ਦੂਜਾ ਕਬੀਰ

ਵਿਜੇਦਾਨ ਦੇਥਾ (ਪਹਿਲੀ ਸਤੰਬਰ 1926-10 ਨਵੰਬਰ 2013) ਰਾਜਸਥਾਨੀ ਲੋਕਧਾਰਾ ਦਾ ਬੜਾ ਅਹਿਮ ਨਾਂ ਹੈ। ਉਹਨੇ ਰਾਜਸਥਾਨੀ ਲੋਕ ਕਹਾਣੀਆਂ ਇਕੱਠੀਆਂ ਕੀਤੀਆਂ। ਇਸ ਤੋਂ ਇਲਾਵਾ ਮੌਲਿਕ ਕਹਾਣੀ ਦੀ ਰਚਨਾ ਵੀ ਕੀਤੀ। ਡਾ. ਹਰਪਾਲ ਸਿੰਘ ਪੰਨੂ ਨੇ ਉਸ ਦੀਆਂ ਇਕੱਠੀਆਂ ਕੀਤੀਆਂ ਰਾਜਸਥਾਨੀ ਲੋਕ ਕਹਾਣੀਆਂ ਨੂੰ ਪੰਜਾਬੀ ਰੂਪ ਦਿੱਤਾ ਹੈ। ਇਸ ਵਾਰ ‘ਦੂਜਾ ਕਬੀਰ’ ਨਾਂ ਦੀ ਲੋਕ ਕਹਾਣੀ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ ਜਿਸ ਵਿਚ ਕਿਰਤ ਦੀ ਮਹਿਮਾ ਹੈ।

-ਸੰਪਾਦਕ

ਸਮੇਂ ਦਾ ਹਿਸਾਬ ਕਿਤਾਬ ਲਾਓ ਤਾਂ ਇਹ ਗੱਲ ਬਹੁਤ ਪੁਰਾਣੀ ਹੈ ਕਿ ਹਰਿਆਵਲ ਵਿਚਕਾਰ ਹਵਾ ਦੇ ਪੰਘੂੜੇ ਉਤੇ ਇੱਕ ਪਿੰਡ ਵਸਦਾ ਹੁੰਦਾ ਸੀ। ਧਰਮ-ਕਰਮ ਵਿਚ ਢਲੇ ਹੋਏ ਨਿਤਨੇਮੀ ਮਨੁੱਖਾਂ ਦੀ ਬਸਤੀ ਤੋਂ ਪਰ੍ਹੇ ਹਟਵੀਂ ਇੱਕ ਝੌਂਪੜੀ। ਝੌਂਪੜੀ ਵਿਚ ਵਸਣ ਵਾਲੇ ਬੰਦੇ ਦਾ ਨਾਮ ਤਾਂ ਕੋਈ ਹੋਰ ਸੀ ਪਰ ਇਲਾਕੇ ਦੇ ਲੋਕਾਂ ਨੇ ਕਬੀਰ ਨਾਮ ਦੀ ਛੇੜ ਪਾ ਰੱਖੀ ਸੀ। ਧੂਣੀ ਦੇ ਇਰਦ-ਗਿਰਦ ਬੈਠੇ ਲੋਕ ਅਕਸਰ ਕਿਹਾ ਕਰਦੇ, ਕਿਸੇ ਔਰਤ ਦੀ ਕੁੱਖ ਵਿਚੋਂ ਨਹੀਂ, ਕਬੀਰ ਖੁੰਬ ਜਾਂ ਗਿੱਦੜ-ਪੀਹੜੀ ਵਾਂਗ ਧਰਤੀ ਵਿਚੋਂ ਆਪੇ ਪੈਦਾ ਹੋਇਆ ਹੈ। ਇਨਸਾਨ ਦੀ ਔਲਾਦ ਹੁੰਦਾ, ਇਨਸਾਨ ਵਾਂਗ ਗੱਲਾਂ ਕਰਦਾ। ਸੁੰਨੇ ਅਸਮਾਨ ਵਿਚ ਬੱਦਲੀ ਦਾ ਕੋਈ ਟੋਟਾ ਆਪਣੇ ਆਪ ਪ੍ਰਗਟ ਹੋ ਜਾਂਦਾ ਹੈ, ਉਸੇ ਤਰ੍ਹਾਂ ਬਸਤੀ ਵਿਚ ਇੱਕ ਦਿਨ ਕਬੀਰ ਪ੍ਰਗਟ ਹੋ ਗਿਆ। ਜੁਲਾਹੇ ਦਾ ਕੰਮ ਤਾਂ ਕਰਦਾ ਬਹੁਤ ਵਧੀਆ ਪਰ ਗੱਲਾਂ ਕਰਦਾ ਬਿਲਕੁਲ ਬੇਮਤਲਬ, ਊਟ-ਪਟਾਂਗ, ਸਿਰਫਿਰੀਆਂ। ਕੱਦ-ਕਾਠ ਚਿਹਰਾ-ਮੁਹਰਾ ਵਧੀਆ, ਗੱਲਾਂ ਬਕਵਾਸ। ਜੋ ਗੱਲ ਔੜਦੀ, ਬਿਨਾ ਨਾਪ-ਤੋਲ ਕਹਿ ਦਿੰਦਾ। ਹੱਥ ਦਾ ਕਾਰੀਗਰ ਪੂਰਾ ਪਰ ਖੋਪੜੀ ਉਲਟੀ। ਵਿੰਗੇ ਟੇਢੇ ਘੁੰਗਰਾਲੇ ਵਾਲ, ਵਿੰਗੀਆਂ ਟੇਢੀਆਂ ਕਾਲੀਆਂ ਬੋਲੀਆਂ ਗੱਲਾਂ।
ਕਾਲੀਨ, ਸ਼ਾਲ, ਕੰਬਲਾਂ ਉਪਰ ਬੇਲ-ਬੂਟੇ, ਝਾੜ-ਝੰਖਾੜ, ਫੁਲ-ਪੱਤੇ ਅਜਿਹੇ ਬਣਾਉਂਦਾ ਕਿ ਅਸਲੀ ਲਗਦੇ। ਕਾਲੀਨਾਂ ਦੇ ਫੁੱਲਾਂ ਉਪਰ ਭਰਮੇ ਹੋਏ ਭਉਰੇ ਮੰਡਰਾਉਂਦੇ ਰਹਿੰਦੇ। ਪੱਕੇ ਫਲ ਸਮਝ ਕੇ ਤੋਤੇ ਚੁੰਜ ਮਾਰ ਦਿੰਦੇ। ਹੱਥਾਂ ਦੀ ਕਾਰੀਗਰੀ ਵਾਂਗ ਉਸ ਵਿਚ ਅਕਲ ਵੀ ਮਾੜੀ ਮੋਟੀ ਹੁੰਦੀ, ਕਿਆ ਬਾਤ ਹੁੰਦੀ! ਨਾ ਉਸ ਦੀ ਬੇਵਕੂਫੀ ਦੀ ਕੋਈ ਹੱਦ, ਨਾ ਲੋਕਾਂ ਦੀ ਚੁਰ-ਚੁਰ ਦਾ ਕੋਈ ਕਿਨਾਰਾ।
ਕਬੀਰ ਦੇ ਹੁਨਰ ਦੀਆਂ ਗੱਲਾਂ ਹਵਾ ਵਿਚ ਘੁਲੀਆਂ ਹੋਈਆਂ। ਸ਼ਾਹੀ ਰਿਆਸਤ ਵਿਚ ਸ਼ੁਹਰਤ। ਇੱਕ ਵਾਰ ਇਤਫਾਕ ਵੱਸ ਇਉਂ ਹੋਇਆ ਕਿ ਦੇਸ ਦੇ ਮਾਲਕ ਰਾਜੇ ਨੇ ਆਪਣੀ ਰਾਜਕੁਮਾਰੀ ਧੀ ਨਾਲ ਪਿੰਡ ਦੇ ਤਲਾਬ ਕਿਨਾਰੇ ਪੜਾਓ ਕੀਤਾ। ਇੱਕ ਸੌ ਇੱਕ ਘੋੜਿਆਂ ਦਾ ਲਸ਼ਕਰ। ਪਸੀਨੇ ਨਾਲ ਨੁਚੜਦੇ ਘੋੜਿਆਂ ਨੂੰ ਬੋਹੜ ਦੇ ਰੁੱਖ ਹੇਠ ਆਰਾਮ ਮਿਲਿਆ। ਰੰਗ ਬਰੰਗਾ ਕਾਲੀਨ ਵਿਛਿਆ। ਭਿਣਕ ਪੈਣ ਸਾਰ ਸਾਰਾ ਪਿੰਡ ਰਾਜਾ ਅਤੇ ਰਾਜਕੁਮਾਰੀ ਦੇ ਦਰਸ਼ਨ ਕਰਨ ਆਇਆ। ਰਾਜੇ ਨੇ ਖੁਸ਼ੀ ਖੁਸ਼ੀ ਪਰਜਾ ਨੂੰ ਦਰਸ਼ਨ ਦਿੱਤੇ। ਰਾਜਕੁਮਾਰੀ ਦੇ ਕੰਨੀਂ ਕਬੀਰ ਦਾ ਨਾਮ ਪਿਆ ਹੋਇਆ ਸੀ, ਛਲਕਦੀ ਉਤਸੁਕਤਾ ਨਾਲ ਪੁੱਛਣ ਲੱਗੀ-“ਕਬੀਰ ਦਾ ਨਗਰ ਇਹੋ ਹੈ?”
ਲੋਕਾਂ ਨੇ ਜਵਾਬ ਦਿੱਤਾ-“ਨਗਰ ਤਾਂ ਆਪ ਦਾ, ਮਾਲਕਾਂ ਦਾ ਹੈ ਹਜ਼ੂਰ, ਪਰ ਕਬੀਰ ਰਹਿੰਦਾ ਇੱਥੇ ਹੀ ਹੈ।”
ਰਾਜਕੁਮਾਰੀ ਤੋਂ ਇੰਤਜ਼ਾਰ ਨਾ ਕਰ ਹੋਇਆ, ਬੇਹੱਦ ਦਿਲਚਸਪੀ ਨਾਲ ਬੋਲੀ- “ਸੱਚਮੁੱਚ?”
ਹਾਂ ਵਿਚ ਸਿਰ ਹਿਲਾ ਕੇ ਬਸਤੀ ਦੇ ਲੋਕਾਂ ਨੇ ਉਤਰ ਦਿੱਤਾ ਤਾਂ ਸੁਣਦਿਆਂ ਤੇਜ਼ ਕਦਮੀ ਰਾਜਕੁਮਾਰੀ ਰਾਜੇ ਕੋਲ ਗਈ। ਖੁਸ਼ੀ ਦੇ ਫੁੱਲ ਬਰਸਾਉਂਦਿਆਂ ਬੋਲੀ, “ਇਤਫਾਕ ਦੀ ਗੱਲ ਪਿਤਾ ਜੀ, ਬਿਨ ਜਾਣੇ ਆਪਾਂ ਕਬੀਰ ਦੇ ਨਗਰ ਪੜਾਅ ਕੀਤੈ। ਆਗਿਆ ਹੋਵੇ ਤਾਂ ਮੈਂ ਉਸ ਦੀ ਕਾਰੀਗਰੀ ਦੇਖਣ ਚਲੀ ਜਾਵਾਂ?” ਰਾਜਕੁਮਾਰੀ ਦੇ ਮੂੰਹੋਂ ਨਾਦਾਨੀ ਦੀ ਗੱਲ ਸੁਣ ਕੇ ਥੋੜ੍ਹੀ ਦੇਰ ਰਾਜਾ ਉਸ ਦੇ ਮੂੰਹ ਵੱਲ ਟਿਕਟਿਕੀ ਲਾ ਕੇ ਦੇਖਦਾ ਰਿਹਾ। ਆਪਣੀ ਇਕਲੌਤੀ ਧੀ ਨੂੰ ਬੜਾ ਪਿਆਰ ਕਰਦਾ ਸੀ। ਧੀ ਸੀ ਵੀ ਪਿਆਰ ਕਰਨ ਲਾਇਕ। ਬਰਸਾਤ ਦੇ ਪਾਣੀ ਵਾਂਗ ਪਵਿੱਤਰ, ਨਿਛੋਹ ਮਨ। ਜਿਹੋ ਜਿਹਾ ਸੁੰਦਰ ਰੂਪ, ਉਹੋ ਜਿਹਾ ਸੁਹਣਾ ਮਨ। ਡੂੰਘੇ ਸਾਗਰ ਜਿੰਨੀ ਅਕਲ, ਨਿਰਮਲ ਨਿਗਾਹਾਂ, ਕੱਚੇ ਦੁੱਧ ਵਰਗੀ ਮੁਸਕਾਨ! ਰਾਜੇ ਦਾ ਮੌਨ ਦੇਖ ਕੇ ਫਿਰ ਪੁੱਛਿਆ-“ਜਾਵਾਂ?”
ਮੁਸਕਰਾਉਂਦਿਆਂ ਰਾਜੇ ਨੇ ਕਿਹਾ-“ਤੈਨੂੰ ਤਕਲੀਫ ਕਰਨ ਦੀ ਕੀ ਲੋੜ? ਅਸੀਂ ਉਸ ਨੂੰ ਇੱਥੇ ਹੀ ਬੁਲਾ ਲੈਂਦੇ ਹਾਂ।”
ਹੱਥ ਜੋੜੀ ਖਲੋਤੇ ਪਿੰਡ ਦੇ ਠਾਕੁਰ ਨੂੰ ਕਿਹਾ-“ਲਗਦਾ ਹੈ ਕਬੀਰ ਨੂੰ ਸਾਡੇ ਪਧਾਰਨ ਦੀ ਖਬਰ ਨਹੀਂ ਮਿਲੀ, ਨਹੀਂ ਤਾਂ ਆਪਣੀ ਕਾਰੀਗਰੀ ਦਿਖਾਉਣ ਸਭ ਤੋਂ ਪਹਿਲਾਂ ਪੁਜਦਾ।”
ਠਾਕੁਰ ਦੇ ਦਿਲ ਵਿਚ ਪੁਰਾਣੀ ਕੁੜੱਤਣ ਸੀ। ਮੌਕਾ ਹੱਥ ਲੱਗ ਗਿਆ। ਬੇਝਿਜਕ ਬੋਲਿਆ-“ਆਪ ਨੂੰ ਕੀ ਦੱਸਾਂ ਅੰਨਦਾਤਾ, ਇਸ ਕਬੀਰ ਦਾ ਦਿਮਾਗ ਅਸਮਾਨ ਉਪਰ ਚੜ੍ਹਿਆ ਹੋਇਆ ਹੈ। ਤੁਹਾਡੇ ਬੁਲਾਉਣ ਪਿੱਛੋਂ ਵੀ ਆ ਜਾਵੇ, ਗਨੀਮਤ ਜਾਣੋ।”
ਰਾਜਾ ਤਾਂ ਰਾਜਾ ਹੁੰਦਾ ਹੈ, ਇੱਕ ਇੱਕ ਦਿਲ ਜਾਨ ਦਾ ਮਾਲਕ। ਸਿਰ ਦਾ ਮੁਕਟ! ਰਾਜੇ ਦਾ ਹੁਕਮ ਟਾਲਣ ਦੀ ਕਿਸ ਦੀ ਹਿੰਮਤ! ਮੌਤ ਆਪ ਬਖਸ਼ ਦੇਵੇ, ਮੌਤ ਦੀ ਮਰਜ਼ੀ ਪਰ ਰਾਜੇ ਦੀ ਤਾਂ ਸੁਫਨੇ ਵਿਚ ਵੀ ਇਹੋ ਜਿਹੀ ਮਰਜ਼ੀ ਨਹੀਂ ਹੁੰਦੀ। ਰਾਜੇ ਦੇ ਹੰਕਾਰ ਵਿਚ ਜਿਵੇਂ ਕਿਸੇ ਨੇ ਟਕੂਆ ਮਾਰਿਆ ਹੋਵੇ, ਪੁਤਲੀਆਂ ਦੀ ਰੰਗਤ ਬਦਲ ਗਈ। ਗੱਜ ਕੇ ਠਾਕੁਰ ਉਪਰ ਹੀ ਬਰਸਿਆ-“ਤੇਰੀ ਅਕਲ ਅਤੇ ਜ਼ਬਾਨ ਠਿਕਾਣੇ ਤਾਂ ਹੈ ਠਾਕੁਰ? ਕਿਸ ਦੇ ਸਾਹਮਣੇ ਕੀ ਬਕ ਰਿਹਾ ਹੈਂ, ਹੋਸ਼ ਤਾਂ ਹੈ? ਸਰਕਾਰ ਦੇ ਹੁਕਮ ਮੰਨਣ ਤੋਂ ਆਕੀ ਤੇਰੇ ਨਗਰ ਵਿਚ ਫਲ ਫੁਲ ਰਹੇ ਨੇ ਤੇ ਤੈਨੂੰ ਲੋਕ ਠਾਕੁਰ ਕਹਿੰਦੇ ਨੇ?”
ਠਾਕੁਰ ਦਾ ਰੋਮ-ਰੋਮ ਕੰਬਿਆ। ਮੌਤ ਘੋੜੇ ‘ਤੇ ਸਵਾਰ ਹੋ ਕੇ ਆਈ ਹੈ, ਹੁਣ ਕੋਈ ਚਾਰਾ ਨਹੀਂ। ਅਟਕਦੇ ਅਟਕਦੇ ਮੁਸ਼ਕਿਲ ਨਾਲ ਬੋਲਿਆ-“ਅੰਨਦਾਤਾ ਮੇਰੀ ਤਾਂ ਔਕਾਤ ਹੀ ਕੀ, ਪਾਗਲ ਕਬੀਰ ਤਾਂ ਰੱਬ ਦੀ ਵੀ ਨੀ ਮੰਨਦਾ!”
ਰਾਜਕੁਮਾਰੀ ਦੀ ਖੁਸ਼ੀ ਨੂੰ ਕਾਠ ਮਾਰ ਗਿਆ। ਗੱਲ ਹੱਦੋਂ ਬਾਹਰ ਨਿਕਲਦੀ ਦਿਖਾਈ ਦੇਣ ਲੱਗੀ, ਵਾਪਸ ਕਿਵੇਂ ਪਰਤੇ? ਰਾਜਕੁਮਾਰੀ ਨੂੰ ਵੀ ਪਹਿਲੀ ਵਾਰ ਆਪਣੀ ਅਕਲ ਦੇ ਬਖੀਏ ਉਧੜਦੇ ਨਜ਼ਰ ਆਏ। ਅਕਲ ਤੋਂ ਪਾਰ ਉਸ ਦਾ ਧੀਰਜ, ਵਿਸ਼ਵਾਸ ਅਜੇ ਵੀ ਅਟੱਲ ਰਿਹਾ। ਇੱਕ ਪਲ ਦੀ ਦੇਰੀ ਹੋ ਗਈ ਤਾਂ ਰਾਜੇ ਦਾ ਹੰਕਾਰੀ ਸੱਪ ਵਰਮੀ ‘ਚੋਂ ਬਾਹਰ ਨਿਕਲ ਆਏਗਾ, ਫਿਰ ਵਾਪਸ ਨਹੀਂ ਪਰਤੇਗਾ। ਬੀਨ ਦੀ ਆਵਾਜ਼ ਨਾਲ ਕੀ ਪਤਾ ਕੀਲਿਆ ਜਾਵੇ! ਰਾਜੇ ਦੇ ਨਜ਼ਦੀਕ ਆ ਕੇ ਬੋਲੀ-“ਆਪ ਤੋਂ ਵੱਡਾ ਕਲਾ ਪਾਰਖੂ ਹੋਰ ਕੌਣ ਹੈ ਪਿਤਾ ਜੀ? ਆਪ ਦੇ ਮੁੱਖ ਤੋਂ ਹੀ ਤਾਂ ਮੈਂ ਇਹ ਗੱਲ ਸਿਖੀ ਸੀ ਕਿ ਕਲਾਕਾਰਾਂ ਵਿਚ ਕੁਝ ਪਾਗਲਪਣ ਹੁੰਦੈ। ਉਨ੍ਹਾਂ ਦੀ ਕਦਰ ਤਾਂ ਜਾਣਕਾਰ ਹੀ ਜਾਣੇਗਾ ਨਾ। ਆਪ ਨੇ ਤਾਂ ਫਰਮਾਇਆ ਸੀ ਕਿ ਕਲਾਕਾਰ ਸਾਖਿਆਤ ਵਿਧਾਤਾ ਹੁੰਦੇ ਨੇ। ਲੱਖਾਂ ਕਰੋੜਾਂ ਵਿਚ ਕਿਸੇ ਇੱਕ ਦੀਆਂ ਅੱਖਾਂ ਉਸ ਨੂੰ ਮੁਸ਼ਕਿਲ ਨਾਲ ਪਛਾਣਦੀਆਂ ਹਨ। ਇਹ ਬੇਅਕਲ ਠਾਕਰ ਦਾਰੂ ਪੀਣ ਅਤੇ ਐਸ਼ ਕਰਨ ਬਿਨਾ ਹੋਰ ਕੀ ਜਾਣਨ?” ਉਬਲਦੇ ਦੁੱਧ ਉਪਰ ਜਿਵੇਂ ਪਾਣੀ ਦਾ ਛਿੱਟਾ ਪਿਆ ਹੋਵੇ। ਮੁਸਕਾਣ ਦੀ ਕੋਸ਼ਿਸ਼ ਕਰਦਾ ਰਾਜਾ ਕਹਿਣ ਲੱਗਾ-“ਮੇਰੀ ਬੱਚੀ, ਤੇਰੀ ਸਮਝ ਸਾਹਮਣੇ ਹਾਰ ਮੰਨਣੀ ਪੈਂਦੀ ਹੈ।”
ਛੇਤੀ ਦੇਣੀ ਰਾਜਕੁਮਾਰੀ ਬੋਲੀ-“ਇਹ ਸਮਝ ਤੁਸੀਂ ਹੀ ਬਖਸ਼ੀ ਹੈ ਪਿਤਾ ਜੀ, ਮੇਰੀ ਕੀ ਹੈਸੀਅਤ?”
ਰਾਜਕੁਮਾਰੀ ਨੂੰ ਪਲੋਸਦਿਆਂ ਰਾਜਾ ਕਹਿਣ ਲੱਗਾ-“ਤੇਰੀ ਹੈਸੀਅਤ ਦੇ ਵਜ਼ਨ ਨੂੰ ਮੈਂ ਜਾਣਦਾ ਹਾਂ। ਤੇਰਾ ਸੁਭਾਅ ਤੇ ਮਰਿਆਦਾ ਅਜਿਹੀ ਹੈ ਕਿ ਪੁੱਤ ਧੀ, ਦੋਵਾਂ ਦੀ ਕਮੀ ਪੂਰੀ ਕਰ ਦਿੰਦੀ ਹੈ। ਸਮੇਂ ਸਿਰ ਤੂੰ ਗੱਲ ਨਾ ਸੰਭਾਲਦੀ ਤਾਂ ਕਬੀਰ ਦੀ ਮੇਰੇ ਹੱਥੋਂ ਮੌਤ ਯਕੀਨੀ ਸੀ। ਏਨਾ ਨਾਸਮਝ ਕਿ ਰਾਜੇ ਦੀ ਇੱਜ਼ਤ ਦਾ ਕਾਇਦਾ ਵੀ ਨਹੀਂ ਜਾਣਦਾ? ਚੱਲ ਤੇਰੇ ਨਾਲ ਮੈਂ ਵੀ ਚਲਦਾ ਹਾਂ। ਸਿਫਤਾਂ ਸੁਣ-ਸੁਣ ਕੰਨ ਪੱਕ ਗਏ। ਵਿਚਾਰੇ ਕਾਰੀਗਰ ਦਾ ਸਮਾਂ ਖਰਾਬ ਕਰਨਾ ਠੀਕ ਹੈ ਵੀ ਨਹੀਂ। ਪਰਜਾ ਤਾਂ ਰਾਜੇ ਦੀ ਸੰਤਾਨ ਹੁੰਦੀ ਹੈ। ਜਦੋਂ ਜਾਣਾ ਹੀ ਹੈ, ਫਿਰ ਦੇਰ ਕਿਸ ਲਈ?”
ਇਹ ਗੱਲ ਕਹਿ ਕੇ ਜਿੱਧਰ ਨੂੰ ਮੂੰਹ ਹੋਇਆ, ਰਾਜਾ ਤੁਰ ਪਿਆ। ਹੱਥ ਜੋੜ ਕੇ, ਲਪਕ ਕੇ ਠਾਕੁਰ ਸਾਹਮਣੇ ਆਇਆ ਤੇ ਬੋਲਿਆ-“ਗਰੀਬ ਨਵਾਜ, ਇੱਧਰ ਪਧਾਰੋ। ਕਬੀਰ ਦੀ ਝੁੱਗੀ ਦਾ ਰਸਤਾ ਇੱਧਰ ਦੀ ਹੈ।” ਰਾਜੇ ਨੇ ਮੁੜ ਕੇ ਹੈਰਾਨੀ ਨਾਲ ਪੁੱਛਿਆ- “ਝੌਂਪੜੀ? ਇਹੋ ਜਿਹੇ ਮਸ਼ਹੂਰ ਕਲਾਕਾਰ ਦੀ ਝੌਂਪੜੀ? ਆਪਣੇ ਭਲੇ ਬੁਰੇ ਦਾ ਤੈਨੂੰ ਹੋਸ਼ ਵੀ ਹੈ ਕਿ ਨਹੀਂ? ਤੇਰੇ ਲੱਛਣ ਤੇਰਾ ਨੁਕਸਾਨ ਕਰਨਗੇ!”
ਤੇਈਏ ਦਾ ਤਾਪ ਚੜ੍ਹੇ ਮਰੀਜ਼ ਵਾਂਗ ਠਾਕੁਰ ਥਰ-ਥਰ ਕੰਬਣ ਲੱਗਾ। ਟੁੱਟਦੀ ਆਵਾਜ਼ ਨਾਲ ਬੋਲਿਆ-“ਅੰਨਦਾਤਾ, ਅੱਖੀਂ ਦੇਖੇ ਬਗੈਰ ਇਸ ਸਿਰੜੀ ਦੀਆਂ ਕਰਤੂਤਾਂ ਦਾ ਪਤਾ ਨਹੀਂ ਲੱਗ ਸਕਦਾ।” ਰਾਜਕੁਮਾਰੀ ਗੱਲ ਕੱਟ ਕੇ ਬੋਲੀ-“ਹੁਣ ਕਾਹਦੀ ਦੇਰ? ਜਿਸ ਦੀ ਜੋ ਕਰਤੂਤ ਹੋਏਗੀ, ਅੱਗੇ ਆ ਜਾਏਗੀ।”
ਧੀ ਦੀ ਅਕਲ ਦਾ ਮਾਣ ਕਰਦਿਆਂ ਰਾਜਾ ਕਹਿੰਦਾ-“ਹਾਂ, ਹੁਣ ਕਾਹਦੀ ਦੇਰ!”
ਪੰਜਾਹ ਕੁ ਬੰਦੇ ਰਾਜੇ ਦੇ ਪਿੱਛੇ-ਪਿੱਛੇ ਤੁਰ ਪਏ ਤੇ ਕਬੀਰ ਦੀ ਝੌਂਪੜੀ ਜਾ ਅੱਪੜੇ। ਨਵੇਂ ਗਾਰੇ ਨਾਲ ਲਿਪੀ ਪੋਚੀ ਝੌਂਪੜੀ। ਤਾਣੀ ਤਣਨ ਵਾਸਤੇ ਖੁੱਲ੍ਹਾ ਵਿਹੜਾ। ਦੇਵਤਿਆਂ ਦੀ ਅਟਾਰੀ ਵਾਂਗ ਪਾਕ ਸਾਫ। ਗੁਲਾਬੀ ਉਨ ਦਾ ਤਾਣਾ ਤਣਿਆ ਹੋਇਆ, ਕਬੀਰ ਬੁਣਤੀ ਵਿਚ ਮਗਨ, ਤਾਣੀ ਵਿਚ ਸਟਾ-ਸੱਟ ਫਿਰਕੀ ਘੁੰਮ ਰਹੀ। ਦਰਵਾਜ਼ੇ ‘ਤੇ ਲੋਕਾਂ ਦੀ ਹਲਚਲ ਹੋਈ ਤਾਂ ਪਿੱਛੇ ਮੁੜ ਕੇ ਦੇਖਿਆ। ਪਿੰਡ ਦੇ ਠਾਕੁਰ ਸਮੇਤ ਇੱਕ ਅਜਨਬੀ ਵੀ, ਰੇਸ਼ਮੀ ਅਚਕਨ ਪਹਿਨੀ, ਸਿਰ ਤੇ ਸੋਨੇ ਦਾ ਮੁਕਟ, ਬਾਂਕੀਆਂ ਮੁੱਛਾਂ, ਲੱਕ ਨਾਲ ਲਟਕਦੀ ਸੋਨੇ ਦੇ ਮਿਆਨ ਵਾਲੀ ਤਲਵਾਰ। ਨਾਲ ਖੜ੍ਹੀ ਸੁਹਣੀ ਕੁੜੀ। ਅੰਗਾਂ ਵਿਚ ਨਾ ਜਵਾਨੀ ਸਮਾ ਰਹੀ, ਨਾ ਰੰਗ ਰੂਪ। ਰੰਗ ਬਿਰੰਗੀ ਝਮ-ਝਮ ਕਰਦੀ ਪੁਸ਼ਾਕ। ਮਿਰਗ ਨੈਣੀ ਦੀਆਂ ਅੱਖਾਂ ਵਿਚੋਂ ਸਮਝਦਾਰੀ ਸਾਫ ਝਲਕਦੀ।
ਹੋਠਾਂ ‘ਤੇ ਰੂਹਾਨੀ ਮੁਸਕਾਨ ਵਾਲੇ ਕਬੀਰ ਨੇ ਉਠ ਕੇ ਸਾਹਮਣੇ ਖਲੋਤੇ ਲੋਕਾਂ ਦੇ ਚਿਹਰੇ ਧਿਆਨ ਨਾਲ ਦੇਖੇ ਕਿ ਠਾਕੁਰ ਨੇ ਘਬਰਾਹਟ ਵਿਚ ਕਿਹਾ-“ਕਮਲਿਆਂ ਵਾਂਗ ਬਿਟਰ-ਬਿਟਰ ਕਿਉਂ ਦੇਖੀ ਜਾਨੈ? ਤੇਰੇ ਚੰਗੇ ਭਾਗਾਂ ਨੂੰ ਦੇਸ ਦੇ ਮਾਲਕ, ਤਿੰਨ ਲੋਕਾਂ ਦੇ ਨਾਥ ਖੁਦ ਤੇਰੇ ਕੋਲ ਚੱਲ ਕੇ ਆਏ ਨੇ, ਤੇਰੀ ਕਾਰੀਗਰੀ ਦੇਖਣ। ਉਲੂ ਵਾਂਗ ਅੱਖਾਂ ਕਿਉਂ ਪਾੜ ਰਿਹੈਂ? ਕਾਲੀਨ ਜਾਂ ਸ਼ਾਲ ਜੋ ਵੀ ਹੋਵੇ, ਨਜ਼ਰ ਕਰ ਮਹਾਰਾਜ ਦੀ।”
ਕਾਰੀਗਰੀ ਦੇਖਣ ਤੋਂ ਪਹਿਲਾਂ ਰਾਜਕੁਮਾਰੀ ਨੇ ਜੀਅ ਭਰ ਕੇ ਕਾਰੀਗਰ ਵੱਲ ਦੇਖਿਆ। ਤਾਂਬੇ ਰੰਗਾ ਜਿਸਮ। ਸਿਰ, ਦਾੜ੍ਹੀ, ਮੁੱਛਾਂ ਦੇ ਵਲ ਖਾਂਦੇ ਕਾਲੇ ਕੇਸ। ਸਫੈਦ ਅੰਗਰਖੀ, ਸਫੈਦ ਧੋਤੀ ਗੋਡਿਆਂ ਤੱਕ। ਸਫੈਦ ਦੰਦ, ਸ਼ਾਂਤ ਮੁਸਕਾਨ। ਅੰਗਾਂ ਤੋਂ ਪਾਰ ਕੋਈ ਹੋਰ ਰੂਪ ਵੀ। ਇਨਸਾਨ ਦੇ ਰੂਪ ਵਿਚ ਪਹਿਲੀ ਵਾਰ ਰਾਜਕੁਮਾਰੀ ਨੇ ਇਨਸਾਨ ਦੇਖਿਆ।
ਮਾਸੂਮ ਬਾਲ ਵਾਂਗ ਕਬੀਰ ਕਹਿਣ ਲੱਗਾ-“ਆਪਨੇ ਇੱਥੇ ਆਉਣ ਦੀ ਖੇਚਲ ਐਵੇਂ ਕੀਤੀ, ਮੈਂ ਤਾਂ ਕੇਵਲ ਜੁਲਾਹੇ ਦਾ ਕੰਮ ਕਰਨਾ ਜਾਣਦਾ ਹਾਂ। ਆਪ ਇਸ ਨੂੰ ਕਾਰੀਗਰੀ ਮੰਨ ਲਉ, ਆਪ ਦੀ ਮਰਜ਼ੀ। ਇਸ ਕੰਮ ਤੋਂ ਇਲਾਵਾ ਮੈਂ ਹੋਰ ਕਿਸੇ ਕੰਮ ਦੇ ਲਾਇਕ ਵੀ ਨਹੀਂ।”
ਰਾਜਕੁਮਾਰੀ ਨੂੰ ਭੰਵਰਿਆਂ ਦੀ ਗੁਣਗੁਣਾਹਟ ਸੁਣਾਈ ਦਿੱਤੀ। ਗੁਲਾਬ ਦੇ ਫੁੱਲਾਂ ਉਪਰ ਭੰਵਰੇ ਮੰਡਰਾ ਰਹੇ ਪਰ ਬੂਟਾ ਤਾਂ ਧਰਤੀ ਤੋਂ ਉਪਰ ਹੈ, ਫਿਰ ਵੀ ਹਰਿਆ-ਭਰਿਆ ਕਿਵੇਂ? ਅਜਬ ਮਾਜਰਾ ਦੇਖਣ ਬੂਟੇ ਦੇ ਨੇੜੇ ਪੁੱਜੀ। ਹੱਥ ਫੇਰਿਆ ਤਾਂ ਪਤਾ ਲੱਗਾ ਇਹ ਤਾਂ ਬੁਣਾਈ ਕੀਤਾ ਹੋਇਆ ਬੂਟਾ ਹੈ! ਅੱਗੇ ਟੰਗਣੇ ਉਪਰ ਚਾਰ ਪੰਜ ਕੰਬਲ, ਸ਼ਾਲ ਲਟਕ ਰਹੇ। ਰਾਜੇ ਅਤੇ ਰਾਜਕੁਮਾਰੀ ਨੇ ਇੱਕ-ਇੱਕ ਹੁਨਰ ਦੇਖਿਆ, ਸੁੱਧ-ਬੁੱਧ ਨਾ ਰਹੀ। ਇਕ-ਇਕ ਚਿੱਤਰ ਵਿਚ ਨਜ਼ਰ ਉਲਝ-ਉਲਝ ਗਈ। ਕਾਲੀ ਘਟਾ ਵਿਚ ਬਿਜਲੀਆਂ! ਕਿਤੇ ਹਨੇਰੀ ਦਾ ਦ੍ਰਿਸ਼, ਕਿਤੇ ਵਰੋਲੇ ਦਾ। ਕਿਤੇ ਇੰਦਰ ਧਨੁਖ, ਕਿਤੇ ਰੇਗਿਸਤਾਨੀ ਰੇਤੇ ਦੀਆਂ ਲਹਿਰਾਂ, ਕਿਤੇ ਹਰੇ ਕਰੀਰ ਉਪਰ ਲਟਕਦੇ ਲਾਲ ਸੂਹੇ ਪੀਂਝੂ। ਸ਼ਿਕਾਰੀ ਰਾਜੇ ਨੂੰ ਖੁੱਡਾਂ ਦੀ ਪਛਾਣ ਸੀ। ਇੱਕ ਕਾਲੀਨ ਦੀ ਤਹਿ ਖੁੱਲ੍ਹਦਿਆਂ ਹੀ ਪੁੱਛਿਆ-“ਓ, ਇਹ ਲੂੰਬੜ ਦੀ ਖੱਡ ਵਰਗੀ ਕੀ ਹੈ? ਇਸ ਅੰਦਰ ਕਿਤੇ ਲੂੰਬੜੀ ਤਾਂ ਨਹੀਂ ਲੁਕੀ ਬੈਠੀ?”
ਕਬੀਰ ਹੱਸ ਪਿਆ-“ਖੂਬ ਪਛਾਣੀ। ਕਢਾਈ ਕੀਤੀ ਇਹ ਲੂੰਬੜੀ ਦੀ ਖੁੱਡ ਹੈ।”
ਸ਼ਹਿਦ ਘੁਲੇ ਮਿੱਠੇ ਬੋਲ ਬੋਲਦੀ ਰਾਜਕੁਮਾਰੀ ਨੇ ਪੁੱਛਿਆ-“ਪਰ ਲੂੰਬੜੀ ਦੀ ਖੱਡ ਵਿਚ ਤੁਹਾਨੂੰ ਕੀ ਗੁਣ ਦਿਸਿਆ?”
ਕਬੀਰ ਦਾ ਮਨ ਭਾਉਂਦਾ ਸਵਾਲ। ਕਿਹਾ-“ਕੁਦਰਤ ਦੀ ਹਰ ਚੀਜ਼ ਇੱਕ ਨਾਲੋਂ ਵੱਧ ਸੋਹਣੀ ਹੈ, ਨਾ ਕੋਈ ਉਨੀ ਨਾ ਇੱਕੀ।”
ਰਾਜਕੁਮਾਰੀ ਦੀ ਸੁੰਦਰਤਾ ਨੂੰ ਇਹ ਉਤਰ ਕਾਫੀ ਬੁਰਾ ਲੱਗਾ। ਸੁਹਣਾ-ਸੁਹਣਾ ਹੈ, ਕਸੋਹਣਾ-ਕਸੋਹਣਾ। ਦੋਵੇਂ ਚੀਜ਼ਾਂ ਇੱਕੋ ਜਿਹੀਆਂ ਕਿਵੇਂ ਹੋ ਸਕਦੀਆਂ ਨੇ? ਇਉਂ ਫਿਰ ਖੂਬਸੂਰਤੀ ਨੂੰ ਕੌਣ ਪੁੱਛੇਗਾ?
ਕਬੀਰ ਨੇ ਧੀਰਜ ਨਾਲ ਕਿਹਾ-“ਖੂਬਸੂਰਤੀ ਬਦਸੂਰਤੀ ਆਦਮੀ ਦੀਆਂ ਨਜ਼ਰਾਂ ਦਾ ਨਤੀਜਾ ਹੈ। ਤੁਹਾਨੂੰ ਇਤਬਾਰ ਨਹੀਂ ਆਉਣਾ, ਤੁਰੇ ਜਾਂਦੇ ਨੇ ਮੈਂ ਲੂੰਬੜੀ ਦੀ ਖੱਡ ਜੰਗਲ ਵਿਚ ਦੇਖੀ। ਉਸ ਵੇਲੇ ਮੈਨੂੰ ਉਹ ਚੰਦ ਨਾਲੋਂ ਵੱਧ ਸੁਹਣੀ ਲੱਗੀ। ਅਗਲੇ ਦਿਨ ਖੱਡੀ ਬੁਣਨ ਲੱਗਾ, ਆਪੇ ਲੂੰਬੜੀ ਦੀ ਖੱਡ ਬਣ ਗਈ, ਬਿਲਕੁਲ ਉਸੇ ਵਾਂਗ!”
ਬੁੱਲ੍ਹ ਚਿਥਦਾ ਰਾਜਾ ਬੋਲਿਆ-“ਜੰਗਲ ਵਿਚਲੀ ਖੱਡ ਮੈਨੂੰ ਸੁਹਣੀ ਲਗਦੀ ਜਾਂ ਨਾ, ਰਾਮ ਜਾਣੇ ਪਰ ਤੇਰੀ ਇਹ ਕਾਰੀਗਰੀ ਤਾਂ ਮੂੰਹੋਂ ਬੋਲ ਰਹੀ ਹੈ। ਕਿਤੇ ਵਿਧਾਤਾ ਦਾ ਕੋਈ ਹਿੱਸਾ ਤੇਰੇ ਹੱਥ ਤਾਂ ਨਹੀਂ ਲੱਗ ਗਿਆ? ਅੱਖੀਂ ਦੇਖੀ ਚੀਜ਼ ਹੱਥਾਂ ਦੀ ਪਕੜ ਵਿਚ ਅਕਸਰ ਆਉਂਦੀ ਨਹੀਂ ਹੁੰਦੀ। ਦੇਖਣ ਵਿਚ ਤਾਂ ਗਲਤੀ ਨਹੀਂ ਲਗਦੀ, ਹੱਥੀਂ ਬਣਾਉਣ ਵਿਚ ਸਭ ਤੋਂ ਗਲਤੀ ਹੋ ਹੀ ਜਾਂਦੀ ਹੈ।”
ਸੱਜੇ ਖੱਬੇ ਸਿਰ ਹਿਲਾਉਂਦੇ ਕਬੀਰ ਨੇ ਕਿਹਾ-“ਉ ਹੂੰ, ਦੇਖਣ ਵਿਚ ਗਲਤੀ ਖਾਧੀ ਹੋਵੇ, ਫਿਰ ਹੱਥ ਗਲਤੀ ਕਰਦੇ ਹਨ। ਕਿਸੇ ਚੀਜ਼ ਨੂੰ ਦੇਖਣ ਵੇਲੇ ਮੇਰੀਆਂ ਅੱਖਾਂ ਹੱਥ ਬਣ ਜਾਂਦੀਆਂ ਹਨ ਤੇ ਖੱਡੀ ਵਿਚ ਬੈਠਣ ਵੇਲੇ ਮੇਰੇ ਹੱਥ, ਅੱਖਾਂ ਬਣ ਜਾਂਦੇ ਹਨ।”
ਪਹਿਲੀ ਵਾਰ ਰਾਜਕੁਮਾਰੀ ਨੇ ਆਦਮੀ ਦੇ ਮੂੰਹੋਂ ਆਦਮੀ ਦੇ ਬੋਲ ਸੁਣੇ। ਇਹ ਤਾਂ ਬਰਾਬਰ ਦਿਆਂ ਵਾਂਗ ਬੇਝਿਜਕ ਗੱਲਾਂ ਕਰ ਰਿਹੈ। ਇਸ ਦੀ ਨਿਗ੍ਹਾ ਵਿਚ ਵੱਡਾ ਛੋਟਾ ਕੋਈ ਹੈ ਈ ਨਹੀਂ। ਰਾਜ ਦਰਬਾਰ ਦਾ ਤਾਂ ਮਾਹੌਲ ਹੀ ਹੋਰ। ਆਦਮੀਆਂ ਦੇ ਮੁਖੌਟੇ ਪਹਿਨ ਕੇ ਉਥੇ ਗਿੱਦੜ, ਕਾਂ, ਕਤੂਰੇ, ਗਧੇ, ਮੇਮਣੇ ਇੱਧਰ ਉਧਰ ਚੱਕਰ ਕੱਟੀ ਜਾਂਦੇ ਨੇ। ਇਨਸਾਨ ਦੀ ਜੂਨੇ ਪੈ ਕੇ ਵੀ ਕੋਈ ਇਨਸਾਨ ਦੀ ਮਰਿਆਦਾ ਨਹੀਂ ਜਾਣਦਾ।
ਹੋਸ਼ ਸੰਭਾਲਣ ਪਿੱਛੋਂ ਰਾਜਕੁਮਾਰੀ ਜਿਸ ਮਰਿਆਦਾ ਨੂੰ ਦੇਖਣ ਲਈ ਤਰਸਦੀ ਰਹੀ, ਪਹਿਲੀ ਵਾਰ ਕਬੀਰ ਦੇ ਚਿਹਰੇ ਉਪਰ ਦਿਸੀ। ਖੁਸ਼ੀ ਨਾਲ ਦਿਲ ਝੂਮਣ ਲੱਗਾ।
ਪਰਜਾ ਵਿਚ ਕਬੀਰ ਜੈਸਾ ਕਲਾਕਾਰ ਹੋਵੇ, ਕਿਸ ਰਾਜੇ ਨੂੰ ਮਾਣ ਨਾ ਹੋਵੇ! ਪਿੱਠ ‘ਤੇ ਥਾਪੀ ਦਿੰਦਾ ਰਾਜਾ ਬੋਲਿਆ-ਧੰਨ ਨੇ ਤੇਰੀਆਂ ਅੱਖਾਂ, ਧੰਨ ਤੇਰੀਆਂ ਉਂਗਲੀਆਂ। ਈਰਖਾ ਦੀ ਅੱਗ ਸਦਕਾ ਲੋਕ ਚੁਗਲੀ ਕਰਦੇ ਨੇ ਪਰ ਮੈਂ ਚੁਗਲੀਆਂ ਵੱਲ ਕੰਨ ਕਿਉਂ ਕਰਾਂ? ਤੇਰੇ ਵਾਸਤੇ ਅੱਜ ਤੋਂ ਸਾਡਾ ਖਜ਼ਾਨਾ ਖੁੱਲ੍ਹਾ ਹੈ ਅੱਠੇ ਪਹਿਰ। ਤੇਰੀ ਕਾਰੀਗਰੀ ਦੀ ਮੂੰਹ ਮੰਗੀ ਕੀਮਤ ਤਾਰਾਂਗੇ। ਦਿਲ ਵਿਚ ਕੋਈ ਸੰਕੋਚ ਨਾ ਰੱਖਣਾ!”
ਮੁਸਕਰਾਂਦਿਆਂ ਕਬੀਰ ਨੇ ਕਿਹਾ “ਇਸ ਵਿਚ ਸੰਕੋਚ ਕਿਸ ਗੱਲ ਦਾ? ਆਪ ਨੂੰ ਪਤਾ ਨਹੀਂ, ਵੇਚਣ ਵਾਸਤੇ ਮੈਂ ਬੁਣਾਈ ਨਹੀਂ ਕਰਦਾ। ਇਲਾਕੇ ਦੇ ਸੇਠ ਮਹਾਜਨ ਲਾਲਚ ਦੇ-ਦੇ ਥੱਕ ਗਏ, ਪੈਸਿਆਂ ਵੱਟੇ ਆਪਣੀ ਕਾਰੀਗਰੀ ਨਹੀਂ ਵੇਚੀ। ਜਿਹੜੀ ਗੱਲ ਸੁਫਨੇ ਵਿਚ ਵੀ ਨਾ ਜਚੇ, ਉਸ ਨੂੰ ਮੰਨਣ ਦਾ ਕੀ ਫਾਇਦਾ? ਤੁਸੀਂ ਹੀ ਦੱਸੋ?”
ਸੁਣਨ ਸਾਰ ਰਾਜਕੁਮਾਰੀ ਤਾਂ ਇਸ ਗੱਲ ਦਾ ਭੇਤ ਜਾਣ ਗਈ ਪਰ ਇੱਕ-ਇੱਕ ਅੱਖਰ ਧਿਆਨ ਨਾਲ ਸੁਣਨ ਬਾਅਦ ਵੀ ਰਾਜਾ ਗੱਲ ਦਾ ਭਾਵ ਨਾ ਸਮਝਿਆ, ਨਾ ਇਸ ਵਿਚਲਾ ਜ਼ਾਇਕਾ। ਮੁਕਟ ਅਤੇ ਸਿੰਘਾਸਨ ਦਾ ਗੁਮਾਨ ਇਹੋ ਜਿਹੀ ਸਮਝ ਨੂੰ ਕਿਧਰੇ ਨੇੜੇ-ਤੇੜੇ ਨਹੀਂ ਫਟਕਣ ਦਿੰਦਾ। ਬੇਸਮਝੀ ਨਾਲ ਗਰਦਨ ਹਿਲਾਉਂਦਿਆਂ ਕਿਹਾ-“ਹਾਂ… ਹਾਂ… ਇਸ ਵਿਚ ਬੁਰਾਈ ਕੀ? ਮੇਰੀ ਮਿਹਰ ਅਤੇ ਰਾਜ ਦੇ ਖਜ਼ਾਨੇ ਖੁੱਲ੍ਹੇ ਹੋਣ, ਫਿਰ ਹੋਰਾਂ ਨੂੰ ਸਾਮਾਨ ਕਿਉਂ ਵੇਚੇਂ? ਕੋਈ ਤੀਸਮਾਰ ਖਾਂ ਤੇਰਾ ਮਾਲ ਖਰੀਦਣ ਦੀ ਹੈਂਕੜ ਦਿਖਾਏ, ਮੈਨੂੰ ਖਬਰ ਕਰੀਂ, ਉਸ ਨੂੰ ਜਿਊਂਦੇ ਜੀਅ ਜ਼ਮੀਨ ਵਿਚ ਗਡਵਾ ਦਿਆਂਗਾ। ਸਮਝ ਗਿਆ ਨਾ?” ਹਾਂ ‘ਚ ਹਾਂ ਮਿਲਾਉਂਦਿਆਂ ਠਾਕੁਰ ਨੇ ਕਿਹਾ-“ਇਹ ਤਾਂ ਹਜ਼ੂਰ ਜਨਮ ਤੋਂ ਹੀ ਸਾਰਾ ਕੁਝ ਸਮਝ ਕੇ ਆਇਆ ਹੈ, ਫਿਰ ਕਿਸੇ ਦੀ ਗੱਲ ਕਿਉਂ ਮੰਨੇ?”
ਹਾਮੀ ਭਰਦਿਆਂ ਰਾਜੇ ਨੇ ਕਿਹਾ-“ਏਡੇ ਮਹਾਨ ਕਾਰੀਗਰ ਨੂੰ ਕਿਸੇ ਦੀ ਗੱਲ ਮੰਨਣੀ ਚਾਹੀਦੀ ਵੀ ਨਹੀਂ। ਜ਼ਬਰਦਸਤੀ ਤੂੰ ਵੀ ਕੁਝ ਖਰੀਦਣ ਦਾ ਯਤਨ ਕਰੇਂਗਾ ਤਾਂ ਮੈਥੋਂ ਬੁਰਾ ਵੀ ਫਿਰ ਹੋਰ ਕੋਈ ਨਹੀਂ।”
ਫਿਰ ਕਬੀਰ ਵੱਲ ਮੁੜਦਿਆਂ ਰਾਜੇ ਨੇ ਪੁੱਛਿਆ-“ਬੋਲ ਇਸ ਠਾਕੁਰ ਨੇ ਤੈਨੂੰ ਕਦੇ ਪਰੇਸ਼ਾਨ ਤਾਂ ਨਹੀਂ ਕੀਤਾ?” ਸਵਾਲ ਸੁਣਨ ਸਾਰ ਠਾਕੁਰ ਦਾ ਤਾਂ ਜਿਵੇਂ ਖੂਨ ਨੁੱਚੜ ਗਿਆ ਹੋਵੇ। ਅਚਨਚੇਤ ਬਲਾ ਆ ਗਈ ਸਮਝੋ। ਕਬੀਰ ਸਰਲ ਭਾਵ ਬੋਲਿਆ-“ਕਿਸੇ ਦੇ ਕਰਨ ਨਾਲ ਮੈਂ ਪਰੇਸ਼ਾਨ ਨਹੀਂ ਹੁੰਦਾ। ਆਪਣੇ ਦਿਲ ਦੇ ਸਿਵਾਏ ਕਿਸੇ ਦੀ ਗੱਲ ਮੰਨਾ ਤਾਂ ਹੋਵਾਂ। ਆਪ ਬੇਫਿਕਰ ਰਹੋ, ਮੈਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰ ਸਕਦਾ।” ਕਬੀਰ ਦੀ ਗੱਲ ਸੁਣ ਕੇ ਰਾਜਾ ਅਤੇ ਠਾਕੁਰ ਦੋਵੇਂ ਨਿਸ਼ਚਿੰਤ ਹੋ ਗਏ। ਠਾਕੁਰ ਦੇ ਦਿਲ ਅੰਦਰਲੀ ਧੁਖਧੁਖੀ ਮੁੱਕੀ ਪਰ ਰਾਜਕੁਮਾਰੀ ਨੂੰ ਅਗਲਾ ਦ੍ਰਿਸ਼ ਦਿਸ ਰਿਹਾ ਸੀ। ਬੁਰਾ ਹੋਇਆ ਇੱਥੇ ਆਏ। ਹੁਣ ਪਛਤਾਉਣ ਦਾ ਕੀ ਲਾਭ? ਨਾਦਾਨ ਦੋਸਤ ਦਾ ਫਾਇਦਾ ਦੁਸ਼ਮਣ ਹੀ ਉਠਾਉਂਦਾ ਹੈ। ਮੇਰੇ ਕਰ ਕੇ ਕਬੀਰ ਦੁੱਖ ਉਠਾਏਗਾ। ਇਹ ਹੋਣੀ ਹੋ ਕੇ ਰਹੇਗੀ। ਰਾਜਕੁਮਾਰੀ ਦਾ ਦਿਲ ਬੈਠਣ ਲੱਗਾ। ਆਖਰ ਇਹ ਬਾਤ-ਚੀਤ ਕਿਸ ਕਿਨਾਰੇ’ ਤੇ ਰੁਕੇਗੀ, ਉਸ ਨੂੰ ਪਹਿਲਾਂ ਹੀ ਮਹਿਸੂਸ ਹੋ ਗਿਆ ਪਰ ਇਸ ਦਾ ਕੋਈ ਉਪਾਓ ਕਿਧਰੇ ਦਿਸਦਾ ਨਹੀਂ ਸੀ ਦੂਰ-ਦੂਰ ਤੱਕ।
ਅੱਜ ਜਿੰਨੀਆਂ ਗੱਲਾਂ ਰਾਜੇ ਨੇ ਕਿਸੇ ਨਾਲ ਕੀਤੀਆਂ ਨਹੀਂ ਸਨ ਕਦੀ। ਇਹ ਸੋਚਣ ਸਾਰ ਰਾਜੇ ਨੇ ਆਪਣੇ ਸਵਾਰਾਂ ਨੂੰ ਫੌਰਨ ਹੁਕਮ ਦਿੱਤਾ ਕਿ ਸਾਰੀ ਤਿਆਰ ਕਾਰੀਗਰੀ ਆਪਣੇ ਕਬਜ਼ੇ ਵਿਚ ਲਓ ਤੇ ਅਗਲੇ ਸਾਲ ਵਾਸਤੇ ਪੇਸ਼ਗੀ ਹੁਕਮ ਦਿਓ। ਜਿੰਨੀ ਮੂੰਹ ਮੰਗੀ ਕੀਮਤ ਕਬੀਰ ਮੰਗਦਾ ਹੈ, ਇਸ ਪਾਸ ਫੌਰਨ ਪੁਚਾਓ। ਲੈਣ-ਦੇਣ ਸੌਦੇਬਾਜ਼ੀ ਵਿਚ ਕਬੀਰ ਦਾ ਵਕਤ ਜ਼ਾਇਆ ਨਹੀਂ ਕਰਨਾ, ਕਿਸੇ ਨੇ ਹੁਕਮ ਦੀ ਉਲੰਘਣਾ ਕੀਤੀ, ਫਿਰ ਉਹ ਜਾਣੇ ਜਾਂ ਰਾਮ ਜਾਣੇ। ਇਹ ਹੁਕਮ ਸੁਣਨ ਸਾਰ, ਰਾਜਕੁਮਾਰੀ ਦੇ ਦਿਲ ਵਿਚੋਂ ਦੀ ਜਿਵੇਂ ਸੁਰੰਗ ਨਿਕਲ ਗਈ ਹੋਵੇ। ਸਾਹ ਜਿੱਥੇ ਸੀ, ਉਥੇ ਰੁਕ ਗਿਆ ਪਰ ਕਬੀਰ ਦੇ ਚਿਹਰੇ ਦੀ ਰੰਗਤ ਰੱਤੀ ਭਰ ਵੀ ਨਹੀਂ ਬਦਲੀ। ਟੰਗਣਿਆਂ ‘ਤੇ ਲਟਕਦੇ ਕਾਲੀਨਾਂ ਕੰਬਲਾਂ ਨੂੰ ਸਵਾਰਾਂ ਨੇ ਹੱਥ ਪਾਇਆ ਹੀ ਸੀ ਕਿ ਬਿਨਾ ਹੱਥ ਜੋੜੇ ਮੁਸਕਾਉਂਦਿਆਂ ਕਬੀਰ ਨੇ ਅੰਨਦਾਤਾ ਲਫਜ਼ ਵੀ ਨਹੀਂ ਉਚਾਰਿਆ, ਸਾਫ-ਸਾਫ ਕਹਿ ਦਿੱਤਾ-“ਮੈਂ ਦੱਸ ਦਿੱਤਾ ਸੀ ਕਿ ਮੁਨਾਫੇ ਵਾਸਤੇ ਮੈਂ ਜੁਲਾਹੇ ਦਾ ਕੰਮ ਨਹੀਂ ਕਰਦਾ। ਤੁਹਾਡਾ ਆਉਣਾ ਵਿਅਰਥ ਗਿਆ, ਇਸ ਵਾਸਤੇ ਖਿਮਾ ਮੰਗਦਾ ਹਾਂ।”
ਹੁਣ ਰਾਜੇ ਨੂੰ ਕਬੀਰ ਦੀ ਗੱਲ ਦਾ ਭੇਤ ਸਮਝ ਆਇਆ, ਦਿਮਾਗ ਵਿਚ ਵਰੋਲਾ ਉਠਿਆ, ਨਾੜਾਂ ਵਿਚ ਖੂਨ ਨੇ ਉਬਾਲਾ ਖਾਧਾ। ਇਸ ਚੰਡਾਲ ਦੀ ਇਹ ਹਿੰਮਤ? ਗੱਜਦਿਆਂ ਕਿਹਾ-“ਦੂਜਿਆਂ ਨੂੰ ਜਿਵੇਂ ਇਨਕਾਰ ਕੀਤਾ, ਮੈਨੂੰ ਵੀ ਉਵੇਂ ਕਰੇਂਗਾ?”
ਰਾਜਕੁਮਾਰੀ ਸੋਚ ਰਹੀ ਸੀ-‘ਇਹ ਦਿਨ ਦੇਖਣਾ ਪਏਗਾ, ਸੋਚਿਆ ਨਹੀਂ ਸੀ। ਕਿਹੀ ਬੁਰੀ ਗੱਠ ਉਲਝੀ!’ ਪੱਥਰ ਦੀ ਮੂਰਤੀ ਵਾਂਗ ਕਬੀਰ ਦੇ ਹੋਠਾਂ ਵੱਲ ਦੇਖਣ ਲੱਗੀ ਕਿ ਹੁਣ ਕਿਹੜਾ ਬੋਲ ਨਿਕਲੇਗਾ! ਮੁਸਕਾਨ ਸੰਭਾਲਦਿਆਂ ਕਬੀਰ ਨੇ ਕਿਹਾ, “ਮੈਂ ਦਿਲ ਦੀ ਗੱਲ ਕਰਨੀ ਸੀ ਕਰ ਦਿੱਤੀ, ਹੁਣ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ, ਜੋ ਮਰਜ਼ੀ ਮਤਲਬ ਕੱਢੋ।” ਰਾਜੇ ਨੂੰ ਜਿਵੇਂ ਅੱਗ ਲੱਗ ਗਈ ਹੋਵੇ, ਪੈਰ ਪਟਕਦਿਆਂ ਬੋਲਿਆ-“ਮੇਰੇ ਕੋਲ ਮਤਲਬ ਕੱਢਣ ਦਾ ਵਕਤ ਨਹੀਂ ਹੈ। ਨਾਲਾਇਕ ਤੇਰੀ ਕਿਤੇ ਮੌਤ ਤਾਂ ਨਹੀਂ ਆ ਗਈ?”
“ਮੌਤ ਤਾਂ ਆਏਗੀ ਯਕੀਨਨ ਇੱਕ ਦਿਨ! ਉਹ ਕਿਹੜਾ ਕਿਸੇ ਦਾ ਲਿਹਾਜ਼ ਕਰਦੀ ਹੈ? ਨਾ ਰੰਕ ਨਾ ਰਾਜਾ। ਮਰਨਾ ਯਾਦ ਹੈ, ਇਸੇ ਲਈ ਤਾਂ ਆਪਣੀ ਮਿਹਨਤ ਦਾ ਮੁੱਲ ਨਹੀਂ ਵਟਦਾ।”
ਠਾਕੁਰ ਨੇ ਵਧੀਆ ਵਿਉਂਤ ਸੁਝਾਈ-“ਕੀਮਤ ਨਹੀਂ ਪਾਉਣੀ ਚਾਹੇਂ ਨਾ ਸਹੀ, ਇਹ ਸਾਰੀਆਂ ਚੀਜ਼ਾਂ ਖੁਸ਼ੀ-ਖੁਸ਼ੀ ਰਾਜਾ ਦੇ ਚਰਨਾਂ ਵਿਚ ਰੱਖ ਕੇ ਭੇਟ ਕਰ ਦੇ।” ਠਾਕੁਰ ਦਾ ਇਹ ਸੁਝਾਅ ਸੁਣ ਕੇ ਕਬੀਰ ਦੇ ਹੋਠਾਂ ‘ਤੇ ਮੁਸਕਾਣ ਤੈਰ ਆਈ, ਕਿਹਾ-“ਭੇਟ ਦੇਣੀ ਨਾ ਦੇਣੀ ਮੇਰੀ ਮਰਜ਼ੀ ਹੈ, ਰਾਜਾ ਨੂੰ ਕਿਸ ਚੀਜ਼ ਦੀ ਘਾਟ ਜੋ ਭੇਟ ਕਰਾਂ!”
ਰਾਜਕੁਮਾਰੀ ਨੇ ਕਬੀਰ ਬਾਰੇ ਕਈ ਅਫਵਾਹਾਂ ਸੁਣੀਆਂ ਹੋਈਆਂ ਸਨ ਤੇ ਉਸ ਨੂੰ ਲੱਗਦਾ ਹੁੰਦਾ ਸੀ ਸੱਚੀਆਂ ਹੋਣਗੀਆਂ। ਆਹਮੋ-ਸਾਹਮਣੇ ਅਜ਼ਮਾਉਣ ਵਾਸਤੇ ਹੀ ਤਾਂ ਉਸ ਨੇ ਕਬੀਰ ਦੇ ਦਰਸ਼ਨ ਬਾਰੇ ਸੋਚਿਆ ਸੀ। ਹੁਣ ਸਾਹਮਣੇ ਕਬੀਰ ਨੂੰ ਦੇਖਿਆਂ ਕੰਨਾਂ ਨੂੰ ਯਕੀਨ ਨਹੀਂ ਆਉਂਦਾ ਸੀ, ਇਨਸਾਨ ਦੀ ਔਲਾਦ ਰਾਜਾ ਸਾਹਮਣੇ ਬੇਖੌਫ ਦਿਲ ਦੀਆਂ ਗੱਲਾਂ ਇਉਂ ਕਰੀ ਜਾਏਗੀ! ਮਾਸੂਮ ਬਾਲਕ ਵਰਗਾ ਅਜਿਹਾ ਦਿਲ ਹੋਰ ਕਿਸ ਦਾ ਹੋ ਸਕਦਾ ਹੈ? ਵਧਦੀ ਉਮਰ ਅਤੇ ਸਮਝ ਨਾਲ, ਸੌ ਵਿਚੋਂ ਇੱਕ ਸੌ ਪੰਜ ਬੰਦਿਆਂ ਨੂੰ ਚਿੱਕੜ ਵਿਚੋਂ ਲੰਘਣਾਂ ਪੈਂਦਾ ਹੈ। ਇਹੋ ਜਿਹੀ ਇੱਕ ਵੰਨਗੀ ਕਿਵੇਂ ਬਚੀ ਰਹਿ ਗਈ? ਰਾਜਕੁਮਾਰੀ ਦੇ ਰੋਮ-ਰੋਮ ਵਿਚ ਧਸਿਆ ਡਰ ਕਿਸੇ ਜਾਦੂ ਦੇ ਜ਼ੋਰ ਵਾਂਗ ਅਨੰਤ ਮਾਣ ਅਤੇ ਖੁਸ਼ੀ ਵਿਚ ਬਦਲ ਗਿਆ! ਇਸ ਪੁਤਲੇ ਨੂੰ ਮਿਲ ਕੇ ਤਾਂ ਮੌਤ ਵੀ ਧੰਨ ਹੋ ਜਾਏਗੀ। ਆਪਣੇ ਭਾਗ ਸਲਾਹੇਗੀ। ਇਹੋ ਜਿਹੀ ਮੌਤ ਉਪਰੋਂ ਲੱਖਾਂ ਜੀਵਨ ਨਿਛਾਵਰ! ਮਾਰਨ ਤੋਂ ਵਧੀਕ ਜ਼ੋਰ ਤਾਂ ਰਾਜਾ ਵਿਚ ਵੀ ਨਹੀਂ ਹੈ। ਮਨ ਵਿਚ ਡਰ ਨਹੀਂ ਤਾਂ ਖਤਰਾ ਕਿਸ ਤੋਂ? ਕਿਹੜੀ ਦੁਚਿੱਤੀ? ਮਰਨਾ ਨਿਸ਼ਚਿਤ ਹੈ ਫੇਰ ਵੀ ਬੜੇ ਲੋਕ ਮੌਤ ਤੋਂ ਡਰਦੇ ਹਨ! ਇੱਕ ਇਹ ਸਾਧੂ ਵਰਗਾ ਮਨੁੱਖ ਜਿਸ ਨੇ ਆਪਣੀ ਸੱਚਾਈ ਦੇ ਇਲਾਵਾ ਕੁਝ ਜਾਣਿਆਂ ਹੀ ਨਹੀਂ। ਛਾਲਾਂ ਮਾਰਦੀ ਬਿਜਲੀ ਵਾਂਗ ਕੋਈ ਮਰਮ ਰਾਜਕੁਮਾਰੀ ਦੀਆਂ ਅੱਖਾਂ ਅੱਗਿਓਂ ਲੰਘਿਆ।
ਬਾਕੀ ਸੁਣਨ ਵਾਲਿਆਂ ਉਪਰ ਜਿਵੇਂ ਪੱਥਰ ਡਿੱਗੇ ਹੋਣ। ਰਾਜਭਾਗ ਦਾ ਅਨੰਤ ਹੰਕਾਰ ਕਬੀਰ ਦੇ ਸਿੱਧੇ ਸਵਾਲ ਨੂੰ ਝੱਲ ਨਾ ਸਕਿਆ। ਕਬੀਰ ਦੇ ਵਾਕ ਨਾਲੋਂ ਤਾਂ ਤਲਵਾਰ ਦਾ ਵਾਰ ਸਹਿਣਾ ਸੌਖਾ! ਇੱਕ ਵਾਰ ਤਾਂ ਰਾਜਾ ਆਪਣੀ ਸੁੱਧ-ਬੁੱਧ ਭੁਲਾ ਬੈਠਾ! ਪਰ ਦੂਜੇ ਹੀ ਪਲ ਉਸ ਦੀ ਨਸ-ਨਸ ਵਿਚ ਸੱਪ, ਰਾਖਸ਼ ਅਤੇ ਸ਼ੇਰ ਦਹਾੜਨ ਲੱਗੇ। ਫੁੰਕਾਰਦਾ ਬੋਲਿਆ-“ਤੂੰ ਕਾਰੀਗਰੀ ਕਿਸੇ ਨੂੰ ਵੇਚਦਾ ਨਹੀਂ, ਭੇਟ ਨਹੀਂ ਕਰਦਾ, ਫਿਰ ਇਹ ਹੈ ਕਿਸ ਲਈ?”
ਕਿਸੇ ਦੇ ਉਕਸਾਉਣ ਨਾਲ ਕਬੀਰ ਨੂੰ ਗੁੱਸਾ ਨਹੀਂ ਆਉਂਦਾ ਸੀ। ਉਸ ਨੇ ਆਪਣੇ ਆਪ ਨੂੰ ਪੂਰੇ ਵਸ ਵਿਚ ਕੀਤਾ ਹੋਇਆ ਸੀ। ਧੀਮੇ ਸੁਰ ਵਿਚ ਬੋਲਿਆ-“ਲੋੜਵੰਦ ਜਿਹੜੇ ਇਨ੍ਹਾਂ ਨੂੰ ਖਰੀਦ ਨਹੀਂ ਸਕਦੇ, ਮੇਰੀ ਕਾਰੀਗਰੀ ਉਨ੍ਹਾਂ ਵਾਸਤੇ।”
ਠਾਕੁਰ ਨੇ ਅੱਗ ਵਿਚ ਘਿਉ ਪਾਉਂਦਿਆਂ ਕਿਹਾ-“ਚੰਡਾਲ! ਤੇਰੀ ਇਹ ਮਜਾਲ? ਗੁੱਸਾ ਤਾਂ ਏਨਾ ਆ ਰਿਹੈ ਕਿ ਅੰਨਦਾਤਾ ਦਾ ਹੁਕਮ ਉਡੀਕੇ ਬਗੈਰ ਤੇਰੀ ਗਰਦਨ ਉਡਾ ਦਿਆਂ। ਬੇਕਾਰ ਚੀਥੜਿਆਂ ਵਾਸਤੇ ਤਿੰਨ ਲੋਕ ਦੇ ਮਾਲਕ ਨੂੰ ਤੂੰ ਭਿਖਾਰੀ ਸਮਝਿਆ?”
ਠਾਕੁਰ ਦੇ ਗੁੱਸੇ ਦੀ ਵਜ੍ਹਾ ਕਬੀਰ ਨੂੰ ਪਤਾ ਨਾ ਲੱਗੀ, ਚੁੱਪ ਖਲੋਤਾ ਰਿਹਾ। ਰਾਜਕੁਮਾਰੀ ਠਾਕੁਰ ਨੂੰ ਕਹਿਣ ਲੱਗੀ-“ਆਪਣੇ ਦਿਲ ਦੀ ਗੱਲ ਇਸ ਦੇ ਮੂੰਹ ਵਿਚ ਕਿਓਂ ਧੱਕੇ ਨਾਲ ਪਾਉਂਦੇ ਹੋ? ਇਸ ਨੇ ਇਸ ਤਰ੍ਹਾਂ ਦੀ ਕੋਈ ਗੱਲ ਤਾਂ ਕੀਤੀ ਨਹੀਂ।”
ਰਾਜਕੁਮਾਰੀ ਦੇ ਸੁਭਾਅ ਤੋਂ ਵਾਕਫ ਰਾਜੇ ਨੇ ਕਿਹਾ-“ਠਾਕੁਰ, ਤੁਹਾਨੂੰ ਵਿਚਕਾਰ ਟੰਗ ਅੜਾਉਣ ਦੀ ਆਗਿਆ ਕਿਸ ਨੇ ਦਿੱਤੀ? ਇਹਦੇ ਨਾਲ ਨਿਬੇੜਾ ਕਰਨ ਦੀ ਤਾਕਤ ਮੇਰੇ ਵਿਚ ਨਹੀਂ?”
ਕੂਹਣੀਆਂ ਤੱਕ ਹੱਥ ਜੋੜਦਾ ਠਾਕੁਰ ਰੁਕ-ਰੁਕ ਬੋਲਿਆ-“ਤੁਹਾਡੀ ਤਾਕਤ ਦੀ ਕੀ ਸੀਮਾ ਅੰਨਦਾਤਾ! ਇਹੋ ਜਿਹੇ ਭੁੱਖੜ ਲੱਖ ਕਰੋੜ ਰਲ ਕੇ ਵੀ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦੇ।”
ਕਹਿਣਾ ਕੁਝ ਹੋਰ ਚਾਹੁੰਦਾ ਸੀ ਪਰ ਰਾਜਾ ਉਲਝ ਗਿਆ, ਬੇਧਿਆਨੀ ਵਿਚ ਏਨਾ ਕੁ ਕਿਹਾ-“ਫੇਰ?”
ਰਾਜੇ ਦੇ ਚਰਨ ਛੂਹਦਿਆਂ ਠਾਕੁਰ ਨੇ ਕਿਹਾ-“ਭਿਆਨਕ ਗਲਤੀ ਹੋ ਗਈ ਅੰਨਦਾਤਾ, ਖਿਮਾ ਬਖਸ਼ੋ!” ਇੱਕ ਵਾਰ ਰਾਜੇ ਨੂੰ ਇਉਂ ਲੱਗਾ ਜਿਵੇਂ ਠਾਕੁਰ ਦੇ ਰੂਪ ਵਿਚ ਕਬੀਰ ਨੇ ਚਰਨ ਛੂਹੇ ਹੋਣ! ਰਾਜਾ ਤਾਂ ਰਾਜਾ ਹੈ ਆਖਰ! ਅਸਲ ਵਿਚ ਰਾਜੇ ਦੀ ਖਿਝ ਹੁਣ ਕੁਝ ਨਿਖਾਰਨ ਲੱਗ ਪਈ ਸੀ। ਠੰਢੇ ਮਿਜ਼ਾਜ ਨਾਲ ਕਬੀਰ ਨੂੰ ਸਮਝਾਉਣ ਲੱਗਾ-“ਜ਼ਿੱਦ ਉਪਰ ਪਾ ਮਿੱਟੀ। ਛੱਡ ਪਾਗਲਪਣ। ਸਾਡੇ ਦਰਸ਼ਨ ਕਰਨ ਤੋਂ ਪਹਿਲਾਂ ਜਿੰਨੀ ਤਕਲੀਫ ਕੱਟੀ ਸੋ ਕੱਟ ਲਈ, ਹੁਣ ਐਸ਼ ਕਰ। ਜਿੰਨਾ ਮੰਗੇਂਗਾ, ਖਜ਼ਾਨੇ ਵਿਚੋਂ ਸਵਾਇਆ ਦਿਆਂਗਾ। ਚਿਰਾਗ ਲੈ ਕੇ ਲੱਭੀ ਜਾਈਂ, ਮੇਰੇ ਵਰਗਾ ਫਰਾਖ ਦਿਲ ਹਾਕਮ ਨਹੀਂ ਮਿਲੇਗਾ। ਪਾਗਲ ਕਿਤੋਂ ਦਾ! ਰਾਜਾ ਤਾਂ ਪਿਤਾ ਸਮਾਨ ਹੁੰਦਾ ਹੈ, ਫਿਰ ਸੰਕੋਚ ਕੀ?”
ਲੱਗਣ ਲੱਗਾ ਹਕੂਮਤੀ ਦਹਿਸ਼ਤ ਨਾਲ ਯਰਕਣ ਵਾਲਾ ਬੰਦਾ ਨਹੀਂ ਕਬੀਰ। ਫਿਰ ਦਰਬਾਰੀਆਂ ਸਾਹਮਣੇ ਸਿੰਘਾਸਨ ਦੀ ਪੋਲ ਕਾਹਨੂੰ ਖੁੱਲ੍ਹੇ। ਪੁਚਕਾਰਨ ਲੱਗਾ-“ਹੁਣ ਤਾਂ ਤੇਰਾ ਮਨ ਬਦਲਿਆ? ਤੂੰ ਕੀ ਜਾਣੇ ਏਨੀ ਖੁਸ਼ਾਮਦ ਤਾਂ ਮੈਂ ਵੱਡੇ, ਪੁਰਾਣੇ ਰਾਜੇ ਦੀ ਨਹੀਂ ਕੀਤੀ ਸੀ। ਖੁਸ਼ੀ-ਖੁਸ਼ੀ ਮਨਜ਼ੂਰੀ ਦੇ ਦਏਂ ਤਾਂ ਮੇਰੇ ਅਫਸਰ ਤੇਰੇ ਮਾਲ ਨੂੰ ਹੱਥ ਲਾਉਣਗੇ। ਤੇਰੇ ਵਰਗੇ ਖਰੇ ਬੰਦੇ ਉਪਰ ਮੈਨੂੰ ਵੀ ਮਾਣ ਹੈ। ਮੂੰਹ ਮੰਗੀ ਕੀਮਤ ਦੱਸ, ਪੂਰੀ ਖੁੱਲ੍ਹ ਹੈ।” ਕਿਸੇ ਦੇ ਹੱਥੋਂ ਬਖਸ਼ਿਸ਼ ਲਵੇ, ਇਹੋ ਜਿਹੇ ਦਿਨ ਤਾਂ ਕਬੀਰ ਜੰਮਿਆ ਹੀ ਨਹੀਂ। ਕਬੀਰ ਦੇ ਮਨ ਉਪਰ ਕਿਸੇ ਦਾ ਕੁੰਡਾ ਨਹੀਂ। ਰਾਜਾ ਖਿਝੇ ਜਾਂ ਖੁਸ਼ ਹੋਵੇ, ਉਸ ਨੂੰ ਕੀ। ਸਾਰੀ ਗੱਲ ਸੰਭਾਲਦਿਆਂ ਬੋਲਿਆ “ਮੇਰੀਆਂ ਲੋੜਾਂ ਏਨੀਆਂ ਘੱਟ ਹਨ ਕਿ ਤੁਹਾਡੀ ਬਖਸ਼ਿਸ਼ ਮੇਰੇ ਕਿਸੇ ਕੰਮ ਦੀ ਨਹੀਂ। ਤੁਹਾਡਾ ਇੱਥੇ ਆਉਣਾ ਬੇਕਾਰ ਹੈ, ਇੱਕ ਵਾਰ ਫਿਰ ਖਿਮਾ ਚਾਹੁੰਦਾ ਹਾਂ।”
ਰਾਜਾ ਆਪਣੇ ਮੂੰਹ ਨਾਲ ਪੁਚਕਾਰੇ, ਫਿਰ ਵੀ ਕਬੀਰ ਦਾ ਉਹੀ ਹਠ ਕਾਇਮ। ਰਾਜੇ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ਆਪਣੇ ਕੰਨਾਂ ‘ਤੇ ਵਿਸ਼ਵਾਸ ਨਹੀਂ ਹੋ ਰਿਹਾ। ਸ਼ੱਕ ਮਿਟਾਉਣ ਵਾਸਤੇ ਇੱਕ ਵਾਰ ਫਿਰ ਪੁੱਛਿਆ-“ਤਾਂ ਕੀ ਮੂੰਹ ਮੰਗੀ ਕੀਮਤ ‘ਤੇ ਵੀ ਆਪਣਾ ਮਾਲ ਮੈਨੂੰ ਨਹੀਂ ਦਏਂਗਾ?”
ਰਾਜਕੁਮਾਰੀ ਵੱਲ ਦੇਖਦਿਆਂ ਕਬੀਰ ਨੇ ਕਿਹਾ-“ਲੋਭ ਲਾਲਚ ਸਦਕਾ ਮਨ ਬਦਲ ਜਾਏ, ਇਹ ਮੈਂ ਜਾਣਦਾ ਹੀ ਨਹੀਂ, ਇੱਕ ਵਾਰ ਪੁੱਛੋ ਚਾਹੇ ਸੌ ਵਾਰ, ਮੇਰਾ ਉਹੀ ਉਤਰ।” ਇਹ ਬੋਲ ਸੁਣ ਕੇ ਰਾਜਕੁਮਾਰੀ ਨੂੰ ਲੱਗਾ, ਆਕਾਸ਼ ਵਿਚ ਇੱਕ ਸੂਰਜ ਹੋਰ ਚੜ੍ਹ ਗਿਆ ਪਰ ਰਾਜੇ ਦੀ ਹਾਲਤ ਵਿਗੜ ਗਈ। ਮੈਂ ਦੇਸ਼ ਦਾ ਮਾਲਕ ਹਾਂ ਵੀ ਕਿ ਨਹੀਂ? ਸਿੰਘਾਸਨ ਤੇ ਮੁਕਟ ਦਾ ਮਾਣ ਐਵੇਂ ਤਾਂ ਨਹੀਂ ਹੁੰਦਾ! ਹਫਦਿਆਂ ਰਾਜੇ ਨੇ ਕਿਹਾ-“ਸਿਪਾਹੀਓ! ਟੰਗਣੇ ‘ਤੇ ਲਟਕਦੇ ਸਾਰੇ ਸ਼ਾਲ ਕਾਲੀਨ ਟੁਕੜੇ-ਟੁਕੜੇ ਕਰ ਦਿਓ।”
ਰਾਜਕੁਮਾਰੀ ਆਪੇ ਵਿਚ ਗੁੰਮ ਹੋ ਗਈ। ਕੀ ਕਰੇ, ਕੀ ਨਾ ਕਰੇ! ਇਹੋ ਜਿਹੀ ਕੁੜਿੱਕੀ ਕਦੀ ਨਹੀਂ ਦੇਖੀ। ਕਬੀਰ ਨੇ ਕਿਸੇ ਨੂੰ ਨਾ ਰੋਕਿਆ, ਨਾ ਟੋਕਿਆ। ਅਫਸਰਾਂ ਨੇ ਕਢਾਈ ਕੀਤੀਆਂ ਬਿਜਲੀਆਂ ਟੋਟੇ-ਟੋਟੇ ਕਰ ਦਿੱਤੀਆਂ। ਫੁੱਲ ਪੰਖੜੀ-ਪੰਖੜੀ ਹੋ ਗਏ। ਪਹਾੜਾਂ ਦੇ ਬਖੀਏ ਉਧੇੜ ਦਿੱਤੇ। ਟਿੱਬੇ ਖਿੱਲਰ ਗਏ। ਕਬੀਰ ਦਾ ਕੀ ਵਸ ਚੱਲਦਾ? ਉਸ ਦਾ ਵਸ ਚੱਲਿਆ ਸੀ ਤਾਂ ਉਸ ਨੇ ਕੁਝ ਨਾ ਕੁਝ ਸਿਰਜਿਆ ਹੀ ਸੀ। ਉਸ ਨੇ ਆਪਣਾ ਕੰਮ ਕੀਤਾ। ਰਾਜਾ ਆਪਣਾ ਕੰਮ ਕਰ ਰਿਹਾ ਹੈ। ਸ਼ਾਂਤ ਚਿਤ ਕਬੀਰ ਦਰਬਾਰੀਆਂ ਹੱਥੋਂ ਆਪਣੇ ਕਾਲਜੇ ਦੇ ਟੁਕੜੇ ਹੁੰਦੇ ਦੇਖਦਾ ਰਿਹਾ। ਕਬੀਰ ਦੇ ਹੋਠਾਂ ਦੀ ਮੁਸਕਾਣ ਤੋਂ ਰਾਜੇ ਨੂੰ ਲੱਗਾ, ਮੇਰਾ ਮਜ਼ਾਕ ਉਡਾ ਰਿਹੈ। ਉਬਲਦੇ ਰਾਜ ਹੰਕਾਰ ਦੀ ਕੀ ਹੱਦ? ਕੜਕਦੀ ਆਵਾਜ਼, ਹੁਕਮ- “ਦੇਖਦੇ ਕੀ ਹੋ, ਕੱਪੜਿਆਂ ਵਾਂਗ ਕਬੀਰ ਦੀ ਵੀ ਲੀਰ-ਲੀਰ ਕਰ ਦਿਓ, ਇਸ ਬੇਸ਼ਰਮ ਦੀ ਬੋਟੀ-ਬੋਟੀ ਖਲਾਰ ਦਿਓ।”
ਹੁਕਮ ਸੁਣਦਿਆਂ ਨੰਗੀਆਂ ਕਿਰਪਾਨਾਂ ਧੂਹ ਕੇ ਚਾਰ ਪੰਜ ਜਣੇ ਅੱਗੇ ਵਧੇ ਹੀ ਸਨ ਕਿ ਰਾਜਕੁਮਾਰੀ ਵਿਚਕਾਰ ਆ ਗਈ- “ਖਬਰਦਾਰ ਕਬੀਰ ਨੂੰ ਝਰੀਟ ਵੀ ਮਾਰੀ ਤਾਂ ਮੈਂ ਅੱਗ ਵਿਚ ਭਸਮ ਹੋ ਜਾਵਾਂਗੀ।”
ਜਿੱਥੇ ਸਨ, ਜੁਆਨਾਂ ਦੇ ਹੱਥ ਉਥੇ ਰੁਕ ਗਏ। ਕਿਸ ਦਾ ਹੁਕਮ ਮੰਨਣ? ਰਾਜੇ ਦਾ ਕਿ ਰਾਜਕੁਮਾਰੀ ਦਾ? ਕਠਪੁਤਲੀ ਤਾਂ ਧਾਗਿਆਂ ਸਹਾਰੇ ਛਾਲਾਂ ਮਾਰਦੀ ਹੈ। ਨਵਾਂ ਹੁਕਮ ਸੁਣ ਕੇ ਜੁਆਨ ਰਾਜੇ ਵੱਲ ਦੇਖਣ ਲੱਗੇ। ਰਾਜੇ ਦੇ ਸੰਘ ਵਿਚ ਜਿਵੇਂ ਕੁਝ ਫਸ ਗਿਆ ਹੋਵੇ। ਉਚੇ ਸੁਰ ਵਿਚ ਰਾਜਕੁਮਾਰੀ ਦੀ ਆਵਾਜ਼ ਆਈ-“ਵੱਡੇ ਕਲਾ ਪਾਰਖੂ ਹੋ, ਚੰਗੀ ਕੀਮਤ ਪਾਈ!” ਰਾਜੇ ਦੇ ਕਲੇਜੇ ਨੂੰ ਅੰਗਾਰਾ ਛੂਹ ਗਿਆ। ਕਬੀਰ ਕੋਈ ਦਾਦ ਫਰਿਆਦ ਕਰਦਾ, ਗਿੜਗਿੜਾਉਂਦਾ ਤਾਂ ਰਾਜ ਹੰਕਾਰ ਸ਼ਾਇਦ ਕੁਝ ਨਰਮ ਪੈ ਜਾਂਦਾ ਪਰ ਇਸ ਢੀਠ ਉਪਰ ਅਸਰ ਹੀ ਨਹੀਂ। ਅਟਕਦਿਆਂ-ਅਟਕਦਿਆਂ ਮੁਸ਼ਕਿਲ ਨਾਲ ਰਾਜਾ ਇੰਨਾ ਕਹਿ ਸਕਿਆ- “ਕਾਰੀਗਰੀ ਨਾ ਵੇਚੇ ਨਾ ਭੇਟ ਕਰੇ, ਫਿਰ ਕੀ ਕਰਾਂ ਹੋਰ?”
ਰਾਜਕੁਮਾਰੀ ਦੇ ਮੂੰਹੋਂ ਖੂਨ ਟਪਕਿਆ-“ਮੈਨੂੰ ਪੁੱਛਦੇ ਤਾਂ ਮੈਂ ਦੱਸਦੀ। ਹੁਣ ਤਾਂ ਪੁੱਛਣ ਦਾ ਰਸਤਾ ਨਹੀਂ ਰਿਹਾ। ਮੇਰੇ ਜਿਸਮ ਦੇ ਟੁਕੜੇ ਪਹਿਲੋਂ ਕਰਦੇ, ਬਿਹਤਰ ਹੁੰਦਾ। ਅੱਜ ਮੇਰੀ ਅਕਲ ਟਿਕਾਣੇ ਆ ਗਈ। ਹੁਣ ਕਿਸੇ ਕੰਮ ਤੋਂ ਰੋਕਾਂ ਤਾਂ ਜੀਭ ਦਾਗ ਦੇਣੀ।” ਰਾਜਾ ਮੁੜ ਲਾਡ ਨਾਲ ਦੁਲਾਰਨ ਲੱਗਾ-“ਮੇਰੀ ਕਮਲੀ ਧੀ, ਤੂੰ ਇਸ ਗੱਲ ਦੀ ਚੰਗੀ ਚਿੰਤਾ ਕੀਤੀ! ਮੈਂ ਦਿਲ ਦਾ ਮੈਲਾ ਥੋੜ੍ਹਾ ਹਾਂ। ਇਸ ਕਬੀਰ ਨੂੰ ਛੱਡ ਕੇ ਮੇਰੀਆਂ ਦਾਤਾਂ ਨੂੰ ਦੱਸ ਕੌਣ ਨਹੀਂ ਹੋਰ ਜਾਣਦਾ? ਤੇਰੀ ਮਰਜ਼ੀ ਹੋਵੇ ਤਾਂ ਗਲ ਵਿਚੋਂ ਨੌਂ ਲੱਖਾ ਹਾਰ ਉਤਾਰ ਕੇ ਕਬੀਰ ਨੂੰ ਦੇ ਦਿਆਂ! ਹਾਰ ਤੈਥੋਂ ਵਧ ਕੇ ਥੋੜ੍ਹਾ ਹੈ?”
ਵਾਕਈ ਇਹ ਕਹਿ ਕੇ ਰਾਜੇ ਨੇ ਆਪਣੇ ਗਲੋਂ ਨੌਂ ਲੱਖਾ ਹਾਰ ਉਤਾਰਿਆ, ਕਬੀਰ ਵੱਲ ਹੱਥ ਕਰਦਾ ਹੋਇਆ ਬੋਲਿਆ-“ਇਸ ਨੂੰ ਆਪਣੀ ਕਾਰੀਗਰੀ ਦਾ ਮੁੱਲ ਨਾ ਸਹੀ, ਹੋਏ ਨੁਕਸਾਨ ਦਾ ਹਰਜਾਨਾ ਸਮਝ ਕੇ ਕਬੂਲ ਕਰ। ਪੀੜ੍ਹੀਆਂ ਦੀ ਕੰਗਾਲੀ ਮਿਟਾ। ਹੁਣ ਖੁਸ਼? ਲੈਣਾ ਤਾਂ ਕੀ, ਕਬੀਰ ਨੇ ਨੌਂ ਲੱਖੇ ਹਾਰ ਵੱਲ ਨਿਗ੍ਹਾ ਵੀ ਨਾ ਕੀਤੀ। ਗਰਦਨ ਦੀ ਥਾਂ ਰਾਜੇ ਦੇ ਹੱਥ ਵਿਚ ਲਿਸ਼ਕਦਾ ਹਾਰ ਲਟਕ ਰਿਹਾ ਸੀ। ਕਬੀਰ ਨੇ ਕਿਹਾ-“ਮੈਂ ਤਾਂ ਪਹਿਲੋਂ ਹੀ ਖੁਸ਼ ਹਾਂ। ਹੋਰਾਂ ਦੀਆਂ ਗਲਤੀਆਂ ਦਾ ਪਛਤਾਵਾ ਮੈਨੂੰ ਕਿਉਂ ਹੋਵੇ? ਨਾਲੇ ਇਸ ਹਾਰ ਨਾਲ ਮੇਰੇ ਨੁਕਸਾਨ ਦੀ ਪੂਰਤੀ ਨਹੀਂ ਹੋਵੇਗੀ।”
ਰਾਜਾ ਕਾਹਲੀ-ਕਾਹਲੀ ਬੋਲਿਆ-“ਇੱਕ ਨਹੀਂ ਦੋ ਲੈ, ਚਾਰ ਲੈ ਲੈ।”
ਕਬੀਰ ਨੇ ਕਿਹਾ-“ਕੰਬਲ ਜਾਂ ਸ਼ਾਲ ਦਾ ਮੁੱਲ ਹਾਰ ਨਹੀਂ ਪਾਏਗਾ, ਠੰਢ ਵਿਚ ਕੰਬਦਾ ਲੋੜਵੰਦ ਬੰਦਾ ਇਸ ਦੀ ਕੀਮਤ ਜਾਣੇਗਾ। ਤੁਸੀਂ ਰਾਜਾ ਹੋ, ਮਿਹਨਤ ਦੇ ਪਸੀਨੇ ਦਾ ਮੁੱਲ ਤੁਹਾਨੂੰ ਕੋਈ ਪਤਾ ਨਹੀਂ। ਹੁਣ ਮੈਂ ਲੀਰੋ ਲੀਰ ਕੰਬਲਾਂ ਨੂੰ ਠੀਕ ਕਰਾਂਗਾ, ਲੋੜਵੰਦਾਂ ਨੂੰ ਦਿਆਂਗਾ, ਇਸ ਦੀ ਕੀਮਤ ਮਿਲ ਜਾਏਗੀ।”
ਰਾਜਾ ਹੱਸ ਪਿਆ-ਤੇਰੇ ਇਕੱਲੇ ਵਿਚ ਸੌ ਮੂਰਖਾਂ ਬਰਾਬਰ ਮੂਰਖਤਾ ਹੈ। ਹਾਰ ਦੇ ਮੋਤੀਆਂ ਦੀ ਕੀਮਤ ਦਾ ਪਤਾ ਵੀ ਹੈ ਕੁਝ? ਇੱਕ-ਇੱਕ ਮੌਤੀ ਬਦਲੇ ਹਜ਼ਾਰ-ਹਜ਼ਾਰ ਕੰਬਲ ਖਰੀਦ, ਗੱਦੀ ‘ਤੇ ਬੈਠਾ-ਬੈਠਾ ਬੇਹਿਸਾਬ ਵੰਡੀ ਜਾ।
ਨਾਂਹ ਵਿਚ ਸਿਰ ਹਿਲਾਉਂਦਿਆਂ ਕਬੀਰ ਨੇ ਕਿਹਾ-“ਦਾਨ ਕਰਨ ਦੇ ਹੰਕਾਰ ਨਾਲ ਮੇਰਾ ਦਿਲ ਨਹੀਂ ਟਿਕਦਾ। ਧਨ ਜੁੜਨ ਨਾਲ ਧਨ ਵਧਦਾ ਹੈ, ਹੋਰ ਸਾਰੇ ਗੁਣ ਘਟ ਜਾਂਦੇ ਹਨ। ਇਨਸਾਨ ਵਿਚ ਇਨਸਾਨੀਅਤ ਨਾ ਰਹੇ; ਫਿਰ ਤਾਂ ਬਸ ਖੂਨ, ਹੱਡੀਆਂ, ਚਮੜੀ ਮਾਸ ਬਾਕੀ ਬਚਦਾ ਹੈ। ਤਲਵਾਰ ਦੀ ਤਾਕਤ ਬਗ਼ੈਰ ਨਾ ਸੱਤਾ ਵਧੇ, ਨਾ ਦੌਲਤ। ਤਲਵਾਰ ਅਤੇ ਸਿੰਘਾਸਨ ਦੀ ਦਹਿਸ਼ਤ ਨਾਲ ਜੇ ਮੌਤ ਡਰਦੀ ਹੋਵੇ, ਫੇਰ ਹੋਰ ਗੱਲ ਹੈ…!
ਰਾਜ ਦੇ ਨਸ਼ੇ ਤੋਂ ਬਗੈਰ ਰਾਜੇ ਕੋਲ ਹੋਰ ਕੁਝ ਸੀ ਹੀ ਨਹੀਂ। ਕਬੀਰ ਦੀ ਜ਼ਬਾਨੋ ਨਿਕਲੇ ਵਾਕ ਤੋਂ ਖਿਆਲ ਆਇਆ, ਦੇਰ ਸਵੇਰ ਮੌਤ ਉਸ ਪਾਸ ਵੀ ਆਏਗੀ! ਪਰ ਇਹ ਗੱਲ ਹੋਰ ਹੈ। ਉਹ ਦੇਸ਼ ਦਾ ਮਾਲਕ ਤਾਂ ਹੈ ਨਾ। ਧੀਮੇ ਸੁਰ ਵਿਚ ਕਿਹਾ-“ਇੱਕ ਗੱਲ ਦੱਸ। ਇਹ ਚਾਰ ਕੂਟਾਂ ਵਿਚ ਫੈਲਿਆ ਰਾਜ, ਅਖੁੱਟ ਖਜ਼ਾਨੇ, ਬੇਅੰਤ ਫੌਜ, ਲਿਸ਼ਕਦੀਆਂ ਤਲਵਾਰਾਂ, ਹਾਥੀ ਘੋੜੇ ਮਿਲ ਕੇ ਵੀ ਮੇਰੀ ਮੌਤ ਰੋਕ ਨਹੀਂ ਸਕਦੇ? ਨਾਚੀਜ਼ ਪਰਜਾ ਵਾਂਗ ਮੈਨੂੰ ਵੀ ਮਰਨਾ ਪਏਗਾ?”
ਉਜਲ ਮੁਖ ਕਬੀਰ ਨੇ ਕਿਹਾ-“ਇਹ ਕੋਈ ਪੁੱਛਣ ਦੱਸਣ ਵਾਲੀ ਗੱਲ ਹੈ?”
ਹਉਕਾ ਲੈ ਕੇ ਰਾਜਾ ਬੋਲਿਆ-“ਪੁੱਛਣ ਦੀ ਗੱਲ ਹੈ ਤਾਂ ਪੁੱਛ ਰਿਹਾਂ। ਕਿਸੇ ਪੰਡਿਤ ਗਿਆਨੀ ਨੂੰ ਪਤਾ ਨਹੀਂ ਇਸ ਦਾ ਉਤਰ ਤੇਰੇ ਸਿਵਾ। ਤੇਰੀਆਂ ਗੱਲਾਂ ਸੁਣ ਕੇ ਮੇਰੇ ਸਿਰ ਵਿਚ ਕੀੜੀਆਂ ਲੜਨ ਲੱਗ ਗਈਆਂ। ਦੱਸ ਇਹ ਕੀ ਮਾਜਰਾ ਹੋਇਆ?”
ਕੁਝ ਪੁੱਛ ਲਿਆ ਤਾਂ ਕਬੀਰ ਨੇ ਜਵਾਬ ਦੇਣਾ ਹੀ ਸੀ। “ਮੇਰੇ ਲੱਖ ਸਮਝਾਉਣ ਬਾਅਦ ਵੀ ਤੁਹਾਨੂੰ ਸਮਝ ਨਹੀਂ ਆਵੇਗਾ, ਕਿਉਂਕਿ ਤਾਕਤ ਰਸਤਾ ਰੋਕੀ ਖਲੋਤੀ ਹੈ। ਅੱਖਾਂ ਉਪਰ ਤਾਕਤ ਦਾ ਜਾਲਾ ਫੈਲਿਆ ਹੋਇਆ ਹੈ ਜਿਸ ਕਰ ਕੇ ਸੱਚ ਪ੍ਰਾਪਤ ਕਰਨਾ ਤਾਂ ਦਰਕਿਨਾਰ, ਛੂਹ ਵੀ ਨਹੀਂ ਸਕਦੇ। ਸੱਚ ਦੇ ਦਮਕਦੇ ਸੂਰਜ ਨੂੰ ਦੇਖਣ ਦੀ ਇੱਛਾ ਤੁਹਾਡੇ ਵਿਚ ਪਹਿਲੀ ਵਾਰ ਪੈਦਾ ਜ਼ਰੂਰ ਹੋਈ। ਕੀੜੀਆਂ ਦੀ ਹਲਚਲ ਉਹੀ ਹੈ ਸ਼ਾਇਦ।”
ਬੱਚੇ ਵਰਗੀ ਹਲੀਮੀ ਨਾਲ ਰਾਜੇ ਨੇ ਕਿਹਾ-“ਹਾਂ ਉਸੇ ਦੀ। ਬਿਲਕੁਲ ਉਸੇ ਕਰ ਕੇ, ਪਰ ਮੇਰੇ ਮਨ ਦੀ ਗੱਲ ਤੇਰੇ ਤੱਕ ਕਿਵੇਂ ਅੱਪੜੀ?”
ਰਾਜੇ ਦੀਆਂ ਅੱਖਾਂ ਨਾਲ ਅੱਖਾਂ ਮਿਲਾ ਕੇ ਕਬੀਰ ਬੋਲਿਆ-“ਅਜੇ ਤੁਹਾਡਾ ਮਨ ਪੂਰਾ ਗੰਧਲਾ ਨਹੀਂ ਹੋਇਆ, ਮੈਨੂੰ ਉਸ ਵਿਚੋਂ ਆਰ-ਪਾਰ ਦਿਸ ਰਿਹਾ ਹੈ।”
“ਤੂੰ ਆਖ ਰਿਹੈਂ, ਏਸ ਕਰ ਕੇ ਦਿਸਦਾ ਈ ਹੋਏਗਾ ਪਰ ਮੈਂ ਅੱਜ ਉਲਝਣ ਵਿਚ ਫਸ ਗਿਆ ਹਾਂ। ਕੀ ਤੇਰਾ ਇਹ ਸੱਚ ਹਕੂਮਤ ਦੇ ਦਬਦਬੇ ਤੋਂ ਵੱਡਾ ਹੈ?” ਅੱਜ ਤੋਂ ਪਹਿਲਾਂ ਕਬੀਰ ਤੋਂ ਕਿਸੇ ਨੇ ਇਹ ਸਵਾਲ ਨਹੀਂ ਪੁੱਛੇ, ਤਾਂ ਵੀ ਜਵਾਬ ਦੇਣ ਵਿਚ ਕੀ ਔਖ। ਕਿਹਾ-“ਕਿੱਥੇ ਵਿਚਾਰੀ ਹਕੂਮਤ ਦੀ ਚੰਗਿਆੜੀ, ਕਿੱਥੇ ਸੱਚ ਦਾ ਸੂਰਜ! ਪਰ ਰਾਜ ਵਾਂਗ ਇਸ ਸੱਚ ਦਾ ਕੋਈ ਰਾਜਾ ਨਹੀਂ ਹੁੰਦਾ। ਉਹ ਸਾਰਿਆਂ ਦੀ ਸਾਂਝੀ ਮਲਕੀਅਤ ਹੈ ਪਰ ਇਸ ਮਲਕੀਅਤ ਉਪਰ ਹੱਕ ਜਤਾਣ ਦੀ ਹਿੰਮਤ ਹੋਵੇ।”
ਰਾਮ ਜਾਣੇ ਕਿਉਂ, ਇਸ ਵਕਤ ਰਾਜੇ ਦੇ ਦਿਲ ਵਿਚ ਮੈਲ ਨਹੀਂ ਰਹੀ। ਕਿਹਾ: “ਆਪਣੀ ਹਿੰਮਤ ਦਾ ਭੇਤ ਅੱਜ ਪਤਾ ਲੱਗਿਆ। ਇੰਨੇ ਵੱਡੇ ਦੇਸ਼ ਦਾ ਮਾਲਕ ਹੁੰਦਾ ਸੁੰਦਾ ਅੱਜ ਤੈਥੋਂ ਡਰ ਗਿਆ, ਸਭ ਦੇ ਸਾਹਮਣੇ ਕਬੂਲ ਕਰਦਾ ਹਾਂ।”
ਕਬੀਰ ਨੇ ਕਿਹਾ-“ਇਹ ਤਾਂ ਬੁਰੀ ਗੱਲ ਹੋਈ। ਨਾ ਕਿਸੇ ਤੋਂ ਮੈਂ ਡਰਿਆ, ਨਾ ਡਰਾਇਆ। ਮੈਥੋਂ ਡਰਨ ਦੀ ਕੀ ਤੁਕ?”
“ਇਹ ਤਾਂ ਮੈਂ ਜਾਣਾ ਜਾਂ ਮੇਰਾ ਜੀ ਜਾਣੇ!” ਰਾਜੇ ਨੇ ਕਿਹਾ।
ਆਲੇ-ਦੁਆਲੇ ਖੜ੍ਹੇ ਦਰਬਾਰੀਆਂ ਅਤੇ ਠਾਕੁਰ ਨੂੰ ਕੋਈ ਸਮਝ ਨਾ ਆਏ ਕਿ ਦੇਸ਼ ਦਾ ਮਾਲਕ ਹੋ ਕੇ ਰਾਜਾ ਕਬੀਰ ਅੱਗੇ ਚੀਂ ਮੀਂ ਕਿਉਂ ਕਰਨ ਲੱਗਾ ਹੈ। ਕਿਤੇ ਦਿਮਾਗ ਤਾਂ ਨਹੀਂ ਹਿੱਲ ਗਿਆ? ਰਾਜਾ ਡਰ ਜਾਵੇ, ਫਿਰ ਰਾਜ ਚੱਲੇਗਾ? ਕਬੀਰ ਕੋਲ ਕੋਈ ਜਾਦੂ-ਟੂਣੇ ਦੀ ਮਾਇਆ ਹੈ, ਇਸ ਤੋਂ ਕਿਨਾਰਾ ਕਰਨਾ ਬਿਹਤਰ! ਦੂਹਰਾ ਝੁਕ ਕੇ ਠਾਕੁਰ ਅਰਜ਼ ਕਰਨ ਲੱਗਾ-“ਅੰਨਦਾਤਾ ਅੰਨ ਜਲ ਛਕਣਾ ਹੈ, ਸਮਾਂ ਹੋ ਗਿਆ। ਤੁਸੀਂ ਭੋਗ ਲਾਓਗੇ, ਤਾਂ ਨਗਰਵਾਸੀ ਸੁੱਚੇ ਮੂੰਹ ਵਿਚ ਕੁਝ ਪਾਣਗੇ!”
ਠਾਕੁਰ ਦੀ ਗੱਲ ਸੁਣ ਕੇ ਰਾਜੇ ਦੀ ਹੋਸ਼ ਪਰਤੀ। ਆਪਣੇ ਅਸਲੀ ਜਾਮੇ ਵਿਚ ਆਇਆ ਤਾਂ ਸੁਰ ਬਦਲ ਗਈ। ਅਸਮਾਨ ਵੱਲ ਦੇਖਦਾ ਬੋਲਿਆ, “ਏਨੀ ਦੇਰ ਹੋ ਗਈ, ਨਗਰਵਾਸੀਆਂ ਨੇ ਅੰਨ ਜਲ ਮੂੰਹ ਨੂੰ ਨਹੀਂ ਲਾਇਆ?”
“ਮਹਾਰਾਜ ਦੀ ਜੈ ਹੋਵੇ”, ਕਹਿ ਕੇ ਠਾਕੁਰ ਨੇ ਮਾਣ ਨਾਲ ਕਿਹਾ-“ਤੁਹਾਡੇ ਭੋਗ ਲਾਉਣ ਤੋਂ ਪਹਿਲਾਂ ਮੇਰੀ ਸੁਆਮੀ-ਭਗਤ ਰਿਆਇਆ ਦੇ ਸੰਘ ਹੇਠੋਂ ਅੰਨ ਤਾਂ ਕੀ, ਥੁੱਕ ਨਹੀਂ ਲੰਘਦਾ। ਖਾਣਾ ਖਾਣ ਦੀ ਗੱਲ ਤਾਂ ਬੜੀ ਦੂਰ ਹੈ।”
ਰਾਜਕੁਮਾਰੀ ਨੇ ਖਾਣਾ ਖਾਣ ਦੀ ਇੱਛਾ ਪ੍ਰਗਟਾਈ, ਲਾਉ-ਲਸ਼ਕਰ ਸਣੇ ਰਾਜਾ ਵੀ ਚੱਲ ਪਿਆ। ਪਿੱਛੇ ਰਹਿ ਗਿਆ ਕਬੀਰ ਤੇ ਰਹਿ ਗਏ ਲੀਰੋ ਲੀਰ ਚਿਥੜੇ। ਕੰਮ ਤਾਂ ਕਰਨ ਨਾਲ ਹੀ ਨਿਬੜੇਗਾ ਨਾ, ਫਿਰ ਸੋਚ ਕੀ ਵਿਚਾਰ ਕੀ! ਹਕੂਮਤ ਦੀ ਰੰਗਤ ਹੀ ਇਹੋ ਜਿਹੀ ਕਿ ਕੌਣ ਬੋਲੇ? ਸੂਈ ਧਾਗਾ ਚੁੱਕਿਆ, ਗੁੰਮ ਸੁੰਮ ਕੰਮ ਵਿਚ ਲੱਗ ਗਿਆ। ਉਸ ਦੇ ਪੋਟਿਆਂ ਦੀ ਛੂਹ ਨਾਲ ਲੀਰਾਂ ਵੀ ਬੋਲਣ ਲੱਗ ਜਾਣਗੀਆਂ। ਇਸ ਪਿੱਛੋਂ ਕਬੀਰ ਨੂੰ ਨਾ ਸਮੇਂ ਦਾ ਧਿਆਨ, ਨਾ ਹਵਾ ਦਾ, ਨਾ ਚਾਨਣ ਦਾ। ਕਦ ਦਿਨ ਢਲਿਆ, ਕਦ ਸ਼ਾਮ ਹੋਈ। ਉਸ ਦੀ ਦੁਨੀਆਂ ਸੂਈ ਦੇ ਨੱਕੇ ਵਿਚ ਵਸੀ ਹੋਈ ਸੀ। ਸੂਰਜ ਦੀ ਰੌਸ਼ਨੀ ਕਦੋਂ ਹਨੇਰੇ ਹੇਠ ਦੱਬੀ ਗਈ, ਕੌਣ ਦੀਵਾ ਬਾਲ ਕੇ ਉਸ ਦੇ ਖੱਬੇ ਪਾਸੇ ਅਡੋਲ ਬੈਠੀ ਰਹੀ! ਜਿਵੇਂ ਰਾਤ, ਮਨਮਰਜ਼ੀ ਨਾਲ ਦੀਵਾ ਲਈ ਬੈਠੀ ਹੋਵੇ। ਜਿਵੇਂ ਕਈ ਜੁੱਗਾਂ ਦੇ ਸਫਰ ਤੋਂ ਵਾਪਸ ਆ ਕੇ ਝਿਲਮਿਲਾਉਂਦੇ ਤਾਰਿਆਂ ਹੇਠਾਂ ਸ਼ਰਨ ਲਈ ਹੋਵੇ। ਸਵੇਰੇ ਸੂਰਜ ਉਦੈ ਹੋਣ ਵੇਲੇ ਦੀਵਾ ਸਿਰ ਹਿਲਾ ਕੇ ਛੁੱਟੀ ਮੰਗਣ ਲੱਗਾ ਤਾਂ ਕਿਤੇ ਕਬੀਰ ਸਾਵਧਾਨ ਹੋਇਆ। ਦੀਵਾ ਬੁਝਣ ਪਿੱਛੋਂ ਜੋ ਦੇਖਿਆ, ਯਕੀਨ ਨਹੀਂ ਹੋਇਆ। ਕਿਤੇ ਨੀਂਦ ਵਿਚ ਸੁਫਨਾ ਤਾਂ ਨਹੀਂ ਦੇਖ ਰਿਹਾ? ਅੱਖਾਂ ਮਲ ਕੇ ਦੇਖਿਆ, ਰਾਜਕੁਮਾਰੀ ਹਥੇਲੀ ਉਪਰ ਦੀਵਾ ਟਿਕਾਈ ਬੈਠੀ ਹੈ। ਕੁੱਲ ਦੁਨੀਆਂ ਦੀ ਹੈਰਾਨੀ ਨਾਲ ਦੇਖਦਿਆਂ ਕਬੀਰ ਨੇ ਕਿਹਾ, “ਆਪ?”
ਰਾਜਕੁਮਾਰੀ ਨੇ ਕੋਈ ਜਵਾਬ ਨਹੀਂ ਦਿੱਤਾ। ਕਬੀਰ ਨੇ ਜਿਹੜਾ ਪਹਾੜ ਰਫੂ ਕੀਤਾ ਸੀ, ਉਸ ਵੱਲ ਨਿਗ੍ਹਾ ਗੱਡੀ ਦੇਖਦੀ ਰਹੀ। ਪਛਤਾਵੇ ਦੇ ਸੁਰ ਵਿਚ ਖਿਮਾ ਜਾਚਕ ਹੁੰਦਿਆਂ ਕਹਿਣ ਲੱਗਾ, “ਮੈਨੂੰ ਨਾ ਤੁਹਾਡੇ ਆਉਣ ਦਾ ਪਤਾ ਲੱਗਾ, ਨਾ ਦੀਵਾ ਬਾਲਣ ਦਾ।” ਰਾਜਕੁਮਾਰੀ ਦੇ ਗੁਲਾਬੀ ਬੁੱਲ੍ਹਾਂ ਵਿਚੋਂ ਅੰਮ੍ਰਿਤਬਾਣੀ ਝਰੀ, “ਮੈਨੂੰ ਵੀ ਖਿਆਲ ਨਹੀਂ ਡੇਰੇ ਕਦੋਂ ਪੁੱਜੀ, ਵਾਪਸ ਕਦ ਆਈ। ਵਿਹੜੇ ਵਿਚ ਪੈਰ ਪਾਉਣ ਸਾਰ ਜਾਣ ਗਈ ਸੂਈ ਧਾਗੇ ਬਗੈਰ ਤੁਹਾਨੂੰ ਕਿਸੇ ਹੋਰ ਚੀਜ਼ ਦਾ ਧਿਆਨ ਨਹੀਂ। ਆਈ ਤਾਂ ਸਾਂ ਬਹੁਤ ਸਾਰੀਆਂ ਗੱਲਾਂ ਕਰਨ, ਆ ਕੇ ਕੁਝ ਕਹਿਣ ਸੁਣਨ ਦੀ ਲੋੜ ਨਹੀਂ ਪਈ। ਮੌਨ ਤੋਂ ਵੱਡਾ ਕੋਈ ਬੋਲ ਨਹੀਂ। ਬੇਕਾਰ ਵਾਕਾਂ ਦਾ ਕੀ ਲਾਭ, ਇੱਕ ਸੂਈ ਹੋਰ ਹੈ ਤਾਂ ਮੈਨੂੰ ਵੀ ਦੇਓ।
“ਇਹ ਕੰਮ ਇੰਨਾ ਸੌਖਾ ਨਹੀਂ।”
“ਕਰਨ ਤੋਂ ਪਤਾ ਲੱਗੇਗਾ!”
ਸੂਈ ਦੇਣ ਵੇਲੇ ਕਬੀਰ ਨੂੰ ਕੋਈ ਪਤਾ ਨਹੀਂ ਰਾਜਕੁਮਾਰੀ ਨੂੰ ਕੁਝ ਆਉਂਦਾ ਹੈ ਪਰ ਪਹਿਲੇ ਤੋਪੇ ਤੋਂ ਜਾਣ ਗਿਆ, ਇਹ ਹੱਥ ਜੋ ਚਾਹੁਣ ਕਰ ਸਕਦੇ ਨੇ।
“ਤੁਸੀਂ ਇਹ ਕੰਮ ਕਦ ਸਿਖਿਆ?”
“ਸਿੱਖਿਆ ਕਦ? ਅੱਜ ਸਿੱਖਾਂਗੀ! ਕਿਸੇ ਤੋਂ ਕਈ ਸਾਲ ਪਹਿਲਾਂ ਸੂਈ ਦਾ ਨਾਮ ਸੁਣਿਆ ਸੀ, ਹੱਥ ਅੱਜ ਲੱਗੀ।”
ਕਬੀਰ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਕਹਿਣ ਲੱਗਾ, “ਯਕੀਨ ਕਰਨ ਵਾਲੀ ਗੱਲ ਹੈ ਤਾਂ ਨਹੀਂ ਪਰ ਤੁਹਾਨੂੰ ਝੂਠੇ ਕਿਵੇਂ ਮੰਨਾ!”
ਰਾਜਕੁਮਾਰੀ ਕਾਲੀਨ ਨਿਗੰਦਗੀ ਕਹਿੰਦੀ, “ਤੁਹਾਡੇ ਵਰਗਾ ਗੁਰੂ ਹੋਵੇ, ਫਿਰ ਕੋਈ ਕੀ ਨਹੀਂ ਸਿੱਖ ਸਕਦਾ? ਸਾਰੀ ਰਾਤ ਅੱਖਾਂ ਨੂੰ ਪੋਟੇ, ਤੇ ਪੋਟਿਆਂ ਨੂੰ ਅੱਖਾਂ ਬਣਾਉਣ ਦਾ ਕੰਮ ਦੇਖ-ਦੇਖ ਸਿਖਦੀ ਰਹੀ। ਸਮੁੱਚੀ ਗੱਲ ਦੱਸਣ ਨਾਲ ਸੱਚ ਦੀ ਮਰਿਆਦਾ ਭੰਗ ਹੁੰਦੀ ਹੈ।” ਰਾਜਕੁਮਾਰੀ ਨੇ ਅਜੇ ਕੁਝ ਹੋਰ ਆਖਣਾ ਸੀ ਕਿ ਰਾਜਾ ਆਉਂਦਾ ਦਿਖਾਈ ਦਿੱਤਾ। ਨਾਲ ਠਾਕੁਰ, ਅਠ ਦਸ ਸਵਾਰ। ਦੇਖਣ ਸਾਰ ਰਾਜਕੁਮਾਰੀ ਨੂੰ ਕਹਿੰਦਾ, “ਜਾਣ ਗਿਆ ਸਾਂ ਤੂੰ ਇੱਥੇ ਹੋਏਂਗੀ।”
ਰਾਜਕੁਮਾਰੀ ਦੇ ਚਿਹਰੇ ਉਪਰੋਂ ਲਾਜ ਦਾ ਪ੍ਰਛਾਵਾਂ ਲੰਘਿਆ। ਰਾਜਾ ਇੰਨਾ ਸ਼ਾਂਤ ਕਿਵੇਂ? ਕਬੀਰ ਨੂੰ ਕਿਹਾ, “ਮਾਮੂਲੀ ਕੰਬਲ ਤੱਕ ਮੈਨੂੰ ਭੇਟ ਕਰਨ ਵਾਸਤੇ ਨਹੀਂ ਮੰਨਿਆ, ਤੂੰ ਜਾਣ, ਪਰ ਮੈਂ ਤੈਨੂੰ ਅਜਿਹੀ ਵਸਤੂ ਭੇਟ ਕਰਾਂਗਾ ਕਿ ਸੁਫਨਾ ਵੀ ਨਾ ਲਿਆ ਹੋਏ ਕਦੀ। ਤੂੰ ਹੀ ਦੱਸ ਕੀ ਚੀਜ਼ ਹੋ ਸਕਦੀ ਹੈ।”
ਇਸ਼ਾਰਾ ਬਿਲਕੁਲ ਸਾਫ ਸੀ, ਫਿਰ ਕਬੀਰ ਕਿਉਂ ਨਾ ਸਮਝਦਾ? ਗੰਭੀਰ ਸੁਰ ਵਿਚ ਬੋਲਿਆ, “ਮੈਂ ਨਾ ਕਿਸੇ ਦੀ ਭੇਟ ਕਬੂਲਦਾ ਹਾਂ, ਨਾ ਕਿਸੇ ਨੂੰ ਦਿੰਦਾ ਹਾਂ।”
ਖਿੜ ਖਿੜਾ ਕੇ ਰਾਜਾ ਹੱਸਿਆ, “ਮੇਰੀ ਭੇਟ ਐਸੀ ਵੈਸੀ ਨਹੀਂ! ਇੰਦਰ ਭਗਵਾਨ ਵੀ ਡੋਲ ਜਾਣ। ਦੱਸਾਂ? ਰਾਜਕੁਮਾਰੀ ਦਾ ਹੱਥ ਅਤੇ ਸਾਰਾ ਦੇਸ!”
ਰਾਜੇ ਦੀ ਫਜ਼ੂਲ ਗੱਲ ਉਪਰ ਕਬੀਰ ਨੂੰ ਹਾਸਾ ਆ ਗਿਆ, ਕਿਹਾ-“ਅਜਿਹੀ ਭੇਟ ਦਾ ਤਾਂ ਸੁਫਨਾ ਵੀ ਬੁਰਾ! ਵਿਆਹ ਸ਼ਾਦੀ ਦੇ ਝਮੇਲੇ ਵਿਚ ਮੈਂ ਪੈਣਾ ਈ ਨਹੀਂ। ਇੱਕ ਵਿਆਹ ਦਾ ਪੰਗਾ, ਦੂਜਾ ਦਹੇਜ ਵਿਚ ਦੇਸ! ਮੈਨੂੰ ਏਨਾ ਮੂਰਖ ਵੀ ਨਾ ਜਾਣੋ ਕਿ ਤੁਸੀਂ ਦੇ ਦਿੱਤਾ ਤੇ ਮੈਂ ਚੁੱਪ ਕਰ ਕੇ ਲੈ ਲਊਂਗਾ। ਸੱਤਾ ਦਾ ਸੁੱਖ ਅਨੰਤ ਹੁੰਦਾ ਤਾਂ ਤੁਸੀਂ ਛੱਡਣ ਲਈ ਤਿਆਰ ਕਿਉਂ ਹੁੰਦੇ? ਤੁਸੀਂ ਖਿਝ ਜਾਓ ਤੁਹਾਡੀ ਮਰਜ਼ੀ ਪਰ ਮੈਂ ਖਿਮਾ ਮੰਗਦਾ ਹਾਂ, ਮੈਨੂੰ ਆਪਣਾ ਕੰਮ ਕਰਨ ਦਿਓ।”
ਰਾਜੇ ਦੇ ਰੋਮ-ਰੋਮ ਵਿਚ ਝਰਨਾਹਟ ਛਿੜੀ। ਰਾਜਕੁਮਾਰੀ ਉਪਰ ਹਜ਼ਾਰ ਘੜੇ ਪਾਣੀ ਡਿੱਗ ਪਿਆ। ਸੁਫਨੇ ਦੀ ਸੁਨਹਿਰੀ ਲੰਕਾ ਉਸ ਦੀਆਂ ਅੱਖਾਂ ਅੱਗੇ ਲਟ-ਲਟ ਮੱਚਣ ਲੱਗੀ। ਰਾਜੇ ਦੀ ਧੀ ਹੋ ਕੇ ਕਿੰਨੀ ਛੋਟੀ ਉਮੀਦ ਖਾਤਰ ਮਨ ਡੁਲਾ ਲਿਆ, ਉਹ ਵੀ ਨਾ ਮਿਲੀ।
ਹੁਣ ਤਾਂ ਸੌ ਵਾਰ ਅੱਗ ਵਿਚ ਸਾੜ ਕੇ ਇਸ ਮਕਾਰ ਨੂੰ ਨਾ ਮਾਰੇ, ਤਦ ਤੱਕ ਰਾਜੇ ਦੀ ਅਗਨੀ ਸ਼ਾਂਤ ਨਾ ਹੋਵੇ। ਕੜਕ ਕੇ ਸਵਾਰਾਂ ਨੂੰ ਕਿਹਾ, “ਕੁੱਤਿਆਂ ਵਾਂਗ ਨਹੁੰਦਰਾਂ ਨਾਲ ਜ਼ਮੀਨ ਕਿਉਂ ਕੁਰੇਦ ਰਹੇ ਹੋ, ਹੁਣ ਤੱਕ ਇਸ ਹਰਾਮਜ਼ਾਦੇ ਦੀ ਚਟਣੀ ਬਣ ਜਾਣੀ ਚਾਹੀਦੀ ਸੀ!”
ਹਵਾ ਵਿਚ ਉਠੀਆਂ ਤਲਵਾਰਾਂ ਥੋੜ੍ਹੀ ਦੇਰ ਲਈ ਰੁਕੀਆਂ। ਕੀ ਪਤਾ, ਵਿਚਕਾਰ ਫਿਰ ਰਾਜਕੁਮਾਰੀ ਆ ਖਲੋਵੇ ਪਰ ਰਾਜਕੁਮਾਰੀ ਤਾਂ ਹਿੱਲੀ ਤੱਕ ਨਹੀਂ, ਅੱਖਾਂ ਜਿਵੇਂ ਪਥਰਾ ਗਈਆਂ ਹੋਣ। ਰਾਜਕੁਮਾਰੀ ਤਾਂ ਖੜ੍ਹੀ ਰਹੀ, ਰਾਜਾ ਵਿਚਕਾਰ ਆ ਖਲੋਤਾ ਤੇ ਬੋਲਿਆ, “ਖਬਰਦਾਰ! ਮੈਂ ਹੁਕਮ ਦਿੱਤਾ, ਫਿਰ ਕੀ ਹੋਇਆ? ਤੁਹਾਨੂੰ ਕੋਈ ਅਕਲ ਨਹੀਂ? ਕਬੀਰ ਨੂੰ ਫੱਟ ਲੱਗਾ, ਮੇਰੀ ਧੀ ਕਿਵੇਂ ਕਲਪੇਗੀ! ਕਾਲੇ ਮੂੰਹ ਪਰੇ ਕਰੋ। ਇਹੋ ਜਿਹੇ ਫਜ਼ੂਲ ਹੁਕਮ ਨਹੀਂ ਮੰਨਦੇ ਹੁੰਦੇ। ਮੇਰਾ ਦਿਮਾਗ਼ ਨਹੀਂ ਨਾ ਠਿਕਾਣੇ ਸਿਰ। ਖੋਪੜੀ ਵਿਚ ਜਿਵੇਂ ਤੂੜੀ ਹੋਏ।”
ਕਿੱਥੇ ਦੀ ਬਿਜਲੀ ਕਿੱਥੇ ਆ ਕੇ ਡਿੱਗੀ! ਕਬੀਰ ਕੀ ਕਰੇ, ਕੀ ਨਾ ਕਰੇ। ਥੋੜ੍ਹੀ ਦੇਰ ਕੁਝ ਸਮਝ ਨਹੀਂ ਆਇਆ। ਉਲਝਣ ਵਿਚ ਪੈ ਗਿਆ…। ਫਿਰ ਰਾਜਕੁਮਾਰੀ ਕੋਲ ਜਾ ਕੇ ਖਲੋ ਗਿਆ। ਸ਼ਾਂਤ ਚਿਤ ਉਸ ਦੇ ਹੱਥ ਆਪਣੇ ਹੱਥਾਂ ਵਿਚ ਲੈ ਕੇ ਕਹਿਣ ਲੱਗਾ, “ਇੱਕ ਰਾਤ ਇਕੱਠੇ ਰਹਿ ਕੇ ਇੱਕ ਦੂਜੇ ਨੂੰ ਨਹੀਂ ਜਾਣ ਸਕਦੇ। ਵਿਆਹ, ਬਾਲ ਬੱਚੇ, ਗ੍ਰਹਿਸਥ, ਜ਼ਮੀਨ ਜਾਇਦਾਦ ਵਿਚ ਮੇਰੀ ਰੁਚੀ ਨਹੀਂ। ਦੂਜੇ ਜੀਵਾਂ ਤੋਂ ਵੱਖਰਾ ਅਤੇ ਉਤਮ ਹੋਣ ਦੀ ਇਨਸਾਨ ਵਿਚਲੀ ਗਲਤ ਫਹਿਮੀ ਸਦਕਾ ਬੜੀ ਬਰਬਾਦੀ ਹੋ ਚੁੱਕੀ ਹੈ, ਹੋਰ ਹੁੰਦੀ ਜਾ ਰਹੀ ਹੈ। ਨਾ ਕੋਈ ਮੇਰੀ ਜਾਤ, ਨਾ ਧਰਮ। ਨਾ ਮੇਰਾ ਘਰ, ਨਾ ਦੇਸ਼। ਬੰਦੇ ਵਾਸਤੇ ਕਿੰਨੀ ਸ਼ਰਮ ਦੀ ਗੱਲ ਹੈ ਕਿ ਧਰਮ ਅਤੇ ਪੰਥ ਬਹਾਨੇ ਮਰੇ ਹੋਏ ਅਵਤਾਰ ਹੁਣ ਤੱਕ ਜਿਉਂਦੇ ਬੰਦਿਆਂ ਉਪਰ ਰਾਜ ਕਰੀ ਜਾਂਦੇ ਨੇ!”
ਰਾਜੇ ਤੋਂ ਚੁੱਪ ਨਾ ਰਿਹਾ ਗਿਆ, ਪੁੱਛਿਆ-“ਸੁਣਿਆ ਹੈ ਤੂੰ ਦੇਵੀ ਦੇਵਤਿਆਂ ਅਤੇ ਈਸ਼ਵਰ ਨੂੰ ਵੀ ਨਹੀਂ ਜਾਣਦਾ?” ਮੁਸਕਾਉਂਦਾ ਕਬੀਰ ਬੋਲਿਆ-“ਜਾਣਦਾ ਹਾਂ ਜ਼ਰੂਰ, ਮੰਨਦਾ ਨਹੀਂ। ਆਤਮਾ, ਪਰਮਾਤਮਾ, ਭਾਗ ਅਤੇ ਧਰਮ ਤੋਂ ਵੱਡਾ ਜਾਲ ਇਨਸਾਨ ਹੱਥੋਂ ਨਾ ਰਚਿਆ ਗਿਆ, ਨਾ ਰਚਿਆ ਜਾਏਗਾ। ਅਕਲ ਦੀ ਖੋਪੜੀ ਨਿਵਾ ਕੇ ਜਿਉਂਦਾ ਇਨਸਾਨ ਪੱਥਰ ਪੂਜਦਾ ਫਿਰਦਾ ਹੈ, ਇਸ ਤੋਂ ਵਧ ਘ੍ਰਿਣਾ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ? ਮਾਮਲਾ ਕਿਉਂਕਿ ਵਧੀਕ ਖਤਰਨਾਕ ਹੋ ਗਿਆ ਤਾਂ ਤੁਹਾਡੇ ਨਾਲ ਏਨੀਆਂ ਗੱਲਾਂ ਕਰਨੀਆਂ ਪਈਆਂ।”
ਹੁਣ ਰਾਜਕੁਮਾਰੀ ਦੇ ਹੋਂਠ ਖੁੱਲ੍ਹੇ। ਧੀਮੇ ਮਿੱਠੇ ਸੁਰ ਵਿਚ ਬੋਲੀ-“ਏਨੀਆਂ ਗੱਲਾਂ ਜਾਣਦਿਆਂ ਵੀ ਤੁਹਾਡੀਆਂ ਅੱਖਾਂ ਸਾਹਮਣੇ ਤੁਹਾਡੀ ਕਾਰੀਗਰੀ ਲੀਰੋ ਲੀਰ ਹੋਈ, ਦੋ ਵਾਰ ਕਿਰਪਾਨਾਂ ਲਹਿਰਾਈਆਂ, ਰਾਜੇ ਅਤੇ ਠਾਕੁਰ ਦੀਆਂ ਗੱਲਾਂ ਸੁਣੀਆਂ ਤਾਂ ਤੁਹਾਨੂੰ ਗ਼ੁੱਸਾ ਕਿਉਂ ਨਹੀਂ ਆਇਆ? ਬਹੁਤ ਗਿਆਨ ਹੋਣ ਪਿੱਛੋਂ ਵੀ ਤੁਹਾਨੂੰ ਜਿਉਂਦੇ ਰਹਿਣ ਦਾ ਮੋਹ ਕਿਉਂ ਹੈ? ਮੌਤ ਦਾ ਡਰ ਕਿਉਂ? ਤੁਸੀਂ ਆਪਣਾ ਕ੍ਰੋਧ ਕਿਸ ਦਿਨ ਵਾਸਤੇ ਸੰਭਾਲਿਆ ਹੋਇਆ ਹੈ?”
ਕਬੀਰ ਸਮਝਾਣ ਲੱਗਾ, “ਇੱਕ ਆਦਮੀ ਦਾ ਕ੍ਰੋਧ ਕੀ ਕਰੇਗਾ ਰਾਜਕੁਮਾਰੀ? ਇਹ ਤਾਂ ਖੁਦਕੁਸ਼ੀ ਵਾਂਗ ਹੈ। ਮੇਰੇ ਕ੍ਰੋਧ ਦੀ ਲਾਗ ਜਦੋਂ ਪ੍ਰਾਣੀ-ਪ੍ਰਾਣੀ ਦੇ ਦਿਲ ਤੱਕ ਪੁੱਜੇਗੀ, ਉਦੋਂ ਨਾ ਕੋਈ ਰਾਜਾ ਹੋਏਗਾ, ਨਾ ਪਰਜਾ। ਨਾ ਕੋਈ ਅਮੀਰ, ਨਾ ਗਰੀਬ। ਨਾ ਉਚ, ਨਾ ਨੀਚ। ਨਾ ਸੱਚ, ਨਾ ਝੂਠ। ਨਾ ਪਾਪ ਨਾ ਪੁੰਨ। ਨਾ ਧਰਮ ਨਾ ਅਧਰਮ। ਨਾ ਮੰਦਰ ਨਾ ਮਸੀਤ, ਨਾ ਮਜ਼ਹਬ ਨਾ ਜਾਤ। ਨਾ ਫੌਜ ਨਾ ਹਥਿਆਰ। ਫਿਰ ਇਨਸਾਨ ਨੂੰ ਇਹ ਹੱਕ ਨਹੀਂ ਹੋਏਗਾ ਕਿ ਆਪਣੀ ਤਾਕਤ ਦੇ ਬਲਬੂਤੇ, ਤਲਵਾਰ ਦੇ ਜ਼ੋਰ ਨਾਲ ਕਿਸੇ ਦੀ ਕਾਰੀਗਰੀ ਲੀਰੋ ਲੀਰ ਕਰਕੇ ਵਗਾਹ ਦਏ…।”
ਕਬੀਰ ਦਾ ਹੱਥ ਫੜ ਕੇ ਰਾਜੇ ਨੇ ਕਿਹਾ-“ਇਸੇ ਪਛਤਾਵੇ ਖਾਤਰ ਹੀ ਮੈਂ ਰਾਜਭਾਗ ਤਿਆਗਣ ਨੂੰ ਤਿਆਰ ਹੋ ਗਿਆ। ਹੋਰ ਤੈਨੂੰ ਕੀ ਚਾਹੀਦੈ?”
ਕਬੀਰ ਨੇ ਕਿਹਾ, “ਮੇਰੇ ਚਾਹੁਣ ਨਾ ਚਾਹੁਣ ਨਾਲ ਕੀ ਫਰਕ ਪੈਂਦੈ?”
ਸਿਰ ਹਿਲਾਉਂਦਿਆਂ ਰਾਜੇ ਨੇ ਕਿਹਾ, “ਇਹੋ ਤਾਂ ਤੇਰੀ ਭੁੱਲ ਹੈ। ਇੱਕ ਵਾਰ ਆਪਣੇ ਮਨ ਦੀ ਇੱਛਾ ਜ਼ਾਹਰ ਕਰ ਕੇ ਤਾਂ ਦੇਖ। ਤੇਰੇ ਇਲਾਵਾ ਮੇਰੀ ਧੀ ਕਿਸੇ ਦਾ ਹੱਥ ਫੜਨਾ ਹੀ ਨਹੀਂ ਚਾਹੁੰਦੀ, ਤੂੰ ਏਨਾ ਸਖਤ ਦਿਲ ਕਿ ਉਸ ਦੀ ਕੋਈ ਪਰਵਾਹ ਨਹੀਂ ਕਰਦਾ।”
“ਪਰਵਾਹ ਕਿਉਂ ਨੀ ਕਰਦਾ? ਨਰ ਮਾਦਾ ਦੀ ਹੈਸੀਅਤ ਵਿਚ ਜਿੱਥੇ ਤੱਕ ਇੱਕ ਦੂਜੇ ਦਾ ਦਿਲ ਕਰੇ, ਰਾਜਕੁਮਾਰੀ ਮੇਰਾ ਸਾਥ ਕਰਨ ਨੂੰ ਤਿਆਰ ਹੋਵੇ ਤਾਂ ਮੇਰੇ ਵੱਲੋਂ ਵੀ ਇਨਕਾਰ ਨਹੀਂ। (ਛਪ ਰਹੀ ਕਿਤਾਬ ‘ਰਾਜਸਥਾਨੀ ਕਥਾ ਸਾਗਰ’ ਵਿਚੋਂ)