ਆਸਣੁ ਲੋਇ ਲੋਇ ਭੰਡਾਰ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜਦੋਂ ਅਜੋਕੇ ਸਿੱਖ ਵਿਦਵਾਨ ਇਹ ਕਹਿ ਕੇ ਗੁਰੂ ਨਾਨਕ ਦੀ ਬਾਣੀ ਦੀ ਵਿਆਖਿਆ ਕਰਦੇ ਹਨ ਕਿ ਅਕਾਲ ਪੁਰਖ ਹਰ ਇਕ ਜੀਵ ਦਾ ਨੇੜਿਓਂ ਹੋ ਕੇ ਪ੍ਰਤੀਪਾਲਨ ਕਰਦਾ ਹੈ ਤੇ ਜਿੱਥੇ ਉਹ ਹੁੰਦਾ ਹੈ, ਉੱਥੇ ਹੀ ਉਸ ਦੀ ਖੁਰਾਕ ਪਹੁੰਚਾਉਂਦਾ ਹੈ, ਤਾਂ ਉਨ੍ਹਾਂ ਦੀ ਵਿਆਖਿਆ ਯਥਾਰਥਕ ਨਹੀਂ ਲਗਦੀ। ਇਹ ਇਸ ਲਈ ਕਿ ਭਾਵੇਂ ਅੱਜ ਦਾ ਮਨੁੱਖ ਗੁਰੂ ਸਾਹਿਬ ਦੀ ਦਿਖਾਈ ਸੇਧ ਵਿਚ ਚਲਦਿਆਂ ਗਿਆਨ ਦੇ ਪੰਜ ਸੌ ਸਾਲ ਹੋਰ ਨੇੜੇ ਆ ਗਿਆ ਹੈ, ਪਰ ਇਹ ਵਿਦਵਾਨ ਅਜੇ ਵੀ ਉਹੀ ਸਦੀਆਂ ਪੁਰਾਣੀ ਸੋਚ ਵਰਤਦੇ ਚਲੇ ਆ ਰਹੇ ਹਨ। ਗੁਰੂ ਸਾਹਿਬ ਨੇ ਰਾਮਾਇਣ, ਮਹਾਂਭਾਰਤ ਤੇ ਉੱਤਰ ਵੇਦਿਕ ਕਾਲ ਦੀਆਂ ਮਿੱਥ-ਕਹਾਣੀਆਂ ਉਨ੍ਹਾਂ ਦੇ ਪੈਦਾ ਹੋਣ ਤੋਂ ਦੋ ਹਜ਼ਾਰ ਸਾਲ ਬਾਅਦ ਤੋੜੀਆਂ ਸਨ। ਭਾਵ ਇਹ ਉਹ ਸਮਾਂ ਸੀ, ਜਦੋਂ ਮਨੁੱਖੀ ਗਿਆਨ ਦੋ ਹਜ਼ਾਰ ਸਾਲ ਬਾਅਦ ਦੂਣਾ ਹੁੰਦਾ ਸੀ।

ਦੋ ਦੋ ਹਜ਼ਾਰ ਸਾਲ ਲੋਕ ਓਹੀ ਪੁਰਾਣੇ ਵਿਚਾਰ ਲੈ ਕੇ ਘੁੰਮੀ ਜਾਂਦੇ ਸਨ। ਵਿਗਿਆਨ ਦੀ ਤਰੱਕੀ ਕਾਰਨ ਅੱਜ ਤੋਂ ਪੰਜਾਹ ਸਾਲ ਪਹਿਲਾਂ ਇਹ ਸਮਾਂ ਘਟ ਕੇ ਦਸ ਸਾਲ ਰਹਿ ਗਿਆ, ਪਰ ਹੁਣ ਇੱਕੀਵੀਂ ਸਦੀ ਵਿਚ ਮਨੁੱਖੀ ਗਿਆਨ ਬਾਰਾਂ ਘੰਟਿਆਂ ਵਿਚ ਦੋ-ਗੁਣਾ ਹੋ ਜਾਂਦਾ ਹੈ। ਇਸ ਲਈ ਜੋ ਗੱਲ ਗੁਰੂ ਸਾਹਿਬ ਨੇ ਉਦੋਂ ਦੀ ਸਮਝ ਅਨੁਸਾਰ ਸੰਖੇਪ ਤੇ ਸੰਕੇਤਕ ਅਰਥਾਂ ਵਿਚ ਕਹੀ ਸੀ, ਹੁਣ ਉਸ ਦੇ ਵਿਸਥਾਰਪੂਰਵਕ ਵਰਣਨ ਦੇ ਅਨੇਕਾਂ ਰਸਤੇ ਖੁਲ੍ਹ ਗਏ ਹਨ, ਪਰ ਵਿਦਵਾਨਾਂ ਨੇ ਇਨ੍ਹਾਂ ਵਲ ਧਿਆਨ ਨਹੀਂ ਦਿੱਤਾ। ਸਿੱਟੇ ਵਜੋਂ ਵਧਿਆ ਗਿਆਨ ਬਾਣੀ ਦੇ ਨੇੜੇ ਨਹੀਂ ਆਇਆ। ਇਸੇ ਲਈ ਉਨ੍ਹਾਂ ਦੀਆਂ ਵਿਆਖਿਆਵਾਂ ਮਨੁੱਖ ਨੂੰ ਜੀਵਨ ਦੇ ਉਸ ਸੱਚ ਤੋਂ ਵਿਜੋਗਦੀਆਂ ਹਨ, ਜਿਸ ਦੀ ਗੁਰੂ ਸਾਹਿਬ ਸੇਧ ਦੇ ਗਏ ਹਨ।
ਇਸ ਦਾ ਮੁੱਖ ਕਾਰਨ ਇਹ ਹੈ ਕਿ ਵਿਦਵਾਨ ਬਾਣੀ ਨੂੰ ਜੀਵਨ ਨਾਲ ਜੋੜ ਕੇ ਨਹੀਂ ਦੇਖਦੇ। ਜਿੱਥੇ ਉਨ੍ਹਾਂ ਨੂੰ ਬਾਣੀ ਦੀ ਵਿਆਖਿਆ ਆਧੁਨਿਕ ਪਰਿਪੇਖ ਵਿਚ ਕਰਨੀ ਬਣਦੀ ਹੈ, ਉਹ ਨਹੀਂ ਕਰਦੇ ਜਾਂ ਕਰ ਨਹੀਂ ਸਕਦੇ। ਅੱਜ ਉਹ ਜਮਾਨਾ ਹੈ, ਜਦੋਂ ਸਹੀ ਕੰਮ ਕਰਨ ਲਈ ਆਮ ਕੰਪਿਊਟਰ ਤੇ ਮੋਬਾਈਲ ਫੋਨ ਵੀ ਦਿਨ ਵਿਚ ਚਾਰ ਚਾਰ ਵਾਰ ਅੱਪਗ੍ਰੇਡ ਹੁੰਦੇ ਹਨ; ਪਰ ਬਾਣੀ ਦੀ ਵਿਆਖਿਆ ਦਾ ਅੱਪਗ੍ਰੇਡ ਕੋਈ ਨਹੀਂ। ਜੇ ਜੀਵਨ ਪ੍ਰਵਾਹ ਚਲ ਰਿਹਾ ਹੈ ਤੇ ਉਸ ਵਿਚ ਨਿਰੰਤਰ ਵਿਕਾਸ ਆ ਰਿਹਾ ਹੈ ਤਾਂ ਉਹ ਬਾਣੀ ਥਾਣੀਂ ਵੀ ਸਮਝ ਆਉਣਾ ਚਾਹੀਦਾ ਹੈ। ਗੁਰਬਾਣੀ ਆਮ ਸ਼ਰਧਾਲੂ ਲਈ ਸਰਬੰਗੀ ਗਿਆਨ ਦਾ ਸੋਮਾ ਹੈ, ਪਰ ਪੁਜਾਰੀ ਜਮਾਤ ਦੇ ਏਕਾਧਿਕਾਰੀ ਕੰਟਰੋਲ ਕਾਰਨ ਇਸ ਵਿਚੋਂ ਆਧੁਨਿਕ ਕਾਲੀਨ ਮਨੁੱਖੀ ਸਰੋਕਾਰਾਂ ਦੀ ਮਹੱਤਤਾ ਸਾਹਮਣੇ ਨਹੀਂ ਆਉਂਦੀ। ਸਿੱਖ ਪੁਜਾਰੀਆਂ ਨੇ ਇਸ ਦੁਆਲੇ ਸਤਿਕਾਰਤਾ ਤੇ ਸੰਕੀਰਣਤਾ ਦੀ ਇਕ ਅਜਿਹੀ ਚੁੰਧਿਆਵੀਂ ਪਰਤ ਬਣਾਈ ਹੋਈ ਹੈ ਕਿ ਜਗਿਆਸੂ-ਗਣ ਇਸ ਨੂੰ ਪੜ੍ਹਨ ਤੇ ਸਮਝਣ ਵਲ ਜਾਣ ਹੀ ਨਾ; ਬਸ ਸੀਸ ਝੁਕਾਉਣ ਵਲ ਜਾਣ। ਉਨ੍ਹਾਂ ਨੇ ਇਸ ਤਰ੍ਹਾਂ ਦਾ ਪ੍ਰਬੰਧ ਬਣਾਇਆ ਹੋਇਆ ਹੈ ਕਿ ਕੋਈ ਇਸ ਤੋਂ ਜੀਵਨ ਸੇਧ ਤੇ ਗਿਆਨ ਨਾ ਲਵੇ ਸਗੋਂ ਜੀਵਨ ਲਈ ਲੋੜੀਂਦੀਆਂ ਵਸਤਾਂ ਅਰਜ-ਅਰਦਾਸ ਰਾਹੀਂ ਮਾਇਆ ਦੀ ਭੇਟਾ ਚੜ੍ਹਾ ਕੇ ਮੰਗੇ। ਮਿਹਨਤ ਨਾਲ ਪ੍ਰਾਪਤ ਕੀਤੀ ਵਸਤ ਲਈ ਵੀ ਸ਼ੁਕਰਾਨੇ ਦੀ ਭੇਟਾ ਚੜ੍ਹਾਵੇ। ਸਿੱਖ ਪੁਜਾਰੀ ਬਾਣੀ ਨੂੰ ਉਚੇਚੀ ਰਹਿਤ ਮਰਿਆਦਾ ਅਨੁਸਾਰ ਪੜ੍ਹਦੇ ਹਨ। ਉਹ ਇਸ ਦੀ ਮਨਚਾਹੀ ਵਿਆਖਿਆ ਕਰਦੇ ਹਨ ਤੇ ਪ੍ਰਸ਼ਨ ਕਰਨ ਨੂੰ ਮਨਮੱਤ ਸਮਝਦੇ ਹਨ। ਅਖੰਡ ਪਾਠ, ਜਾਪ ਤੇ ਕੀਰਤਨ, ਉਨ੍ਹਾਂ ਦੇ ਬਾਣੀ ਪੜ੍ਹਨ ਦੇ ਮੁੱਖ ਢੰਗ ਹਨ, ਪਰ ਇਨ੍ਹਾਂ ਵਿਚੋਂ ਕਿਸੇ ਵਿਚ ਵੀ ਦਿਮਾਗੀ ਸੋਚ ਵਿਚਾਰ ਦੀ ਗੁੰਜਾਇਸ਼ ਨਹੀਂ। ਯੂਨੀਵਰਸਿਟੀਆਂ ਵਿਚ ਗੁਰਬਾਣੀ ਖੋਜ ‘ਤੇ ਅੰਕੁਸ਼ ਹੈ ਅਤੇ ਅਧਿਆਤਮਕ ਵਿਆਖਿਆ ਹੀ ਪ੍ਰਵਾਨਿਤ ਹੈ। ਇੰਜ ਲਗਦਾ ਹੈ, ਜਿਵੇਂ ਅਜੋਕੇ ਸਿੱਖ ਵਿਦਵਾਨਾਂ ਦੀ ਡਿਕਸ਼ਨਰੀ ਵਿਚ ਬਾਣੀ ਦਾ ਸਿੱਧਾ ਅਰਥ (ੰੇਨੋਨੇਮ) ਸ਼ਰਧਾ ਹੋਵੇ ਅਤੇ ਵਿਚਾਰ ਵਿਵੇਕ ਇਸ ਦੇ ਵਿਰੋਧੀ-ਅਰਥ (Aਨਟੋਨੇਮਸ) ਹੋਣ।
ਅੱਜ ਵਿਗਿਆਨ ਦਾ ਜ਼ਮਾਨਾ ਹੈ। ਵਿਗਿਆਨ ਤੋਂ ਬਿਨਾ ਗਿਆਨ ਦਾ ਪੱਤਾ ਵੀ ਨਹੀਂ ਹਿੱਲਦਾ। ਵਿਗਿਆਨ ਅੱਗੇ ਪੁਰਾਤਨ ਵਿਚਾਰਾਂ ਦੇ ਚਿਰਾਗ ਇਸ ਤਰ੍ਹਾਂ ਫਿੱਕੇ ਪੈ ਗਏ ਹਨ, ਜਿਵੇਂ ਧੁੱਪ ਵਿਚ ਦੀਵੇ। ਫਿਲਾਸਫੀ ਖਤਮ ਹੋ ਚੁਕੀ ਹੈ। ਉਨ੍ਹੀਵੀਂ ਸਦੀ ਤੋਂ ਬਾਅਦ ਕੋਈ ਮੌਲਿਕ ਫਿਲਾਸਫਰ ਪੈਦਾ ਨਹੀਂ ਹੋਇਆ। ਫਿਲਾਸਫਰਾਂ ਦਾ ਚਿੰਤਨ ਨਾਲੋਂ ਮੋਹ ਭੰਗ ਉਦੋਂ ਤੋਂ ਹੀ ਹੋਣ ਲੱਗ ਪਿਆ ਸੀ, ਜਦੋਂ 1810 ਵਿਚ ਸੈਮਿਊਲ ਹੈਨੀਮੈਨ ਨੇ ਕਿਹਾ ਸੀ, ‘ਫਿਲਾਸਫੀ ਨਾ ਘੜੋ, ਯਥਾਰਥ ਨੂੰ ਸੰਭਾਲੋ!’ ਪ੍ਰਸਿੱਧ ਅਲੋਚਕ ਜੀ. ਐਚ. ਸੇਬਾਈਨ ਦੇ ਇਹ ਕਹਿਣ ਦਾ ਵੀ ਕਰੀਬ ਇਹੋ ਅਰਥ ਸੀ ਕਿ ਸਭ ਚਿੰਤਨ ਆਪਣੇ ਸਮੇਂ ਮੁਤਾਬਿਕ ਹੀ ਅਰਥ ਰੱਖਦੇ ਹਨ, ਪਿਛੋਂ ਉਨ੍ਹਾਂ ਦੀ ਮਹੱਤਤਾ ਬਦਲ ਜਾਂਦੀ ਹੈ। ਇਹ ਸਭ ਗੱਲਾਂ ਧਾਰਮਿਕ ਫਿਲਾਸਫੀਆਂ ‘ਤੇ ਵੱਧ ਲਾਗੂ ਹੁੰਦੀਆਂ ਹਨ, ਜੋ ਅਣਦੇਖੇ-ਅਣਕਿਆਸੇ ਦੈਵੀ ਵਿਸ਼ਿਆਂ ਦੀ ਕਾਲਪਿਤ ਵਿਆਖਿਆ ਕਰਦੀਆਂ ਹਨ। ਅੱਜ ਕੱਲ ਅਜਿਹੀਆਂ ਫਿਲਾਸਫੀਆਂ ਦਾ, ਵਿਗਿਆਨਕ ਆਧਾਰ ਤੋਂ ਬਿਨਾ ਆਪਣੇ ਸਹਾਰੇ (ੰਟਅਨਦ-ਅਲੋਨe) ਟਿਕਣਾ ਮੁਸ਼ਕਿਲ ਬਣਿਆ ਹੋਇਆ ਹੈ। ਹਿੰਦੂ ਧਰਮ ਵਿਚ ਸਵਾਮੀ ਦਯਾਨੰਦ ਦੇ ਸੁਧਾਰ ਇਸੇ ਮੁਸ਼ਕਿਲ ਨੂੰ ਹੱਲ ਕਰਨ ਦਾ ਉਪਰਾਲਾ ਸਨ। ਮਗਰੋਂ ਸਵਾਮੀ ਵਿਵੇਕਾਨੰਦ ਨੇ ਪੂਰੀ ਸਨਾਤਨ ਹਿੰਦੂ ਵਿਚਾਰਧਾਰਾ ਨੂੰ ਵਿਗਿਆਨਕ ਲੀਹਾਂ ‘ਤੇ ਖੜ੍ਹਾ ਕੀਤਾ। ਸਵਾਮੀ ਰਾਮ ਤੀਰਥ, ਜੋ ਸੰਨਿਆਸ ਤੋਂ ਪਹਿਲਾਂ ਲਾਹੌਰ ਵਿਚ ਹਿਸਾਬ ਦਾ ਪ੍ਰੋਫੈਸਰ ਸੀ, ਨੇ ਵੀ ਇਸੇ ਦਿਸ਼ਾ ਵਿਚ ਕੰਮ ਕੀਤਾ, ਪਰ ਗੁਰਬਾਣੀ ਦੇ ਮਾਹਿਰਾਂ ਨੇ ਇਸ ਨੂੰ ਅਜੋਕੇ ਯੁਗ ਦੀ ਹਵਾ ਤੀਕ ਨਹੀਂ ਲੱਗਣ ਦਿੱਤੀ। ਸਭ ਤੋਂ ਵੱਡੀ ਤ੍ਰਾਸਦੀ ਇਹ ਕਿ ਜਿਸ ਗੁਰਬਾਣੀ ਨੂੰ ਗੁਰੂ ਸਾਹਿਬ ਨੇ ਪਹਿਲਾਂ ਹੀ ਜਪੁਜੀ ਦੀ ਵਿਗਿਆਨਕ ਨੀਂਹ ‘ਤੇ ਉਸਾਰਿਆ ਹੋਇਆ ਹੈ, ਅਜੋਕੀ ਸਿੱਖ ਵਿਦਵਤਾ ਨੇ ਉਨ੍ਹਾਂ ਮੂਲ ਵਿਗਿਆਨਕ ਅੰਸ਼ਾਂ ਨੂੰ ਵੀ ਨਹੀਂ ਛੋਹਿਆ!
ਗੁਰੂ ਸਾਹਿਬ ਨੇ “ੴ ਸਤਿ ਨਾਮੁ” ਲਿਖ ਕੇ ਇਕ ਤਰ੍ਹਾਂ ਨਾਲ ਬਾਣੀ ਦੇ ਮੁੱਢ ਵਿਚ ਹੀ ਕਹਿ ਦਿੱਤਾ ਸੀ, ‘ਫਿਲਾਸਫੀ ਛੱਡੋ, ਯਥਾਰਥ ਸੰਭਾਲੋ।’ ਭਾਵ ਜੋ ਦਿੱਸਦਾ ਹੈ, ਉਸ ਨੂੰ ਕਿਆਸ-ਅਰਾਈਆਂ ਲਾਉਣ ਦੀ ਥਾਂ ਸਮਝੋ ਤੇ ਜੋ ਨਹੀਂ ਦਿਸਦਾ, ਉਸ ਦੀ ਸਹੀ ਹਿਸਾਬੀ ਢੰਗ ਨਾਲ ਖੋਜ ਕਰੋ। ਉਨ੍ਹਾਂ ਨੇ ਇਹ ਕਿਤੇ ਨਹੀਂ ਲਿਖਿਆ ਕਿ ਮੇਰੀ ਲਿਖਿਤ ਦਾ ਪਾਠ ਕਰਿਆ ਕਰਿਓ ਤੇ ਇਸ ਨੂੰ ਮਨ-ਇੱਛਤ ਮੁਰਾਦਾਂ ਪਾਉਣ ਲਈ ਜਪਿਆ-ਜਪਾਇਆ ਕਰਿਓ। 15ਵੀਂ ਸਦੀ ਦਾ ਇਕ ਵਿਗਿਆਨ-ਮਤਾ ਸੰਤ-ਪੁਰਖ ਇਸ ਤੋਂ ਵੱਧ ਹੋਰ ਕੀ ਕਹਿੰਦਾ? ਸਿੱਖ ਵਿਦਵਾਨਾਂ ਦਾ ਫਰਜ਼ ਸੀ ਕਿ ਉਹ ਉਨ੍ਹਾਂ ਦੀ ਬਾਣੀ ‘ਤੇ ਅਮਲ ਕਰਦੇ ਹੋਏ ਕੁਦਰਤ ਦਾ ਅਧਿਐਨ ਕਰਦੇ ਤੇ ਇਸ ਦੇ ਨਿਯਮ ਪਤਾ ਕਰਨ ਪ੍ਰਤੀ ਜੀਵਨ ਸਮਰਪਿਤ ਕਰਦੇ। ਜੇ ਇੱਦਾਂ ਨਹੀਂ ਸਨ ਕਰ ਸਕਦੇ ਤਾਂ ਘੱਟੋ ਘੱਟ ਦੂਜਿਆਂ ਦੇ ਲੱਭੇ ਕੁਦਰਤੀ ਨਿਯਮਾਂ ਦਾ ਆਓ ਭਗਤ ਕਰਦੇ ਤੇ ਉਨ੍ਹਾਂ ਨੂੰ ਗੁਰਬਾਣੀ ਦੀ ਵਿਆਖਿਆ ਅਤੇ ਪ੍ਰਚਾਰ ਨਾਲ ਜੋੜਦੇ।
ਇਸ ਲਈ ਜਦੋਂ ਗੁਰੂ ਸਾਹਿਬ ਇਹ ਲਿਖਦੇ ਹਨ ਕਿ ਉਸ ਪਰਮ-ਸਤਿ ਦੇ ਨਿਜ਼ਾਮ ਵਿਚ ਹਰ ਜੀਵ ਦੀ ਪਰਵਰਿਸ਼ ਦਾ ਇੰਤਜ਼ਾਮ ਹੈ ਤਾਂ ਇਸ ਦਾ ਅਰਥ ਇਹ ਨਹੀਂ ਕਿ ਬ੍ਰਹਿਮੰਡ ਦਾ ਉਹ ਅੰਤਿਮ ਤੱਤ ਆਪ ਜਾ ਕੇ ਹਰ ਇਕ ਜੀਵ ਨੂੰ ਰਾਸ਼ਣ ਵੰਡਦਾ ਹੈ। ਇਸ ਦਾ ਅਰਥ ਹੈ ਕਿ ਜੀਵ ਪੈਦਾ ਹੀ ਉੱਥੇ ਹੁੰਦਾ ਹੈ, ਜਿੱਥੇ ਉਸ ਦਾ ਖਾਧ ਪਦਾਰਥ ਉਪਲੱਭਦ ਹੋਵੇ। ਜਾਂ ਇਉਂ ਕਹੋ ਕਿ ਜੀਵ ਉਤਪੰਨ ਹੀ ਖਾਧ ਪਦਾਰਥ ਵਿਚੋਂ ਹੁੰਦਾ ਹੈ, ਜੋ ਉਸ ਲਈ ਪੈਦਾ ਹੁੰਦਿਆਂ ਹੀ ਖਾਣ ਦੇ ਕੰਮ ਆਵੇ। ਕਣਕ ਦਾ ਜੀਵ ਕਣਕ ਵਿਚ ਪੈਦਾ ਹੋ ਕੇ ਉੱਥੇ ਹੀ ਕਣਕ ਦੇ ਦਾਣੇ ਨੂੰ ਖਾਂਦਾ ਹੈ ਤੇ ਦਾਲ ਦਾ ਜੀਵ ਇੱਦਾਂ ਹੀ ਦਾਲ ਦੇ ਦਾਣੇ ਨੂੰ। ਕੁਦਰਤ ਵਿਚ ਖਾਸ ਖਾਸ ਜੀਵ ਖਾਸ ਖਾਸ ਪਰਿਆਵਰਣੀ ਥਾਂਵਾਂ (ਓਚੋਲੋਗਇਸ) ਨਾਲ ਜੁੜੇ ਹੁੰਦੇ ਹਨ, ਜਿੱਥੇ ਉਹ ਆਸਰੇ ਤੇ ਆਹਾਰ ਦੀ ਕੜੀ (ਾਂੋਦ-ਚਹਅਨਿ) ਵਿਚ ਜੁੜੇ ਹੁੰਦੇ ਹਨ। ਇਸ ਤੋਂ ਬਾਹਰ ਰਹਿ ਕੇ ਉਨ੍ਹਾਂ ਦਾ ਜਿਉਂਦੇ ਰਹਿਣਾ ਮੁਸ਼ਕਿਲ ਹੈ।
ਅਜੋਕੇ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਹੈ। ਉਹ ਇਸ ਨੂੰ ਇਸ ਤਰ੍ਹਾਂ ਬੇਝਿਜਕ ਹੋ ਕੇ ਕਹਿੰਦੇ ਹਨ, ਜਿਵੇਂ ਸਭ ਨੂੰ ਪਤਾ ਹੋਵੇ ਕਿ ਉਸ ਨੇ ਇਹ ਕਿਵੇਂ ਸਾਜੀ ਸੀ! ਪਰ ਅਜਿਹਾ ਕੁਝ ਨਹੀਂ, ਕਿਉਂਕਿ ਉਨ੍ਹਾਂ ਦੀਆਂ ਸਨਾਤਨੀ ਵਿਆਖਿਆਵਾਂ ਤੋਂ ਲਗਦਾ ਹੈ, ਜਿਵੇਂ ਇਨ੍ਹਾਂ ਸਦੀਆਂ ਵਿਚ ਕੁਝ ਨਵਾਂ ਹੋਇਆ ਹੀ ਨਾ ਹੋਵੇ, ਜਾਂ ਜੋ ਹੋਇਆ ਹੈ, ਉਸ ਦਾ ਉਨ੍ਹਾਂ ਨੂੰ ਪਤਾ ਹੀ ਨਾ ਹੋਵੇ। ਮੰਨਿਆਂ ਇਸ ਸੰਸਾਰ ਦੇ ਮਾਯਾਵੀ ਵਰਤਾਰੇ ਇਕ ਪੱਖ ਦੀ ਖੇਡ ਹਨ ਤੇ ਸ੍ਰਿਸ਼ਟੀ ਦੀ ਸਿਰਜਣਾ ਉਸ ਤੋਂ ਦੂਜੇ ਪਾਸੇ ਦੀ। ਮੰਨਿਆਂ ਇਕ ਪਰਤ ਵਿਚ ਰਹਿ ਕੇ ਦੂਜੀ ਪਰਤ ਦੀ ਸੋਝੀ ਆਸਾਨੀ ਨਾਲ ਨਹੀਂ ਪੈਂਦੀ। ਮੰਨਿਆਂ ਅੰਧਕਾਰ ਤੋਂ ਬਿਨਾ ਵੀ ਕਈ ਗਿਆਨ-ਰੋਧਕ ਕਾਰਕ ਹਨ, ਜੋ ਮਨੁੱਖ ਨੂੰ ਸਚਿਆਰਾ ਬਣਨ ਦੇ ਰਾਹ ਵਿਚ ਦੀਵਾਰ ਬਣੇ ਹੋਏ ਹਨ; ਪਰ ਜੋ ਗਿਆਨ ਸਭ ਰੁਕਾਵਟਾਂ ਦੇ ਬਾਵਜੂਦ ਮੁਸ਼ੱਕਤਾਂ ਘਾਲ ਕੇ ਹਾਸਲ ਕਰ ਲਿਆ ਗਿਆ ਹੈ, ਉਸ ਨੂੰ ਤਾਂ ਅਪਨਾਇਆ ਜਾ ਸਕਦਾ ਹੈ। ਇਹ ਤਾਂ ਜਾਣਿਆ ਜਾ ਸਕਦਾ ਹੈ ਕਿ ਕੁਦਰਤ ਮਾਦੇ ਅਤੇ ਕਾਲ ਦੀ ਖੇਡ ਹੈ। ਇਹ ਵੀ ਜਾਣਿਆ ਜਾ ਸਕਦਾ ਹੈ ਕਿ ਜਿਸ ਨੂੰ ਕਾਲ ਕਹਿੰਦੇ ਹਨ, ਉਹ ਮਾਦੇ ਦੀ ਗਤੀ ਤੋਂ ਉਤਪੰਨ ਹੋਇਆ ਯਥਾਰਥ ਹੈ, ਪਰ ਅਜੋਕੇ ਸਿੱਖ ਵਿਦਵਾਨ ਮਾਦੇ ਦੇ ਨਾਂ ਤੋਂ ਹੀ ਪਰ੍ਹੇ ਭੱਜਦੇ ਹਨ। ਸ਼ਾਇਦ ਉਹ ਸਮਝਦੇ ਹਨ ਕਿ ਜਿਸ ਕਰਤਾ ਪੁਰਖ ਨੂੰ ਗੁਰਬਾਣੀ ਵਿਚ ਅਕਾਲ ਕਿਹਾ ਗਿਆ ਹੈ, ਉਹ ਸਮੇਂ ਤੋਂ ਪਾਰ ਬੈਠਾ ਹੈ ਅਤੇ ਉਸ ਦਾ ਪਦਾਰਥ ਨਾਲ ਕੋਈ ਸਬੰਧ ਨਹੀਂ। ਪਰ ਪਦਾਰਥ ਤੋਂ ਪਰ੍ਹੇ ਰਿਹਾ ਅਕਾਲ ਪੁਰਖ ਤਾਂ ਕੁਦਰਤ ਤੋਂ ਵੀ ਪਰ੍ਹੇ ਹੋਇਆ, ਜੋ ਖੁਦ ਪਦਾਰਥ ਹੈ। ਜੇ ਉਹ ਕੁਦਰਤ ਤੋਂ ਪਰ੍ਹੇ ਹੈ ਤੇ ਆਪਣੇ ਹੀ ਖੇਤਰ ਵਿਚ ਸਿਮਟ ਕੇ ਰਹਿੰਦਾ ਹੈ, ਫਿਰ ਉਸ ਨੇ ਕੁਦਰਤ ਨੂੰ ਬਣਾਇਆ ਕਿਵੇਂ? ਕੀ ਉਹ ਕੁਦਰਤ ਨੂੰ ਬਣਾ ਕੇ ਪਾਲੇ ਦੇ ਇਸ ਪਾਰ ਸੁੱਟ ਗਿਆ ਸੀ ਜਾਂ ਕੁਦਰਤ ਬਣਨ ਲਈ ਆਪ ਉਸ ਪਾਰ ਗਈ ਸੀ?
ਗੁਰੂ ਸਾਹਿਬ ਨੇ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ‘ਬਲਿਹਾਰੀ ਕੁਦਰਤ ਵਸਿਆ’ ਕਹਿ ਕੇ ਦਿੱਤਾ ਹੈ; ਪਰ ਕੁਦਰਤ ਤਾਂ ਧਰਤੀ, ਪਾਣੀ, ਪਹਾੜ, ਜੰਗਲ, ਸੂਰਜ ਚੰਦ ਤੇ ਤਾਰੇ ਆਦਿ ਹੈ, ਜੋ ਸਭ ਪਦਾਰਥ ਹਨ। ਇਸ ਦਾ ਭਾਵ ਹੈ ਕਿ ਅਕਾਲ ਪੁਰਖ ਪਦਾਰਥੀ ਚੀਜ਼ਾਂ ਵਿਚ ਹੀ ਵਸਿਆ ਹੋਇਆ ਹੈ। ਕੁਦਰਤ ਦੇ ਬਦਲਦੇ ਰੰਗਾਂ ਤੋਂ ਹੀ ਅਕਾਲ ਪੁਰਖ ਦੀ ਸੋਝੀ ਮਿਲਦੀ ਹੈ। ਕੁਦਰਤ ਨਾ ਹੋਵੇ ਤਾਂ ਅਕਾਲ ਪੁਰਖ ਦੀ ਹੋਂਦ ਤੇ ਮਹੱਤਤਾ (੍ਰeਲeਵਅਨਚe) ਦਾ ਪਤਾ ਹੀ ਨਾ ਚੱਲੇ। ਜੇ ਕੁਦਰਤ ਉਸ ਦਾ ਪ੍ਰਗਟਾਵਾ ਨਾ ਹੋਵੇ ਤਾਂ ਉਸ ਨੂੰ ਜਾਣਨ ਵਾਲਾ ਕੋਈ ਨਹੀਂ ਹੋਵੇਗਾ ਤੇ ਉਸ ਦੇ ਹੋਣ ਜਾਂ ਨਾ ਹੋਣ ਦਾ ਕੋਈ ਅਰਥ ਨਹੀਂ ਹੋਵੇਗਾ। ਅਕਾਲ ਪੁਰਖ ਵਿਚ ਗਤੀ ਆਈ, ਉਸ ਦੇ ਤੱਤ ਹਿੱਲੇ, ਹਵਾ ਵਿਚ ਬੱਦਲਾਂ ਵਾਂਗ ਉਸ ਦਾ ਵਜੂਦ ਬਣਿਆ ਤੇ ਕੁਦਰਤ ਪ੍ਰਗਟ ਹੋਈ। ਗਤੀ ਚਲਦੀ ਗਈ, ਕੁਦਰਤ ਦੇ ਨਵੇਂ ਨਵੇਂ ਰੂਪ ਸਾਹਮਣੇ ਆਉਂਦੇ ਗਏ ਤੇ ਇਨ੍ਹਾਂ ਦੀ ਤਰਤੀਬ ਤੋਂ ਸਮੇਂ ਦਾ ਪਤਾ ਲੱਗਾ। ਮਾਲੂਮ ਹੋਇਆ ਕਿ ਕੁਦਰਤੀ ਵਰਤਾਰੇ ਸਮੇਂ-ਕਾਲ ਵਿਚ ਹੀ ਚਲਦੇ ਹਨ। ਜੇ ਸਮਾਂ ਰੁਕ ਜਾਵੇ ਤਾਂ ਕੁਦਰਤ ਦੀ ਅਗਲੀ ਮੂਰਤ (ਾਂਰਅਮe) ਨਹੀਂ ਬਣੇਗੀ ਤੇ ਜੋ ਚੀਜ਼ ਜਿੱਥੇ ਹੈ, ਉੱਥੇ ਜਾਮ ਹੋ ਜਾਵੇਗੀ। ਇਸ ਵਿਚ ਵਸਿਆ ਅਕਾਲ ਪੁਰਖ ਵੀ ਸਥਿਲ ਹੋ ਜਾਵੇਗਾ। ਇਸ ਦਾ ਭਾਵ ਹੋਇਆ, ਉਹ ਅਕਾਲ ਨਹੀਂ ਸਗੋਂ ਕਾਲ ਦੇ ਪ੍ਰਭਾਵ ਵਿਚ ਹੈ, ਜੋ ਉਹ ਨਹੀਂ ਹੈ।
ਗੁਰੂ ਸਾਹਿਬ ਨੇ ਅਕਾਲ ਪੁਰਖ ਦੀ ਅਜਿਹੀ ਕਲਪਨਾ ਨਹੀਂ ਕੀਤੀ। ਉਨ੍ਹਾਂ ਨੇ ਅਕਾਲ ਪੁਰਖ ਨੂੰ ਅ+ਕਾਲ ਇਸ ਲਈ ਕਿਹਾ ਹੈ ਕਿ ਉਹ ਸਮੇਂ ਤੋਂ ਬੇਪ੍ਰਵਾਹ ਹੋ ਕੇ ਹਮੇਸ਼ਾ ਪ੍ਰਗਤੀਸ਼ੀਲ ਗਤੀ ਵਿਚ ਰਹਿੰਦਾ ਹੈ। ਉਸ ਦੀ ਇਸ ਗਤੀ ਕਾਰਨ ਹੀ ਪਦਾਰਥ ਦਾ ਵਿਕਾਸ ਹੁੰਦਾ ਹੈ। ਵਿਗਿਆਨ ਵੀ ਤਾਈਦ ਕਰਦਾ ਹੈ ਕਿ ਪਦਾਰਥ ਦੀ ਗਤੀ ਕਦੇ ਰੁਕਦੀ ਨਹੀਂ (ੰੋਟਿਨ ਸਿ ਟਹe ਮੋਦe ਾ eਣਸਿਟeਨਚe ਾ ਮਅਟਟeਰ)। ਇਸੇ ਕਰਕੇ ਕੁਦਰਤ ਰੰਗ-ਰੂਪ ਬਦਲਦੀ ਹੋਈ ਕਦੇ ਖੜ੍ਹੋਤ ਵਿਚ ਨਹੀਂ ਆਉਂਦੀ। ਇਸ ਲਿਹਾਜ ਅਕਾਲ ਪੁਰਖ ਦਾ ਪਦਾਰਥ ਨਾਲ ਗਹਿਰਾ ਸਬੰਧ ਹੋਇਆ, ਪਰ ਇਹ ਸਬੰਧ ਕੀ ਹੈ ਤੇ ਅਕਾਲ ਪੁਰਖ ਆਪ ਕੀ ਹੈ, ਇਹ ਖੋਜ ਦਾ ਵਿਸ਼ਾ ਹੈ। ਇਸੇ ਖੋਜ ਦਾ ਆਦੇਸ਼ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਦਿੱਤਾ ਹੈ। ਇਹ ਖੋਜ ਅਧਿਆਤਮਵਾਦ ਦਾ ਵਿਸ਼ਾ ਨਹੀਂ, ਸਗੋਂ ਧਿਆਉਣ ਭਾਵ ਧਿਆਨ ਦੇ ਕੇ ਸਮਝਣ-ਖੋਜਣ ਦਾ ਹੈ।
ਪਰ ਇਸ ਵਿਚ ਅੱਗੇ ਇਕ ਹੋਰ ਭੇਦ ਹੈ। ਜਿੱਥੇ ਗੁਰੂ ਸਾਹਿਬ ਦਾ ਅਕਾਲ ਤੋਂ ਭਾਵ ਕਾਲ-ਮੁਕਤ ਗਤੀਸ਼ੀਲਤਾ ਦਾ ਹੈ, ਉੱਥੇ ਧਰਤੀ ਦੇ ਵਸਨੀਕ ਇਸ ਨੂੰ ਆਪਣੇ ਗ੍ਰਹਿ ਦੀ ਗਤੀ-ਪ੍ਰਣਾਲੀ ਤੋਂ ਉਪਜੇ ਕਾਲ ਤੋਂ ਸੁਤੰਤਰਤਾ ਸਮਝਦੇ ਹਨ। ਇਸ ਨਾਲ ਭੁਲੇਖਾ ਪੈ ਸਕਦਾ ਹੈ, ਕਿਉਂਕਿ ਸਭ ਗ੍ਰਹਿਆਂ ਦਾ ਕਾਲ ਵੱਖ ਵੱਖ ਹੈ। ਧਰਤੀ ਦਾ ਇਕ ਦਿਨ 24 ਘੰਟੇ ਦਾ ਹੈ, ਬੁੱਧ ਗ੍ਰਹਿ ਦਾ ਛੇ ਮਹੀਨੇ ਦਾ ਤੇ ਸ਼ਨੀ ਦਾ ਸਿਰਫ ਦਸ ਘੰਟੇ ਦਾ। ਧਰਤੀ ਦਾ ਸਾਲ 365 ਦਿਨਾਂ ਦਾ ਹੈ, ਬੁੱਧ ਦਾ 92 ਦਿਨਾਂ ਦਾ ਤੇ ਸ਼ਨੀ ਦਾ 10,760 ਦਿਨਾਂ ਦਾ। ਇਸ ਦਾ ਭਾਵ ਹੋਇਆ ਕਿ ਜੇ ਦੂਜੇ ਗ੍ਰਹਿਆਂ ਉਤੇ ਜੀਵ ਤੇ ਬਨਸਪਤੀ ਉਪਜੇ ਹੁੰਦੇ ਤਾਂ ਉਨ੍ਹਾਂ ਦੇ ਜੀਵਨ ਪ੍ਰਮਾਪ (ਫਅਰਅਮeਟeਰਸ) ਕੁਝ ਹੋਰ ਹੁੰਦੇ। ਜੇ ਧਰਤੀ ‘ਤੇ ਮਨੁੱਖ ਦੀ ਉਮਰ ਸੌ ਸਾਲ ਹੈ ਤਾਂ ਬੁੱਧ ਤਾਰੇ ‘ਤੇ 5900 ਸਾਲ ਹੁੰਦੀ ਅਤੇ ਸ਼ਨੀ ‘ਤੇ 60 ਸਾਲ ਦੇ ਕਰੀਬ।
ਸੂਰਜ ‘ਤੇ ਉਪਜਿਆ ਜੀਵ ਤਾਂ ਕਦੇ ਮਰਦਾ ਹੀ ਨਾ ਭਾਵ ਅਕਾਲ ਹੁੰਦਾ, ਕਿਉਂਕਿ ਉੱਥੇ ਤਾਂ ਦਿਨ ਰਾਤ ਤੇ ਸਾਲ ਹੁੰਦੇ ਹੀ ਨਹੀਂ। ਇਹੀ ਗੱਲ ਆਈਨਸਟੀਨ ਕਹਿੰਦਾ ਹੈ ਕਿ ਜੇ ਕੋਈ ਮਨੁੱਖ ਪ੍ਰਕਾਸ਼ ਦੀ ਗਤੀ ਵਾਲੇ ਰਾਕਟ ਵਿਚ ਉਡਦਾ ਰਹੇ ਤਾਂ ਉਹ ਅਮਰ ਭਾਵ ਅਕਾਲ ਹੋ ਜਾਂਦਾ ਹੈ; ਪਰ ਇਹ ਇਕ ਮਾਯਾਵੀ ਛਲਾਵਾ ਹੈ। ਜਿਸ ਤਰ੍ਹਾਂ ਪਰਮ-ਸਤਿ ਤੋਂ ਉਰੇ ਕਈ ਪ੍ਰਸੰਗਤ ਸਤਿ (੍ਰeਲਅਟਵਿe ਟਰੁਟਹਸ) ਹਨ, ਉਵੇਂ ਅਕਾਲ ਤੋਂ ਉਰੇ ਕਈ ਪ੍ਰਸੰਗਤ ਕਾਲ ਹਨ। ਸੂਰਜ ਖੁਦ ਅਜਿਹੇ ਇਕ ਕਾਲ ਦਾ ਬੰਨਿਆ ਹੋਇਆ ਹੈ, ਕਿਉਂਕਿ ਛੇ ਬਿਲੀਅਨ ਸਾਲਾਂ ਵਿਚ ਇਹ ਅਸਤ ਹੋ ਜਾਵੇਗਾ। ਮਾਯਾ ਵਿਚ ਆਏ ਮਨੁੱਖ ਦਾ ਇਹ ਭਰਮ ਹੈ ਕਿ ਕੁਦਰਤ ਦੇ ਸਮੇਂ ਦੀ ਘੜੀ ਕਿਸੇ ਨਾ ਕਿਸੇ ਭੌਤਿਕ ਗਤੀ ਅਨੁਸਾਰ ਚਲਦੀ ਹੈ ਤੇ ਅਕਾਲ ਪੁਰਖ ਇਸ ਦੇ ਸਮੇਂ ਤੋਂ ਬਾਹਰ ਰਹਿ ਕੇ ਗਤੀਹੀਣ ਹੈ; ਪਰ ਅਸਲੀਅਤ ਇਹ ਹੈ ਕਿ ਅਕਾਲ ਪੁਰਖ ਪਦਾਰਥ ਦੇ ਗਤੀ-ਕਾਲ ਤੋਂ ਸੁਤੰਤਰ ਰਹਿ ਕੇ ਗਤੀਸ਼ੀਲ ਹੈ।
ਇਸ ਤਰ੍ਹਾਂ ਗੁਰਬਾਣੀ ਦੀ ਵਿਆਖਿਆ ਨਵੀਨ ਵਿਗਿਆਨਕ ਸੰਕਲਪਾਂ ਜਿਵੇਂ ਪਦਾਰਥ, ਗਤੀ, ਕੁਦਰਤ, ਕਾਲ, ਅਕਾਲ, ਪ੍ਰਸਪਰਤਾ ਦੇ ਸਿਧਾਂਤ (ਠਹeੋਰੇ ਾ ੍ਰeਲਅਟਵਿਟੇ) ਆਦਿ ਦੇ ਸੰਦਰਵ ਵਿਚ ਹੋਣੀ ਬਣਦੀ ਹੈ; ਪਰ ਅਜੋਕੇ ਸਿੱਖ ਵਿਦਵਾਨ ਪੁਰਾਤਨ ਟਿਕਿਆਂ ਦੀ ਸ਼ਬਦਾਵਲੀ ਤੇ ਮਨੌਤਾਂ ਤੋਂ ਬਾਹਰ ਨਿਕਲ ਕੇ ਨਹੀਂ ਦੇਖਦੇ। ਇਸ ਕਾਰਨ ਉਨ੍ਹਾਂ ਦੇ ਬਾਣੀ-ਸਟੀਕ ਮਨ-ਮਰਜੀ ਦੀਆਂ ਵਿਆਖਿਆਵਾਂ ਨਾਲ ਭਰੇ ਪਏ ਹਨ। ਇਸ ਦੀ ਮਿਸਾਲ ਉਨ੍ਹਾਂ ਦੀ ਜਪੁਜੀ ਦੀ 30ਵੀਂ ਪਉੜੀ ਦੀ ਵਿਆਖਿਆ ਹੈ, ਜੋ ਹੇਠ ਦਿੱਤੀ ਗਈ ਹੈ,
ਆਸਣੁ ਲੋਇ ਲੋਇ ਭੰਡਾਰ॥
ਜੋ ਕਿਛੁ ਪਾਇਆ ਸੁ ਏਕਾ ਵਾਰ॥
ਕਰਿ ਕਰਿ ਵੇਖੈ ਸਿਰਜਣਹਾਰੁ॥
ਨਾਨਕ ਸਚੇ ਕੀ ਸਾਚੀ ਕਾਰ॥
ਆਦੇਸੁ ਤਿਸੈ ਆਦੇਸੁ॥
ਆਦਿ ਅਨੀਲੁ ਅਨਾਦਿ ਅਨਾਹਤਿ
ਜੁਗੁ ਜੁਗੁ ਏਕੋ ਵੇਸੁ॥੩੧॥
ਭਾਈ ਪਿੰਦਰਪਾਲ ਸਿੰਘ ਤੇ ਗਿਆਨੀ ਠਾਕੁਰ ਸਿੰਘ ਪਟਿਆਲੇ ਵਾਲੇ ਇਸ ਪਉੜੀ ਦਾ ਅਰਥ ਕਰਦਿਆਂ ਲਿਖਦੇ ਹਨ, “ਵਾਹਿਗੁਰੂ ਜੀ ਦਾ (ਆਸਣੁ) ਹਰੇਕ ਜਗਾ ‘ਤੇ ਹੈ ਅਤੇ ਪ੍ਰਭੂ ਨੇ ਜਿੰਨੇ ਵੀ ਲੋਕ ਬਣਾਏ ਹਨ, ਹਰੇਕ ਲੋਕ ਦੇ ਵਿਚ ਜੀਵ ਦੇ ਵਰਤਣ ਲਈ ਭੰਡਾਰੇ ਰੱਖ ਦਿੱਤੇ ਹਨ। ਜਦੋਂ ਪਰਮਾਤਮਾ ਨੇ ਇਹ ਸ੍ਰਿਸ਼ਟੀ ਬਣਾਈ ਤਾਂ ਉਸੇ ਸਮੇਂ ਪਰਮਾਤਮਾ ਨੇ ਇਹ ਕਦੇ ਵੀ ਨਾ ਖਤਮ ਹੋਣ ਵਾਲੇ ਭੰਡਾਰੇ ਇਕੋ ਵਾਰੀ ਹੀ ਭਰ ਕੇ ਰੱਖ ਦਿਤੇ। ਉਹ ਵਾਹਿਗੁਰੂ ਇਸ ਜੀਵ ਸ੍ਰਿਸ਼ਟੀ ਨੂੰ ਆਪ ਹੀ ਬਣਾ ਕੇ ਉਨ੍ਹਾਂ ਦੀ ਸੰਭਾਲ ਵੀ ਆਪ ਹੀ ਕਰ ਰਿਹਾ ਹੈ। ਸਤਿਗੁਰੂ ਜੀ ਕਹਿ ਰਹੇ ਹਨ, ਇਹ ਉਸ ਸਦਾ-ਥਿਰ ਰਹਿਣ ਵਾਲੇ ਵਾਹਿਗੁਰੂ ਜੀ ਦੀ ਸੱਚੀ ਕਾਰ ਹੈ। ਹੇ ਜੋਗੀ (ਆਪਣੇ ਨਾਥ ਨੂੰ ਨਹੀਂ) ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ, (ਆਦਿ) ਜੋ ਸਭ ਦਾ ਮੁੱਢ ਹੈ, (ਅਨੀਲੁ) ਜੋ ਸੁੱਧ ਸਰੂਪ ਹੈ, (ਅਨਾਦਿ) ਜਿਸ ਦਾ ਆਪਣਾ ਮੁੱਢ ਕੋਈ ਨਹੀਂ (ਅਨਾਹਤਿ), ਜੋ ਕਦੇ ਨਾਸ ਨਾ ਹੋਣ ਵਾਲਾ ਅਤੇ ਜੋ ਹਰੇਕ ਜੁਗ ਵਿਚ ਇਕੋ ਜਿਹਾ ਰਹਿਣ ਵਾਲਾ ਹੈ।”
ਇਹ ਵਿਆਖਿਆ ਉਨ੍ਹਾਂ ਸਭ ਵਿਆਖਿਆਵਾਂ ਜਿਹੀ ਹੈ, ਜੋ ਅਜੋਕੇ ਸਿੱਖ ਵਿਦਵਾਨਾਂ ਨੇ ਕੀਤੀਆਂ ਹੋਈਆਂ ਹਨ। ਇਨ੍ਹਾਂ ਸਭਨਾਂ ਦੀ ਇਕ ਸਾਂਝੀ ਖਾਸੀਅਤ ਇਹ ਹੈ ਕਿ ਇਹ ਗੁਰੂ ਸਾਹਿਬ ਦੀ ਗੱਲ ਨਹੀਂ ਸੁਣਦੀਆਂ, ਸਗੋਂ ਆਪਣੀ ਗੱਲ ਸੁਣਾਉਂਦੀਆਂ ਹਨ। ਪਹਿਲੀ ਗੱਲ ਜੋ ਭੰਡਾਰੇ ‘ਪ੍ਰਭੂ’ ਨੇ ਇਕੋ ਵਾਰ ਪਾਏ ਹਨ, ਉਹ ਲੋਕਾਂ ਦੇ ਖਾਧ ਪਦਾਰਥਾਂ ਦੇ ਨਹੀਂ, ਸਗੋਂ ਸੰਸਾਰ-ਉਸਾਰੀ ਦੀ ਸਮਗਰੀ ਦੇ ਹਨ। ‘ਲੋਇ ਲੋਇ’ ਦਾ ਅਰਥ ਇਕ ਇਕ ਮਨੁੱਖ ਨਹੀਂ, ਸਗੋਂ ਥਾਂ ਥਾਂ ਭਾਵ ਹਰ ਥਾਂ ਹੈ। ਦੂਜੇ, ਗੁਰੂ ਸਾਹਿਬ ਨੇ ਕੁਦਰਤ ਦੇ ਸਿਰਜਣਹਾਰ ਲਈ ਸਤਿ ਦੀ ਮੁਢਲੀ ਧਾਰਨਾ ਵਰਤੀ ਹੈ। ਇਸ ਨੂੰ ਹੋਰ ਗੂੜ੍ਹਾ ਕਰਨ ਲਈ ਸ਼ਬਦ ਪਰਮ-ਸਤਿ ਵਰਤ ਲਿਆ ਜਾਂਦਾ ਹੈ। ਪਰਮ-ਸਤਿ ਕੋਈ ਪਿਆਰਾ ਸਤਿ ਨਹੀਂ ਹੈ, ਸਗੋਂ ਪਾਰਲਾ ਤੇ ਅਖੀਰਲਾ ਸਤਿ ਹੈ, ਜੋ ਬ੍ਰਹਿਮੰਡ ਦਾ ਕਾਰਕ ਹੈ ਤੇ ਜਿਸ ਤੋਂ ਅੱਗੇ ਕੁਝ ਨਹੀਂ ਹੈ। ਪਰਮ-ਸਤਿ ਕੁਦਰਤ ਤੋਂ ਵੀ ਪਰ੍ਹੇ ਹੈ, ਪਰ ਇਸ ਵਿਚ ਸਮਾਇਆ ਹੋਇਆ ਹੈ ਤੇ ਇਸ ਦੇ ਵਰਤਾਰਿਆਂ ਦਾ ਕਾਰਜ ਕਰਤਾ ਹੈ। ਉਸ ਦੇ ਆਪਣੇ ਰੂਪ ਰੰਗ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ। ਸਿਰਫ ਇੰਨਾ ਪਤਾ ਹੈ ਕਿ ਉਹ ਨਿਰਭਉ, ਨਿਰਵੈਰ, ਅਜੂਨੀ, ਸਵੈ-ਪ੍ਰਕਾਸ਼ਿਤ ਤੇ ਅਕਾਲ ਅਕਸ ਦੀ ਵਾਂਗ ਹੈ। ਉਸ ਬਾਰੇ ਬਾਕੀ ਗੱਲਾਂ ੴ ਦੇ ਸੂਖਮ ਸੂਤਰ ਰਾਹੀਂ ਖੋਜਣੀਆਂ ਹਨ। ਇਸ ਲਈ ਉਸ ਅਣਦੇਖੇ ਤੇ ਅਣਜਾਣੇ ਤੱਤ ਲਈ ਰੱਬ, ਪਰਮਾਤਮਾ, ਵਾਹਿਗੁਰੂ ਤੇ ਪ੍ਰਭੂ ਆਦਿ ਸ਼ਬਦ ਵਰਤਣੇ ਅਣਉਚਿੱਤ ਹਨ। ਉਸ ਦੇ ਨਾਮ ਵਾਲਾ ਸ਼ਬਦ ਤਾਂ ਹਾਲੇ ਘੜਿਆ ਹੀ ਨਹੀਂ ਗਿਆ।
ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਦੇ ਨਾਮ ਦਾ ਪਤਾ ਲੱਗਣ ਤੀਕ ਬੜੀ ਲੰਮੀ ਮੁਸ਼ੱਕਤ ਕਰਨੀ ਪਵੇਗੀ। ਇਸ ਲਈ ਗੁਰੂ ਸਾਹਿਬ ਦੇ ਵਿਗਿਆਨਕ ਧਾਰਨਾ ਵਾਲੇ ਸ਼ਬਦ ਸਿਰਜਣਹਾਰ ਦਾ ਉੱਲਥਾ ਵਾਹਿਗੁਰੂ ਜਾਂ ਪਰਮਾਤਮਾ ਕਰਨਾ ਅਧਿਆਤਮਵਾਦੀ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਹੈ, ਜੋ ਖੋਜ ਦੇ ਵਿਧੀ ਵਿਧਾਨ ਸਿੱਖਣ ਵਾਲੇ ਸਿੱਖ ਨੂੰ ਪੂਜਾ ਪਾਠ ਵਾਲੇ ਪਾਸੇ ਭਟਕਾਉਣ ਵਾਲਾ ਹੈ। ੴ ਹਿਸਾਬ ਤੇ ਵਿਗਿਆਨ ਦਾ ਪ੍ਰਤੀਨਿਧੀ ਹੈ, ਜਿਸ ਦਾ ਵੱਡਾ ਨਿਯਮ ਇਹ ਹੈ ਕਿ ਜਦੋਂ ਤੀਕ ਖੋਜ ਮੁਕੰਮਲ ਨਾ ਹੋ ਜਾਵੇ, ਸਿੱਟੇ ਬਾਰੇ ਕੁਝ ਕਹਿਣਾ ਮਨਮੱਤ ਹੈ। ਇਸੇ ਲਈ ਗੁਰੂ ਸਾਹਿਬ ਨੇ ਪਰਮ-ਸਤਿ ਬਾਰੇ ਜੋ ਕੁਝ ਦੱਸਿਆ ਹੈ, ਉਸ ਤੋਂ ਪੂਜਾ-ਪਾਠ, ਅਰਦਾਸ ਤੇ ਅਰਾਧਨਾ ਦਾ ਉੱਕਾ ਹੀ ਕੋਈ ਸੰਕੇਤ ਨਹੀਂ ਮਿਲਦਾ।
ਇਸ ਪਉੜੀ ਵਿਚ ਗੁਰੂ ਸਾਹਿਬ ਜੋ ਕਹਿੰਦੇ ਹਨ, ਉਹ ਸਿਰਫ ਇਹ ਹੈ ਕਿ ਹਰ ਸਥਾਨ ‘ਤੇ ਉਸਾਰੀ ਦਾ ਕੇਂਦਰ ਹੈ ਭਾਵ ਕੰਮ ਕਰਨ ਦਾ ਪ੍ਰਬੰਧ ਹੈ ਜਾਂ ਸ੍ਰਿਸ਼ਟੀ ਨਿਰਮਾਣ ਦਾ ਕਾਰਖਾਨਾ ਹੈ। ਹਰ ਥਾਂ ਕਿਰਤ ਸਮਗਰੀ ਦੇ ਭੰਡਾਰ ਹਨ। ਇਨ੍ਹਾਂ ਵਿਚ ਜੋ ਸਮਾਨ ਭਰਿਆ ਹੋਇਆ ਹੈ, ਉਹ ਇਕੋ ਵਾਰ ਦਾ ਪਾਇਆ ਹੋਇਆ ਹੈ। ਸ੍ਰਿਸ਼ਟੀ ਬਣਾਉਣ ਵਾਲਾ ਸਿਰਜਣਹਾਰ ਇਸੇ ਮਾਲ ਨੂੰ ਵਰਤ ਕੇ ਨਵੀਆਂ ਨਵੀਆਂ ਘਾੜਤਾਂ ਘੜ੍ਹਦਾ ਹੈ ਤੇ ਆਪਣੀ ਕ੍ਰਿਤੀ ਨੂੰ ਵੱਖ ਵੱਖ ਰੰਗਾਂ ਰੂਪਾਂ ਵਿਚ ਢਾਲ ਕੇ ਦੇਖਦਾ ਹੈ। ਹੇ ਨਾਨਕ! ਇਹੀ ਉਸ ਸੱਚੇ ਪਰਮ-ਸਤਿ ਦਾ ਸੱਚਾ ਕੰਮ ਧੰਦਾ ਹੈ। ਇਸ ਲਈ ਉਸ ਪਰਮ-ਸਤਿ ਨੂੰ ਆਦੇਸ ਕਰੋ, ਜੋ ਹਮੇਸ਼ਾ ਤੋਂ ਨਿਰੋਲ, ਸਮਵੇਗੀ ਤੇ ਸਮਵੇਸੀ ਹਾਲਤ ਵਿਚ ਇਹ ਕੰਮ ਕਰ ਰਿਹਾ ਹੈ, ਜਿਸ ਕਾਰਨ ਕਾਇਨਾਤ ਦਾ ਇਹ ਨਿਜ਼ਾਮ ਬਣਿਆ ਹੋਇਆ ਹੈ।
ਇਸ ਪਉੜੀ ਦੀਆਂ ਆਖਰੀ ਦੋ ਤੁਕਾਂ ਦਰਸਾਉਂਦੀਆ ਹਨ ਕਿ ਇਹ ਪਉੜੀ ਵੀ ਸਿੱਧਾਂ ਨੂੰ ਸੰਬੋਧਿਤ ਹੈ। ਭਾਵੇਂ ਗੁਰੂ ਸਾਹਿਬ ਨੇ ਇਸ ਵਿਚ ਦੇਵੀ-ਦੇਵਤਿਆਂ ਤੇ ਰਿੱਧੀਆਂ ਸਿੱਧੀਆਂ ਦੀ ਗੱਲ ਨਹੀਂ ਕੀਤੀ, ਪਰ ਇਸ ਵਿਚ ਉਨ੍ਹਾਂ ਨੇ ਸਿੱਧਾਂ ਨੂੰ ਕੁਦਰਤ ਦੇ ਸਿਰਜਣਹਾਰ ਦੀ ਕਾਰ-ਪ੍ਰਣਾਲੀ ਸਮਝਾਈ ਹੈ ਤਾਂ ਜੋ ਉਨ੍ਹਾਂ ਨੂੰ ਸਮਝ ਪਵੇ ਕਿ ਉਨ੍ਹਾਂ ਦੇ ਕਾਲਪਨਿਕ ਯਕੀਨ ਤੇ ਰੁਝਾਨ ਸੱਚਾਈ ਤੋਂ ਕਿੰਨੇ ਦੂਰ ਹਨ। ਉਨ੍ਹਾਂ ਅਨੁਸਾਰ ਮਿੱਟੀ, ਘੱਟੇ, ਪਾਣੀ, ਹਵਾ ਆਦਿ ਦੇ ਰੂਪ ਵਿਚ ਜੋ ਉਸਾਰੀ ਸਮਗਰੀ ਹਰ ਥਾਂ ਪਈ ਹੋਈ ਹੈ, ਉਸ ਨੂੰ ਉੱਥੇ ਹੀ ਕੱਚੇ ਮਾਲ ਵਾਂਗੂੰ ਵਰਤ ਕੇ ਉਹ ਨਵੀਆਂ ਘਾੜਤਾਂ ਘੜ੍ਹ ਘੜ੍ਹ ਕੇ ਵੇਖਦਾ ਰਹਿੰਦਾ ਹੈ। ਇਹੀ ਉਸ ਦਾ ਸੱਚਾ ਤੇ ਅਸਲ ਕਾਰਜ ਹੈ। ਕੁਦਰਤ ਨੂੰ ਪੋਤੜਿਆਂ ਤੀਕ ਜਾਣਨ ਵਾਲਾ ਹੀਗਲ ਵੀ ਪਿੱਛੋਂ ਇਹੀ ਵਿਚਾਰ ਦਿੰਦਾ ਹੈ। ਉਹ ਲਿਖਦਾ ਹੈ ਕਿ ਸੰਸਾਰ ਦਾ ਕਾਲ-ਤੱਤ ਆਪਣੇ ਆਪ ਨੂੰ ਦੇਖਣ ਲਈ ਹਰ ਵੇਲੇ ਪ੍ਰਯਤਨਸ਼ੀਲ ਹੈ ਤੇ ਹੁਣ ਇਹੀ ਤੱਤ ਵਿਕਾਸ ਕਰ ਕੇ ਮਨੁੱਖ ਦੇ ਰੂਪ ਤੀਕ ਪਹੁੰਚ ਗਿਆ ਹੈ। ਹੁਣ ਇਹ ਸਵੈ-ਨਿਰਮਾਣਤ ਅੱਖਾਂ ਤੇ ਸੋਝੀ ਨਾਲ ਆਪਣੇ ਆਪ ਨੂੰ ਦੇਖ ਸਕਦਾ ਹੈ, ਭਾਵ ਦੁਆਲੇ ਪਏ ਉਸ ਪਦਾਰਥ ਨੂੰ ਅਨੁਭਵ ਕਰਕੇ ਖੋਜ ਸਕਦਾ ਹੈ, ਜਿਸ ਤੋਂ ਇਹ ਬਣਿਆ ਹੈ। ਹੀਗਲ ਦਾ ਕਹਿਣਾ ਠੀਕ ਦਿਸ਼ਾ ਵਿਚ ਸੀ, ਕਿਉਂਕਿ ਹੌਲੀ ਹੌਲੀ ਇਸ ਮਾਨਵ ਨੇ ਮੰਗਲ ਤਾਰੇ ਦੇ ਮਾਰਸ-ਰੋਵਰ (ੰਅਰਸ-੍ਰੋਵeਰ) ਵਾਂਗ ਪਦਾਰਥ ਦੀ ਹੋਰ ਅੱਗੇ ਖੋਜ ਕਰ ਕੇ ਇਸ ਨੂੰ ਇਸ ਦੇ ਪ੍ਰੋਟੋਨਾਂ ਇਲੈਕਟ੍ਰੋਨਾਂ ਤੀਕ ਸਮਝ ਲਿਆ ਹੈ।
ਗੁਰੂ ਸਾਹਿਬ ਦਾ ਕੁਦਰਤ ਨੂੰ ਸਿਰਜਣਵਾਲਾ ਕਰਤਾਰ ਕੋਈ ਮਨੁੱਖ-ਰੂਪੀ ਜੀਵ ਨਹੀਂ ਹੈ, ਸਗੋਂ ਇਸ ਸੰਸਾਰ ਵਿਚਲਾ ਸੰਚਾਲਕੀ ਤੱਤ ਹੈ, ਜਿਸ ਦੇ ਬਦਲਦੇ ਸਮੀਕਰਨਾਂ ਨਾਲ ਸੰਸਾਰ ਦੀ ਬਾਹਰੀ ਰਚਨਾ ਬਦਲਦੀ ਹੈ। ਜਿਨ੍ਹਾਂ ਨੇ ਇਸ ਨੂੰ ਬਾਰੀਕੀ ਨਾਲ ਸਮਝਣਾ ਹੈ, ਉਹ ਕੰਪਿਊਟਰ ਦੀ ਮਦਦ ਨਾਲ ਸਮਝਣ, ਜਿਸ ਦੀ ਸਕਰੀਨ ‘ਤੇ ਆਉਂਦੇ ਰੰਗ-ਬਰੰਗੇ ਸੁੰਦਰ ਚਿੱਤਰ ਤੇ ਲੇਖ ਅੰਦਰੋਂ 0 ਤੇ 1 ਦੀ ਖੇਡ ਹਨ। ਜਿਵੇਂ ਫੇਸਬੁਕ ਦੇ ਚਸਕੱਈਆਂ ਨੂੰ ਇਸ ਵਿਚਲੀ ਜਾਵਾ (ਝਅਵਅ) ਭਾਸ਼ਾ ਜਾਂ ਉਸ ਤੋਂ ਵੀ ਪਰੇ 0-1 ਦੇ ਬੂਲੀਅਨ ਕੋਡ (ਭੋਲeਅਨ ਛੋਦe) ਦਾ ਪਤਾ ਨਹੀਂ, ਤਿਵੇਂ ਹੀ ਨਿੱਤ ਦੇ ਪੁਜਾਰੀਆਂ ਨੂੰ ਕੁਦਰਤ ਦੀ ਅੰਦਰੂਨੀ ਕੋਡ-ਭਾਸ਼ਾ ਦੀ ਸਮਝ ਨਹੀਂ। ਜਿਵੇਂ ਸੋਰਸ ਪੇਜ਼ (ੰੁਰਚe ਫਅਗe) ਵਿਚ ਜਾ ਕੇ ਉਸ ਕੋਡ ਨੂੰ ਬਦਲਣ ਨਾਲ ਸਕਰੀਨ ‘ਤੇ ਦਿਖਦੀਆਂ ਤਸਵੀਰਾਂ ਤੇ ਇਬਾਰਤਾਂ ਬਦਲ ਜਾਂਦੀਆਂ ਹਨ, ਉਸੇ ਤਰ੍ਹਾਂ ਸੰਸਾਰ ਰਚਨਾ ਦੇ ਸੋਰਸ-ਪੇਜ ਵਿਚ ਇਸ ਰਚਨਾ ਦੇ ਰੰਗ ਰੂਪ ਦਾ ਰਾਜ਼ ਛੁਪਿਆ ਹੋਇਆ ਹੈ ਤੇ ਉੱਥੇ ਤਬਦੀਲੀ ਆਉਣ ਨਾਲ ਇਸ ਰਚਨਾ ਦਾ ਰੰਗ ਰੂਪ ਬਦਲ ਜਾਂਦਾ ਹੈ। ਹਰਸ਼ ਦੀ ਗੱਲ ਇਹ ਕਿ ਆਧੁਨਿਕ ਵਿਗਿਆਨ ਨੂੰ ਇਸ ਕੋਡ ਨੂੰ ਬਦਲਣ ਦਾ ਢੰਗ ਪਤਾ ਹੈ। ਇਸ ਲਈ ਹਰ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਨੂੰ ਗੁਰਬਾਣੀ ਵਿਆਖਿਆ ਵੇਲੇ ਆਧੁਨਿਕ ਵਿਗਿਆਨ ਦਾ ਇੰਨਾ ਕੁ ਫਾਇਦਾ ਜਰੂਰ ਚੁੱਕਣਾ ਬਣਦਾ ਹੈ। ਇਹ ਨਾ ਹੋਵੇ ਕਿ ਉਹ ਕਾਫਲੇ ਨਾਲੋਂ ਕਟ ਜਾਣ!