ਮੇਜਰ ਕੁਲਾਰ ਦੀਆਂ ਲਿਖਤਾਂ ਬਾਰੇ

ਜਿਹੜੀ ਗੱਲ ਮੈਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨਾਲ ਸਾਂਝੀ ਕਰਨ ਲੱਗਾ ਹਾਂ, ਉਸ ਬਾਰੇ ਕਈ ਚਿਰ ਤੋਂ ਮਨ ਵਿਚ ਉਥਲ-ਪੁਥਲ ਹੋ ਰਹੀ ਸੀ। ਕਈ ਵਾਰ ਚਿੱਠੀ ਲਿਖਣ ਬਾਰੇ ਸੋਚਿਆ, ਹਰ ਵਾਰ ਘੌਲ ਹੁੰਦੀ ਰਹੀ ਪਰ 15 ਜੂਨ ਵਾਲੇ ਅੰਕ ਵਿਚ ਮੇਜਰ ਕੁਲਾਰ ਦੀ ਲਿਖਤ ‘ਨ੍ਹੇਰੀਆਂ ਝੱਖੜਾਂ ‘ਚ ਬਾਲੇ ਦਿਲ ਕੋਈæææ’ ਪੜ੍ਹ ਕੇ ਐਤਕੀਂ ਰਿਹਾ ਨਹੀਂ ਗਿਆ। ਮੇਜਰ ਕੁਲਾਰ ਦਾ ਹਰ ਲੇਖ ਮੈਂ ਬੜੀ ਨੀਝ ਨਾਲ ਪੜ੍ਹਦਾ ਹਾਂ ਅਤੇ ਬਹੁਤ ਵਾਰ ਉਹ ਲਿਖਤ ਨਾਲ ਬਹੁਤ ਭਾਵੁਕ ਵੀ ਕਰ ਦਿੰਦੇ ਹਨ। ਪਾਠਕ ਨੂੰ ਇਉਂ ਠਕੋਰਨਾ ਰਚਨਾ ਦਾ ਗੁਣ ਹੀ ਮੰਨਿਆ ਜਾਂਦਾ ਹੈ ਪਰ ਜਿਹੜੀ ਗੱਲ ਮੈਨੂੰ ਮੇਜਰ ਕੁਲਾਰ ਦੀਆਂ ਲਿਖਤਾਂ ਵਿਚ ਕਈ ਵਾਰ ਤੰਗ ਕਰਦੀ ਹੈ, ਉਹ ਲਿਖਤ ਦੀ ਔਰਤ ਵਿਰੋਧੀ ਸੁਰ ਹੈ। ਇਹ ਸੰਭਵ ਹੈ ਕਿ ਲਿਖਤ ਵਿਚ ਅਜਿਹਾ ਅਚੇਤ ਰੂਪ ਵਿਚ ਆ ਜਾਂਦਾ ਹੋਵੇ। ਇਥੇ ਮੈਂ ਉਚੇਚੇ ਤੌਰ ‘ਤੇ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਜ਼ਿਹਨ ਵਿਚ ਕੁਝ ਗੱਲਾਂ, ਕੁਝ ਵਿਚਾਰ ਕਿਤੇ ਡੂੰਘੇ ਬੈਠ ਜਾਂਦੇ ਹਨ ਅਤੇ ਫਿਰ ਕਦੀ ਖਹਿੜਾ ਨਹੀਂ ਛੱਡਦੇ। ਨਹੀਂ ਤਾਂ ਅਮਰੀਕਾ ਤੇ ਹੋਰ ਅਤਿ-ਆਧੁਨਿਕ ਪੱਛਮੀ ਦੇਸ਼ਾਂ ਵਿਚ ਰਹਿਣ ਵਾਲਾ ਪਿੰਡ ਵਿਚ ਰਹਿਣ ਵਾਲੇ ਕਿਸੇ ਬੰਦੇ ਵਾਂਗ ਕਿਵੇਂ ਸੋਚ ਸਕਦਾ ਹੈ? ਇਸ ਚਿੱਠੀ ਨਾਲ ਮੈਂ ਆਪ ਜੀ ਨੂੰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਪਲਟਾ’ ਵੀ ਭੇਜ ਰਿਹਾ ਹਾਂ। ਹੋ ਸਕੇ ਤਾਂ ਇਹ ਜ਼ਰੂਰ ਛਾਪਣ ਦੀ ਖੇਚਲ ਕਰਨਾ (ਇਹ ਕਹਾਣੀ ਇਸੇ ਅੰਕ ਵਿਚ ਛਾਪੀ ਜਾ ਰਹੀ ਹੈ-ਸੰਪਾਦਕ)। ਇਸ ਕਹਾਣੀ ਦਾ ਪਾਤਰ ਵਿਦੇਸ਼ੋਂ ਪਰਤ ਕੇ ਪਹਿਲਾਂ ਵਰਗਾ ਖੂੰਖਾਰ ਨਹੀਂ ਰਹਿੰਦਾ। ਤੇ ਅਸੀਂ ਪੰਜਾਬੀ ਆਪਣੀ ਮਿੱਟੀ ਤੋਂ ਇੰਨੀ ਦੂਰ ਆ ਕੇ ਜਾਤ, ਗੋਤ, ਜਗੀਰਦਾਰੀ, ਹੋਰ ਪਤਾ ਨਹੀਂ ਕੀ ਕੀ ਚੁੱਕੀ ਫਿਰਦੇ ਹਾਂ।
ਮੈਂ ਜਾਣਦਾ ਹਾਂ ਕਿ ਮੇਜਰ ਕੁਲਾਰ ਸੁਚੇਤ ਪੱਧਰ ‘ਤੇ ਔਰਤ ਦੇ ਖਿਲਾਫ ਨਹੀਂ ਜਾ ਸਕਦਾ। ਉਸ ਦੀਆਂ ਰਚਨਾਵਾਂ ਅਤੇ ਇਨ੍ਹਾਂ ਵਿਚਲੀ ਤੜਫਾਹਟ ਹੀ ਇਸ ਦੀਆਂ ਗਵਾਹ ਹਨ ਪਰ 15 ਜੂਨ ਵਾਲੇ ਅੰਕ ਵਿਚ ਅਜਿਹਾ ਅਚੇਤ ਰੂਪ ਵਿਚ ਹੋ ਗਿਆ ਹੈ, ਕਿਉਂਕਿ ਸਾਡਾ ਮਨ ਅਜੇ ਵੀ ਪੰਜਾਬ ਦੀ ਰਹਿਤਲ, ਰਸਮਾਂ, ਰਿਵਾਜ਼ਾਂ ਵਿਚ ਗੋਤੇ ਖਾ ਰਿਹਾ ਹੈ। ਇਸ ਲਿਖਤ ਦੇ ਅਖੀਰ ਵਿਚ ਬੀਬੀਆਂ ਦਾ ਸੰਵਾਦ ਭਰੂਣ ਹੱਤਿਆ ਦੇ ਹੱਕ ਵਿਚ ਭੁਗਤ ਜਾਂਦਾ ਹੈ। ਇਹ ਸਤਰਾਂ ਪੜ੍ਹ ਕੇ ਮੈਂ ਬਹੁਤ ਦਿਨ ਸੁੰਨ ਹੋਇਆ ਰਿਹਾ ਹਾਂ। ਮੇਰੀ ਪਤਨੀ ਅਤੇ ਧੀ ਮੈਨੂੰ ਇਸ ਉਦਾਸੀ ਬਾਰੇ ਵਾਰ ਵਾਰ ਪੁੱਛਦੀਆਂ ਰਹੀਆਂ ਪਰ ਮੈਂ ਤਾਂ ਗੱਲ ਕਰਨ ਜੋਗਾ ਵੀ ਨਹੀਂ ਸਾਂ। ਭਾਈ ਮੇਰਿਓ, ਇਜ਼ਤਾਂ ਦੇ ਬਹਾਨੇ ਕੁੜੀਆਂ ਦੀਆਂ ਸੰਘੀਆਂ ਨਾ ਨੱਪੋ। ਇਨ੍ਹਾਂ ਨੇ ਬਹੁਤ ਮਾੜੇ ਸਮੇਂ ਦੇਖੇ ਹਨ ਅਤੇ ਹੁਣ ਵੀ ਦੇਖ ਰਹੀਆਂ ਹਨ। ਆਪ-ਮੁਹਾਰੇਪਣ ਦੀਆਂ ਵਿਕੋਲਿਤਰੀਆਂ ਘਟਨਾਵਾਂ ਨੂੰ ਇਉਂ ਇਜ਼ਤਾਂ ਨਾਲ ਨਾ ਜੋੜੋ। ਅਜਿਹੀਆਂ ਗੱਲਾਂ ਕਰ ਕੇ ਹੀ ਪੰਜਾਬ ਭਰੂਣ ਹੱਤਿਆਵਾਂ ਦਾ ਸੰਤਾਪ ਹੰਢਾ ਰਿਹਾ ਹੈ। ਬੱਸ ਮੈਂ ਇੰਨਾ ਹੀ ਕਹਿਣਾ ਸੀ।
-ਜਗਜੀਤ ਸਿੰਘ ਜ਼ਖਮੀ, ਲਾਸ ਏਂਜਲਸ।

Be the first to comment

Leave a Reply

Your email address will not be published.