ਟਹਿਕਦੇ ਗੁਲਦਸਤੇ ‘ਪੰਜਾਬ ਟਾਈਮਜ਼’ ਦੀ ਨਰੋਈ ਸਮਗਰੀ

ਸਤਿਕਾਰਯੋਗ ਸੰਪਾਦਕ ਜੀ,
ਮੈਂ ਆਪ ਜੀ ਦੇ ਹਫਤਾਵਾਰੀ ਅਖਬਾਰ ‘ਪੰਜਾਬ ਟਾਈਮਜ਼’ ਦੀ ਨਵੀਂ ਪਾਠਕ ਹਾਂ। ਜਦੋਂ ਤੋਂ ਮੈਨੂੰ ਇਸ ਦਾ ਪਤਾ ਲੱਗਾ ਹੈ, ਮੈਂ ਇਸ ਨੂੰ ਲਗਾਤਾਰ ਪੜ੍ਹਦੀ ਆ ਰਹੀ ਹਾਂ। ਇਸ ਵਿਚ ਪੜ੍ਹਨ ਲਈ ਬੜੀ ਵਿਵਿਧ ਤੇ ਨਰੋਈ ਸਮਗਰੀ ਹੁੰਦੀ ਹੈ। ਇਸ ਵਿਚ ਰਾਜਨੀਤੀ ਤੋਂ ਲੈ ਕੇ ਫਿਲਮਾਂ ਤੀਕ ਡੂੰਘੀ ਜਾਣਕਾਰੀ ਵਾਲੇ ਲੇਖ ਪੜ੍ਹਨ ਨੂੰ ਮਿਲਦੇ ਹਨ। ਨਵੇਂ ਪੁਰਾਣੇ ਸਾਹਿਤਕਾਰਾਂ ਦੇ ਲੇਖ ਤੇ ਕਹਾਣੀਆਂ ਸਾਡੇ ਵਡਮੁੱਲੇ ਸਾਹਿਤਕ ਵਿਰਸੇ ਨਾਲ ਜੋੜੀ ਰੱਖਦੇ ਹਨ। ਜੋ ਭਖਦੇ ਮੁੱਦਿਆਂ ‘ਤੇ ਬਹਿਸਾਂ ਅਤੇ ਪ੍ਰਤੀਕਰਮ ਛਾਪੇ ਜਾਂਦੇ ਹਨ, ਉਹ ਬੜੇ ਹੀ ਰੌਚਕ ਤੇ ਲਾਭਕਾਰੀ ਹੁੰਦੇ ਹਨ। ਮੇਰੀ ਸਮਝ ਵਿਚ ਇਹ ਅਖਬਾਰ ਨਹੀਂ, ਵਰਦਾਨ ਹੈ।
ਭਾਵੇਂ ਮੈਂ ਪੜ੍ਹਦੀ ਸਭ ਕੁਝ ਹਾਂ, ਪਰ ਪੰਜਾਬੀ ਸਾਹਿਤ, ਧਰਮ ਤੇ ਫਿਲਾਸਫੀ ਵਿਚ ਮੇਰੀ ਵਿਸ਼ੇਸ਼ ਰੁਚੀ ਹੈ।

29 ਅਗਸਤ ਦੇ ਅੰਕ ਵਿਚ ਅਮਰਜੀਤ ਸਿੰਘ ਮੁਲਤਾਨੀ ਦਾ ਲੇਖ “ਜਾਗੋ ਸਿੱਖੋ! ਨਹੀਂ ਤਾਂ ਨਾਮ ਤੇ ਨਿਸ਼ਾਨ ਮਿਟ ਜਾਏਗਾ” ਰੂਹ ਝੰਜੋੜਨ ਵਾਲਾ ਹੈ ਅਤੇ ਇਹ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਅਸੀਂ ਧਰਮ ਵਿਚੋਂ ਹੁਲੜਬਾਜ਼ੀ ਨੂੰ ਕਿਵੇਂ ਰੋਕੀਏ ਤੇ ਆਪਣੇ ਧਾਰਮਿਕ ਹੱਕਾਂ ਦੀ ਵਰਤੋਂ ਕਿਵੇਂ ਕਰੀਏ!
ਡਾ. ਗੁਰਬਖਸ ਸਿੰਘ ਭੰਡਾਲ ਦਾ “ਗਿਆਨ ਗੋਸ਼ਟਿ” ਦੇ ਸਿਰਲੇਖ ਵਾਲਾ ਲੇਖ ਉਪਰੋਂ ਦਿਲਚਸਪ ਲਗਦਾ ਹੈ, ਪਰ ਅੰਦਰੋਂ ਖੋਖਲਾ ਸੀ। ਲੇਖਕ ਨੇ ਇਸ ਵਿਚ ਇਕ ਅਰਥੇ ਸ਼ਬਦਾਂ ਤੇ ਵਾਕਾਂ ਦੇ ਲੱਛੇ ਬਣਾਏ ਲਗਦੇ ਹਨ, ਜਿਨ੍ਹਾਂ ਵਿਚੋਂ ਕੱਢਣ-ਪਾਉਣ ਨੂੰ ਬਹੁਤਾ ਕੁਝ ਨਹੀਂ ਮਿਲਦਾ। ਪੂਰਾ ਲੇਖ ਗਿਆਨ ਗੋਸ਼ਟਿ ਦੀਆਂ ਤਾਰੀਫਾਂ ਨਾਲ ਭਰਿਆ ਪਿਆ ਹੈ, ਪਰ ਲੋਕਾਂ ਵਿਚ ਗਿਆਨ ਗੋਸ਼ਟਿ ਦੇ ਘਟਦੇ ਰੁਝਾਨ ਬਾਰੇ ਇਸ ਵਿਚ ਇਕ ਸ਼ਬਦ ਵੀ ਨਹੀਂ। ਅੱਜ ਦੇ ਸਮੇਂ ਦੀ ਮੁੱਖ ਲੋੜ “ਉੱਤਰ ਦੀਜੈ, ਰੋਸ ਨਾ ਕੀਜੈ” ਦਾ ਕਲਚਰ ਪੈਦਾ ਕਰਨ ਦੀ ਹੈ, ਜਿਸ ਬਾਰੇ ਲੇਖਕ ਚੁੱਪ ਹੈ; ਪਰ ਇਸ ਤੋਂ ਬਿਨਾ ਸਮਾਜ ਵਿਚ ਗਿਆਨ ਗੋਸ਼ਟਿ ਦਾ ਸੰਕਲਪ ਜੜ੍ਹਾਂ ਨਹੀਂ ਪਕੜ ਸਕਦਾ।
ਇਸੇ ਅੰਕ ਵਿਚ ਡਾ. ਗੋਬਿੰਦਰ ਸਿੰਘ ਸਮਰਾਓ ਦਾ ਲੇਖ “ਭੁਗਤਿ ਗਿਆਨੁ ਦਇਆ ਭੰਡਾਰਣਿ” ਵੀ ਗਿਆਨ ਨਾਲ ਹੀ ਸਬੰਧਤ ਸੀ। ਇਸ ਵਿਚ ਗਿਆਨ ਬਾਰੇ ਦਿੱਤੀ ਡੂੰਘੀ ਜਾਣਕਾਰੀ ਤੋਂ ਪਤਾ ਚਲਦਾ ਹੈ ਕਿ ਗਿਆਨ ਬਾਰੇ ਕੋਈ ਗੱਲ ਕਹਿਣ ਤੋਂ ਪਹਿਲਾਂ ਇਹ ਪਤਾ ਹੋਣਾ ਲਾਜ਼ਮੀ ਹੈ ਕਿ ਗਿਆਨ ਕਹਿੰਦੇ ਕਿਸ ਨੂੰ ਹਨ?
ਇਸੇ ਤਰ੍ਹਾਂ 5 ਸਤੰਬਰ ਦੇ ਅੰਕ ਵਿਚ “ਏਕਾ ਮਾਈ ਜੁਗਤਿ ਵਿਆਈ” ਦੇ ਸਿਰਲੇਖ ਹੇਠ ਛਪੇ ਆਪਣੇ ਲੇਖ ਵਿਚ ਡਾ. ਗੋਬਿੰਦਰ ਸਿੰਘ ਦੇ ਗੁਰਬਾਣੀ ਸਮਝਾਉਣ ਦੇ ਨਾਲ ਨਾਲ ਕੁਦਰਤ ਦੇ ਗੁੱਝੇ ਭੇਤਾਂ ਦਾ ਵੀ ਵਰਣਨ ਕੀਤਾ ਹੈ। ਨਵੀਂ-ਪੁਰਾਣੀ ਜਾਣਕਾਰੀ ਰਾਹੀਂ ਕੁਦਰਤ ਦੇ ਰੂਬਰੂ ਹੋਣਾ ਚੰਗਾ ਲੱਗਿਆ। ਲੇਖਕ ਦਾ ਇਹ ਕਹਿਣਾ ਸੱਚ ਹੈ ਕਿ ਲਕੀਰ ਤੋਂ ਵੱਖ ਹੋ ਕੇ ਸੋਚਣ ਨਾਲ ਕਈ ਵਾਰ ਸੱਚਾਈ ਸਾਫ ਵਧੇਰੇ ਆਸਾਨੀ ਨਾਲ ਸਮਝ ਪੈਂਦੀ ਹੈ। ਚੰਗਾ ਹੁੰਦਾ ਜੇ ਲੇਖਕ ਬਾਣੀ ਦੇ ਅਰਥ ਵਿਸਥਾਰ ਨਾਲ ਕਰਦਾ ਅਤੇ ਦਵੈਤਵਾਦ ਬਾਰੇ ਵੀ ਖੋਲ੍ਹ ਕੇ ਲਿਖਦਾ। ਇਸ ਤਰ੍ਹਾਂ ਆਮ ਪਾਠਕ ਨੂੰ ਹੋਰ ਲਾਭ ਹੋ ਜਾਂਦਾ।
ਇਸ ਅੰਕ ਵਿਚ ਸਾਹਿਤਕ ਰਚਨਾਵਾਂ ਵੀ ਇਕ ਤੋਂ ਵਧ ਕੇ ਇਕ ਦਿਲਚਸਪ ਹਨ। ਖਾਸ ਕਰਕੇ ਡਾ. ਹਰਪਾਲ ਸਿੰਘ ਪੰਨੂ ਦੀਆਂ ਅਨੁਵਾਦ ਕੀਤੀਆਂ ਵਿਜੇਦਾਨ ਦੇਥਾ ਦੀਆਂ ਰਾਜਸਥਾਨੀ ਲੋਕ ਕਥਾਵਾਂ ਇਕ ਪਿਆਰੀ ਸਾਹਿਤਕ ਵੰਨਗੀ ਹੈ। ਆਸ ਕਰਦੀ ਹਾਂ, ‘ਪੰਜਾਬ ਟਾਈਮਜ਼’ ਦਾ ਗੁਲਦਸਤਾ ਹਮੇਸ਼ਾ ਟਹਿਕਦਾ ਰਹੇ।
-ਅਜੀਤ ਕਮਲ ਜੋਸ਼ੀ