ਮੇਰਾ ਖੇਡ ਸਾਹਿਤ ਦਾ ਸਫਰ

ਪੰਜਾਬੀ ਖੇਡ ਸਾਹਿਤ-6
ਪ੍ਰਿੰ. ਸਰਵਣ ਸਿੰਘ
ਮੈਰਾਥਨ ਦੌੜ ਬਤਾਲੀ ਕਿਲੋਮੀਟਰ ਦੀ ਹੁੰਦੀ ਹੈ। ਮੈਨੂੰ ਖੇਡਾਂ-ਖਿਡਾਰੀਆਂ ਬਾਰੇ ਲਿਖਦੇ ਨੂੰ ਪਚਵੰਜਾ ਸਾਲ ਹੋ ਗਏ ਹਨ। ਜਿਵੇਂ ਮੈਰਾਥਨ ਦੌੜਾਕ ਦੌੜ ਮੁੱਕਣ ਦੇ ਨੇੜੇ ਹੋਰ ਤੇਜ਼ ਦੌੜਨ ਲੱਗਦੇ ਹਨ, ਉਵੇਂ ਮੈਂ ਵੀ ਆਪਣੀ ਲਿਖਣ ਚਾਲ ਹੋਰ ਤੇਜ਼ ਕੀਤੀ ਹੈ। ਪਿਛਲੇ ਵੀਹ ਸਾਲਾਂ ਤੋਂ ਹਰੇਕ ਸਾਲ ਮੇਰੀ ਨਵੀਂ ਪੁਸਤਕ ਛਪ ਰਹੀ ਹੈ। ਕਦੇ ‘ਖੇਡ ਜਗਤ ਦੀਆਂ ਬਾਤਾਂ’, ‘ਖੇਡ ਮੇਲੇ ਵੇਖਦਿਆਂ’, ‘ਓਲੰਪਿਕ ਖੇਡਾਂ ਦੀ ਸਦੀ’ ਤੇ ਕਦੇ ‘ਕਬੱਡੀ ਕਬੱਡੀ ਕਬੱਡੀ।’ ਕਦੇ ‘ਚੋਣਵੇਂ ਪੰਜਾਬੀ ਖਿਡਾਰੀ’, ‘ਖੇਡ ਦਰਸ਼ਨ’, ‘ਖੇਡ ਪਰਿਕਰਮਾ’ ਤੇ ਕਦੇ ‘ਖੇਡਾਂ ਦੀ ਦੁਨੀਆਂ।’

ਫਿਰ ‘ਮੇਲੇ ਕਬੱਡੀ ਦੇ’ ਤੇ ‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’ ਛਪੀ। ਲੰਡਨ ਦੀਆਂ ਓਲੰਪਿਕ ਖੇਡਾਂ ਮੌਕੇ ‘ਏਥਨਜ਼ ਤੋਂ ਲੰਡਨ’ ਪ੍ਰਕਾਸ਼ਿਤ ਕਰਵਾਈ ਤੇ 2013 ‘ਚ ‘ਖੇਡ ਅਤੇ ਸਿਹਤ ਵਾਰਤਾ’ ਪੇਸ਼ ਕੀਤੀ। 2014 ਵਿਚ ‘ਕਿੱਸਾ ਕਬੱਡੀ ਦਾ’ ਲੈ ਕੇ ਹਾਜ਼ਰ ਹੋਇਆ। 2015 ‘ਚ ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਛਪੀ। 2016 ‘ਚ ‘ਪੰਜਾਬ ਦੇ ਕੋਹੇਨੂਰ’ ਤੇ ‘ਖੇਤੀ ਅਰਥਚਾਰੇ ਦਾ ਧਰੂ ਤਾਰਾ ਡਾ. ਸਰਦਾਰਾ ਸਿੰਘ ਜੌਹਲ’; 2017 ਵਿਚ ‘ਪੰਜਾਬ ਦੇ ਕੋਹੇਨੂਰ’ ਭਾਗ ਦੂਜਾ ਤੇ 2018 ਵਿਚ ‘ਮੇਰੇ ਵਾਰਤਕ ਦੇ ਰੰਗ।’ 2019 ਵਿਚ ‘ਪੰਜਾਬ ਦੇ ਕੋਹੇਨੂਰ’ ਭਾਗ ਤੀਜਾ ਤੇ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਛਪੀਆਂ। 2020 ਵਿਚ ‘ਉਡਣਾ ਸਿੱਖ ਮਿਲਖਾ ਸਿੰਘ’, ‘ਪੰਜਾਬੀਆਂ ਦਾ ਖੇਡ ਸਭਿਆਚਾਰ’ ਤੇ ‘ਖੇਡ ਖਿਡਾਰੀ’ ਛਪ ਰਹੀਆਂ ਹਨ।
ਸੋਹਣ ਸਿੰਘ ਸੀਤਲ ਦੀਆਂ ਵਧੇਰੇ ਕਿਤਾਬਾਂ ਦੇ ਨਾਂ ਮੂਹਰੇ ਸੀਤਲ ਲੱਗਦਾ ਹੈ। ਸੀਤਲ ਪ੍ਰਸੰਗ, ਸੀਤਲ ਤਾਂਘਾਂ, ਸੀਤਲ ਤਰੰਗਾਂ, ਉਮੰਗਾਂ, ਰਮਜ਼ਾਂ, ਸੁਗਾਤਾਂ, ਕਿਰਨਾਂ ਤੇ ਸੀਤਲ ਵਲਵਲੇ ਆਦਿ। ਮੇਰੀਆਂ ਵੀ ਕਈ ਕਿਤਾਬਾਂ ਦੇ ਨਾਂ ਖੇਡ ਨਾਲ ਸ਼ੁਰੂ ਹੁੰਦੇ ਹਨ। ਖੇਡ ਸੰਸਾਰ, ਖੇਡ ਜਗਤ ਵਿਚ ਭਾਰਤ, ਖੇਡ ਮੈਦਾਨ ‘ਚੋਂ, ਖੇਡ ਜਗਤ ਦੀਆਂ ਬਾਤਾਂ, ਖੇਡ ਪਰਿਕਰਮਾ, ਖੇਡ ਦਰਸ਼ਨ, ਖੇਡ ਮੇਲੇ ਵੇਖਦਿਆਂ, ਖੇਡਾਂ ਦੀ ਦੁਨੀਆਂ, ਖੇਡ ਖਿਡਾਰੀ ਤੇ ਖੇਡ ਅਤੇ ਸਿਹਤ ਵਾਰਤਾ। ਹੋ ਸਕਦੈ ਕਦੇ ਖੇਡ ਵਿਥਿਆ, ਖੇਡ ਚਰਚਾ, ਖੇਡ ਕਥਾ ਤੇ ਖੇਡ ਲੀਲ੍ਹਾ ਵੀ ਰੱਖੇ ਜਾਣ।
ਮੈਂ ਦੋ ਕੁ ਸੌ ਖਿਡਾਰੀਆਂ ਦੇ ਸ਼ਬਦ ਚਿੱਤਰ ਉਲੀਕ ਸਕਿਆਂ। ਸੌ ਕੁ ਦੇਸੀ-ਵਿਦੇਸ਼ੀ ਖੇਡਾਂ ਦੀ ਜਾਣਕਾਰੀ ਦਿੱਤੀ ਹੈ ਅਤੇ ਪੇਂਡੂ ਟੂਰਨਾਮੈਂਟਾਂ ਤੋਂ ਲੈ ਕੇ ਓਲੰਪਿਕ ਖੇਡਾਂ ਤਕ ਡੇਢ ਕੁ ਸੌ ਖੇਡ ਮੇਲਿਆਂ ਦੇ ਨਜ਼ਾਰੇ ਬਿਆਨ ਕੀਤੇ ਹਨ। ਏਸ਼ਿਆਈ ਤੇ ਓਲੰਪਿਕ ਖੇਡਾਂ ਦਾ ਇਤਿਹਾਸ ਲਿਖਿਆ ਹੈ। ਕਾਮਨਵੈਲਥ ਤੇ ਐਫਰੋ-ਏਸ਼ੀਅਨ ਖੇਡਾਂ ਬਾਰੇ ਤਬਸਰਾ ਕੀਤਾ ਅਤੇ ਵਿਸ਼ਵ ਕੱਪਾਂ ਤੇ ਖੇਡਾਂ ਦੇ ਅਨੇਕਾਂ ਪੱਖਾਂ ਦੀ ਚਰਚਾ ਛੇੜੀ ਹੈ। ਦੇਸ-ਵਿਦੇਸ਼ ਦੇ ਖੇਡ ਮੇਲਿਆਂ ‘ਚ ਕਬੱਡੀ ਮੈਚਾਂ ਦੀ ਕੁਮੈਂਟਰੀ ਕਰਨ ਜਾਂਦਿਆਂ ਕੀਤੇ ਸਫਰਾਂ ਦਾ ਹਾਲ ਚਾਲ ਲਿਖਿਆ ਅਤੇ ਅਮਲੀਆਂ ਤੇ ਭੰਡਾਂ ਦਾ ਹਾਸ ਬਿਲਾਸ ਪੇਸ਼ ਕੀਤਾ ਹੈ। ‘ਅੱਖੀਂ ਵੇਖ ਨਾ ਰੱਜੀਆਂ’ ਪਿੱਛੋਂ ਦੂਜਾ ਸਫਰਨਾਮਾ ‘ਫੇਰੀ ਵਤਨਾਂ ਦੀ’ ਲਿਖਿਆ। ‘ਪਿੰਡ ਦੀ ਸੱਥ ‘ਚੋਂ’ ਦੀ ਸੱਥ ਚਰਚਾ ਨਾਲ ‘ਬਾਤਾਂ ਵਤਨ ਦੀਆਂ’ ਪਾਈਆਂ। ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਲਿਖਣ ਨਾਲ ਓਲੰਪਿਕ ਰਤਨ ਬਲਬੀਰ ਸਿੰਘ, ਡਾ. ਸਰਦਾਰਾ ਸਿੰਘ ਜੌਹਲ ਤੇ ਜਸਵੰਤ ਸਿੰਘ ਕੰਵਲ ਦੀਆਂ ਜੀਵਨੀਆਂ ਲਿਖੀਆਂ ਹਨ।
ਖੇਡਾਂ ਦੀ ਦੁਨੀਆਂ ਬੜੀ ਵਚਿੱਤਰ ਹੈ। ਸੈਂਕੜੇ ਖੇਡਾਂ ਜਲ, ਥਲ, ਬਰਫ ਤੇ ਹਵਾ ‘ਚ ਖੇਡੀਆਂ ਜਾ ਰਹੀਆਂ। ਕਿਤੇ ਜੁੱਸੇ ਦੇ ਜ਼ੋਰ ਦੀ ਪਰਖ ਹੈ, ਕਿਤੇ ਦਿਮਾਗ ਦੇ ਤੇਜ਼ ਹੋਣ ਦੀ ਤੇ ਕਿਤੇ ਚੁਸਤੀ ਫੁਰਤੀ ਦੀ। ਪੰਜਾਬ ਦੀਆਂ ਦੇਸੀ ਖੇਡਾਂ ਦੀ ਗਿਣਤੀ ਹੀ ਸੌ ਤੋਂ ਵੱਧ ਹੈ, ਜਿਨ੍ਹਾਂ ‘ਚੋਂ ਸਤਾਸੀ ਖੇਡਾਂ ਦੀ ਜਾਣਕਾਰੀ ਮੈਂ ਪੁਸਤਕ ‘ਪੰਜਾਬ ਦੀਆਂ ਦੇਸੀ ਖੇਡਾਂ’ ਵਿਚ ਦਿੱਤੀ ਹੈ। ਕੁਲ ਆਲਮ ਦੀਆਂ ਸੈਂਕੜੇ ਖੇਡਾਂ ‘ਚੋਂ ਚਾਲੀ ਕੁ ਸਪੋਰਟਸ ਹੀ ਹਨ, ਜਿਨ੍ਹਾਂ ਦੇ ਮੁਕਾਬਲੇ ਓਲੰਪਿਕ ਪੱਧਰ ‘ਤੇ ਹੋਣ ਲੱਗੇ ਹਨ।
ਆਪਣੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਦੀ ਭੂਮਿਕਾ ਮੈਂ ‘ਪਹੁਫੁਟਾਲਾ’ ਸਿਰਲੇਖ ਹੇਠ ਬੰਨ੍ਹੀ ਸੀ। ਉਸ ਦੀਆਂ ਅੰਤਲੀਆਂ ਸਤਰਾਂ ਸਨ, “ਮੇਰੀ ਤਕੜਾ ਖਿਡਾਰੀ ਬਣਨ ਦੀ ਰੀਝ ਸੀ, ਜੋ ਪੂਰੀ ਨਹੀਂ ਹੋਈ। ਜੋ ਕੁਝ ਮੈਂ ਸਰੀਰ ਨਾਲ ਨਹੀਂ ਕਰ ਸਕਿਆ, ਉਹ ਕੁਝ ਕਲਮ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾਂ। ਸਮਾਂ ਹੀ ਦੱਸੇਗਾ, ਮੇਰੀ ਸੀਮਾ ਕਿਥੇ ਤਕ ਹੈ? ਹਥਲੀ ਪੁਸਤਕ ਮੇਰੀ ਲਿਖਤ ਦਾ ਪਹੁਫੁਟਾਲਾ ਹੈ ਤੇ ਇਹ ਮੈਂ ਉਨ੍ਹਾਂ ਮਾਂਵਾਂ ਨੂੰ ਸਮਰਪਣ ਕਰਦਾ ਹਾਂ, ਜਿਨ੍ਹਾਂ ਪੀੜਾਂ ਜਰ ਕੇ ਜੋਧੇ ਖਿਡਾਰੀ ਜਨਮੇ ਹਨ।”
ਦੂਜੀ ਪੁਸਤਕ ‘ਖੇਡ ਸੰਸਾਰ’ ਦੇ ਮੁਖਬੰਦ ਦਾ ਨਾਂ ‘ਪਹੁਫੁਟਾਲੇ ਪਿਛੋਂ’ ਰਖਿਆ। ਉਸ ਦਾ ਮੁਢਲਾ ਪੈਰਾ ਸੀ, “ਖੇਡਾਂ ਦੀ ਆਪਣੀ ਖਿੱਚ ਹੈ ਤੇ ਆਪਣਾ ਮਹੱਤਵ। ਇਹ ਤਾਕਤ, ਤੰਦਰੁਸਤੀ ਤੇ ਸੁਹੱਪਣ ਦਾ ਸੋਮਾ ਹਨ। ਇਨ੍ਹਾਂ ਨਾਲ ਦੀ ਹੋਰ ਕੋਈ ਨਿਆਮਤ ਨਹੀਂ। ਇਹ ਕੌਮਾਂ ਦੀ ਸਿਹਤ ਦਾ ਅਜ਼ਮਾਇਆ ਸਾਧਨ ਹਨ। ਖੇਡਾਂ ਦੀ ਚੜ੍ਹਤ ਕਿਸੇ ਰਾਸ਼ਟਰ ਦੇ ਰਾਜ਼ੀ ਬਾਜ਼ੀ ਹੋਣ ਦਾ ਸਬੂਤ ਹੁੰਦੀ ਹੈ। ਖੇਡਾਂ ਵਿਚ ਮਨਪਰਚਾਵਾ ਵੀ ਹੈ ਅਤੇ ਜ਼ੋਰ ਤੇ ਜੁਗਤ ਦਾ ਪਰਤਿਆਵਾ ਵੀ। ਇਹ ਖਿਡਾਰੀਆਂ ਦੇ ਜੁੱਸਿਆਂ ਨੂੰ ਸਡੌਲਤਾ ਵਿਚ ਢਾਲ ਕੇ ਦਿਲਕਸ਼ ਬਣਾ ਦਿੰਦੀਆਂ ਹਨ ਤੇ ਮਨੁੱਖੀ ਸੁਹਜ ਸੁਆਦ ਵਿਚ ਵਾਧਾ ਕਰਦੀਆਂ ਹਨ।”
ਤੀਜੀ ਪੁਸਤਕ ‘ਖੇਡ ਜਗਤ ਵਿਚ ਭਾਰਤ’ ਦੀ ਭੂਮਿਕਾ ‘ਖੇਡ ਜਗਤ ਦੀ ਗੱਲ’ ਨਾਲ ਸ਼ੁਰੂ ਕੀਤੀ ਤੇ ਲਿਖਿਆ, “ਮਨੁੱਖ ਦੀ ਸ਼ਕਤੀ ਤੇ ਸਾਹਸ ਦਾ ਕੋਈ ਸਿਰਾ ਨਹੀਂ। ਬੰਦੇ ਦੇ ਬੁਲੰਦ ਜੇਰੇ ਅੱਗੇ ਐਵਰੈਸਟ ਜਿਹੀਆਂ ਚੋਟੀਆਂ ਦੀ ਉਚਾਈ ਵੀ ਤੁੱਛ ਹੈ। ਮਨੁੱਖ ਜੂਝਣ ਲਈ ਪੈਦਾ ਹੋਇਆ ਹੈ। ਮੁੱਢ ਕਦੀਮ ਤੋਂ ਮਨੁੱਖ ਦੇ ਜਾਏ ਪ੍ਰਕ੍ਰਿਤਕ ਸ਼ਕਤੀਆਂ ਨਾਲ ਜੂਝਦੇ ਆਏ ਹਨ। ਖੇਡਾਂ ਮਨੁੱਖ ਦੀ ਜੁਝਾਰ ਸ਼ਕਤੀ ਵਿਚ ਵਾਧਾ ਕਰਨ ਲਈ ਹਨ। ਖੇਡ ਮੈਦਾਨਾਂ ਵਿਚ ਬੰਦੇ ਦੀ ਲਗਨ, ਦ੍ਰਿੜਤਾ ਤੇ ਜਿੱਤਾਂ ਜਿੱਤਣ ਲਈ ਸਿਰੜ ਦਾ ਪਤਾ ਲੱਗਦਾ ਹੈ। ਮਨੁੱਖ ਫਤਿਹ ਹਾਸਲ ਕਰਨ ਲਈ ਜੰਮਿਆ ਹੈ। ਉਹ ਅੰਦਰ ਤੇ ਬਾਹਰ ਸਭਨਾਂ ਤਾਕਤਾਂ ਨੂੰ ਜਿੱਤ ਲੈਣਾ ਲੋਚਦਾ ਹੈ। ਇਕ ਪਾਸੇ ਉਹ ਮਨ ਜਿੱਤਣ ਦੇ ਆਹਰ ਵਿਚ ਹੈ ਤੇ ਦੂਜੇ ਪਾਸੇ ਜੱਗ ਜਿੱਤਣ ਦੇ। ਉਹ ਧਰਤੀ ਤੇ ਸਾਗਰ ਗਾਹੁਣ ਪਿਛੋਂ ਪੁਲਾੜ ਦੀ ਹਿੱਕ ਚੀਰ ਕੇ ਅਗਾਂਹ ਲੰਘ ਜਾਣਾ ਚਾਹੁੰਦਾ ਹੈ।
“ਮਨੁੱਖ ਦੇ ਅਗਾਂਹ ਲੰਘ ਜਾਣ ਤੇ ਆਪਣੀ ਹੋਂਦ ਜਤਲਾਉਣ ਦੀ ਤਾਂਘ ਨੂੰ ਖੇਡਾਂ ਭਰਪੂਰ ਹੁੰਘਾਰਾ ਦਿੰਦੀਆਂ ਹਨ। ਖੇਡਾਂ ਦਾ ਇਤਿਹਾਸ ਮਨੁੱਖੀ ਵੰਗਾਰ ਤੇ ਉਸ ਦਾ ਮੁਕਾਬਲਾ ਕਰਨ ਦੀ ਕਥਾ ਹੈ। ਭਾਰਤ ਵਾਸੀਆਂ ਨੇ ਖੇਡਾਂ ਦੇ ਖੇਤਰ ਵਿਚ ਜੋ ਘਾਲਣਾਂ ਘਾਲੀਆਂ ਤੇ ਪ੍ਰਾਪਤੀਆਂ ਕੀਤੀਆਂ, ਉਹ ਹਥਲੀ ਪੁਸਤਕ ਵਿਚ ਹਾਜ਼ਰ ਹਨ। ਆਸ ਹੈ, ਭਾਰਤ ਦੇ ਨੌਜੁਆਨ, ਜੇਤੂਆਂ ਦਾ ਜ਼ਿਕਰ ਪੜ੍ਹ ਕੇ ਨਵੀਆਂ ਜਿੱਤਾਂ ਵੱਲ ਮੂੰਹ ਕਰਨਗੇ। ਜੁਆਨ ਹੋ ਰਹੀ ਪੀੜ੍ਹੀ ਦੀ ਸ਼ਕਤੀ ਝੱਖੜ ਵਾਂਗ ਹੁੰਦੀ ਹੈ। ਝੱਖੜ ਜਿਧਰ ਮੂੰਹ ਕਰ ਲਏ, ਰੁਕਦਾ ਨਹੀਂ।”
ਚੌਥੀ ਪੁਸਤਕ ‘ਪੰਜਾਬੀ ਖਿਡਾਰੀ’ ਮੈਂ ਉਨ੍ਹਾਂ ਖਿਡਾਰੀਆਂ ਨੂੰ ਅਰਪਿਤ ਕੀਤੀ, ਜੋ ਜੇਤੂਆਂ ਸੰਗ ਜੂਝੇ ਤੇ ਉਨ੍ਹਾਂ ਨੂੰ ਜਿੱਤ-ਮੰਚਾਂ ਉਤੇ ਚੜ੍ਹਾਉਣ ਵਿਚ ਸਹਾਈ ਹੋਏ, ਪਰ ਉਨ੍ਹਾਂ ਦਾ ਕਿਸੇ ਨਾਂ ਨਹੀਂ ਲਿਆ। ਉਸ ਵਿਚ ਪੰਜਾਹ ਖਿਡਾਰੀਆਂ ਦੇ ਰੇਖਾ ਚਿੱਤਰ ਹਨ, ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਦੇ ਨਾਲ ਅੰਗਰੇਜ਼ੀ ਵਿਚ ਵੀ ਪ੍ਰਕਾਸ਼ਿਤ ਕੀਤੀ।
ਮੈਥੋਂ ਅਕਸਰ ਪੁਛਿਆ ਜਾਂਦੈ, ਮੈਂ ਕਹਾਣੀਆਂ ਲਿਖਦਾ ਖੇਡਾਂ, ਖਿਡਾਰੀਆਂ ਬਾਰੇ ਲਿਖਣ ਵੱਲ ਕਿਵੇਂ ਮੁੜਿਆ? ਕੀ ਮੈਂ ਖਿਡਾਰੀ ਸਾਂ, ਖੇਡ ਅਧਿਕਾਰੀ ਜਾਂ ਖੇਡਾਂ ਦਾ ਕੋਚ? ਇਹ ਗੱਲ ਪਾਠਕ ਘੱਟ ਹੀ ਜਾਣਦੇ ਹੋਣਗੇ ਕਿ ਕਿੱਤੇ ਵਜੋਂ ਮੈਂ ਕਾਲਜ ਵਿਚ ਪੰਜਾਬੀ ਲੈਕਚਰਰ ਤੇ ਪਿੰ੍ਰਸੀਪਲ ਸਾਂ। ਖੇਡਾਂ, ਖਿਡਾਰੀਆਂ ਬਾਰੇ ਲਿਖਣਾ ਮੇਰਾ ਸ਼ੌਕ ਰਿਹਾ। ਉਂਜ ਹਾਲਤ ਇਹ ਹੈ ਕਿ ਸ਼ੌਕ ਹੀ ਮੇਰਾ ਕਿੱਤਾ ਬਣਿਆ ਹੋਇਐ।
1966 ‘ਚ ਮੈਂ ਖਾਲਸਾ ਕਾਲਜ ਦਿੱਲੀ ਪੜ੍ਹਾਉਂਦਾ ਸਾਂ ਤੇ ਗਰਮੀਆਂ ਦੀਆਂ ਛੁੱਟੀਆਂ ਕਰਕੇ ਪਿੰਡ ਆਇਆ ਹੋਇਆ ਸਾਂ। ਮੈਂ ਖਬਰ ਪੜ੍ਹੀ, ਐੱਨ. ਆਈ. ਐੱਸ਼ ਪਟਿਆਲੇ ਕਿੰਗਸਟਨ ਦੀਆਂ ਕਾਮਨਵੈਲਥ ਖੇਡਾਂ ਲਈ ਅਥਲੀਟਾਂ ਦਾ ਕੋਚਿੰਗ ਕੈਂਪ ਲੱਗਾ ਹੈ। ਉਨ੍ਹਾਂ ਵਿਚੋਂ ਕੁਝ ਅਥਲੀਟਾਂ ਨਾਲ ਮੈਂ ਖੁਦ ਅਭਿਆਸ ਕਰਦਾ ਰਿਹਾ ਸਾਂ। ਉਨ੍ਹੀਂ ਦਿਨੀਂ ਗਾਰਗੀ ਦੀ ਪੁਸਤਕ ‘ਨਿੰਮ ਦੇ ਪੱਤੇ’ ਬੜੀ ਚਰਚਿਤ ਸੀ। ਉਸ ਵਿਚਲੇ ਸਾਹਿਤਕਾਰਾਂ ਦੇ ਰੇਖਾ ਚਿੱਤਰਾਂ ਨੇ ਮੈਨੂੰ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣ ਲਈ ਟੁੰਬ ਦਿੱਤਾ ਸੀ। ਖਬਰ ਪੜ੍ਹ ਕੇ ਮੇਰੇ ਮਨ ‘ਚ ਆਈ ਕਿ ਕੋਚਿੰਗ ਕੈਂਪ ਵਿਚ ਇਕੱਠੇ ਹੋਏ ਨਾਮੀ ਅਥਲੀਟਾਂ ਨਾਲ ਮੇਲ ਮਿਲਾਪ ਦਾ ਸੁਨਹਿਰੀ ਮੌਕਾ ਹੈ। ਮੈਂ ਪਟਿਆਲੇ ਚਲਾ ਗਿਆ।
ਉਥੇ ਅਥਲੀਟਾਂ ਦੇ ਰਿਹਾਇਸ਼ੀ ਕਮਰਿਆਂ ਵਿਚ ਤਣੀਆਂ ‘ਤੇ ਕੱਛੇ, ਬੁਨੈਣਾਂ ਤੇ ਜਾਂਘੀਏ ਸੁੱਕਣੇ ਪਏ ਸਨ। ਮੁੜ੍ਹਕੇ ਦੀ ਮਹਿਕ ਸੀ। ਕਿੱਲੀਆਂ ‘ਤੇ ਰੰਗਦਾਰ ਧਾਰੀਆਂ ਵਾਲੇ ਟਰੈਕ ਸੂਟ ਲਟਕ ਰਹੇ ਸਨ। ਹੇਠਾਂ ਰੰਗ ਬਰੰਗੇ ਦੌੜਨ ਵਾਲੇ ਬੂਟ। ਉਥੇ ਖੁਸ਼-ਦਿਲ ਪਰਵੀਨ ਸੀ, ਸ਼ੌਂਕੀ ਮਹਿੰਦਰ ਗਿੱਲ, ਹੱਸਦਾ ਹਸਾਉਂਦਾ ਅਜਮੇਰ ਮਸਤ ਤੇ ਚੁੱਪ ਕੀਤਾ ਲਾਭ ਸਿੰਘ। ਨਿਰਮਲ ਦੇ ਪੱਟ ਉਤੇ ਸੱਪ ਖੁਣਿਆ ਹੋਇਆ ਸੀ। ਗੁਰਬਚਨ ਰੰਧਾਵਾ ਲੱਤ ਚੁੱਕ ਕੇ ਤਾੜੀ ਮਾਰਦਾ। ਜਰਨੈਲ ਅਮਲੀਆਂ ਵਾਂਗ ਨਿਢਾਲ ਪਿਆ ਸੀ ਤੇ ਜੋਗਿੰਦਰ ਜੋਗੀ ਮੋਚਣੇ ਨਾਲ ਮੁੱਛਾਂ ਸੰਵਾਰ ਰਿਹਾ ਸੀ। ਬਲਵੰਤ ਨੇ ਸ਼ੱਕਰ ਘੋਲ ਕੇ ਸ਼ਰਬਤ ਪਿਆਇਆ ਤੇ ਬਲਦੇਵ ਪੱਤੋ ਵਾਲੇ ਨੇ ਬਦਾਮ ਦਿੱਤੇ।
ਕੁਝ ਰਾਤਾਂ ਹੋਟਲ ‘ਕਾਰਨਰ’ ਵਿਚ ਕੱਟਣ ਪਿਛੋਂ ਮੇਰਾ ਮਹਿੰਦਰਾ ਕਾਲਜ ਦੇ ਹੋਸਟਲ ਵਿਚ ਰਹਿਣ ਦਾ ਜੁਗਾੜ ਬਣ ਗਿਆ। ਸਾਰਾ ਦਿਨ ਅਥਲੀਟਾਂ ਸੰਗ ਬਿਤਾਉਣ ਪਿਛੋਂ ਮੈਂ ਹੋਸਟਲ ਦੇ ਸੁੰਨੇ ਅਹਾਤੇ ਵਿਚ ਬਲਬ ਜਗਾ ਕੇ ਡਾਇਰੀ ‘ਤੇ ਲਿਖਣ ਲਗਦਾ ਤਾਂ ਮੱਛਰ ਮੇਰੇ ਆਲੇ-ਦੁਆਲੇ ਮੰਡਰਾਉਣ ਲਗਦੇ। ਮੈਂ ਵੀਹ ਦਿਨਾਂ ਵਿਚ ਵੀਹ ਬਾਈ ਖਿਡਾਰੀਆਂ ਬਾਰੇ ਦੋ ਢਾਈ ਸੌ ਸਫਿਆਂ ਦੇ ਨੋਟਿਸ ਲੈ ਲਏ। ਉਹ ਨੋਟਿਸ ਮੇਰੀਆਂ ਖੇਡ ਲਿਖਤਾਂ ਦਾ ਆਧਾਰ ਬਣੇ।
ਇਕ ਦਿਨ ਮੈਂ ਟਰੈਕ ਦੀਆਂ ਪੌੜੀਆਂ ‘ਤੇ ਬੈਠਾ ਕੁਝ ਨੋਟ ਕਰ ਰਿਹਾ ਸਾਂ ਕਿ ਨੇੜੇ ਬੈਠੇ ਅਥਲੀਟ ਗੱਲਾਂ ਕਰਨ ਲੱਗੇ। ਅਜਮੇਰ ਮਸਤ ਕਹਿਣ ਲੱਗਾ, “ਉਹ ਜਿਹੜਾ ਲੰਡੂ ਜਿਆ ਅਫਸਰ ਐ ਨਾ, ਟੁੱਟੇ ਜੇ ਲੱਕ ਆਲਾ, ਸਫਰ ਥਰਡ ਕਲਾਸ ‘ਚ ਕਰਦਾ, ਟੀ. ਏ. ਫਸਟ ਕਲਾਸ ਦਾ ਲੈਂਦਾ, ਪਰ ਸਾਨੂੰ ਪਾਈਆ ਦੁੱਧ ਵਧਾਉਂਦੇ ਦੀ ਜਾਨ ਨਿਕਲਦੀ ਆ!”
ਮੇਰੀ ਡਾਇਰੀ ਖੋਲ੍ਹੀ ਹੋਈ ਸੀ। ਗੁਰਬਚਨ ਰੰਧਾਵੇ ਦੀ ਨਿਗ੍ਹਾ ਮੇਰੇ ‘ਤੇ ਪਈ ਤਾਂ ਉਹ ਉਚੀ ਦੇਣੀ ਬੋਲਿਆ, “ਵੀਰਾ ਕਿਤੇ ਇਹ ਨਾ ਲਿਖ ਦੇਈਂ। ਅਸੀਂ ਤਾਂ ਹਸਦੇ ਆਂ, ਹੋਰ ਨਾ ਕਿਤੇ ਪਾਈਏ ਦੁੱਧ ਤੋਂ ਵੀ ਜਾਈਏ?”
ਦਿੱਲੀ ਪਰਤ ਕੇ ਮੈਂ ਸਭ ਤੋਂ ਪਹਿਲਾਂ ਗੁਰਬਚਨ ਸਿੰਘ ਦਾ ਹੀ ਰੇਖਾ ਚਿੱਤਰ ਲਿਖਿਆ, ਜੋ ਉਸ ਸਮੇਂ ਏਸ਼ੀਆ ਦਾ ਅੱਵਲ ਨੰਬਰ ਅਥਲੀਟ ਸੀ। ਉਹ ਡਿਕੈਥਲੋਨ ਦਾ ਏਸ਼ੀਆ ਚੈਂਪੀਅਨ ਸੀ ਤੇ ਹਰਡਲਾਂ ਦੀ ਦੌੜ ਵਿਚੋਂ ਟੋਕੀਓ ਦੀਆਂ ਓਲੰਪਿਕ ਖੇਡਾਂ ‘ਚ ਪੰਜਵੇਂ ਨੰਬਰ ‘ਤੇ ਆਇਆ ਸੀ। ਉਹਦਾ ਸਿਰਲੇਖ ਮੈਂ ‘ਮੁੜ੍ਹਕੇ ਦਾ ਮੋਤੀ’ ਰਖਿਆ, ਜੀਹਨੂੰ ਸਾਹਿਤਕ ਪਰਚੇ ‘ਆਰਸੀ’ ਨੇ ਛਾਪਿਆ। ਰੇਖਾ ਚਿੱਤਰ ਛਪਣ ਪਿਛੋਂ ਗੁਰਬਚਨ ਰੰਧਾਵਾ ਕਨਾਟ ਪਲੇਸ ਵਿਚ ਮਿਲਿਆ ਤੇ ਪੈਂਦੀ ਸੱਟੇ, ‘ਉਹ ਕੀ ਲਿਖ ਮਾਰਿਆ ਈ ਭਾਊ’ ਦਾ ਉਲਾਂਭਾ ਦੇ ਕੇ ਚਲਦਾ ਬਣਿਆ। ਉਸ ਰੇਖਾ ਚਿੱਤਰ ਵਿਚ ਮੈਂ ਲਿਖਿਆ ਸੀ, “ਅਥਲੈਟਿਕਸ ਗੁਰਬਚਨ ਸਿੰਘ ਦੇ ਲਹੂ ਵਿਚ ਹੈ। ਇਹਦੇ ਵਿਚ ਅੱਗੇ ਤੋਂ ਅੱਗੇ ਆਉਣ ਲਈ ਉਹਨੇ ਦਿਨ ਰਾਤ ਮੁੜ੍ਹਕਾ ਡੋਲ੍ਹਿਆ ਹੈ ਤੇ ਹੁਣ ਉਹ ਹਰਡਲਾਂ ਉਤੇ ਬਾਜ ਵਾਂਗ ਉਡ ਰਿਹੈ…!”
ਹੱਸ-ਹੱਸ ਮਿਲਦੇ ਉਸ ਸੋਹਣੇ ਸੱਜਣ ਨੂੰ ਰੋਸੇ ਵਿਚ ਰੁਖਸਤ ਹੋ ਗਿਆ ਤਕ ਕੇ ਮੇਰੀਆਂ ਅੱਖਾਂ ਭਰ ਆਈਆਂ ਤੇ ਮੈਂ ਵਰਾਂਡੇ ਦੀ ਨੁੱਕਰ ਵਿਚ ਜਾ ਖੜ੍ਹਾ ਹੋਇਆ।
ਉਧਰੋਂ ਭਾਪਾ ਪ੍ਰੀਤਮ ਸਿੰਘ ਦਾ ਫੋਨ ਆਇਆ ਕਿ ਕਿਸੇ ਹੋਰ ਖਿਡਾਰੀ ਦਾ ਰੇਖਾ ਚਿੱਤਰ ਵੀ ਭੇਜੋ। ਮੈਂ ਪਰਵੀਨ ਕੁਮਾਰ ਬਾਰੇ ਲਿਖਿਆ ਤੇ ਉਹਦਾ ਸਿਰਲੇਖ ‘ਧਰਤੀ ਧੱਕ’ ਰੱਖਿਆ। ਉਸ ਨੂੰ ਆਰਸੀ ਨੇ ਮੂਹਰੇ ਕਰ ਕੇ ਛਾਪਿਆ। ਪਾਠਕਾਂ ਨੇ ਰੱਜਵੀਂ ਪ੍ਰਸ਼ੰਸਾ ਕੀਤੀ। ਪਰਵੀਨ ਦੀਆਂ ਗੱਲਾਂ ਬਾਤਾਂ ਹਾਸੇ ਮਖੌਲ ਵਾਲੀਆਂ ਸਨ। ਮੈਂ ਵੀ ਕਸਰ ਨਹੀਂ ਸੀ ਛੱਡੀ। ਲਿਖਿਆ, “ਸਵਾ ਕੁਇੰਟਲ ਦਾ ਪਰਵੀਨ ਜਦੋਂ ਰੇਡੀਓ ਦੇ ਗਾਣੇ ਨਾਲ ਨਚਦਾ ਹੈ ਤਾਂ ਮੋਢਿਆਂ ਨਾਲ ਲੱਕ ਵੀ ਹਿਲਾਉਂਦੈ। ਉਹਦਾ ਹਿਲਦਾ ਲੱਕ ਇਉਂ ਲਗਦੈ ਜਿਵੇਂ ਕੁਇੰਟਲ ਦੀ ਬੋਰੀ ਹਿਲਦੀ ਹੋਵੇ!”
ਫਿਰ ‘ਅੱਗ ਦੀ ਨਾਲ’ ਛਪਿਆ ਤਾਂ ਇਕ ਪਾਠਕ ਨੇ ਲਿਖਿਆ, “ਸਰਦਾਰਾ ਤਾਂ ਅੱਗ ਦੀ ਨਾਲ ਹੈ ਈ, ਮੈਨੂੰ ਲਿਖਣ ਵਾਲਾ ਵੀ ਘੱਟ ਨਹੀਂ ਲਗਦਾ।”
ਮੇਰਾ ਹੌਂਸਲਾ ਵਧ ਗਿਆ। ਮੈਂ ‘ਸ਼ਹਿਦ ਦਾ ਘੁੱਟ’, ‘ਅਲਸੀ ਦਾ ਫੁੱਲ’, ‘ਕਲਹਿਰੀ ਮੋਰ’, ‘ਪੱਤੋ ਵਾਲਾ’, ‘ਪੌਣ ਦਾ ਹਾਣੀ’, ‘ਜੰਗਲੀ ਮੋਰ’ ਤੇ ‘ਗੁਰੂ ਨਾਨਕ ਦਾ ਗਰਾਂਈਂ’ ਆਦਿ ਦਸ-ਬਾਰਾਂ ਰੇਖਾ ਚਿੱਤਰ ‘ਆਰਸੀ’ ਲਈ ਲਗਾਤਾਰ ਲਿਖੇ। ਮੈਨੂੰ ਸੋਝੀ ਹੋਈ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਰਚੀਆਂ ਜਾਂਦੀਆਂ ਰਚਨਾਵਾਂ ਮਨੁੱਖ ਦੀ ਜਿੱਤਾਂ ਜਿੱਤਣ ਲਈ ਜੂਝ ਰਹੀ ਸ਼ਕਤੀ ਦਾ ਬਿਰਤਾਂਤ ਹੋਣ ਕਰਕੇ ਅਗਾਂਹਵਧੂ ਹੁੰਦੀਆਂ ਹਨ। ਇਹ ਵੀ ਅਹਿਸਾਸ ਹੋਇਆ ਕਿ ਖੇਡਾਂ ਦੇ ਨਾਇਕਾਂ ਦੀ ਸਿਰਜਣਾ ਨੌਜੁਆਨਾਂ ਲਈ ਪ੍ਰੇਰਨਾ ਦਾ ਸੋਮਾ ਹੁੰਦੀ ਹੈ। ਮੈਂ ਸੁਤੇ ਸਿਧ ਖਿਡਾਰੀਆਂ ਨੂੰ ਨਾਇਕਾਂ ਵਾਂਗ ਪੇਸ਼ ਕਰ ਰਿਹਾ ਸਾਂ।
1967 ‘ਚ ਮੈਂ ਦਿੱਲੀ ਛੱਡ ਢੁੱਡੀਕੇ ਆ ਗਿਆ। ਖੇਡ ਖਿਡਾਰੀਆਂ ਨਾਲੋਂ ਨਾਤਾ ਟੁੱਟ ਜਾਣ ਕਾਰਨ ਮੇਰੀ ਲਿਖਣ ਦੀ ਰਫਤਾਰ ਘਟ ਗਈ। ਬੱਸ ਸਾਰਾਦਿੰਦੂ ਸਾਨਿਆਲ ਦੀ ਪੁਸਤਕ ਦਾ ‘ਭਾਰਤ ਵਿਚ ਹਾਕੀ’ ਨਾਂ ਹੇਠ ਅਨੁਵਾਦ ਕੀਤਾ। 1975 ਵਿਚ ਮੈਂ ਮੁੜ ਰਫਤਾਰ ਫੜੀ। ਉਨ੍ਹੀਂ ਦਿਨੀਂ ਦਿੱਲੀ ਤੋਂ ‘ਸਚਿੱਤਰ ਕੌਮੀ ਏਕਤਾ’ ਮੈਗਜ਼ੀਨ ਸ਼ੁਰੂ ਹੋਇਆ ਸੀ, ਜਿਸ ਦੀ ਇਸ਼ਾਇਤ ਲੱਖ ਤਕ ਚਲੀ ਗਈ। ਡਾ. ਹਰਿਭਜਨ ਸਿੰਘ ਨੇ ਮੈਨੂੰ ‘ਖੇਡਾਂ ਵਿਚ ਪੰਜਾਬੀ’ ਅੰਕ ਲਈ ਲੇਖ ਲਿਖਣ ਨੂੰ ਕਿਹਾ। ਮੈਂ ‘ਪੰਜਾਬ ਦੇ ਖਿਡਾਰੀ’ ਲੇਖ ਭੇਜਿਆ ਤਾਂ ਮੈਨੂੰ ਮਨੀ ਆਰਡਰ ਮਿਲਿਆ। ਸਚਿੱਤਰ ਕੌਮੀ ਏਕਤਾ ਨੇ ਇਕ ਸਥਾਈ ਕਾਲਮ ‘ਖੇਡ ਮੈਦਾਨ ‘ਚੋਂ’ ਸ਼ੁਰੂ ਕੀਤਾ, ਜੋ ਮੈਂ ਪੰਦਰਾਂ ਸਾਲ ਲਿਖਿਆ। ਉਸੇ ਰਸਾਲੇ ਵਿਚ ਮੈਂ ‘ਪਹਿਰੇਦਾਰ’ ਦੇ ਨਾਂ ਹੇਠ ‘ਪਿੰਡ ਦੀ ਸੱਥ ‘ਚੋਂ’ ਕਾਲਮ ਲਿਖਦਾ ਰਿਹਾ।
1978 ਵਿਚ ਸ਼ੁਰੂ ਹੋਏ ‘ਪੰਜਾਬੀ ਟ੍ਰਿਬਿਊਨ’ ਨੇ ਮੇਰੀ ਲਿਖਣ ਚਾਲ ਹੋਰ ਤੇਜ਼ ਕਰਵਾ ਦਿੱਤੀ। ਉਹਦੇ ਹਫਤਾਵਾਰ ਖੇਡ-ਅੰਕਾਂ ਲਈ ਲਿਖਣ ਤੋਂ ਸਿਵਾ ਮੈਂ ਉਸ ਅਖਬਾਰ ਲਈ ਬੰਬਈ ਦਾ ਹਾਕੀ ਵਿਸ਼ਵ ਕੱਪ ਅਤੇ ਦਿੱਲੀ ਤੇ ਸਿਓਲ ਦੀਆਂ ਏਸ਼ਿਆਈ ਖੇਡਾਂ ਕਵਰ ਕੀਤੀਆਂ। ਬਰਜਿੰਦਰ ਸਿੰਘ ਨੇ ਪਹਿਲਾਂ ਮੈਨੂੰ ‘ਪੰਜਾਬੀ ਟ੍ਰਿਬਿਊਨ’ ਨਾਲ ਤੇ ਫਿਰ ‘ਅਜੀਤ’ ਨਾਲ ਜੋੜਿਆ ਹੋਇਆ ਹੈ। ਮੈਂ ਟੋਰਾਂਟੋ ਦੇ ‘ਪਰਵਾਸੀ’, ‘ਖਬਰਨਾਮਾ’, ‘ਪੰਜਾਬੀ ਪੋਸਟ’, ਵੈਨਕੂਵਰ ਦੇ ‘ਇੰਡੋ ਕੈਨੇਡੀਅਨ ਟਾਇਮਜ਼’, ਲੰਡਨ ਦੇ ‘ਦੇਸ ਪ੍ਰਦੇਸ’ ਤੇ ਅਮਰੀਕਾ ਦੇ ‘ਪੰਜਾਬ ਟਾਈਮਜ਼’ ਆਦਿ ਪਰਚਿਆਂ ਲਈ ਲਗਾਤਾਰ ਲਿਖ ਰਿਹਾਂ। ਕਹਾਣੀਆਂ ਲਿਖਦਾ ਰਹਿੰਦਾ ਤਾਂ ਮੈਂ ਕਹਾਣੀਆਂ ਜੋਗਾ ਹੀ ਹੋ ਜਾਣਾ ਸੀ। ਕਹਾਣੀਕਾਰਾਂ ‘ਚ ਪਤਾ ਨਹੀਂ ਮੇਰਾ ਕੋਈ ਸਥਾਨ ਹੁੰਦਾ ਜਾਂ ਨਾ। ਜਿੰਨਾ ਮਾਣ ਸਨਮਾਨ ਮੈਨੂੰ ਮੇਰੀ ਖੇਡ ਲੇਖਣੀ ਨੇ ਦੁਆਇਆ, ਉਹ ਸ਼ਾਇਦ ਕਹਾਣੀਕਾਰ ਵਜੋਂ ਨਾ ਮਿਲ ਸਕਦਾ।
ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਖੇਡ ਸਾਹਿਤ ਦੇ ਵਾਧੇ ਲਈ ਅਨੇਕਾਂ ਅਖਬਾਰ ਤੇ ਰਸਾਲਿਆਂ ਦੇ ਖੇਡ ਅੰਕ ਨਿਕਲ ਰਹੇ ਹਨ। ਮੇਰੀ ਰੀਸ ਨਾਲ ਬਹੁਤ ਸਾਰੀਆਂ ਨਵੀਆਂ ਕਲਮਾਂ ਨੇ ਇਸ ਪਾਸੇ ਲਿਖਣਾ ਸ਼ੁਰੂ ਕੀਤਾ ਹੈ। ਪੰਜਾਬੀ ਵਿਚ ਸਵਾ ਸੌ ਤੋਂ ਵੱਧ ਖੇਡ ਪੁਸਤਕਾਂ ਵਜੂਦ ਵਿਚ ਆ ਚੁੱਕੀਆਂ ਹਨ, ਜਿਨ੍ਹਾਂ ਵਿਚ ਵੀਹ-ਬਾਈ ਤਾਂ ਮੇਰੀਆਂ ਹੀ ਹਨ। ਇਕ ਸਾਹਿਤਕ ਗੋਸ਼ਟੀ ਵਿਚ ਜਦੋਂ ਇਕ ਆਲੋਚਕ ਨੇ ਖੇਡ ਲੇਖਕਾਂ ਨੂੰ ਸਾਹਿਤਕਾਰ ਮੰਨਣੋਂ ਹੀ ਇਨਕਾਰ ਕਰ ਦਿੱਤਾ ਤਾਂ ਮੈਥੋਂ ਆਖਿਆ ਗਿਆ, “ਤੁਸੀ ਸਾਨੂੰ ਸਾਹਿਤਕਾਰ ਨਹੀਂ ਸਮਝਦੇ ਤਾਂ ਸਿਹਤਕਾਰ ਹੀ ਸਮਝ ਲਓ। ਜੇ ਸਾਡੇ ‘ਚ ਦਮ ਹੋਇਆ ਤਾਂ ਅਸੀਂ ਪੰਜਾਬੀ ਖੇਡ ਅਦਬ ਦੀ ਵੱਖਰੀ ਅਲਮਾਰੀ ਸ਼ਿੰਗਾਰ ਕੇ ਵਿਖਾਵਾਂਗੇ। ਸਾਡੇ ਵਿਚ ਸਪਰਿੰਟਾਂ ਲਾਉਣ ਵਾਲੇ ਵੀ ਹਨ ਤੇ ਮੈਰਾਥਨ ਲਾਉਣ ਵਾਲੇ ਵੀ। ਅਸੀਂ ਹਰ ਹਾਲਤ ‘ਚ ਮੰਜ਼ਿਲਾਂ ਸਰ ਕਰਾਂਗੇ।”
ਮੈਂ ਤਾਂ ਇਹੋ ਆਖਾਂਗਾ, “ਦੋਸਤੋ ਆਪਣੀਆਂ ਕਲਮਾਂ ਹੋਰ ਮਜ਼ਬੂਤੀ ਨਾਲ ਫੜੋ। ਸਾਡੀ ਮਾਂ ਬੋਲੀ ਵਿਚ ਖੇਡ ਸਾਹਿਤ ਦਾ ਪਹੁਫੁਟਾਲਾ ਹੀ ਹੋਇਆ ਹੈ, ਸਵੇਰਾ ਹੋ ਰਿਹੈ, ਧੁੱਪਾਂ ਦੂਰ ਹਨ ਤੇ ਤਿੱਖੜ ਦੁਪਹਿਰ ਦੀਆਂ ਮੰਜ਼ਿਲਾਂ ਹੋਰ ਵੀ ਦੂਰ!”
ਮੇਰੀ ਮੈਰਾਥਨ ਦੌੜ ਜਾਰੀ ਹੈ, ਜੋ ਉਦੋਂ ਤਕ ਜਾਰੀ ਰਹੇਗੀ, ਜਦੋਂ ਤਕ ਡਿੱਗ ਨਹੀਂ ਪੈਂਦਾ।