ਗੁਰਬਾਣੀ ਇਸੁ ਜਗ ਮਹਿ ਚਾਨਣੁ

ਅਮਰਜੀਤ ਸਿੰਘ ਮੁਲਤਾਨੀ , ਨਿਊ ਯਾਰਕ
ਦੋ ਸਾਲ ਪਹਿਲਾਂ ਦੀ ਗੱਲ ਹੈ, ਮੈਨੂੰ ਨਿੱਜੀ ਅਧਿਐਨ ਲਈ ਇਕ ਬਾਈਬਲ ਦੀ ਲੋੜ ਸੀ। ਮੈਨੂੰ ਚੇਤੇ ਆਇਆ ਕਿ ਇੱਥੇ ਸਬਵੇਅ ਸਟੇਸ਼ਨਾਂ ‘ਤੇ ਇਸਾਈਅਤ ਦੇ ਪ੍ਰਚਾਰ ਲਈ ਵੱਖ-ਵੱਖ ਸੰਗਠਨਾਂ ਵੱਲੋਂ ਪ੍ਰਚਾਰਕ ਧਾਰਮਿਕ ਲਿਟਰੇਚਰ, ਜਿਸ ਵਿਚ ਕਿਤਾਬਚਿਆਂ ਤੋਂ ਇਲਾਵਾ ਬਾਈਬਲ ਵੀ ਹੁੰਦੀ ਹੈ, ਮੁਫਤ ਵਿਚ ਵੰਡਦੇ ਹਨ। ਇਕ ਦਿਨ ਮੈਂ ਜਦੋਂ ਸਬਵੇਅ ਵਿਚੋਂ ਦੀ ਗੁਜ਼ਰ ਰਿਹਾ ਸਾਂ ਕਿ ਇਕ ਇਸਾਈ ਨੰਨ ਲਿਟਰੇਚਰ ਦੇ ਨਾਲ ਨਜ਼ਰ ਆਈ। ਮੈਂ ਉਸ ਪਾਸ ਗਿਆ ਤੇ ਬਾਈਬਲ ਦੇਣ ਦੀ ਬੇਨਤੀ ਕੀਤੀ। ਉਸ ਪਾਸ ਉਸ ਵੇਲੇ ਬਾਈਬਲ ਨਹੀਂ ਸੀ, ਪਰ ਉਸ ਨੰਨ ਦਾ ਆਪਣੇ ਧਰਮ ਪ੍ਰਤੀ ਸਮਰਪਣ ਵੇਖੋ ਕਿ ਉਹ ਮੈਨੂੰ ਬੇਨਤੀ ਕਰਦੀ ਹੈ ਕਿ ਤੁਸੀਂ ਦੋ ਮਿੰਟ ਲਈ ਰੁਕੋ, ਮੈਂ ਸਬਵੇਅ ਦੇ ਦੂਜੇ ਸਿਰੇ ‘ਤੇ ਲਿਟਰੇਚਰ ਵੰਡ ਰਹੀ ਆਪਣੀ ਸਾਥਨ ਤੋਂ ਤੁਹਾਨੂੰ ਬਾਈਬਲ ਲਿਆ ਕੇ ਦਿੰਦੀ ਹਾਂ। ਮੈਂ ਰੁਕ ਗਿਆ ਅਤੇ ਵੇਖਿਆ ਕਿ ਉਹ ਨੰਨ ਬਹੁਤ ਹੀ ਤੇਜ਼ ਕਦਮਾਂ ਨਾਲ ਸਬਵੇਅ ਦੇ ਦੂਜੇ ਸਿਰੇ ਵੱਲ ਨੂੰ ਜਾ ਰਹੀ ਹੈ।

ਵਾਕੱਈ ਉਸ ਨੰਨ ਨੇ ਦੋ ਮਿੰਟ ਦਾ ਸਮਾਂ ਹੀ ਲਿਆ ਤੇ ਸਾਹੋ-ਸਾਹ ਹੋਈ ਉਹ ਬਾਈਬਲ ਦੀ ਕਿਤਾਬ ਲਈ ਮੇਰੇ ਸਾਹਮਣੇ ਖੜੀ ਸੀ। ਬਾਈਬਲ ਦੀ ਕਾਪੀ ਵੇਖੀ, ਕਿਆ ਕਮਾਲ ਦੀ ਸੁੰਦਰ ਛਪਾਈ, ਮਹਿੰਗਾ ਵਧੀਆ ਕਾਗਜ਼ ਤੇ ਲਾਜਵਾਬ ਸ਼ਾਨਦਾਰ ਬਾਈਂਡਿੰਗ! ਫਿਰ ਕਮਾਲ ਕਿ ਮੁਫਤ! ਬਾਈਬਲ ਦੇਣ ਪਿਛੋਂ ਉਸ ਨੰਨ ਨੇ ਮੈਨੂੰ ਇਸਾਈ ਧਰਮ ਵਿਚ ਦਿਲਚਸਪੀ ਲਈ ਧੰਨਵਾਦ ਕਿਹਾ ਤੇ ਤਾਕੀਦ ਵੀ ਕੀਤੀ ਜੇ ਹੋਰ ਲਿਟਰੇਚਰ ਦੀ ਲੋੜ ਹੋਈ ਤਾਂ ਮੈਨੂੰ ਦੱਸਣਾ।
ਉਸ ਵਧੀਆ ਔਰਤ ਤੋਂ ਬਾਈਬਲ ਲੈ ਕੇ ਮੈਂ ਵੀ ਧੰਨਵਾਦ ਕਿਹਾ ਤੇ ਘਰ ਆ ਗਿਆ। ਜ਼ਿਹਨ ਵਿਚ ਵਾਰ-ਵਾਰ ਇਹੋ ਖਿਆਲ ਆਵੇ ਕਿ ਉਸ ਨੇ ਬਿਨਾ ਮੇਰੀ ਸ਼ਨਾਖਤ ਕੀਤਿਆਂ, ਮੈਨੂੰ ਆਪਣਾ ਪਵਿੱਤਰ ਧਰਮ ਗ੍ਰੰਥ ਦੇ ਦਿੱਤਾ ਹੈ। ਮੈਂ ਬਾਈਬਲ ਨਾਲ ਕੀ ਕਰਾਂਗਾ, ਇਸ ਦੀ ਵੀ ਉਸ ਨੇ ਪ੍ਰਵਾਹ ਨਹੀਂ ਕੀਤੀ। ਮੇਰਾ ਆਪਣਾ ਅੰਦਾਜ਼ਾ ਹੈ ਕਿ ਉਸ ਨੂੰ ਭਰੋਸਾ ਸੀ ਕਿ ਮੈਂ ਧਾਰਮਿਕ ਪੁਸਤਕ ਦੀ ਸਹੀ ਵਰਤੋਂ ਹੀ ਕਰਾਂਗਾ। ਦੂਜਾ, ਸ਼ਾਇਦ ਉਸ ਨੂੰ ਆਪਣੇ ਇਸ਼ਟ ‘ਤੇ ਅਥਾਹ ਭਰੋਸਾ ਹੈ ਕਿ ਜੇ ਮੈਂ ਬਾਈਬਲ ਦਾ ਅਸਨਮਾਨ ਜਾਂ ਕੋਈ ਘਟੀਆ ਹਰਕਤ ਕਰਾਂਗਾ ਤੇ ਉਹ ਆਪ ਹੀ ਆਪਣੇ ਅਪਮਾਨ ਦਾ ਬਦਲਾ ਲੈਣ ਦੇ ਸਮਰੱਥ ਹੈ। ਕਿਤੇ ਸ਼ਾਇਦ ਉਸ ਨੰਨ ਦੇ ਦਿਲ ਦੇ ਕਿਸੇ ਕੋਨੇ ਵਿਚ ਇਹ ਆਸ ਵੀ ਜਗੀ ਹੋਏਗੀ ਕਿ ਸ਼ਾਇਦ ਉਸ ਵੱਲੋਂ ਦਿੱਤੀ ਬਾਈਬਲ ਪੜ੍ਹ ਕੇ ਮੈਂ ਉਸ ਦੇ ਧਰਮ ਵੱਲ ਨੂੰ ਵੀ ਉਲਾਰ ਲੈ ਸਕਦਾ ਹਾਂ। ਮੈਨੂੰ ਉਸ ਨੰਨ ਦੇ ਸਮਰਪਣ, ਉਸ ਦੇ ਧਰਮ ਦੇ ਖਲੂਸ ਅਤੇ ਸਭ ਤੋਂ ਅਹਿਮ, ਉਸ ਦੇ ਇਸ਼ਟ ‘ਤੇ ਰਸ਼ਕ ਆਇਆ, ਜਿਸ ਦੇ ਵਰਤਾਰੇ ਵਿਚ ਇੰਨੀ ਦਲੇਰੀ ਹੈ।
ਬਾਈਬਲ ਦਾ ਕੁਝ ਸਮਾਂ ਅਧਿਐਨ ਕਰਨ ਪਿਛੋਂ ਮੈਨੂੰ ਮਹਿਸੂਸ ਹੋਇਆ ਕਿ ਇਸ ਦੇ ਸਮਾਨੰਤਰ ਕੁਰਾਨ ਦਾ ਅਧਿਐਨ ਵੀ ਜ਼ਰੂਰੀ ਹੈ। ਮੈਂ ਆਪਣੇ ਇਕ ਪਾਕਿਸਤਾਨੀ ਮਿੱਤਰ, ਜੋ ਯੂਨਾਨੀ ਤੇ ਹੋਮਿਉਪੈਥਿਕ ਦਵਾਈਆਂ ਦਾ ਕੰਮ ਕਰਦੇ ਹਨ, ਨਾਲ ਗੱਲ ਕੀਤੀ। ਮੈਂ ਸੋਚਿਆ ਕਿ ਇਹ ਮੁਸਲਮਾਨ ਕਿਹੜਾ ਸਾਡੇ ਤੋਂ ਘੱਟ ਕੱਟੜਪੰਥੀ ਹਨ, ਸੋ ਮੈਨੂੰ ਆਸ ਸੀ ਕਿ ਮੇਰਾ ਮਿੱਤਰ ਮਨ੍ਹਾਂ ਕਰ ਦੇਵੇਗਾ! ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਉਸ ਨੇ ਮੁਸਕਰਾਉਂਦਿਆਂ ਕਿਹਾ ਕਿ ਤੁਸੀਂ ਅਰਬੀ ਤਾਂ ਪੜ੍ਹ ਨਹੀਂ ਸਕਦੇ, ਮੈਂ ਤੁਹਾਨੂੰ ਹਿੰਦੀ ਲਿਪੀ ਵਿਚ ਲਿਖੀ ਕੁਰਾਨ ਸ਼ਰੀਫ, ਜੋ ਮੇਰੇ ਇਕ ਮਿੱਤਰ ਪਾਸ ਹੈ, ਲਿਆ ਦਿੰਦਾ ਹਾਂ।
ਦੂਜੇ ਦਿਨ ਉਨ੍ਹਾਂ ਮੈਨੂੰ ਫੋਨ ਕੀਤਾ ਕਿ ਦੁਕਾਨ ਤੋਂ ਕੁਰਾਨ ਸ਼ਰੀਫ ਲੈ ਜਾਓ। ਮੈਂ ਉਨ੍ਹਾਂ ਦੀ ਦੁਕਾਨ ‘ਤੇ ਗਿਆ ਤੇ ਉਨ੍ਹਾਂ ਮੈਨੂੰ ਆਮ ਜਿਹੇ ਹਰੇ ਕੱਪੜੇ ਵਿਚ ਲਪੇਟੀ ਹੋਈ ਕੁਰਾਨ ਸ਼ਰੀਫ ਦੀ ਪੁਸਤਕ ਹਵਾਲੇ ਕਰ ਦਿੱਤੀ। ਮੈਂ ਆਪਣੀ ਜਿਗਿਆਸਾ ਲਈ ਜੋ-ਜੋ ਅਧਿਆਏ ਜ਼ਰੂਰੀ ਸਨ, ਪੜ੍ਹੇ ਅਤੇ ਕੋਈ ਇੱਕ ਮਹੀਨੇ ਪਿਛੋਂ ਆਪਣੇ ਮਿੱਤਰ ਨੂੰ ਪੁੱਛਿਆ ਕਿ ਮੇਰੀ ਲੋੜ ਪੂਰੀ ਹੋ ਗਈ ਹੈ ਤੇ ਮੈਂ ਕਦੋਂ ਕੁਰਾਨ ਸ਼ਰੀਫ ਵਾਪਸ ਕਰਨ ਆਵਾਂ?
ਹਕੀਮ ਸਾਬ੍ਹ ਕਹਿਣ ਲੱਗੇ ਕਿਤੇ ਭਵਿੱਖ ਵਿਚ ਫਿਰ ਵੀ ਲੋੜ ਪੈ ਸਕਦੀ ਹੈ, ਸੋ ਇਸ ਲਈ ਤੁਸੀਂ ਆਪਣੇ ਪਾਸ ਰੱਖ ਲਉ। ਮੈਂ ਉਸ ਨੂੰ ਕਿਹਾ ਕਿ ਤੁਹਾਡੀ ਪਵਿੱਤਰ ਪੁਸਤਕ ਹੈ। ਚੰਗਾ ਹੋਏਗਾ ਜੇ ਤੁਸੀਂ ਵਾਪਸ ਲੈ ਲਓ। ਉਸ ਨੇ ਮੇਰੀ ਮਨਸ਼ਾ ਸਮਝਦਿਆਂ ਹੱਸਦੇ ਹੋਏ ਕਿਹਾ, ਇਸ ਨੂੰ ਰੱਖਣ ਲਈ ‘ਤੁਹਾਡੇ ਜਿਹਾ’ ਕੁਝ ਵੀ ਨਹੀਂ ਕਰਨਾ ਪੈਂਦਾ। ਜਿਵੇਂ ਕੱਪੜੇ ਵਿਚ ਲਪੇਟੀ ਹੋਈ ਹੈ, ਇਵੇਂ ਹੀ ਕਿਤਾਬਾਂ ਵਾਲੀ ਸ਼ੈਲਫ ਵਿਚ ਬਾਕੀ ਕਿਤਾਬਾਂ ਨਾਲ ਰੱਖ ਦੇਣਾ। ਬਾਕੀ ਅੱਲਾ ਖੁਦ ਵਾਲੀ! ਤੁਹਾਡੇ ਲਈ ਕੋਈ ਚਿੰਤਾ ਵਾਲੀ ਗੱਲ ਨਹੀਂ।
ਮੈਂ ਜਦੋਂ ਛੋਟੀ ਉਮਰ ਦਾ ਸਾਂ, ਆਮ ਹੀ ਵੇਖਦੇ ਹੁੰਦੇ ਸਾਂ, ਸਾਡੇ ਪਿਤਾ ਜੀ ਘਰੇ ਹੀ ਨਿੱਤਨੇਮ ਪਿਛੋਂ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਤੋਂ ਪਾਠ ਕਰਿਆ ਕਰਦੇ ਸਨ। ਉਨ੍ਹਾਂ ਘਰੇ ਹੀ ਇਕ ਕੋਨੇ ਵਿਚ ਸਾਰੀਆਂ ਧਾਰਮਿਕ ਪੁਸਤਕਾਂ ਬੜੇ ਅਦਬ ਤੇ ਸਤਿਕਾਰ ਨਾਲ ਰੱਖੀਆਂ ਹੁੰਦੀਆਂ ਸਨ। ਉਹ ਆਪਣੇ ਵੱਲੋਂ ਸਾਰੀਆਂ ਧਾਰਮਿਕ ਪੁਸਤਕਾਂ ਦਾ ਹਰ ਯਥਾ ਸੰਭਵ ਢੰਗ ਤੇ ਸੁੱਚਮ ਨਾਲ ਸਤਿਕਾਰ ਕਰਿਆ ਕਰਦੇ ਸਨ। ਉਨ੍ਹੀਂ ਦਿਨੀਂ ਪੜ੍ਹੇ-ਲਿਖੇ ਵਿਅਕਤੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਆਮ ਹੀ ਆਪਣੇ ਘਰਾਂ ਵਿਚ ਰੱਖੀਆਂ ਹੁੰਦੀਆਂ ਸਨ। ਵੱਡੀ ਗਿਣਤੀ ਵਿਚ ਡੇਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਮੰਦਿਰਾਂ ਦੀ ਗਿਣਤੀ ਵੀ ਬਹੁਤ ਘੱਟ ਹੁੰਦੀ ਸੀ। ਸਿਰਫ ਇਤਿਹਾਸਕ ਮੰਦਿਰ ਜਾਂ ਸ਼ਿਵਾਲੇ ਹੀ ਵੇਖੇ ਜਾ ਸਕਦੇ ਸਨ। ਹਰ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਵਰਤਾਰਾ ਨਜ਼ਰ ਆਉਂਦਾ ਸੀ। ਸ਼ਾਇਦ ਇਸੇ ਪ੍ਰਭਾਵ ਹੇਠ ਪੰਜਾਬੀ ਦੇ ਦਰਵੇਸ਼ ਸਾਹਿਤਕਾਰ ਪ੍ਰੋ. ਪੂਰਨ ਸਿੰਘ ਨੇ ਕਿਹਾ ਸੀ, “ਪੰਜਾਬ ਵੱਸਦਾ ਗੁਰਾਂ ਦੇ ਨਾਂ ‘ਤੇ।”
ਉਦੋਂ ਹਰ ਪਾਸੇ ਸਮਾਜ ਵਿਚ ਅੱਜ ਦੇ ਮੁਕਾਬਲੇ ਵਧੇਰੇ ਧਾਰਮਿਕ ਸਹਿਨਸ਼ੀਲਤਾ ਸੀ। ਅੱਜ ਵਾਂਗ ਜਾਣ-ਬੁੱਝ ਕੇ ਕਿਸੇ ਵਿਸ਼ੇਸ਼ ਇਰਾਦੇ ਨਾਲ ਕੀਤੀਆਂ ਬੇਅਦਬੀਆਂ ਦੀਆਂ ਘਟਨਾਵਾਂ ਨਾ ਦੇ ਬਰਾਬਰ ਸਨ। ਉਨ੍ਹੀਂ ਦਿਨੀਂ ਸ਼ਾਇਦ ਗੁਰੂ ਲੋਕਾਈ ਦੇ ਨਾਲ-ਨਾਲ ਆਪਣੀ ਪੈਜ ਤੇ ਪੱਤ ਰੱਖਣ ਦੇ ਸਮਰੱਥ ਸਨ। ਜੇ ਡੇਰੇ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਦੀ ਕਮਾਈ ਖਾਂਦੇ ਸਨ ਤਾਂ ਉਹ ਸਤਿਕਾਰ ਵੀ ਕਰਦੇ ਸਨ। ਉਹ ਰੱਬ ਤੋਂ ਸੱਚੀਂ ਭਓ ਵੀ ਖਾਂਦੇ ਸਨ। ਜਦੋਂ ਤੋਂ ਜਰਵਾਣਿਆਂ ਨੇ ਗੁਰੂਆਂ ਨੂੰ ਜ਼ਬਰਦਸਤੀ ਕਬਜ਼ੇ ਵਿਚ ਲਿਆ ਹੈ, ਉਦੋਂ ਤੋਂ ਧਾਰਮਿਕ ਅਸਹਿਨਸ਼ੀਲਤਾ ਨੇ ਸਿੱਖਾਂ ਨੂੰ ਆਤਮਿਕ ਪੱਖੋਂ ਅਤਿ ਦਰਜੇ ਦਾ ਕਮਜ਼ੋਰ ਬਣਾ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਤਾਂ ਸੜਦੀ, ਬਲਦੀ ਲੋਕਾਈ ਨੂੰ ਠਾਰਨ ਦੇ ਸਮਰੱਥ ਹੈ। ਇਹ ਮਨੁੱਖਤਾ ਨੂੰ ਸਮਾਜਕ ਨਾ-ਬਰਾਬਰੀ ਕਾਰਨ ਪੈਦਾ ਹੋਈਆਂ ਵਿਸ਼ਮਤਾਵਾਂ ਦੇ ਇਲਾਜ ਲਈ ਮੁਫੀਦ ਤੇ ਸਮਰੱਥ ਹੈ।
ਸਾਲ 2014 ਦੀ ਇਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਰਨਾ ਚਾਹਾਂਗਾ। ਮੈਂ ਉਨ੍ਹੀਂ ਦਿਨੀਂ ਪੰਜਾਬੀ ਨਾਟ ਮੰਚ ਦੇ ਪਿਤਾਮਾ ਡਾ. ਹਰਚਰਨ ਸਿੰਘ ਦੇ ਸਪੁੱਤਰ ਹਰਬਖਸ਼ ਲਾਟਾ, ਜੋ ਪੰਜਾਬੀ ਫਿਲਮ ਜਗਤ ਦੇ ਕੱਦਾਵਰ ਸਿਰਨਾਵੇਂ ਹਨ, ਦੀ ਤਿਆਰ ਕੀਤੀ ਇਕ ਘੰਟੇ ਤੇ ਵੀਹ ਮਿੰਟਾਂ ਦੀ ਲਾਜਵਾਬ ਪੇਸ਼ਕਾਰੀ ‘ਰਬਾਬ ਤੋਂ ਨਗਾਰੇ ਤੱਕ’ ਦਾ ਈਸਟ ਕੋਸਟ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਪ੍ਰਦਰਸ਼ਨ ਕਰ ਰਹੇ ਸਾਂ। ਇਸੇ ਸਬੰਧੀ ਜਨਵਰੀ ਮਹੀਨੇ ਦੌਰਾਨ ਕਨੈਕਟੀਕਟ ਦੇ ਸਭ ਤੋਂ ਵੱਡੇ ਗੁਰਦੁਆਰੇ ਵਿਚ ਉਸ ਫਿਲਮ ਦਾ ਸ਼ੋਅ ਸੀ। ਉਸ ਗੁਰਦੁਆਰੇ ਵਿਚ ਪੰਜਾਬ ਦੇ ਇਲਾਕਾ ਟਾਂਡਾ ਤੋਂ ਬਹੁਤ ਪਰਿਵਾਰ ਸਨ। ਮੈਂ ਉਥੇ ਆਪਣੇ ਸਾਰੇ ਜਾਣ-ਪਛਾਣ ਵਾਲੇ ਸੱਜਣਾਂ ਨੂੰ ਫਿਲਮ ਵੇਖਣ ਲਈ ਤਾਕੀਦ ਕਰ ਰਿਹਾ ਸਾਂ ਕਿ ਇਕ ਸੱਜਣ ਸ਼ ਬਾਜਵਾ ਨੇ ਮੁਆਫੀ ਮੰਗਦਿਆਂ ਕਿਹਾ ਕਿ ਉਨ੍ਹਾਂ ਨੂੰ ‘ਮਾਰਟਨ ਲੂਥਰ ਕਿੰਗ’ ਸਬੰਧੀ ਇਕ ਪ੍ਰੋਗਰਾਮ ਵਿਚ ਸਿੱਖ ਧਰਮ ਦੇ ਪ੍ਰਤੀਨਿਧੀ ਵਜੋਂ ਹਿੱਸਾ ਲੈਣ ਵਾਲੀ ਇੱਕ ਬੱਚੀ ਨਾਲ ਜਾਣਾ ਪੈਣਾ ਹੈ। ਮੈਂ ਉਤਸੁਕਤਾ ਵੱਸ ਪੁਛਿਆ ਕਿ ਕਿਹੜੀ ਬੱਚੀ ਉਥੇ ਸਿੱਖ ਧਰਮ ਦੇ ਪ੍ਰਤੀਨਿਧੀ ਵਜੋਂ ਸੰਬੋਧਨ ਕਰੇਗੀ?
ਉਨ੍ਹਾਂ ਉਸ ਬੱਚੀ ਨੂੰ ਬੁਲਾਇਆ ਤਾਂ ਮੈਂ ਬੱਚੀ ਨੂੰ ਪੁੱਛਿਆ ਕਿ ਕੀ ਉਹ ਮੈਨੂੰ ਭਾਸ਼ਣ ਵਿਖਾ ਸਕਦੀ ਹੈ, ਜੋ ਉਸ ਨੇ ਅੱਜ ਮੀਟਿੰਗ ਵਿਚ ਪੜ੍ਹਨਾ ਹੈ। ਉਸ ਬੱਚੀ ਨੇ ਇਕ ਹੱਥ ਲਿਖਤ ਕਾਗਜ਼ ਮੈਨੂੰ ਵਿਖਾਇਆ। ਮੈਂ ਉਸ ਬੱਚੀ ਤੋਂ ਪੜ੍ਹਨ ਦੀ ਇਜਾਜ਼ਤ ਲੈ ਕੇ ਪੂਰਾ ਸੰਬੋਧਨ ਪੜ੍ਹਿਆ। ਮੈਂ ਪਾਇਆ ਕਿ ਲਿਖਤ ਦਾ ਕੇਂਦਰ ਬਿੰਦੂ ਖਾਲਸਾ ਅਤੇ ਖਾਲਸੇ ਦੀ ਸਾਜਨਾ ਕਿਉਂ? ਮੈਨੂੰ ਲੱਗਾ ਕਿ ਇਹ ਵਿਸ਼ਾ ਮਾਰਟਿਨ ਲੂਥਰ ਕਿੰਗ ਦੇ ਕਾਰਜਾਂ ਨਾਲ ਮੇਚ ਨਹੀਂ ਖਾਂਦਾ। ਮੈਂ ਇਹ ਵਿਚਾਰ ਬੱਚੀ ਨੂੰ ਦੱਸੇ। ਮੈਂ ਬੱਚੀ ਨੂੰ ਸੁਝਾਓ ਦਿੱਤਾ ਕਿ ਤੁਸੀਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇ ਸਮਾਜਕ ਨਾ-ਬਰਾਬਰੀ ਅਤੇ ਉਚ-ਨੀਚ ਦੇ ਵਿਸ਼ੇ ‘ਤੇ ਕੀਤੇ ਕੰਮਾਂ ਦਾ ਜ਼ਿਕਰ ਕਰੋ; ਸਮਾਪਤੀ ਇੰਜ ਕਰੋ ਕਿ ‘ਮਾਰਟਿਨ ਲੂਥਰ ਕਿੰਗ, ਜੋ ਮਨੁੱਖੀ ਸਮਾਜ ਵਿਚ ਪੈਦਾ ਹੋਈਆ ਨਾ-ਬਰਾਬਰੀ ਤੇ ਵਿਤਕਰੇ ਦੀਆਂ ਜਿਨ੍ਹਾਂ ਵਿਸ਼ਮਤਾਵਾਂ ਵਿਰੁੱਧ ਲੜਿਆ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ 500 ਸਾਲ ਪਹਿਲਾਂ ਸੰਸਾਰ ਵਿਚ ਮਨੁੱਖੀ ਨਾ-ਬਰਾਬਰੀ ਅਤੇ ਵਿਤਕਰੇ ਵਿਰੁੱਧ ਅਵਾਜ਼ ਬੁਲੰਦ ਕੀਤੀ ਸੀ।’ ਉਸ ਬੱਚੀ ਨੂੰ ਮੇਰੇ ਸੁਝਾਓ ਠੀਕ ਲੱਗੇ ਅਤੇ ਉਸ ਨੇ ਆਪਣਾ ਸੰਬੋਧਨ ਦੁਬਾਰਾ ਲਿਖਿਆ।
ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਪਿਛੋਂ ‘ਰਬਾਬ ਤੋਂ ਨਗਾਰੇ ਤੱਕ’ ਦਾ ਸ਼ੋਅ ਹੋਇਆ। ਸੰਗਤ ਨੇ ਫਿਲਮ ਬਹੁਤ ਪਸੰਦ ਕੀਤੀ। ਮੈਂ, ਹਰਬਖਸ਼ ਲਾਟਾ ਅਤੇ ਉਨ੍ਹਾਂ ਦਾ ਬੇਟਾ ਹਰਸ਼ਵੀਰ ਲਾਟਾ ਫਿਲਮ ਦੀ ਸਮਾਪਤੀ ਉਪਰੰਤ ਸਾਮਾਨ ਇਕੱਠਾ ਕਰਕੇ ਗੱਡੀ ਵਿਚ ਰੱਖ ਰਹੇ ਸਾਂ ਕਿ ਵੇਖਿਆ ਸ਼ ਬਾਜਵਾ ਕਾਰ ਪਾਰਕ ਕਰ ਰਹੇ ਸਨ। ਉਨ੍ਹਾਂ ਨੂੰ ਵੇਖਦਿਆਂ ਹੀ ਮੇਰੀ ਉਸ ਪ੍ਰੋਗਰਾਮ ਸਬੰਧੀ ਜਾਣਨ ਦੀ ਇੱਛਾ ਹੋਈ। ਇੰਨੀ ਦੇਰ ਵਿਚ ਸ਼ ਬਾਜਵਾ ਵੀ, ਮੈਂ ਵੇਖਿਆ ਮੇਰੇ ਵੱਲ ਨੂੰ ਹੀ ਆ ਰਹੇ ਹਨ। ਉਨ੍ਹਾਂ ਆਉਂਦਿਆਂ ਹੀ ਕਿਹਾ, ਮੁਲਤਾਨੀ ਜੀ ਅੱਜ ਤੇ ਕਮਾਲ ਹੋ ਗਈ। ਜਦੋਂ ਬੱਚੀ ਲੈਕਚਰ ਦੇ ਰਹੀ ਸੀ ਤਾਂ ਪੂਰਾ ਹਾਲ ਬੜੀ ਗਹੁ ਨਾਲ ਸੁਣ ਰਿਹਾ ਸੀ ਤੇ ਕਮਾਲ ਉਦੋਂ ਹੋਈ, ਜਦੋਂ ਬੱਚੀ ਨੇ ਲੈਕਚਰ ਸਮਾਪਤ ਕੀਤਾ, ਸਾਰੇ ਸਰੋਤਿਆਂ ਨੇ ਖੜੇ ਹੋ ਕੇ ਤਾੜੀਆਂ ਵਜਾ ਕੇ ਸਨਮਾਨ ਦਿੱਤਾ। ਭਾਸ਼ਣ ਪਿਛੋਂ ਵੀ ਵੱਡੀ ਗਿਣਤੀ ਵਿਚ ਲੋਕਾਂ ਨੇ ਗੁਰੂ ਨਾਨਕ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਲਈ। ਬੱਚੀ ਬਹੁਤ ਖੁਸ਼ ਸੀ। ਮੈਨੂੰ ਵੀ ਖੁਸ਼ੀ ਹੋਈ।
ਬਾਲੀਵੁੱਡ ਦੀਆਂ ਸ਼ੁਰੂਆਤੀ ਦਿੱਗਜ ਫਿਲਮੀ ਹਸਤੀਆਂ ਵਿਚ ਸ਼ੁਮਾਰ ਬਲਰਾਜ ਸਾਹਨੀ ਨੂੰ ਕੌਣ ਨਹੀਂ ਜਾਣਦਾ! ਉਸ ਦੇ ਬੇਟੇ ਪ੍ਰੀਕਸ਼ਿਤ ਸਾਹਨੀ ਨੇ ਆਪਣੇ ਪਿਤਾ ਬਲਰਾਜ ਸਾਹਨੀ ਨਾਲ ਗੁਜ਼ਾਰੀ ਜ਼ਿੰਦਗੀ ‘ਤੇ ਆਧਾਰਤ ‘ਨਾਨ ਕਨਫਰਮਿਸ਼ਟ’ ਸਿਰਲੇਖ ਹੇਠ ਆਤਮ ਕਥਾ ਲਿਖੀ ਹੈ। ਬਲਰਾਜ ਸਾਹਨੀ ਕੱਟੜ ਕਮਿਊਨਿਸਟ ਸੀ, ਇਹ ਸਭ ਜਾਣਦੇ ਹਨ। ਉਹ ਮਾਰਕਸਵਾਦ ਬਾਰੇ ਲਿਖੀ ਕਿਤਾਬ ‘ਦਾਸ ਕੈਪੀਟਲ’ ਦਾ ਵੱਡਾ ਉਪਾਸ਼ਕ ਸੀ। ਪ੍ਰੀਕਸ਼ਿਤ ਸਾਹਨੀ ਲਿਖਦਾ ਹੈ ਕਿ ਮੈਂ ਕਈ ਵਾਰ ਨੋਟ ਕੀਤਾ ਸੀ ਕਿ ਉਹਦਾ ਪਿਤਾ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ‘ਦਾਸ ਕੈਪੀਟਲ’ ਪੜ੍ਹਿਆ ਕਰਦਾ ਸੀ। ਉਹ ਅੱਗੇ ਲਿਖਦਾ ਹੈ ਕਿ ਬਲਰਾਜ ਸਾਹਨੀ ਜੀਵਨ ਦੇ ਆਖਰੀ ਪੜਾਓ ਵਿਚ ਜਦੋਂ ਵਧੇਰੇ ਬੇਚੈਨ ਹੋ ਗਿਆ ਤਾਂ ਮੈਂ ਉਨ੍ਹਾਂ ਨੂੰ ਅਨੇਕ ਵਾਰ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਤੇ ਆਤਮਿਕ ਤੌਰ ‘ਤੇ ਸਰਸ਼ਾਰ ਹੁੰਦੇ ਵੇਖਿਆ।
ਉਪਰੋਕਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਕਰਨ ਦਾ ਮੇਰਾ ਮਕਸਦ ਸਿਰਫ ਇਹੋ ਹੀ ਹੈ ਕਿ ‘ਗੁਰਬਾਣੀ ਇਸੁ ਜਗ ਮਹਿ ਚਾਨਣੁ’ ਹੈ। ਕਿਉਂ ਸਿੱਖ ਧਰਮ ‘ਤੇ ਕਾਬਜ਼, ਸੰਸਾਰ ਨੂੰ ਇਸ ਚਾਨਣ ਤੋਂ ਵਾਂਝੇ ਰੱਖਣਾ ਚਾਹੁੰਦੇ ਹਨ? ਦੁਨਿਆਵੀ ਸਾਰੇ ਧਰਮ ਸਿਰਫ ਆਪਣੇ ਧਰਮ ਤੇ ਇਸ਼ਟ ਦੀ ਗੱਲ ਕਰਦੇ ਹਨ। ਸਾਰੇ ਧਰਮ ਕਹਿੰਦੇ ਹਨ ਕਿ ਮੇਰੀ ਸ਼ਰਣ ਵਿਚ ਆਵੋ, ਫਿਰ ਮੈਂ ਤੁਹਾਡੇ ਸਾਰੇ ਗੁਨਾਹ ਮੁਆਫ ਕਰ ਦੇਵਾਂਗਾ, ਤੈਨੂੰ ਸਵਰਗ ਵਿਚ ਭੇਜਾਂਗਾ। ਭਾਵ ਮੇਰੀ ਸ਼ਰਣ ਵਿਚ ਆਉਣਾ ਪਵੇਗਾ, ਵਰਨਾ ਕੁਝ ਨਹੀਂ। ਬਿਨਾ ਧਰਮ ਵਿਚ ਸ਼ਾਮਲ ਹੋਇਆਂ ਕੁਝ ਹਾਸਲ ਨਹੀਂ ਹੋਣਾ। ਧਰਮ ਵਿਚ ਸ਼ਾਮਲ ਹੋ ਕੇ ਫਿਰ ਸਾਰੀਆਂ ਰਹੁ ਰੀਤਾਂ ਤੇ ਬੰਦਿਸ਼ਾਂ ਮੰਨਣੀਆਂ ਪੈਂਦੀਆਂ ਹਨ, ਪਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਆਪਣੇ ਸੰਪਰਕ ਵਿਚ ਆਏ ਹਰ ਹਮਸਾਏ ਨੂੰ ਬੜੀ ਸਰਲਤਾ ਤੇ ਸਹਿਜ ਨਾਲ ਜਪੁਜੀ ਸਾਹਿਬ ਦੀ ਪਹਿਲੀ ਪਉੜੀ ‘ਚ ਹੀ ਬ੍ਰਹਿਮੰਡ ਦਾ ਸੱਚ ਦੱਸ ਦਿੱਤਾ ਅਤੇ ਬਾਕੀ ਪਉੜੀਆਂ ਰਾਹੀਂ ਵਿਗਿਆਨ ਤੇ ਬ੍ਰਹਮ ਗਿਆਨ ਨਾਲ ਮਾਲਾ ਮਾਲ ਕਰਦਿਆਂ, ਅੰਤਿਮ ਸ਼ਲੋਕ ਵਿਚ ਨਿਰਣਾ ਵੀ ਕਰ ਦਿੱਤਾ, “ਹੇ ਮਨੁੱਖ! ਸਭ ਕੁਝ ਤੇਰੇ ਹੱਥ ਤੇ ਵੱਸ ਹੈ, ਤੂੰ ਖੁਦ ਫੈਸਲਾ ਕਰਨਾ ਹੈ ਕਿ ਤੂੰ ਮਹਾਮਾਨਵ ਬਣਨਾ ਹੈ ਜਾਂ ਹੇਠਲੇ ਦਰਜੇ ਦਾ ਮਾਨਵ ਬਣਨਾ ਹੈ।”
ਸਾਰਿਆਂ ਹੀ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਇਹ ਗੱਲ ਸੁਨਿਸ਼ਚਿਤ ਕਰਨ ਕਿ “ਗੁਰਬਾਣੀ ਦਾ ਚਾਨਣ ਸਾਰੇ ਸੰਸਾਰ ਵਿਚ, ਸਾਰੀ ਲੋਕਾਈ ਤੱਕ ਪੁੱਜਣਾ ਚਾਹੀਦਾ ਹੈ, ਹਰ ਸਿੱਖ ਨੂੰ ਇਹ ਸਮਝਣਾ ਪਵੇਗਾ ਕਿ ਉਹ ਸਿਰਫ ਇਕ ਆਮ ਸਿੱਖ ਹੀ ਨਹੀਂ, ਸਗੋਂ ਗੁਰੂ ਨਾਨਕ ਸਾਹਿਬ ਦਾ ਦੂਤ ਹੈ, ਤੇ ਸਿੱਖ ਧਰਮ ਦਾ ਪਸਾਰ ਤੇ ਪ੍ਰਚਾਰ ਉਸ ਦੀ ਖੁਦ ਦੀ ਜਿੰ.ਮੇਵਾਰੀ ਹੈ, ਨਾ ਕਿ ਅਖੌਤੀ ਸਾਧਾਂ, ਬਾਬਿਆਂ, ਤਖਤਾਂ ਤੇ ਦਿਓ ਕੱਦ ਕਮੇਟੀਆਂ ਦੀ?”