ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ

ਮੋਦੀ ਸਰਕਾਰ ਆਪਣੇ ਏਜੰਡੇ ਨੂੰ ਅਗਾਂਹ ਵਧਾਉਣ ਵਿਚ ਕੋਈ ਵੀ ਮੌਕਾ ਜਾਣ ਨਹੀਂ ਦਿੰਦੀ। ਅਯੁੱਧਿਆ ਵਿਚ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ ਤਾਂ ਉਥੇ ਇਤਰਾਜ਼ ਵਾਲੀਆਂ ਟਿੱਪਣੀਆਂ ਕੀਤੀਆਂ ਗਈਆਂ। ਇਨ੍ਹਾਂ ਟਿੱਪਣੀਆਂ ਵਿਚੋਂ ਕੁਝ ਇਕ ਸਿੱਖਾਂ ਨਾਲ ਵੀ ਸਬੰਧਤ ਹਨ। ਡਾ. ਗੁਰਨਾਮ ਕੌਰ ਨੇ ਆਪਣੇ ਇਸ ਲੇਖ ਵਿਚ ਬਾਕਾਇਦਾ ਹਵਾਲੇ ਦੇ ਕੇ ਇਸ ਮਸਲੇ ਦੀ ਹਕੀਕਤ ਸਭ ਦੇ ਸਾਹਮਣੇ ਲਿਆਂਦੀ ਹੈ।

-ਸੰਪਾਦਕ

ਡਾ. ਗੁਰਨਾਮ ਕੌਰ, ਕੈਨੇਡਾ

ਬਾਬਰੀ ਮਸਜਿਦ ਗਿਰਾ ਕੇ ਉਥੇ ਰਾਮ ਮੰਦਿਰ ਬਣਾਉਣ ਦੀ ਨੀਂਹ ਰੱਖਣ ਦੀ ਤਿਆਰੀ ਵਿਚ ਭੂਮੀ-ਪੂਜਨ ਕੀਤਾ ਗਿਆ, ਕਿਸੇ ਨੂੰ ਕੋਈ ਇਤਰਾਜ਼ ਨਹੀਂ; ਪਰ ਉਥੇ ਕੁਝ ਬਿਆਨਬਾਜ਼ੀਆਂ, ਭਾਸ਼ਣ ਇਸ ਕਿਸਮ ਦੇ ਹੋਏ ਹਨ, ਜਿਨ੍ਹਾਂ ‘ਤੇ ਇਤਰਾਜ਼ ਕਰਨਾ ਜਾਇਜ਼ ਵੀ ਹੈ ਅਤੇ ਤਰਕਸੰਗਤ ਵੀ, ਇਹ ਪੁਨਰ ਵਿਚਾਰ ਦੀ ਮੰਗ ਵੀ ਕਰਦੇ ਹਨ। ਇਸ ਤੋਂ ਪਹਿਲਾਂ ਕਿ ਇਸ ‘ਤੇ ਵਿਚਾਰ-ਚਰਚਾ ਕੀਤੀ ਜਾਵੇ, ਸਿੱਖ ਧਰਮ ਬਾਰੇ ਮੈਂ ਕੁਝ ਨੁਕਤੇ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ।
ਪਹਿਲਾ ਨੁਕਤਾ ਇਹ ਹੈ ਕਿ ਸਿੱਖ ਧਰਮ ਇਲਹਾਮੀ ਧਰਮ ਹੈ, ਜਿਸ ਦਾ ਇਲਹਾਮ ਗੁਰੂ ਜੋਤਿ ਅਤੇ ਗੁਰੂ ਜੁਗਤਿ ਦੇ ਰੂਪ ਵਿਚ ਲਗਾਤਾਰਤਾ ਵਿਚ ਹੋਇਆ। ਇਸ ਦਾ ਇਲਹਾਮ ਪਹਿਲੇ ਅਤੇ ਬਾਨੀ ਗੁਰੂ ਨਾਨਕ ਦੇਵ ਤੋਂ ਲੈ ਕੇ ਦਸਵੇਂ ਤੇ ਆਖਰੀ ਸਰੀਰਕ ਗੁਰੂ ਗੋਬਿੰਦ ਸਿੰਘ ਤੱਕ ਲਗਾਤਾਰ ਅਮਲ ਹੈ; ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਇੱਕੋ ਹੀ ਗੁਰੂ ਜੋਤਿ ਅਤੇ ਇੱਕੋ ਹੀ ਗੁਰੂ ਜੁਗਤਿ ਪਰਵਾਨ ਕੀਤੀ ਗਈ ਹੈ। ਇਸ ਦੇ ਪ੍ਰਮਾਣ ਸਾਨੂੰ ਸਿੱਖ ਧਰਮ ਦੇ ਮੁਢਲੇ ਸਰੋਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਅਤੇ ਸੈਕੰਡਰੀ ਸਰੋਤਾਂ ਵਿਚੋਂ ਵੀ ਮਿਲ ਜਾਂਦੇ ਹਨ। ਅਗਲਾ ਨੁਕਤਾ ਇਹ ਹੈ ਕਿ ਇਹ ਇਲਹਾਮ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਲਗਾਤਾਰਤਾ ਵਿਚ ਹੈ; ਇਸ ਦੀ ਲਗਾਤਾਰਤਾ ਇਸ ਤੋਂ ਪਹਿਲਾਂ ਪ੍ਰਾਪਤ ਕਿਸੇ ਹੋਰ ਧਰਮ ਨਾਲ ਨਹੀਂ ਹੈ; ਇਸ ਲਈ ਇਹ ਸੁਤੰਤਰ ਅਮਲ ਹੈ; ਜਿਸ ਦਾ ਇਸ ਤੋਂ ਪਹਿਲਾਂ ਪ੍ਰਾਪਤ ਧਰਮਾਂ ਨਾਲ ਉਹੀ ਰਿਸ਼ਤਾ ਹੈ, ਜੋ ਕਿਸੇ ਵੀ ਸੁਤੰਤਰ ਧਰਮ ਦਾ ਕਿਸੇ ਦੂਸਰੇ ਧਰਮ ਨਾਲ ਹੁੰਦਾ ਹੈ ਜਾਂ ਹੋ ਸਕਦਾ ਹੈ।
ਸਿੱਖ ਧਰਮ ਚਿੰਤਨ ਵਿਚ ਇੱਕੋ-ਇੱਕ ਪਰਮਸਤਿ ਜਾਂ ਪਰਮਾਤਮ-ਸ਼ਕਤੀ ਨੂੰ ਮੰਨਿਆ ਗਿਆ ਹੈ, ਜੋ ਇਸ ਸੰਸਾਰ ਦਾ ਕਰਤਾ ਪੁਰਖ ਜਾਂ ਸਿਰਜਣਹਾਰ ਵੀ ਹੈ; ਇਹ ਸਾਰੀ ਕੁਦਰਤਿ ਉਸ ਦਾ ਪਰਗਟ ਰੂਪ ਹੈ ਅਤੇ ਉਹ ਜਨਮ ਤੇ ਮਰਨ ਵਿਚ ਨਹੀਂ ਆਉਂਦਾ। ਉਹ ਆਪਣੀ ਕੁਦਰਤਿ ਵਿਚ ਵਿਆਪਕ ਰੂਪ ਵਿਚ ਸਮਾਇਆ ਹੋਇਆ ਹੈ ਅਤੇ ਸਾਰੀ ਸਿਰਜਣਾ ਵਿਚ ਇੱਕ-ਰਸ ਵਿਆਪਕ ਹੈ। ਸਭ ਉਸ ਦੀ ਜੋਤਿ ਤੋਂ ਪ੍ਰਕਾਸ਼ਿਤ ਹਨ, ਇਸ ਲਈ ਸਾਰੇ ਮਨੁੱਖ ਬਰਾਬਰ ਹਨ; ਕਿਸੇ ਜਾਤਿ, ਜਨਮ ਜਾਂ ਔਰਤ-ਮਰਦ ਹੋਣ ਕਰ ਕੇ ਉੱਚੇ ਜਾਂ ਨੀਵੇਂ ਨਹੀਂ ਹਨ। ਇਸ ਦਾ ਆਪਣਾ ਧਰਮ ਗ੍ਰੰਥ ‘ਗੁਰੂ ਗ੍ਰੰਥ ਸਾਹਿਬ’ ਹੈ, ਜਿਸ ਦਾ ਸੰਕਲਨ ਪੰਜਵੀਂ ਜੋਤਿ ਗੁਰੂ ਅਰਜਨ ਦੇਵ ਨੇ ਆਪ ਕੀਤਾ ਅਤੇ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ-ਨਾਲ ਉਨ੍ਹਾਂ ਸੰਤਾਂ ਅਤੇ ਭਗਤਾਂ ਦੀ ਬਾਣੀ ਵੀ ਸ਼ਾਮਲ ਆਪ ਕੀਤੀ, ਜਿਨ੍ਹਾਂ ਦੀ ਵਿਚਾਰਧਾਰਾ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਇਕਸੁਰ ਸੀ ਜਾਂ ਸੁਮੇਲ ਰੱਖਦੀ ਸੀ। ਇਹ ਭਗਤ ਅਤੇ ਸੂਫੀ ਸੰਤ ਹਿੰਦੂ ਅਤੇ ਮੁਸਲਮਾਨ-ਦੋਹਾਂ ਭਾਈਚਾਰਕ ਪਿਛੋਕੜਾਂ ਨਾਲ ਸਬੰਧਤ ਹਨ। ਇਸ ਲਈ ਬਾਣੀ ਸਰਬਸਾਂਝੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਮਨੁੱਖੀ ਸਾਂਝ ਅਤੇ ਭਾਈਚਾਰਕ ਸਹਿਹੋਂਦ ਦਾ ਪ੍ਰਤੀਕ ਹੈ। ਗੁਰੂ ਗ੍ਰੰਥ ਸਾਹਿਬ ਨੂੰ ਨਾ ਸਿਰਫ ਇਸ ਦੇ ਬਾਨੀ ਗੁਰੂਆਂ ਨੇ ਆਪਣੇ ਜੀਵਨ ਸਮੇਂ ਵਿਚ ਆਪ ਤਿਆਰ ਕੀਤਾ, ਸਗੋਂ ਇਸ ਦੀ ਵਿਲੱਖਣਤਾ ਇਸ ਨੂੰ ‘ਸ਼ਬਦ ਗੁਰੂ’ ਦਾ ਦਰਜਾ ਪ੍ਰਾਪਤ ਹੋਣ ਵਿਚ ਵੀ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਤੇਗ ਬਹਾਦਰ ਦੀ ਬਾਣੀ ਸ਼ਾਮਲ ਕੀਤੀ ਅਤੇ ਨਾਂਦੇੜ ਵਿਚ ਬਾਕਾਇਦਾ ਪਰੰਪਰਾ ਅਨੁਸਾਰ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰਗੱਦੀ ‘ਗ੍ਰੰਥ ਸਾਹਿਬ’ ਨੂੰ ਸੌਂਪ ਕੇ ਪੰਥ ਨੂੰ ਭਵਿਖ ਵਿਚ ਅਗਵਾਈ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਤੋਂ ਲੈਣ ਦੀ ਆਗਿਆ ਕੀਤੀ। ਸਿੱਖ ਧਰਮ ਵਿਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਨੂੰ ‘ਸ਼ਬਦ ਗੁਰੂ’ ਹੋਣ ਦਾ ਇਹ ਦਰਜਾ ਪ੍ਰਾਪਤ ਨਹੀਂ। ਇੱਥੋਂ ਹੀ ਇੱਕ ‘ਪੰਥ’ ਅਤੇ ਇੱਕ ‘ਗ੍ਰੰਥ’ ਦੀ ਨੀਂਹ ਰੱਖੀ ਗਈ। ਇਸ ਲਈ ਸਿੱਖ ਧਰਮ ਦੇ ਸਿਧਾਂਤਾਂ ਦਾ ਮੂਲ ਸਰੋਤ ਗੁਰੂ ਗ੍ਰੰਥ ਸਾਹਿਬ ਬਾਣੀ ਹੈ; ਬਾਕੀ ਸਭ ਗੌਣ ਜਾਂ ਸੈਕੰਡਰੀ ਸਰੋਤ ਹਨ। ਕਿਸੇ ਵੀ ਸਿਧਾਂਤ ਦੇ ਸਤਿ ਜਾਂ ਸਤਿਅਤਾ ਨੂੰ ਪਰਖਣ ਲਈ ਕਸਵੱਟੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਨ੍ਹਾਂ ਹੀ ਨੁਕਤਿਆਂ ਨੂੰ ਅਗਲੇ ਲੇਖਾਂ ਵਿਚ ਵਿਚਾਰਿਆ ਜਾਣਾ ਹੈ।
ਸਿੱਖ ਧਰਮ ਦੇ ਇਲਹਾਮ ਦੀ ਲਗਾਤਾਰਤਾ ਸਮਝਣ ਲਈ ਸਾਨੂੰ ਇਹ ਸਮਝਣਾ ਪਵੇਗਾ ਕਿ ਸਾਰੇ ਗੁਰੂ ਸਾਹਿਬਾਨ ਵਿਚ ਇੱਕੋ ਗੁਰੂ ਜੋਤਿ ਵਿਆਪਕ ਹੈ ਅਤੇ ਗੁਰੂ ਜੁਗਤਿ ਵੀ ਇੱਕੋ ਹੀ ਹੈ; ਇਸ ਦਾ ਹਵਾਲਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਮਿਲ ਜਾਂਦਾ ਹੈ। ਭਾਈ ਗੁਰਦਾਸ ਨੇ ਆਪਣੀਆਂ ਲਿਖਤਾਂ ਵਿਚ ਵੀ ਇੱਕੋ ਗੁਰੂ ਜੋਤਿ ਅਤੇ ਇੱਕੋ ਗੁਰੂ ਜੁਗਤਿ ਦੇ ਇਸ ਸਿਧਾਂਤ ਦਾ ਜ਼ਿਕਰ ਕੀਤਾ ਹੈ; ਖਾਸ ਕਰ ਕੇ ਉਨ੍ਹਾਂ ਦੀਆਂ ‘ਵਾਰਾਂ’ ਵਿਚ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੋਣ ਦਾ ਮਾਣ ਪ੍ਰਾਪਤ ਹੈ। ਭਾਈ ਗੁਰਦਾਸ, ਗੁਰੂ ਅਰਜਨ ਦੇਵ ਵਲੋਂ ਲਿਖਾਈ ਪਹਿਲੀ ਬੀੜ ਦੇ ਲਿਖਾਰੀ ਹਨ ਅਤੇ ਉਨ੍ਹਾਂ ਨੇ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤਿ ਦਾ ਅਨੰਦ ਮਾਣਿਆ ਤੇ ਸਿੱਖੀ ਦਾ ਪ੍ਰਚਾਰ ਕੀਤਾ। ਇਸ ਤਰ੍ਹਾਂ ਗੌਣ ਸਰੋਤਾਂ ਵਿਚ ਸਭ ਤੋਂ ਅਹਿਮ ਸਥਾਨ ਭਾਈ ਗੁਰਦਾਸ ਦੀਆਂ ਰਚਨਾਵਾਂ ਨੂੰ ਪ੍ਰਾਪਤ ਹੈ।
ਸਿੱਖ ਗੁਰੂ ਸਾਹਿਬਾਨ ਨੇ ਗੁਰਗੱਦੀ ਸੌਂਪਣ ਦਾ ਸਿਧਾਂਤ ਯੋਗਤਾ-ਮੂਲਕ ਸਥਾਪਤ ਕੀਤਾ, ਨਾ ਕਿ ਕਿਸੇ ਖਾਨਦਾਨੀ ਰਿਸ਼ਤੇ ਸਦਕਾ। ਗੁਰੂ ਨਾਨਕ ਸਾਹਿਬ ਨੇ ਜਦੋਂ ਗੁਰਗੱਦੀ ਭਾਈ ਲਹਿਣਾ ਜੀ ਨੂੰ ਸੌਂਪੀ ਤਾਂ ਇਸ ਦਾ ਪੈਮਾਨਾ ਯੋਗਤਾ ਨੂੰ ਰੱਖਿਆ ਗਿਆ ਅਤੇ ਭਾਈ ਲਹਿਣਾ ਜੀ ਦੀ ਪਰਖ, ਯੋਗਤਾ ਰਾਹੀਂ ਕੀਤੀ ਗਈ ਅਤੇ ਪਰਖ ਦੀ ਕਸਵੱਟੀ ‘ਤੇ ਖਰੇ ਉਤਰਨ ‘ਤੇ ਆਪਣਾ ਉਤਰਾਧਿਕਾਰੀ ਥਾਪਿਆ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਮਕਲੀ ਕੀ ਵਾਰ’ ਵਿਚ ਰਾਇ ਬਲਵੰਡ ਅਤੇ ਸਤੇ ਨੇ ਗੁਰੂ ਨਾਨਕ ਸਾਹਿਬ ਵਲੋਂ ਗੁਰੂ ਅੰਗਦ ਦੇਵ ਨੂੰ ਗੁਰਗੱਦੀ ਦੇਣ ਦਾ ਬਿਆਨ ਕਰਦਿਆਂ ਦੱਸਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪ ਫੈਸਲਾ ਕੀਤਾ ਅਤੇ ਭਾਈ ਲਹਿਣੇ ਨੂੰ ਆਪਣੇ ਜਿਉਂਦੇ ਜੀਅ ਗੁਰਗੱਦੀ ਦਿੱਤੀ। ਇਸੇ ਦਾ ਬਿਆਨ ਕਰਦਿਆਂ ਦੱਸਿਆ ਹੈ ਕਿ ਜਦੋਂ ਕਰਤਾ ਕਾਦਰ, ਸਮਰੱਥ ਮਾਲਕ ਆਪ ਨਾਮਣਾ ਦੇਵੇ, ਫੈਸਲਾ ਕਰੇ ਕਿਸੇ ਦਾ ਤਾਂ ਉਸ ਦੇ ਹੁਕਮ ਨੂੰ ਕਿਵੇਂ ਤੋਲਿਆ ਜਾ ਸਕਦਾ ਹੈ? ਦੈਵੀ ਗੁਣਾਂ ਦਾ ਆਪਸ ਵਿਚ ਸੱਚਾ ਰਿਸ਼ਤਾ ਹੈ, ਦੈਵੀ ਗੁਣ ਸਕੇ ਭੈਣ ਭਰਾ ਹਨ। ਭਾਵ ਪੁੱਤਰ ਲਹੂ ਦਾ ਰਿਸ਼ਤਾ ਹੋਣ ਕਰ ਕੇ ਗੱਦੀ ਮੰਗਦੇ ਸੀ, ਪਰ ਅਸਲ ਸਾਕ ਚੰਗੇ ਗੁਣਾਂ ਦਾ ਹੁੰਦਾ ਹੈ, ਜਿਸ ਕਰ ਕੇ ਗੁਰਗੱਦੀ ਭਾਈ ਲਹਿਣਾ ਜੀ ਨੂੰ ਦਿੱਤੀ ਗਈ।
ਗੁਰੂ ਨਾਨਕ ਦੇਵ ਜੀ ਨੇ ਪੱਕੀ ਨੀਂਹ ਰੱਖ ਕੇ ਸੱਚ-ਰੂਪ ਕਿਲ੍ਹਾ ਉਸਾਰਿਆ ਅਤੇ ਧਰਮ ਦਾ ਰਾਜ ਚਲਾਇਆ। ਆਪਣੇ ਸਿੱਖ ਭਾਈ ਲਹਿਣਾ ਜੀ ਨੂੰ ਆਤਮਕ ਜ਼ਿੰਦਗੀ ਬਖਸ਼ ਕੇ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦੇ ਸਿਰ ਉੱਤੇ ਗੁਰਿਆਈ ਦਾ ਛੱਤਰ ਧਰਿਆ। ਜੋਤਿ ਵੀ ਉਹੀ ਹੈ, ਜੁਗਤਿ ਵੀ ਉਹੀ ਹੈ-ਗੁਰੂ ਨਾਨਕ ਦੇਵ ਜੀ ਦਾ ਸਿਰਫ ਸਰੀਰ ਹੀ ਬਦਲਿਆ ਹੈ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਿੱਖ ਗੁਰੂ ਸਾਹਿਬਾਨ ਅਨੁਸਾਰ ਵਿਰਾਸਤ ਦੀ ਨੀਂਹ ਕਿਸੇ ਕੁਲ, ਗੋਤਿ ਜਾਂ ਜਾਤਿ ‘ਤੇ ਨਹੀਂ ਰੱਖੀ ਗਈ, ਵਿਰਾਸਤ ਅਧਿਆਤਮਕ ਰਿਸ਼ਤੇ, ਅਧਿਆਤਮਕ ਗੁਣਾਂ ਦੀ ਸਾਂਝ ਨਾਲ ਅੱਗੇ ਚੱਲਦੀ ਹੈ। ਗੁਰੂ ਨਾਨਕ ਦੇਵ ਜੀ ਨੇ ਜਿਵੇਂ ਗੁਰੂ ਅੰਗਦ ਦੇਵ ਜੀ ਨੂੰ ਹੁਕਮ ਕੀਤਾ, ਉਨ੍ਹਾਂ ਨੇ ਮੰਨਣ ਤੋਂ ਨਾਂਹ ਨਹੀਂ ਕੀਤੀ, ਪਰ ਗੁਰੂ ਸਾਹਿਬ ਦੇ ਪੁੱਤਰਾਂ ਨੇ ਬਚਨ ਨੂੰ ਨਹੀਂ ਮੰਨਿਆ ਅਤੇ ਗੁਰੂ ਵੱਲ ਪਿੱਠ ਦੇ ਕੇ ਹੁਕਮ ਮੋੜਦੇ ਰਹੇ। ਅੱਗੇ ਹੋਰ ਦੱਸਿਆ ਹੈ ਕਿ ਬਾਬੇ ਨਾਨਕ ਦੀ ਜੋਤਿ ਬਾਬਾ ਲਹਿਣਾ ਜੀ ਦੀ ਜੋਤਿ ਵਿਚ ਇਸ ਤਰ੍ਹਾਂ ਮਿਲ ਗਈ ਕਿ ਗੁਰੂ ਨਾਨਕ ਨੇ ਆਪਣੇ ਆਪੇ ਨੂੰ ਲਹਿਣਾ ਜੀ ਨਾਲ ਸਾਵਾਂ ਕਰ ਲਿਆ। ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਅਤੇ ਪੁੱਤਰਾਂ ਨੂੰ ਪਰਖ ਕੇ ਭਾਈ ਲਹਿਣਾ ਜੀ ਨੂੰ ਆਪਣੇ ਥਾਂ ਚੁਣਿਆ,
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥
ਸਹਿ ਟਿਕਾ ਦਿਤੋਸੁ ਜੀਵਦੈ॥1॥
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ (ਪੰਨਾ 966)
ਇਹ ਇਤਿਹਾਸਕ ਤੱਥ ਹੈ ਕਿ ਗੁਰੂ ਨਾਨਕ ਸਾਹਿਬ ਨੇ ਅਧਿਆਤਮਕਤਾ ਨੂੰ ਗ੍ਰਹਿਸਥ ਨਾਲ ਜੋੜਿਆ, ਪਰ ਉਨ੍ਹਾਂ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਨੇ ਸੰਨਿਆਸ ਗ੍ਰਹਿਣ ਕੀਤਾ, ਜੋ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ। ਗੁਰੂ ਤੋਂ ਬੇਮੁੱਖਤਾ ਇਥੋਂ ਹੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਬਾਬਾ ਸ੍ਰੀ ਚੰਦ ਗੁਰੂ ਦੀ ਵਿਰਾਸਤ ਨੂੰ ਅੱਗੇ ਲੈ ਨਹੀਂ ਲੈ ਕੇ ਗਿਆ, ਭਾਈ ਲਹਿਣਾ ਗੁਰੂ ਅੰਗਦ ਦੇ ਰੂਪ ਵਿਚ ਗੁਰੂ ਨਾਨਕ ਦੀ ਵਿਰਾਸਤ ਨੂੰ ਅੱਗੇ ਲੈ ਕੇ ਗਏ। ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਅਤੇ ਪੁੱਤਰਾਂ ਨੂੰ ਪਰਖ ਕੇ ਭਾਈ ਲਹਿਣਾ ਜੀ ਨੂੰ ਆਪਣੇ ਥਾਂ ਚੁਣਿਆ, ਗੁਰਗੱਦੀ ਨਾਲ ਨਿਵਾਜਿਆ। ਇਹ ਵਿਲੱਖਣ ਕਿਸਮ ਦੀ ਅਧਿਆਤਮਕ ਵਿਰਾਸਤ ਹੈ। ਗੁਰੂ ਨਾਨਕ ਸਾਹਿਬ ਨੇ ਜੋ ਵੀ ਹੁਕਮ ਕੀਤਾ, ਗੁਰੂ ਅੰਗਦ ਦੇਵ ਜੀ ਨੇ ਉਸ ਨੂੰ ਸਤਿ ਕਰ ਕੇ ਮੰਨਿਆ ਅਤੇ ਪੁਗਾਇਆ। ਗੁਰੂ ਦੇ ਪੁੱਤਰਾਂ ਨੇ ਆਗਿਆ ਦਾ ਪਾਲਣ ਨਹੀਂ ਕੀਤਾ ਅਤੇ ਗੁਰੂ ਵੱਲ ਪਿੱਠ ਕਰ ਕੇ ਹੁਕਮ ਮੋੜਦੇ ਰਹੇ,
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ ਮੁਰਟੀਐ॥ (ਪੰਨਾ 966)

ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ॥
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥
ਜਾਂ ਸੁਧੋਸੁ ਤਾਂ ਲਹਿਣਾ ਟਿਕਿਓਨੁ॥
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥
ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ॥ (ਪੰਨਾ 967)
ਆਮ ਤੌਰ ‘ਤੇ ਅਧਿਆਤਮਕ ਪਰੰਪਰਾਵਾਂ ਵਿਚ ਗੱਦੀ ਜਾਂ ਗੁਰਗੱਦੀ ਵਲੋਂ ਪ੍ਰਚਾਰ-ਪ੍ਰਸਾਰ ਦਾ ਸਾਰਾ ਅਮਲ ਉਸੇ ਇੱਕੋ ਸਥਾਨ ਤੋਂ ਚਲਾਇਆ ਜਾਂਦਾ ਹੈ, ਪਰ ਗੁਰੂ ਜੁਗਤਿ ਦਾ ਇਹ ਵਿਲੱਖਣ ਤੱਥ ਹੈ ਕਿ ਗੁਰੂ ਨਾਨਕ ਪੈਦਾ ਹੋਏ ਤਲਵੰਡੀ ਰਾਇ ਭੋਇ (ਹੁਣ ਨਨਕਾਣਾ ਸਾਹਿਬ) ਵਿਖੇ, ਰੱਬੀ ਸਤਿ ਦਾ ਅਨੁਭਵ ਹੋਇਆ ਸੁਲਤਾਨਪੁਰ ਲੋਧੀ ਵਿਚ (ਵੇਈਂ ਨਦੀ ਪ੍ਰਵੇਸ਼) ਅਤੇ ਆਪਣੇ ਪ੍ਰਚਾਰ ਕੇਂਦਰ ਦਾ ਮੁਕਾਮ ਬਣਾਇਆ ਕਰਤਾਰਪੁਰ ਸਾਹਿਬ ਨੂੰ। ਭਾਈ ਲਹਿਣਾ ਜੀ ਦਾ ਜਨਮ ਹੋਇਆ ਮੁਕਤਸਰ ਜਿਲੇ ਦੇ ਪਿੰਡ ਸਰਾਇ ਨਾਗਾ ਵਿਚ, ਜੋਤਿ ਜਗੀ ਆ ਕੇ ਕਰਤਾਰਪੁਰ ਵਿਚ ਅਤੇ ਪ੍ਰਚਾਰ ਕੇਂਦਰ ਦੇ ਤੌਰ ‘ਤੇ ਵਸਾਇਆ ਖਡੂਰ ਸਾਹਿਬ। ਇਹ ਪਰੰਪਰਾ ਇਸੇ ਤਰ੍ਹਾਂ ਅੱਗੇ ਚੱਲਦੀ ਹੈ। ‘ਜੋਤਿ ਓਹਾ ਜੁਗਤਿ ਸਾਇ’ ਦੀ ਇਸ ਵਿਲੱਖਣ ਵਿਰਾਸਤੀ ਪਰੰਪਰਾ ਦਾ ਜ਼ਿਕਰ ਕਰਦਿਆਂ ਗੁਰੂ ਅਮਰਦਾਸ ਨੂੰ ਗੁਰੂ ਅੰਗਦ ਦੇਵ ਜੀ ਦਾ ਪੁੱਤਰ ਅਤੇ ਗੁਰੂ ਨਾਨਕ ਦਾ ਪੋਤਰਾ ਬਿਆਨ ਕੀਤਾ ਹੈ। ਜੇ ਦੁਨਿਆਵੀ ਰਿਸ਼ਤੇ ਦੇ ਤੌਰ ‘ਤੇ ਦੇਖਿਆ ਜਾਵੇ ਤਾਂ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਦੇ ਸਹੁਰਾ ਪਰਿਵਾਰ ਦੇ ਰਿਸ਼ਤੇ ਵਿਚੋਂ ਹੋਣ ਕਰ ਕੇ ਗੁਰੂ ਅੰਗਦ ਦੇਵ ਜੀ ਦੇ ਕੁੜਮ ਦਾ ਰਿਸ਼ਤਾ ਰੱਖਦੇ ਹਨ, ਪਰ ਸ਼ਰਧਾਲੂ ਸਿੱਖ ਵਾਂਗ ਗੁਰੂ ਸੇਵਾ ਵਿਚ ਜੀਵਨ ਬਸਰ ਕਰਦਿਆਂ ਗੁਰੂ ਅੰਗਦ ਦੇਵ ਵਲੋਂ ਪਾਈ ਪਰਖ ਦੀ ਕਸਵੱਟੀ ‘ਤੇ ਪੂਰੇ ਉੱਤਰਦੇ ਹਨ ਅਤੇ ਉਨ੍ਹਾਂ ਦੇ ਵਾਰਿਸ-ਪੁੱਤਰ ਬਣਦੇ ਹਨ। ਗੁਰੂ ਅਮਰਦਾਸ ਪੈਦਾ ਹੁੰਦੇ ਹਨ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਤੇ ਗੁਰੂ ਦੀ ਸੇਵਾ ਕਰਦਿਆਂ ਜੋਤਿ ਜਗਦੀ ਹੈ ਖਡੂਰ ਸਾਹਿਬ ਵਿਖੇ ਅਤੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਵਾਂ ਕੇਂਦਰ ਸਥਾਪਤ ਕਰਦੇ ਹਨ ਗੋਇੰਦਵਾਲ,
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥
ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ॥ (ਪੰਨਾ 967-68)
ਰਾਇ ਬਲਵੰਡ ਅਤੇ ਸਤੇ ਨੇ ਦੇਵਤਿਆਂ ਅਤੇ ਦੈਂਤਾਂ ਦੇ ਸਮੁੰਦਰ ਰਿੜਕਣ ਦੇ ਮਿੱਥ ਦਾ ਅਲੰਕਾਰ ਵਰਤ ਕੇ ਦੱਸਿਆ ਹੈ ਕਿ ਗੁਰੂ ਨਾਨਕ ਨੇ ਉੱਚੀ ਸੁਰਤਿ ਰਾਹੀਂ ਮਨ ਨੂੰ ਜਿੱਤ ਕੇ ‘ਸ਼ਬਦ’ ਨੂੰ ਵਿਚਾਰਿਆ ਅਤੇ ਸ਼ਬਦ ਦੀ ਇਸ ਵਿਚਾਰ ਵਿਚੋਂ ਰੱਬੀ ਗੁਣ ਰੂਪੀ ਚੌਦਾਂ ਰਤਨ ਕੱਢ ਕੇ ਸੰਸਾਰ ਨੂੰ ਸੋਹਣਾ ਬਣਾ ਦਿੱਤਾ। ਇਹੀ ਅਲੰਕਾਰ ਅੱਗੇ ਗੁਰੂ ਅਮਰਦਾਸ ਲਈ ਵਰਤਿਆ ਹੈ। ਇਸ ਤਰ੍ਹਾਂ ਗੁਰੂ-ਵਿਰਾਸਤ ਰਵਾਇਤੀ ਖੂਨ ਦੇ ਰਿਸ਼ਤੇ ਦੇ ਪੁੱਤਰਾਂ ਨਾਲ ਨਹੀਂ ਚੱਲਦੀ, ਸਗੋਂ ਅਧਿਆਤਮਕ ਰਿਸ਼ਤੇ ‘ਜੋਤਿ ਓਹਾ ਜੁਗਤਿ ਸਾਇ’ ਰਾਹੀਂ ਚੱਲਦੀ ਹੈ। ਗੁਰੂ ਅੰਗਦ ਵੀ ਪਰਖ ਕਰਨ ਉਪਰੰਤ ਗੁਰਗੱਦੀ ਪੁੱਤਰਾਂ ਨੂੰ ਨਾ ਦੇ ਕੇ ਗੁਰੂ ਅਮਰਦਾਸ ਦੀ ਚੋਣ ਕਰਦੇ ਹਨ। ਗੁਰੂ ਅਮਰਦਾਸ ਦੀ ਸਹਿਜ ਅਵਸਥਾ, ਵਿਅਕਤੀਤਵ ਵਿਚ ਸੰਤੁਲਨ, ਸੁੱਚੇ ਆਚਰਨ ਅਤੇ ਪਰਮਾਤਮ-ਸੁਰਤਿ ਨਾਲ ਇੱਕਸੁਰਤਾ, ਅਗਿਆਨ ਦੇ ਹਨੇਰੇ ਵਿਚ ਸਤਿ ਦੇ ਪ੍ਰਚਾਰ ਦਾ ਬਿਆਨ ਕਰਦਿਆਂ ਨਾਲ ਹੀ ਉਨ੍ਹਾਂ ਵਲੋਂ ਲੰਗਰ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਦਾ ਜ਼ਿਕਰ ਵੀ ਕੀਤਾ ਹੈ ਅਤੇ ਨਤੀਜਾ ਕੱਢਿਆ ਹੈ,
ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ॥
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥
ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ॥6॥ (ਪੰਨਾ 968)
ਅੱਗੇ ਗੁਰੂ ਰਾਮਦਾਸ ਬਾਰੇ ਦੱਸਿਆ ਹੈ ਕਿ ਅਕਾਲ ਪੁਰਖ ਦੀ ਇਹ ਪੂਰੀ ਕਰਾਮਾਤ ਹੋਈ ਹੈ, ਜਿਸ ਨੇ ਗੁਰੂ ਰਾਮਦਾਸ ਨੂੰ ਸਿਰਜਿਆ ਅਤੇ ਸਵਾਰਿਆ ਹੈ, ਸਿਰਜਣਹਾਰ ਨੇ ਖੁਦ ਨੂੰ ਗੁਰੂ ਰਾਮਦਾਸ ਵਿਚ ਟਿਕਾਇਆ ਹੈ। ਰਿਸ਼ਤੇ ਵਿਚ ਗੁਰੂ ਰਾਮਦਾਸ ਬੀਬੀ ਭਾਨੀ ਦੇ ਪਤੀ ਹੋਣ ਨਾਤੇ ਗੁਰੂ ਅਮਰਦਾਸ ਦੇ ਜੁਆਈ ਹਨ, ਪਰ ਪੁੱਤਰ ਗੁਰਗੱਦੀ ਦੀ ਕਸਵੱਟੀ ‘ਤੇ ਪੂਰੇ ਨਾ ਉਤਰਨ ਕਰ ਕੇ ਗੁਰਗੱਦੀ ਦਾ ਛਤ੍ਰ ਗੁਰੂ ਰਾਮਦਾਸ ਦੇ ਸੀਸ ‘ਤੇ ਸਜਾਇਆ ਜਾਂਦਾ ਹੈ। ਗੁਰੂ ਰਾਮਦਾਸ ਨਵਾਂ ਨਗਰ ‘ਗੁਰੂ ਰਾਮਦਾਸ ਚੱਕ’ ਭਾਵ ਅੰਮ੍ਰਿਤਸਰ ਵਸਾਉਂਦੇ ਹਨ, ਜਿਸ ਦਾ ਰਹਿੰਦਾ ਕਾਰਜ ਫਿਰ ਗੁਰੂ ਅਰਜਨ ਦੇਵ ਪੂਰਾ ਕਰਦੇ ਹਨ। ਗੁਰੂ ਰਾਮਦਾਸ ਦੀ ਸਿਫਤਿ-ਸਾਲਾਹ ਕੀਤੀ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਅਤੇ ਤੇਰੇ ਗੁਣਾਂ ਨੂੰ ਤੋਲਿਆ ਨਹੀਂ ਜਾ ਸਕਦਾ, ਤੇਰੇ ਗੁਣਾਂ ਦੀ ਥਾਹ ਨਹੀਂ ਪਾਈ ਜਾ ਸਕਦੀ, ਤੇਰਾ ਸਥਾਨ ਧੰਨ ਹੈ। ਦੱਸਿਆ ਹੈ ਕਿ ਵਿਚਾਰ ਕੀਤਿਆਂ ਇਹ ਤੱਥ ਦ੍ਰਿੜ ਹੋ ਜਾਂਦਾ ਹੈ ਕਿ ਜੋ ਜੋਤਿ ਗੁਰੂ ਰਾਮਦਾਸ ਵਿਚ ਹੈ, ਉਹੀ ਗੁਰੂ ਨਾਨਕ, ਭਾਈ ਲਹਿਣਾ (ਗੁਰੂ ਅੰਗਦ), ਗੁਰੂ ਅਮਰਦਾਸ ਵਿਚ ਹੈ। ਸਭ ਇੱਕੋ ਸਰੂਪ ਹਨ।
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ॥
ਗੁਰੁ ਡਿਠਾ ਤਾਂ ਮਨੁ ਸਾਧਾਰਿਆ॥7॥ (ਪੰਨਾ 968)
ਰਾਇ ਬਲਵੰਡ ਅਤੇ ਸਤੇ ਅਨੁਸਾਰ ਚਾਰੇ ਗੁਰੂ ਆਪਣੇ ਆਪਣੇ ਸਮੇਂ ਵਿਚ ਰੌਸ਼ਨ ਹੋਏ ਅਤੇ ਅਕਾਲ ਪੁਰਖ, ਜਿਸ ਨੇ ਇਹ ਸ੍ਰਿਸ਼ਟੀ ਆਪਣੇ ਆਪ ਤੋਂ ਸਾਜੀ ਹੈ, ਸ੍ਰਿਸ਼ਟੀ ਉਸ ਦਾ ਪਰਗਟ ਸਰੂਪ ਹੈ, ਉਸ ਨੇ ਆਪਣੇ ਆਪ ਨੂੰ ਗੁਰੂਆਂ ਵਿਚ ਪਰਗਟ ਕੀਤਾ ਅਤੇ ਆਪ ਹੀ ਸ੍ਰਿਸ਼ਟੀ ਨੂੰ ਆਸਰਾ ਦੇ ਰਿਹਾ ਹੈ। ਉਹ ਆਪ ਹੀ ਪੱਟੀ, ਆਪ ਹੀ ਕਲਮ ਅਤੇ ਆਪ ਹੀ ਲਿਖਣ ਵਾਲਾ ਹੈ। ਸਾਰੀ ਸ੍ਰਿਸ਼ਟੀ ਜਨਮ-ਮਰਨ ਦੇ ਗੇੜ ਵਿਚ ਹੈ, ਪਰ ਉਹ ਸਦੀਵੀ ਕਾਇਮ ਹੈ ਅਤੇ ਨਵਾਂ ਨਰੋਆ ਹੈ, ਅਰਥਾਤ ਆਪਣੀ ਰਚਨਾ ਤੋਂ ਨਿਰਲੇਪ ਵੀ ਹੈ। ਇਸ ਤਰ੍ਹਾਂ ਫਿਰ ਪੰਜਵੇਂ ਗੁਰੂ ਅਰਜਨ ਦੇਵ ਗੁਰਗੱਦੀ ‘ਤੇ ਬਿਰਾਜਮਾਨ ਹੁੰਦੇ ਹਨ,
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥
ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ॥ (ਪੰਨਾ 968)
ਤਖਤ ਉਤੇ ਹੁਣ ਗੁਰੂ ਅਰਜਨ ਦੇਵ ਬੈਠੇ ਹੋਏ ਹਨ ਅਤੇ ਸਤਿਗੁਰ ਦਾ ਚੰਦੋਆ ਚਮਕ ਰਿਹਾ ਹੈ। ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਚਹੁ ਚੱਕਾਂ ਵਿਚ ਗੁਰੂ ਅਰਜਨ ਨੇ ਗਿਆਨ ਦਾ ਚਾਨਣ ਕਰ ਦਿੱਤਾ ਹੈ। ਇੱਥੇ ਸਵਾਲ ਕੀਤਾ ਜਾ ਸਕਦਾ ਹੈ ਕਿ ਗੁਰੂ ਅਰਜਨ ਗੁਰੂ ਰਾਮਦਾਸ ਦੇ ਪੁੱਤਰ ਹਨ ਅਤੇ ਗੁਰਗੱਦੀ ਪ੍ਰਾਪਤ ਕਰਦੇ ਹਨ, ਪਰ ਕਸਵੱਟੀ ਇਥੇ ਵੀ ਯੋਗਤਾਮੂਲਕ ਹੈ, ਕਿਉਂਕਿ ਗੁਰੂ ਅਰਜਨ ਦੇਵ ਗੁਰੂ ਰਾਮਦਾਸ ਦੇ ਸਭ ਤੋਂ ਛੋਟੇ ਪੁੱਤਰ ਹਨ, ਪ੍ਰਿਥੀ ਚੰਦ ਅਤੇ ਮਹਾਂਦੇਵ ਵੱਡੇ ਪੁੱਤਰ ਹੋ ਕੇ ਵੀ ਕਸਵੱਟੀ ‘ਤੇ ਪੂਰੇ ਨਹੀਂ ਉਤਰਦੇ।
ਸਾਰੇ ਗੁਰੂ ਸਾਹਿਬਾਨ ਵਿਚ ਇੱਕੋ ਜੋਤਿ ਅਤੇ ਗੁਰੂ ਜੁਗਤਿ ਵੀ ਇੱਕੋ ਹੋਣ ਦੇ ਸਿਧਾਂਤ ਨੂੰ ਹੀ ਭਾਈ ਗੁਰਦਾਸ ਨੇ ਆਪਣੀਆਂ ਰਚਨਾਵਾਂ, ਖਾਸ ਕਰ ਕੇ ‘ਵਾਰਾਂ’ ਵਿਚ ਦ੍ਰਿੜ ਕਰਾਇਆ ਹੈ। ਭਾਈ ਗੁਰਦਾਸ ਅਨੁਸਾਰ ਵੀ ਗੁਰੂ ਨਾਨਕ ਦੇ ਪੁੱਤਰ ਪਰਖ ਦੀ ਕਸਵੱਟੀ ‘ਤੇ ਪੂਰੇ ਨਹੀਂ ਉਤਰਦੇ, ਸਗੋਂ ਗੁਰੂ ਹੁਕਮ ਤੋਂ ਆਕੀ ਜਾਂ ਬਾਗੀ ਹੋਏ ਫਿਰਦੇ ਹਨ। ਗੁਰੂ ਨਾਨਕ ਦਿੱਤੇ ਸਿਧਾਂਤ ਦੇ ਵਿਪਰੀਤ ਬਾਬਾ ਸ੍ਰੀ ਚੰਦ ਵਲੋਂ ਸੰਨਿਆਸ ਧਾਰਨ ਕਰ ਲੈਣਾ ਗੁਰੂ ਤੋਂ ਬੇਮੁੱਖਤਾ ਹੈ, ਗੁਰੂ ਦੇ ਸਿਧਾਂਤਾਂ ਦਾ ਵਿਰੋਧ ਹੈ:
ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ।
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ।
ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ।
ਪੁਤਰੀ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ। (ਵਾਰ: 1, ਪਉੜੀ 38)
ਭਾਈ ਗੁਰਦਾਸ ਨੇ ਗੁਰੂ ਨਾਨਕ ਦੇ ਸਥਾਪਤ ਕੀਤੇ ਮਾਰਗ ਦੀ ਗੱਲ ਕਰਦਿਆਂ ਇਸ ਨੂੰ ‘ਨਾਨਕ ਨਿਰਮਲ ਪੰਥ ਚਲਾਇਆ’ ਕਿਹਾ ਹੈ ਅਤੇ ਦੱਸਿਆ ਹੈ ਕਿ ਗੁਰੂ ਨਾਨਕ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਹੀ ਭਾਈ ਲਹਿਣਾ ਜੀ ਨੂੰ ਗੁਰਗੱਦੀ ‘ਤੇ ਸਥਾਪਤ ਕਰ ਦਿੱਤਾ, ‘ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰੁ ਫਿਰਾਇਆ’ ਅਤੇ ਗੁਰੂ ਨਾਨਕ ਵਲੋਂ ਭਾਈ ਲਹਿਣੇ ਨੂੰ ਆਪਣਾ ਵਾਰਿਸ ਗੁਰੂ ਚੁਣਨ ਨੂੰ ‘ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕ ਰੂਪੁ ਵਟਾਇਆ’ ਕਿਹਾ ਹੈ, ਜੋ ਅਚਰਜ ਖੇਲ ਹੈ, ਜਿਸ ਨੂੰ ਸਮਝਣਾ ਦੁਨੀਆਂ ਵਾਸਤੇ ਮੁਸ਼ਕਿਲ ਹੈ, ਕਿਉਂਕਿ ਇਹ ਅਨੋਖਾ ਕੌਤਕ ‘ਕਾਇਆ ਪਲਟ ਸਰੂਪੁ ਬਣਾਇਆ’ ਹੈ ਅਤੇ ਗੁਰੂ ਅੰਗਦ ਦੇ ਸਰੂਪ ਵਿਚ ਉਨ੍ਹਾਂ ਨੇ ਖਡੂਰ ਸਾਹਿਬ ਵਿਚ ਜੋਤਿ ਦਾ ਪ੍ਰਕਾਸ਼ ਕੀਤਾ। ਗੁਰੂ ਅੰਗਦ ਪਾਸੋਂ ਗੁਰਿਆਈ ਗੁਰੂ ਅਮਰਦਾਸ ਕੋਲ ਆਈ ਅਤੇ ਉਨ੍ਹਾਂ ਨੇ ਗੋਇੰਦਵਾਲ ਵਸਾਇਆ। ਭਾਈ ਗੁਰਦਾਸ ਅਨੁਸਾਰ ਜਿਸ ਕਿਸਮ ਦਾ ਮਨੁੱਖ ਬੀਜਦਾ ਹੈ, ਉਹੋ ਜਿਹੀ ਫਸਲ ਉਗਦੀ ਹੈ। ਰੱਬੀ ਦਾਤਿ ਗੁਰੂ ਦੇ ਸਨਮੁਖਿ ਹੋਇਆਂ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਨਾਲ ਮਿਲੀ ਹੈ,
ਸੋ ਟਿਕਾ ਸੋ ਛਤ੍ਰੁ ਸਿਰਿ ਸੋਈ ਸਚਾ ਤਖਤੁ ਟਿਕਾਈ।
ਗੁਰ ਨਾਨਕ ਹੰਦੀ ਮੁਹਰਿ ਹਥਿ ਗੁਰ ਅੰਗਦ ਦੀ ਦੋਹੀ ਫਿਰਾਈ।
ਦਿਤਾ ਛੋੜਿ ਕਰਤਾਰ ਪੁਰੁ ਬੈਠਿ ਖਡੂਰੇ ਜੋਤਿ ਜਗਾਈ।
ਜੰਮੇ ਪੂਰਬਿ ਬੀਜਿਆ ਵਿਚਿ ਵਿਚਿ ਹੋਰਿ ਕੂੜੀ ਚਤੁਰਾਈ।
ਲਹਣੇ ਪਾਈ ਨਾਨਕੋ ਦੇਣੀ ਅਮਰਦਾਸਿ ਘਰਿ ਆਈ।
ਗੁਰੁ ਬੈਠਾ ਅਮਰੁ ਸਰੂਪ ਹੋਇ ਗੁਰਮੁਖਿ ਪਾਈ ਦਾਦਿ ਇਲਾਹੀ।
ਫੇਰਿ ਵਸਾਇਆ ਗੋਇੰਦਵਾਲੁ ਅਚਰਜੁ ਖੇਲੁ ਨ ਲਖਿਆ ਜਾਈ।
ਦਾਤਿ ਜੋਤਿ ਖਸਮੈ ਵਡਿਆਈ॥46॥ (ਵਾਰ: 1, ਪਉੜੀ: 46)
ਗੁਰੂ ਅਮਰਦਾਸ ਤੋਂ ਆਪਣੀ ਯੋਗਤਾ ਕਰ ਕੇ ਗੁਰੂ ਰਾਮਦਾਸ ਗੁਰਿਆਈ ਦੇ ਹੱਕਦਾਰ ਬਣੇ ਅਤੇ ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ ਅਤੇ ਤਲਾਬ ਦੀ ਖੁਦਾਈ ਕਰਾਈ। ਇਹ ਆਪਣੇ ਕੀਤੇ ਹੋਏ ਦੀ ਪ੍ਰਾਪਤੀ ਹੈ। ਜੋ ਚੀਜ਼ ਜਿਸ ਦੀ ਹੁੰਦੀ ਹੈ, ਉਸੇ ਦੇ ਘਰ ਵਿਚ ਆਉਂਦੀ ਹੈ। ਇਥੇ ਭਾਈ ਗੁਰਦਾਸ ਨੇ ਗੁਰੂ ਰਾਮਦਾਸ ਨੂੰ ‘ਸੋਢੀ ਪਾਤਿਸਾਹੁ’ ਅਤੇ ਮਾਲਕ ਦਾ ‘ਉਲਟਾ ਖੇਲ’ ਕਿਹਾ ਹੈ ਤੇ ਇਸ ਦੀ ਤੁਲਨਾ ਗੰਗਾ ਦੇ ਉਲਟੇ ਵਹਾ ਨਾਲ ਕੀਤੀ ਹੈ। ਹੋਰ ਨਦੀਆਂ ਪੱਛਮ ਨੂੰ ਜਾ ਕੇ ਅਰਬ ਸਾਗਰ ਵਿਚ ਡਿਗਦੀਆਂ ਹਨ, ਪਰ ਗੰਗਾ ਉਤਰ ਤੋਂ ਪੂਰਬ ਵੱਲ ਜਾ ਕੇ ਬੰਗਾਲ ਦੀ ਖਾੜੀ ਵਿਚ ਸਮੁੰਦਰ ਵਿਚ ਸਮਾ ਜਾਂਦੀ ਹੈ। ਇਥੇ ਵੀ ਗੁਰੂ ਅਮਰਦਾਸ ਦੇ ਪੁੱਤਰ ਮੋਹਣ ਤੇ ਮੋਹਰੀ ਗੱਦੀ ਦੇ ਹੱਕਦਾਰ ਨਹੀਂ ਬਣੇ। ਕਸਵੱਟੀ ਉਤੇ ਗੁਰੂ ਰਾਮਦਾਸ, ਜੋ ਰਿਸ਼ਤੇ ਵਿਚ ਜੁਆਈ ਹਨ, ਗੱਦੀ ‘ਤੇ ਬੈਠੇ, ਜਿਨ੍ਹਾਂ ਤੋਂ ਗੁਰਗੱਦੀ ਗੁਰੂ ਅਰਜਨ ਦੇਵ ਨੂੰ ਮਿਲੀ, ਜੋ ਸੰਸਾਰਕ ਰਿਸ਼ਤੇ ਵਿਚ ਵੀ ਗੁਰੂ ਰਾਮਦਾਸ ਦੇ ਪੁੱਤਰ ਹਨ, ਕਿਉਂਕਿ ਉਹ ਹੀ ਇਸ ਦੇ ਯੋਗ ਸਨ। ਇਥੇ ਇਹ ਵੀ ਜ਼ਿਕਰ ਕੀਤਾ ਹੈ ਕਿ ਗੁਰਗੱਦੀ ਹੁਣ ਘਰ ਵਿਚ ਹੀ ਰਹੇਗੀ, ਕਿਉਂਕਿ ਇਹ ਕਿਸੇ ਹੋਰ ਦੇ ਸੰਭਾਲਣ ਦੀ ਨਹੀਂ ਸੀ, ਜਿਸ ਨੂੰ ਭਾਈ ਗੁਰਦਾਸ ਨੇ ‘ਹੋਰਸਿ ਅਜਰੁ ਨ ਜਰਿਆ ਜਾਵੈ’ ਕਿਹਾ ਹੈ। ਇਤਿਹਾਸ ਅਨੁਸਾਰ ਅਸੀਂ ਸਾਰੇ ਜਾਣਦੇ ਹਾਂ ਕਿ ਅੱਗੋਂ ਸਾਰਾ ਸਮਾਂ ਪਰਖ ਅਤੇ ਸੰਕਟਾਂ ਦਾ ਭਰਿਆ ਹੋਇਆ ਸੀ ਅਤੇ ਗੁਰੂ ਆਪਣੀ ਵਿਵੇਕ ਬੁੱਧ, ਦੂਰਦ੍ਰਿਸ਼ਟੀ ਨਾਲ ਭਵਿੱਖ ਨੂੰ ਸਪਸ਼ਟ ਰੂਪ ਵਿਚ ਦੇਖ ਰਹੇ ਸਨ,
ਦਿਤਾ ਲਈਏ ਆਪਣਾ ਅਣਿਦਿਤਾ ਕਛੁ ਹਤਿ ਨ ਆਵੈ।
ਫਿਰਿ ਆਈ ਘਰਿ ਅਰਜਣੇ ਪੁਤੁ ਸੰਸਾਰੀ ਗੁਰੂ ਕਹਾਵੈ। (ਵਾਰ: 1, ਪਉੜੀ: 47)
ਗੁਰੂ ਅਰਜਨ ਦੇਵ ਤੋਂ ਛੇਵੇਂ ਗੁਰੂ ਹਰਗੋਬਿੰਦ ਸਾਹਿਬ, ਜੋ ਗੁਰੂ ਅਰਜਨ ਦੇਵ ਦੇ ਪੁੱਤਰ ਹਨ, ਨੂੰ ਗੁਰਗੱਦੀ ਮਿਲਣ ਦਾ ਭਾਈ ਗੁਰਦਾਸ ਜ਼ਿਕਰ ਕਰਦੇ ਹਨ ਕਿ ਗੁਰੂ ਨਾਨਕ ਤੋਂ ਗੁਰੂ ਅਰਜਨ ਦੇਵ ਤੱਕ ਪੰਜ ਪੀਰ (ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ) ਹੋਏ ਹਨ ਅਤੇ ਉਨ੍ਹਾਂ ਨੇ ਪੰਜ ਪਿਆਲੇ ਪੀਤੇ ਅਰਥਾਤ ਸਤਿ, ਸੰਤੋਖ, ਦਇਆ, ਧਰਮ, ਧੀਰਜ ਦਾ ਬਹੁਤ ਅਭਿਆਸ ਕੀਤਾ ਅਤੇ ਹੁਣ ਛੇਵਾਂ ਪੀਰ ਅਰਥਾਤ ਗੁਰੂ ਹਰਗੋਬਿੰਦ ਭਾਰੀ ਹੋ ਕੇ ਗੁਰਗੱਦੀ ‘ਤੇ ਬੈਠਿਆ ਹੈ; ਜਿਸ ਦਾ ਅਰਥ ਹੈ ਕਿ ਉਨ੍ਹਾਂ ਨੇ ਪੀਰੀ ਅਤੇ ਮੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਹਨ। ਗੁਰੂ ਅਰਜਨ ਦੇਵ ਨੇ ਹੀ ਆਪਣੀ ਕਾਇਆ ਪਲਟ ਕੇ ਗੁਰੂ ਹਰਗੋਬਿੰਦ ਦੀ ਮੂਰਤ ਸਵਾਰੀ ਹੈ। ਸੋਢੀਆਂ ਦੀ ਪੀੜ੍ਹੀ ਤੁਰ ਪਈ ਹੈ, ਜਿਸ ਵਿਚ ਸਾਰੇ ਗੁਰੂ ਵਾਰੋ-ਵਾਰੀ ਆਪਣਾ ਰੂਪ ਦਿਖਾਉਣਗੇ। ਛੇਵਾਂ ਗੁਰੂ ਸੂਰਬੀਰ ਯੋਧਾ, ਦਲਾਂ ਨੂੰ ਤੋੜਨ ਵਾਲਾ ਅਤੇ ਵੱਡਾ ਪਰਉਪਕਾਰੀ ਹੈ,
ਪੰਜਿ ਪਿਆਲੇ ਪੰਜਿ ਪੀਰ ਛਟਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
ਦਲਿਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। (ਵਾਰ: 1, ਪਉੜੀ: 48)
ਭਾਈ ਗੁਰਦਾਸ ਨੇ 24ਵੀਂ ਵਾਰ ਵਿਚ ਗੁਰੂਆਂ ਦੀ ਵਿਰਾਸਤ ਦੇ ਪੀੜ੍ਹੀ ਦਰ ਪੀੜ੍ਹੀ ਚੱਲਣ ਦੀ ਵਿਆਖਿਆ ਬੜੀ ਸਪਸ਼ਟ ਕੀਤੀ ਹੈ, ਜਿਸ ਦਾ ਇਥੇ ਸੰਖੇਪ ਵਰਣਨ ਕੀਤਾ ਜਾ ਸਕਦਾ ਹੈ। ਪਹਿਲੀਆਂ ਚਾਰ ਪਉੜੀਆਂ ਵਿਚ ਗੁਰੂ ਨਾਨਕ ਵਲੋਂ ਚਲਾਏ ਕਰਤਾਰਪੁਰ ਨੂੰ ‘ਸਚ ਖੰਡ’ ਦੇ ਰੂਪ ਵਿਚ ਵਸਾ ਕੇ ‘ਗੁਰਮੁਖਿ ਪੰਥ’ ਦੀ ਗੱਲ ਕੀਤੀ ਹੈ, ਜੋ ਚਾਰਾਂ ਵਰਨਾਂ ਲਈ ਸਾਂਝਾ ਧਰਮ ਹੈ, ਜਿਸ ਵਿਚ ਨਾਮ ਸਿਮਰਨ ਦੇ ਨਾਲ ਨਾਲ ਮਿੱਠਾ ਬੋਲਣ, ਨਿਵ ਕੇ ਚੱਲਣ, ਭਾਉ ਭਗਤੀ ਅਤੇ ਨਿਆਉਂ ਆਦਿ ਗੁਣ ਸ਼ਾਮਲ ਹਨ। ਇਹ ਗੁਰੂ ਨਾਨਕ ਦੀ ਮਿਹਰ ਹੈ ਕਿ ਚਾਰੇ ਵਰਨ ਇਕੱਠੇ ਹੋ ਕੇ ਸਾਧ ਸੰਗਤਿ ਦੇ ਰੂਪ ਵਿਚ ਭਵਸਾਗਰ ਤੋਂ ਪਾਰ ਹੋ ਰਹੇ ਹਨ। ਗੁਰੂ ਨਾਨਕ ਸਭ ਦੇ ਸਾਂਝੇ ਜਗਤ ਗੁਰੂ ਹਨ। ਅਗਲੀਆਂ ਚਾਰ ਪਉੜੀਆਂ ਵਿਚ ਗੁਰੂ ਨਾਨਕ ਵਲੋਂ ਵਿਰਾਸਤ ਨੂੰ ਅੱਗੇ ਲੈ ਜਾਣ ਲਈ ਭਾਈ ਲਹਿਣੇ ਅੰਦਰ ਗੁਰੂ ਨਾਨਕ ਵਲੋਂ ਜੋਤਿ ਜਗਾਉਣ ਨੂੰ ‘ਅਗਹੁੰ ਅੰਗੁ ਉਪਾਇਓਨੁ’ ਕਿਹਾ ਹੈ ਅਤੇ ਇਹ ਉਸੇ ਤਰ੍ਹਾਂ ਹੈ, ਜਿਵੇਂ ਗੰਗਾ ਤੋਂ ਤਰੰਗ ਉਠਾਈ ਹੋਵੇ ਅਤੇ ਚੰਦਨ ਤੋਂ ਚੰਦਨ ਪੈਦਾ ਹੁੰਦਾ ਹੈ, ਜੋਤਿ ਤੋਂ ਜੋਤਿ ਜਗਦੀ ਹੈ, ਬ੍ਰਿਛ ਤੋਂ ਫਲ ਅਤੇ ਫਲ ਤੋਂ ਬ੍ਰਿਛ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਗੁਰੂ ਤੋਂ ਚੇਲਾ ਅਤੇ ਚੇਲੇ ਤੋਂ ਗੁਰੂ ਹੋ ਗਿਆ; ਪਿਉ ਤੋਂ ਪੁੱਤ ਅਤੇ ਪੁੱਤ ਤੋਂ ਪਿਉ ਪਤੀਜ ਗਿਆ। ਬਾਬੇ ਦੇ ਰੂਪ ਵਿਚ ਗੁਰੂ ਅੰਗਦ ਆ ਗਿਆ। ਗੁਰਮੁਖਾਂ ਨੇ ਉਸ ਨੂੰ ਗੁਰੂ ਅਤੇ ਰੱਬ ਦਾ ਰੂਪ ਮੰਨਿਆ। ਬਾਬੇ ਦੇ ਸਰੂਪ ਦਾ ਪ੍ਰਕਾਸ਼ ਲਹਿਣਾ ਵੀ ਪ੍ਰਕਾਸ਼ ਹੋ ਗਿਆ। ਸਤਿ, ਸੰਤੋਖ, ਦਇਆ, ਧਰਮ, ਅਰਥ ਆਦਿ ਗੁਣਾਂ ਦੀ ਵਿਚਾਰ ਰਾਹੀਂ ਸਹਿਜ ਘਰ ਵਿਚ ਪ੍ਰਵੇਸ਼ ਕੀਤਾ ਅਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਵਿਰੋਧ ਆਦਿ ਦਾ ਤਿਆਗ ਕੀਤਾ। ਬਾਬੇ ਦੇ ਘਰ ਵਿਚ ਲਹਿਣਾ ਜੀ ਅਜਿਹੇ ਸਪੁੱਤਰ ਹੋਏ।
ਨੌਵੀਂ ਤੋਂ ਤੇਰਵੀਂ ਪਉੜੀ ਤੱਕ ਗੁਰੂ ਅਮਰਦਾਸ ਬਾਰੇ ਬਿਆਨ ਕੀਤਾ ਹੈ ਕਿ ਤੀਸਰੇ ਗੁਰੂ ਜੀ ਦੀ ਮਹਿਮਾ ਵੀ ਉਸੇ ਤਰ੍ਹਾਂ ਹੈ; ਇਹ ਅੰਮ੍ਰਿਤ ਬਿਰਖ ਨੂੰ ਅੰਮ੍ਰਿਤ ਫਲ ਲੱਗਿਆ ਹੈ। ਚੇਲੇ ਤੋਂ ਗੁਰੂ, ਗੁਰੂ ਤੋਂ ਚੇਲਾ ਅਤੇ ਚੇਲਾ ਗੁਰੂ ਹੋਇਆ। ਇਹ ਇਸੇ ਤਰ੍ਹਾਂ ਹੈ ਜਿਵੇਂ ਤਾਣੇ ਅਤੇ ਪੇਟੇ ਦਾ ਸੂਤ ਇੱਕੋ ਹੈ, ਜੋ ਮਿਲ ਕੇ ਕੱਪੜਾ ਬਣਦਾ ਹੈ; ਦੁੱਧ ਤੋਂ ਦਹੀਂ, ਦਹੀਂ ਤੋਂ ਮੱਖਣ ਨਿਕਲ ਕੇ ਸਾਰੇ ਕਾਜ ਸਵਾਰਦਾ ਹੈ; ਕਮਾਦ ਤੋਂ ਗੁੜ, ਸ਼ੱਕਰ ਅਤੇ ਉਸੇ ਤੋਂ ਖੰਡ ਮਿਸ਼ਰੀ ਨਿਕਲਦੀ ਹੈ। ਦੱਸਿਆ ਹੈ ਕਿ ਹੁਣ ਸਾਰੇ ਸਿੱਖਾਂ ਦੀ ਕੁਲ ਅਤੇ ਧਰਮ ਇਹ ਹੈ ਕਿ ਮਾਇਆ ਵਿਚ ਨਿਰਲੇਪ ਰਹਿਣਾ ਹੈ। ਆਮ ਜ਼ਿੰਦਗੀ ਵਿਚੋਂ ਹੋਰ ਵੀ ਬਹੁਤ ਸਾਰੇ ਦ੍ਰਿਸ਼ਟਾਂਤ ਦਿੱਤੇ ਹਨ ਅਤੇ ਨਤੀਜਾ ‘ਪੋਤਾ ਪ੍ਰਮਾਣੀਕੁ ਨਿਵੇਲਾ’ ਅਤੇ ‘ਗੁਰ ਮੂਰਤਿ ਗੁਰ ਸਬਦੁ ਹੈ’ ਵਿਚ ਕੱਢਿਆ ਹੈ। ਭਾਵ ਗੁਰੂ ਅਮਰਦਾਸ ਗੁਰੂ ਨਾਨਕ ਦੇਵ ਜੀ ਦਾ ਪ੍ਰਮਾਣੀਕ ਅਤੇ ਸੁਹਣਾ ਪੋਤਰਾ ਹੋਇਆ ਹੈ ਅਤੇ ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤ ਹੈ, ਗੁਰੂ ਦਾ ਰੂਪ ਹੈ।
ਚੌਦਵੀਂ ਤੋਂ ਸਤਾਰਵੀਂ ਪਉੜੀ ਤੱਕ ਚੌਥੀ ਨਾਨਕ ਜੋਤਿ ਗੁਰੂ ਰਾਮਦਾਸ ਜੀ ਦੇ ਗੁਣਾਂ ਦੀ ਵਿਆਖਿਆ ਕੀਤੀ ਹੈ ਕਿ ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ ਦੀ ਜੋਤਿ ਜਗੀ ਹੈ। ਗੁਰੂ ਦੇ ਸਿੱਖ ਹੋ ਕੇ ਜਿਨ੍ਹਾਂ ਨੇ ਸ਼ਬਦ ਵਿਚ ਸੁਰਤਿ ਲਾਈ ਹੈ, ਉਹ ਅਨਹਦ ਬਾਣੀ ਦੀ ਵਗਦੀ ਰਸ ਧਾਰਾ ਦਾ ਅਨੰਦ ਮਾਣਦੇ ਹਨ। ਦੱਸਿਆ ਹੈ ਕਿ ਪਿਤਾ ਗੁਰੂ ਅਮਰਦਾਸ, ਦਾਦੇ ਗੁਰੂ ਅੰਗਦ ਅਤੇ ਪੜਦਾਦੇ ਗੁਰੂ ਨਾਨਕ ਦੀ ਕੁਲ ਵਿਚ ਉਨ੍ਹਾਂ ਵਰਗਾ ਹੀ ਪ੍ਰਮਾਣੀਕ ਪੋਤਾ ਗੁਰੂ ਰਾਮਦਾਸ ਹੋਇਆ ਹੈ, ਜੋ ਗੁਰੂ ਦੀ ਮੱਤ ਲੈ ਕੇ ਇਸ ਕਲਿਜੁਗ ਦੇ ਸਮੇਂ ਵਿਚ ਆਪ ਜਾਗ ਕੇ ਹੋਰਨਾਂ ਨੂੰ ਜਗਾਉਂਦੇ ਹਨ ਅਤੇ ਭਾਵੇਂ ਨੀਂਦ ਤੋਂ ਜਗਾਉਣਾ ਕੌੜਾ ਲਗਦਾ ਹੈ, ਪਰ ਕੌੜੇ ਚਸ਼ਮੇ ਦਾ ਪਾਣੀ ਹੀ ਰੋਗ ਦੂਰ ਕਰਦਾ ਹੈ। ਅਠਾਰਵੀਂ ਤੋਂ ਵੀਹਵੀਂ ਪਉੜੀ ਤੱਕ ਗੁਰੂ ਅਰਜਨ ਦੇਵ ਦੀ ਮਹਿਮਾ ਵਰਣਨ ਕੀਤੀ ਹੈ। ਦੱਸਿਆ ਹੈ ਕਿ ਗੁਰੂ ਅਰਜਨ ਪਿਤਾ ਗੁਰੂ ਰਾਮਦਾਸ, ਦਾਦਾ ਗੁਰੂ ਅਮਰਦਾਸ, ਪੜਦਾਦਾ ਗੁਰੂ ਅੰਗਦ ਦੇਵ ਅਤੇ ਗੁਰੂ ਨਾਨਕ ਦੀ ਕੁਲ ਦਾ ਦੀਵਾ ਹਨ, ਅਜਰ ਅਤੇ ਅਮਰ ਪੜਪੋਤਾ ਪੰਜਵੀਂ ਥਾਂ ਹਨ, ਜਿਨ੍ਹਾਂ ਨੇ ਤਖਤ ਮੱਲ ਕੇ ਸ਼ਬਦ ਅਤੇ ਸੁਰਤਿ ਦਾ ਪਤਵੰਤਾ ਵਪਾਰ ਕੀਤਾ ਹੈ। ਗੁਰੂ ਅਰਜਨ ਦੇਵ ਦਾ ਰਾਜ ਅਬਚਲ ਅਤੇ ਸ੍ਰੇਸ਼ਟ ਹੈ। ਗੁਰਬਾਣੀ ਦਾ ਭੰਡਾਰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਭਰ ਦਿੱਤਾ ਹੈ ਅਤੇ ਅੱਠੇ ਪਹਿਰ ਗੁਰਬਾਣੀ ਦੇ ਕੀਰਤਨ ਦਾ ਪਰਵਾਹ ਚੱਲਦਾ ਹੈ। ਅਣਗਿਣਤ ਸੰਗਤਿ ਆਉਂਦੀ ਹੈ, ਗੁਰਸ਼ਬਦ ਦਾ ਲੰਗਰ ਵਰਤਦਾ ਹੈ।
ਇੱਕੀਵੀਂ ਪਉੜੀ ਵਿਚ ਗੁਰੂ ਅਰਜਨ ਦੇਵ ਜੀ ਤੋਂ ਗੁਰੂ ਹਰਗੋਬਿੰਦ ਸਾਹਿਬ ਦੀ ਜੋਤਿ ਜਗਣ ਨੂੰ ‘ਗੁਰ ਸਿਖ ਲੈ ਗੁਰ ਸਿਖੁ ਚਲੰਦਾ’ ਕਿਹਾ ਹੈ ਅਰਥਾਤ ਗੁਰੂ ਦੀ ਸਿੱਖਿਆ ਲੈ ਕੇ ਜੋ ਗੁਰ ਸਿੱਖ ਚਲਦਾ ਹੈ, ਉਹ ਮੰਜ਼ਿਲ ‘ਤੇ ਪਹੁੰਚ ਜਾਂਦਾ ਹੈ। ਗੁਰੂ ਆਪ ਗੋਬਿੰਦ (ਪਾਲਕ ਪਰਮਾਤਮਾ) ਦਾ ਰੂਪ ਹੈ ਅਤੇ ਗੋਬਿੰਦ ਗੁਰੂ ਰੂਪ ਹੈ। ਇਸ ਲਈ ਗੁਰੂ ਅਰਜਨ ਦੇ ਗੁਰੂ ਹਰਗੋਬਿੰਦ ਨਾਲ ਇਕਮਿਕ ਹੋ ਜਾਣ ਤੇ ਗੁਰੂ ਹਰਗੋਬਿੰਦ ਸਦਾ ਪ੍ਰਸੰਨ ਹਨ। ਇਹ ਇਵੇਂ ਹੈ ਜਿਵੇਂ ਅਚਰਜ ਨੂੰ ਅਚਰਜ ਅਤੇ ਵਿਸਮਾਦ ਨੂੰ ਵਿਸਮਾਦ ਮਿਲਦਾ ਹੈ। ਗੁਰੂ ਅਤੇ ਸਿੱਖ ਦੀ ਮਹਿਮਾ, ਗੁਰੂ ਅਰਜਨ ਦੇਵ ਦੀ ਸ਼ਹਾਦਤ ਦਾ ਵਿਖਿਆਨ ਕੀਤਾ ਹੈ ਅਤੇ ਦੱਸਿਆ ਹੈ ਕਿ ਨਿਰਗੁਣ ਬ੍ਰਹਮ ਨੇ ਸਰਗੁਣ ਬ੍ਰਹਮ ਗੁਰੂ (ਅਰਜਨ ਦੇਵ) ਪੈਦਾ ਕੀਤਾ। ਗੁਰੂ ਅਰਜਨ ਗੁਰੂ ਹਰਗੋਬਿੰਦ ਅਤੇ ਗੁਰੂ ਹਰਗੋਬਿੰਦ ਗੁਰੂ ਅਰਜਨ ਦੇਵ ਹੈ, ਨਾਮ ਦੋ ਹਨ ਪਰ ਜੋਤਿ ਇੱਕੋ ਹੈ।
ਅਖੀਰਲੀ ਪਉੜੀ ਵਿਚ ਸਿੱਟਾ ਕੱਢਿਆ ਹੈ ਕਿ ਗੁਰੂ ਨਾਨਕ ਦੇਵ ਨਿਰੰਕਾਰ-ਰੂਪ ਹਨ, ਜਿਨ੍ਹਾਂ ਨੂੰ ਆਕਾਰ ਨਿਰੰਕਾਰ ਨੇ ਆਪ ਦਿੱਤਾ। ਗੁਰੂ ਅੰਗਦ ਗੰਗਾ ਦੇ ਤਰੰਗ ਵਾਂਗ ਗੁਰੂ ਨਾਨਕ ਦਾ ਅੰਗ ਹਨ ਅਤੇ ਗੁਰੂ ਅੰਗਦ ਤੋਂ ਗੁਰੂ ਅਮਰਦਾਸ ਜੋਤਿ ਸਰੂਪ ਹੋਏ। ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ ਇਵੇਂ ਹੋਏ ਜਿਵੇਂ ਅਨਹਦ ਨਾਦ ਤੋਂ ਸ਼ਬਦ ਸੁਣਾਇਆ ਹੋਵੇ। ਗੁਰੂ ਰਾਮਦਾਸ ਤੋਂ ਗੁਰੂ ਅਰਜਨ ਦੇਵ ਉਸੇ ਤਰ੍ਹਾਂ ਹੋਏ ਜਿਵੇਂ ਸ਼ੀਸ਼ੇ ਵਿਚ ਪ੍ਰਤੀਬਿੰਬ ਦਿਖਾਇਆ ਹੋਵੇ ਅਤੇ ਗੁਰੂ ਅਰਜਨ ਤੋਂ ਗੁਰੂ ਹਰਗੋਬਿੰਦ ਹੋਏ, ਜਿਨ੍ਹਾਂ ਨੇ ਆਪਣਾ ਨਾਮ ਗੁਰੂ ਅਤੇ ਗੋਬਿੰਦ ਸਦਵਾਇਆ। ਭਾਈ ਗੁਰਦਾਸ ਸਪਸ਼ਟ ਕਰਦੇ ਹਨ ਕਿ ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤ ਹੈ, ਜੋ ਸਾਧ ਸੰਗਤਿ ਵਿਚ ਸਦਾ ਪਰਗਟ ਰਹਿੰਦਾ ਹੈ। ਭਾਈ ਗੁਰਦਾਸ ਨੇ ਆਪਣੇ ਸਮੇਂ ਤੱਕ ਹੋਏ ਪਹਿਲੇ ਛੇ ਗੁਰੂ ਸਾਹਿਬਾਨ ਦੀ ਗੁਰਗੱਦੀ ਵਿਰਾਸਤ ਦਾ ਜ਼ਿਕਰ ਕਰ ਦਿੱਤਾ ਹੈ।
ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਵਿਚ ਮੁਗਲਾਂ ਨਾਲ ਹੋਏ ਯੁੱਧ ਤੋਂ ਬਾਅਦ ਅੰਮ੍ਰਿਤਸਰ ਤੋਂ ਬਦਲ ਕੇ ਰਿਹਾਇਸ਼ ਨਵੇਂ ਵਸਾਏ ਨਗਰ ਕੀਰਤਪੁਰ ਕਰ ਲਈ ਅਤੇ ਸਿੱਖ ਧਰਮ ਦਾ ਪ੍ਰਚਾਰ ਦੂਰ ਦੂਰ ਤੱਕ ਕੀਤਾ। ਪੁੱਤਰ ਤੇਗ ਬਹਾਦਰ ਪਿਤਾ ਦੇ ਹੁਕਮ ਅਨੁਸਾਰ ਆਪਣੀ ਮਾਤਾ ਨਾਨਕੀ ਅਤੇ ਪਤਨੀ ਗੁਜਰੀ ਸਮੇਤ ਬਕਾਲੇ ਆ ਗਏ। ਇਸ ਵਿਚ ਵੀ ਕੋਈ ਮਸਲੀਅਤ ਸੀ, ਕਿਉਂਕਿ ਗੁਰੂ ਵਿਚ ਭਵਿੱਖ ਨੂੰ ਦੇਖ ਸਕਣ ਵਾਲੀ ਦਿਬਦ੍ਰਿਸ਼ਟੀ ਸੀ। ਗੁਰੂ ਹਰਗੋਬਿੰਦ ਨੇ ਗੁਰਗੱਦੀ ਦਾ ਵਾਰਿਸ ਬਾਬਾ ਗੁਰਦਿਤਾ ਜੀ ਦੇ ਪੁੱਤਰ, ਆਪਣੇ ਪੋਤਰੇ ਹਰਿ ਰਾਇ ਨੂੰ ਥਾਪਿਆ। ਗੁਰੂ ਹਰਿ ਰਾਇ ਦੇ ਦੋ ਪੁੱਤਰ-ਵੱਡਾ ਰਾਮ ਰਾਇ ਅਤੇ ਛੋਟਾ ਹਰਕ੍ਰਿਸ਼ਨ ਹੋਏ। ਗੁਰੂ ਹਰ ਰਾਇ ਜੀ ਨੇ ਯੋਗਤਾਮੂਲਕ ਚੋਣ ਗੁਰੂ ਹਰਕ੍ਰਿਸ਼ਨ ਦੀ ਕੀਤੀ, ਭਾਵੇਂ ਉਹ ਬਾਲ ਅਵਸਥਾ ਵਿਚ ਹੀ ਸਨ। ਗੁਰੂ ਹਰਕ੍ਰਿਸ਼ਨ ਨੇ ਦਿੱਲੀ ਵਿਚ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ‘ਬਾਬਾ ਬਕਾਲੇ’ ਹੋਣ ਦਾ ਐਲਾਨ ਕਰ ਦਿੱਤਾ ਸੀ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਗੁਰਗੱਦੀ ਦੇ ਵਾਰਿਸ ਸੰਸਾਰਕ ਰਿਸ਼ਤੇ ਵਿਚ ਆਪਣੇ ਪੋਤੇ ਕੋਲੋਂ ਬਣੇ। ਗੁਰੂ ਤੇਗ ਬਹਾਦਰ ਜੀ ਨੇ ਨਵਾਂ ਨਗਰ ‘ਚੱਕ ਨਾਨਕੀ’ (ਅਨੰਦਪੁਰ ਸਾਹਿਬ) ਵਸਾਇਆ। ਔਰੰਗਜ਼ੇਬ ਦੇ ਜ਼ੁਲਮਾਂ ਦੇ ਖਿਲਾਫ ਦਿੱਲੀ ਜਾ ਕੇ ਸ਼ਹਾਦਤ ਦਿੱਤੀ ਅਤੇ ਗੁਰਗੱਦੀ ਦੇ ਵਾਰਿਸ ਆਪਣੇ ਪੁੱਤਰ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ) ਨੂੰ ਬਣਾਇਆ, ਜਦੋਂ ਉਨ੍ਹਾਂ ਦੀ ਉਮਰ ਸਿਰਫ 9 ਸਾਲ ਸੀ। ਗੁਰੂ ਪਰੰਪਰਾ ਵਿਚ ਕਸਵੱਟੀ ਉਮਰ ਨਹੀਂ, ਯੋਗਤਾ ਹੈ।
ਗੁਰੂ ਗੋਬਿੰਦ ਸਿੰਘ ਨੇ ਇਕੋ ਬਾਟੇ ਵਿਚੋਂ ਖੰਡੇ ਦੀ ਪਾਹੁਲ ਛਕਾ ਕੇ ਪੰਜ ਪਿਆਰੇ ਸਾਜ ਕੇ ਸਿੱਖ ਸੰਗਤਿ ਨੂੰ ਨਵਾਂ ਰੂਪ ਖਾਲਸਾ ਦਿੱਤਾ। ਇਹ ਗੁਰੂ ਨਾਨਕ ਦੇ ਦਿੱਤੇ ਸਿਧਾਂਤ ‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥’ ਦਾ ਹੀ ਅਮਲੀ ਪ੍ਰਕਾਸ਼ਨ ਸੀ। ਇਹ ਪੰਜ ਪਿਆਰੇ ਮੁਲਕ ਦੇ ਵੱਖ ਵੱਖ ਹਿੱਸਿਆਂ ਅਤੇ ਵੱਖ ਵੱਖ ਵਰਨਾਂ ਨਾਲ ਸਬੰਧਤ ਸਨ, ਜੋ ਅੰਮ੍ਰਿਤ ਛੱਕ ਕੇ ‘ਸਿੰਘ’ ਸਜੇ। ‘ਗੁਰ ਚੇਲਾ ਚੇਲਾ ਗੁਰੂ’ ਦੇ ਸਿਧਾਂਤ ਨੂੰ ਦ੍ਰਿੜ ਕਰਾਉਂਦਿਆਂ ਫਿਰ ਪੰਜ ਪਿਆਰਿਆਂ ਪਾਸੋਂ ਦਸਮ ਗੁਰੂ ਨੇ ਆਪ ਅੰਮ੍ਰਿਤ ਛਕਿਆ ਅਤੇ ਆਗਿਆ ਕੀਤੀ ਕਿ ਅੰਮ੍ਰਿਤ ਛਕਣ ਉਪਰੰਤ ਕੋਈ ਪਹਿਲਾ ਵਰਣ, ਧਰਮ, ਮਾਂ-ਬਾਪ ਨਹੀਂ ਹੋਣਗੇ। ਖਾਲਸਾ ਅਨੰਦਪੁਰ ਦਾ ਵਾਸੀ ਹੈ, ਜਿਸ ਦਾ ਪਿਤਾ ਗੋਬਿੰਦ ਸਿੰਘ (ਗੁਰੂ) ਅਤੇ ਮਾਤਾ ਸਾਹਿਬ ਕੌਰ ਹੈ। ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਨਾਂਦੇੜ ਵਿਖੇ 7 ਅਕਤੂਬਰ 1708 ਨੂੰ ਗੁਰੂ ਗ੍ਰੰਥ ਅਤੇ ਪੰਥ ਨੂੰ ਗੁਰਤਾ ਦਿੱਤੀ। ਪੰਥ ਨੂੰ ਆਗਿਆ ਕੀਤੀ ਕਿ ਅਗਵਾਈ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ। ਬਾਣੀ ਵਿਚ ਆਦੇਸ਼ ਕੀਤਾ ਹੈ,
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)
ਇਸ ਲਈ ਗੁਰੂ ਦੇ ਦਿੱਤੇ ਸਿਧਾਂਤ ਦੀ ਰੌਸ਼ਨੀ ਵਿਚ ਇਹ ਸਪਸ਼ਟ ਹੋ ਜਾਂਦਾ ਹੈ ਕਿ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੀ ਔਲਾਦ ਹੈ, ਕਿਸੇ ਲਵ ਕੁਸ਼ ਦੀ ਨਹੀਂ।
(ਚਲਦਾ)