ਚੇਤਿਆਂ ਵਿਚ ਲਿਸ਼ਕ ਉਠਿਆ ਪਾਸ਼

ਪੰਜਾਬੀ ਕਾਵਿ-ਜਗਤ ਵਿਚ ਪਾਸ਼ (9 ਸਤੰਬਰ 1950-23 ਮਾਰਚ 1988) ਦਾ ਖਾਸ ਮੁਕਾਮ ਹੈ। ਉਂਜ, ਹੁਣ ਤਾਂ ਉਹ ਹੋਰ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਸੰਸਾਰ ਦੇ ਵੱਖ-ਵੱਖ ਹਿੱਸਿਆਂ ਨਾਲ ਆਪਣੀ ਸਾਂਝ ਪੁਆ ਚੁਕਾ ਹੈ। ਇਸ ਲੇਖ ਵਿਚ ਪਾਸ਼ ਦੇ ਸਮਕਾਲੀ, ਦੋਸਤ ਅਤੇ ਉੱਘੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਉਸ ਦੀ ਕਵਿਤਾ, ਸਾਹਿਤ ਬਾਰੇ ਉਸ ਦੀ ਬਾਰੀਕ ਸਮਝ ਅਤੇ ਜ਼ਿੰਦਗੀ ਦੀਆਂ ਕੁਝ ਤਲਖ ਹਕੀਕਤਾਂ ਬਾਰੇ ਗੱਲਾਂ ਛੋਹੀਆਂ ਹਨ।

-ਸੰਪਾਦਕ

ਵਰਿਆਮ ਸਿੰਘ ਸੰਧੂ

ਦੇਸ਼ ਵਿਚ ਨਕਸਲੀ ਲਹਿਰ ਦੀ ਤੇਜ਼ ਹਨੇਰੀ ਝੁੱਲੀ ਤਾਂ ਪੰਜਾਬ ਦੇ ਨੌਜਵਾਨ ਵਰਗ ਦੇ ਚਿੰਤਕਾਂ ਅਤੇ ਲੇਖਕਾਂ ਦਾ ਵੱਡਾ ਹਿੱਸਾ, ਇਸ ਹਨੇਰੀ ਦੇ ਵੇਗ ਵਿਚ ਵਹਿ ਤੁਰਿਆ। ਪੰਜਾਬੀ ਕਵਿਤਾ ਵਿਚ ਪਾਸ਼ ਦਾ ਨਾਂ ਧਮਾਕੇ ਵਾਂਗ ਫਟਿਆ ਅਤੇ ਚਾਰੇ ਪਾਸੇ ਲਿਸ਼ਕਣ ਤੇ ਗੂੰਜਣ ਲੱਗਾ। ਇਸ ਸਮੇਂ ਪੁਲਿਸ ਨੇ ਉਹਨੂੰ ਝੂਠੇ ਕਤਲ ਕੇਸ ਵਿਚ ਅੜੁੰਗ ਲਿਆ।
ਉਹਦੀਆਂ ਜਲੰਧਰ ਜੇਲ੍ਹ ਵਿਚੋਂ ਭੇਜੀਆਂ ਤੇ ਛਪੀਆਂ ਕਵਿਤਾਵਾਂ ਲੋਕ ਉਡ ਕੇ ਪੜ੍ਹਦੇ। ਲੁਧਿਆਣਾ ਤੋਂ ਛਪਦਾ ਮਾਸਿਕ ਪੱਤਰ ‘ਹੇਮ ਜਯੋਤੀ’ ਤੱਤੇ ਲੇਖਕਾਂ ਦੇ ਵਿਚਾਰਾਂ ਅਤੇ ਰਚਨਾਵਾਂ ਨੂੰ ਛਾਪਣ ਦਾ ਮੁੱਖ ਪਰਚਾ ਬਣ ਗਿਆ।
ਮੈਂ ਇਸ ਢਾਣੀ ਦਾ ਸਰਗਰਮ ਮੈਂਬਰ ਸਾਂ। ਮੈਂ ਜੁਝਾਰੂ ਰੁਝਾਨ ਦੀਆਂ ਕਵਿਤਾਵਾਂ ਵੀ ਲਿਖਦਾ ਪਰ ਮੇਰੀ ਚਿੰਤਾ ਸੀ ਕਿ ਕਵੀਆਂ ਵਾਂਗ ਕਹਾਣੀ ਦੇ ਖੇਤਰ ਵਿਚ ਅਜਿਹੀ ਰਾਜਸੀ ਤੇ ਸਮਾਜੀ ਜ਼ਿੰਮੇਵਾਰੀ ਨਿਭਾਉਣ ਵਾਲੀ ਕਹਾਣੀ ਕਿਉਂ ਨਹੀਂ ਲਿਖੀ ਜਾ ਰਹੀ? ਮੈਨੂੰ ਭਾਵੇਂ ਪਤਾ ਸੀ ਕਿ ਸਿਆਸੀ ਸਮਾਜੀ ਤਬਦੀਲੀ ਦੀ ਤੇਜ਼ ਤੀਬਰ ਭਾਵਨਾ ਦੇ ਤੁਰਤ-ਫੁਰਤ ਪ੍ਰਗਟਾਓ ਲਈ ਕਵਿਤਾ ਹੀ ਸਭ ਤੋਂ ਢੁਕਵਾਂ ਮਾਧਿਅਮ ਹੁੰਦਾ ਹੈ ਅਤੇ ਗਲਪ ਸਮੇਂ ਦੀ ਵਿੱਥ ਤੋਂ ਸਮੁੱਚੇ ਵਰਤਾਰੇ ਨੂੰ ਜੋਖ-ਜਾਚ ਕੇ ਹੀ ਰਚੀ ਜਾ ਸਕਦੀ ਹੈ। ਤਦ ਵੀ ਮੈਂ ਮਿਥੇ ਹੋਏ ਮਕਸਦ ਦੀ ਪ੍ਰਾਪਤੀ ਲਈ ਸਾਹਿਤ ਤੋਂ ਫੌਰੀ ਸੇਵਾ ਲੈਣ ਲਈ ਅਜਿਹੀ ਕਹਾਣੀ ਲਿਖਣੀ ਸ਼ੁਰੂ ਕੀਤੀ। ‘ਲੋਹੇ ਦੇ ਹੱਥ’ ਅਤੇ ‘ਜੇਬ ਕਤਰੇ’ ਵਰਗੀਆਂ ਮੇਰੀਆਂ ਕਹਾਣੀਆਂ ‘ਹੇਮ ਜਯੋਤੀ’ ਵਿਚ ਛਪੀਆਂ ਤਾਂ ਪਾਠਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਮੈਨੂੰ ਇਸ ਲਹਿਰ ਦਾ ਜ਼ਿਕਰਯੋਗ ਕਹਾਣੀਕਾਰ ਮੰਨ ਲਿਆ ਗਿਆ।
‘ਹੇਮ ਜਯੋਤੀ’ ਦੇ ਜਨਵਰੀ 1971 ਦੇ ਅੰਕ ਦੀ ਸੰਪਾਦਕੀ ਵਿਚ ‘ਪਾਸ਼, ਲਾਲ ਸਿੰਘ ਦਿਲ, ਦਰਸ਼ਨ ਖਟਕੜ ਤੇ ਵਰਿਆਮ ਸੰਧੂ ਨੂੰ 1971 ਦਾ ਇਕਰਾਰ’ ਆਖਿਆ ਗਿਆ। ਸੰਪਾਦਕ ਦੀ ਨਜ਼ਰ ਵਿਚ ਇਹ ਲੇਖਕ ਇਸ ਲਹਿਰ ਨਾਲ ਜੁੜੀ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲੇ ‘ਪ੍ਰਮਾਣਿਕ ਲੇਖਕ’ ਸਨ। ਪਾਸ਼ ਦੀ ‘ਲੋਹ ਕਥਾ’ ਤੇ ਮੇਰੀ ਕਹਾਣੀਆਂ ਦਾ ਪਹਿਲਾ ਸੰਗ੍ਰਹਿ ‘ਲੋਹੇ ਦੇ ਹੱਥ’ ਅੱਗੜ-ਪਿੱਛੜ ਛਪੇ।
ਪਾਸ਼ ਜੇਲ੍ਹ ਤੋਂ ਬਾਹਰ ਆਇਆ ਤਾਂ ਮੇਰਾ ਉਹਦੇ ਨਾਲ ਸੰਪਰਕ ਹੋਇਆ। ਅਸੀਂ ਇਕ ਦੂਜੇ ਦੇ ਨੇੜੇ ਹੋਏ। ਪਾਰਟੀ ਦੇ ਸਾਹਿਤਕ ਸੈਲ ਦੇ ਮੈਂਬਰ ਹੋਣ ਦੇ ਨਾਤੇ ਅਸੀਂ ਵੱਖ-ਵੱਖ ਸ਼ਹਿਰਾਂ ਵਿਚ ਹੁੰਦੀਆਂ ਮੀਟਿੰਗਾਂ ਵਿਚ ਮਿਲਦੇ, ਵਿਚਾਰ-ਵਟਾਂਦਰਾ ਕਰਦੇ।
ਹੋਰ ਲੋਕਾਂ ਵਾਂਗ ਮੈਂ ਵੀ ਪਾਸ਼ ਦੀਆਂ ਕਵਿਤਾਵਾਂ ਦਾ ਦਿਲ-ਦਾਦਾ ਸਾਂ। ਉਹਦੀਆਂ ਕਈ ਕਵਿਤਾਵਾਂ ਮੈਨੂੰ ਜ਼ਬਾਨੀ ਯਾਦ ਹੋ ਗਈਆਂ। ਉਹ ਮੈਨੂੰ ਬਤੌਰ ਕਹਾਣੀਕਾਰ ਪਸੰਦ ਕਰਦਾ ਸੀ। ਕਦੀ-ਕਦੀ ਸਾਡੇ ਵਿਚਕਾਰ ਕਵਿਤਾ ਅਤੇ ਕਹਾਣੀ ਦੇ ਮਹੱਤਵ ਨੂੰ ਲੈ ਕੇ ਨੋਕ-ਝੋਕ ਤੇ ਚੁੰਝ-ਚਰਚਾ ਵੀ ਹੋ ਜਾਂਦੀ। ਉਹ ਕਵਿਤਾ ਨੂੰ ਮਹਾਨ ਆਖਦਾ, ਜਦ ਕਿ ਮੈਂ ਜ਼ਿਦ ਕਰਦਾ ਕਿ ਨਹੀਂ, ਗਲਪ ਦਾ ਮਹੱਤਵ ਕਵਿਤਾ ਨਾਲੋਂ ਵੱਧ ਹੈ। ਜ਼ਿਦ ਪੁਗਾਉਣ ਲਈ ਮੈਂ ਆਖਦਾ, “ਕਵਿਤਾ ਦਾ ਪ੍ਰਭਾਵ ਪਾਠਕ ਜਾਂ ਸਰੋਤੇ ‘ਤੇ ਓਨਾ ਚਿਰ ਰਹਿੰਦਾ ਹੈ ਜਿੰਨਾ ਚਿਰ ਉਹ ਕਵਿਤਾ ਪੜ੍ਹ ਜਾਂ ਸੁਣ ਰਿਹਾ ਹੈ ਪਰ ਗਲਪ ਵਿਚਲੇ ਪਾਤਰਾਂ ਜਾਂ ਹਾਲਾਤ ਦਾ ਅਸਰ ਮਹੀਨਿਆਂ ਤੇ ਸਾਲਾਂ ਤੱਕ ਪਾਠਕ ਕੇ ਮਨ ਮਸਤਕ ਵਿਚ ਗੂੰਜਦਾ ਰਹਿੰਦਾ ਹੈ।”
ਹਾਲਾਂ ਕਿ ਮੈਂ ਵੀ ਜਾਣਦਾ ਸਾਂ ਕਿ ਸਾਡਾ ਮੱਧਕਾਲੀ ਗੁਰਮਤਿ, ਸੂਫੀ ਤੇ ਕਿੱਸਾ ਸਾਹਿਤ ਕਵਿਤਾ ਵਿਚ ਹੀ ਹੈ; ਤੇ ਸਮੁੱਚੀ ਪੰਜਾਬੀ ਕੌਮ ਸਦੀਆਂ ਤੋਂ ਇਸ ਕਵਿਤਾ ਦੇ ਅਸਰ ਹੇਠ ਹੈ। ਮੈਂ ਇਹ ਵੀ ਜਾਣਦਾ ਸਾਂ ਕਿ ‘ਪਗੜੀ ਸੰਭਾਲ ਜੱਟਾ’ ਲਹਿਰ ਦਾ ਤਾਂ ਨਾਮਕਰਨ ਹੀ ਕਵਿਤਾ ਤੋਂ ਹੋਇਆ ਤੇ ਗਦਰ ਲਹਿਰ ਨੂੰ ਪ੍ਰਚਾਰਨ ਤੇ ਪ੍ਰਸਾਰਨ ਵਿਚ ‘ਗਦਰ ਦੀਆਂ ਗੂੰਜਾਂ’ ਦਾ ਬੇਮਿਸਾਲ ਅਸਰ ਕਿਸੇ ਤੋਂ ਗੁੱਝਾ ਨਹੀਂ।
ਸਾਡੀ ਬਹਿਸ ਐਵੇਂ ਸਿੰਗ ਫਸਾਈ ਸੀ। ਹਰ ਸਾਹਿਤ ਰੂਪ ਦਾ ਆਪਣੀ ਥਾਵੇਂ ਮਹੱਤਵ ਬਣਦਾ ਹੈ।

ਜਦੋਂ ਮੈਨੂੰ ‘ਪਾਸ਼ ਪੁਰਸਕਾਰ’ ਦਿੱਤੇ ਜਾਣ ਦਾ ਐਲਾਨ ਹੋਇਆ ਤਾਂ ਮੈਨੂੰ ਪਾਸ਼ ਨਾਲ ਜੁੜੀਆਂ ਕਈ ਗੱਲਾਂ ਚੇਤੇ ਆਈਆਂ। ਮੈਂ ਪੁਰਾਣੀਆਂ ਚਿੱਠੀਆਂ ਫੋਲੀਆਂ ਤਾਂ ਪਾਸ਼ ਦੀਆਂ ਕੁਝ ਚਿੱਠੀਆਂ ਲੱਭ ਗਈਆਂ। ਇਹ ਚਿੱਠੀਆਂ ਉਹਨੇ ਮੇਰੀਆਂ ਕਹਾਣੀਆਂ ਪੜ੍ਹਨ ਤੋਂ ਬਾਅਦ ਲਿਖੀਆਂ ਸਨ। ਇਨ੍ਹਾਂ ਚਿੱਠੀਆਂ ਵਿਚ ਜਿੱਥੇ ਸਮਕਾਲੀ ਮਿੱਤਰ ਦੀ ਪ੍ਰਸ਼ੰਸਾ ਦੇ ਸ਼ਬਦ ਕਹਿ ਸਕਣ ਦੀ ਖੁੱਲ੍ਹਦਿਲੀ ਵਡਿਆਈ ਦੀ ਝਲਕ ਪੈਂਦੀ ਹੈ, ਉਥੇ ਕਹਾਣੀਕਾਰ ਦੇ ਤੌਰ ‘ਤੇ ਦਿੱਤੀ ਮਾਨਤਾ ਨਾਲ ਮੈਨੂੰ ਡੂੰਘੀ ਤਸੱਲੀ ਵੀ ਹੋਈ।
ਇਨ੍ਹਾਂ ਦੋਵਾਂ ਚਿੱਠੀਆਂ ਦਾ ਪਾਠ ਪੰਜਾਬੀ ਪਾਠਕਾਂ ਨੂੰ ਵੀ ਦਿਲਚਸਪ ਲੱਗ ਸਕਦਾ ਹੈ, ਇਹ ਸੋਚ ਕੇ ਮੈਂ ਇਹ ਚਿੱਠੀਆਂ ‘ਦੇਸ਼ ਸੇਵਕ’ ਦੇ ਹਫਤਾਵਾਰੀ ਐਡੀਸ਼ਨ ਵਿਚ ਛਪਣ ਲਈ ਭੇਜ ਦਿੱਤੀਆਂ।
ਪਹਿਲੀ ਚਿੱਠੀ ਜੋ ਤੁਸੀਂ ਅੱਗੇ ਪੜ੍ਹੋਗੇ, ਇਹ ਪਾਸ਼ ਨੇ ਮੇਰੀ ਕਹਾਣੀ ‘ਵਾਪਸੀ’ ਦੇ ਛਪਣ ‘ਤੇ ਲਿਖੀ ਸੀ। ਇਸ ਲੰਮੀ ਕਹਾਣੀ ਵਿਚ ਜ਼ਿੰਦਗੀ ਨਾਲ ਟੁੱਟਣ, ਜੁੜਨ ਦੀ ਪ੍ਰਕਿਰਿਆ ਦੇ ਅਨੇਕਾਂ ਸਮਾਜਿਕ, ਮਾਨਿਸਕ ਅਤੇ ਰਾਜਨੀਤਕ ਪਹਿਲੂ ਜੁੜੇ ਹੋਏ ਸਨ। ਨਕਸਲੀ ਲਹਿਰ ਦੀ ਸਿਆਸਤ ਉਤੇ ਵੀ ਵਿੱਥ ਤੋਂ ਪੁਨਰ-ਝਾਤ ਪਾਈ ਗਈ ਸੀ। ਇਹ ਮੇਰੀ ਆਪਣੀ ਪਸੰਦ ਦੀਆਂ ਪਹਿਲੀਆਂ ਇਕ ਦੋ ਕਹਾਣੀਆਂ ਵਿਚ ਸ਼ਾਮਲ ਹੈ। ਹੋਰ ਅਨੇਕਾਂ ਪਾਠਕਾਂ ਤੇ ਵਿਦਵਾਨਾਂ ਨੇ ਵੀ ਇਸ ਕਹਾਣੀ ਨੂੰ ਰੱਜ ਕੇ ਸਲਾਹਿਆ ਪਰ ਪਾਸ਼ ਵਰਗੇ ‘ਡੁੱਲ੍ਹ ਡੁੱਲ੍ਹ ਪੈਂਦੇ ਆਸ਼ਕ’ ਦਾ ਹੁੰਗਾਰਾ ਮੇਰੇ ਲਈ ਵੱਖਰੇ ਹੀ ਅਰਥ ਰੱਖਦਾ ਸੀ। ਚਿੱਠੀ ਵਿਚ ‘ਸੰਗਤਾਂ’ ਤੋਂ ਭਾਵ ਨਕਸਲੀ ਲਹਿਰ ਤੇ ਉਹਦੇ ਆਗੂਆਂ ਤੋਂ ਹੈ।
ਮੇਰੇ ਪਿਆਰੇ ਵਰਿਆਮ
ਯਾਰ ‘ਸਿਰਜਣਾ’ ਵਿਚ ਐਤਕੀਂ ਤੇਰੀ ਕਹਾਣੀ ਕੀ ਪੜ੍ਹੀ ਹੈ, ਬੱਸ ਤਰਥੱਲੀ ਪਈ ਹੋਈ ਹੈ, ਅੰਦਰ ਵੀ ਤੇ ਬਾਹਰ ਵੀ। ਬੜੇ ਈ ਨਿਹਾਲ ਤੇ ਪਰੇਸ਼ਾਨ ਹੋਏ ਪਏ ਆਂ। ਜਿੰਨਾ ਕੁਝ ਤੂੰ ਜੀਵਨ ਦੇ ਖਲਾਰੇ ਵਿਚੋਂ ਫੜ ਕੇ ਐਨੀ ਸਹਿਜ ਨਾਲ ਵਿਉਂਤ ਵਿਚਾਰ ਲੈਨਾ ਏਂ, ਬਈ ਧੰਨ ਹੈਂ ਪਿਆਰੇ। ਊਂ ਤਾਂ ਤੂੰ ਹਮੇਸ਼ਾ ਈ ਬੜਾ ਘੈਂਟ ਬੰਦਾ ਰਿਹਾ ਏਂ ਪਰ ਹੁਣ ਤਾਂ ਸੰਗਤਾਂ ਦੀਆਂ ਈ ਘੰਟੀਆਂ ਛਣਕਾ ਛੱਡੀਆਂ ਨੇ। ਤੈਨੂੰ ਬੜੇ-ਬੜੇ ਵਿਦਵਾਨਾਂ ਦੀਆਂ ਵੀ ਦਿਲਬਰੀਆਂ ਮਿਲ ਰਹੀਆਂ ਹੋਣਗੀਆਂ ਪਰ ਅਹਿ ਨਾਲ ਹੀ ਆਪਣੇ ਇਕ ਡੁੱਲ੍ਹੇ ਹੋਏ ਆਸ਼ਕ ਦਾ ਹੁੰਗਾਰਾ ਵੀ ਕਬੂਲ ਕਰ,
ਤੇਰਾ ਪਾਠਕ
ਪਾਸ਼
ਪਿੰਡ ਤੇ ਡਾ: ਤਲਵੰਡੀ ਸਲੇਮ
ਰਾਹੀਂ: ਕਾਲਾ ਸੰਘਿਆ, ਜ਼ਿਲ੍ਹਾ: ਜਲੰਧਰ
ਦੂਜੀ ਕਹਾਣੀ ਸੀ ‘ਭੱਜੀਆਂ ਬਾਹੀਂ’। ਇਹਨੂੰ ਪੜ੍ਹ ਕੇ ਉਹਨੇ ਆਪਣੀ ਪੂਰੀ ਢਾਣੀ ਦੀ ਤਰਫੋਂ ਜਿਹੜੀ ਹੁਲਾਰਵੀਂ ਚਿੱਠੀ ਲਿਖੀ, ਉਹ ਹੇਠਾਂ ਦਰਜ ਹੈ:
ਉਗੀ ਤੋਂ ਪਾਸ਼ ਤੇ ਉਹਨਾਂ ਦੇ ਸਾਥੀ
24-06-86
ਬਹੁਤ ਪਿਆਰੇ ਵਰਿਆਮ
ਤੇਰੀ ਐਨੀ ਮਹਾਨ ਕਹਾਣੀ ਪੜ੍ਹ ਕੇ ਸਾਹਿਤ ਦੀ ਸਮਰੱਥਾ ਦਾ ਸਹੀ ਅਰਥਾਂ ਵਿਚ ਚਾਨਣ ਹੋ ਗਿਆ ਹੈ। ਸੱਚੀ ਗੱਲ ਦੱਸਾਂ? ਤੂੰ ਕਈ ਵਾਰ ਆਪਣੇ ਸੁਭਾਅ ਮੁਤਾਬਕ ਹੱਸਦਾ-ਹੱਸਦਾ ਕਹਿੰਦਾ ਹੁੰਦਾ ਸੈਂ ਕਿ ਕਵਿਤਾ ਕੁਝ ਵੀ ਹੋਵੇ, ਇਸ ਨੂੰ ਕਹਾਣੀ ਦੇ ਬਰਾਬਰ ਨਹੀਂ ਰੱਖਿਆ ਜਾ ਸਕਦਾ। ਉਦੋਂ ਤੇਰੀ ਇਸ ਗੱਲ ਨੂੰ ਮੈਂ ਐਦਾਂ ਲੈਂਦਾ ਸੀ ਕਿ ਤੇਰੀ ਆਪਣੀ ਜਾਨ ਮੁਤਾਬਕ ਤਾਂ ਤੂੰ ਇਹ ਕਹਿੰਦਾ ਚੰਗਾ ਵੀ ਲੱਗਦਾ ਏਂ ਤੇ ਕਹਿਣ ਦਾ ਹੱਕਦਾਰ ਵੀ ਏਂ ਪਰ ਅਸਲ ਵਿਚ ਨਾ ਇਸ ਗੱਲ ਨੂੰ ਜਨਰਲਾਈਜ਼ ਕੀਤਾ ਜਾ ਸਕਦਾ ਹੈ ਤੇ ਇਹ ਤਦ ਹੀ ਕਾਫੀ ਸੱਚੀ ਜਾਪਦੀ ਏ ਕਿਉਂਕਿ ਪੰਜਾਬੀ ਵਿਚ ਕੋਈ ਬਹੁਤੀ ਉਚੀ ਕਵਿਤਾ ਹੈ ਵੀ ਨਹੀਂ। ਪਰ ‘ਭੱਜੀਆਂ ਬਾਹੀਂ’ ਪੜ੍ਹ ਕੇ ਮੈਂ ਲਗਭਗ ਹੱਥ ਖੜ੍ਹੇ ਕਰਨ ਵਰਗੀ ਸਥਿਤੀ ‘ਚ ਹੋ ਗਿਆਂ।
ਯਾਰ ਸੱਚ ਮੰਨੀ, ਮੈਂ ਏਥੇ ਆਪਣੀ ਢਾਣੀ ਦੇ ਅੰਦਰ ਅਤੇ ਬਾਹਰ ਵੀ ਕਦੇ ਏਨੀ ਜਨਤਾ ਨੂੰ ਏਨੀ ਵਾਰ ਕਿਸੇ ਸਾਹਿਤਕ ਰਚਨਾ ਦਾ ਪਾਠ ਕਰਦਿਆਂ ਨਹੀਂ ਵੇਖਿਆ ਤੇ ਉਸ ‘ਸਿਰਜਣਾ’ ਦੀ ਕਾਪੀ ਦਾ ਏਨਾ ਬੁਰਾ ਹਾਲ ਹੋ ਗਿਆ ਹੈ ਕਿ ਤੇਰੀ ਕਹਾਣੀ ਤੋਂ ਬਿਨਾ ਬਾਕੀ ਦੇ ਵਰਕੇ ਮਾਸਿਜ ਦੇ ਬੇਰਹਿਮ ਹੱਥਾਂ ਨੇ ਤੂੰਬਿਆਂ ਵਾਂਗ ਉਡਾ ਕੇ ਪਤਾ ਨਹੀਂ ਕਦੋਂ ਤੇ ਕਿੱਥੇ ਗੁੰਮ ਕਰ ਦਿੱਤੇ ਨੇ। ਬਈ ਸਾਡੇ ਏਥੋਂ ਦੀ ਸਮੂਹ ਸੰਗਤ ਵੱਲੋਂ ਐਡੀ ਉਚਪਾਏ ਦੀ ਰਚਨਾ ਲਈ ਤੇਰਾ ਕੋਟ-ਕੋਟ ਧੰਨਵਾਦ ਹੈ।
ਇਸ ਚਿੱਠੀ ਨੂੰ ਭੋਰਾ ਵੀ ਰਸਮੀ ਨਾ ਸਮਝੀਂ। ਤੇਰਾ ਮੇਰੇ ਬਾਰੇ, ਪਤਾ ਨਹੀਂ ਕਿਉਂ ਘੱਟ ਗੰਭੀਰ ਜਿਹੇ ਵਿਅਕਤੀ ਦਾ ਪ੍ਰਭਾਵ ਬਣਿਆ ਹੋਇਆ ਹੈ (ਵਧਾ ਚੜ੍ਹਾ ਕੇ ਗੱਲ ਕਰਨ ਵਾਲੇ ਦਾ) ਤੇ ਸ਼ਾਇਦ ਮੈਂ ਕਈ ਸਾਲ ਇੰਜ ਦਾ ਰਿਹਾ ਵੀ ਹੋਵਾਂ ਪਰ…
ਹਾਂ ਸੱਚ, ਆਉਣ ਵਾਲੇ ਸਾਲਾਂ ਵਿਚ ਯਤਨ ਕਰਾਂਗਾ ਕਿ ਕਵਿਤਾ ਬਾਰੇ ਤੇਰੀ ਰਾਇ ਕੁਝ ਚੰਗੀ ਬਣਾ ਸਕਾਂ ਜਾਂ ਘੱਟੋ-ਘੱਟ ਏਨਾ ਕਿ ਛੋਟੀ ਨਹੀਂ ਤਾਂ ਬਰਾਬਰ ਦੀ ਭੈਣ ਤਾਂ ਕਿਹਾ ਕਰੇਂ। ਊਂ ਤਦ ਤਾਈਂ ਤੇਰੀ ਸਮਰੱਥਾ ਹੋਰ ਵਧ ਗਈ ਤਾਂ ਮੈਂ ਕੁਝ ਨਹੀਂ ਕਰ ਸਕਾਂਗਾ। ਪਰ ਰੱਬ ਕਰੇ, ਇੰਜ ਹੀ ਹੋਵੇ। ਕਿਉਂਕਿ ਕਵਿਤਾ ਰਾਹੀਂ ਸ਼ਾਇਦ ਕੋਈ ਵੀ ਏਡੀ ਵੱਡੀ ਤੇ ਵਿਸ਼ਾਲ ਗੱਲ ਨੂੰ ਨਾ ਕਹਿ ਸਕੇ ਜਿੰਨੀ ਤੂੰ ਇਸ ਕਹਾਣੀ ਰਾਹੀਂ ਕਹਿ ਦਿੱਤੀ ਹੈ। ਮੈਂ ਤੇ ਸਾਰੇ ਪਾਠਕ ਬੜੇ ਨਿਹਾਲ ਹਾਂ।
ਰਾਜਵੰਤ ਤੇ ਬੱਚਿਆਂ ਨੂੰ ਪਿਆਰ
ਤੇਰਾ
ਪਾਸ਼ ਸੰਧੂ
(ਇਹ ਖਤ ਮੈਂ ਘੱਟੋ-ਘੱਟ 17 (ਸਤਾਰਾਂ) ਜਣਿਆਂ ਦੇ ਕਹਿਣ ‘ਤੇ ਦੂਜੀ ਵਾਰ ਲਿਖ ਰਿਹਾ ਹਾਂ। ਪਹਿਲਾ ਖਤ-ਲਿਖਿਆ ਹੀ ਗਵਾਚ ਗਿਆ ਸੀ)

ਮੈਂ ਨਹੀਂ ਸਮਝਦਾ ਕਿ ਉਸ ਸਾਲ ਦੇ ਪਾਸ਼ ਪੁਰਸਕਾਰ ਦਾ ਮੈਂ ਹੀ ਠੀਕ ਹੱਕਦਾਰ ਸਾਂ, ਪਰ ਇਹ ਚਿੱਠੀਆਂ ਪੜ੍ਹ ਕੇ ਮੈਨੂੰ ਇਸ ਗੱਲ ਦੀ ਡੂੰਘੀ ਤਸੱਲੀ ਹੈ ਕਿ ਪਾਸ਼ ਜਿਹੀ ਅਜ਼ੀਮ ਹਸਤੀ ਮੈਨੂੰ ਕਹਾਣੀਕਾਰ ਮੰਨਦੀ ਸੀ। ਇਹ ਚਿੱਠੀਆਂ ਮੇਰੇ ਲਈ ‘ਕਹਾਣੀਕਾਰ ਹੋਣ ਦਾ’ ਪ੍ਰਮਾਣ-ਪੱਤਰ ਹਨ।
ਇੰਜ ਹੀ ਇਕ ਹੋਰ ਤਿੰਨ ਸਤਰਾਂ ਦਾ ਖਤ ਵੀ ਲੱਭਾ। ਇਸ ਖਤ ਵਿਚ ਪਾਸ਼ ਨੇ ਮੇਰੇ ਵਿਆਹ ਦੀ ਵਧਾਈ ਦਿੰਦਿਆਂ ਲਿਖਿਆ ਸੀ:
ਰਜਵੰਤ ਤੇ ਵਰਿਆਮ
ਸਾਡੇ ਵੀ ਹਿੱਸੇ ਦਾ ਜੀਅ ਲੈਣਾ।
ਤੁਹਾਡਾ ਆਪਣਾ
ਪਾਸ਼
ਉਦੋਂ ਅਜੇ ਪਾਸ਼ ਨੇ ਆਪਣੀ ਬਹੁ-ਚਰਚਿਤ ਕਵਿਤਾ ‘ਵਿਦਾ ਹੋਣ ਤੋਂ ਪਹਿਲਾਂ’ ਨਹੀਂ ਸੀ ਲਿਖੀ ਜਿਸ ਦੀਆਂ ਅੰਤਲੀਆਂ ਸਤਰਾਂ ਇਸ ਤਰ੍ਹਾਂ ਸਨ:
ਤੂੰ ਇਹ ਸਾਰਾ ਈ ਕੁਝ
ਭੁੱਲ ਜਾਵੀਂ ਮੇਰੀ ਦੋਸਤ
ਸਿਵਾ ਇਸ ਦੇ
ਕਿ ਮੈਨੂੰ ਜੀਣ ਦੀ ਬਹੁਤ ਲੋਚਾ ਸੀ
ਕਿ ਮੈਂ ਗਲ ਤੀਕਰ ਜ਼ਿੰਦਗੀ
ਡੁੱਬਣਾ ਚਾਹੁੰਦਾ ਸਾਂ
ਮੇਰੇ ਵੀ ਹਿੱਸੇ ਦਾ ਜੀਅ ਲੈਣਾ ਮੇਰੀ ਦੋਸਤ
ਮੇਰੇ ਵੀ ਹਿੱਸੇ ਦਾ ਜੀਅ ਲੈਣਾ।
ਆਪਣੀ ਦੋਸਤ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਸਾਨੂੰ ਦੋਵਾਂ ਜੀਆਂ ਨੂੰ ‘ਆਪਣੇ ਹਿੱਸੇ ਦਾ ਜੀਅ ਲੈਣਾ’ ਆਖਣ ਵਾਲਾ ਪਾਸ਼ ਸ਼ਾਇਦ ਸਾਨੂੰ ਵੀ ਕਿੰਨਾ ਆਪਣਾ ਪਿਆਰਾ ਦੋਸਤ ਸਮਝਦਾ ਹੋਵੇ!
ਅੱਜ ਇਹ ਖਤ ਉਸ ਦੇ ਮੇਰੇ ਵਰਗੇ ਸਾਰੇ ‘ਆਪਣੇ ਦੋਸਤਾਂ’ ਨੂੰ ਪੁੱਛ ਰਿਹਾ ਲੱਗਦਾ ਹੈ ਕਿ ਕੀ ਅਸੀਂ ਵਾਕਿਆ ਹੀ ਪਾਸ਼ ਵਾਂਗ ‘ਉਸ ਦੇ ਹਿੱਸੇ ਦਾ’ ਉਸ ਵਰਗਾ ਸ਼ਾਨਾ-ਮੱਤਾ ਜੀਵਨ ‘ਜੀਅ’ ਰਹੇ ਹਾਂ ਕਿ ਆਪਣੇ ਹਿੱਸੇ ਦਾ ਜੀਵਨ ‘ਢੋ’ ਰਹੇ ਹਾਂ!!!

ਚੇਤਿਆਂ ਵਿਚ ਲਿਸ਼ਕ ਉਠੇ ਪਾਸ਼ ਨਾਲ ਜੁੜਿਆਂ ਇਕ ਯਾਦਗਾਰੀ ਬਿਰਤਾਂਤ ਵੀ ਸਾਂਝਾ ਕਰਨ ਨੂੰ ਜੀ ਕਰ ਆਇਆ ਹੈ।
1971-72 ਦਾ ਸਾਲ ਸੀ ਸ਼ਾਇਦ। ਨਕੋਦਰ ਵਿਚ ‘ਕ੍ਰਾਂਤੀਕਾਰੀ ਲੇਖਕਾਂ’ ਨੇ ਕਾਨਫਰੰਸ ਕੀਤੀ। ਪਰਚੇ ਪੜ੍ਹੇ ਗਏ, ਗਰਮਾ-ਗਰਮ ਤਕਰੀਰਾਂ ਹੋਈਆਂ। ਸਰਕਾਰ ਦੀਆਂ ਨੀਤੀਆਂ ਤੇ ਪੁਲਿਸ ਦੀਆਂ ਵਧੀਕੀਆਂ ਖਿਲਾਫ ਰੋਹਦਾਰ ਆਵਾਜ਼ ਬੁਲੰਦ ਹੋਈ। ਫਿਰ ਨਕੋਦਰ ਦੇ ਬਾਜ਼ਾਰਾਂ ਵਿਚ ਜੋਸ਼ੀਲੇ ਨਾਅਰੇ ਲਾਉਂਦਾ ਲੇਖਕਾਂ ਦਾ ਜਲੂਸ ਨਿਕਲਿਆ। ਰਾਤ ਨੂੰ ਕਵੀ ਦਰਬਾਰ ਸੀ। ਸਵੇਰ ਵਾਲੀ ਕਾਨਫਰੰਸ ਤੇ ਰਾਤ ਵਾਲੇ ਕਵੀ ਦਰਬਾਰ ਦੀ ਸਟੇਜ ਨਕੋਦਰ ਦੇ ਥਾਣੇ ਨਾਲ ਲੱਗਵੀਂ ਕੰਧ ਨਾਲ ਬਣੀ ਹੋਈ ਸੀ। ਕਵੀਆਂ ਦੀਆਂ ਕਵਿਤਾਵਾਂ ਵੀ ਰੋਹ ਤੇ ਰੰਜ ਨਾਲ ਭਰੀਆਂ ਹੋਈਆਂ ਸਨ। ਮੈਂ ਪਹਿਲੀ ਵਾਰ ਕਿਸੇ ਕਵੀ ਦਰਬਾਰ ਵਿਚ ਆਪਣਾ ਗੀਤ ਗਾ ਕੇ ਪੜ੍ਹਿਆ।
ਇਸ ਕਾਨਫਰੰਸ ਦੇ ਮੁੱਖ ਕਰਨਧਾਰਾਂ ਵਿਚ ਪਾਸ਼ ਵੀ ਸੀ। ਉਹ ਕੁਝ ਚਿਰ ਹੋਇਆ ਜੇਲ੍ਹ ਵਿਚੋਂ ਰਿਹਾ ਹੋ ਕੇ ਆਇਆ ਸੀ। ਉਨ੍ਹੀਂ ਦਿਨੀਂ ਉਹਦੀ ਬੜੀ ਚੜ੍ਹਤ ਸੀ। ਕਈ ਲੇਖਕਾਂ ਨੇ ਤਾਂ ਉਹਨੂੰ ਪਹਿਲੀ ਵਾਰ ਵੇਖਿਆ ਸੀ। ਉਹ ਸਵੇਰ ਦੇ ਪ੍ਰੋਗਰਾਮ ਵਿਚ ਬੋਲਿਆ ਨਹੀਂ ਸੀ। ਸਾਰੇ ਸਮਝਦੇ ਸਨ ਕਿ ਰਾਤ ਦੇ ਕਵੀ ਦਰਬਾਰ ਵਿਚ ਉਹ ਆਪਣੀ ਕਵਿਤਾ ਸੁਣਾਏਗਾ; ਆਪਣੇ ਅਨੁਭਵ ਸਾਂਝੇ ਕਰੇਗਾ। ਕਵੀ ਦਰਬਾਰ ਸਮਾਪਤੀ ‘ਤੇ ਪੁੱਜਾ ਤਾਂ ਸਟੇਜ ਸਕੱਤਰ ਨੇ ਪਾਸ਼ ਦਾ ਨਾਂ ਲਿਆ। ਪਾਸ਼ ਥਾਣੇ ਦੀ ਕੰਧ ਨਾਲ ਲੱਗੀ ਸਟੇਜ ‘ਤੇ ਖੜ੍ਹਾ ਹੋਇਆ। ਇਹੋ ਥਾਣਾ ਸੀ ਜਿਸ ਵਿਚ ਉਹਨੂੰ ਕਦੀ ਗ੍ਰਿਫਤਾਰ ਕਰ ਕੇ ਲਿਆਂਦਾ ਗਿਆ ਸੀ। ਉਸ ਨਾਲ ਜ਼ਿਆਦਤੀ ਕੀਤੀ ਗਈ ਸੀ। ਝੂਠਾ ਕਤਲ ਕੇਸ ਉਹਦੇ ਨਾਂ ਮੜ੍ਹਿਆ ਗਿਆ ਸੀ। ਸਪੀਕਰ ਦਾ ਮੂੰਹ ਵੀ ਥਾਣੇ ਵੱਲ ਸੀ। ਜ਼ਾਹਿਰ ਹੈ ਸਵੇਰ ਤੋਂ ਹੁਣ ਤੱਕ ਥਾਣੇ ਵਾਲੇ ਸਭ ਕੁਝ ਸੁਣਦੇ ਰਹੇ ਸਨ।
ਹੁਣ ਸਰੋਤੇ ਸੁਣਨਾ ਤੇ ਜਾਨਣਾ ਚਾਹੁੰਦੇ ਸਨ ਕਿ ਪਾਸ਼ ਕੀ ਬੋਲਦਾ ਹੈ। ਪਾਸ਼ ਨੇ ਕੋਈ ਭਾਸ਼ਨ ਨਹੀਂ ਕੀਤਾ। ਕੋਈ ਕਵਿਤਾ ਨਹੀਂ ਸੁਣਾਈ। ਉਸ ਨੇ ਅਸਮਾਨ ਵੱਲ ਬਾਂਹ ਉਚੀ ਚੁੱਕੀ ਤੇ ਗਰਜਵੀਂ ਆਵਾਜ਼ ਵਿਚ ਪੁਲਿਸ ਵਾਲਿਆਂ ਨੂੰ ਸੁਣਾ ਕੇ ਸਿਰਫ ਏਨਾ ਹੀ ਕਿਹਾ:
“ਗਾਲ੍ਹਾਂ ਕੱਢੀਆਂ ਗਲੀ ਵਿਚ ਖੜ੍ਹ ਕੇ, ਮਾਣ ਭਰਾਵਾਂ ਦੇ”।
ਏਨੀ ਆਖ ਕੇ ਉਹ ਸਟੇਜ ਤੋਂ ਉਤਰ ਆਇਆ। ਤਾੜੀਆਂ ਦੀ ਗੜਗੜਾਹਟ ਨਾਲ ਮੈਦਾਨ ਤੇ ਅਸਮਾਨ ਗੂੰਜ ਉਠਿਆ। ਇੱਕੋ ਗੱਲ ਵਿਚ ਸਾਰੀ ਗੱਲ ਆਖੀ ਗਈ ਸੀ। ਭਰਾਵਾਂ ਦਾ ਮਾਣ ਤੇ ਲੋਕਾਂ ਦੀ ਤਾਕਤ ਪਿੱਠ ਪਿੱਛੇ ਹੋਵੇ ਤਾਂ ਬੰਦਾ ਆਪਣੇ ਹਿੱਸੇ ਦੀ ਲੜਾਈ ਬੁਲੰਦ ਇਰਾਦਿਆਂ ਨਾਲ ਲੜ ਸਕਦਾ ਹੈ। ਦੁਸ਼ਮਣ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਲਲਕਾਰ ਸਕਦਾ ਹੈ। ਭਰਾ ਨਾਲ ਨਾ ਹੋਣ ਤਾਂ ਮਿਰਜ਼ੇ ਵਰਗੇ ਜਵਾਨ ਦੀ ਵੀ ਦੁਸ਼ਮਣਾਂ ਦੇ ਵਾਰ ਸਹਿੰਦਿਆਂ ਧਾਹ ਨਿਕਲ ਜਾਂਦੀ ਹੈ, “ਜੱਟ ਬਾਂਝ ਭਰਾਵਾਂ ਮਾਰਿਆ, ਕੋਈ ਨਾ ਮਿਰਜ਼ੇ ਦੇ ਸੰਗ।”

ਇਹ 1972 ਦੀ ਗੱਲ ਹੈ। ਪਾਰਟੀ ਦੇ ਸਾਹਿਤਕ ਸੈੱਲ ਦੀ ਮੀਟਿੰਗ ਵਿਚ ਮੈਂ ਹੇਠਲੀ ਕਵਿਤਾ ਸੁਣਾਈ। ਅਸੀਂ ਅਜਿਹੀਆਂ ਮੀਟਿੰਗਾਂ ਵਿਚ ਆਪਣੀਆਂ ਨਵੀਆਂ ਲਿਖਤਾਂ ਵੀ ਸੁਣਾਉਂਦੇ ਤੇ ਨਵੇਂ ਸਾਹਿਤਕ ਰੁਝਾਨਾਂ ਬਾਰੇ ਗੱਲਬਾਤ ਵੀ ਕਰਦੇ। ਮੀਟਿੰਗ ਪਿਛੋਂ ਪਾਸ਼ ਨੇ ਮੇਰੇ ਇਕ ਸ਼ਿਅਰ ਦੀ ਤਾਰੀਫ ਤੇ ਅਜਿਹੀ ਵਿਆਖਿਆ ਕੀਤੀ ਜੋ ਮੇਰੇ ਸੋਚੇ ਤੋਂ ਵੱਖਰੀ ਸੀ। ਦੋਵਾਂ ਦੀ ਵਿਆਖਿਆ ਸੁਣਨ ਤੋਂ ਪਹਿਲਾਂ ਨਜ਼ਮ ਪੜ੍ਹ ਲਵੋ:
ਡਿੱਗਾ ਟੁੱਟ ਕੇ ਜੋ ਧਰਤੀ ‘ਤੇ ਟਾਹਣ ਹਾਣੀਆਂ।
ਉਹਦਾ ਰੁੱਖ ‘ਤੇ ਰਿਹਾ ਨ ਕੋਈ ਮਾਣ ਹਾਣੀਆਂ।
ਅਸੀਂ ਗੱਡੇ ਗਏ ਚੌਰਾਹੇ ਵਿਚ ਬੁੱਤ ਬਣ ਕੇ,
ਜਦੋਂ ਆਪਣੇ ਹੀ ਭੁੱਲ ਗਏ ਪਛਾਣ ਹਾਣੀਆਂ।
ਸੂਲੀ ਮਰ ਗਈ ਸ਼ਰਮ ਨਾਲ ਜਦੋਂ ਓਸ ਤੋਂ,
ਆਇਆ ਉਤਰ ਜਿਊਂਦਾ ਇਨਸਾਨ ਹਾਣੀਆਂ।
ਕੇਹਾ ਵਿਛੜੇ ਕਿ ਧਰਤੀ ‘ਤੇ ਰਹਿੰਦਿਆਂ ਵੀ ਤੂੰ,
ਸਾਡੇ ਲਈ ਤਾਂ ਬਣ ਗਿਓਂਂ ਅਸਮਾਨ ਹਾਣੀਆਂ।
ਫੁੱਲਾਂ ਜਿਹੇ ਲੋਕ ਡਾਂਗਾਂ ਨਾਲ ਤੋੜ-ਤੋੜ ਕੇ,
ਮਾਲੀ ਸਾਜਦਾ ਪਿਆ ਹੈ ਗੁਲਦਾਨ ਹਾਣੀਆਂ।
ਉਹਨੂੰ ਆਖਿਆ ਕਿ ਮੂੰਹ ਤੋਂ ਮੇਰਾ ਖੂਨ ਪੂੰਝ ਲੈ,
ਉਹਨੇ ਮੰਨ ਲਿਆ ਇਹਨੂੰ ਅਪਮਾਨ ਹਾਣੀਆਂ।
ਸਾਡੀ ਹਿੱਕ ਨੂੰ ਲਤਾੜਦੇ ਜਹਾਜ਼ ਇਕ ਦਿਨ,
ਡੁੱਬ ਜਾਣੇ ਜਦੋਂ ਉਠਿਆ ਤੂਫਾਨ ਹਾਣੀਆਂ।
ਪਾਸ਼ ਕਹਿੰਦਾ ਤੇਰਾ ਇਹ ਸ਼ਿਅਰ ਬਹੁਤ ਵਧੀਆ ਹੈ:
ਸੂਲੀ ਮਰ ਗਈ ਸ਼ਰਮ ਨਾਲ ਜਦੋਂ ਓਸ ਤੋਂ,
ਆਇਆ ਉਤਰ ਜਿਊਂਦਾ ਇਨਸਾਨ ਹਾਣੀਆਂ।
ਤੂੰ ਉਨ੍ਹਾਂ ਲੋਕਾਂ ‘ਤੇ ਬੜਾ ਵਧੀਆ ਵਿਅੰਗ ਕੀਤਾ ਹੈ ਜੋ ਮੌਤ ਤੋਂ ਡਰਦੇ ਮੈਦਾਨ ਛੱਡ ਜਾਂਦੇ ਨੇ।
ਮੈਂ ਉਹਦੀ ਪ੍ਰਸ਼ੰਸਾ ਸਵੀਕਾਰ ਕਰ ਲਈ ਪਰ ਇਹ ਨਾ ਦੱਸਿਆ ਕਿ ਮੈਂ ਤਾਂ ਇਹਦੇ ਅਰਥ ਇੰਜ ਕਰਦਾਂ ਕਿ ਜਦੋਂ ਕੋਈ ਆਪਣੇ ਆਦਰਸ਼ ਦੀ ਖਾਤਰ ਬੇਖੌਫ ਹੋ ਕੇ ਸੂਲੀ ਚੜ੍ਹ ਗਿਆ ਤੇ ਲੋਕ-ਚੇਤਿਆਂ ਵਿਚ ਸਦਾ ਲਈ ਅਮਰ ਹੋ ਗਿਆ ਤਾਂ ਉਹਨੂੰ ਮਾਰਨ ਦਾ ਭਰਮ ਪਾਲਣ ਵਾਲੀ ਸੂਲੀ ਜਾਂ ਸੂਲੀ ਚੜ੍ਹਾਉਣ ਦਾ ਹੁਕਮ ਦੇ ਕੇ ਉਹਨੂੰ ਮਾਰਨ ਵਾਲੇ ਖੁਦ ਸ਼ਰਮ ਨਾਲ ਮਰ ਗਏ ਜਾਂ ਉਨ੍ਹਾਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਕਿਉਂਕਿ ਉਹ ਧਿਰਾਂ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੀਆਂ।
ਪਰ ਪਾਸ਼ ਦੇ ਅਰਥ ਦੱਸਦੇ ਨੇ ਕਿ ਇਕੋ ਕਵਿਤਾ ਦੇ ਇਕ ਤੋਂ ਵੱਧ ਅਰਥ ਵੀ ਹੋ ਸਕਦੇ ਨੇ।

ਪਾਸ਼ ਦੇ ਕਤਲ ਤੋਂ ਕੁਝ ਹੀ ਦਿਨ ਬਾਅਦ ਲਿਖਿਆ ਮਹਿਬੂਬ ਦਾ ਖਤ…
ਨਿਮਨ ਲਿਖਤ ਸਤਰਾਂ ਹਰਿੰਦਰ ਸਿੰਘ ਮਹਿਬੂਬ ਵਲੋਂ ਗੁਰਦਿਆਲ ਬੱਲ ਨੂੰ ਲਿਖੇ ਖਤ ਵਿਚੋਂ ਲਈਆਂ ਗਈਆਂ ਹਨ। ਇਹ ਖਤ 31-3-88 ਨੂੰ ਪਾਸ਼ ਦੇ ਕਤਲ ਤੋਂ ਹਫਤਾ ਕੁ ਬਾਅਦ ਦਾ ਲਿਖਿਆ ਹੋਇਆ ਹੈ। ਮੈਂ ਸਿਰਫ ਇਸ ਖਤ ਦਾ ਉਹੋ ਹਿੱਸਾ ਉਧਰਿਤ ਕੀਤਾ ਹੈ ਜੋ ਪਾਸ਼ ਦੇ ਕਤਲ ਨਾਲ, ਅਤੇ ਮਹਿਬੂਬ ਵਲੋਂ ਕੀਤੇ ‘ਅਫਸੋਸ’ ਨਾਲ ਸਬੰਧਿਤ ਹੈ। ਇਹ ਖਤ ਅਮਰੀਕਾ ਤੋਂ ਛਪਦੀ ਅਖਬਾਰ ‘ਪੰਜਾਬ ਟਾਈਮਜ਼’ ਵਿਚ ਛਪਿਆ ਹੈ:
… ਮੈਨੂੰ ਪਾਸ਼ ਦੀ ਮੌਤ ਉਤੇ ਬਹੁਤ ਤਰਸ ਆਇਆ। ਅਸੀਂ ਇਕ ਅਜੀਬ ਬੇਰਹਿਮ ਸਮੇਂ ਵਿਚੋਂ ਗੁਜ਼ਰ ਰਹੇ ਹਾਂ। ਪਾਸ਼ ਇਮਾਨਦਾਰ ਜ਼ਰੂਰ ਸੀ ਪਰ ਅਜਿਹੇ ਸੰਕਟ ਲੱਦੇ ਸਮੇਂ ਵਿਚ ਜ਼ਖਮੀ ਦਿਲਾਂ ਦੇ ਸਭ ਪਹਿਲੂਆਂ ਦਾ ਜਾਇਜ਼ਾ ਲਏ ਬਿਨਾ ਇਮਾਨਦਾਰੀ ਦਾ ਹਥਿਆਰ ਵਰਤਣਾ ਗਲਤੀ ਵੀ ਹੋ ਸਕਦੀ ਹੈ। ਹੋ ਸਕਦਾ ਹੈ, ਕਤਲ ਹੋਣ ਵਾਲੇ ਦੀ ਇਮਾਨਦਾਰੀ ਦਾ ਘੇਰਾ ਛੋਟਾ ਹੋਵੇ ਤੇ ਕਾਤਲ ਦੇ ਜ਼ਖਮੀ ਦਿਲ ਦੀ ਪੀੜ ਵੱਡੀ ਹੋਵੇ। ਫਿਰ ਵੀ ਅਸੀਂ ਇਨਸਾਨ ਹਾਂ, ਤੇ ਰਹਿਮ ਦੇ ਸਹਾਰੇ ਹੀ ਦਿਲ ਦਾ ਲਹੂ ਜ਼ਿੰਦਾ ਹੈ। ਇਮਾਨ ਦੇ ਕਿਸੇ ਵੀ ਨੁਕਤੇ ਉਤੇ ਖਲੋ ਕੇ ਰਹਿਮ ਕੀਤਾ ਜਾ ਸਕਦਾ ਹੈ। -ਹਰਿੰਦਰ ਸਿੰਘ, ਗੜ੍ਹਦੀ ਵਾਲਾ, 31-3-88

ਮੇਰੀ ਅਲਪ-ਬੁੱਧ ਨੂੰ ਤਾਂ ਇਹੋ ਹੀ ਲੱਗਾ ਹੈ ਕਿ ਇਹ ਖਤ ਪਾਸ਼ ਦੇ ਕਤਲ ਨੂੰ ਹੱਕ-ਬ-ਜਾਨਬ ਠਹਿਰਾਉਂਦਾ ਹੈ। ਮਹਿਬੂਬ ਪਾਸ਼ ਨੂੰ ‘ਇਮਾਨਦਾਰ’ ਤਾਂ ਆਖਦਾ ਹੈ ਪਰ ਉਸ ਦੀ ‘ਇਮਾਨਦਾਰੀ’ ਨਾਲ ਧਿਰ ਬਣ ਕੇ ਖਲੋਤਾ ਨਹੀਂ ਹੋਇਆ ਸਗੋਂ ‘ਕਾਤਲ ਧਿਰ ਦੇ ਜ਼ਖਮੀ ਦਿਲ ਦੀ ਵੱਡੀ ਪੀੜ’ ਨਾਲ ਖਲੋਤਾ ਨਜ਼ਰ ਆਉਂਦਾ ਹੈ। ਉਹ ‘ਇਮਾਨ’ ਦੇ ‘ਕਿਸੇ ਹੋਰ’ ਨੁਕਤੇ ‘ਤੇ ਖਲੋਤਾ ਹੈ। ਇਸ ਨੁਕਤੇ ਤੋਂ ਉਸ ਦੀ ‘ਇਮਾਨਦਾਰ’ ਨਜ਼ਰ ਨੂੰ ਪਾਸ਼ ਦਾ ਕਤਲ ਕਰਨ ਵਾਲੀ ਧਿਰ ਦਾ ‘ਐਕਸ਼ਨ’ ਠੀਕ ਲੱਗਦਾ ਜਾਪਦਾ ਹੈ। ਪਾਸ਼ ਦੀ ਇਮਾਨਦਾਰੀ ਦਾ ਘੇਰਾ ਛੋਟਾ ਆਖਣ ਤੋਂ ਭਾਵ ਉਸ ਨੂੰ ਇਕ ਤਰ੍ਹਾਂ ‘ਬੇਸਮਝ’ ਆਖਣ ਤੋਂ ਵੀ ਹੈ ਜਿਹੜਾ ‘ਸਮੇਂ ਦੀ ਨਬਜ਼’ ਨਹੀਂ ਸੀ ਪਛਾਣ ਸਕਿਆ ਤੇ ਜਿਸ ਵਿਚ ‘ਕਾਤਲਾਂ ਦੇ ਜ਼ਖਮੀ ਦਿਲ ਦੇ ਦਰਦ’ ਨੂੰ ਸਮਝਣ ਤੇ ਮਹਿਸੂਸਣ ਦੀ ਸੋਝੀ ਨਹੀਂ ਸੀ। ਮਹਿਬੂਬ ਕਹਿੰਦਾ ਲੱਗਦਾ ਹੈ ਕਿ ਪਾਸ਼ ਨੇ ‘ਜ਼ਖਮੀ ਦਿਲਾਂ ਨੂੰ ਦੁਖਾ ਕੇ ਗਲਤੀ ਕੀਤੀ ਤੇ ਉਸ ਦਾ ਫਲ ਉਸ ਨੂੰ ਭੁਗਤਣਾ ਹੀ ਪੈਣਾ ਸੀ!’ ਮਹਿਬੂਬ ਸ਼ਾਇਦ ਇਹ ਕਹਿਣਾ ਚਾਹ ਰਿਹਾ ਹੈ ਕਿ ‘ਪਾਸ਼ ਵਰਗੇ ਅਜਿਹੇ ਬੰਦੇ ਅਣਆਈ-ਮੌਤ ਮਰਦੇ ਹੀ ਹੁੰਦੇ ਨੇ!’
ਪਾਸ਼ ਦੀ ਮੌਤ ‘ਤੇ ਉਸ ਵਲੋਂ ਕੀਤਾ ‘ਅਫਸੋਸ’ ਵੀ ‘ਇਮਾਨ’ ਦੇ ਉਸ ਨੁਕਤੇ ਤੇ ਖਲੋ ਕੇ ਹੀ ਕੀਤਾ ਗਿਆ ਹੈ ਜਿਥੋਂ ‘ਪਾਸ਼ ਦੀ ਇਮਾਨਦਾਰੀ’ ਨੂੰ ‘ਇਮਾਨਦਾਰੀ’ ਆਖਣਾ ਵੀ ਐਵੇਂ ਸ਼ਬਦਾਂ ਦਾ ਹੇਰ-ਫੇਰ ਹੀ ਹੈ। ਅਸਲ ਵਿਚ ਏਥੇ ‘ਇਮਾਨਦਾਰੀ’ ਦੇ ਅਰਥ ‘ਮੂਰਖਤਾ’ ਨਿਕਲਦੇ ਜਾਪਦੇ ਨੇ।
ਜੇ ਮੇਰੇ ਵਿਚਾਰਾਂ ਦੀ ਕੋਈ ਤੁਕ ਬਣਦੀ ਹੈ ਤਾਂ ਮੇਰੀ ਇੱਛਾ ਹੈ ਕਿ ‘ਮਹਾਨ ਸਿੱਖ ਵਿਦਵਾਨ’ ਕਰ ਕੇ ਜਾਣੇ ਅਤੇ ਪ੍ਰਚਾਰੇ ਜਾਂਦੇ ਮਹਿਬੂਬ ਦੀ ‘ਸਿੱਖੀ’ ਅਤੇ ਉਸ ਦਾ ‘ਦਰਦਮੰਦ ਦਿਲ’ ਵੀ ਲੋਕ ਵੇਖ ਲੈਣ।
ਉਸ ਮਹਿਬੂਬ ਦਾ ਜਿਸ ਨੇ ਸਾਹਿਤ ਅਕਾਦਮੀ ਦਾ ਇਨਾਮ ਲੈਣ ਲਈ ਆਪਣੀ ਕਿਤਾਬ ਵਿਚੋਂ ਇੰਦਰਾ ਗਾਂਧੀ ਦੇ ਖਿਲਾਫ ਲਿਖੀ ਕਵਿਤਾ ਪਾੜ ਸੁੱਟੀ ਸੀ। ਦੂਜੇ ਪਾਸੇ ਇਹ ਪਾਸ਼ ਹੀ ਸੀ ਜਿਹੜਾ ਆਪਣੀ ਕਵਿਤਾ ਦੀ ਅਜ਼ਮਤ ਦੀ ਬਹਾਲੀ ਲਈ ਕੁਰਬਾਨ ਹੋ ਗਿਆ।