁਤ ਵੱਡੀ ਹੈ। ਪ੍ਰੋæ ਮੋਹਣ ਸਿੰਘ ਮੇਲੇ ਸਮੇਤ ਸੈਂਕੜੇ ਹੋਰ ਥਾਂਵਾਂ ‘ਤੇ ਸਨਮਾਨਤ ਹੋ ਚੁੱਕੇ ਪਾਲ ਹੁਰੀਂ ਸਭ ਤੋਂ ਵੱਡਾ ਸਨਮਾਨ ਸੁਣਨ ਵਾਲਿਆਂ ਦੇ ਪਿਆਰ ਨੂੰ ਸਮਝਦੇ ਨੇ। ਮੈਨੂੰ ਅੱਜ ਤੱਕ ਅਜਿਹਾ ਕੋਈ ਗਾਇਕ ਨਹੀਂ ਡਿੱਠਾ, ਜਿਹੜਾ ਅੱਸੀਵੇਂ ਵਿਚ ਵੀ ਸਟੇਜ ‘ਤੇ ਗਾਉਂਦਾ ਹੋਵੇ ਤੇ ਲੋਕ ਬਾਹਾਂ ਖੜ੍ਹੀਆਂ ਕਰਕੇ ਪਿਆਰ ਦਿੰਦੇ ਹੋਣ। ‘ਸਿੱਖੀ ਦਾ ਬੂਟਾ’, ‘ਬਾਲਮਾ ਸੌਂ ਜਾਵਾਂ, ਮੇਰੀ ਅੱਖੀਆਂ ‘ਚ ਨੀਂਦਰ ਰੜਕੇ’ ਸਮੇਤ ਦਰਜਨਾਂ ਹੋਰ ਗੀਤ ਉਨ੍ਹਾਂ ਦੀ ਗਾਇਕੀ ਤੇ ਵਿਅਕਤਿਤਵ ਨੂੰ ਸਲਾਮ ਕਹਿਣ ਲਈ ਮਜਬੂਰ ਕਰਦੇ ਨੇ।
ਪਿਛੇ ਜਿਹੇ ਜਦੋਂ ਉਨ੍ਹਾਂ ਨਾਲ ਮੇਲ ਹੋਇਆ ਤਾਂ ਉਦਾਸ ਹੋ ਕਹਿਣ ਲੱਗੇ, “ਯਾਰ, ਕਿਸੇ ਨੇ ਲੇਖ ਲਿਖ ਦਿੱਤਾ ਕਿ ‘ਹੁਣ ਪਾਲ ਦੀ ਪਾਲੀ ਖੂਹ ਤੋਂ ਪਾਣੀ ਨਹੀਂ ਭਰਦੀ’ ਤੇ ਲੋਕ ਸਮਝਣ ਲੱਗ ਗਏ ਕਿ ਮੈਂ ਬਿਮਾਰ ਹਾਂ, ਏਹਨੂੰ ਪ੍ਰੋਗਰਾਮਾਂ ‘ਤੇ ਕਿਉਂ ਲਿਜਾਣੈ। ਤੂੰ ਲੋਕਾਂ ਨੂੰ ਸੱਚਾਈ ਦੱਸੀਂ ਕਿ ਮੈਂ ਬਿਮਾਰ ਹਾਂ ਜਾਂ ਘੋੜੇ ਵਰਗਾ।”
ਫੇਰ ਉਨ੍ਹਾਂ ਆਖਿਆ, “ਆਹ ਹੱਥ ਫੜਾ ਮੈਨੂੰ ਆਪਣਾ।”
ਮੈਂ ਫੜਾ ਦਿੱਤਾ ਤਾਂ ਕਹਿੰਦੇ, “ਛੁਡਾ ਹੁਣ।”
ਵਾਹਵਾ ਜ਼ੋਰ ਲਾ ਕੇ ਮੈਂ ਛੁਡਾ ਲਿਆ ਤਾਂ ਕਹਿੰਦੇ, “ਹੁਣ ਲਿਖ ਕੇ ਦੱਸੀਂ, ਪਾਲ ਦੇ ਸਰੀਰ ‘ਚ ਹਾਲੇ ਵੀ ਪੂਰੀ ਜਾਨ ਏæææਜੀਹਨੇ ਸਟੇਜ ‘ਤੇ ਲਿਜਾਣਾ ਹੋਵੇ ਜ਼ਰੂਰ ਲੈ ਕੇ ਜਾਵੇ।”
ਉਨ੍ਹਾਂ ਦੀ ਇਸ ਉਰਜਾ ਵੱਲ ਦੇਖ ਮੈਂ ਹੈਰਾਨ ਹੋ ਜਾਂਦਾ ਹਾਂ। ਉਨ੍ਹਾਂ ਦੀ ਲੰਮੀ ਉਮਰ ਦੀ ਮੈਂ ਹਮੇਸ਼ਾ ਦੁਆ ਕਰਦਾ ਹਾਂ, ਕਿਉਂਕਿ ਪੰਜਾਬੀ ਗਾਇਕੀ ਦੇ ਅਸਲ ਸੇਵਾਦਾਰ ਇਹੋ ਜਿਹੇ ਲੋਕ ਸਾਡੇ ਕੋਲ ਹੁਣ ਬਹੁਤੇ ਨਹੀਂ ਬਚੇ।

Be the first to comment

Leave a Reply

Your email address will not be published.