ਮੱਲ ਸਿੰਘ ਦਾ ਢਹਿਣਾ

ਸਿੱਧੂ ਦਮਦਮੀ
ਫੋਨ: 91-94170-13869
ਆਖਰ ਰੁਲ ਹੀ ਗਿਆ ਜ਼ੱਜਲ ਵਾਲਾ ਮੱਲ ਸਿੰਘ ਤੇ ਵਿਚੇ ਰਹਿ ਗਿਆ ਉਸ ਵਲੋਂ ਰਚਿਆ ਜਾਣ ਵਾਲਾ ਵਾਰਿਸ ਸ਼ਾਹ ਦੀ ਹੀਰ ਦਾ ਸ਼ਬਦਕੋਸ਼!
ਪਾਠਕੋ, ਇਹ ਉਸੇ ਮੱਲ ਸਿੰਘ ਦੀ ਗੱਲ ਹੈ, ਜੋ ਮੇਰੇ ਪਿੰਡ ਤਲਵੰਡੀ ਸਾਬੋ ਤੋਂ ਲਹਿੰਦੇ ਵਲ ਨੂੰ ਚਾਰ ਕੁ ਕਿਲੋਮੀਟਰ ‘ਤੇ ਵਸਦੇ ਛੋਟੇ ਜਿਹੇ ਪਿੰਡ ਜ਼ੱਜਲ ਵਿਚ ਰਹਿੰਦਾ ਸੀ, ਤੇ ਜਿਸ ਨੇ ‘ਕੇਰਾਂ ਆਪਣੇ ਨਾਂ ਨਾਲ ‘ਪਾਗਲ’ ਦਾ ਤਖੱਲਸ ਵੀ ਜੋੜ ਲਿਆ ਸੀ। ਉਹੀ ਮੱਲ ਸਿੰਘ, ਜਿਸ ਨੂੰ ਮੇਰੇ ਜਿਹੇ ਤਾਂ ਜਮਾਂਦਰੂ ਕਲਾਕਾਰ ਸਮਝਦੇ ਰਹੇ, ਪਰ ਜੋ ਉਸ ਦੇ ਪੇਂਡੂ ਆਲੇ-ਦੁਆਲੇ ਲਈ ਝਲ-ਵਲੱਲੀਆਂ ਮਾਰਨ ਵਾਲਾ ਪਿੰਡ ਦੇ ਮਿਸਤਰੀਆਂ ਦਾ ਮੁੰਡਾ ਹੀ ਰਿਹਾ।

ਉਹੀ ਮੱਲ ਸਿੰਘ, ਜਿਸ ਦੀ ਖਰ੍ਹਵੀ ਵਿਦਵਤਾ ਦੇ ਕੀਲੇ ਹੋਏ ਮੇਰੇ ਕਈ ਪੱਤਰਕਾਰ ਦੋਸਤਾਂ ਲਈ ਉਸ ਨੂੰ ਮਿਲਣਾ ਤੇ ਉਸ ਦੀਆਂ ਬਾਟੀਆਂ ਵਿਚ ਗੁੜ ਦੀ ਚਾਹ ਪੀਣੀ ਲਾਜ਼ਮੀ ਹੋ ਗਈ ਸੀ। ਉਹੀ ਮਲਵਈ ਚਾਦਰੇ ਤੇ ਟੌਰਦਾਰ ਪੱਗ ਵਾਲਾ ਮੱਲ ਸਿੰਘ, ਜਿਸ ਨੂੰ ਸਿਰਫ ਦਸਵੀਂ ਪੜ੍ਹੇ ਹੋਣ ਦੇ ਬਾਵਜੂਦ ਪੰਜਾਬੀ-ਅੰਗਰੇਜ਼ੀ ਦੀਆਂ ਕਿਤਾਬਾਂ-ਰਸਾਲੇ ਪੜ੍ਹਨ ਦੀ ਕਦੇ ਨਾ ਮਿੱਟਣ ਦੀ ਭੁੱਖ ਲਗਦੀ ਸੀ।
ਭਾਵੇਂ ਪਹਿਲਾਂ ਮੱਲ ਸਿੰਘ ਨੇ ਹੀ ਮੈਨੂੰ ਲੱਭਿਆ ਸੀ, ਜਦੋਂ ਕਾਲਜ ਪੜ੍ਹਦਿਆਂ ਮੈਂ ਇਧਰ-ਉਧਰ ਛਪਣਾ ਸ਼ੁਰੂ ਹੋ ਗਿਆ ਸਾਂ, ਪਰ ਪਿਛੋਂ ਜਦੋਂ ਮੇਰਾ ਉਸ ਨਾਲ ਭਰਵਾਂ ਵਾਹ ਪਿਆ ਤਾਂ ਪਤਾ ਨਹੀਂ ਮੈਂ ਕਿਵੇਂ ਇਹ ਸੋਚ ਗਿਆ ਕਿ ਮੱਲ ਸਿੰਘ ਮੇਰਾ ਲਭਿਆ ਉਹ ਰੋਹੀ ਦਾ ਫੁੱਲ ਸੀ, ਜਿਸ ਦੀ ਗੱਲ ਕਦਰਦਾਨਾਂ ਵਿਚ ਚਲਾਉਣੀ ਮੇਰਾ ਧਰਮ ਸੀ। ਸ਼ਰਮਨਾਕ ਗੱਲ ਇਹ ਕਿ ਜ਼ਿੰਦਗੀ ਦੇ ਹੋਰ ਰੁਝੇਵਿਆਂ ਵਿਚ ਫਸਦਾ ਫਸਦਾ ਇਹ ‘ਧਰਮ’ ਵਾਲੀ ਗੱਲ ਮੈਂ ਭੁੱਲ ਹੀ ਗਿਆ।
ਪਿਛਲੇ ਕੁਝ ਸਾਲ ਮੇਰਾ ਮੱਲ ਸਿੰਘ ਨਾਲ ਕੋਈ ਵਾਸਤਾ ਹੀ ਨਹੀਂ ਸੀ ਰਿਹਾ। ਉਸ ਬਾਰੇ ਕੀਤੀ ਮੇਰੀ ਹਰੇਕ ਪੁੱਛ ਦੇ ਜੁਆਬ ਵਿਚ ਮੋਟੇ ਤੌਰ ‘ਤੇ ਇਹੀ ਸੁਣਨ ਨੂੰ ਮਿਲਦਾ ਰਿਹਾ, “ਉਹ ਤਾਂ ਜੀ ਬਸ ਰੁਲ ਗਿਆ, ਹੁਣ ਤਾਂ…।” ਪਰ ਜਿੰਨਾ ਚਿਰ ਮੇਰੇ ਪਿਤਾ ਜੀ ਤੇ ਬੇਜੀ ਜਿਉਂਦੇ ਸਨ, ਤਦ ਤਕ ਮੇਰੇ ਵਲੋਂ ਪਿੰਡ ਦਾ ਗੇੜਾ ਮਾਰਨ ਦੀ ਪੂਰੀ ਟੋਹ ਰਖਦਾ ਰਿਹਾ ਸੀ। ਪਿੰਡ ਜਾ ਕੇ ਹੋਰ ਗੱਲਾਂ ਤੋਂ ਇਲਾਵਾ ਮੈਨੂੰ ਪਿਤਾ ਜੀ-ਬੇਜੀ ਦੀ ਇਸ ਹਾਕ ਦੀ ਉਡੀਕ ਰਹਿੰਦੀ ਸੀ, “ਭਾਈ ਮੱਲ ਸਿੰਘ ਆਇਐ ਤੈਨੂੰ ਮਿਲਣ!” ਤੇ ਇਕਹਿਰੇ ਸਰੀਰ ਵਾਲਾ ਮੱਲ ਸਿੰਘ ਨੱਕ ਦੀ ਸੇਧੇ ਚਲਦਾ ਮੇਰੇ ਕੋਲ ਆ ਧਮਕਦਾ-ਧੌੜੀ ਦੀ ਨੋਕਾਂ ਵਾਲੀ ਜੁੱਤੀ, ਕੁਝ ਕੁ ਉੱਚਾ ਕਰਕੇ ਬੰਨ੍ਹਿਆ ਚਾਦਰਾ, ਟੌਰੇਦਾਰ ਪੱਗ ਤੇ ਦੇਸੀ ਝੋਲੇ ਵਿਚ ਤੂਸੇ ਕਾਗਜ਼, ਕਿਤਾਬਾਂ, ਰਸਾਲੇ।
ਆਉਣ ਸਾਰ ਗੱਲ ਉਹ ਇੰਜ ਸ਼ੁਰੂ ਕਰਦਾ, ਜਿਵੇਂ ਸੂਈ ਗਰਾਮੋਫੂਨ ਰਿਕਾਰਡ ਦੇ ਅੱਧ ਵਿਚਾਲਿਉਂ ਧਰੀ ਗਈ ਹੋਵੇ, “ਕੁਸ਼ ਨਹੀਂ ਕੀਤਾ ਉਨ੍ਹਾਂ ਨੇ…ਖਰੜਾ ਭੇਜੇ ਨੂੰ ਕਈ ਮਹੀਨੇ ਹੋ’ਗੇ…ਤੇਰੇ ਕਹਿਣ ਮੁਤਾਬਕ ਲਿਖ ਦਿੱਤਾ ਸੀ, ਉਨ੍ਹਾਂ ਨੂੰ ਵੀ ਪਰ…।”
ਕਿਉਂਕਿ ਉਸ ਨੇ ਪਿਤਾ-ਪੁਰਖੀ ਤਰਖਾਣੀ ਕਿਤਾ ਕਰਨ ਦੀ ਥਾਂ ਆਪਣੀ ਥੋੜ੍ਹੀ ਜਿਹੀ ਜ਼ਮੀਨ ਦੀ ਕਿਰਸਾਨੀ ਦੇ ਸਿਰ ‘ਤੇ ਗੁਜ਼ਾਰਾ ਚਲਾ ਕੇ ਲਿਖਣ ਦਾ ਸ਼ੌਕ ਪਾਲਣ ਨੂੰ ਚੁਣਿਆ ਸੀ, ਇਸ ਲਈ ਅਕਸਰ ਉਸ ਦੀ ਆਰਥਕਤਾ ਡੋਲਦੀ ਰਹਿੰਦੀ, ਪਰ ਇਨ੍ਹਾਂ ਸਾਰੀਆਂ ਔਕੜਾਂ ਦੇ ਬਾਵਜੂਦ ਉਹ ਏਨੀਆਂ ਲਿਖਣ ਯੋਜਨਾਵਾਂ ਨਾਲ ਭਰਿਆ ਹੁੰਦਾ ਕਿ ਇਨ੍ਹਾਂ ਨੂੰ ਮੇਰੇ ਨਾਲ ਸਾਂਝੀਆਂ ਕਰਨ ਦੀ ਤੀਬਰਤਾ ਵਿਚ ਸਾਡੀ ਮੁਲਾਕਾਤ ਦੇ ਪਹਿਲੇ ਕੁਝ ਮਿੰਟ ਤਾਂ ਉਹ ਇਨ੍ਹਾਂ ਦੇ ਉੱਘੜ-ਦੁਘੜ ਜੋੜੇ ਟੋਟਿਆਂ ਦਾ ਜਿਵੇਂ ਕੋਲਾਜ਼ ਪੇਸ਼ ਕਰਦਾ। ਅਜਿਹਾ ਕਰਕੇ ਉਹ ਆਪਣੀਆਂ ਯੋਜਨਾਵਾਂ ਬਾਰੇ ਜਾਣਨ ਲਈ, ਜਿਵੇਂ ਮੇਰੇ ਵਿਚ ਉਤਸੁਕਤਾ ਭਰਦਾ।
ਮੱਲ ਸਿੰਘ ਦੀਆਂ ਇਨ੍ਹਾਂ ਲਿਖਣ ਯੋਜਨਾਵਾਂ ਵਿਚ ਕਦੇ ਕਿਸੇ ਪੁਰਾਤਨ ਕਿੱਸੇ ਬਾਰੇ ਖੋਜ ਕਰਨ ਦਾ ਕੋਈ ਖਾਕਾ ਹੁੰਦਾ, ਕਦੇ ਮਲਵਈ ਬੋਲੀ ਦਾ ਸ਼ਬਦਕੋਸ਼ ਤਿਆਰ ਕਰਨ ਦੀ ਵਿਉਂਤ ਹੁੰਦੀ। ਜੇ ਕਦੇ ਤਾਜ਼ੇ ਲਿਖੇ ਛੰਦ-ਬੈਂਤ-ਗਜ਼ਲ ਹੁੰਦੇ ਤਾਂ ਵਾਰਿਸ ਸ਼ਾਹ ਦੀ ਹੀਰ ਦੇ ਲਿਖੇ ਜਾ ਰਹੇ ਸ਼ਬਦਕੋਸ਼ ਦੇ ਕੁਝ ਨਵੇਂ ਇੰਦਰਾਜ਼ ਵੀ ਹੁੰਦੇ। ਉਸ ਕੋਲ ਸਾਹਿਤ ਬਾਰੇ, ਸਾਹਿਤਕ ਸੰਸਥਾਵਾਂ ਦੇ ਕੰਮਕਾਜ ਬਾਰੇ, ਸਾਹਿਤਕ ਖੋਜੀਆਂ ਦੇ ਦਾਅਵਿਆਂ ਬਾਰੇ ਬੇਅੰਤ ਸੁਆਲ ਤੇ ਬੇਅੰਤ ਸ਼ੱਕ ਹੁੰਦੇ। ਇਨ੍ਹਾਂ ਦਾ ਬਿਨਾ ਲਗ-ਲਪੇਟ ਦੇ ਜ਼ਿਕਰ ਕਰਦਿਆਂ ਉਸ ਦੀ ਅਵਾਜ਼ ਪੈਰੋ-ਪੈਰ ਉਚੀ ਹੁੰਦੀ ਜਾਂਦੀ ਤੇ ਅੰਤ ਕੌੜੀ ਹੋ ਜਾਂਦੀ। ਚਿਹਰਾ ਦਗਣ ਲਗਦਾ, ਪਰ ਉਹ ਆਪਣੀ ਚਲ ਰਹੀ ਗੱਲ ਦੀ ਇਕਾਗਰਤਾ ਨਹੀਂ ਸੀ ਉਖੜਨ ਦਿੰਦਾ।
ਮਾਲਵੇ ਦੇ ਪ੍ਰਸਿੱਧ ਕਿੱਸਾਕਾਰ ਸਾਧੂ ਸੱਦਾ ਰਾਮ ਬਾਰੇ ਕੀਤੇ ਮੱਲ ਸਿੰਘ ਦੇ ਕੰਮ ਨੂੰ ਪੰਜਾਬੀ ਯੂਨੀਵਰਸਿਟੀ ਦੇ ਲਿਟਰੇਰੀ ਸਟੱਡੀਜ਼ ਵਿਭਾਗ ਨੇ ਦਰਜਨਾਂ ਚਿੱਠੀਆਂ ਤੇ ਗੇੜਿਆਂ ਦੇ ਬਾਵਜੂਦ ਗੌਲਿਆ ਹੀ ਨਹੀਂ ਸੀ। ਇਹ ਕੰਮ ਜੇ ਕਿਸੇ ਐਮ. ਏ. ਪਾਸ ਨੇ ਕੀਤਾ ਹੁੰਦਾ ਤਾਂ ਨਾ ਸਿਰਫ ਉਹ ਪੀਐਚ. ਡੀ. ਕਰ ਗਿਆ ਹੁੰਦਾ, ਸਗੋਂ ਕਿਸੇ ਯੂਨੀਵਰਸਿਟੀ ਵਿਚ ਨੌਕਰੀ ਦਾ ਹੱਕਦਾਰ ਵੀ ਬਣ ਗਿਆ ਹੁੰਦਾ। (ਅਜਿਹਾ ਹੋ ਤਾਂ ਹੁਣ ਵੀ ਸਕਦਾ ਹੈ, ਬਸ਼ਰਤੇ ਵਿਭਾਗ ਦੀਆਂ ਫਾਈਲਾਂ ਵਿਚ ਦੱਬਿਆ ਮੱਲ ਸਿੰਘ ਦੇ ਖੋਜ ਕਾਰਜ਼ ਦਾ ਖਰੜਾ ਜੇ ਕਿਸੇ ਚਾਲੂ ਖੋਜੀ ਜਾਂ ਗਾਈਡ ਦੇ ਹੱਥ ਲੱਗ ਜਾਏ)। ਇਵੇਂ ਉਸ ਵਲੋਂ ਪੇਸ਼ ਕੀਤੇ ਗਏ ਵਰਿਸ ਸ਼ਾਹ ਦੀ ਹੀਰ ਦੇ ਸ਼ਬਦਕੋਸ਼ ਤਿਆਰ ਕਰਨ ਦੀ ਯੋਜਨਾ ਵੀ ਭਾਸ਼ਾ ਵਿਭਾਗ ਨੇ ਫਾਈਲਾਂ ਵਿਚ ਹੀ ਰੋਲ ਦਿੱਤੀ, ਪਰ ਮੱਲ ਸਿੰਘ ਆਪਣੇ ਨਾਂ ਦੇ ਅਰਥਾਂ ਅਨੁਸਾਰ ਆਪਣੇ ਵਿਊਂਤੇ ਕਾਰਜ ਪੂਰੇ ਕਰਨ ਲਈ ਆਪ ਹੀ ਸਾਹਿਤਕ ਮੱਲ ਬਣਿਆ ਧਰਤੀ ਪਕੜ ਕੇ ਜ਼ੋਰ ਕਰਦਾ ਰਿਹਾ।
ਮੱਲ ਸਿੰਘ ਦੇ ਅੰਦਰਲੀ ਜਮਾਂਦਰੂ ਖੋਜੀ ਵਾਲੀ ਚੇਟਕ ਦੀ ਭਿੰਨਤਾ ਵੀ ਕਮਾਲ ਦੀ ਸੀ। ਉਸ ਦੇ ਘਰ ਉਪਰੋਥਲੀ ਦੋ ਬੇਟੀਆਂ ਦੇ ਜਨਮ ਲੈਣ ਕਾਰਨ ਉਸ ਤੇ ਬੇਟਾ ਪੈਦਾ ਕਰਨ ਲਈ ਪਏ ਪਰਿਵਾਰਕ ਦਬਾਓ ਨੇ ਮਨੁੱਖੀ ਗਰਭ ਗਿਆਨ ਵਲ ਅਜਿਹਾ ਪ੍ਰੇਰਿਆ ਕਿ ਉਹ ਇਸ ਵਿਸ਼ੇ ਦੇ ਵੀ ਡੂੰਘੇ ਅਧਿਆਨ ਵਿਚ ਉਤਰ ਗਿਆ। ਰੌਚਕ ਗੱਲ ਇਹ ਕਿ ਇਸ ਦੇ ਫਲਸਰੂਪ ਨਾ ਸਿਰਫ ਬਿਨਾ ਕਿਸੇ ਓਹੜ-ਪੋਹੜ ਦੇ ਉਹ ਆਪ ਬੇਟਾ ਪੈਦਾ ਕਰਨ ਵਿਚ ਕਾਮਯਾਬ ਹੋ ਗਿਆ, ਸਗੋਂ ਇਸ ਮੁੱਦੇ ‘ਤੇ ਆਮ ਲੋਕਾਂ ਲਈ ਇਕ ਤਰਕਸ਼ੀਲ ਕਿਤਾਬ ਲਿਖਣ ਦਾ ਬੀੜਾ ਵੀ ਉਸ ਨੇ ਚੁੱਕ ਲਿਆ ਸੀ।
ਉਂਜ ਇਸ ਪਿਛੋਂ ਮੱਲ ਸਿੰਘ ਦੀ ਕਬੀਲਦਾਰੀ ਉਲਝਦੀ ਚਲੀ ਗਈ। ਮੇਰੇ ਵਰਗੇ ਦੀਆਂ ਸੱਚੀਆਂ ਸਿਫਾਰਸ਼ਾਂ ਨੇ ਵੀ ਉਸ ਦਾ ਸੁੱਕਾ ਹੌਸਲਾ ਬੰਨ੍ਹਾਉਣ ਤੋਂ ਸਿਵਾ ਕੁਝ ਨਾ ਸੰਵਾਰਿਆ।
ਉਹ ਜਦੋਂ ਕਦੇ ਵੀ ਮੈਨੂੰ ਮਿਲਦਾ ਤਾਂ ਹਸਬੇ ਦਸਤੂਰ ਉਸ ਦੀਆਂ ਖੋਜ ਯੋਜਨਾਵਾਂ ਦਾ ਕੋਲਾਜ਼ ਸੁਣਨ ਉਪਰੰਤ ਮਨ ਗਿਲਾਨੀ ਨਾਲ ਭਰ ਜਾਂਦਾ। ਮਨ ਕਹਿੰਦਾ ਕਿ ਮੱਲ ਸਿੰਘ ਨੂੰ ਸਿੱਧੇ ਸਪਾਟ ਸ਼ਬਦਾਂ ਵਿਚ ਮੈਂ ਕਿਉਂ ਨਹੀਂ ਦਸ ਦਿੰਦਾ ਕਿ ਅਜੋਕਾ ਸਿਸਟਮ ਸਾਹਿਤ-ਕਲਾ ਦੀਆਂ ਗਲੈਮਰਜ਼ ਕੁਸ਼ਤੀਆਂ ਦਾ ਜੋ ਡਬਲਿਯੂ. ਡਬਲਿਯੂ. ਐਫ਼ ਚਲਾ ਰਿਹਾ ਹੈ, ਉਸ ਵਿਚ ਮੱਲ ਸਿੰਘ ਜਿਹੇ ਦੇਸੀ ਮੱਲਾਂ ਨੂੰ ਸ਼ਾਮਲ ਕੀਤੇ ਜਾਣ ਦਾ ਮੂਲੋਂ ਕੋਈ ਸਕੋਪ ਨਹੀਂ। ਪਰ ਨਾਲ ਹੀ ਜਾਪਣ ਲਗਦਾ ਕਿ ਇੰਜ ਕਰਕੇ ਨਾ ਸਿਰਫ ਮੈਂ ਉਸ ਦਾ ਹੌਸਲਾ ਤੋੜ ਦੇਵਾਂਗਾ, ਸਗੋਂ ਉਸ ਕੋਲੋਂ ਉਸ ਦੇ ਜਿਉਣ ਦੇ ਅਰਥ ਵੀ ਖੋਹ ਲਵਾਂਗਾ। ਸੋ ਮੱਲ ਸਿੰਘ ਆਪਣੀ ਧੁਨ ਵਿਚ ਰਮਿਆ, ਨਾ ਢਹਿਣ ਦੀ ਜ਼ਿਦ ਫੜੀ ਧਰਤੀ ਪਕੜ ਕੇ ਘੁਲਦਾ ਰਿਹਾ, ਲਿਖਦਾ ਰਿਹਾ, ਯੂਨੀਵਰਸਿਟੀ ਤੇ ਭਾਸ਼ਾ ਵਿਭਾਗ ਦੇ ਗੇੜੇ ਮਾਰਦਾ ਰਿਹਾ।
ਇਸੇ ਦੌਰਾਨ ਪਤਾ ਲੱਗਾ ਕਿ ਉਸ ਦਾ ਐਕਸੀਡੈਂਟ ਹੋ ਗਿਆ ਸੀ। ਗੁਆਂਢੀ ਪਿੰਡ ਲਾਲੇਆਣਾ ਤੋਂ ਬੱਸ ਦੀ ਛੱਤ ‘ਤੇ ਬਹਿ ਕੇ ਆ ਰਿਹਾ ਸੀ ਕਿ ਸੜਕ ਤੋਂ ਲੰਘਦੀਆਂ ਨੀਵੀਂਆਂ ਤਾਰਾਂ ਵਿਚ ਸਿਰ ਫਸ ਗਿਆ ਸੀ।
ਇਸ ਹਾਦਸੇ ਪਿਛੋਂ ਉਸ ਨਾਲ ਮੇਰੀ ਇਕੋ ਆਖਰੀ ਮੁਲਾਕਾਤ ਹੋਈ, ਕਿਉਂਕਿ ਤਦ ਤਕ ਸਾਡੇ ਘਰ ਉਸ ਦੇ ਆਉਣ ਦੀ ਖਬਰ ‘ਭਾਈ ਮੱਲ ਸਿੰਘ ਆਇਐ ਤੈਨੂੰ ਮਿਲਣ’ ਕਹਿ ਕੇ ਦੇਣ ਵਾਲੇ ਮੇਰੇ ਮਾਪੇ ਵੀ ਤੁਰ ਗਏ ਸਨ, ਇਸ ਲਈ ਘਰ ਵਿਚਲੇ ਇਕੱਠ ਵਿਚੋਂ ਦੀ ਪੁੱਛਦਾ-ਪੁਛਾਉਂਦਾ ਉਹ ਮੇਰੇ ਤਕ ਪਹੁੰਚਿਆ ਸੀ। ਕੁਝ ਚਿਰ ਇਧਰ-ਓਧਰ ਡੌਰ-ਭਉਰਾ ਜਿਹਾ ਵੇਖਣ ਪਿਛੋਂ ਉਸ ਦਸਿਆ ਕਿ ਐਕਸੀਡੈਂਟ ਨਾਲ ਉਸ ਦੇ ਸਿਰ ਨੂੰ ਗਹਿਰੀ ਚੋਟ ਪਹੁੰਚੀ ਸੀ, ਜਿਸ ਦੇ ਨਾਲ ਉਸ ਦੇ ਦਿਮਾਗ ਵਿਚ ਨੁਕਸ ਪੈ ਗਿਆ ਸੀ।
ਫਿਰ ਉਸ ਦੀਆਂ ਗੱਲਾਂ ਦੀ ਰਫਤਾਰ ਤੇਜ਼ ਤੇ ਅਵਾਜ਼ ਉਚੀ ਹੁੰਦੀ ਗਈ, ਜਿਵੇਂ ਪੀਟਰ ਇੰਜਣ ਦਾ ਗਵਰਨਰ ਖੁੱਲ੍ਹ ਗਿਆ ਹੋਵੇ। ਪਹਿਲਾਂ ਦੇ ਉਲਟ ਹੁਣ ਉਸ ਦੀਆਂ ਗੱਲਾਂ ਵਿਚੋਂ ਤਰਤੀਬ ਗਾਇਬ ਹੋ ਗਈ ਸੀ। ਆਪਣੀਆਂ ਲਿਖਣ ਯੋਜਨਾਵਾਂ ਦਾ ਪਹਿਲਾਂ ਵਾਂਗ ਕੋਲਾਜ਼ ਪੇਸ਼ ਕਰਨ ਦੀ ਥਾਂ ਹੁਣ ਉਸ ਦੇ ਮੂੰਹੋਂ ਸ਼ਬਦਾਂ ਦਾ ਕਚਰਾ ਡਿੱਗ ਰਿਹਾ ਸੀ…।
(‘ਸਾਹਿਬਾਂ ਦੀ ਦੋਚਿੱਤੀ’ ਵਿਚੋਂ)