ਡਰ

ਸੰਸਾਰ ਪੱਧਰ ‘ਤੇ ਫੈਲੀ ਕਰੋਨਾ ਮਹਾਮਾਰੀ ਕਾਰਨ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਉਸ ਨੇ ਸਭ ਦੇ ਮਨਾਂ ਅੰਦਰ ਇਕ ਅਜੀਬ ਜਿਹਾ ਡਰ ਪੈਦਾ ਕੀਤਾ ਹੋਇਆ ਹੈ। ਇਹ ਡਰ ਹੈ ਵੀ ਸੱਚਾ ਤੇ ਇਸੇ ਡਰ ਨੇ ਸਾਵੀਂ-ਪੱਧਰੀ ਚਲਦੀ ਸੰਸਾਰੀ ਗੱਡੀ ਦੇ ਚੱਕਿਆਂ ਦੀ ਰਫਤਾਰ ਘਟਾ ਦਿੱਤੀ ਹੈ। ਕਰੋਨਾ ਕਾਰਨ ਲੋਕਾਂ ਦੀ ਆਮ ਜ਼ਿੰਦਗੀ ਇਸ ਕਦਰ ਅਸਰ-ਅੰਦਾਜ਼ ਹੋ ਗਈ ਹੈ ਕਿ ਕਿਸੇ ਦੀ ਮਾਮੂਲੀ ਛਿੱਕ, ਖੰਘ ਉਤੇ ਵੀ ਮਨ ਵਿਚ ‘ਕਿਤੇ ਕਰੋਨਾ ਈ ਨਾ ਹੋਵੇ’ ਦਾ ਤੁਣਕਾ ਵੱਜ ਜਾਂਦਾ ਹੈ। ਚਰਨਜੀਤ ਸਿੰਘ ਸਾਹੀ ਨੇ ਇਸੇ ਡਰ ਨੂੰ ਧਰਾਤਲ ਬਣਾ ਕੇ ਕਹਾਣੀ ਬੁਣੀ ਹੈ।

-ਸੰਪਾਦਕ

ਚਰਨਜੀਤ ਸਿੰਘ ਸਾਹੀ
ਫੋਨ: 317-430-6545

ਅੱਧੀ ਰਾਤੀਂ ਫੋਨ ਦੀ ਘੰਟੀ ਵੱਜੀ। “ਚੁੱਕ ਲੈ ਰਣਜੀਤ ਕੌਰੇ!”
“ਚੁੱਕਦੀ ਆਂ, ਲਾਈਟ ਤਾਂ ਜਗਾ ਲਵਾਂ!”
“ਤੇਰੀ ਲਾਈਟ ਜਗਾਉਣ ਤਾਈਂ ਏਹਨੇ ਬੰਦ ਹੋ ਜਾਣਾ।…ਮੇਰੀਆਂ ਸਹੁਰੀਆਂ ਐਨਕਾਂ…!” ਸਾਈਡ ਟੇਬਲ ‘ਤੇ ਹੱਥ ਫੇਰਦਾ ਕੇਹਰ ਸਿੰਘ ਉਠ ਕੇ ਬੈਡ ‘ਤੇ ਬੈਠ ਗਿਆ। ਇੰਨੇ ਨੂੰ ਫੋਨ ਦੀ ਘੰਟੀ ਬੰਦ ਹੋ ਗਈ।
“ਲਿਆ ਮੈਨੂੰ ਫੜਾ, ਮੈਂ ਦੇਖਦਾਂ। ਐਸ ਵੇਲੇ ਬਾਹਰੋਂ ਹੋਣਾ ਕਿਸੇ ਬੱਚੇ ਦਾ…।” ਕੇਹਰ ਸਿੰਘ ਫੋਨ ਦੀ ਫੋਲਾ-ਫਾਲੀ ਕਰਨ ਲੱਗਾ, “ਲੈ! ਰਾਜੇ ਦਾ ਸੀ।”
“ਸੁੱਖ ਹੋਵੇ! ਐਸ ਵੇਲੇ ਕਿਉਂ ਕੀਤਾ?” ਰਣਜੀਤ ਕੌਰ ਫਿਕਰਮੰਦ ਹੁੰਦੀ ਬੈਠ ਗਈ।
ਫੋਨ ਦੀ ਘੰਟੀ ਫਿਰ ਵੱਜੀ ਤਾਂ ਕੇਹਰ ਸਿੰਘ ਨੇ ਬਿਨਾ ਦੇਰੀ ਕੀਤੇ ‘ਹੈਲੋ’ ਕਿਹਾ।
“ਡੈਡੀ ਜੀ, ਮੈਂ ਬੋਲਦਾਂ ਰਾਜਾ। ਮੱਥਾ ਟੇਕਦਾਂ! ਹੋਰ ਤੁਸੀਂ ਠੀਕ ਓ, ਮੰਮੀ ਕੋਲ ਈ ਏ? ਤੁਸੀਂ ਸੁਣੀ ਕੋਈ ਖਬਰ ਆਹ ਨਵੀਂ ਬਿਮਾਰੀ ਕਰੋਨਾ ਦੀ?”
“ਹਾਂ ਸੁਣੀ! ਟੀ. ਵੀ. ਵਾਲੇ ਵੀ ਰੋਲਾ ਪਾਉਂਦੇ ਨੇ, ਅਖਬਾਰ ਵਿਚ ਵੀ ਪੜ੍ਹਿਆ। ਚੀਨ ਤੋਂ ਆਈ ਇਹ ਬਿਮਾਰੀ। ਦੱਸਦੇ ਨੇ ਯੂਰਪ ਵਿਚ ਤਾਂ ਬਾਹਲੀ ਫੈਲ ਗਈ, ਪਰ ਉਰੇ ਤਾਂ ਕੋਈ ਰੌਲਾ ਨ੍ਹੀਂ, ਸਭ ਠੀਕ ਠਾਕ ਆ।”
“ਹੁਣ ਮੇਰੀ ਸਾਰੀ ਗੱਲ ਸੁਣਿਓ ਧਿਆਨ।”
ਵਿਚੋਂ ਕੇਹਰ ਸਿੰਘ ਟੋਕਦਾ ਹੋਇਆ ਬੋਲਿਆ, “ਕਾਕਾ ਏਥੇ ਸਭ ਸੁੱਖ ਏ?”
“ਹਾਂ ਸੁੱਖ ਏ! ਪਰ ਜੋ ਮੈਂ ਕਹਿਣ ਲੱਗਾਂ, ਉਹ ਸੁਣੋ।”
“ਹਾਂ ਦੱਸ ਪੁੱਤਰ, ਮੈਂ ਸੁਣਦਾਂ।”
“ਤੁਸੀਂ ਪਰਸੋ ਬਾਰਾਂ ਤਾਰੀਖ, ਮੰਗਲਵਾਰ ਸ਼ਾਮੀਂ ਦਿੱਲੀ ਏਅਰਪੋਰਟ ‘ਤੇ ਪਹੁੰਚ ਜਾਣਾ। ਬੁੱਧਵਾਰ ਸਵੇਰੇ ਇਕ ਵਜੇ ਸਿੱਧੀ ਦਿੱਲੀ ਤੋਂ ਸੈਨ ਫਰਾਂਸਿਸਕੋ ਦੀ ਫਲਾਈਟ ਏ।”
“ਪਰ ਕਿਉਂ? ਕੀ ਹੋ ਗਿਆ? ਅਸੀਂ ਤਾਂ ਪੱਚੀ ਤਰੀਕ ਨੂੰ ਆਉਣਾ ਸੀ। ਕਾਕਾ ਜਿਹੜੀਆਂ ਪਹਿਲੀਆਂ ਟਿਕਟਾਂ ਨੇ, ਉਨ੍ਹਾਂ ਦਾ ਕੀ ਬਣੂੰ? ਉਹ ਪੈਸੇ ਮੋੜਨਗੇ?”
“ਡੈਡੀ ਤੁਸੀਂ ਪੈਸਿਆਂ ਤੋਂ ਕੀ ਲੈਣਾ? ਪਲੀਜ਼ ਮੇਰੀ ਪੂਰੀ ਗੱਲ ਤਾਂ ਸੁਣ ਲਵੋ, ਤੁਹਾਨੂੰ ਪੈਸਿਆਂ ਦੀ…।”
“ਹਾਂ ਦੱਸ! ਪੈਸੇ ਕਿਹੜੇ ਕਾਕਾ ਝਾੜਾਂ ਨੂੰ ਲੱਗਦੇ।”
“ਮੈਂ ਕਹਿ ਰਿਹਾਂ ਬਈ ਲੱਕੀ ਪਰਸੋਂ ਨੂੰ ਮੁਹਾਲੀ ਤੋਂ ਸਵੇਰੇ ਇਟਨਰੀ ਪ੍ਰਿੰਟ ਕਰਕੇ ਦੇ ਜਾਊ, ਨਾਲੇ ਮੂੰਹ ‘ਤੇ ਲਾਉਣ ਨੂੰ ਮਾਸਕ, ਹੱਥਾਂ ‘ਤੇ ਲਾਉਣ ਨੂੰ ਸੈਨੇਟਾਈਜ਼ਰ। ਤੁਸੀਂ ਦੋਹਾਂ ਨੇ ਘਰੋਂ ਮੂੰਹ ‘ਤੇ ਮਾਸਕ ਲਾਉਣੇ ਨੇ ਤੇ ਜਹਾਜ ਵਿਚ ਖਾਣ ਪੀਣ ਵੇਲੇ ਉਤਾਰਨੇ। ਬਾਕੀ ਲੱਕੀ ਕੱਲ ਆ ਕੇ ਵੀ ਸਾਰਾ ਸਮਝਾ ਦਊ। ਜੱਗੀ ਨੂੰ ਗੱਡੀ ਵਾਸਤੇ ਮੈਂ ਫੋਨ ਕਰ ਦਿੱਤਾ, ਉਹ ਕੱਲ ਸ਼ਾਮੀਂ ਚਾਰ ਵਜੇ ਪਹੁੰਚ ਜਾਉ। ਘਰੋਂ ਰੋਟੀ ਬਣਾ ਲਿਓ, ਚਾਹ-ਪਾਣੀ ਲੈ ਲਿਓ। ਰਾਹ ਵਿਚ ਕਿਸੇ ਵੀ ਢਾਬੇ ‘ਤੇ ਨਹੀਂ ਰੁਕਣਾ। ਤੁਹਾਨੂੰ ਪਤਾ ਈ ਏ, ਤੁਹਾਡੀਆਂ ਪਹਿਲੀਆਂ ਟਿਕਟਾਂ ਰੋਮ, ਇਟਲੀ ਵੱਲ ਦੀਆਂ ਸਨ। ਉਥੇ ਕਰੋਨਾ ਬਿਮਾਰੀ ਬੁਰੀ ਤਰ੍ਹਾਂ ਫੈਲ ਚੁਕੀ ਏ, ਸਗੋਂ ਸਾਰੇ ਯੂਰਪ ਵਿਚ ਹੀ ਇਸ ਬਿਮਾਰੀ ਨਾਲ ਲੋਕ ਮਰ ਰਹੇ ਹਨ। ਸ਼ਾਇਦ ਛੇਤੀ ਹੀ ਅਮਰੀਕਾ ਆਉਣ ਜਾਣ ਵਾਲੀਆਂ ਫਲਾਈਟਾਂ ਬੰਦ ਹੋ ਜਾਣ।”
“ਇਹ ਤਾਂ ਠੀਕ ਏ ਜਿਵੇਂ ਕਹਿਨੈਂ, ਕਰ ਲਵਾਂਗੇ ਕਾਕਾ, ਪਰ…।”
“ਡੈਡੀ ਪਰ ਪੁਰ ਕੋਈ ਨਹੀਂ।”
“ਕਾਕਾ! ਦਿਨ ਤਾਂ ਫਿਰ ਕੱਲ ਦਾ ਹੀ ਰਹਿ ਗਿਆ।”
ਫੋਨ ਰਣਜੀਤ ਕੌਰ ਨੇ ਫੜ ਲਿਆ, “ਵੇ ਰਾਜੇ ਪੁੱਤ, ਅਜੇ ਤਾਂ ਕਈ ਕੰਮ ਪਏ ਨੇ। ਕੁੜੀਆਂ ਦੇ ਸੂਟ ਬਟੀਕ ਆਲੀ ਨੇ ਏਸ ਸਨਿਚਰਵਾਰ ਦੇਣੇ ਨੇ; ਨਾਲੇ ਆਉਂਦੇ ਐਤਵਾਰ ਤੇਰੀ ਮਾਸੀ ਨੇ ਸੁਨੇਹਾ ਘੱਲਿਆ ਬਈ ਸ਼ਿੰਦੀ ਵਾਸਤੇ ਮੁੰਡਾ ਵੇਖਣ ਜਾਣਾ, ਤੁਸੀਂ ਜਰੂਰ ਆਇਓ।”
ਰਾਜੇ ਨੂੰ ਗੁੱਸਾ ਚੜ੍ਹ ਗਿਆ, “ਤੁਹਾਡੀ ਮਰਜੀ! ਭਾਵੇਂ ਮੁੰਡੇ ਵੇਖੋ ਜਾਂ ਸੂਟ ਸਾਂਭੋ। ਇਕ ਤਾਂ ਸੂਟਾਂ ਦੀ ਸਮਝ ਨਹੀਂ ਅਉਂਦੀ-ਅਟੈਚੀ ਭਰ ਕੇ ਏਧਰੋਂ ਚੁੱਕੀ ਜਾਨੇਂ ਓਂ, ਭਰ ਕੇ ਹੀ ਉਧਰੋਂ ਚੁੱਕੀ ਆਉਨੇਂ ਓਂ। ਸਾਲਾ ਸੂਟਾਂ ਨਾਲ ਰੱਜ ਨ੍ਹੀਂ ਆਉਂਦਾ…।” ਫੋਨ ਬੰਦ ਹੋ ਗਿਆ।
ਬਾਰਾਂ ਤਾਰੀਖ ਸਵੇਰੇ ਕੇਹਰ ਸਿੰਘ ਦਾ ਭਤੀਜਾ ਲੱਕੀ ਇਟਨਰੀ ਤੇ ਬਾਕੀ ਸਾਮਾਨ ਦੇ ਕੇ ਸਮਝਾ ਗਿਆ। ਬਾਅਦ ਦੁਪਹਿਰ ਦੋ ਵਜੇ ਈ ਜੱਗੀ ਗੱਡੀ ਲੈ ਕੇ ਪਿੰਡ ਪਹੁੰਚ ਗਿਆ। ਕੇਹਰ ਸਿੰਘ ਸੂਟ-ਬੂਟ ਪਾਈ, ਦਾੜ੍ਹੀ ਨੂੰ ਢਾਠੀ ਬੰਨੀ ਵਿਹੜੇ ਵਿਚ ਖੱਬੇ-ਸੱਜੇ ਚੱਕਰ ਲਾ ਰਿਹਾ ਸੀ। ਗੇਟ ਦੀ ਘੰਟੀ ਵੱਜੀ, ਕੇਹਰ ਸਿੰਘ ਨੇ ਗੇਟ ਖੋਲ੍ਹਿਆ, ਅੱਗੋਂ ਜੱਗੀ ਸੀ।
ਜੱਗੀ ਬੋਲਿਆ, “ਅੰਕਲ ਜੀ ਤਿਆਰ ਹੋ ਗਏ?”
ਗੁੱਟ ‘ਤੇ ਲੱਗੀ ਘੜੀ ਵੇਖਦਾ ਕੇਹਰ ਸਿੰਘ ਕਹਿੰਦਾ, “ਤੂੰ ਤਾਂ ਚਾਰ ਵਜੇ ਆਉਣਾ ਸੀ ਮੁੰਡਿਆ? ਹਾਂ! ਅਸੀਂ ਤਾਂ ਤਿਆਰ ਈ ਆਂ। ਅੰਦਰ ਆ ਜਾਹ।…ਚਾਹ ਪੀਏਂਗਾ?”
“ਨਹੀਂ ਜੀ।”
“ਤਾਂ ਚੱਲ ਫਿਰ ਆ ਜਾ, ਰੱਖ ਅਟੈਚੀ ਗੱਡੀ ਵਿਚ।”
ਘਰ ਨੂੰ ਕੁੰਡੇ ਤਾਲੇ ਲਾ, ਘਰ ਵਿਚ ਪੱਕੀ ਕੰਮ ਵਾਲੀ ਰੱਖੀ ਹੋਈ ਬੀਬੀ ਨੂੰ ਰਣਜੀਤ ਕੌਰ ਨੇ ਸਮਝਾ ਦਿੱਤਾ, “ਰਾਤੀਂ ਟਾਈਮ ਨਾਲ ਲਾਈਟਾਂ ਜਗਾਉਣੀਆਂ ਤੇ ਸਵੇਰੇ ਬੰਦ ਕਰਨੀਆਂ। ਵਿਹੜਾ ਹਫਤੇ ਪਿੱਛੋਂ ਤੇ ਅੰਦਰੋਂ ਪੰਦਰੀਂ ਦਿਨੀਂ ਸਾਫ ਕਰਨਾ। ਸਫਾਈ ਬਾਅਦ ਵਿੰਡੋ, ਕੁੰਡੇ ਤਾਲੇ ਚੰਗੀ ਤਰ੍ਹਾਂ ਬੰਦ ਕਰਨੇ। ਅੱਛਾ! ਲੈ ਹੁਣ ਨਸੀਬੋ! ਸਾਰਾ ਘਰ ਤੇਰੇ ਹਵਾਲੇ।”
ਕੋਲ ਖੜਾ ਕੇਹਰ ਸਿੰਘ ਬੋਲਿਆ, “ਐਂ ਤਾਂ ਕੁੜੀਏ ਚਾਬੀਆਂ ਦਾ ਇਕ ਗੁੱਛਾ ਅਸੀਂ ਆਪਣੇ ਭਤੀਜੇ ਲੱਕੀ ਨੂੰ ਵੀ ਦਿੱਤਾ, ਉਹ ਮਹੀਨੇ ‘ਚ ਮਾਰਿਆ ਕਰੂ ਗੇੜਾ।”
ਗਲੀ ਗਵਾਂਢ ਭਾਵੇਂ ਰਾਤੀਂ ਮਿਲ ਲਿਆ ਸੀ, ਪਰ ਫਿਰ ਵੀ ਕਈ ਸੁਨੇਹੀ ਫਤਿਹ ਬੁਲਾਉਣ ਆ ਗਏ।
“ਚਲੋ ਹੁਣ ਕਹੋ ਵਾਹਿਗੁਰੂ।…ਆ ਜਾ ਰਣਜੀਤ ਕੌਰੇ ਹੁਣ! ਗੱਲਾਂ ਨ੍ਹੀਂ ਮੁੱਕਣੀਆਂ।” ਆਖਦਿਆਂ ਕੇਹਰ ਸਿੰਘ ਗੱਡੀ ਦੀ ਅਗਲੀ ਸੀਟ ‘ਤੇ ਜਾ ਬੈਠਾ। ਉਹ ਵੀ ਗੱਡੀ ਵਿਚ ਆ ਬੈਠੀ। ਦੋਹਾਂ ਦੀਆਂ ਅੱਖਾਂ ਘਰ ਨੂੰ ਟਿਕਟਿਕੀ ਲਾ ਕੇ ਵੇਖ ਰਹੀਆਂ ਸਨ। ਚੁੱਪ ਤੋੜਦਿਆਂ ਜੱਗੀ ਨੇ “ਚੱਲੀਏ ਅੰਕਲ ਜੀ!” ਆਖ ਕੇ ਗੱਡੀ ਸਟਾਰਟ ਕਰ ਦਿੱਤੀ। ਗੱਡੀ ਦਿੱਲੀ ਵਾਲੇ ਰਾਹ ਪੈ ਗਈ।
“ਆਹ ਲੈ ਰਣਜੀਤ ਕੌਰੇ ਮਾਸਕ, ਲਾ ਲੈ ਮੂੰਹ ‘ਤੇ।”
“ਨਹੀਂ! ਮੈਂ ਤਾਂ ਜਹਾਜ ‘ਚ ਬੈਠਣ ਵੇਲੇ ਲਾਉਂ।”
“ਤੇਰੀ ਮਰਜੀ, ਮੈਂ ਤਾਂ ਲਾ ਲਈ। ਤੇਰੇ ਕੋਲੇ ਹੈਗੀ ਕਾਕਾ?”
“ਨਹੀਂ ਅੰਕਲ ਜੀ! ਮੈਂ ਤਾਂ ਕਰੀਬ ਰੋਜ਼ ਈ ਏਅਰਪੋਰਟ ਦੀ ਸਵਾਰੀ ਲੈ ਕੇ ਜਾਨਾਂ, ਆਹ ਕਦੀ ਨ੍ਹੀਂ ਲਾਈ।”
ਚਾਰ ਘੰਟੇ ਵਿਚ ਮੂਰਥਲ ਪਹੁੰਚ ਗਏ।
“ਮੈਂ ਅੰਕਲ ਏਥੇ ਰੋਕਣ ਲੱਗਾਂ, ਵਾਸ਼ਰੂਮ ਜਾਣਾ ਤੇ ਨਾਲੇ ਚਾਹ ਪੀਣੀ ਆ। ਕਈ ਦਿਨ ਦਾ ਉਨੀਂਦਾਂ, ਅੱਖਾਂ ਬੰਦ ਹੋ ਰਹੀਆਂ ਨੇ। ਰੋਜ਼ ਦਿੱਲੀ ਦਾ ਗੇੜਾ ਲੱਗਦਾ। ਤੁਸੀਂ ਗੱਡੀ ਵਿਚ ਬੈਠਣਾ? ਵੇਖ ਲਵੋ, ਤੁਹਾਡੀ ਮਰਜੀ, ਮੈਂ ਦਸ ਮਿੰਟ ਵਿਚ ਆਇਆ।”
“ਖੜ੍ਹ ਜਾਹ ਕਾਕਾ!” ਕੇਹਰ ਸਿੰਘ ਨੇ ਬਾਹਰ ਨਜ਼ਰ ਮਾਰੀ, ਢਾਬੇ ‘ਤੇ ਲੋਕਾਂ ਦੀ ਭੀੜ। ਕਿਸੇ ਨੇ ਮਾਸਕ ਨਹੀਂ ਸੀ ਲਾਈ। ਕੁਝ ਖਾ-ਪੀ ਕੇ ਬਾਹਰ ਨਿਕਲ ਰਹੇ ਸਨ, ਕਈ ਅੰਦਰ ਵੜ ਰਹੇ ਸਨ-ਜਿਵੇਂ ਮੇਲਾ ਲੱਗਾ ਹੋਵੇ। ਕਰੋਨਾ ਦਾ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ। ਕੇਹਰ ਸਿੰਘ ਨੇ ਮਾਸਕ ਲਾਹ ਸੀਟ ‘ਤੇ ਰੱਖੀ ਤੇ ਕਾਰ ਦਾ ਡੋਰ ਖੋਲ੍ਹਣ ਲੱਗਾ ਕਹਿਣ ਲੱਗਾ, “ਰਣਜੀਤ ਕੌਰੇ, ਆ ਜਾਹ! ਆਪਾਂ ਵੀ ਜਾ ਆਉਂਦੇ ਆਂ, ਨਾਲੇ ਚਾਹ ਦਾ ਘੁੱਟ ਪੀ ਲੈਨੇ ਆਂ। ਦਿੱਲੀ ਨੂੰ ਤਾਂ ਅਜੇ ਦੋ ਘੰਟੇ ਲੱਗ ਜਾਣੇ, ਕਿਉਂ ਬਈ ਜੱਗੀ?”
“ਹਾਂ ਅੰਕਲ! ਵੱਧ ਵੀ ਲੱਗ ਸਕਦੇ।”
ਸਾਰੇ ਵਾਸ਼ਰੂਮ ਜਾ ਕੇ ਤੇ ਚਾਹ ਪਾਣੀ ਪੀ ਕੇ ਕਾਰ ਵਿਚ ਆ ਬੈਠੇ। ਕਾਰ ਫਿਰ ਜੀ. ਟੀ. ਰੋਡ ‘ਤੇ ਜਾ ਚੜ੍ਹੀ। ਢਾਈ ਘੰਟੇ ਪਿੱਛੋਂ ਏਅਰਪੋਰਟ ਪਹੁੰਚ ਗਏ। ਜੱਗੀ ਬੋਲਿਆ, “ਅੰਕਲ! ਉਠੋ, ਆ ਗਏ।”
“ਅੱਛਾ! ਆ ਗਿਆ ਏਅਰਪੋਰਟ?”
ਦੋਵੇਂ ਉਂਘਲਾ ਰਹੇ ਸਨ। ਜੱਗੀ ਨੇ ਰੇੜ੍ਹੀ ਲਿਆ ਅਟੈਚੀ ਲੱਦ ਦਿੱਤੇ। ਅੰਕਲ-ਅੰਟੀ ਕੋਲੋਂ ਗੱਡੀ ਦਾ ਕਿਰਾਇਆ ਲਿਆ ਤੇ ਸਤਿ ਸ੍ਰੀ ਅਕਾਲ ਬੁਲਾ ਕੇ ਏਅਰਪੋਰਟ ਤੋਂ ਬਾਹਰ ਨਿਕਲ ਗਿਆ।
“ਕੇਹਰ ਸਿੰਘ ਨੇ ਆਪਣੇ ਮੂੰਹ ‘ਤੇ ਮਾਸਕ ਲਾ ਲਿਆ ਤੇ ਘਰ ਵਾਲੀ ਨੂੰ ਇਕ ਹੋਰ ਫੜ੍ਹਾਉਂਦਾ ਬੋਲਿਆ, “ਆਹ ਲੈ, ਤੂੰ ਵੀ ਲਾ ਲੈ।”
“ਨਹੀਂ! ਮੇਰਾ ਤਾਂ ਦਮ ਘੁਟਦਾ, ਮੈਂ ਨ੍ਹੀਂ ਲਾਉਣਾ ਹਜੇ, ਜਹਾਜ ‘ਚ ਬੈਠ ਕੇ ਲਾਊਂ।”
ਚੈੱਕ ਇਨ ਕਰਾ ਕੇ ਗੇਟ ‘ਤੇ ਜਾ ਬੈਠੇ। ਏਅਰਪੋਰਟ ‘ਤੇ ਵੀ ਕਿਸੇ ਕਿਸੇ ਨੇ ਮਾਸਕ ਲਾਈ ਸੀ, ਲੱਗਦਾ ਸੀ ਜਿਵੇਂ ਕਰੋਨਾ ਦਾ ਕਿਸੇ ਨੂੰ ਵੀ ਕੋਈ ਡਰ ਭੈਅ ਨਹੀਂ ਸੀ। ਬੋਰਡਿੰਗ ਹੋ ਗਈ, ਜਹਾਜ ਫੁੱਲ ਸੀ, ਇਕ ਵੀ ਸੀਟ ਖਾਲੀ ਨਹੀਂ। ਕੇਹਰ ਸਿੰਘ ਦੇ ਵਾਰ ਵਾਰ ਕਹਿਣ ‘ਤੇ ਵੀ ਰਣਜੀਤ ਕੌਰ ਨੇ ਮਾਸਕ ਨਾ ਲਾਈ। ਹੋਰ ਵੀ ਕਿਸੇ ਟਾਂਵੇਂ ਨੇ ਹੀ ਲਾਈ ਸੀ। ਸੌਲਾਂ ਘੰਟੇ ਵਿਚ ਜਹਾਜ ਸੈਨ ਫਰਾਂਸਿਸਕੋ ਏਅਰਪੋਰਟ ‘ਤੇ ਆਣ ਲੱਗਾ।
ਬੇਟਾ ਰਾਜਾ ਲੈਣ ਆਇਆ ਸੀ। ਘਰ ਪਹੁੰਚ ਗਏ। ਤੀਜੇ ਦਿਨ ਰਣਜੀਤ ਕੌਰ ਨੂੰ ਰਾਤੀਂ ਬੁਖਾਰ ਹੋ ਗਿਆ, ਉਹ ਵੀ ਇਕ ਸੌ ਚਾਰ। ਸਾਰਾ ਪਰਿਵਾਰ ਫਿਕਰਮੰਦ ਹੋ ਗਿਆ। ਦੂਜੇ ਦਿਨ ਵੀ ਇਵੇਂ ਈ ਰਿਹਾ।
“ਮੈਂ ਭੋਲੀ ਭੈਣ ਨੂੰ ਫੋਨ ਕਰਦਾਂ, ਉਹ ਕਹੂ ਮੈਨੂੰ ਕਿਉਂ ਨਹੀਂ ਦੱਸਿਆ।” ਰਾਜੇ ਨੇ ਫੋਨ ਕਰਕੇ ਸਾਰੇ ਹਾਲਾਤ ਦੱਸ ਦਿੱਤੇ। ਕੇਹਰ ਸਿੰਘ ਦੀ ਬੇਟੀ ਹਸਪਤਾਲ ਵਿਚ ਸਟਾਫ ਨਰਸ ਸੀ, ਉਸ ਦੇ ਦੱਸਣ ਮੁਤਾਬਿਕ ਦਵਾਈ ਲੈ ਆਏ, ਆਨ ਦਾ ਕਾਊਂਟਰ ਮਿਲਦੀ ਸੀ। ਉਹਨੇ ਦੱਸਿਆ, “ਵੀਰੇ ਇਹਦੀ ਦਵਾਈ ਤਾਂ ਕੋਈ ਹੈ ਨਹੀਂ ਅਜੇ, ਆਹ ਬੁਖਾਰ ਲਈ ਦਈ ਜਾਵੋ। ਪਾਣੀ ਕੋਸਾ…ਸਟੀਮ ਦੇਵੋ…ਚਾਹ ਤੁਲਸੀ, ਲੌਂਗ, ਇਲਾਚੀ ਪਾ ਕੇ ਦੇਵੋ। ਸਭ ਤੋਂ ਜ਼ਰੂਰੀ, ਮੰਮੀ ਨੂੰ ਵੱਖਰੇ ਕਮਰੇ ਵਿਚ ਪਾਵੋ। ਬੱਸ ਇਕੱਲੀ ਭਾਬੀ ਕਮਰੇ ਵਿਚ ਜਾਵੇ, ਮਾਸਕ ਲਾ ਕੇ। ਜਿੰਨੀ ਵਾਰੀ ਜਾਵੇ, ਆਪਣੇ ਹੱਥ ਚੰਗੀ ਤਰ੍ਹਾਂ ਧੋਵੇ ਜਾਂ ਸੈਨੇਟਾਈਜ਼ ਕਰੇ। ਹੌਸਲਾ ਰੱਖੋ, ਵਾਹਿਗੁਰੂ ਠੀਕ ਕਰੂ। ਹਾਂ ਸੱਚ! ਟੈਸਟ ਕਰਾਓ ਛੇਤੀ।”
“ਭੈਣੇ, ਜੇ ਇਨ੍ਹਾਂ ਮੇਰਾ ਕੇਹਾ ਮੰਨਿਆ ਹੁੰਦਾ, ਐਨਾ ਪੰਗਾ ਨਾ ਪੈਂਦਾ।”
“ਵੀਰੇ ਇਹ ਕਿਹੜੇ ਚਾਹੁੰਦੇ ਸੀ, ਬਜੁਰਗ ਨੇ, ਗਲਤੀ ਹੋ ਗਈ ਇਨ੍ਹਾਂ ਤੋਂ। ਟੈਸਟ ਦੀ ਰਿਪੋਰਟ ਮੈਨੂੰ ਦੱਸਿਓ ਛੇਤੀ। ਮੈਂ ਆ ਜਾਂਦੀ, ਪਰ ਸਾਡੇ ਬਹੁਤ ਆ ਰਹੇ ਨੇ ਇਹ ਕੇਸ, ਛੁੱਟੀ ਨ੍ਹੀਂ ਮਿਲਦੀ।”
“ਭੈਣੇ ਅਸੀਂ ਹੈਗੇ ਆਂ ਸਾਰੇ, ਤੂੰ ਫਿਕਰ ਨਾ ਕਰ। ਚੰਗਾ ਭੈਣੇ, ਟੈਸਟਾਂ ਦਾ ਦੱਸਾਂਗੇ।”
ਰਣਜੀਤ ਕੌਰ ਨੂੰ ਸਾਰੇ ਜੀਆਂ ਤੋਂ ਵੱਖ ਕਰ ਕੇ ਦੂਜੇ ਕਮਰੇ ਵਿਚ ਪਾ ਦਿੱਤਾ ਗਿਆ। ਟੈਸਟ ਕਰਵਾਉਣ ਦੀਆਂ ਵਿਊਂਤਾਂ ਬਣਨ ਲੱਗੀਆਂ। ਰਾਜਾ ਪੁੱਛਣ ਲੱਗਾ, “ਮੰਮੀ! ਇੰਡੀਆ ਜਦੋਂ ਤੁਸੀਂ ਦਿੱਲੀ ਏਅਰਪੋਰਟ ‘ਤੇ ਆਏ, ਰਸਤੇ ਵਿਚ ਕਿਤੇ ਰੁਕੇ ਸੀ।”
“ਵੇ ਪੁੱਤ ਅਸੀਂ ਕਾਹਨੂੰ ਰੁਕਣਾ ਸੀ।…ਮੈਂ ਕਿਹਾ ਉਰੇ ਆਇਓ ਅੰਦਰ…।”
“ਮੰਮੀ! ਡੈਡੀ ਨ੍ਹੀਂ ਅੰਦਰ ਆ ਸਕਦੇ। ਮੈਂ ਆਪੇ ਬਾਹਰ ਜਾ ਕੇ ਪੁੱਛਦਾਂ। ਤੁਸੀਂ ਆਰਾਮ ਕਰੋ, ਮੈਂ ਵੀ ਨਹੀਂ ਆ ਸਕਦਾ ਹੁਣ ਤੁਹਾਡੇ ਕਮਰੇ ਵਿਚ। ਭੈਣ ਨੇ ਕਿਹਾ, ਬੱਸ ਤੁਹਾਡੀ ਨੂੰਹ ਅਮਨ ਹੀ ਇਕੱਲੀ ਆਊ। ਉਹ ਹੀ ਤੁਹਾਨੂੰ ਦਵਾਈ ਤੇ ਖਾਣ-ਪੀਣ ਨੂੰ ਕੁਝ ਦਊ।”
“ਲੈ ਦੱਸ! ਪੁੱਤ ਬੁਖਾਰ ਈ ਆ, ਅੱਜ ਨਹੀਂ ਤਾਂ ਕੱਲ ਉਤਰ ਜੁ, ਤੂੰ ਕਿਉਂ ਨ੍ਹੀਂ ਆਉਣਾ?”
ਪੁੱਤਰ ਨੇ ਮੂੰਹ ਵਿਚ ਹੀ ਕਿਹਾ, “ਮਾਤਾ ਮੈਂ ਕੀ ਸਮਝਾਵਾਂ, ਜਿੰਨਾ ਚਿਰ ਟੈਸਟ ਹੋ ਰਿਪੋਰਟ ਨਹੀਂ ਆ ਜਾਂਦੀ।” ਉਹ ਕਮਰੇ ਵਿਚੋਂ ਬਾਹਰ ਹੋ ਗਿਆ। ਬਾਹਰ ਆ ਕੇ, “ਡੈਡੀ! ਕਿੱਥੇ ਰੁਕੇ ਸੀ ਦਿੱਲੀ ਦੇ ਰਾਹ ਵਿਚ?”
“ਮੂਰਥਲ।”
“ਹੈਂ! ਕਿਉਂ? ਮੈਂ ਤੁਹਾਨੂੰ ਫੋਨ ‘ਤੇ ਕਿੰਨਾ ਸਮਝਾਇਆ ਸੀ, ਬਈ ਰੁਕਣਾ ਨਹੀਂ। ਤੁਹਾਨੂੰ ਪਤਾ, ਹੁਣ ਰੱਬ ਨਾ ਕਰੇ ਜੇ ਮੰਮੀ ਨੂੰ ਕਰੋਨਾ ਹੋਇਆ ਤਾਂ ਸਾਰੇ ਟੱਬਰ ਨੂੰ ਹੋ ਸਕਦਾ।”
“ਪੁੱਤ! ਮੇਰੀ ਵੀ ਸੁਣੇਂਗਾ!”
“ਤੁਹਾਡੀ ਕੀ ਸੁਣਾਂ?”
“ਮੈਂ ਦੱਸਦਾਂ ਕਿਉਂ ਰੁਕੇ ਸੀ। ਕੀ ਨਾਂ ਉਸ ਮੁੰਡੇ ਡਰਾਈਵਰ ਦਾ…ਜੱਗੀ! ਉਹਨੇ ਰੋਕੀ ਸੀ ਗੱਡੀ। ਚਾਹ ਪੀਣੀ ਸੀ, ਉਬਾਸੀਆਂ ਮਾਰਦਾ ਸੀ। ਕਹਿੰਦਾ ਮੈਨੂੰ ਨੀਂਦ ਆਉਂਦੀ ਆ, ਅਖੇ! ਮੈਂ ਕਈ ਗੇੜੇ ਲਾ’ਤੇ ਦਿੱਲੀ ਦੇ। ਤੂੰ ਦੱਸ, ਨਾਲੇ ਬੁੱਢੇ ਬੰਦਿਆਂ ਤੋਂ ਵੀ ਤਾਂ ਐਨੀ ਦੇਰ ਬੈਠਣਾ ਔਖਾ ਹੋ ਜਾਂਦਾ। ਅਸੀਂ ਵੀ ਉਤਰ ਕੇ ਵਾਸ਼ਰੂਮ ਜਾ ਆਏ, ਨਾਲੇ ਚਾਹ ਦਾ ਕੱਪ ਪੀ ਲਿਆ। ਢਾਬੇ ‘ਤੇ ਤਾਂ ਮੇਲਾ ਲੱਗਿਆ ਸੀ, ਕਿਸੇ ਨੇ ਨਹੀਂ ਸੀ ਪਾਈ ਆਹ ਮਾਸਕ ਮੂਸਕ। ਮੈਂ ਤਾਂ ਘਰੋਂ ਪਾ ਲਈ ਸੀ, ਜਹਾਜ ‘ਚ ਵੀ ਲਾ ਕੇ ਰੱਖੀ। ਮਾਂ ਤੇਰੀ ਦਾ ਦਮ ਘੁਟਦਾ ਸੀ, ਲਾਉਣ ‘ਤੇ।”
ਸੁਣ ਕੇ ਰਾਜਾ ਲਾਲ-ਪੀਲਾ ਹੋ ਗਿਆ, “ਮੈਂ ਕਰਦਾਂ ਸਾਲੇ ਡਰਾਈਵਰ ਨੂੰ ਕਾਲ ਕਿ ਤੂੰ ਕਿਉਂ ਰੋਕੀ ਸੀ ਗੱਡੀ? ਨਾਲੇ ਭੈਣ ਨੇ ਕਿਹਾ, ਮੰਮੀ ਵਾਲੇ ਕਮਰੇ ਵਿਚ ਕਿਸੇ ਨੇ ਨਹੀਂ ਜਾਣਾ। ਅਮਨ ਜਾਊ ਇਕੱਲੀ, ਜਿੰਨਾ ਚਿਰ ਟੈਸਟ ਕਰਾ ਕੇ ਰਿਪੋਰਟ ਨਹੀਂ ਆ ਜਾਂਦੀ।”
ਅੱਜ ਚੌਥਾ ਦਿਨ ਸੀ। ਅਮਨ ਨੇ ਬੁਖਾਰ ਚੈਕ ਕੀਤਾ, ਇਕ ਸੌ ਤਿੰਨ-ਚਾਰ ਤੋਂ ਹੇਠਾਂ ਨਹੀਂ ਸੀ ਆ ਰਿਹਾ। ਗਲਾ ਖਰਾਬ, ਕੁਝ ਨਾ ਖਾਧਾ। ਸ਼ੁਕਰ ਏ ਸਾਹ ਠੀਕ ਆਉਂਦਾ, ਛਾਤੀ ‘ਚ ਇਨਫੈਕਸ਼ਨ ਨਹੀਂ।
“ਮਿਲ ਗਈ ਟੈਸਟ ਦੀ ਅਪੁਆਇੰਟਮੈਂਟ?” ਅਮਨ ਨੇ ਆਪਣੇ ਪਤੀ ਨੂੰ ਪੁੱਛਿਆ।
“ਹਾਂ, ਮਿਲ ਗਈ। ਦੋ ਵਜੇ ਜਾਣਾ ਲੈ ਕੇ।”
ਟੈਸਟ ਹੋ ਗਿਆ। ਰਿਜ਼ਲਟ ਹਫਤੇ ਪਿੱਛੋਂ ਆਉਣਾ ਸੀ।
“ਬੇੜਾ ਗਰਕ ਹੋ ਜੇ, ਇਨ੍ਹਾਂ ਚੀਨਿਆਂ ਦਾ। ਸਾਲੇ ਕੁਝ ਨ੍ਹੀਂ ਛੱਡਦੇ। ਕੁੱਤੇ, ਬਿੱਲੇ, ਪਸੂ, ਪੰਛੀ-ਜੋ ਵੀ ਸਾਹ ਲੈਂਦਾ ਜੀਵ ਜੰਤੂ, ਖਾ ਜਾਂਦੇ। ਛੱਤੀ ਪਦਾਰਥ ਰੱਬ ਨੇ ਦਿੱਤੇ ਖਾਣ ਨੂੰ…।” ਕੇਹਰ ਸਿੰਘ ਚੀਨਿਆਂ ਨੂੰ ਕੋਸ ਕੇ ਮਨ ਹੌਲਾ ਕਰ ਰਿਹਾ ਸੀ। ਸੋਚ ਰਿਹਾ ਸੀ, “ਇਹਨੂੰ ਕੁਝ ਹੋ ਗਿਆ! ਅਜੇ ਅਟੈਚੀ ਵੀ ਨਹੀਂ ਖੋਲ੍ਹੇ…ਮੇਰਾ ਕੀ ਬਣੂੰ?”
ਰਾਜਾ ਸਭ ਸੁਣ ਰਿਹਾ ਸੀ। ਕਹਿੰਦਾ, “ਡੈਡੀ! ਚੀਨਿਆਂ ਨੂੰ ਛੱਡੋ, ਆਪਾਂ ਨੂੰ ਵੀ ਸੋਚਣਾ ਚਾਹੀਦਾ ਸੀ।”
ਅੱਜ ਛੇਵੇਂ ਦਿਨ ਵੀ ਬੁਖਾਰ ਇਕ ਸੌ ਚਾਰ ਸੀ। ਅਮਨ ਮੰਮੀ ਦੇ ਕਮਰੇ ਵਿਚੋਂ ਹੱਥ ਵਿਚ ਥਰਮਾਮੀਟਰ ਫੜੀ ਬਾਹਰ ਆਈ, ਉਹਦਾ ਚਿਹਰਾ ਉਤਰਿਆ ਹੋਇਆ ਸੀ। ਬਾਹਰ ਇੰਤਜ਼ਾਰ ਕਰ ਰਹੇ ਸਾਰੇ ਇਕੋ ਅਵਾਜ਼ ਵਿਚ ਬੋਲ ਉਠੇ, “ਕਿੰਨਾ?”
“ਕੱਲ ਜਿੰਨਾ। ਚਾਹ ਵੀ ਨ੍ਹੀਂ ਪੀਤੀ, ਉਵੇਂ ਈ ਪਈ ਏ। ਤੁਸੀਂ ਰਿਜ਼ਲਟ ਬਾਰੇ ਕਾਲ ਕਰ ਕੇ ਪੁੱਛੋ ਤਾਂ ਸਹੀ, ਅੱਜ ਹਫਤਾ ਹੋ ਗਿਆ।”
“ਮੈਂ ਹੁਣੇ ਕਰਦਾਂ।” ਫੋਨ ਕੀਤਾ ਤਾਂ ਅੱਗੋਂ ਜਵਾਬ ਮਿਲਿਆ, “ਸਰ, ਸਾਡੇ ਕੋਲ ਦੱਸ ਮਿੰਟ ਪਹਿਲਾਂ ਆਇਆ। ਤੁਹਾਨੂੰ ਵਧਾਈ, ਨੈਗੇਟਿਵ ਹੈ।” ਸੁਣ ਕੇ ਰਾਜੇ ਦਾ ਚਿਹਰਾ ਖਿੜ ਗਿਆ। ਉਹ ਕੁਰਸੀ ਤੋਂ ਉਠ ਕੇ ਅਸਮਾਨ ਵੱਲ ਹੱਥ ਕਰਕੇ ਕਹਿਣ ਲੱਗਾ, “ਧੰਨਵਾਦ ਰੱਬਾ ਤੇਰਾ।”
ਕੋਲ ਬੈਠੇ ਪੁੱਛਣ ਲੱਗੇ, “ਕੀ ਦੱਸਿਆ, ਨੈਗੇਟਿਵ ਏ?”
“ਹਾਂ, ਨੈਗੇਟਿਵ!”
ਭੈਣ ਨੂੰ ਫੋਨ ਕੀਤਾ ਤਾਂ ਕਹਿੰਦੀ, “ਵੀਰੇ! ਵਾਹਿਗੁਰੂ ਦਾ ਸ਼ੁਕਰ ਆ, ਮੈਨੂੰ ਤਾਂ ਉਸ ਦਿਨ ਦੀ ਨੀਂਦ ਨ੍ਹੀਂ ਆਈ ਚੰਗੀ ਤਰ੍ਹਾਂ, ਪਰ ਤੁਸੀਂ ਅਜੇ ਵੀ ਉਵੇਂ ਈ ਪਰਹੇਜ਼ ਰੱਖਿਓ, ਜਿੰਨਾ ਚਿਰ ਬੁਖਾਰ ਨ੍ਹੀਂ ਲੱਥਦਾ।”
ਸੱਤਵੇਂ ਦਿਨ ਸਵੇਰੇ ਅਮਨ ਨੇ ਬੁਖਾਰ ਚੈਕ ਕੀਤਾ, ਸੌ ਰਹਿ ਗਿਆ। “ਮੰਮੀ ਨੇ ਚਾਹ ਵੀ ਪੀ ਲਈ, ਬਰੈਡ ਦੇ ਪੀਸ ਨਾਲ।” ਜਦੋਂ ਪਰਿਵਾਰ ਨੂੰ ਇਹ ਪਤਾ ਲੱਗਾ ਤਾਂ ਸਾਰੇ ਭੈਣ ਦੇ ਕਹਿਣ ਦੇ ਬਾਵਜੂਦ ਰਣਜੀਤ ਕੌਰ ਦੇ ਕਮਰੇ ਵਿਚ ਆ ਵੜੇ।
ਅਮਨ ਬੋਲੀ, “ਲੈ ਅੱਧੀ ਤਾਂ ਮੰਮੀ ਕੱਲ ਈ ਠੀਕ ਹੋ ਗਈ ਸੀ ਸੁਣ ਕੇ, ਬਈ ਮੈਨੂੰ ਕਰੋਨਾ ਨ੍ਹੀਂ।”
“ਨਾ ਧੀਏ! ਤੇਰੀ ਸੇਵਾ ਨੇ ਬਚਾ ਲਈ, ਪਰ ਮੈਂ ਧੀਏ ਮਰਨ ਤੋਂ ਭੋਰਾ ਨਹੀਂ ਸੀ ਡਰਦੀ। ਡਰ ਇਹੀ ਖਾਂਦਾ ਸੀ, ਬਈ ਜੇ ਉਹੀ ਨਾਮੁਰਾਦ ਹੋਇਆ, ਮੇਰੇ ਟੱਬਰ ਦਾ ਕੀ ਬਣੂੰ?”