ਸਿੱਖ ਧਰਮ ਬਨਾਮ ਪੁਜਾਰੀਵਾਦ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਜਥੇਦਾਰਾਂ ਨੂੰ ਚੈਲੰਜ
ਸਿੱਖ ਧਾਰਮਿਕ ਸੰਸਥਾਵਾਂ ਵਿਚ ਆਇਆ ਨਿਘਾਰ ਪਿਛਲੇ ਕੁਝ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਕੁਝ ਸਮੇਂ ਤੋਂ ਇਸ ਬਾਬਤ ਕੁਝ ਅਵਾਜ਼ਾਂ ਵੀ ਬੁਲੰਦ ਰੂਪ ਵਿਚ ਪ੍ਰਗਟ ਹੋਈਆਂ ਹਨ। ਕੈਨੇਡਾ ਤੋਂ ਛਪਦੇ ਪਰਚੇ ‘ਸਿੱਖ ਵਿਰਸਾ’ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਨੇ ਆਪਣੇ ਇਸ ਲੇਖ ਵਿਚ ਸਿੱਖੀ ਅੰਦਰ ਪੁਜਾਰੀਵਾਦ ਦੇ ਪਿਛੋਕੜ ਬਾਰੇ ਚਰਚਾ ਕਰਦਿਆਂ ਅੱਜ ਦੇ ਹਾਲਾਤ ਦੀ ਪੁਣਛਾਣ ਕੀਤੀ ਹੈ।

-ਸੰਪਾਦਕ

ਹਰਚਰਨ ਸਿੰਘ ਪਰਹਾਰ
ਫੋਨ: 403-681-8689
ਸਿੱਖ ਧਰਮ ਹੋਰਨਾਂ ਵੱਡੇ ਧਰਮਾਂ ਦੇ ਮੁਕਾਬਲੇ ਕਾਫੀ ਨਵਾਂ ਹੈ। ਗੁਰੂਆਂ ਕੋਲ ਪੁਰਾਣੇ ਧਰਮਾਂ, ਧਰਮ ਗੁਰੂਆਂ, ਧਰਮ ਗ੍ਰੰਥਾਂ ਦਾ ਤਜਰਬਾ ਮੌਜੂਦ ਸੀ। ਇਸ ਲਈ ਉਨ੍ਹਾਂ ਨੇ ਆਪਣੀ ਤੇ ਆਪਣੇ ਸਮੇਂ ਤੋਂ ਪਹਿਲੇ ਇਨਕਲਾਬੀ ਮਹਾਂਪੁਰਸ਼ਾਂ ਦੀ ਹੱਥ ਲਿਖਤ ਬਾਣੀ ਨੂੰ ਇਕੱਤਰ ਕਰ ਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਇਸ ਢੰਗ ਨਾਲ ਸ਼ਾਮਿਲ ਕਰ ਦਿੱਤਾ ਕਿ ਉਸ ਵਿਚ ਕੋਈ ਤਬਦੀਲੀ ਨਾ ਹੋ ਸਕੇ। ਵਿਰੋਧੀ ਕਾਬਜ਼ ਜਮਾਤਾਂ ਲਈ ਇਹ ਵੱਡਾ ਚੈਲਿੰਜ ਸੀ, ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਦੇ ਹੋਰ ਕਾਰਨਾਂ ਦੇ ਨਾਲ ਇਹ ਵੀ ਇੱਕ ਵੱਡਾ ਕਾਰਨ ਸੀ, ਉਨ੍ਹਾਂ ਵਲੋਂ ਰਚੇ ‘ਆਦਿ ਗ੍ਰੰਥ’ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਜਾਵੇ। ਇਹੀ ਕਾਰਨ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਦਸਵੇਂ ਗੁਰੂ ਜੀ ਤੱਕ ‘ਆਦਿ ਗ੍ਰੰਥ’ ਬਾਰੇ ਕੋਈ ਜ਼ਿਕਰ ਨਹੀਂ ਮਿਲਦਾ ਕਿਉਂਕਿ ਉਨ੍ਹਾਂ ਨੇ ਇਸ ਨੂੰ ਕਿਸੇ ਸੁਰੱਖਿਅਤ ਥਾਂ ‘ਤੇ ਸੰਭਾਲ ਕੇ ਰੱਖ ਲਿਆ ਸੀ।
ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਵਿਚ ਜਿਥੇ ਆਪਣੀ ਬਾਣੀ ਰਾਹੀਂ ਭਾਰਤ ਵਿਚ ਪ੍ਰਚਲਤ ਪੁਜਾਰੀਆਂ ਆਧਾਰਿਤ ਫਿਰਕਿਆਂ ਹਿੰਦੂ, ਬੋਧੀ, ਜੈਨੀ, ਜੋਗੀ, ਸਨਿਆਸੀ, ਇਸਲਾਮ ਆਦਿ ਦੀਆਂ ਪ੍ਰੰਪਰਾਵਾਂ, ਮਨੌਤਾਂ, ਮਰਿਯਾਦਾਵਾਂ ਨੂੰ ਤਰਕ, ਦਲੀਲ, ਬਿਬੇਕ, ਵਿਚਾਰ ਰਾਹੀਂ ਚੈਲਿੰਜ ਸ਼ੁਰੂ ਕੀਤਾ, ਉਥੇ ਸਮੇਂ ਦੇ ਬਾਬਰਾਂ ਤੇਅ ਮਲਕ ਭਾਗੋਆਂ ਨਾਲ ਵੀ ਟੱਕਰ ਲੈਣੀ ਸ਼ੁਰੂ ਕਰ ਦਿੱਤੀ। ਨਤੀਜੇ ਵਜੋਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਵੱਖ-ਵੱਖ ਧਰਮਾਂ ਦੇ ਪੁਜਾਰੀਆਂ, ਖਾਸਕਰ ਬ੍ਰਾਹਮਣ ਪੁਜਾਰੀਆਂ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂਆਂ ਦੇ ਬੱਚਿਆਂ ਤੇ ਪਰਿਵਾਰਾਂ ਨੂੰ ਹੀ ਗੁਰੂਆਂ ਦੇ ਖਿਲਾਫ ਖੜ੍ਹਾ ਕਰ ਲਿਆ ਸੀ। ਇਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਸ੍ਰੀ ਚੰਦ ਰਾਹੀਂ ਗੁਰੂਆਂ ਦੀ ਲਹਿਰ ਦੇ ਮੁਕਾਬਲੇ ਤੇ ਸਮਾਂਤਰ ਉਦਾਸੀ ਮੱਤ ਚਲਾ ਦਿੱਤਾ ਸੀ। ਗੁਰੂਆਂ ਦੇ ਮੌਕੇ ਦੀਆਂ ਹਕੂਮਤਾਂ ਨਾਲ ਟਕਰਾਅ ਦੇ ਬਹੁਤ ਸਾਰੇ ਕਾਰਨਾਂ ਵਿਚੋਂ ਇੱਕ ਕਾਰਨ ਬ੍ਰਾਹਮਣ ਪੁਜਾਰੀਆਂ, ਮੁਸਲਮਾਨ ਕਾਜ਼ੀਆਂ ਤੇ ਗੁਰੂਆਂ ਦੇ ਪਰਿਵਾਰਾਂ ਵਲੋਂ ਨਿਭਾਈ ਵਿਰੋਧੀ ਭੂਮਿਕਾ ਵੀ ਸੀ। ਜਿਥੇ ਪੁਜਾਰੀਆਂ ਤੇ ਵਿਰੋਧੀਆਂ ਵਲੋਂ ਗੁਰੂਆਂ ਖਿਲਾਫ ਬੜੇ ਔਖੇ ਹਾਲਾਤ ਬਣਾ ਦਿੱਤੇ ਗਏ ਸਨ, ਉਥੇ ਉਨ੍ਹਾਂ ਨੇ ਗੁਰੂਆਂ ਦੇ ਸਮਿਆਂ ਵਿਚ ਹੀ ਕਈ ਅਜਿਹੇ ਗ੍ਰੰਥ ਲਿਖਣੇ ਸ਼ੁਰੂ ਕਰ ਦਿੱਤੇ ਸਨ, ਜਿਨ੍ਹਾਂ ਨੂੰ ਬਾਅਦ ਵਿਚ ਸਿੱਖੀ ਨੂੰ ਪੁਜਾਰੀਵਾਦ ਦੀ ਝੋਲੀ ਪਾਉਣ ਲਈ ਵਰਤਿਆ ਜਾਣਾ ਸੀ।
ਜਿਉਂ ਹੀ ਗੁਰੂ ਗੋਬਿੰਦ ਸਿੰਘ ਦਾ ਸਮਾਂ ਖਤਮ ਹੁੰਦਾ ਹੈ, ਇਹ ਸਾਰੀਆਂ ਗੁਰੂ ਘਰ ਵਿਰੋਧੀ ਤਾਕਤਾਂ ਸਿੱਖੀ ‘ਤੇ ਕਾਬਜ਼ ਹੋਣੀਆਂ ਸ਼ੁਰੂ ਹੋ ਗਈਆਂ ਸਨ। ਗੁਰੂ ਸਾਹਿਬ ਵਲੋਂ ਆਪਣੇ ਆਖਰੀ ਸਮੇਂ ਵਿਚ ਪੰਜਾਬ ਭੇਜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਾਉਣ ਵਿਚ ਇਨ੍ਹਾਂ ਤਾਕਤਾਂ ਦੀ ਮੁੱਖ ਭੂਮਿਕਾ ਸੀ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਜਾਂ ਖਾਲਸੇ ਆਪਣਾ ਅਗਲਾ ਗੁਰੂ ਨਾ ਮੰਨ ਲੈਣ। ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਚਾਰੇ ਪੁੱਤਰਾਂ ਨੂੰ ਸ਼ਹੀਦ ਕਰਨ ਤੋਂ ਬਾਅਦ, ਉਹ ਖਾਲਸਾ ਪੰਥ ਨੂੰ ਪੱਕੇ ਤੌਰ ‘ਤੇ ਲੀਡਰਲੈੱਸ ਕਰਨ ਲਈ ਹਰ ਯਤਨ ਕਰ ਰਹੇ ਸਨ ਤੇ ਜਦੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਮੁਗਲੀਆਂ ਹਕੂਮਤ ਨਾਲ ਬੰਦਈ ਖਾਲਸੇ ਦੀ ਸਿੱਧੀ ਟੱਕਰ ਹੋ ਗਈ ਤੇ ਬੰਦਈ ਖਾਲਸੇ ਨੂੰ ਜੰਗਲਾਂ ਪਹਾੜਾਂ ਤੇ ਰਾਜਸਥਾਨ ਦੇ ਮਾਰੂਥਲਾਂ ਵਿਚ ਜਾਣਾ ਪਿਆ ਤਾਂ ਇਹ ਤਾਕਤਾਂ ਸ੍ਰੀ ਚੰਦੀਆਂ, ਪ੍ਰਿਥੀ ਚੰਦੀਆਂ, ਧੀਰਮੱਲੀਆਂ, ਰਾਮਰਾਈਆਂ, ਨਿਰੰਜਣੀਆਂ, ਉਦਾਸੀਆਂ, ਨਿਰਮਲਿਆਂ ਆਦਿ ਦੇ ਰੂਪ ਵਿਚ ਆ ਕਾਬਜ਼ ਹੋਈਆਂ। ਇਥੇ ਇਹ ਵੀ ਵਰਨਣਯੋਗ ਹੈ ਕਿ ਤੱਤ ਖਾਲਸਾ ਗੁਰੂ ਘਰ ਵਿਰੋਧੀ ਧਿਰ ਸੀ ਤੇ ਅਸਲੀ ਖਾਲਸੇ ਬੰਦਈ ਹੀ ਸਨ ਪਰ ਬਾਅਦ ਵਿਚ ਤੱਤ ਖਾਲਸੇ ਨੇ ਸਿੱਖੀ ‘ਤੇ ਕਬਜ਼ਾ ਕਰ ਲਿਆ ਜੋ ਅੱਜ ਤੱਕ ਜਾਰੀ ਹੈ।
ਇਹੀ ਉਹ 85 ਸਾਲ ਦਾ ਸਮਾਂ ਸੀ, ਜਦੋਂ 1716 (ਬੰਦਾ ਸਿੰਘ ਬਹਾਦਰ ਦੀ ਸ਼ਹਾਦਤ) ਤੋਂ 1801 (ਮਹਾਰਾਜਾ ਰਣਜੀਤ ਸਿੰਘ ਵਲੋਂ ਖਾਲਸਾ ਰਾਜ ਦੀ ਸਥਾਪਨਾ) ਤੱਕ ਇਨ੍ਹਾਂ ਨਿਰਮਲੇ ਵਿਦਵਾਨਾਂ (ਕਾਂਸ਼ੀ ਦੇ ਬ੍ਰਾਹਮਣ ਵਿਦਵਾਨਾਂ) ਨੇ ਅਨੇਕਾਂ ਗ੍ਰੰਥ ਲਿਖੇ ਤੇ ਉਦਾਸੀ ਮਹੰਤਾਂ (ਹਰਿਦੁਆਰ ਦੇ ਪਾਂਡਿਆਂ) ਰਾਹੀਂ ਸਿੱਖਾਂ ਵਿਚ ਇਨ੍ਹਾਂ ਦਾ ਪ੍ਰਚਾਰ ਕੀਤਾ। ਇਨ੍ਹਾਂ ਗ੍ਰੰਥਾਂ ਨੂੰ ਲਿਖਣ ਦਾ ਮੁੱਖ ਮਕਸਦ ਇਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿਚ ਉਹ ਤਬਦੀਲੀ ਕਰ ਨਹੀਂ ਸਕਦੇ ਸਨ ਤੇ ਹੋਰ ਗ੍ਰੰਥ ਇਤਨੇ ਖੜ੍ਹੇ ਕਰ ਦਿੱਤੇ ਜਾਣ ਕਿ ਗੁਰੂ ਗ੍ਰੰਥ ਸਾਹਿਬ ਇਨ੍ਹਾਂ ਵਿਚੋਂ ਇੱਕ ਗ੍ਰੰਥ ਬਣ ਜਾਵੇ। ਦੂਜਾ ਕੰਮ ਉਨ੍ਹਾਂ ਇਹ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟਿਕਾਉਣ, ਗੋਲਕ ਰੱਖ ਕੇ ਪੈਸੇ ਇਕੱਠੇ ਕਰਨ ਤੇ ਹੁਣ ਪਾਠਾਂ ਰਾਹੀਂ ਇਨਕਮ ਦਾ ਸਾਧਨ ਬਣਾ ਦਿੱਤਾ ਤੇ ਕਥਾ ਗੁਰਦੁਆਰਿਆਂ ਵਿਚ ਇਨ੍ਹਾਂ ਗ੍ਰੰਥਾਂ ਦੀ ਪ੍ਰਚਲਤ ਕਰ ਦਿੱਤੀ।
ਇਨ੍ਹਾਂ ਗ੍ਰੰਥਾਂ ਵਿਚੋਂ ਮੁੱਖ ਭਾਈ ਬਾਲੇ ਵਾਲੀ ਜਨਮ ਸਾਖੀ, ਵਲਾਇਤ ਵਾਲੀ ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ, ਜਨਮ ਸਾਖੀ ਗੁਰੂ ਨਾਨਕ ਸ਼ਾਹ ਕੀ, ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਗੁਰ ਬਿਲਾਸ ਪਾਤਸ਼ਾਹੀ ਦਸਵੀਂ, ਗੁਰੂਆਂ ਦੇ ਨਾਮ ਤੇ ਹੁਕਮਨਾਮੇ ਤੇ ਗੁਰੂਆਂ ਦੇ ਪ੍ਰਮੁੱਖ ਸਿੱਖਾਂ ਦੇ ਨਾਮ ਤੇ ਰਹਿਤਨਾਮੇ, ਵਾਰ ਪਾਤਸ਼ਾਹੀ ਦਸਵੀਂ ਕੀ, ਵਿਦਿਆ ਸਾਗਰ ਗ੍ਰੰਥ, ਸੌ ਸਾਖੀਆਂ (ਭਵਿੱਖ ਬਾਣੀਆਂ), ਸ੍ਰੀ ਗੁਰ ਸੋਭਾ, ਮਹਿਮਾ ਪ੍ਰਕਾਸ਼, ਜਨਮ ਸਾਖੀ ਭਾਈ ਮਨੀ ਸਿੰਘ, ਗੁਰੂ ਕੀਆਂ ਸਾਖੀਆਂ, ਗੁਰ ਪਰਨਾਲੀ, ਗੋਸ਼ਟੀ ਬਾਬਾ ਨਾਨਕ, ਗੋਸ਼ਟੀਆਂ ਮੇਹਰਬਾਨ ਜੀ ਕੀਆਂ, ਭਗਤ ਰਤਨਾਵਲੀ, ਬੰਸਾਵਲੀਨਾਮਾ ਦਸ ਪਾਤਸ਼ਾਹੀਆਂ ਕਾ, ਅਮਰਨਾਮਾ, ਸ਼ਸਤਰਨਾਮ ਮਾਲਾ, ਬਚਿੱਤਰ ਨਾਟਕ, ਦਸਮ ਗ੍ਰੰਥ (ਜਿਸ ਵਿਚ ਵੱਖ-ਵੱਖ ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ) ਆਦਿ ਹਨ। ਫਿਰ ਇਨ੍ਹਾਂ ਗ੍ਰੰਥਾਂ ਦੇ ਆਧਾਰ ਤੇ ਸੂਰਜ ਪ੍ਰਕਾਸ਼ ਗ੍ਰੰਥ (ਕਵੀ ਸੰਤੋਖ ਸਿੰਘ), ਪ੍ਰਾਚੀਨ ਪੰਥ ਪ੍ਰਕਾਸ਼ (ਰਤਨ ਸਿੰਘ ਭੰਗੂ), ਸ੍ਰੀ ਗੁਰ ਪੰਥ ਪ੍ਰਕਾਸ਼ (ਗਿਆਨੀ ਗਿਆਨ ਸਿੰਘ), ਗੁਰੂ ਨਾਨਕ ਚਮਤਕਾਰ ਤੇ ਦਸਮ ਚਮਤਕਾਰ (ਭਾਈ ਵੀਰ ਸਿੰਘ) ਨੇ ਲਿਖੇ ਸਨ। ਇਸ ਤੋਂ ਬਾਅਦ 1801-1839 (ਸਿੱਖ ਰਾਜ) ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਗੁਰੂਆਂ ਜਾਂ ਸਿੱਖ ਇਤਿਹਾਸ ਨਾਲ ਸਬੰਧਤ ਸਥਾਨਾਂ ਨੂੰ ਵੱਡੀਆਂ-ਵੱਡੀਆਂ ਜ਼ਮੀਨਾਂ ਤੇ ਪੈਸਾ ਦਿੱਤਾ, ਜਿਸ ਨਾਲ ਇਥੇ ਕਾਬਜ਼ ਉਦਾਸੀ ਮਹੰਤ ਤੇ ਨਿਰਮਲੇ ਸੰਤ ਬਹੁਤ ਮਜ਼ਬੂਤ ਹੋ ਗਏ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਨੂੰ ਕਾਬੂ ਕਰਨ ਲਈ ਇਨ੍ਹਾਂ ਸੰਤਾਂ ਤੇ ਮਹੰਤਾਂ ਨੂੰ ਕਾਬੂ ਕਰ ਲਿਆ। ਬਹੁਤ ਸਾਰੇ ਗ੍ਰੰਥ ਤੇ ਪ੍ਰੰਪਰਾਵਾਂ ਅੰਗਰੇਜ਼ਾਂ ਵਲੋਂ ਵੀ ਚਲਾਈਆਂ ਗਈਆਂ। ਇਥੇ ਇਹ ਵਰਨਣਯੋਗ ਹੈ ਕਿ ਗੁਰੂ ਨਾਨਕ ਸਾਹਿਬ ਦੇ ਪੁੱਤਰ ਸ੍ਰੀ ਚੰਦ ਰਾਹੀਂ ਸ਼ੁਰੂ ਕੀਤੀ ਗਈ ਉਦਾਸੀ ਲਹਿਰ ਵਿਚ ਗੁਰੂ ਕਾਲ ਦੌਰਾਨ ਗੁਰੂ ਪਰਿਵਾਰਾਂ ਵਿਚਲੇ ਵਿਰੋਧੀ (ਧੀਰਮੱਲੀਏ, ਰਾਮਰਾਈਏ, ਸੋਢੀ, ਭੱਲੇ, ਮੀਣੇ, ਮਸੰਦ, ਨਿਰੰਜਣੀਏ ਆਦਿ) ਰਲਦੇ ਗਏ ਤੇ ਗੁਰੂ ਕਾਲ ਤੋਂ ਬਾਅਦ ਇਨ੍ਹਾਂ ਦਾ ਕੰਟਰੋਲ ਹਰਿਦੁਆਰ ਤੋਂ ਆਏ ਪਾਂਡਿਆਂ ਨੇ ਕਰ ਲਿਆ। ਇਸ ਦੇ ਨਾਲ ਹੀ ਬ੍ਰਾਹਮਣ (ਵਿਦਵਾਨ) ਪੁਜਾਰੀ ਜੋ ਲੰਮੇ ਸਮੇਂ ਤੋਂ ਸਿੱਖੀ ਲਹਿਰ ਨੂੰ ਖਤਮ ਕਰਨ ਦੀ ਤਾਕ ਵਿਚ ਸੀ, ਕਾਂਸ਼ੀ ਤੋਂ ਨਿਰਮਲੇ ਸੰਤਾਂ ਦੇ ਰੂਪ ਵਿਚ ਵਿਦਵਾਨ ਬਣ ਕੇ ਆ ਪ੍ਰਗਟ ਹੋਇਆ।
ਸਾਡੀ ਸਮਝ ਤੇ ਇਤਿਹਾਸਕ ਖੋਜ ਅਨੁਸਾਰ, ਅੱਜ ਦੀ ਸਿੱਖੀ ਵਿਚ ਪ੍ਰਚਲਤ ਸਾਰੀਆਂ ਮਰਿਯਾਦਾਵਾਂ, ਪ੍ਰੰਪਰਾਵਾਂ, ਮਨੌਤਾਂ ਆਦਿ ਉਦਾਸੀ ਮਹੰਤਾਂ (ਹਰਿਦੁਆਰ ਦੇ ਪਾਂਡਿਆਂ) ਅਤੇ ਉਪਰ ਦੱਸੇ ਸਾਰੇ ਗ੍ਰੰਥ ਨਿਰਮਲੇ ਸੰਤਾਂ (ਕਾਂਸ਼ੀ ਦੇ ਬ੍ਰਾਹਮਣ ਵਿਦਵਾਨਾਂ) ਵਲੋਂ ਲਿਖੇ ਹੋਏ ਹਨ। ਇਸ ਲਈ ਮੌਜੂਦਾ ਸਿੱਖੀ ਵਿਚ ‘ਗੁਰੂ ਗ੍ਰੰਥ ਸਾਹਿਬ’ ਦੀ ਬੀੜ ਨੂੰ ਛੱਡ ਕੇ ਸਭ ਮਰਿਯਾਦਾਵਾਂ, ਗੁਰੂਆਂ ਦੀ ਵਿਚਾਰਧਾਰਾ ਤੋਂ ਉਲਟ ਉਦਾਸੀਆਂ ਤੇ ਨਿਰਮਲਿਆਂ ਦੀ ਪ੍ਰਚਾਰੀ ਤੇ ਬਣਾਈ ਹੋਈ ਸਿੱਖੀ ਆਧਾਰਿਤ ਹਨ।
19ਵੀਂ ਸਦੀ ਦੇ ਆਖਰੀ ਦੋ ਦਹਾਕਿਆਂ ਵਿਚ ‘ਸਿੰਘ ਸਭਾ ਲਹਿਰ’ ਰਾਹੀਂ ਸਿੱਖੀ ਦੀ ਪੁਨਰ ਜਾਗਰਤੀ ਲਹਿਰ ਸ਼ੁਰੂ ਹੋਈ, ਜਿਸ ਦੇ ਅਸਰ ਨਾਲ 20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਇਨ੍ਹਾਂ ਸੰਤਾਂ-ਮਹੰਤਾਂ ਕੋਲੋਂ ਸਿੱਖਾਂ ਨੇ ਗੁਰਦੁਆਰੇ ਆਜ਼ਾਦ ਕਰਾਏ ਤੇ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ। ਇਸ ਤੋਂ ਪਹਿਲਾਂ ਕਿ ਇਨ੍ਹਾਂ ਆਜ਼ਾਦ ਕਰਾਏ ਗੁਰਦੁਆਰਿਆਂ ਤੇ ਸਿੱਖ ਕੰਟਰੋਲ ਕਰ ਕੇ ਗੁਰੂਆਂ ਦੀ ਸਿੱਖੀ ਬਹਾਲ ਕਰਦੇ, ਰਾਜਨੀਤਕ ਲੋਕ ਦੁਬਾਰਾ ਸ਼੍ਰੋਮਣੀ ਕਮੇਟੀ ਅਤੇ ਉਨ੍ਹਾਂ ਹੀ ਨਿਰਮਲਿਆਂ (ਦਮਦਮੀ ਟਕਸਾਲ ਵੀ ਨਿਰਮਲਿਆਂ ਦਾ ਹੀ ਇੱਕ ਡੇਰਾ ਸੀ) ਤੇ ਨਾਨਕਸਰੀਏ ਸਾਧਾਂ ਰਾਹੀਂ ਫਿਰ ਕਾਬਜ਼ ਹੋ ਗਏ। ਪਿਛਲੀ ਸਦੀ ਦੇ ਆਖਰੀ ਦੋ ਦਹਾਕਿਆਂ ਵਿਚ (ਸਿੰਘ ਸਭਾ ਲਹਿਰ ਦੇ 100 ਸਾਲ ਬਾਅਦ) ਮਿਸ਼ਨਰੀ ਸਿੱਖਾਂ ਨੇ ਕਿਤਾਬਾਂ ਲਿਖ ਕੇ ਸਿੱਖ ਜਾਗਰਤੀ ਦੀ ਨਵੀਂ ਲਹਿਰ ਚਲਾਈ, ਫਿਰ ਇਸ ਸਦੀ ਦੇ ਸ਼ੁਰੂ ਵਿਚ ‘ਗੁਰਮਤਿ ਗਿਆਨ ਮਿਸ਼ਨਰੀ ਕਾਲਿਜ’ ਨੇ ਆਪਣੇ ਪ੍ਰਚਾਰਕ ਤਿਆਰ ਕਰ ਕੇ ਲਹਿਰ ਨੂੰ ਅੱਗੇ ਵਧਾਇਆ।
ਇਸੇ ਸਮੇਂ ਦੌਰਾਨ ਪਿਛਲੇ 20-25 ਸਾਲਾਂ ਵਿਚ ਇਹ ਲਹਿਰ ਪ੍ਰਚੰਡ ਹੋਈ, ਜਿਸ ਦਾ ਵਿਰੋਧ ਉਸ ਸਮੇਂ ਤੋਂ ਕਾਬਜ਼ ਤੇ ਹਮਲਾਵਰ ਧਿਰਾਂ ਵਲੋਂ ਅਕਾਲ ਤਖਤ ਦੇ ਪੁਜਾਰੀਆਂ ਰਾਹੀਂ ਜਾਰੀ ਹੈ। ਇਸ ਸਮੇਂ ਦੌਰਾਨ ਅਨੇਕਾਂ ਵਿਦਵਾਨਾਂ ਤੇ ਪ੍ਰਚਾਰਕਾਂ ਨੂੰ ਜ਼ਲੀਲ ਕਰ ਕੇ, ਡਰਾ ਕੇ, ਜਾਨੋਂ ਮਾਰ ਕੇ, ਪੰਥ ਵਿਚੋਂ ਛੇਕ ਕੇ, ਪੁਜਾਰੀਵਾਦ ਖਿਲਾਫ ਲਹਿਰ ਨੂੰ ਦਬਾਉਣ ਦੇ ਯਤਨ ਜਾਰੀ ਹਨ। ਪਿਛਲੇ 5-6 ਸਾਲਾਂ ਤੋਂ ਪੁਜਾਰੀ ਸ਼੍ਰੇਣੀ ਜਾਂ ਸਾਧ ਸ਼੍ਰੇਣੀ ਵਿਚੋਂ ਨਿਕਲ ਕੇ ਬੇਬਾਕੀ ਨਾਲ ਪੁਜਾਰੀਵਾਦ ਅਤੇ ਉਦਾਸੀਆਂ ਤੇ ਨਿਰਮਲਿਆਂ ਦੀ ਸਿੱਖੀ ਖਿਲਾਫ ਖੁੱਲ੍ਹ ਕੇ ਪ੍ਰਚਾਰ ਕਰ ਰਹੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਹੁਣ ਉਨ੍ਹਾਂ ਦੇ ਮੁੱਖ ਨਿਸ਼ਾਨੇ ‘ਤੇ ਹੈ। ਉਸ ਦੇ ਵਿਰੋਧ ਦਾ ਵੱਡਾ ਕਾਰਨ ਇਹ ਵੀ ਹੈ ਕਿ ਉਸ ਮਗਰ ਲੱਖਾਂ ਲੋਕ ਹਨ, ਨੌਜਵਾਨ ਪੀੜ੍ਹੀ ਵੱਡੀ ਤੇ ਉਸ ਨਾਲ ਜੁੜ ਰਹੀ ਹੈ। ਉਹ ਹਰ ਗੱਲ ਦਲੀਲ ਨਾਲ ਕਰਦਾ ਹੈ। ਹੋਰ ਵਿਦਵਾਨਾਂ ਜਾਂ ਮਿਸ਼ਨਰੀਆਂ ਨੂੰ ਉਹ ਉਠਦੇ ਸਾਰ ਹੀ ਦਬੋਚ ਲੈਂਦੇ ਸਨ ਪਰ ਢੱਡਰੀਆਂ ਵਾਲੇ ਨੂੰ ਹੱਥ ਪਾਉਣ ਲਈ ਡਰਦੇ ਹਨ ਕਿਉਂਕਿ ਪੁਜਾਰੀਆਂ ਦੇ ਮਾਲਕ, ਸਿਆਸੀ ਲੋਕ ਆਪਣੀਆਂ ਸਿਆਸੀ ਗਿਣਤੀਆਂ ਮਿਣਤੀਆਂ ਵੀ ਕਰਦੇ ਹਨ। ਬੇਸ਼ਕ ਇਸ ਲਹਿਰ ਨੂੰ ਸ਼ੁਰੂ ਕਰਨ ਵਾਲੇ ਮਿਸ਼ਨਰੀ, ਜਾਗਰੂਕ, ਵਿਦਵਾਨ ਆਦਿ ਇਸ ਔਖੇ ਸਮੇਂ ਵਿਚ ਛੋਟੇ ਵਿਰੋਧਾਂ, ਨਿੱਜੀ ਰੰਜ਼ਸ਼ਾਂ, ਈਰਖਾ ਤੇ ਅਗਿਆਨਤਾ ਵੱਸ ਭਾਈ ਰਣਜੀਤ ਸਿੰਘ ਦੇ ਵਿਰੋਧ ਵਿਚ ਆ ਖੜ੍ਹੇ ਹੋਏ ਹਨ। ਮਿਸ਼ਨਰੀਆਂ ਅਤੇ ਜਾਗਰੂਕਾਂ ਦੀ ਸਾਜ਼ਸ਼ੀ ਚੁੱਪ ਤਖਤਾਂ ਦੇ ਪੁਜਾਰੀਆਂ ਤੇ ਟਕਸਾਲੀਆਂ ਨੂੰ ਸ਼ਹਿ ਦੇ ਰਹੀ ਹੈ।
ਕਿਸੇ ਸਮੇਂ ਕਾਲਾ ਅਫਗਾਨਾ, ਮਿਸ਼ਨਰੀ ਪ੍ਰਚਾਰਕ, ਸਿੰਘ ਸਭਾ ਕੈਨੇਡਾ, ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ, ਭਾਈ ਘੱਗਾ, ਭਾਈ ਧੁੰਦਾ ਅਤੇ ਹੋਰ ਅਨੇਕਾਂ ਵਿਦਵਾਨਾਂ ਦੀ ਟੀਮ ਇਸ ਸੰਘਰਸ਼ ਨੂੰ ਕਾਫੀ ਅੱਗੇ ਲੈ ਗਈ ਸੀ ਅਤੇ ਪੁਜਾਰੀਵਾਦ ਤੇ ਡੇਰਵਾਦ ਨੂੰ ਭਾਜੜਾਂ ਪੁਆ ਦਿੱਤੀਆਂ ਸਨ ਪਰ ਉਹ ਆਪਣੀ ਏਕਤਾ ਬਹੁਤਾ ਚਿਰ ਕਾਇਮ ਨਾ ਰੱਖ ਸਕੇ ਤੇ ਕਈ ਧੜਿਆਂ ਵਿਚ ਵੰਡੇ ਗਏ। ਹੁਣ ਭਾਈ ਰਣਜੀਤ ਸਿੰਘ ਇਸ ਲਹਿਰ ਦੀ ਅਗਵਾਈ ਕਰ ਰਹੇ ਹਨ ਤਾਂ ਉਨ੍ਹਾਂ ਧੜਿਆਂ ਵਲੋਂ ਵਿਰੋਧ ਵਿਚ ਖੜ੍ਹਨਾ ਮੰਦਭਾਗਾ ਹੈ। ਜੇ ਉਹ ਸਾਥ ਨਹੀਂ ਦੇ ਸਕਦੇ ਤਾਂ ਚੁੱਪ ਤਾਂ ਰਹਿ ਹੀ ਸਕਦੇ ਹਨ। ਜੇ ਇਸ ਵਾਰ ਭਾਈ ਰਣਜੀਤ ਸਿੰਘ ਪਿਛੇ ਹਟ ਜਾਂਦੇ ਹਨ ਜਾਂ ਉਨ੍ਹਾਂ ਨੂੰ ਪੁਜਾਰੀ ਲਾਣੇ ਵਲੋਂ ਚੁੱਪ ਕਰਾ ਦਿੱਤਾ ਜਾਂਦਾ ਹੈ ਤਾਂ ਇਹ ਲਹਿਰ 20-25 ਸਾਲ ਪਿਛੇ ਪੈ ਸਕਦੀ ਹੈ। ਸਾਡਾ ਮੰਨਣਾ ਹੈ ਕਿ ਇਹ ਸੰਘਰਸ਼ ਤਾਂ ਜਾਰੀ ਰਹਿਣਾ ਹੀ ਹੈ। ਭਾਈ ਰਣਜੀਤ ਸਿੰਘ ਅਗਵਾਈ ਕਰੇ ਜਾਂ ਕੋਈ ਹੋਰ ਕਰੇ। ਪੁਜਾਰੀਆਂ ਲਈ ਭਾਈ ਢੱਡਰੀਆਂ ਵਾਲਾ ਗਲੇ ਦੀ ਹੱਡੀ ਬਣ ਚੁਕਾ ਹੈ, ਇੱਕ ਪਾਸੇ ਪੁਜਾਰੀਆਂ ਸਿਆਸੀ ਮਾਲਕ ਆਪਣੇ ਸਿਆਸੀ ਹਿੱਤਾਂ ਲਈ ਢੱਡਰੀਆਂ ਵਾਲੇ ਨੂੰ ਪੰਥ ਵਿਚੋਂ ਛੇਕਣਾ ਨਹੀਂ ਚਾਹੁੰਦੇ, ਦੂਜੇ ਪਾਸੇ ਪੁਜਾਰੀਆਂ ਦੇ ਧਾਰਮਿਕ ਮਾਲਕ ਟਕਸਾਲੀ, ਹਰ ਹਾਲਤ ਵਿਚ ਢੱਡਰੀਆਂ ਵਾਲੇ ਦਾ ਫਸਤਾ ਜਲਦੀ ਤੋਂ ਜਲਦੀ ਵੱਢਣਾ ਚਾਹੁੰਦੇ ਹਨ।
ਇਹ ਤਾਂ ਤੈਅ ਹੈ ਕਿ ਜਿਸ ਤਰ੍ਹਾਂ ਪੁਜਾਰੀਆਂ ਖਿਲਾਫ ਭਾਈ ਰਣਜੀਤ ਸਿੰਘ ਡਟ ਗਏ ਹਨ, ਉਹ ਪਿਛੇ ਹਟਣ ਵਾਲੇ ਨਹੀਂ ਤੇ ਨਾ ਹੀ ਪੁਜਾਰੀਆਂ ਵਲੋਂ ਪੰਥ ਵਿਚੋਂ ਛੇਕੇ ਜਾਂ ਮਾਫੀਆਂ ਮੰਗ ਚੁੱਕੇ ਵਿਦਵਾਨਾਂ ਵਾਂਗ ਘਰ ਹੀ ਬੈਠਣ ਲੱਗੇ ਹਨ। ਇਸ ਨਾਲ ਟਕਰਾਅ ਵਧੇਗਾ, ਪਰ ਗੁਰੂ ਨਾਨਕ ਦੀ ਸਿੱਖੀ ਨੂੰ ਬਹਾਲ ਕਰਨ ਲਈ ਕਿਸੇ ਅਜਿਹੇ ਲੀਡਰ ਦੀ ਲੰਬੇ ਸਮੇਂ ਤੋਂ ਲੋੜ ਸੀ, ਜਿਸ ਤਰ੍ਹਾਂ ਤਰ੍ਹਾਂ ਦੀ ਲੀਡਰਸ਼ਿਪ ਭਾਈ ਰਣਜੀਤ ਸਿੰਘ ਦੇ ਰਹੇ ਹਨ। ਜਿਹੜੇ ਸਿੱਖ ਤਬਦੀਲੀ ਤੇ ਵਿਕਾਸ ਦੇ ਹੱਕ ਵਿਚ ਹਨ ਅਤੇ ਟਕਸਾਲ ਤੇ ਪੁਜਾਰੀਆਂ ਦਾ ਗਲਬਾ ਸਿੱਖੀ ਤੋਂ ਲਾਹੁਣਾ ਚਾਹੁੰਦੇ ਹਨ, ਉਨ੍ਹਾਂ ਨੂੰ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਹਰ ਪੱਖ ਤੋਂ ਸਹਿਯੋਗ ਕਰਨ ਦੀ ਲੋੜ ਹੈ।