ਮਨੁੱਖੀ ਅਧਿਕਾਰਾਂ ਦਾ ਮਸੀਹਾ ਜਸਵੰਤ ਸਿੰਘ ਖਾਲੜਾ

ਮਨੁੱਖੀ ਹੱਕਾਂ ਲਈ ਜੂਝਣ ਵਾਲੇ ਜਸਵੰਤ ਸਿੰਘ ਖਾਲੜਾ ਬਾਰੇ ਇਹ ਲੇਖ ਉਘੇ ਪੱਤਰਕਾਰ (ਮਰਹੂਮ) ਦਲਬੀਰ ਸਿੰਘ ਦਾ ਲਿਖਿਆ ਹੋਇਆ ਹੈ। ਇਸ ਵਿਚ ਭਾਈ ਖਾਲੜਾ ਦੇ ਜੀਵਨ ਸਫਰ, ਮਿਸ਼ਨ ਅਤੇ ਜੀਵਨ ਦੀਆਂ ਆਖਰੀ ਘੜੀਆਂ ਬਾਰੇ ਚਰਚਾ ਕੀਤੀ ਗਈ ਹੈ।

-ਸੰਪਾਦਕ

ਦਲਬੀਰ ਸਿੰਘ ਪੱਤਰਕਾਰ*

ਸਿੱਖੀ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਮੂਲਮੰਤਰ ਦਾ ਉਚਾਰਨ ਕਰ ਕੇ ਗਿਆਨ ਦੇ ਪੱਖੋਂ ਕੁੱਜੇ ਵਿਚ ਸਮੁੰਦਰ ਬੰਦ ਕਰ ਦਿੱਤਾ। ਹਰ ਸਿੱਖ ਨੂੰ ਉਪਦੇਸ਼ ਕੀਤਾ ਕਿ ਉਹ ਇਸ ਮੂਲਮੰਤਰ, ਜਪੁਜੀ ਸਾਹਿਬ, ਆਸਾ ਦੀ ਵਾਰ ਤੇ ਸਮੁੱਚੀ ਗੁਰਬਾਣੀ ਵਿਚ ਕੀਤੀ ਗਈ ਵਿਆਖਿਆ ਦਾ ਸਿਮਰਨ ਕਰ ਕੇ ਹਰ ਸਮੇਂ ਆਪਣੀ ਨਿਮਾਣੀ ਹੋਂਦ ਨੂੰ ਚੇਤੇ ਰੱਖੇ। ਉਹ ਚੇਤੇ ਰਖੇ ਕਿ ਉਹ ਜੰਮਿਆ ਸੀ, ਉਸ ਨੇ ਮਰਨਾ ਵੀ ਹੈ। ਇਸ ਸਫਰ ਵਿਚ ਉਸ ਨੇ ਕਿਰਤ ਵੀ ਕਰਨੀ ਹੈ ਅਤੇ ਕਿਰਤ ਕਰ ਕੇ ਜੋ ਕੁਝ ਪ੍ਰਾਪਤ ਹੁੰਦਾ ਹੈ, ਉਸ ਨੂੰ ਵੰਡ ਛਕਣਾ ਹੈ। ਸਮਾਜ ਦਾ ਸਿਰਫ ਅੰਗ ਬਣ ਕੇ ਹੀ ਨਹੀਂ ਰਹਿਣਾ, ਸਗੋਂ ਉਸ ਨੂੰ ਬਣਾਉਣ, ਸੰਵਾਰਨ ਲਈ ਸਦਾ ਤਤਪਰ ਰਹਿਣਾ ਹੈ। ਸਰਬਤ ਦਾ ਭਲਾ ਜਾਂ ‘ਸਭੇ ਸਾਝੀਵਾਲ ਸਦਾਇਨਿ ਤੂੰ ਕੋਈ ਨਾ ਦਿਸਹਿ ਬਾਹਰਾ ਜੀਉ’ ਦੇ ਮਾਰਗ ਉਤੇ ਚਲਦਿਆਂ ਵਿਅਕਤੀ, ਸਿਰਦਾਰ ਕਪੂਰ ਸਿੰਘ ਦੇ ਕਥਨ ਅਨੁਸਾਰ, ਆਪਣੇ ਨਿੱਜ ਨੂੰ ਛਡ ਕੇ ਸਿਰਫ ਤੇ ਸਿਰਫ ਸੱਚ ਨੂੰ ਸਮਰਪਿਤ ਹੋ ਜਾਵੇ ਤਾਂ ਉਹ ਖਾਲਸਾ ਹੋ ਨਿਬੜਦਾ ਹੈ।
ਉਹ ਭਾਗਾਂ ਵਾਲੇ ਮਨੁੱਖ ਕਹੇ ਜਾ ਸਕਦੇ ਹਨ, ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਰਾਹੀਂ ਆਪਣੀ ਚੇਤੰਨ ਸੋਝੀ ਅਧੀਨ ਸਿੱਖੀ ਦਾ ਮਾਰਗ ਚੁਣਨ ਦਾ ਮੌਕਾ ਮਿਲਿਆ। ਭਾਈ ਜਸਵੰਤ ਸਿੰਘ ਖਾਲੜਾ ਨੂੰ ਬਚਪਨ ਵਿਚ ਹੀ ਅਜਿਹਾ ਲੋਕ ਸੇਵਾ ਦਾ ਮਾਰਗ ਚੁਣਨ ਲਈ ‘ਗੁਰਪ੍ਰਸਾਦਿ’ ਸੁਭਾਗ ਪ੍ਰਾਪਤ ਹੋਇਆ। ਚੜ੍ਹਦੀ ਜਵਾਨੀ ਦੀ ਉਮਰੇ ਉਸ ਨੂੰ ਮਾਰਕਸਵਾਦ ਨੇ ਖਿਚਿਆ। ਭਾਈ ਖਾਲੜਾ ਨਕਸਲਬਾੜੀ ਲਹਿਰ ਦਾ ਸਮਰਥਕ ਬਣਿਆ। ਹੱਥ ਵਿਚ ਝੋਲਾ ਫੜ ਧੂੜ ਭਰੇ ਰਾਹਾਂ ਉਤੇ ਪਿੰਡਾਂ ਦੇ ਚੱਕਰ ਕੱਢੇ। ਗਰੀਬਾਂ ਦੇ ਹੌਕਿਆਂ ਵਿਚ ਸਾਹ ਮਿਲਾਇਆ। ਕਿਧਰੇ-ਕਿਧਰੇ ਉਨ੍ਹਾਂ ਨਾਲ ਦੁੱਖ ਤਕਲੀਫਾਂ ਸਾਂਝੀਆਂ ਕੀਤੀਆਂ, ਪਰ ਮਾਰਕਸਵਾਦ ਦੇ ਠੇਕੇਦਾਰਾਂ ਨੇ ਉਸ ਦੇ ਕਾਰਜ ਨੂੰ ਕਿਸੇ ਉਸਾਰੂ ਰੂਪ ਵਿਚ ਵਿਚਰਨ ਨਾ ਦਿੱਤਾ। ਕੌਮਾਂਤਰੀ ਪੱਧਰ ਉਤੇ 1917 ਵਿਚ ਹੋਏ ਰੂਸੀ ਇਨਕਲਾਬ ਪਿਛੋਂ ਬਣੇ ਰਾਜਪ੍ਰਬੰਧ ਨੂੰ ਖੋਰਾ ਲੱਗਾ। ਕੱਚੇ ਵਿਸ਼ਵਾਸ ਤਿੜਕੇ ਅਤੇ ਅੱਗੇ ਚੱਲ ਕੇ ਨਕਸਲਬਾੜੀ ਲਹਿਰ ਦੇ ਕਈ ਟੋਟੇ ਹੋਏ।
1978 ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਵਰਤਾਰਾ ਤੇਜ਼ ਝੱਖੜ ਵਾਂਗ ਪੰਜਾਬ ਤੇ ਸਿੱਖ ਭਾਈਚਾਰੇ ਉਪਰ ਛਾ ਗਿਆ। ਭਾਈ ਖਾਲੜਾ ਨੇ ਵੀ ਆਪਣੇ ਇਕ ਸਾਥੀ ਨਾਲ ਪੰਜਾਬ ਦੇ ਪਿੰਡਾਂ ਦੇ ਚੱਕਰ ਕੱਢਣੇ ਅਰੰਭ ਕੀਤੇ। ਵਿਚਾਰਾਂ ਦੀ ਭਟਕਣ ਤੇ ਜੀਵਨ ਨੂੰ ਸਥਿਰ ਰੱਖਣ ਲਈ ਉਹ ਖਾਲੜੇ ਤੋਂ ਅੰਮ੍ਰਿਤਸਰ, ਚੰਡੀਗੜ੍ਹ, ਦਿੱਲੀ ਅਤੇ ਹੋਰ ਅਨੇਕ ਥਾਂਈਂ ਜਾਂਦੇ, ਮਿੱਤਰਾਂ ਨਾਲ ਵਿਚਾਰ ਸਾਂਝੇ ਕਰਦੇ। ਪੁਰਾਣਿਆਂ ਨਾਲੋਂ ਸਬੰਧ ਤੋੜੇ ਤੇ ਨਵੇਂ ਸਬੰਧ ਜੋੜੇ।
ਇਹ ਸਭ ਕੁਝ ਕਿਉਂ ਵਾਪਰਿਆ? ‘ਗੁਰਪ੍ਰਸਾਦਿ’ ਸਦਕਾ ਟਿਮਟਿਮਾਉਂਦੀ ਰੌਸ਼ਨੀ ਉਨ੍ਹਾਂ ਨੂੰ ਖਿੱਚ ਪਾਉਂਦੀ ਸੀ ਅਤੇ ਉਸ ਰੌਸ਼ਨੀ ਦੀ ਭਾਲ ਉਨ੍ਹਾਂ ਕਰ ਲਈ। ਉਹ ਗੁਰਬਾਣੀ ਦੇ ਲੜ ਲਗ ਕੇ ਅੰਮ੍ਰਿਤਧਾਰੀ ਬਣ ਗਏ। ਹੁਣ ਮਜ਼ਦੂਰਾਂ, ਕਿਸਾਨਾਂ ਤੇ ਦੁਖੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਗੁਰਬਾਣੀ ਵਿਚੋਂ ਦਿਸਣ ਲੱਗਾ। ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਉਨ੍ਹਾਂ ਦੀ ਰੂਹ ਨੂੰ ਤ੍ਰਿਪਤ ਕਰਨ ਵਾਲੇ ਬਣ ਗਏ। ਗੁਰਬਾਣੀ ਵਿਚ ਅਟੁੱਟ ਸ਼ਰਧਾ ਪੂਰਨ ਦਲੀਲ ਦੇ ਆਧਾਰ ਉਤੇ ਉਨ੍ਹਾਂ ਨੂੰ ਰੌਸ਼ਨੀ ਦੇਣ ਲੱਗ ਪਈ। ਇਹ ਉਹ ਸਮਾਂ ਸੀ, ਜਦ ਇਕ ਦੁਸ਼ਟ ਨੇ ਪੰਜਾਬ ਦੀ ਧਰਤੀ ਉਤੇ ਪੈਰ ਰੱਖਿਆ। ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਕਾਲ ਤਖਤ ਸਾਹਿਬ ਦੀ ਬਰਬਾਦੀ ਦੇ ਨਾਲ ਅਨੇਕ ਹੋਰ ਗੁਰਧਾਮਾਂ ਨੂੰ ਪਲੀਤ ਕਰ ਮਾਰਿਆ। ਵੱਡੀ ਪੱਧਰ ਉਤੇ ਸਿੱਖਾਂ ਦੀ ਨਸਲਕੁਸ਼ੀ ਆਰੰਭ ਹੋ ਗਈ। ਤਸੀਹਾ ਕੇਂਦਰ ਥਾਂ-ਥਾਂ ਹੋਂਦ ਵਿਚ ਆ ਗਏ। ਸਿੱਖਾਂ ਦੀ ਅਣਖ ਰੋਲਣ ਲਈ ਅਤੇ ਉਨ੍ਹਾਂ ਨੂੰ ਹੀਣਭਾਵਨਾ ਵਿਚ ਪ੍ਰਵੇਸ਼ ਕਰਵਾਉਣ ਲਈ ਕੇ. ਪੀ. ਐਸ਼ ਗਿੱਲ ਨੇ ਡਿਊਟੀ ਸੰਭਾਲ ਲਈ। ਸ਼ਰਾਬੀ, ਕਬਾਬੀ ਤੇ ਅੱਯਾਸ਼ ਲੋਕ ਅਜਿਹੇ ਸਮਿਆਂ ਵਿਚ ਸਰਕਾਰਾਂ ਦੇ ਬਹੁਤ ਕੰਮ ਆਉਂਦੇ ਹਨ। ਮੱਸਾ ਰੰਘੜ ਹੋਵੇ ਜਾਂ ਫਿਰ ਕੋਈ ਹੋਰ। ਇਹ ਅਜਿਹੀ ਪਰੰਪਰਾ ਹੈ, ਜਿਥੇ ਮਨੁੱਖੀ ਜਾਮੇ ਵਿਚ ਵਿਅਕਤੀ ਵਹਿਸ਼ੀ ਹੋ ਨਿਬੜਦਾ ਹੈ। ਇਜ਼ਹਾਰ ਆਲਮ, ਗੋਬਿੰਦ ਰਾਮ, ਜਸਮਿੰਦਰ ਸਿੰਘ, ਹਰਿੰਦਰ ਸਿੰਘ ਚਾਹਲ, ਨਰਿੰਦਰ ਸਿੰਘ, ਸਮੇਧ ਸੈਣੀ, ਸ਼ਿਵ ਕੁਮਾਰ ਜਾਂ ਰਾਜਨੀਤਕ ਖੇਤਰ ਵਿਚਲੇ ਐਚ. ਕੇ. ਐਲ਼ ਭਗਤ, ਸੁਰਿੰਦਰਨਾਥ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਜਾਂ ਰਾਜੀਵ ਗਾਂਧੀ, ਇਹ ਸਾਰੇ ਇਸੇ ਹੀ ਤਾਂਡਵ ਨਾਚ ਦੇ ਖਲਨਾਇਕ ਹਨ। ਭਾਈ ਖਾਲੜਾ ਇਨ੍ਹਾਂ ਦੇ ਤਾਂਡਵ ਨਾਚ ਨੂੰ ਦੇਖਦਾ ਵੀ ਸੀ, ਪਛਾਣਦਾ ਵੀ ਸੀ ਅਤੇ ਅੰਤ ਵਿਚ ਆਪ ਵੀ ਉਸ ਨੇ ਇਹ ਹੰਢਾਇਆ।
ਕੁਝ ਇਸ ਕਿਸਮ ਦੀ ਪਿੱਠ-ਭੂਮੀ ਵਿਚ ਜਦ ਭਾਈ ਖਾਲੜਾ ਦੇ ਇਕ ਮਿੱਤਰ, ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ, ਗੁੰਮ ਹੋ ਗਏ ਤਾਂ ਆਮ ਢੰਗ ਨਾਲ ਉਸ ਦੀ ਭਾਲ ਕਰਨ ਪਿਛੋਂ ਉਸ ਦੇ ਪੁਲਿਸ ਮੁਕਾਬਲੇ ਦੀ ਗੱਲ ਕੰਨੀਂ ਪਈ। ਅੰਮ੍ਰਿਤਸਰ ਸ਼ਮਸ਼ਾਨਘਾਟ ਤੋਂ ਪਤਾ ਕਰਨ ਉਤੇ ਇਹ ਦੁਖਦਾਈ ਕਹਾਣੀ ਸੱਚੀ ਸਾਬਤ ਹੋਈ। ਅੱਗੇ ਜਾ ਕੇ ਉਸ ਮ੍ਰਿਤਕ ਮਨੁੱਖ ਦੇ ਇਕ ਹੋਰ ਸਾਥੀ ਦੀ ਮੌਤ ਦੀ ਜਾਣਕਾਰੀ ਵੀ ਮਿਲੀ। ਇਸੇ ਲੜੀ ਵਿਚ ਅਨੇਕ ਹੋਰ ‘ਅਣਪਛਾਤੀਆਂ ਲਾਸ਼ਾਂ’ ਦੇ ਸਸਕਾਰ ਦੀ ਗੱਲ ਧਿਆਨ ਵਿਚ ਆਈ। ਮਿਉਂਸਪਲ ਕਮੇਟੀ ਵਿਚੋਂ ਕਿੰਨੀਆਂ ਲੱਕੜਾਂ ਆਈਆਂ, ਕਲਰਕਾਂ ਨੇ ਉਨ੍ਹਾਂ ਵਿਚੋਂ ਕਿੰਨੀ ਰਿਸ਼ਵਤ ਖਾਧੀ ਅਤੇ ਫਿਰ ਤਰਨਤਾਰਨ ਤੇ ਪੱਟੀ ਦੇ ਸ਼ਮਸ਼ਾਨਘਾਟਾਂ ਵਿਚ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਤੇ ਕਿੰਨੀਆਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਹੋਏ, ਕਿੰਨੇ ਅਧ-ਸੜੇ ਮਨੁੱਖੀ ਅੰਗ ਕੁੱਤੇ ਵੀ ਖਾਂਦੇ ਰਹੇ- ਇਨ੍ਹਾਂ ਨਾਲ ਜੁੜੀਆਂ ਹੋਰ ਅਨੇਕ ਘਟਨਾਵਾਂ ਭਾਈ ਖਾਲੜਾ ਆਪਣੀ ਡਾਇਰੀ ਵਿਚ ਕਲਮਬੰਦ ਕਰਦੇ ਗਏ।
ਸ਼ਮਸ਼ਾਨਘਾਟ ਦੇ ਰਜਿਸਟਰਾਂ ਦੀਆਂ ਨਕਲਾਂ ਅਤੇ ਟਾਵੇਂ-ਟਾਵੇਂ ਮ੍ਰਿਤਕਾਂ ਦੇ ਨਾਂ-ਪਤੇ ਵੀ ਉਨ੍ਹਾਂ ਦੇ ਹੱਥ ਆ ਗਏ। ਸਮਾਂ ਬਹੁਤ ਕਲਯੁਗੀ ਸੀ। ਕੇ. ਪੀ. ਐਸ਼ ਗਿੱਲ ਦੇ ਜ਼ੁਲਮ ਵੀ ਕਿਸੇ ਮੀਰ ਮਨੂੰ ਨਾਲੋਂ ਘੱਟ ਨਹੀਂ ਸਨ। ਬੇਅੰਤ ਸਿੰਘ ਦੇ ਜ਼ੁਲਮੀ ਰਾਜ ਵਿਚ ਉਸ ਨੇ ਪੁਲਸੀ ਦਰਿੰਦਿਆਂ ਦੀ ਅਗਵਾਈ ਕੀਤੀ। ਜਿਹੜੇ ਗਿਰੋਹ ਇਸ ਲਈ ਸਿਰਜੇ ਹੋਏ ਸਨ, ਉਨ੍ਹਾਂ ਵਿਚੋਂ ਇਕ ਦੀ ਅਗਵਾਈ ਅਜੀਤ ਸਿੰਘ ਸੰਧੂ ਦੇ ਹੱਥ ਸੀ। 6 ਸਤੰਬਰ 1995 ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇਕ ਧਾੜ ਆਈ ਅਤੇ ਪਲੋ-ਪਲੀ ਦਿਨ ਵੇਲੇ ਭਾਈ ਖਾਲੜਾ ਦੇ ਕਬੀਰ ਪਾਰਕ ਵਾਲੇ ਘਰ ਵਿਚੋਂ ਉਨ੍ਹਾਂ ਨੂੰ ਜ਼ਬਰਦਸਤੀ ਚੁਕ ਕੇ ਲੈ ਗਈ।
ਕਾਰਨ? ਭਾਈ ਖਾਲੜਾ ਨੇ ‘ਅਣਪਛਾਤੀਆਂ ਲਾਸ਼ਾਂ’ ਦੀ ਕਹਾਣੀ ਜੱਗ ਜ਼ਾਹਰ ਕਰਦਿਆਂ ਅਮਰੀਕਾ, ਕੈਨੇਡਾ ਤੇ ਬਰਤਾਨੀਆ ਦੀਆਂ ਪਾਰਲੀਮੈਂਟਾਂ ਅਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸਿੱਖ ਮ੍ਰਿਤਕਾਂ ਦੀਆਂ ਲਿਸਟਾਂ ਉਨ੍ਹਾਂ ਨੂੰ ਦੇ ਦਿੱਤੀਆਂ ਸਨ। ਥੋੜ੍ਹੀ ਜਿਹੀ ਰਾਜਨੀਤੀ ਵਰਤਦਿਆਂ ਉਨ੍ਹਾਂ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਨੁੱਖੀ ਅਧਿਕਾਰ ਸੰਸਥਾ ਦਾ ਜਨਰਲ ਸਕੱਤਰ ਬਣਾਈ ਰੱਖਿਆ।
ਸਮਾਜੀ ਜੀਵਨ ਵਿਚ ਕਈ ਮੌਕੇ ਅਜਿਹੇ ਆਉਂਦੇ ਹਨ, ਜਦੋਂ ਦੁਸ਼ਟ ਤੋਂ ਦੁਸ਼ਟ ਵਿਅਕਤੀ ਵੀ ਆਪਣੇ ਆਪ ਨੂੰ ਖਤਰੇ ਵਿਚ ਘਿਰਿਆ ਹੋਇਆ ਦੇਖ ਕੇ ਲੋਕ ਲਾਜ ਨੂੰ ਮੁੱਖ ਰੱਖ ਕੇ ਆਪਣੀ ਰਾਖੀ ਦਾ ਉਪਰਾਲਾ ਕਰਦੇ ਹਨ। ਗਿੱਲ ਅਤੇ ਸੰਧੂ ਭਾਈ ਖਾਲੜਾ ਪਾਸੋਂ ਅਜਿਹੀ ਗੱਲ ਅਖਵਾਉਣਾ ਚਾਹੁੰਦੇ ਸਨ, ਜਿਸ ਨਾਲ ‘ਅਣਪਛਾਤੀਆਂ ਲਾਸ਼ਾਂ’ ਦੀ ਕਹਾਣੀ ਉਤੇ ਪਰਦਾ ਪਾਇਆ ਜਾ ਸਕੇ। ਭਾਈ ਖਾਲੜਾ ਦੀ ਇਸ ਪੈਂਤੜੇ ਉਤੇ ਆ ਕੇ ਪਰਖ ਦੀ ਘੜੀ ਆ ਗਈ ਸੀ। ਕਾਮਰੇਡੀ ਜੀਵਨ ਆਰੰਭ ਕਰ ਕੇ ਸਿੱਖੀ ਦਾ ਰਸਤਾ ਫੜਦਿਆਂ ਹੀ ਉਹ ਖਾਲਸਾ ਤੋਂ ਸ਼ਹੀਦ ਹੋ ਨਿਬੜਿਆ। ਇਹ ਪਰਖ ਦੀ ਘੜੀ ਉਦੋਂ ਆਈ, ਜਦੋਂ ਥਾਣਾ ਝਬਾਲ ਦੇ ਇਕ ਸੈੱਲ ਵਿਚ ਉਸ ਨੂੰ ਤਸੀਹੇ ਦਿੱਤੇ ਗਏ। ਗੱਲ ਸਿਰਫ ਏਨੀ ਸੀ ਕਿ ਭਾਈ ਖਾਲੜਾ ਨੇ ‘ਅਣਪਛਾਤੀਆਂ ਲਾਸ਼ਾਂ’ ਅਤੇ ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਜੋ ਕਿਹਾ ਹੈ, ਉਹ ਉਸ ਨੂੰ ਵਾਪਸ ਲੈ ਲਵੇ। ਭੰਨੀ ਹੋਈ ਦੇਹ ਰੂਪੀ ਖਾਲੜੇ ਨੂੰ ਅਜੀਤ ਸਿੰਘ ਸੰਧੂ ਨੇ ਆਪਣੇ ਘਰ ਮਾਨਾਂਵਾਲੇ (ਅੰਮ੍ਰਿਤਸਰ) ਵਿਖੇ ਕੇ. ਪੀ. ਐਸ਼ ਗਿੱਲ ਦੇ ਪੇਸ਼ ਕੀਤਾ ਤਾਂ ਭਾਈ ਖਾਲੜਾ ਸਿੱਖੀ ਦੇ ਰਾਹ ਉਤੇ ਚਲਦਾ ਹੋਇਆ ਖਾਲਸਾ ਸੋਝੀ ਤਾਈਂ ਪਹੁੰਚ ਚੁਕਾ ਸੀ। ਵਕਤ ਅੱਗੇ ਸਿਰਫ ਤੇ ਸਿਰਫ ਸ਼ਹਾਦਤ ਦਾ ਸੀ। ਇਹ ਉਹ ਮਾਰਗ ਸੀ ਜੋ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਛੋਟੇ ਸਾਹਿਬਜ਼ਾਦਿਆਂ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਅਤੇ ਅਨੇਕ ਹੋਰ ਸਿੱਖ ਸ਼ਹੀਦਾਂ ਨੇ ਪਹਿਲਾਂ ਹੀ ਸਿੱਖ ਇਤਿਹਾਸ ਵਿਚ ਸਿਰਜਿਆ ਹੈ।
ਭਾਈ ਖਾਲੜਾ ਨੂੰ ਵਾਪਸ ਥਾਣਾ ਝਬਾਲ ਦੇ ਸੈੱਲ ਵਿਚ ਲਿਆਂਦਾ ਗਿਆ। ਗੋਲੀ ਦੀ ਆਵਾਜ਼ ਸੁਣਾਈ ਦਿਤੀ, ਲਾਸ਼ ਲਹੂ ਨਾਲ ਭਿਜ ਗਈ। ਦਰਿੰਦਿਆਂ ਨੇ ਲਾਸ਼ ਜਿਪਸੀ ਵਿਚ ਸੁੱਟੀ ਤੇ ਹਰੀ ਕੇ ਪਤਣ ਰਾਜਸਥਾਨ ਨਹਿਰ ਵਿਚ ਰੋੜ੍ਹ ਦਿਤੀ। ਆਪਣੀ ਆਤਮਾ ਦਾ ਕਸ਼ਟ ਦੂਰ ਕਰਨ ਲਈ ਹਰੀ ਕੇ ਪਤਣ ਦੇ ਰੈਸਟ ਹਾਊਸ ਵਿਚ ਰੱਜ ਕੇ ਸ਼ਰਾਬ ਪੀਤੀ ਅਤੇ ਸਮਝਿਆ ਇਹ ਗਿਆ ਕਿ ਕਹਾਣੀ ਮੁੱਕ ਗਈ ਹੈ। ਮੂਰਖਾਂ ਨੂੰ ਇਹ ਪਤਾ ਨਹੀਂ ਸੀ ਕਿ ਅਸਲੀ ਕਹਾਣੀ ਸ਼ਹੀਦ ਦੀ ਸ਼ਹੀਦੀ ਪਿਛੋਂ ਅਰੰਭ ਹੁੰਦੀ ਹੈ, ਜੋ ਮੁਕਦੀ ਨਹੀਂ ਸਗੋਂ ਲੰਮੇ ਸਮੇਂ ਤਕ ਲੋਕਾਈ ਵਿਚ ਕੂਕਦੀ ਰਹਿੰਦੀ ਹੈ। ਇਸੇ ਕੂਕ ਵਸ ਅਜੀਤ ਸਿੰਘ ਸੰਧੂ ਨੇ ਰੇਲ ਗੱਡੀ ਹੇਠ ਸਿਰ ਦਿੱਤਾ ਅਤੇ ਉਸ ਦੇ ਦੋ ਟੋਟੇ ਹੋ ਗਏ। ਇਸ ਨੇ ਕਦੀ ਇਕ ਸੰਤ ਬਾਬੇ ਨੂੰ ਦੋ ਜੀਪਾਂ ਨਾਲ ਇਕ-ਇਕ ਲਤ ਬੰਨ੍ਹ ਕੇ ਇਕ ਦੂਜੀ ਦੇ ਉਲਟ ਚਲਾ ਕੇ ਦੋਫਾੜ ਕੀਤਾ ਸੀ… ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। (ਇਸੇ ਹੀ ਕੂਕ ਵਸ ਅੱਜ ਸੁਮੇਧ ਸੈਣੀ ਆਪਣੀ ਹੀ ਪੁਲਿਸ ਕੋਲੋਂ ਭਗੌੜਾ ਹੋਇਆ ਫਿਰਦਾ ਹੈ।)
*ਕਰਤਾ ‘ਨੇੜਿਓਂ ਡਿਠੇ ਸੰਤ ਭਿੰਡਰਾਂਵਾਲੇ’।