ਖੇਡਣ ਦਾ ਦਸਤੂਰ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਿਰਿਆਵਾਂ ਦੀਆਂ ਕਿਰਨਾਂ ਬਿਖੇਰਦਿਆਂ ਵਿਚਾਰਾਂ ਦੀ ਸਾਂਝ ਪਾਈ ਸੀ ਕਿ ਕਿਰਿਆ ਤੋਂ ਪਤਾ ਲਗਦਾ ਕਿ ਕਹਿਣੀ ਤੇ ਕਰਨੀ ਵਿਚ ਕੀ ਅੰਤਰ ਹੈ

ਅਤੇ ਇਸ ਨੂੰ ਮਿਟਾਉਣ ਲਈ ਕਿਹੜੇ ਉਚੇਚ ਕਰਨੇ ਚਾਹੀਦੇ? ਉਨ੍ਹਾਂ ਕਿਹਾ ਸੀ, “ਸਭ ਤੋਂ ਉਤਮ ਕਿਰਿਆ ਹੈ-ਖੁਦ ਨੂੰ ਜਗਾਉਣਾ, ਅੰਤਰੀਵ ‘ਚ ਝਾਤ ਪਾਉਣਾ, ਇਸ ‘ਤੇ ਜੰਮੀ ਹੋਈ ਮੈਲ ਨੂੰ ਲਾਹੁਣਾ, ਆਪਣੀਆਂ ਨਾਕਾਮੀਆਂ, ਕਮੀਆਂ, ਕੁਤਾਹੀਆਂ ਜਾਂ ਕਮੀਨਗੀਆਂ ਨੂੰ ਪਛਾਣਨਾ ਅਤੇ ਇਨ੍ਹਾਂ ਨੂੰ ਦੂਰ ਕਰਕੇ ਪਰਮ ਮਨੁੱਖ ਬਣਨ ਦਾ ਸਫਰ ਜਾਰੀ ਰੱਖਣਾ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਖੇਡਣ ਦੇ ਦਸਤੂਰ ਦੱਸੇ ਹਨ ਕਿ ਜਿੱਤ ਕਦੇ ਵੀ ਸਿਰ ਨੂੰ ਨਾ ਚੜ੍ਹੇ ਅਤੇ ਹਾਰ ਕਦੇ ਵੀ ਨਿਰਾਸ਼ਾ ਜਾਂ ਉਦਾਸੀ ਦੇ ਆਲਮ ਨੂੰ ਤਾਰੀ ਨਾ ਹੋਣ ਦੇਵੇ। ਸਗੋਂ ਜਿੱਤ ਨਵੇਂ ਦਿਸਹੱਦਿਆਂ ਦੀ ਪ੍ਰਾਪਤੀ ਲਈ ਵੰਗਾਰਦੀ ਰਹੇ, ਜਦੋਂ ਕਿ ਹਾਰਨਾ, ਹੋਰ ਮਿਹਨਤ ਤੇ ਤਾਕਤ ਨਾਲ ਹਾਰਾਂ ਨੂੰ ਜਿੱਤਾਂ ਵਿਚ ਬਦਲਣ ਦਾ ਨਾਮ। ਉਹ ਕਹਿੰਦੇ ਹਨ, “ਖੇਡਣਾ ਸਿਰਫ ਧਨ, ਦੌਲਤ, ਸ਼ੁਹਰਤ ਅਤੇ ਰੁਤਬਿਆਂ ਤੋਂ ਇਲਾਵਾ ਅੰਦਰਲੀ ਖੁਸ਼ੀ ਤੇ ਸਕੂਨ ਲਈ ਵੀ ਹੁੰਦਾ, ਕਿਉਂਕਿ ਸਭ ਤੋਂ ਵੱਡਾ ਖਜਾਨਾ ਤਾਂ ਅੰਤਰੀਵੀ ਖੁਸ਼ੀ ਹੀ ਹੁੰਦੀ। ਇਹ ਅਤੋਲਵੀਂ ਤੇ ਅਮੁੱਲ ਹੁੰਦੀ।” ਡਾ. ਭੰਡਾਲ ਅਨੁਸਾਰ, “ਖੇਡਿਆ ਸਿਰਫ ਖੇਡ ਮੈਦਾਨ ਵਿਚ ਹੀ ਨਹੀਂ ਜਾਂਦਾ, ਜਦ ਕੋਈ ਆਮ ਮਨੁੱਖ ਦਾ ਸ਼ੋਸ਼ਣ ਕਰਦਾ, ਧਾਰਮਿਕ ਭਾਵਨਾਵਾਂ ਨਾਲ ਖੇਡਦਾ ਜਾਂ ਜਾਤੀ-ਮੂਲਕ ਧਾਰਨਾਵਾਂ ਨੂੰ ਭੜਕਾ ਕੇ ਨਿੱਜੀ ਮੁਫਾਦ ਦੀ ਪੂਰਤੀ ਕਰਦਾ ਤਾਂ ਖੇਡ ਵਿਚੋਂ ਕੋਫਤ ਆਉਂਦੀ।” ਉਨ੍ਹਾਂ ਦੀ ਨਸੀਹਤ ਹੈ ਕਿ ਕਦੇ ਵੀ ਕਿਸੇ ਹਾਮੀ ਭਰਨ ਵਾਲੇ ਹਮਦਰਦ ਦੀਆਂ ਭਾਵਨਾਵਾਂ ਨਾਲ ਨਾ ਖੇਡੋ, ਕਿਉਂਕਿ ਭਲੇ ਹੀ ਤੁਸੀਂ ਜਿੱਤ ਜਾਵੋ, ਪਰ ਤੁਸੀਂ ਇਕ ਹਮਦਰਦ ਨੂੰ ਸਦਾ ਲਈ ਗਵਾ ਲੈਂਦੇ ਹੋ। ਇਹ ਜਿੱਤਣਾ, ਹਾਰਨ ਨਾਲੋਂ ਮਾੜਾ ਹੁੰਦਾ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਖੇਡਣਾ, ਸਰੀਰਕ ਤੇ ਮਾਨਸਿਕ ਕਿਰਿਆ। ਅੰਦਰੂਨੀ ਵੀ ਹੁੰਦੀ ਤੇ ਬਾਹਰੀ ਵੀ। ‘ਕੱਲਿਆਂ ਵੀ ਖੇਡਣਾ ਹੁੰਦਾ ਤੇ ਸਾਥੀਆਂ ਨਾਲ ਵੀ। ਇਕਹਿਰੀ ਗੇਮ ਦੇ ਰੂਪ ਵਿਚ ਵੀ ਤੇ ਬਹੁਤਾਤ ਵਿਚ ਵੀ।
ਖੇਡਣਾ ਹਾਂ-ਪੱਖੀ-ਕਿਰਿਆ। ਮਨੁੱਖੀ ਊਰਜਾ ਨੂੰ ਸਹੀ ਪਾਸੇ ਲਾਉਣਾ। ਆਪਣੀਆਂ ਤਰਜੀਹਾਂ ਦੀ ਸੁਨਿਸ਼ਚਤਾ ਵਿਚ ਸੁੰਦਰ ਅਰਥ ਉਪਜਾਉਣਾ ਅਤੇ ਇਸ ਨੂੰ ਜੀਵਨ ਦੀ ਸਾਰਥਕਤਾ ਬਣਾਉਣਾ।
ਖੇਡਣਾ, ਸਰੀਰਕ ਤੰਦਰੁਸਤੀ ਤੇ ਅੰਗਾਂ ਦੀ ਚੁਸਤੀ ਦਾ ਰਾਜ਼। ਸਰਬ-ਮੁਖੀ ਵਿਕਸਣੀ ਦਾ ਆਧਾਰ ਅਤੇ ਸਰੀਰਕ ਦਿੱਖ ਨੂੰ ਚਾਰ ਚੰਨ ਲਾਉਣ ਦਾ ਆਹਰ।
ਖੇਡਣਾ, ਬਿਮਾਰੀਆਂ ਤੋਂ ਨਿਜ਼ਾਤ, ਸਰੀਰਕ ਤੇ ਮਾਨਸਿਕ ਅਲਾਮਤਾਂ ਤੋਂ ਰਾਹਤ ਅਤੇ ਅਣਚਾਹੀਆਂ ਪੀੜਾਂ ਤੇ ਦਰਦਾਂ ਤੋਂ ਸੁਖਨ-ਸਕੂਨ ਦੀ ਚਾਹਤ। ਖੇਡਣਾ, ਅੰਦਰਲੀ ਸੋਚ-ਪ੍ਰਵਾਹ, ਕੁਝ ਕਰਨ ਦਾ ਚਾਅ ਅਤੇ ਅਜਿਹਾ ਜੀਵਨ-ਰਾਹ ਕਿ ਜੀਵਨੀ ਭਟਕਣਾਂ ‘ਚ ਭੁੱਲਿਆਂ ਨੂੰ ਮਿਲਦਾ ਏ ਕੁਝ ਸਾਹ।
ਖੇਡਣਾ, ਨਰੋਏ ਅੰਗਾਂ ਦੀ ਪਛਾਣ, ਮੁੱਖ ‘ਤੇ ਸੁੰਦਰ ਆਭਾ ਭਕੁੰਨੀ ਸ਼ਾਨ, ਫੁਰਤੀਲੇਪਣ ਦਾ ਬਿੰਬ, ਉਮਰ ਦੀ ਪੜਾਅ ਨੂੰ ਪਿੱਛੇ ਛੱਡ ਆਉਣ ਦਾ ਸੰਦੇਸ਼। ਖੇਡਣਾ ਦਰਅਸਲ ਸਾਲਾਂ ਦੀ ਗਿਣਤੀ ਨੂੰ ਪੁੱਠਾ ਗੇੜ ਦੇਣ ਵਾਲਾ ਕਾਰਜ ਹੈ, ਜਿਸ ਨਾਲ ਬੀਤੇ ਪਲਾਂ ਦੀ ਉਮਰ ਲੰਮੇਰੀ ਕੀਤੀ ਜਾ ਸਕਦੀ ਅਤੇ ਆਪਣੇ ਵਿਚੋਂ ਹੀ ਇਕ ਨਵੇਂ ਮਨੁੱਖ ਨੂੰ ਜਨਮ ਦਿੱਤਾ ਜਾ ਸਕਦਾ।
ਖੇਡਣ ਤੋਂ ਨਾਬਰੀ, ਮਨੁੱਖ ਦੀ ਖੁਦ ਤੋਂ ਆਨਾ-ਕਾਨੀ। ਖੇਡਣ ਵਾਲੇ ਤਾਂ ਸਰੀਰਕ ਕਮਜ਼ੋਰੀਆਂ ਜਾਂ ਘਾਟਾਂ ਨੂੰ ਵੀ ਅਣਗੌਲਿਆ ਕਰ, ਖੇਡ-ਖੇਤਰ ਵਿਚ ਅਹਿਮ ਪ੍ਰਾਪਤੀਆਂ ਦਾ ਸਿਰਨਾਵਾਂ ਬਣਦੇ। ਇਸੇ ਲਈ ਸੰਸਾਰਕ ਪੱਧਰ ‘ਤੇ ਪੈਰਾ ਓਲੰਪਿਕ ਖੇਡਾਂ ਕਰਵਾਈਆਂ ਜਾਂਦੀਆਂ, ਜਿਸ ਵਿਚ ਸਰੀਰਕ ਅਪੰਗਤਾ ਨੂੰ ਦੁਰਕਾਰ ਕੇ ਨਵੇਂ ਕੀਰਤੀਮਾਨ ਸਥਾਪਤ ਹੁੰਦੇ।
ਖੇਡਣਾ, ਸਵੈ-ਵਿਸ਼ਵਾਸ ਦੀ ਨੀਂਹ, ਮਿਲਵਰਤਣ ਦਾ ਸਬਕ ਅਤੇ ਇਕ ਦੂਜੇ ‘ਤੇ ਨਿਰਭਰਤਾ ਨੂੰ ਅਪਨਾਉਣ ਤੇ ਨਿਭਾਉਣ ਲਈ ਸੂਖਮ ਵਿਧੀ ਨੂੰ ਸਿਰਜਣ ਦੀ ਅਜਿਹੀ ਪ੍ਰੀਕ੍ਰਿਆ ਹੈ ਕਿ ਮਨੁੱਖ ਅਚੇਤ ਰੂਪ ਵਿਚ ਇਨ੍ਹਾਂ ਗੁਣਾਂ ਨੂੰ ਗ੍ਰਹਿਣ ਕਰਦਾ ਹੈ।
ਖੇਡਣ ਵਿਚੋਂ ਹੀ ਸਿਰਜੀ ਜਾਂਦੀ ਏ ਸੰਪੂਰਨ ਮਨੁੱਖ ਦੀ ਕਾਮਨਾ, ਜੋ ਕੀਰਤੀ ਰਾਹੀਂ ਆਪਣੀ ਮੰਜ਼ਿਲ ਪ੍ਰਾਪਤ ਕਰਦੀ। ਖੇਡਣਾ, ਸਿਰਫ .ਨਿੱਜ ਲਈ ਹੀ ਨਹੀਂ ਹੁੰਦਾ। ਇਹ ਪਰਿਵਾਰ, ਸਮਾਜ, ਦੇਸ਼ ਜਾਂ ਕੌਮ ਲਈ ਵੀ ਹੁੰਦਾ ਤਾਂ ਹੀ ਵਧੀਆ ਖਿਡਾਰੀ ਕਿਸੇ ਵੀ ਦੇਸ਼ ਦਾ ਸੱਭ ਤੋਂ ਵੱਡਾ ਸਰਮਾਇਆ ਹੁੰਦੇ।
ਖੇਡਣ ਦੀ ਆਦਤ ਖੇਡ ਨੂੰ ਦੇਖ ਹੀ ਪੈਦਾ ਹੁੰਦੀ ਤਾਂ ਹੀ ਖਿਡਾਰੀ ਜਦ ਰੋਲ-ਮਾਡਲ ਬਣ ਕੇ ਕਿਸੇ ਜਵਾਨ ਮਨ ਵਿਚ ਆਪਣੀ ਥਾਂ ਨਿਸ਼ਚਿਤ ਕਰਦੇ ਤਾਂ ਉਹ ਵੀ ਖੇਡਣ ਵੰਨੀਂ ਰੁਚਿਤ ਹੁੰਦੇ ਅਤੇ ਨਵੀਆਂ ਬੁਲੰਦੀਆਂ ਪ੍ਰਾਪਤ ਕਰਦੇ।
ਖੇਡਣਾ ਸਿਰਫ ਧਨ, ਦੌਲਤ, ਸ਼ੁਹਰਤ ਅਤੇ ਰੁਤਬਿਆਂ ਤੋਂ ਇਲਾਵਾ ਅੰਦਰਲੀ ਖੁਸ਼ੀ ਤੇ ਸਕੂਨ ਲਈ ਵੀ ਹੁੰਦਾ, ਕਿਉਂਕਿ ਸਭ ਤੋਂ ਵੱਡਾ ਖਜਾਨਾ ਤਾਂ ਅੰਤਰੀਵੀ ਖੁਸ਼ੀ ਹੀ ਹੁੰਦੀ। ਇਹ ਅਤੋਲਵੀਂ ਤੇ ਅਮੁੱਲ ਹੁੰਦੀ।
ਖੇਡਣਾ ਕਈ ਵਾਰ ਖੁਦ ਲਈ ਹੁੰਦਾ, ਪਰ ਕਈ ਵਾਰ ਸਾਡੇ ਮਾਪੇ ਆਪਣੇ ਅਪੂਰਨ ਸੁਪਨਿਆਂ ਦੀ ਪੂਰਤੀ ਆਪਣੀ ਔਲਾਦ ਵਿਚੋਂ ਭਾਲਦਿਆਂ, ਖੇਡਾਂ ਲਈ ਪ੍ਰੇਰਿਤ ਕਰਦੇ ਅਤੇ ਫਿਰ ਬੱਚੇ, ਖੇਡ-ਅੰਬਰ ਦਾ ਤਾਰਾ ਬਣ ਕੇ ਮਾਪਿਆਂ ਦਾ ਨਾਮ ਚਮਕਾਉਂਦੇ।
ਖੇਡਣਾ ਇਕ ਕਲਾ। ਸਰੀਰਕ ਤਾਕਤ ਦੀ ਅਜਮਾਇਸ਼। ਮਨੁੱਖੀ ਸੋਚ ਵਿਚਲੀ ਸੰਤੁਲਤਾ ਦਾ ਸਫਲ ਪ੍ਰਦਰਸ਼ਨ। ਮਨੁੱਖੀ ਸਰੋਕਾਰਾਂ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦਾ ਸੂਖਮ ਕਾਰਜ।
ਖੇਡਣਾ ਹੀ ਸਿਖਾਉਂਦਾ ਕਿ ਕਿਵੇਂ ਹਾਰ ਕੇ ਵੀ ਮਨ ਵਿਚ ਜਿੱਤ ਦਾ ਅਹਿਸਾਸ ਉਪਜਾਉਣਾ? ਕਿਵੇਂ ਕਮੀਆਂ ਨੂੰ ਦੇਖਣਾ ਅਤੇ ਕਮਜੋ.ਰੀਆਂ ਤੇ ਘਾਟਾਂ ‘ਤੇ ਧਿਆਨ ਕੇਂਦ੍ਰਿਤ ਕਰਕੇ ਖੁਦ ਨੂੰ ਨਵੀਆਂ ਚੁਣੌਤੀਆਂ ਦੇ ਰੂਬਰੂ ਕਰਨਾ? ਕਿੰਜ ਜਿੱਤ ਕੇ ਵੀ ਨਿਮਰ ਰਹਿਣਾ ਅਤੇ ਹਾਰਿਆਂ ਨੂੰ ਗਲ ਨਾਲ ਲਾਉਣਾ?
ਖੇਡਣ ਦੀ ਸਭ ਤੋਂ ਵੱਡੀ ਨਸੀਹਤ ਹੈ ਕਿ ਜਿੱਤ ਕਦੇ ਵੀ ਸਿਰ ਨੂੰ ਨਾ ਚੜ੍ਹੇ ਅਤੇ ਹਾਰ ਕਦੇ ਵੀ ਨਿਰਾਸ਼ਾ ਜਾਂ ਉਦਾਸੀ ਦੇ ਆਲਮ ਨੂੰ ਤਾਰੀ ਨਾ ਹੋਣ ਦੇਵੇ। ਸਗੋਂ ਜਿੱਤ ਨਵੇਂ ਦਿਸਹੱਦਿਆਂ ਦੀ ਪ੍ਰਾਪਤੀ ਲਈ ਵੰਗਾਰਦੀ ਰਹੇ, ਜਦੋਂ ਕਿ ਹਾਰਨਾ, ਹੋਰ ਮਿਹਨਤ ਤੇ ਤਾਕਤ ਨਾਲ ਹਾਰਾਂ ਨੂੰ ਜਿੱਤਾਂ ਵਿਚ ਬਦਲਣ ਦਾ ਨਾਮ। ਹਾਰ, ਹਾਰ ਨਹੀਂ ਹੁੰਦੀ। ਮਨੁੱਖ ਸਿਰਫ ਉਦੋਂ ਹੀ ਹਾਰਦਾ, ਜਦ ਉਸ ਦਾ ਹੌਂਸਲਾ ਤੇ ਸਿਰੜ, ਮੁਕਾਬਲੇ ਦੇ ਹਾਣੀ ਨਹੀਂ ਹੁੰਦੇ। ਮਨੁੱਖ ਦੀ ਹੀ ਕੋਈ ਨਾ ਕੋਈ ਕਮਜ਼ੋਰੀ ਉਸ ਨੂੰ ਹਰਾਉਂਦੀ, ਜਦੋਂ ਕਿ ਕੋਈ ਨਾ ਕੋਈ ਗੁਣ ਉਸ ਨੂੰ ਜਿਤਾਉਂਦਾ।
ਖੇਡ ਵਿਚ ਬਹੁਤ ਕੁਝ ਅਣਕਿਆਸਿਆ ਵਾਪਰਦਾ, ਜਦੋਂ ਕੋਈ ਜਿੱਤਦੀ ਧਿਰ ਸਵੈ-ਗੁਮਾਨ ਕਾਰਨ ਹਾਰ ਜਾਂਦੀ ਅਤੇ ਹਾਰਨ ਵਾਲੀ ਧਿਰ ਸਬਰ ਅਤੇ ਸਿਦਕਦਿਲੀ ਨਾਲ ਜਿੱਤ ਨੂੰ ਆਪਣੇ ਨਾਮ ਕਰਦੀ।
ਖੇਡ ਨਾਲ ਬੰਦਾ ਆਪਣੇ ਆਪ ਨੂੰ ਅਨੁਸ਼ਾਸਤ ਕਰਦਾ। ਸਮੇਂ ਦਾ ਪਾਬੰਦ, ਸਾਥੀ ਖਿਡਾਰੀਆਂ/ਵਿਰੋਧੀਆਂ ਨਾਲ ਪੁਰ-ਸੁਖਾਵੇਂ ਸਬੰਧ, ਹਰੇਕ ਦਾ ਆਦਰ ਕਰਨਾ ਅਤੇ ਕਿਸੇ ਦੇ ਮਾਣ ਵਿਚੋਂ ਖੁਦ ਦੇ ਸਨਮਾਨ ਦਾ ਸ਼ਰਫ ਬਣਨਾ। ਇਹ ਮਾਣ-ਸਨਮਾਨ ਜਦੋਂ ਕੋਈ ਆਪਣੇ ਬਜੁਰਗ ਜਾਂ ਵਡੇਰੇ ਨੂੰ ਅਰਪਿੱਤ ਕਰਦਾ ਤਾਂ ਇਸ ਵਿਚੋਂ ਖਿਡਾਰੀ ਵਿਚਲੀ ਬੰਦਿਆਈ ਦੇ ਦਰਸ਼-ਦੀਦਾਰੇ ਹੁੰਦੇ।
ਖੇਡਣ ਨੂੰ ਖਬਤ ਬਣਾਉਣ ਵਾਲੇ ਲੋਕ ਹੀ ਗੁਰਜਾਂ, ਮੈਡਲਾਂ ਜਾਂ ਉਪਲਬਧੀਆਂ ਨੂੰ ਆਪਣੇ ਨਾਮ ਕਰਦੇ, ਜਿਨ੍ਹਾਂ ਦਾ ਤਸੱਵਰ ਉਨ੍ਹਾਂ ਦੀ ਚੇਤਨਾ ਵਿਚ ਕਿਸੇ ਨੇ ਗਾਹੇ-ਬਗਾਹੇ ਧਰਿਆ ਹੁੰਦਾ।
ਖੇਡਣਾ ਖਿਆਲ, ਖਚਤ ਅਤੇ ਖਬਤ ਹੁੰਦਾ, ਪਰ ਕਦੇ ਵੀ ਖਹਿਬੜਬਾਜ਼ੀ, ਖਿਲਵਾੜ ਜਾਂ ਖੇਹ ਉਡਾਉਣਾ ਨਹੀਂ ਹੁੰਦਾ। ਖੇਡਣ ਦੀ ਬਹੁਤ ਸਾਰੀਆਂ ਪਰਤਾਂ, ਰੂਪ ਜੋ ਦਿਸਦੇ ਜਾਂ ਅਦਿੱਖ। ਇਨ੍ਹਾਂ ਵਿਚੋਂ ਹੀ ਖੇਡਣ ਦੀ ਪ੍ਰੀਕ੍ਰਿਆ ਨੂੰ ਸਮਝਿਆ ਤੇ ਪਰਿਭਾਸ਼ਤ ਕੀਤਾ ਜਾ ਸਕਦਾ।
ਖੇਡਣਾ ਜਦ ਰੂਹ ਦੀ ਤਾਸੀਰ ਵਿਚ ਹੁੰਦਾ ਤਾਂ ਮਨੁੱਖ ਖੁਦ ਨੂੰ ਧਿਆਉਂਦਾ, ਸੋਚ-ਅੰਬਰਾਂ ਨੂੰ ਗਾਹੁੰਦਾ, ਸਰਬ-ਗੁਣੀ ਸ਼ਖਸੀ ਧਾਰਨਾ ਨੂੰ ਅੰਤਰ-ਆਤਮਾ ਵਿਚ ਟਿਕਾਉਂਦਾ, ਖੁਦ ਵਿਚੋਂ ਹੀ ਖੁਦ ਦੀ ਖੋਜ ਕਰ, ਖੁਦ ਨੂੰ ਨਵੇਂ ਰੂਪ ਵਿਚ ਸਮਾਜ ਤੇ ਪਰਿਵਾਰ ਸਾਹਵੇਂ ਪ੍ਰਗਟਾਉਂਦਾ।
ਖੇਡ ਜਦ ਕਿਸੇ ਘਿਨਾਉਣੀ ਚਾਲ ਦਾ ਸ਼ਿਕਾਰ ਹੋ ਜਾਵੇ ਤਾਂ ਅਲਾਮਤਾਂ ਵੀ ਪੈਦਾ ਕਰਦਾ। ਜਾਤੀ ਰੰਜਿਸ਼, ਮਿੱਥ ਕੇ ਹਾਰਨਾ/ਜਿੱਤਣਾ ਜਾਂ ਕਿਸੇ ਦੀ ਸਰੀਰਕ ਸੱਟ ਵਿਚੋਂ ਆਪਣੀ ਪ੍ਰਾਪਤੀ ਨੂੰ ਕਿਆਸਣਾ, ਸਭ ਤੋਂ ਵੱਡਾ ਗੁਨਾਹ।
ਖੇਡਿਆ ਸਿਰਫ ਖੇਡ-ਮੈਦਾਨ ਵਿਚ ਹੀ ਨਹੀਂ ਜਾਂਦਾ, ਜਦ ਕੋਈ ਆਮ ਮਨੁੱਖ ਦਾ ਸ਼ੋਸ਼ਣ ਕਰਦਾ, ਧਾਰਮਿਕ ਭਾਵਨਾਵਾਂ ਨਾਲ ਖੇਡਦਾ ਜਾਂ ਜਾਤੀ-ਮੂਲਕ ਧਾਰਨਾਵਾਂ ਨੂੰ ਭੜਕਾ ਕੇ ਨਿੱਜੀ ਮੁਫਾਦ ਦੀ ਪੂਰਤੀ ਕਰਦਾ ਤਾਂ ਖੇਡ ਵਿਚੋਂ ਕੋਫਤ ਆਉਂਦੀ।
ਜਦ ਬੱਚੇ ਦੀ ਮਾਸੂਮੀਅਤ ਤੇ ਕੋਮਲ ਅਹਿਸਾਸਾਂ ਨਾਲ ਖੇਡਦਿਆਂ ਉਸ ਦਾ ਮਾਨਸਿਕ, ਸਰੀਰਕ ਤੇ ਭਾਵਨਾਤਮਕ ਸ਼ੋਸ਼ਣ ਕੀਤਾ ਜਾਂਦਾ ਤਾਂ ਰੋਂਦੇ ਬਚਪਨੇ ਨੂੰ ਵਰਾਉਣਾ ਬਹੁਤ ਔਖਾ ਹੁੰਦਾ। ਬਚਪਨੇ ਦੇ ਅੰਤਰੀਵ ‘ਚ ਪਈਆਂ ਝਰੀਟਾਂ ਦੇ ਦਾਗ ਕਦੇ ਨਹੀਂ ਮਿੱਟਦੇ।
ਜਦ ਕਿਸੇ ਅਬਲਾ ਦੀ ਚੁੰਨੀ ਨੂੰ ਹਵਾ ‘ਚ ਉਛਾਲ ਕੇ, ਜਿਸਮ ਨਾਲ ਖੇਡਿਆ ਜਾਂਦਾ, ਅਜ਼ਮਤ ਨੂੰ ਲੀਰੋ-ਲੀਰ ਕੀਤਾ ਜਾਂਦਾ, ਸਿਰ ਦੇ ਸੰਧੂਰ ਨੂੰ ਮਿਟਾਇਆ ਜਾਂਦਾ ਜਾਂ ਟੁੱਟੇ ਕਲੀਰਿਆਂ ‘ਤੇ ਹਿੱਚਕੀ ਦੀ ਮਹਿੰਦੀ ਲਾਈ ਜਾਂਦੀ ਤਾਂ ਫਿਜ਼ਾ ਵਿਚ ਪੈਦਾ ਹੋਇਆ ਕਚਿਆਣ ਤੇ ਕਰੋਧ ਸਮੁੱਚੀ ਮਨੁੱਖੀ ਜਾਤੀ ਲਈ ਕਲੰਕ ਬਣਦਾ।
ਜਦ ਕੋਈ ਪਾਖੰਡੀ ਆਪਣੇ ਸ਼ਰਧਾਲੂਆਂ ਨੂੰ ਮਾਨਸਿਕ ਤੌਰ ‘ਤੇ ਅਗਵਾ ਕਰ, ਉਨ੍ਹਾਂ ਦੀ ਆਸਥਾ ਨਾਲ ਖੇਡਦਾ, ਸੱਚੀਆਂ-ਸੁੱਚੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਾ ਅਤੇ ਅਕੀਦਤ ਨੂੰ ਅਡੰਬਰਤਾ ਬਣਾਉਂਦਾ ਤਾਂ ਮਨੁੱਖਤਾ ਜ਼ਾਰੋ-ਜ਼ਾਰ ਰੋਂਦੀ। ਅਜਿਹੀ ਕਰਤੂਤੀ ਖੇਡ ਨੂੰ ਕਿਹੜੀ ਖੇਡ ਕਹੋਗੇ, ਜਦ ਕੋਈ ਕਿਸੇ ਦੀ ਜਿਸਮਾਨੀ, ਮਾਨਸਿਕ ਅਤੇ ਆਤਮਕ ਕੰਗਾਲੀ ਦੀ ਕੁਲਹਿਣੀ ਰੰਗਤ ਨੂੰ, ਫਿੱਕੜੇ ਚੋਲੇ ਦਾ ਮਜੀਠੀ ਰੰਗ ਬਣਾਉਣ ਲਈ ਰੁਚਿਤ ਹੋ ਜਾਵੇ।
ਖੇਡ ਜਦ ਖਿਲਵਾੜ ਬਣਦੀ ਤਾਂ ਕਹਿਰ ਢਾਹੁੰਦੀ। ਅਜਿਹਾ ਹੀ ਪਾਲਣਹਾਰੀ ਕੁਦਰਤ ਦੀਆਂ ਨਿਹਮਤਾਂ ਨਾਲ ਖੇਡਣ ਵਾਲਿਆਂ ਨੇ ਕਾਇਨਾਤ ਵਿਚ ਅਸੰਤੁਲਨ ਪੈਦਾ ਕਰਕੇ ਕੀਤਾ ਹੈ, ਜਿਸ ਦਾ ਹਰਜਾਨਾ ਮਨੁੱਖ ਭੁਗਤ ਰਿਹਾ ਹੈ।
ਖੇਡਣਾ ਹੈ ਤਾਂ ਰੰਗਾਂ ਨਾਲ ਖੇਡੋ, ਜਿਸ ਵਿਚੋਂ ਉਪਜਦੀਆਂ ਨੇ ਕਲਾ-ਕਿਰਤਾਂ। ਮਿਹਨਤ ਨੂੰ ਪ੍ਰਾਪਤੀਆਂ ‘ਤੇ ਨਾਜ਼ ਹੁੰਦਾ। ਕਲਾ-ਕਿਰਤਾਂ ਦਰਸ਼ਕਾਂ ਲਈ ਸੁਖਨ, ਸਹਿਜ ਅਤੇ ਕਲਾ-ਬਿਰਤੀ ਦੇ ਰੱਜ ਦਾ ਪ੍ਰਤੀਕ ਹੁੰਦਾ।
ਖੇਡਣਾ ਹੈ ਤਾਂ ਖੇਡੋ ਹਰਫਾਂ ਨਾਲ। ਇਨ੍ਹਾਂ ਵਿਚ ਸਮੋਏ ਹੋਏ ਅਰਥਾਂ ਨਾਲ ਅਤੇ ਅਰਥਾਂ ਵਿਚੋਂ ਫੁੱਟਦੀਆਂ ਕਿਰਨਾਂ ਨਾਲ ਖੇਡੋ ਤਾਂ ਕਿ ਇਹ ਕਿਰਨਾਂ ਆਪਣੀ ਬੇਨਿਆਜ਼ੀ ਰਾਹੀਂ ਮਾਨਵ ਨੂੰ ਤਰਜੀਹਾਂ ਨਿਸ਼ਚਿਤ ਕਰਨ ਅਤੇ ਉਚਤਮ ਤਦਬੀਰਾਂ ਰਾਹੀਂ ਤਕਦੀਰ ਨੂੰ ਰੌਸ਼ਨ-ਰੰਗੀ ਬਣਾ ਸਕਣ। ਖੇਡਣਾ ਹੈ ਤਾਂ ਉਨ੍ਹਾਂ ਕਿਤਾਬਾਂ ਨੂੰ ਆਪਣੇ ਖੇਡ-ਆੜੀ ਬਣਾਓ, ਜਿਨ੍ਹਾਂ ਵਿਚੋਂ ਨਿਕਲਦੀ ਸ਼ਬਦ-ਜੋਤ ਆਲੇ-ਦੁਆਲੇ ਵਿਚ ਚਾਨਣ ਦਾ ਛਿੜਕਾਅ ਕਰੇ ਅਤੇ ਇਨ੍ਹਾਂ ਕਿਰਨਈ ਕ੍ਰਿਸ਼ਮਿਆਂ ਨੂੰ ਰੂਹ-ਰੇਜ਼ਤਾ ਦੇ ਨਾਮ ਕਰ, ਸਮਿਆਂ ਨੂੰ ਨਵੀਂ ਦਿੱਖ ਤੇ ਦ੍ਰਿਸ਼ਟੀ ਪ੍ਰਦਾਨ ਕਰੇ।
ਧਨ-ਦੌਲਤ ਵਿਚ ਖੇਡਣ ਵਾਲੇ ਜ਼ਿਆਦਾਤਰ ਲੋਕ ਮਾਨਵਤਾ ਦਾ ਮਰਸੀਆ ਪੜ੍ਹਦੇ। ਉਨ੍ਹਾਂ ਦੇ ਮਨਾਂ ਵਿਚ ਨਹੀਂ ਹੁੰਦਾ ਲੋਕਾਈ ਦਾ ਦਰਦ, ਸਿੰਮਦੀ ਨਹੀਂ ਅੱਖ ਕਿਸੇ ਦੀ ਪੀੜ ‘ਚ, ਪਸੀਜਦਾ ਨਹੀਂ ਮਨ ਕਿਸੇ ਦੀ ਅਣਿਆਈ ਮੌਤ ‘ਤੇ ਅਤੇ ਪੰਛੀ ਦੀ ਵਿਲਕਦੀ ਆਂਦਰ ਦਾ ਦੁੱਖ ਸਮਝਣ ਤੋਂ ਬੇਲਾਗ ਤੇ ਬੇਦਰਦ। ਲਾਹਨਤ ਹੈ ਅਜਿਹੀ ਖੇਡ-ਮਸਤੀ ‘ਤੇ ਜਾਂ ਜਦ ਤੁਹਾਡੇ ਵਿਚੋਂ ਮਨੁੱਖੀ ਭਾਵਨਾਵਾਂ ਦਾ ਮਾਤਮ ਹੁਆਂਕਦਾ ਹੋਵੇ।
ਖੇਡਣਾ ਸਿਰਫ ਖੇਡਣ ਲਈ ਹੀ ਨਹੀਂ ਹੁੰਦਾ। ਇਹ ਤਾਂ ਸਮੁੱਚ ਦਾ ਪ੍ਰਗਟਾਵਾ, ਸ਼ਖਸੀ ਬਿੰਬ, ਵਿਅਕਤੀਤਵ ਦਾ ਪ੍ਰਦਰਸ਼ਨ, ਵਿਰਾਸਤੀ ਦਿੱਖ ਅਤੇ ਜੜ੍ਹਾਂ ਦਾ ਝਲਕਾਰਾ। ਸੋ ਖੇਡਣ ਦੌਰਾਨ ਜਰੂਰੀ ਹੈ ਕਿ ਮਨੁੱਖ ਪਾਰਦਰਸ਼ੀ ਹੋਵੇ। ਉਸ ਵਿਚੋਂ ਉਹ ਮਨੁੱਖ ਹੀ ਨਜ਼ਰ ਆਵੇ, ਜੋ ਉਸ ਦੇ ਅੰਦਰ ਰੁਕਦਾ, ਦੌੜਦਾ, ਸੌਂਦਾ, ਜਾਗਦਾ, ਹੱਸਦਾ ਅਤੇ ਰੋਂਦਾ ਹੈ। ਖਾਂਦਾ, ਪੀਂਦਾ, ਥੀਂਦਾ ਤੇ ਜੀਂਦਾ ਹੈ। ਸਰਬਮੁਖੀ ਸੁੱਚਤਾ ਬਹੁਤ ਅਹਿਮ ਹੁੰਦੀ ਹੈ ਖੇਡ ਵਿਚ। ਭਾਵੇਂ ਉਹ ਆਪਣੇ ਬੱਚਿਆਂ ਨਾਲ ਬਚਪਨੀ ਖੇਡ ਹੋਵੇ, ਨਵ-ਵਿਆਹੇ ਜੋੜੇ ਦਾ ਕੰਗਣਾ ਖੇਡਣਾ ਹੋਵੇ, ਸਖੀਆਂ ਨਾਲ ਖੇਡਣਾ ਹੋਵੇ ਜਾਂ ਆਪਣੇ ਆਪ ਨਾਲ ਖੇਡਣਾ ਹੋਵੇ। ਕਿਸੇ ਵੀ ਖੇਡ ਵਿਚ ਜਰੂਰੀ ਹੁੰਦੀ ਹੈ-ਸਮਰਪਣ ਭਾਵਨਾ, ਸਿਦਕ-ਸਬੂਰੀ, ਸਿਰੜ-ਸਾਧਨਾ ਅਤੇ ਸਾਂਝੀਵਾਲਤਾ।
ਖੇਡਣਾ, ਮਨ ਦਾ ਅਭਿਆਸ। ਖੁੱਲ੍ਹੀ ਹਵਾ ਨੂੰ ਫੇਫੜਿਆਂ ‘ਚ ਭਰਨ ਦਾ ਰਿਆਜ਼। ਦਿਲ ਦੀਆਂ ਗੱਲਾਂ ਹਮਜੋਲੀਆਂ ਨਾਲ ਫਰੋਲਣਾ। ਕੁਝ ਸੋਚਣਾ, ਕੁਝ ਹੱਸਣਾ, ਕੁਝ ਯੋਜਨਾਬੰਦੀ। ਕਦੇ ਹਮਲਾਵਰ ਰੁੱਖ ਤੇ ਕਦੇ ਸੁਰੱਖਿਆ ਨੀਤੀ। ਕਦੇ ਕਾਹਲ ਤੇ ਕਦੇ ਠਹਿਰਾਅ। ਬਹੁਤ ਗੁਣ ਹੁੰਦੇ ਨੇ ਖਿਡਾਰੀ ਵਿਚ। ਸੁੱਚੇ-ਸੁੱਚੇ, ਨਿਮਰ ਤੇ ਮਾਸੂਮ ਅਤੇ ਪਾਕੀਜ਼ਗੀ ਵਿਚ ਰਮੇ। ਖੇਡ ਨੂੰ ਆਪਣਾ ਇਸ਼ਟ ਮੰਨਣ ਵਾਲੇ ਹੁੰਦੇ ਨੇ ਇਹ ਲੋਕ।
ਖੇਡਣ ਦੀ ਆਦਤ ਬਹੁਤ ਸਾਜ਼ਗਾਰ ਉਦਮ ਅਤੇ ਸਾਰਥਕ ਹੰਭਲਾ। ਇਸ ਵਿਚੋਂ ਹੀ ਅਸੀਮ ਸੰਭਾਵਨਾਵਾਂ, ਅਦਿੱਖ ਸਫਲਤਾਵਾਂ ਅਤੇ ਅਣਦੇਖੀਆਂ ਸਰੀਰਕ ਕਿਰਿਆਵਾਂ ਨੂੰ ਜੀਵਨ ਦਾ ਹਿੱਸਾ ਬਣਾ ਸਕਦੇ ਹਾਂ।
ਖੇਡਣਾ, ਜਰੂਰੀ ਅੰਗ ਹੈ ਸਰੀਰਕ ਕਿਰਿਆਵਾਂ ਦਾ। ਸਰੀਰ ਦੀ ਹੋਂਦ ਤੇ ਹਸਤੀ ਲਈ, ਨਿੱਗਰਤਾ ਤੇ ਨਰੋਏਪਣ ਲਈ, ਸਥਿਰ ਅਤੇ ਸਦੀਵੀ ਅਰੋਗਤਾ ਲਈ। ਜਵਾਨ ਰਹਿਣ ਲਈ ਉਮਰ ਨਹੀਂ, ਸਗੋਂ ਦਿਲ ਤੇ ਮਨ ਦਾ ਜਵਾਨ ਰਹਿਣਾ ਅਤੇ ਚੜ੍ਹਦੀ ਕਲਾ ਵਿਚ ਰਹਿਣਾ ਬਹੁਤ ਜਰੂਰੀ।
ਖੇਡਣਾ, ਉਮਰ ਦਾ ਮੁਥਾਜ਼ ਨਹੀਂ। ਕਿਸੇ ਵੀ ਉਮਰ ਵਿਚ ਕੋਈ ਵੀ ਖੇਡ ਸ਼ੁਰੂ ਕੀਤੀ ਜਾ ਸਕਦੀ, ਜੋ ਵਿਅਕਤੀ ਦੀ ਸਰੀਰਕ, ਮਾਨਸਿਕ ਅਤੇ ਆਤਮਿਕ ਲੋੜ ਅਨੁਸਾਰ ਹੋਵੇ। ਸਿਰਫ ਮਨ ਦੀਆਂ ਮੁਹਾਰਾਂ ਮੋੜਨ ਅਤੇ ਖਾਸ ਦਿਸ਼ਾ ਵੰਨੀਂ ਸੇਧਤ ਕਰਨ ਦੀ ਲੋੜ। ਕਿਸੇ ਵੀ ਸਮੇਂ ਵਿਚ ਕੁਝ ਪ੍ਰਾਪਤ ਕੀਤਾ ਜਾ ਸਕਦਾ ਅਤੇ ਅਪਹੁੰਚ ਪ੍ਰਾਪਤੀਆਂ ਨੂੰ ਆਪਣਾ ਹਾਸਲ ਬਣਾਇਆ ਜਾ ਸਕਦਾ। ਖੇਡਣ ਦੇ ਖਬਤ ਵਿਚੋਂ ਹੀ ਭਾਈ ਫੌਜਾ ਸਿੰਘ ਨੇ ਸੌ ਸਾਲ ਦੀ ਉਮਰ ਤੀਕ ਮੈਰਾਥਨ ਦੌੜ ਵਿਚ ਇਤਿਹਾਸ ਸਿਰਜਿਆ। ਉਸ ਨੇ ਦੌੜਨਾ ਹੀ 80 ਸਾਲ ਤੋਂ ਬਾਅਦ ਸ਼ੁਰੂ ਕੀਤਾ ਸੀ। ਬੀਬੀ ਮਾਨ ਕੌਰ ਨੂੰ ਵੀ ਇਸ ਸ਼੍ਰੇਣੀ ਵਿਚ ਸ਼ਾਮਲ ਹੈ। ਇਹ ਤਾਂ ਮਨ ਦੀ ਪਕਿਆਈ, ਇਰਾਦੇ ਵਿਚਲਾ ਹੱਠ ਅਤੇ ਕੁਝ ਕਰਨ ਦਾ ਜਨੂਨ ਹੁੰਦਾ, ਜੋ ਸਫਲਤਾ ਦਾ ਮੂਲ ਆਧਾਰ ਬਣਦਾ। ਹਿੰਮਤ ਸਾਹਵੇਂ ਸਭ ਫਿੱਕੀਆਂ ਪੈ ਜਾਂਦੀਆਂ ਨੇ ਮਸਨੂਈ ਦਲੀਲਾਂ, ਅਪੀਲਾਂ ਅਤੇ ਥੋਥੀਆਂ ਹਦਾਇਤਾਂ।
ਖੇਡੋ, ਖੁਦ ਦੀ ਸਮਰੱਥਾ, ਸਾਧਨਾ ਅਤੇ ਸਿਦਕ ਨਾਲ ਤਾਂ ਕਿ ਤੁਸੀਂ ਮਨ ਦੀ ਦ੍ਰਿੜਤਾ ਦੀਆਂ ਅਸੀਮਤ ਪਰਤਾਂ ਵਿਚੋਂ ਉਹ ਪਰਤ ਨੂੰ ਦਿਖਲਾ ਸਕੋ, ਜੋ ਅਜੇ ਤੀਕ ਸਮਾਜ ਦੇ ਸਾਹਮਣੇ ਨਹੀਂ ਆਈ। ਸਾਹਿਤਕ, ਖੋਜ, ਵਿਦਿਆ-ਪ੍ਰਾਪਤੀ, ਕਲਾ ਸਿੱਖਣ ਅਤੇ ਰਾਜਸੀ ਖੇਤਰ ਵਿਚ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਉਮਰ ਦੇ ਆਖਰੀ ਪੜਾਅ ‘ਤੇ ਨਵੀਂ ਬੁਲੰਦੀ ਹਾਸਲ ਕੀਤੀ।
ਖੇਡਣਾ ਜਦ ਸਵਾਂਗ ਬਣ ਕੇ ਭਗਤਾਂ ਨੂੰ ਆਪਣੇ ਇਸ਼ਾਰਿਆਂ ‘ਤੇ ਨਚਾਵੇ ਤਾਂ ਕਈ ਵਾਰ ਅਜਿਹੇ ਬਾਬਿਆਂ ਨੂੰ ਸਲਾਖਾਂ ਦੀ ਮਹਿਮਾਨ-ਨਿਵਾਜ਼ੀ ਵੀ ਨਸੀਬ ਹੁੰਦੀ।
ਖੇਡਣਾ ਬੱਚਿਆਂ ਲਈ ਸਭ ਤੋਂ ਵੱਡੀ ਇਨਾਇਤ ਤੇ ਪਾਠਸ਼ਾਲਾ। ਬਹੁਤ ਕੁਝ ਸਿੱਖਣ ਤੇ ਸਮਝਣ ਦਾ ਆਧਾਰ, ਜੋ ਦਿੰਦਾ ਏ ਉਨ੍ਹਾਂ ਦੇ ਵਿਅਕਤੀਤਵ ਨੂੰ ਵਿਸਥਾਰ। ਵਧੀਆ ਮਨੁੱਖ ਬਣਨ ਲਈ ਪਹਿਲੀ ਪੌੜੀ ਹੈ ਖੇਡਣਾ।
ਖੇਡ ਦਾ ਲੁਤਫ ਉਠਾਓ। ਜਿੱਤਣ ਜਾਂ ਹਾਰਨ ਦੀ ਪ੍ਰਵਾਹ ਨਾ ਕਰੋ, ਕਿਉਂਕਿ ਖੇਡਣਾ ਸਿਰਫ ਜਿੱਤਣਾ ਜਾਂ ਹਾਰਨਾ ਹੀ ਨਹੀਂ ਹੁੰਦਾ। ਇਸ ਤੋਂ ਇਲਾਵਾ ਵੀ ਬਹੁਤ ਕੁਝ ਝੋਲੀ ਵਿਚ ਪੈਂਦਾ ਹੈ, ਖੇਡਣ ਸਦਕਾ।
ਖੇਡ ਦੌਰਾਨ ਅਚੇਤ/ਸੁਚੇਤ ਰੂਪ ਵਿਚ ਬਹੁਤ ਸਾਰੀਆਂ ਘਤਿੱਤਾਂ, ਘਾੜਤਾਂ ਤੇ ਘੁਣਤਰਾਂ ਵੀ ਘੜੀਆਂ ਜਾਂਦੀਆਂ, ਜਿੱਤ ਨੂੰ ਸੁਨਿਸ਼ਚਿਤ ਕਰਨ ਲਈ; ਪਰ ਇਹ ਖੇਡ ਭਾਵਨਾ ਦੇ ਉਲਟ।
ਖੇਡਣਾ, ਖੁਦ ਨੂੰ ਭੁੱਲਣਾ, ਸਰੀਰਕ ਚੋਟਾਂ ਤੋਂ ਲਾਪ੍ਰਵਾਹੀ, ਬਿਹਤਰੀਨ ਪ੍ਰਦਰਸ਼ਨ ਲਈ ਹਰ ਸੰਭਵ ਕੋਸ਼ਿਸ਼ ਅਤੇ ਸਾਰੀ ਤਾਕਤ ਨੂੰ ਖੇਡ ਦੇ ਨਾਮ ਕਰਨਾ। ਕਿਸੇ ਸੰਕੋਚ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ।
ਸਮਾਂ ਜਰੂਰ ਕੱਢਣਾ ਪਾਲਤੂ ਜਾਨਵਰਾਂ ਜਾਂ ਪਰਿੰਦਿਆਂ ਨਾਲ ਖੇਡਣ ਲਈ, ਰਾਹਤ ਮਿਲੇਗੀ। ਸਾਰੇ ਦਿਨ ਦੀ ਥਕਾਵਟ ਲੱਥ ਜਾਵੇਗੀ ਅਤੇ ਤਰੋਤਾਜ਼ਾ ਹੋ ਨਵੀਂ ਅਰੰਭਤਾ ਕਰ ਸਕੋਗੇ। ਬੱਚਿਆਂ ਨਾਲ ਖੇਡ ਕੇ ਵਕਤ ਨੂੰ ਸਾਰਥਕ ਕਰੋ। ਬੱਚਿਆਂ ਨਾਲ ਮੋਹ ਦੀਆਂ ਤੰਦਾਂ ਮਜ਼ਬੂਤ ਹੋਣਗੀਆਂ। ਬੱਚਿਆਂ ਦੇ ਬਹੁਤ ਨਜ਼ਦੀਕ ਹੋ ਕੇ ਉਨ੍ਹਾਂ ਦੀ ਮਾਨਸਿਕਤਾ ਪੜ੍ਹ ਸਕੋਗੇ। ਤਿਤਲੀਆਂ ਨਾਲ ਖੇਡਦੇ ਬੱਚਿਆਂ ਨੂੰ ਦੇਖਣਾ, ਉਨ੍ਹਾਂ ਦੀ ਬਚਪਨੀ ਬੇਪ੍ਰਵਾਹੀ, ਮੁਖੜੇ ‘ਤੇ ਖੇੜੇ ਤੇ ਖੁਸ਼ੀ ਦੀ ਆਭਾ, ਤੁਹਾਨੂੰ ਵੀ ਜਿਉਣ ਜੋਗਾ ਕਰ ਦੇਵੇਗੀ।
ਖੇਡਣ ਪ੍ਰਤੀ ਸੋਚਦਿਆਂ ਬਚਪਨੀ ਖਿੱਦੋਖੂੰਡੀ, ਖੁੱਤੀ, ਖੋ-ਖੋ ਨੂੰ ਯਾਦ ਕਰਨਾ। ਤੁਹਾਨੂੰ ਬਚਪਨੀ ਪਲਾਂ ਵਿਚ ਵਿਚਰ ਕੇ ਸਕੂਨ ਮਿਲੇਗਾ।
ਕਦੇ ਬੱਚਿਆਂ ਨੂੰ ਖਿਡੌਣਿਆਂ ਅਤੇ ਬੱਚੀਆਂ ਨੂੰ ਗੁੱਡੀਆਂ-ਪਟੋਲਿਆਂ ਨਾਲ ਖੇਡਦਿਆਂ, ਗੁੱਡੇ-ਗੁੱਡੀ ਦਾ ਵਿਆਹ ਰਚਾਉਂਦਿਆਂ ਦੇਖਣਾ, ਉਨ੍ਹਾਂ ਦੀ ਅਰਧ-ਚੇਤਨਾ ਵਿਚ ਆਪਣੇ ਭਵਿੱਖਤ ਜੀਵਨ ਦੀਆਂ ਬਹੁਤ ਸਾਰੀਆਂ ਤੰਦਾਂ ਦ੍ਰਿਸ਼ਟਮਾਨ ਹੋ ਜਾਣਗੀਆਂ। ਬੱਚੇ ਖਿਡੌਣਿਆਂ ਨਾਲ ਖੇਡਦਿਆਂ ਬਹੁਤ ਕੁਝ ਸਿੱਖਦੇ। ਪਿਆਰ ਦਾ ਅਨੁਭਵ, ਭਾਈਵਾਲਤਾ ਦੀ ਸੁਰ ਅਤੇ ਸੁਪਨਈ ਦੁਨੀਆਂ ਵਸਾਉਣ ਦਾ ਅਚੰਭਤ ਵਰਤਾਰਾ ਵੀ ਪੈਦਾ ਹੁੰਦਾ।
ਜੀਵਨ ਦੇ ਪੱਤੇ ਲੁਕੋ ਨੇ ਨਾ ਰੱਖੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਖੇਡੋ। ਅੱਖਾਂ ਖੋਲ ਕੇ ਅਤੇ ਸਮਝ ਕੇ ਤਾਂ ਇਸ ਦੁਨੀਆਂ ਦੇ ਨਾਂਵੇਂ ਨਰੋਈਆਂ ਪੈੜਾਂ ਦੇ ਹਸਤਾਖਰ ਕਰ ਸਕੋ।
ਕਦੇ ਵੀ ਕਿਸੇ ਹਾਮੀ ਭਰਨ ਵਾਲੇ ਹਮਦਰਦ ਦੀਆਂ ਭਾਵਨਾਵਾਂ ਨਾਲ ਨਾ ਖੇਡੋ, ਕਿਉਂਕਿ ਭਲੇ ਹੀ ਤੁਸੀਂ ਜਿੱਤ ਜਾਵੋ, ਪਰ ਤੁਸੀਂ ਇਕ ਹਮਦਰਦ ਨੂੰ ਸਦਾ ਲਈ ਗਵਾ ਲੈਂਦੇ ਹੋ। ਇਹ ਜਿੱਤਣਾ, ਹਾਰਨ ਨਾਲੋਂ ਮਾੜਾ ਹੁੰਦਾ।
ਖੇਡਣਾ, ਜੀਵਨ ਵਿਚ ਖਲਲ ਨਹੀਂ, ਸਗੋਂ ਖਾਸੀਅਤ ਹੁੰਦਾ। ਜੀਵਨ ਦੀ ਰੰਗ-ਬਿਰੰਗਤਾ ਨੂੰ ਨਵੀਂ ਨੁਹਾਰ ਬਖਸ਼ਦਾ।
ਖੇਡਣ ਦੀ ਖੂਬਸੂਰਤੀ ਹੀ ਇਸ ਵਿਚ ਹੈ ਕਿ ਉਸ ਵਕਤ ਵੀ ਰੂਹਦਾਰੀ ਨਾਲ ਖੇਡਦੇ ਰਹੋ, ਜਦੋਂ ਤੁਹਾਨੂੰ ਕੋਈ ਨਹੀਂ ਦੇਖਦਾ, ਪਰ ਤੁਸੀਂ ਖੁਦ ਨੂੰ ਦੇਖ ਰਹੇ ਹੁੰਦੇ ਹੋ। ਖੁਦ ਨਾਲ ਖੇਡਣ ਵਾਲੇ ਹੀ ਖੇੜਿਆਂ ਤੇ ਖੁਸ਼ੀਆਂ ਦਾ ਖਲਿਆਣ ਇਕੱਠਾ ਕਰਦੇ।
ਉਮਰ ਦੇ ਵਧਣ ਨਾਲ ਅਸੀਂ ਇਸ ਲਈ ਨਹੀਂ ਖੇਡਦੇ ਕਿ ਅਸੀਂ ਬੁੱਢੇ ਹੋ ਗਏ ਹਾਂ, ਸਗੋਂ ਅਸੀਂ ਬੁੱਢੇ ਹੀ ਇਸ ਕਰਕੇ ਹੁੰਦੇ ਹਾਂ ਕਿ ਅਸੀਂ ਕੋਈ ਖੇਡ ਨਹੀਂ ਖੇਡਦੇ।
ਅੱਗ ਦਾ ਸੁਰੱਖਿਅਤ ਤੇ ਸਹਿਜ ਭਰਿਆ ਸਾਥ, ਸੁਖਨਮਈ ਵਰਤਾਰਾ; ਪਰ ਅੱਗ ਨਾਲ ਖੇਡਣਾ, ਖੁਦ ਦੀ ਬਰਬਾਦੀ। ਅੱਗ, ਮਨੁੱਖ ਅਤੇ ਆਲੇ-ਦੁਆਲੇ ਨੂੰ ਸਵਾਹ ਕਰਦੀ। ਫਿਰ ਇਹ ਸਵਾਹ ਉਡ ਕੇ ਅੱਖਾਂ ਵਿਚ ਧੁੰਦਲਕਾ ਪੈਦਾ ਕਰਦੀ। ਨਫਰਤੀ ਅੱਗ ਨਾਲ ਖੇਡਣ ਵਾਲੇ ਉਜਾੜਿਆਂ ਦੀ ਦਾਸਤਾਨ ਹੁੰਦੇ।
ਖੇਡ ਦੌਰਾਨ ਕੁਝ ਪਲਾਂ ਵਿਚ ਹੀ ਵਿਅਕਤੀ ਦੀਆਂ ਉਹ ਪਰਤਾਂ ਨਸ਼ਰ ਹੁੰਦੀਆਂ, ਜਿਨ੍ਹਾਂ ਦਾ ਉਮਰ ਭਰ ਦੀਆਂ ਨਜ਼ਦੀਕੀਆਂ ਨਾਲ ਵੀ ਪਤਾ ਨਹੀਂ ਲੱਗਦਾ।
ਦੁਨੀਆਂ ਤਾਂ ਤਾਸ਼ ਵਾਂਗ ਖੇਡਦੀ ਰਹੀ ਸਾਡੀਆਂ ਹੀ ਭਾਂਵਨਾਵਾਂ ਨਾਲ, ਪਰ ਕਮਾਲ ਦੀ ਗੱਲ ਕਿ ਪੱਤੇ ਦੋਹਾਂ ਨੇ ਸੁੱਟੇ। ਜਿਹੜਾ ਜਿੱਤਿਆ ਉਸ ਨੇ ਵੀ ਪੱਤੇ ਸੁੱਟੇ ਅਤੇ ਜਿਹੜਾ ਹਾਰਿਆ, ਉਸ ਨੇ ਵੀ ਪੱਤੇ ਸੁੱਟੇ।
ਕੌਣ ਜਿੱਤਦਾ ਹੈ ਅਤੇ ਕੌਣ ਹਾਰਦਾ ਹੈ, ਇਹ ਬਹੁਤੇ ਮਾਅਨੇ ਨਹੀਂ ਰੱਖਦਾ, ਸਗੋਂ ਇਹ ਜ਼ਿਆਦਾ ਅਹਿਮ ਹੁੰਦਾ ਕਿ ਕੌਣ, ਕਿਸ ਤਰ੍ਹਾਂ ਅਤੇ ਕਿਸ ਨੀਅਤ ਨਾਲ ਖੇਡਦਾ ਹੈ?
ਜਿੰ.ਦਗੀ ਇਕ ਖੇਡ-ਤਮਾਸ਼ਾ। ਜਿੰ.ਦਗੀ ਦੀ ਆਖਰ ਮੰਜ਼ਿਲ ਪਤਾ ਹੁੰਦਿਆਂ ਵੀ ਅਸੀਂ ਖੇਡਣ ਵਿਚ ਸਦਾ ਮਸ਼ਰੂਫ। ਜ਼ਿੰਦਗੀ ਇਕ ਖੇਡ ਹੈ। ਇਹ ਤਾਂ ਮਨੁੱਖ ਨੇ ਖੁਦ ਨਿਸ਼ਚਿਤ ਕਰਨਾ ਹੈ ਕਿ ਉਸ ਨੇ ਖੇਡਣਾ ਹੈ ਜਾਂ ਖੇਡ ਬਣਨਾ ਹੈ।
ਖੇਡਣ ਦੌਰਾਨ ਕੋਈ ਤੌਖਲਾ, ਡਰ ਜਾਂ ਸਹਿਮ ਨਹੀਂ ਹੋਣਾ ਚਾਹੀਦਾ। ਜੇ ਮਨ ਵਿਚ ਹਾਰਨ ਦਾ ਡਰ ਹੋਵੇ ਤਾਂ ਸੋਚ ਵਿਚ ਜਿੱਤਣ ਦੀ ਤਮੰਨਾ ਕਦੇ ਪੈਦਾ ਹੀ ਨਹੀਂ ਹੋ ਸਕਦੀ।
ਰੰਗਾਂ ਨਾਲ ਖੇਡਦੀ ਲੋਕਾਈ ਦੇ ਚਿਹਰਿਆਂ ‘ਤੇ ਗੁਲਾਲ ਖੇਡਦਾ। ਇਹ ਹੋਲੀ ਦੀ ਰੂਹਾਨੀ ਅਤੇ ਜਿਸਮਾਨੀ ਤਰਜਮਾਨੀ ਨੂੰ ਤਰੰਗਤ ਕਰਦਾ।
ਕਿਸੇ ਪਖੰਡੀ ਦੇ ਦੁਆਰੇ ਖੇਡਣਾ, ਜਦ ਮਾਨਸਿਕ ਬਿਮਾਰੀਆਂ ਦਾ ਰੂਪ ਵਟਾਵੇ ਤਾਂ ਮਾਨਸਿਕ ਗੁੰਝਲਾਂ ਨੂੰ ਜੱਗ-ਜਾਹਰ ਕਰ ਜਾਵੇ। ਸੂਖਮ ਮਨ ਦੀਆਂ ਅਜਿਹੀਆਂ ਪਰਤਾਂ ਨੂੰ ਸਾਹਮਣੇ ਲਿਆਵੇ, ਜਿਨ੍ਹਾਂ ‘ਤੇ ਇਹ ਜੱਗ-ਚੰਦਰਾ ਪੜਦਾ ਪਾਵੇ। ਧੀਆਂ-ਧਿਆਣੀਆਂ ਜਾਂ ਨਵ-ਵਿਆਹੀਆਂ ਨੂੰ ਪਖੰਡੀਆਂ ਸਾਹਮਣੇ ਖੇਡਣ ਦੀ ਨੌਬਤ ਹੀ ਨਾ ਆਵੇ, ਜੇ ਸਮਾਜ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਪਾਉਣੀ ਸਿੱਖ ਜਾਵੇ।
ਖੇਡਣਾ, ਖੁਸ਼ ਰਹਿਣ, ਖਰਮਸਤੀਆਂ ਕਰਨ ਅਤੇ ਕਿਰਿਆਸ਼ੀਲਤਾ ਨੂੰ ਕਰਮਯੋਗਤਾ ਬਣਾਉਣ ਲਈ ਸਭ ਤੋਂ ਉਤਮ ਆਹਰ। ਜਦ ਇਹ ਬਣਦਾ ਜੀਵਨ ਵਿਹਾਰ ਤਾਂ ਮਨੁੱਖ ਵਿਚ ਉਪਜਦਾ ਚੱਜ-ਅਚਾਰ, ਜੋ ਬਣ ਕੇ ਸੁੰਦਰ ਕਿਰਦਾਰ, ਸਮਾਜ ਦਾ ਮੁਹਾਂਦਰਾ ਦਿੰਦਾ ਏ ਨਿਖਾਰ।
ਅਜਿਹਾ ਖੇਡਣ ਲਈ ਖੇਡ ਨੂੰ ਆਪਣੀ ਖਾਬ-ਖਿਆਲੀ ਬਣਾਉਣਾ, ਮਨੁੱਖ ਦਾ ਸਭ ਤੋਂ ਪ੍ਰਮੁੱਖ ਕਾਰਜ। ਇਸ ਦੀ ਸ਼ੁਰੂਆਤ ਕਰਨ ਵਿਚ ਕਾਹਦੀ ਦੇਰ?