ਤਾਇਆ ਦਿੱਲੀ ਵਾਲਾ

ਹਥਲੀ ਲਿਖਤ ਵਿਚ ਅਵਤਾਰ ਗੋਂਦਾਰਾ ਨੇ ‘ਤਾਇਆ ਦਿੱਲੀ ਵਾਲਾ’ ਦੇ ਬਹਾਨੇ ਗੁਰ ਚੇਤੇ ਰੱਖਣ ਦਾ ਪਾਠ ਪੜ੍ਹਾਇਆ ਹੈ ਕਿ ਇਕੱਲੀ ਜ਼ੋਰ-ਅਜ਼ਮਾਈ ਨਾਲ ਹੀ ਨਹੀਂ ਕੁਝ ਸੌਰਦਾ, ਸਗੋਂ ਗੁਰ ਸਿੱਖ ਕੇ ਉਨ੍ਹਾਂ ‘ਤੇ ਅਮਲ ਕਰਨ ਨਾਲ ਜਿਉਣਾ ਹੋਰ ਵੀ ਸਹਿਜ ਹੋ ਜਾਂਦਾ ਹੈ। ਕਈ ਵਾਰ ਤੱਤੇ ਸੁਭਾਅ ਚੱਲਦੇ ਮਨੁੱਖ ਲਾਲਚ ਤੇ ਲਾਲਸਾ ਵੱਸ ਛੇਤੀ ਛੇਤੀ ਫਲ ਪਾਉਣ ਦੀ ਝਾਕ ਵਿਚ ਖੱਜਲ ਹੋਏ ਤੀਂਘੜਦੇ ਰਹਿੰਦੇ ਹਨ। ਲੇਖਕ ਨੇ ‘ਤਾਏ’ ਦੇ ਮੂੰਹੋਂ ਨਿਕਲੇ ਸ਼ਬਦਾਂ ਰਾਹੀਂ ਨਸੀਹਤ ਕੀਤੀ ਹੈ ਕਿ ਅਸੀਂ ਘਟਨਾਵਾਂ ਅਤੇ ਵਰਤਾਰਿਆਂ ਦੇ ਹਲ ਦੀ ਹੱਥੀ ਨੂੰ, ਜਿੰਨਾ ਹੋ ਸਕੇ ਸਿੱਧੇ ਰੱਖਣਾ ਹੈ, ਡੋਲਣ ਨ੍ਹੀਂ ਦੇਣਾ।

ਜੋ ਹਲ ਨੂੰ ਧੱਕਣ ਦੀ ਕੋਸ਼ਿਸ਼ ਕਰਦੇ ਹਨ, ਦੁਖੀ ਹੁੰਦੇ ਹਨ; ਜੋ ਹੱਥੀ ਨੂੰ ਸਾਂਵਾਂ ਤੇ ਨਜ਼ਰ ਨੂੰ ਸਿੱਧੀ ਰੱਖਣ ਦਾ ਗੁਰ ਸਿੱਖ ਲੈਂਦੇ ਹਨ, ਉਹ ਸੌਖੇ ਰਹਿੰਦੇ ਹਨ। -ਸੰਪਾਦਕ

ਅਵਤਾਰ ਗੋਂਦਾਰਾ
ਫੋਨ: 559-375-2589

ਤਾਏ ਦੇ ਮਰਨ ਦਾ ਸੁਨੇਹਾ ਆਇਆ, ਖਬਰ ਸੁਣ ਕੇ ਮਨ ਉਦਾਸ ਹੋਇਆ। ਉਹ ਲਾਗਲੇ ਪਿੰਡ ਦੇ ਮੇਰੇ ਜਮਾਤੀ ਦਾ ਤਾਇਆ ਸੀ, ਅਸੀਂ ਸਾਰੇ ਹੀ ਉਸ ਨੂੰ ਤਾਇਆ ਕਹਿੰਦੇ। ਹੱਦ ਨਾਲ ਲਗਦੇ ਸਾਡੇ ਖੇਤਾਂ ਦੀ ਵੱਟ ਸਾਂਝੀ ਸੀ, ਸਾਡਾ ਆਮੋ-ਸਾਹਮਣਾ ਅਕਸਰ ਹੁੰਦਾ ਰਹਿੰਦਾ। ਤਾਇਆ ਸਦਾ ਕੁਝ ਨਾ ਕੁਝ ਕਰਦਾ ਜਾਂ ਕਰਾਉਂਦਾ ਰਹਿੰਦਾ। ਕੋਈ ਨਾ ਕੋਈ ਤਰਕੀਬ ਜਾਂ ਵਿਉਂਤ ਉਸ ਦੇ ਮਨ ਵਿਚ ਉਸਲਵੱਟੇ ਲੈਂਦੀ ਰਹਿੰਦੀ।
ਰਾਹ ਵਿਚ ਜਾਂਦਿਆਂ ਉਸ ਦੀਆਂ ਗੱਲਾਂ ਦੀ ਰੀਲ ਮਨ ਵਿਚ ਘੁੰਮਦੀ ਰਹੀ। ਜਦੋਂ ਉਸ ਨੂੰ ਕਹਿਣਾ, ਕੋਈ ਸਿਆਣੀ ਜਿਹੀ ਗੱਲ ਸੁਣਾ, ਤਾਂ ਉਹ ਕਹਿੰਦਾ, ‘ਇੱਕ ਗੁਰੂ, ਇੱਕ ਚੇਲੇ’ ਵਾਲਾ ਸਮਾਂ ਵਿਹਾ ਚੁਕਾ ਹੈ। ਪੁਰਾਣੇ ਵੇਲਿਆਂ ‘ਚ ਇੱਕ ਅੱਧਾ ਕੰਮ ਸਿੱਖਣਾ ਹੁੰਦਾ ਸੀ, ਬੰਦਾ ਸਿੱਖ ਕੇ ਸਾਰੀ ਉਮਰ ਕਰਦਾ ਰਹਿੰਦਾ। ਨਾਲੇ ਸਿਖਾਉਣ ਵਾਲੇ ਵਿਰਲੇ ਟਾਂਵੇਂ ਸਨ ਤੇ ਸਿਖਣ-ਸਿਖਾਉਣ ਵਾਲਾ ਸਾਰਾ ਕੰਮ ਜ਼ੁਬਾਨੀ-ਕਲਾਮੀ ਹੁੰਦਾ ਸੀ। ਹੁਣ ਸਮਾਂ ਬਦਲ ਗਿਆ ਹੈ। ਬੰਦੇ ਨੂੰ ਜ਼ਿੰਦਗੀ ‘ਚ ਕਈ ਹੂਲੇ ਫੱਕਣੇ ਪੈਂਦੇ ਹਨ। ਉਹ ਆਪਣਾ ਪਿੰਡ ਛੱਡ ਕੇ ਪਤਾ ਨਹੀਂ ਕਿੱਥੇ ਜਾ ਵਸੇ, ਜਾ ਕੇ ਕੀ ਕਰੇ! ਇਸ ਲਈ ਜਗਿਆਸੂ ਨੂੰ ਆਵਦੇ ਮਨ ਦੀਆਂ ਬਾਰੀਆਂ ਖੁੱਲ੍ਹੀਆਂ ਰੱਖਣੀਆਂ ਪੈਣਗੀਆਂ। ਹੁਣ ‘ਗੁਰੂਆਂ’ ਦੇ ਲੜ ਲੱਗਣ ਦੀ ਨਹੀਂ, ‘ਗੁਰ’ ਸਿੱਖਣ ਦੀ ਲੋੜ ਹੈ।
ਦੇਸੀ ਤੇ ਵਿਦੇਸ਼ੀ ਵਿਸ਼ਵਵਿਦਿਆਲਿਆਂ ਵਿਚ ਪੜ੍ਹੇ ਭਾਈਬੰਦਾਂ ਨਾਲ ਜੇ ਤਾਏ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮੂੰਹ ਕੁਸੈਲਾ ਜਿਹਾ ਹੋ ਜਾਂਦਾ ਹੈ। ਉਨ੍ਹਾਂ ਦਾ ਉਜ਼ਰ ਹੁੰਦਾ ਹੈ ਕਿ ਦੁਨਿਆਵੀ ਉਸਤਾਦਾਂ ਨੂੰ ਰੂਹਾਨੀ ਗੁਰੂਆਂ ਨਾਲ ਨਹੀਂ ਮੇਲਿਆ ਜਾ ਸਕਦਾ। ਗਲੋਬਲੀ ਅਮਲ ਹੇਠ ਦੁਨੀਆਂ ਰਲ-ਮਿਲ ਰਹੀ ਹੈ। ਕੋਈ ਲੱਖ ਆਪਣੇ ਰਿਸ਼ੀਆਂ, ਵਲੀਆਂ ਅਤੇ ਗੁਰੂਆਂ ਦੀ ਵਿਲੱਖਣਤਾ ਦਾ ਦਾਅਵਾ ਕਰਦਾ ਫਿਰੇ, ਉਸ ਨੂੰ ਰੁਜਗਾਰ ਤੇ ਜ਼ਿੰਦਗੀ ਜਿਉਣ ਲਈ ਕਈਆਂ ਤੋਂ ਗੁਰ ਸਿੱਖਣੇ ਪੈਂਦੇ ਹਨ। ਆਪਣੇ ਸ਼ੋਧ ਪ੍ਰਬੰਧਾਂ ਲਈ ਕਈਆਂ ਨੂੰ ਗੁਰੂ ਮੰਨਣਾ ਪੈਂਦਾ ਹੈ। ਉਂਜ ਵੀ ‘ਗੁਰੂ’ ਸ਼ਬਦ ਦਾ ਅਰਥ ਹੀ ‘ਪ੍ਰਕਾਸ਼ ਕਰਨ’ ਵਾਲਾ ਹੈ। ਜੋ ਰਾਹ ਦਿਖਾਉਂਦਾ ਹੈ, ਤੁਰਨਾ ਹਰ ਇੱਕ ਨੇ ਆਪ ਹੈ। ਸਾਰੇ ਭਾਈਚਾਰਿਆਂ ਦੇ ਲੇਖਕਾਂ-ਪ੍ਰਚਾਰਕਾਂ ਨੇ ਆਪੋ ਆਪਣੇ ਗੁਰੂਆਂ ਨੂੰ ‘ਰਾਹ ਦਰਸਾਵਾ’ ਹੋਣ ਦੀ ਥਾਂ, ਮੱਥਾ ਟੇਕਣ ਵਾਲੀ ਸੱਤਾ ਬਣਾ ਧਰਿਆ ਹੈ।
ਸਿੱਖਣ ਵਾਲਾ ਤਾਂ ਬੱਚੇ ਤੋਂ ਵੀ ਕਈ ਕੁਝ ਸਿੱਖ ਲੈਂਦਾ ਹੈ। ਤਾਏ ਨੇ ਤਾਂ ਫੇਰ ਸੱਤ-ਅੱਠ ਦਹਾਕੇ ਜ਼ਿੰਦਗੀ ਜੀਵੀ ਸੀ। ਤਾਇਆ ਪੜ੍ਹਿਆ ਲਿਖਿਆ ਨਹੀਂ ਸੀ, ਪਰ ਉਸ ਵਿਚ ਉਸਤਾਦਾਂ ਵਾਲੇ ਕਈ ਗੁਣ ਸਨ। ਮੈਂ ਸੋਚਦਾ ਜਾ ਰਿਹਾ ਸੀ ਕਿ ਕਿਵੇਂ ਇੱਕ ਧੜਕਦੀ ਹੋਈ ਜ਼ਿੰਦਗੀ, ਸਦਾ ਲਈ ਸੁੰਨ ਹੋ ਜਾਂਦੀ ਹੈ। ਉਨ੍ਹਾਂ ਦੇ ਪਿੰਡ ਪਹੁੰਚਿਆ ਤਾਂ ਤਾਏ ਦੀ ਦੇਹ ਮੰਜੇ ‘ਤੇ ਅਡੋਲ ਪਈ ਸੀ। ਉਸ ਦੀਆਂ ਅੱਖਾਂ ਬੰਦ ਸਨ ਤੇ ਬੁੱਲਾਂ ਉਤੇ ਮੱਖਣੀ ਰੱਖੀ ਹੋਈ ਸੀ। ਕੋਈ ਵੈਣ ਨਹੀਂ ਸੀ ਪਾ ਰਿਹਾ। ਅਸਲ ਵਿਚ ਨਾ ਕੋਈ ਤੀਵੀਂ ਰੰਡੀ ਹੋਈ ਸੀ, ਨਾ ਕੋਈ ਬੱਚਾ ਅਨਾਥ। ਤਾਏ ਦੀ ਦੇਹ ਨੂੰ ਸਮੇਟਣ ਲਈ ਸਾਰੇ ਵਗੇ ਫਿਰਦੇ ਸਨ।
ਮੈਂ ਸੱਥਰ ਦੀ ਇੱਕ ਨੁੱਕਰੇ ਬੈਠ ਗਿਆ, ਜਿੱਥੇ ਹੋਰ ਭਾਈਬੰਦ ਬੈਠੇ ਗੱਲੀਂ ਰੁੱਝੇ ਹੋਏ ਸਨ। ਮੇਰੀਆਂ ਅੱਖਾਂ ਬੰਦ ਹੋ ਗਈਆਂ। ਤਾਏ ਦੀ ਤੋਰ, ਆਦਤਾਂ, ਟੋਟਕੇ ਅਤੇ ਵਰਜਣਾਂ-ਇੱਕ ਇੱਕ ਕਰਕੇ ਯਾਦ ਆਉਣ ਲੱਗੀਆਂ। ਗੱਠਿਆ ਹੋਇਆ ਜਿਸਮ, ਦੋਧਾ ਛੱਲੀ ਦੇ ਵਾਲਾਂ ਜਿਹੀ ਸਫੈਦ ਦਾੜ੍ਹੀ, ਗੋਰਾ ਰੰਗ ਤੇ ਚੁੰਨੀਆਂ ਤੇਜ ਅੱਖਾਂ, ਜਿਵੇਂ ਝੀਥਾਂ ਥਾਣੀ ਰੌਸ਼ਨੀ ਛਣਦੀ ਹੋਵੇ। ਉਸ ਦੀਆਂ ਲੱਤਾਂ ਸਧਵਾਈ ਜਿਹੀਆਂ ਸਨ। ਉਹ ਛੋਹਲਾ ਸੀ, ਪਰ ਕਾਹਲ ਕਦੇ ਨਹੀਂ ਸੀ ਕਰਦਾ। ਸਾਬਤ ਕਦਮੀਂ ਤੁਰਦਾ, ਸਰ੍ਹੋਂ ਦੇ ਤੇਲ ਨਾਲ ਚੋਪੜੀ ਧੌੜੀ ਦੀ ਜੁੱਤੀ ਪਾਉਂਦਾ। ਉਸ ਦੀ ਪੈੜ ਦੇਖ ਕੇ ਪਤਾ ਲੱਗ ਜਾਂਦਾ ਸੀ ਕਿ ਤਾਇਆ ਇਸ ਰਾਹੋਂ ਲੰਘਿਆ ਹੋਊ; ਪੈੜਾਂ ਰੇਲ ਦੀ ਪੱਟੜੀ ਵਾਂਗ ਬਰਾਬਰ ਹੁੰਦੀਆਂ, ਬਹੁਤਿਆਂ ਵਾਂਗ ਵੀ-ਸ਼ੇਪ ਨਹੀਂ।
ਕਹਿੰਦੇ ਚੜ੍ਹਦੀ ਉਮਰੇ ਉਹ ਦਿੱਲੀ ਚਲਾ ਗਿਆ ਸੀ, ਉਸ ਨੇ ਅੰਗਰੇਜ਼ਾਂ ਹੇਠ ਕੰਮ ਕੀਤਾ। ਉਸ ਦੇ ਬਹਿਣ-ਉਠਣ, ਖਾਣ-ਪੀਣ, ਵਰਤ-ਵਿਹਾਰ ਵਿਚ, ਬਾਕੀ ਪੇਂਡੂਆਂ ਨਾਲੋਂ ਰੜਕਵਾਂ ਫਰਕ ਸੀ। ਵੱਢਾਂ-ਟੁੱਕੀ ਵੇਲੇ ਅੰਗਰੇਜ਼ ਮੁਲਕ ਛੱਡ ਗਏ ਅਤੇ ਉਹ ਦਿੱਲੀ ਛੱਡ ਕੇ ਵਾਪਸ ਪਿੰਡ ਮੁੜ ਆਇਆ। ਉਹ ਅਕਸਰ ਕਹਿੰਦਾ, ਅੰਗਰੇਜ਼ਾਂ ਜਿਹਾ ਕੋਈ ਰਾਜ ਨਹੀਂ ਕਰ ਸਕਦਾ। ਉਦੋਂ ਤੋਂ ਉਸ ਨੂੰ ‘ਦਿੱਲੀ ਵਾਲੇ’ ਦੀ ਅੱਲ ਪੈ ਗਈ।
ਉਹ ਕਦੇ ਨਿਚੱਲਾ ਹੋ ਕੇ ਨਹੀਂ ਸੀ ਬਹਿੰਦਾ। ਜਦੋਂ ਵੀ ਵੇਖੋ, ਉਹ ਕੁਝ ਨਾ ਕੁਝ ਕਰ ਰਿਹਾ ਹੁੰਦਾ। ਆਮ ਕੰਮ ਵੀ ਉਹ ਖਾਸ ਅੰਦਾਜ਼ ਵਿਚ ਕਰਦਾ ਸੀ। ਉਸ ਦਾ ਖਾਣ-ਪੀਣ ਵੀ ਬਾਕੀਆਂ ਨਾਲੋਂ ਵੱਖਰਾ ਸੀ। ਉਹ ਮੰਜੇ ‘ਤੇ ਚੌਕੜੀ ਮਾਰ, ਦੋਹਾਂ ਹੱਥਾਂ ਵਿਚ ਬਾਟੀ ਫੜੀ, ਬਿਨਾ ਅਵਾਜ਼ ਕੀਤਿਆਂ, ਅਨੰਦ ਨਾਲ ਚਾਹ ਪੀਂਦਾ, ਜਿਵੇਂ ਪਾਠ ਕਰ ਰਿਹਾ ਹੋਵੇ। ਜੇ ਕੋਲ ਬੈਠਿਆਂ, ਕਦੇ ਕੋਈ ਸੁੜ੍ਹਾਕਾ ਮਾਰਦਾ, ਉਹ ਖਿੱਝਦਾ, ‘ਹੇਖਾਂ, ਵੱਡੇ ਪੜ੍ਹਾਕੂ, ਚਾਹ ਪੀਣੀ ਨ੍ਹੀਂ ਆਉਂਦੀ।’ ਅਸੀਂ ਤਾਏ ਦੀ ਰੀਸ ਨਾਲ ਬਿਨਾ ਸੁੜ੍ਹਾਕਾ ਮਾਰਿਆਂ ਚਾਹ ਪੀਣ ਦੀ ਰੀਸ ਕਰਦੇ। ਤਾਇਆ ਪਚਾਕੇ ਮਾਰ ਕੇ ਖਾਣ ਵਾਲਿਆਂ ਦਾ ਮਖੌਲ ਉਡਾਉਂਦਾ। ਜੇ ਕੋਈ ਡੱਕਾਰ ਮਾਰਦਾ ਤਾਂ ਕੈਰੀ ਅੱਖ ਨਾਲ ਵੇਖਦਾ। ਡੱਕਾਰ ਉਸ ਨੂੰ ਵੀ ਆਉਂਦਾ, ਪਰ ਉਹ ਪਤਾ ਨਹੀਂ ਸੀ ਲੱਗਣ ਦਿੰਦਾ। ਉਸ ਦੀਆਂ ਗੱਲਾਂ ਕਈਆਂ ਨੂੰ ਜਿੱਚ ਕਰਦੀਆਂ ਤੇ ਉਹ ਅੱਕ ਕੇ ਕਹਿੰਦੇ, “ਵੱਡਾ ਅੰਗਰੇਜ਼ਾਂ ਦੀ ਰੀਸ ਕਰਦੈ।”
ਪੰਜਾਬੀਆਂ ਨੂੰ ਅਜਿਹੀਆਂ ਚੱਜ-ਆਚਾਰ ਦੀਆਂ ਗੱਲਾਂ ਕਰਦਿਆਂ ਕਦੇ ਨਹੀਂ ਵੇਖੋਗੇ। ਨਾ ਕਦੇ ਸਕੂਲ ਵਿਚ, ਨਾ ਕਦੇ ਕਿਸੇ ਕਾਲਜ ਵਿਚ। ਇੱਕ ਵਾਰ ਦਿੱਲੀ ਜਾਂਦਿਆਂ ਕੁਝ ਸਾਥੀਆਂ ਨਾਲ ਸੁਹਜ-ਸੁਆਦ ਦੀਆਂ ਗੱਲਾਂ ਚੱਲ ਪਈਆਂ। ਮੈਂ ਤਾਏ ਦੀਆਂ ਆਦਤਾਂ ਦਾ ਹਵਾਲਾ ਦਿੱਤਾ। ਸਾਰੇ ਉਸ ਦੀ ਚੀਰ-ਫਾੜ ਕਰਨ ਲੱਗ ਪਏ, ਕਹਿੰਦੇ, “ਉਹ ਤਾਂ ਅੰਗਰੇਜ਼-ਪ੍ਰਸਤ ਹੋਊ, ਪੈਟੀ-ਬੁਰਜੂਆ, ਅਜਿਹੇ ਬੰਦੇ ਜ਼ਿਹਨੀ ਤੋਰ ‘ਤੇ ਗੁਲਾਮ ਹੁੰਦੇ ਆ।”
ਗੱਲ ਮੇਰੇ ਪੱਲੇ ਨਾ ਪਈ, ਜੇ ਗੱਲ ਚੰਗੀ ਹੈ, ਸੁਹਜ ਸੁਆਦ ਵਾਲੀ ਹੈ, ਖਰਚਾ ਵੀ ਕੋਈ ਨ੍ਹੀਂ ਆਉਂਦਾ ਤਾਂ ਇਸ ਨੂੰ ਅਪਨਾਉਣ ਜਾਂ ਸਿੱਖਣ ਵਿਚ ਕੀ ਹਰਜ ਹੈ? ਕੀ ਆਪਣੀ ਰਵਾਇਤ ਦੀਆਂ ਮਾੜੀਆਂ ਗੱਲਾਂ ਨਾਲ ਚੁੰਬੜੇ ਰਹਿਣਾ, ਮਾਨਸਿਕ ਗੁਲਾਮੀ ਨਹੀਂ? ਸ਼ਾਇਦ ‘ਸੁਰ’ ਤੇ ‘ਸ਼ੋਰ’ ਦੀ ਤਮੀਜ਼ ਕਰਨ ਵਿਚ ਸਾਡਾ ਹੱਥ ਅਜੇ ਕਾਫੀ ਤੰਗ ਹੈ। ਇਸੇ ਲਈ ਸਰੋਦ ਦੀ ਮਿੱਠੀ ਅਵਾਜ਼ ਨਾਲੋਂ, ਢੋਲ ਦੀ ਉੱਚੀ ਬੀਟ ਸਾਨੂੰ ਵੱਧ ਚੰਗੀ ਲਗਦੀ ਹੈ, ਨੱਚਣ ਲਾ ਦਿੰਦੀ ਹੈ। ਸਾਡੀ ਆਪਸੀ ਗੱਲਬਾਤ ਵੀ ਇਉਂ ਹੁੰਦੀ ਹੈ, ਜਿਵੇਂ ਸਟੇਜ ‘ਤੇ ਖੜ੍ਹੇ ਹੋਈਏ।
‘ਕੇਰਾਂ ਝਕਦਿਆਂ ਝਕਦਿਆਂ ਮੈਂ ਆਖਿਆ, “ਤਾਇਆ, ਤੇਰੀਆਂ ਗੱਲਾਂ ਅਵੱਲੀਆਂ ਹੁੰਦੀਆਂ, ਕਈ ਵਾਰ ਹਜ਼ਮ ਨ੍ਹੀਂ ਹੁੰਦੀਆਂ, ਜਿਵੇਂ ਡੱਕਾਰ ਮਾਰਨਾ, ਭਲਾ ਮਾੜਾ ਕਿਵੇਂ ਹੋਇਆ? ‘ਛਿੱਕ’ ਤੇ ‘ਡੱਕਾਰ’ ਦੀ ਸਿਫਤ-ਸਲਾਹ ਤਾਂ ਪਿੰਡਾਂ ਵਾਲੇ ਮੁੱਢ ਕਦੀਮ ਤੋਂ ਕਰਦੇ ਆਉਂਦੇ ਆ।”
ਉਸ ਨੇ ਮੋੜਵਾਂ ਵਾਰ ਕੀਤਾ, “ਤੈਨੂੰ ਕੌਣ ਕਹਿੰਦਾ ‘ਡੱਕਾਰ ਮਾਰਨਾ’ ਸਿਹਤ ਦੀ ਨਿਸ਼ਾਨੀ ਐ? ਇਹ ਤਾਂ ਕੁੱਢਰਪੁਣਾ ਹੈ, ਹਾਂ ‘ਡੱਕਾਰ ਦਾ ਆਉਣਾ’ ਚੰਗੀ ਗੱਲ ਹੈ।”
ਮੈਨੂੰ ਫਿਰ ਪਤਾ ਲੱਗਾ ਕਿ ਡੱਕਾਰ ਦੇ ‘ਆਉਣ’ ਤੇ ‘ਮਾਰਨ’ ਵਿਚ ਵੀ ਫਰਕ ਹੈ। ਸਹਿਜ ਭਾਅ ਹੋਣ ਵਾਲੀ ਸਰੀਰਕ ਕਿਰਿਆ ਵੀ ਅਸੀਂ ਤੀਂਘ ਕੇ ਕਰਨ ਲੱਗ ਪਏ ਹਾਂ।
ਛੜਾ ਹੋਣ ਦੇ ਬਾਵਜੂਦ ਤਾਏ ਦਾ ਘਰ ਵਿਚ ਦਬਦਬਾ ਸੀ। ਸ਼ਾਇਦ ਹਿੱਸੇ ਆਉਂਦੀ ਜਮੀਨ ਦਾ ਵੀ ਰੋਲ ਹੋਵੇ। ਤਾਏ ਨੂੰ ਦੁਨੀਆਂਦਾਰੀ ਦੇ ਸਾਰੇ ਕੰਮ ਆਉਂਦੇ ਸਨ। ਰੱਸਾ ਵੱਟਣਾ, ਛਿੱਕਲੀਆਂ ਬਣਾਉਣੀਆਂ, ਮੱਝਾਂ ਚੋਣੀਆਂ। ਖੇਤੀਬਾੜੀ ਵੀ ਉਸ ਦੀ ਅਗਵਾਈ ਵਿਚ ਹੁੰਦੀ। ਉਸ ਨੂੰ ਵੱਤਰ ਦਾ ਵੀ ਪਤਾ ਸੀ, ਕਦੋਂ ਵਾਹੁਣੀ ਹੈ, ਕਦੋਂ ਬੀਜਣੀ ਹੈ ਅਤੇ ਕਿੰਨਾ ਬੀਅ ਪੈਣਾ ਹੈ। ਜਦੋਂ ਕਿਸੇ ਨੇ ਲਾਸ ਵੱਟਣੀ ਹੁੰਦੀ ਤਾਂ ਤਾਏ ਦੀ ਭਾਲ ਹੁੰਦੀ। ਉਹ ਸਣ ਦੀਆਂ ਇਕਸਾਰ ਧਾਈਆਂ ਲਾਉਂਦਾ ਤਾਂ ਲਾਸ ਦੀ ਮੋਟਾਈ ਵਿਚ ਝੋਲ ਨਾ ਪੈਣ ਦਿੰਦਾ। ਘਰ ਦੇ ਦਸਦੇ, ਤਾਇਆ ਸਾਝਰੇ ਉਠਦਾ ਹੈ, ਦਿਨ ਚੜ੍ਹਨ ਤੋਂ ਪਹਿਲਾਂ ਖੇਤ ਗੇੜਾ ਮਾਰ ਆਉਂਦਾ ਹੈ। ਫੇਰ ਘਰੇ ਆ ਕੇ ਕੰਮ-ਵੰਡ ਕਰਦਾ ਹੈ ਕਿ ਕਿਹੜਾ ਖੇਤ ਵਾਹੁਣ ਵਾਲਾ ਹੈ, ਕਿਥੋਂ ਪੱਠੇ ਚੋਰੀ ਹੋਏ ਹਨ?
ਹਰ ਰੋਜ ਮੂੰਹ-ਝਾਖਰੇ ਉਹ ਕੇਸੀ ਇਸ਼ਨਾਨ ਕਰਦਾ। ਵਾਲ ਖਿਲਾਰ ਕੇ ਬਾਰ ਮੂਹਰੇ ਪਏ ਖੁੰਢ ‘ਤੇ ਬੈਠ ਜਾਂਦਾ। ਹਰ ਲੰਘਦੇ-ਟੱਪਦੇ ਨੂੰ ਬੁਲਾਉਂਦਾ। ਉਸ ਨੂੰ ਨਿੱਕੀ ਮੋਟੀ ਵੈਦਗੀ ਵੀ ਆਉਂਦੀ ਸੀ। ਕਿਸੇ ਦਾ ਸਿਰ ਦੁੱਖਦਾ, ਹਾਜ਼ਮਾ ਖਰਾਬ ਹੁੰਦਾ, ਜੀਅ ਕੱਚਾ ਕੱਚਾ ਹੁੰਦਾ। ਲੋਕ ਤਾਏ ਕੋਲ ਜਾਂਦੇ, ਉਹ ਤ੍ਰਿਫਲੇ ਦੀ ਫੱਕੀ ਜਾਂ ਤੁੰਮੇ ਦੀਆਂ ਗੋਲੀਆਂ ਦੇ ਦਿੰਦਾ। ਉਸ ਨੂੰ ਧਰਨ ਕੱਢਣੀ ਵੀ ਆਉਂਦੀ ਸੀ। ਹਮੇਸ਼ਾ ਪੈਰਾਂ ਭਾਰ ਬਹਿਣ ਦੀ ਆਦਤ ਸੀ। ਢੂਈ ਤਕਲੇ ਵਾਂਗ ਸਿੱਧੀ। ਠਰੰਮਾ ਵੀ ਦੇਖਣ ਵਾਲਾ ਸੀ। ਇਉਂ ਲੱਗਦਾ ਜਿਵੇਂ ਟਿਕਟਿਕੀ ਲਾਈ ਉਹ ਦੁਨੀਆਂ ਨੂੰ ਦੇਖ ਰਿਹਾ ਹੋਵੇ। ਵਿਆਹੇ ਨਾ ਹੋਣ ਦਾ ਉਸ ਨੇ ਕਦੇ ਹੇਰਵਾ ਨਹੀਂ ਸੀ ਕੀਤਾ। ਧੂਣੀ ਵਿਚ ਝੁਲਸੀ ਹੋਈ ਤੂਤ ਦੀ ਸੋਟੀ ਦੀ ਛਿੱਲ ਲਾਹ ਕੇ, ਹਮੇਸ਼ਾ ਹੱਥ ਵਿਚ ਰੱਖਦਾ ਸੀ। ਜੇ ਨਾਲ ਤੁਰਿਆ ਜਾਂਦਾ ਘਰ ਦਾ ਕੋਈ ਜੀਅ ਪੈਰ ਘਸੀਟ ਕੇ ਤੁਰਦਾ, ਸੋਟੀ ਗਿੱਟਿਆਂ ‘ਤੇ ਪੈਂਦੀ। ਤਾਇਆ ਕਹਿੰਦਾ, “ਹੇਖਾਂ, ਗੱਭਰੂ ਆਂ, ਲੱਤਾਂ ‘ਚ ਜਾਨ ਨ੍ਹੀਂ!” ਉਸ ਦਾ ਗੁੱਸਾ ਵੀ ਕੋਈ ਨਾ ਕਰਦਾ।
ਪਿੰਡ ਵਿਚ ਫਿਰਦਿਆਂ, ਰਾਹ ਵਿਚ ਮਿਲਦੇ, ਹਰ ਕਿਸੇ ਨੁੰ ਬੁਲਾਉਣਾ ਜਾਂ ਛੇੜਨਾ ਉਸ ਦਾ ਸ਼ੁਗਲ ਸੀ। ਇੱਕ ਵਾਰ ਤਾਏ ਨਾਲ ਤੁਰੇ ਜਾਂਦਿਆਂ ਕੋਈ ਮੁੰਡਾ ਮਿਲ ਗਿਆ। ਤਾਇਆ ਬੋਲਿਆ, “ਦਾਦੀ ਝਵਿਆ, ਮੈਨੂੰ ਤੇਰੀ ਓਹ ਗੱਲ ਦਾ ਪਤੈ।” ਉਹ ਝਿਪ ਜਿਹਾ ਗਿਆ ਤੇ ਖਿਸਕ ਗਿਆ। ਬਾਅਦ ਵਿਚ ਮੈਂ ਪੁੱਛਿਆ ਕਿ ਉਸ ਨੂੰ ਉਸ ਦੀ ਕਿਹੜੀ ਗੱਲ ਦਾ ਪਤਾ ਸੀ?
ਤਾਇਆ ਖੁੱਲ੍ਹ ਕੇ ਹੱਸਿਆ, “ਗੱਲ ਕੀ ਹੋਣੀ ਆ, ਮੈਂ ਤਾਂ ਪੈਰੋਂ ਕੱਢਿਆ ਸੀ, ਕਈ ਵਾਰ ਬੰਦਾ ਆਪ ਹੀ ਫੁੱਟ ਪੈਂਦਾ ਹੈ।” ਕਿਸੇ ਦੇ ਮੂੰਹੋਂ ਗੱਲ ਕਢਾਉਣ ਦਾ ਇਹ ਕਾਰਗਰ ਗੁਰ ਸੀ। ਘਰੇ ਬੈਠਾ ਵੀ ਉਹ ਰੌਣਕ ਲਾਈ ਰੱਖਦਾ। ਹਰ ਮਸਲੇ ਬਾਰੇ ਉਹ ਕੋਲ ਕੁਝ ਨਾ ਕੁਝ ਕਹਿਣ ਨੂੰ ਸੀ।
ਸਾਨੂੰ ਵੀ ਲੱਗਦਾ ਕਿ ਤਾਏ ਕੋਲ ਹਰ ਮਸਲੇ ਦਾ ਹੱਲ ਹੈ। ਆਂਢ-ਗੁਆਂਢ ਕੋਈ ਲੜਾਈ ਝਗੜਾ ਹੁੰਦਾ, ਉਹ ਵਿਚ-ਵਿਚਾਲਾ ਕਰਾ ਦਿੰਦਾ। ਨਿੱਕੇ ਮੋਟੇ ਵਿਆਜੂ ਪੈਸੇ ਦੇਣ ਕਰਕੇ, ਕਈ ਉਸ ਦੀ ਝੇਪ ਵੀ ਮੰਨਦੇ ਸਨ। ਇਕ ਵਾਰ ਪਾਣੀ ਦੀ ਵਾਰੀ ਸੀ। ਮੋਘੇ ਕੋਲ, ਧੋਰੀ ਖਾਲਾ ਟੁੱਟ ਗਿਆ। ਪਾਣੀ ਦਾ ਜੋਰ ਏਨਾ, ਜਿਹੜਾ ਚੇਪਾ ਲਾਈਏ, ਪਾਣੀ ਰੋੜ ਕੇ ਲੈ ਜਾਵੇ। ਮੈਂ ਤੇ ਸਾਡਾ ਪਾਲੀ ਹਫੇ ਪਏ ਸਾਂ। ਏਨੇ ਨੂੰ ਮੌਕੇ ‘ਤੇ ਤਾਇਆ ਆ ਬਹੁੜਿਆ। ਸਾਨੂੰ ਖੌਝਲਦਿਆਂ ਦੇਖ ਕੇ ਬੋਲਿਆ, “ਹੇਖਾਂ, ਇਉਂ ਪਾਣੀ ਬੰਨ ਲੋਂ’ਗੇ? ਪਹਿਲਾਂ ਕੁਝ ਗਾਚੀਆਂ ਪੁੱਟ ਕੇ ਕੋਲ ਰੱਖੋ। ਫੇਰ ਇੱਕ ਜਣਾ, ਮੂੰਹੇਂ ‘ਚ ਬੈਠੇ ਤੇ ਦੂਜਾ ਢੂਈ ਨਾਲ ਗਾਚੀਆਂ ਲਾਵੇ।”
ਗੁਰ ਕੰਮ ਆਇਆ। ਵਾਰੀ ਭਾਵੇਂ ਖਰਾਬ ਹੋ ਗਈ, ਪਰ ਮੂੰਹਾਂ ਬੰਨ ਲਿਆ। ਸਿਰ ਪਈ ਮੁਸੀਬਤ ਨਾਲ ਸਿੱਝਣ ਲਈ ਵੀ ਗੁਰ ਦੀ ਲੋੜ ਹੁੰਦੀ ਹੈ, ‘ਕੱਲੇ ਜੋਰ ਕੰਮ ਨਾਲ ਕੰਮ ਨ੍ਹੀਂ ਚਲਦਾ।
ਜ਼ਮੀਨ ਵਾਹੁਣ ਲਈ ਅਸੀਂ ਇੱਕ ਦੁਏ ਨੂੰ ਵਗਾਰ ਪਾਈ ਰੱਖਦੇ। ਇੱਕ ਵਾਰ ਉਹ ਬਲਦਾਂ ਸਮੇਤ ਆਪਣਾ ਸੀਰੀ ਲੈ ਕੇ ਆਇਆ। ਸਾਡਾ ਸੀਰੀ ਵੀ ਹਲ ਵਾਹ ਰਿਹਾ ਸੀ। “ਤਾਇਆ, ਤੂੰ ਹੋਰ ਤਾਂ ਬਹੁਤ ਗੁਰ ਦਿੱਤੇ ਆ, ਮੈਨੂੰ ਹਲ ਵਾਹੁਣਾ ਸਿਖਾ, ਫੇਰ ਜਾਣੂੰ,’ ਮੈਂ ਆਖਿਆ।
“ਲੈ ਇਹ ਕਿਹੜੀ ਕਰਾਮਾਤ ਹੈ, ਇਹ ਤਾਂ ਮੂਹੜਾਂ ਦਾ ਕੰਮ ਹੈ, ਤੇ ਤੂੰ ਤਾਂ ਪਾੜ੍ਹਾ ਐਂ।” ਤਾਏ ਨੇ ਮੇਰਾ ਹੌਸਲਾ ਵਧਾਇਆ। ਉਸ ਨੇ ਮੈਨੂੰ ਬਲਦਾਂ ਨੂੰ ਹੱਕਣ ਤੇ ਹਲ ਦੀ ਹੱਥੀ ਖੜਵੀਂ ਰੱਖਣ ਤੇ ਸਿੱਧਾ ਝਾਕਣ ਦੀ ਤਾਕੀਦ ਕੀਤੀ। ਤਾਏ ਨੇ ਦੱਸਿਆ, ਜੇ ਹਲ ਟੇਢਾ ਹੋ ਗਿਆ ਤਾਂ ਬਲਦ ਡੰਗਿਆ ਜਾਵੇਗਾ। ਉਸ ਨੇ ਹਲਾਂ ਸਿੱਧੀ ਕੱਢਣ ਲਈ ਨਜ਼ਰ ਪੰਜਾਲੀ ਉਤੋਂ ਸਿੱਧੀ ਰੱਖਣ ਲਈ ਆਖਿਆ। ਮੈਂ ਉਸ ਦੀਆਂ ਹਦਾਇਤਾਂ ਮੂਜਬ ਹੱਥ ‘ਚ ਪਰਾਣੀ ਲੈ ਬਲਦਾਂ ਨੂੰ ਹੱਕਿਆ। ਚਾਅ ਚਾਅ ਵਿਚ ਹੀ ਕਈ ਘੰਟੇ ਹਲ ਵਾਹਿਆ। ਹੋਇਆ ਕੀ, ਦਿਨ ਢਲਣ ਤੱਕ ਮੇਰਾ ਖੱਬਾ ਮੋਢਾ ਸੁੱਜ ਗਿਆ ਤੇ ਟਸ ਟਸ ਕਰਨ ਲੱਗਾ। ਅਗਲੇ ਦਿਨ ਮੈਂ ਤਾਏ ਕੋਲ ਗਿਆ ਤੇ ਆਵਦੀ ਪੀੜ ਬਾਰੇ ਦੱਸਿਆ।
ਤਾਇਆ ਖੁੱਲ੍ਹ ਕੇ ਹੱਸਿਆ, “ਲਗਦੈ, ਤੂੰ ਹਲ ਬਾਂਹ ਨਾਲ ਧੱਕਿਆ ਹੋਊ! ਹਲ ਵਾਹੁੰਦਿਆਂ ਲੱਤਾਂ ਦੁੱਖਦੀਆਂ ਤਾਂ ਸੁਣੀਆਂ, ਪਰ ਮੋਢੇ ਵਾਲੀ ਗੱਲ ਨ੍ਹੀਂ ਸੁਣੀ।” ਤਾਏ ਦੀ ਗੱਲ ਠੀਕ ਸੀ। ਸਾਡੇ ਬਲਦ ਮੱਠੇ ਸਨ ਤੇ ਤਾਏ ਕੇ ਤੇਜ। ਮੈਂ ਨਾਲ ਰਲਣ ਲਈ, ਅਚੇਤ ਹੀ ਬਾਂਹ ਨਾਲ ਹਲ ਧੱਕ ਕੇ ਜਿਵੇਂ ਬਲਦਾਂ ਦੀ ਮਦਦ ਕਰ ਰਿਹਾ ਸਾਂ।
ਤਾਏ ਨੇ ਹਲ ਵਾਹੁਣ ਦੀ ਜੋ ਵਿਆਖਿਆ ਕੀਤੀ, ਉਸ ਵਿਚ ਸਾਰਾ ਵਿਰੋਧ-ਵਿਕਾਸ ਲੁਕਿਆ ਹੋਇਆ ਸੀ। ਉਸ ਦੇ ਬੋਲਾਂ ਵਿਚ ਸੁਣੋ, “ਦੇਖ! ਹਾਲੀ ਦਾ ਕੰਮ ਹੱਥੀ ਫੜ੍ਹ ਕੇ ਸਿਰਫ ਹਲ ਨੂੰ ਸਾਂਵਾਂ ਰੱਖਣਾ ਹੁੰਦੈ, ਤੇ ਹਲਾਂ ਸਿੱਧੀ ਕੱਢਣ ਲਈ ਸਾਹਵਂੇ ਝਾਕਣਾ। ਖਿੱਚਣ ਦਾ ਕੰਮ ਬਲਦ ਆਪੇ ਕਰਦੇ ਆ, ਹਾਲੀ ਨ੍ਹੀਂ ਕਰਦਾ। ਤੂੰ ਹਲ ਧੱਕੀ ਗਿਆ ਤੇ ਮੋਢਾ ਸੁਜਾ ਲਿਆ। ਭਲਿਆ ਤੇਰੇ ਜੋਰ ਲਾਉਣ ਨਾਲ ਹਲ ਥੋੜੇ ਧੱਕਿਆ ਜਾਣਾ ਸੀ।”
ਮੇਰੇ ਅੰਦਰ ਜਿਵੇਂ ਚਾਨਣ ਹੋ ਗਿਆ। ਇਹ ਗੁਰ ਤਾਂ ਹਰ ਥਾਂ ਲਾਗੂ ਹੁੰਦਾ ਹੈ। ਹਰ ਵਰਤਾਰਾ ਆਪਣੇ ਅੰਦਰੂਨੀ ਬਲ ਨਾਲ ਗਤੀਸ਼ੀਲ ਹੁੰਦਾ ਹੈ। ਆਹਰ ਅਤੇ ਸਬਰ ਕਰਨ ਦੀ ਥਾਂ ਅਸੀਂ ਤੀਂਘੜਨਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਕਲੀ ਨੂੰ ਹੱਥ ਨਾਲ ਖੋਲ੍ਹ ਕੇ ਫੁੱਲ ਬਣਾਉਣ ‘ਚ ਰੁੱਝ ਜਾਂਦੇ ਹਾਂ ਤੇ ਉਹ ਦੀਆਂ ਪੱਤੀਆਂ ਖਿਲਾਰ ਬਹਿੰਦੇ ਹਾਂ।
ਤਾਏ ਦਾ ਇਹ ਗੁਰ ਜ਼ਿੰਦਗੀ ਵਿਚ ਬੜਾ ਕੰਮ ਆਇਆ। ਘਟਨਾਵਾਂ ਦੇ ਗੇੜ ਵਿਚ ਜਦੋਂ ਵੀ ਮਨ ਉਚਾਟ ਹੁੰਦਾ, ਤਾਏ ਦੀ ਗੱਲ ਯਾਦ ਕਰਕੇ ਢਾਰਸ ਬੱਝ ਜਾਂਦਾ। ਹਰ ਮੁਸੀਬਤ, ਵਰਤਾਰੇ ਨੇ ਆਪਣਾ ਸਮਾਂ ਲੈਣਾ ਹੈ, ਵਿਗਸਣਾ ਹੈ ਤੇ ਅੰਜਾਮ ਤੱਕ ਪਹੁੰਚਣਾ ਹੈ। ਲਾਲਚ ਤੇ ਲਾਲਸਾ ਵੱਸ, ਛੇਤੀ ਛੇਤੀ ਫੱਲ ਪਾਉਣ ਦੀ ਝਾਕ ਵਿਚ, ਅਸੀਂ ਖਫਾ-ਖੂੰ ਹੋਈ ਜਾਂਦੇ ਹਾਂ, ਇੱਕ ਦੂਜੇ ਦੇ ਪੈਰ ਮਿੱਧਦੇ ਹਾਂ। ਦੁਖੀ ਹੁੰਦੇ ਹਾਂ।
ਮੈਂ ਅੱਖਾਂ ਖੋਲ੍ਹੀਆਂ। ਕਾਨ੍ਹੀ ਬਿਨਾ ਕਿਸੇ ਉਚੇਚ ਦੇ, ਤਾਏ ਦੀ ਅਰਥੀ ਚੁੱਕਣ ਦੀ ਤਿਆਰੀ ਕਰ ਰਹੇ ਸਨ। ਮੈਨੂੰ ਲੱਗਾ, ਤਾਏ ਨੇ ਉਠ ਕੇ ਬਹਿ ਜਾਣਾ ਹੈ ਤੇ ਆਪਣਾ ਆਖਰੀ ਗੁਰ ਦੱਸਣਾ ਹੈ, “ਮੁੰਡਿਓ, ਸਾਰੇ ਜਣੇ ਅਰਥੀ ਇੱਕੋ ਵੇਲੇ ਚੁੱਕਿਓ, ਨਹੀਂ ਤਾਂ ਉਲਰ ਕੇ ਏਨ੍ਹੇ ਇੱਕ ਦੇ ਗਲ ਪੈ ਜਾਣੈਂ।”
ਅੱਜ ਤਾਏ ਦੀਆਂ ਗੱਲਾਂ ਯਾਦ ਕਰਕੇ ਲਗਦੈ, ਜਿਵੇਂ ਸਾਰੇ ਜਣੇ ਜ਼ਿੰਦਗੀ ਦੇ ਖੇਤ ‘ਚ ਹਲ ਵਾਹ ਰਹੇ ਹੋਈਏ। ਅਸੀਂ ਘਟਨਾਵਾਂ ਅਤੇ ਵਰਤਾਰਿਆਂ ਦੇ ਹਲ ਦੀ ਹੱਥੀ ਨੂੰ, ਜਿੰਨਾ ਹੋ ਸਕੇ ਸਿੱਧੇ ਰੱਖਣਾ ਹੈ, ਡੋਲਣ ਨ੍ਹੀਂ ਦੇਣਾ। ਜੋ ਹਲ ਨੂੰ ਧੱਕਣ ਦੀ ਕੋਸ਼ਿਸ਼ ਕਰਦੇ ਹਨ, ਦੁਖੀ ਹੁੰਦੇ ਹਨ, ਜੋ ਹੱਥੀ ਨੂੰ ਸਾਂਵਾਂ ਤੇ ਨਜ਼ਰ ਨੂੰ ਸਿੱਧੀ ਰੱਖਣ ਦਾ ਗੁਰ ਸਿੱਖ ਲੈਂਦੇ ਹਨ, ਉਨ੍ਹਾਂ ਦਾ ਜਿਉਣਾ ਸਹਿਜ ਹੋ ਜਾਂਦਾ ਹੈ। ਜਿਵੇਂ ਬੱਸ ਚਾਲਕ, ਸਿਰਫ ਸਟੇਅਰਿੰਗ ਵ੍ਹੀਲ ਨੂੰ ਸੰਭਾਲਦਾ ਹੈ, ਬਰੇਕਾਂ ‘ਤੇ ਪੱਬ ਰੱਖਦਾ ਹੈ, ਉਸ ਨੂੰ ਆਪ ਨਹੀਂ ਖਿੱਚਦਾ। ਖਿੱਚਣ ਦਾ ਕੰਮ ਇੰਜਣ ਕਰੀ ਜਾਂਦਾ ਹੈ। ਅਸੀਂ ਚਾਲਕ ਬਣਨ ਦੀ ਥਾਂ, ਉਮਰ ਭਰ ਇੰਜਣ ਬਣੇ ਰਹਿੰਦੇ ਹਾਂ, ਫਿਰ ਖੜਕਦੇ ਹਾਂ, ਹਿਲਦੇ ਰਹਿੰਦੇ ਹਾਂ। ਤਬਦੀਲੀ ਲਈ ਯਤਨਸ਼ੀਲ ਕਾਮਿਆਂ ਲਈ ਇਹ ਗੁਰ ਚੇਤੇ ਰੱਖਣ ਵਾਲਾ ਹੈ।