ਮਜਮੇਬਾਜ਼

ਹਰਜੀਤ ਦਿਓਲ, ਬਰੈਂਪਟਨ
ਰੇਲਵੇ ਸਟੇਸ਼ਨ ਦੇ ਬਾਹਰ ਭੀੜ-ਭਾੜ ਵਾਲਾ ਇਲਾਕਾ ਉਸ ਦਾ ਕਾਰਜ ਖੇਤਰ ਹੁੰਦਾ। ਇੱਕ ਸੰਦੂਕੜੀ ਸਾਹਮਣੇ ਰੱਖ ਉਹ ਆਸਣ ਜਮਾ ਲੈਂਦਾ। ਫੇਰ ਕੁਝ ਅਜੀਬੋ-ਗਰੀਬ ਚੀਜਾਂ ਕੱਢ ਉਹ ਲੋਕਾਂ ਨੂੰ ਆਕਰਸ਼ਿਤ ਕਰਦਾ ਅਤੇ ਉਸ ਦੇ ਨਜ਼ਦੀਕ ਕੁਝ ਲੋਕ ਉਤਸੁਕਤਾ ਵਸ ਆ ਖੜ੍ਹਦੇ। ਉਹ ‘ਸਾਹਿਬਾਨ, ਮਿਹਰਬਾਨ, ਕਦਰਦਾਨ’ ਤੋਂ ਸ਼ੁਰੂ ਕਰਕੇ ਤੇ ਕੋਈ ਚੁਟਕਲੇ ਜਾਂ ਕਹਾਣੀ ਪਾ ਆਪਣੇ ਦੁਆਲੇ ਲੋਕਾਂ ਦਾ ਚੰਗਾ ਜਮਘਟ ਲਾ ਲੈਂਦਾ। ਫਿਰ ਉਹ ਅਸਲੀ ਮੁੱਦੇ ‘ਤੇ ਆਉਂਦਾ। ਕੁਝ ਜੜ੍ਹੀ-ਬੂਟੀਆਂ ਦਿਖਾ ਕੇ ਕਹਿੰਦਾ ਕਿ ਉਸ ਦਾ ਗੁਰੂ ਇੱਕ ਪਹੁੰਚਿਆ ਹੋਇਆ ਫਕੀਰ ਸੀ,

ਜੋ ਜੜੀ ਬੂਟੀਆਂ ਦੀ ਤਲਾਸ਼ ‘ਚ ਪਹਾੜਾਂ ਜੰਗਲਾਂ ਦੀ ਖਾਕ ਛਾਣ ਕੇ ਇੱਕ ਚੰਗਾ ਹਕੀਮ ਬਣ ਗਿਆ ਸੀ ਤੇ ਕਈ ਰੋਗਾਂ ਦੀਆਂ ਦੇਸੀ ਦਵਾਈਆਂ ਬਣਾ ਕੇ ਮੁਫਤ ‘ਚ ਲੋਕਾਂ ਨੂੰ ਵੰਡ ਕੇ ਪੁੰਨ ਖੱਟਦਾ ਸੀ। ਉਹ ਸੰਜੋਗਵੱਸ ਉਸ ਦਾ ਸ਼ਿਸ਼ ਬਣ ਗਿਆ ਤੇ ਮਰਨ ਤੋਂ ਪਹਿਲਾਂ ਉਹ ਆਪਣਾ ਇਲਮ ਉਸ ਨੂੰ ਸੌਂਪ ਗਿਆ। ਉਸ ਨੇ ਦਵਾਈਆਂ ਬਣਾ ਲੋਕਾਂ ‘ਚ ਮੁਫਤ ਵੰਡਣ ਦਾ ਉਸ ਦਾ ਮਿਸ਼ਨ ਚਾਲੂ ਰੱਖਿਆ ਹੈ। ਇਸ ਨਾਲ ਉਸ ਨੂੰ ਮਾਨਸਕ ਸਕੂਨ ਅਤੇ ਆਪਣੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਅੱਜ ਜੋ ਦਵਾਈ ਉਹ ਵੰਡਣ ਜਾ ਰਿਹਾ ਹੈ, ਇਹ ਕਈ ਰੋਗਾਂ ਦਾ ਰਾਮਬਾਣ ਇਲਾਜ ਹੈ। ਇਸ ਨਾਲ ਉਹ ਇਸ ਦਵਾਈ ਨਾਲ ਠੀਕ ਹੋਣ ਵਾਲੇ ਅਣਗਿਣਤ ਰੋਗਾਂ ਦੀ ਲਿਸਟ ਸੁਣਾ ਦਿੰਦਾ।
ਫਿਰ ਉਹ ਆਪਣੀ ਸੰਦੂਕੜੀ ਵਿਚੋਂ ਕੁਝ ਸ਼ੀਸ਼ੀਆਂ ਕੱਢਦਾ ਤੇ ਲੋਕਾਂ ਨੂੰ ਕਹਿੰਦਾ ਕਿ ਜਿਨ੍ਹਾਂ ਨੂੰ ਇਹ ਚਾਹੀਦਿਆਂ ਹਨ, ਉਹ ਲੋਕ ਹੱਥ ਖੜੇ ਕਰਨ। ਬਹੁਤੇ ਲੋਕ ਮੁਫਤ ਦੀ ਦਵਾਈ ਲੈਣ ਖਾਤਰ ਹੱਥ ਚੁੱਕ ਲੈਂਦੇ। ਫਿਰ ਉਹ ਇਨ੍ਹਾਂ ਜਰੂਰਤਮੰਦ ਲੋਕਾਂ ਦੀ ਗਿਣਤੀ ਕਰਦਾ, “ਇੱਕ, ਦੋ, ਤਿੰਨ, ਚਾਰ…ਤੇ ਸੱਤਰ। ਤਾਂ ਸੱਤਰ ਲੋਕਾਂ ਨੂੰ ਇਹ ਬਹੁਮੁੱਲੀ ਦਵਾਈ ਚਾਹੀਦੀ ਹੈ!”
ਫਿਰ ਉਹ ਸ਼ੀਸ਼ੀਆਂ ਦੀ ਗਿਣਤੀ ਕਰਦਾ। ਇੱਕ, ਦੋ, ਤਿੰਨ ਚਾਰ..ਅਤੇ ਤੀਹ। ਲਓ ਜੀ ਸ਼ੀਸ਼ੀਆਂ ਤਾਂ ਤੀਹ ਹੀ ਰਹਿ ਗਈਆਂ ਤੇ ਬੰਦੇ ਸੱਤਰ। ਕੀ ਕਰਾਂ? ਜਾਪਦੈ ਮੁਫਤ ਦੀ ਦੇਖ ਕਈ ਗੈਰ ਜਰੂਰਤਮੰਦਾਂ ਵੀ ਹੱਥ ਖੜੇ ਕਰ ਦਿੱਤੇ। ਖੈਰ, ਮੈਂ ਪਤਾ ਕਰਨਾ ਜਾਣਦੈਂ ਕਿ ਅਸਲੀ ਜਰੂਰਤਮੰਦ ਕਿੰਨੇ ਹਨ। ਭਾਵੇਂ ਮੈਂ ਲਏ ਪੈਸੇ ਬਾਅਦ ਵਿਚ ਮੋੜ ਦੇਵਾਂ, ਸਾਹਿਬਾਨ, ਕਦਰਦਾਨ, ਮਿਹਰਬਾਨ ਇਸ ਸ਼ੀਸ਼ੀ ਦਾ ਮੁੱਲ ਹੈ-ਵੀਹ ਰੁਪਏ, ਵੀਹ ਰੁਪਏ, ਵੀਹ ਰੁਪਏ। ਜਿਸ ਕੋਲ ਹੋਣ, ਪੈਸੇ ਹੱਥ ਵਿਚ ਫੜ ਲਵੇ ਤੇ ਬਾਕੀ ਜਾਣ ਆਪਣੇ ਘਰਾਂ ਨੂੰ। ਜਕੋ-ਤੱਕੀ ਕਰਦਿਆਂ ਬਹੁਤੇ ਚੁੱਕੇ ਹੱਥ ਥੱਲੇ ਆ ਜਾਂਦੇ ਤੇ ਵੀਹ ਰੁਪਏ ਹੱਥ ਵਿਚ ਲਈ ਕੋਈ ਪੰਦਰਾਂ ਵੀਹ ਹੱਥ ਰਹਿ ਜਾਂਦੇ। ਹੁਣ ਉਹ ਲੋਕਾਂ ਨੂੰ ਬਹੁਤਾ ਸੋਚਣ ਦਾ ਮੌਕਾ ਨਾ ਦੇ ਕੇ ਫੁਰਤੀ ਨਾਲ ਪੈਸੇ ਫੜੀ ਜਾਂਦਾ ਤੇ ਸਭ ਨੂੰ ਇੱਕ ਇੱਕ ਸ਼ੀਸ਼ੀ ਫੜਾਈ ਜਾਂਦਾ। ਚਾਰ ਪੰਜ ਸੌ ਜੇਬ ‘ਚ ਪਾ ਉਹ ਆਪਣੀ ਦੁਕਾਨ ਸਮੇਟ ਲੈਂਦਾ।
ਇਸ ਤੋਂ ਪਹਿਲਾਂ ਲੋਕ ਇਹ ਸਮਝਣ ਕਿ ਉਨ੍ਹਾਂ ਨਾਲ ਕੋਈ ਠੱਗੀ ਤਾਂ ਨਹੀਂ ਵੱਜ ਗਈ, ਉਹ ਉਥੋਂ ਪੱਤਰਾ ਵਾਚ ਜਾਂਦਾ ਅਤੇ ਕਿਸੇ ਦੂਜੇ ਇਲਾਕੇ ‘ਚ ਉਸ ਦਾ ਮਜਮਾ ਲੱਗਾ ਹੁੰਦਾ ਤੇ ਲੋਕ ਸੁਣ ਰਹੇ ਹੁੰਦੇ, ‘ਸਾਹਿਬਾਨ, ਕਦਰਦਾਨ, ਮਿਹਰਬਾਨ…।’
ਬਹੁਤ ਸਮਾਂ ਪਹਿਲਾਂ ਐਸਾ ਇੱਕ ਮਜਮੇਬਾਜ਼ ਮੈਂ ਦੇਖਿਆ ਕਰਦਾ ਸਾਂ, ਪਰ ਅੱਜ ਵੀ ਸਮਾਜ ਅੰਦਰ ਅਜਿਹੇ ਕਾਫੀ ਮਜਮੇਬਾਜ਼ ਹਨ ਤੇ ਉਨ੍ਹਾਂ ਕਈ ਢੰਗ ਤਰੀਕੇ ਅਪਨਾ ਲਏ ਹਨ ਅਤੇ ਉਹ ਸੰਤ ਮਹਾਤਮਾ, ਧਰਮ ਪ੍ਰਚਾਰਕ, ਸਮਾਜ ਸੇਵੀ, ਜੋਤਸ਼ੀ, ਤਾਂਤਰਿਕ, ਵਾਸਤੂ ਸ਼ਾਸਤਰੀ ਅਤੇ ਕਈ ਹੋਰ ਨਵੇਂ ਹਥਕੰਡਿਆਂ ਰਾਹੀਂ ਲੋਕਾਂ ਨੂੰ ਮੂਰਖ ਬਣਾ ਰਹੇ ਹਨ।
ਜਨਾਬ, ਸਾਹਿਬਾਨ, ਮਿਹਰਬਾਨ, ਕਦਰਦਾਨ ਅੱਖਾਂ ਖੁੱਲ੍ਹੀਆਂ ਰੱਖਣ ਦੀ ਲੋੜ ਹੈ, ਕਿਉਂਕਿ ਇਨ੍ਹਾਂ ਮਜਮੇਬਾਜ਼ਾਂ ਨੂੰ ‘ਅੱਖਾਂ ਦੇ ਅੰਨੇ ਤੇ ਗਾਂਠ ਦੇ ਪੂਰੇ’ ਵਿਅਕਤੀਆਂ ਦੀ ਤਲਾਸ਼ ਰਹਿੰਦੀ ਹੈ।