ਭਾਰਤ ਦਾ ਸੁਤੰਤਰਤਾ ਸੰਗਰਾਮ ਅਤੇ ਗਦਰੀ ਲਹਿਰਾਂ

ਗੁਲਜ਼ਾਰ ਸਿੰਘ ਸੰਧੂ
ਹਿੰਦੁਸਤਾਨ ਨੂੰ ਗੋਰਿਆਂ ਦੀ ਗੁਲਾਮੀ ਤੋਂ ਨਿਜਾਤ ਮਿਲਿਆਂ 73 ਸਾਲ ਹੋ ਗਏ ਹਨ ਅਤੇ ਸੁਤੰਤਰਤਾ ਸੰਗਰਾਮ ਨਾਲ ਸਬੰਧਤ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਪੂਰੀ ਇੱਕ ਸਦੀ। ਪਿਛਲੇ ਸੱਤ ਦਹਾਕਿਆਂ ਵਿਚ ਏਨਾ ਵੱਡਾ ਦੇਸ਼ ਤਾਂ ਭਾਰਤ, ਪਾਕਿਸਤਾਨ ਤੇ ਬੰਗਲਾ ਦੇਸ਼ ਨਾਂਵਾਂ ਥੱਲੇ ਟੁਕੜੇ ਟੁਕੜੇ ਹੋ ਗਿਆ, ਪਰ ਹਾਲੇ ਤੱਕ ਇਨ੍ਹਾਂ ਤਿੰਨਾ ਹੀ ਦੇਸ਼ਾਂ ਵਿਚ ਕਿਸੇ ਇਤਿਹਾਸਕਾਰ ਨੇ ਸੁਤੰਤਰਤਾ ਪ੍ਰਾਪਤੀ ਲਈ ਕੀਤੇ ਸੰਘਰਸ਼ ਬਾਰੇ ਕੋਈ ਅਜਿਹੀ ਰਚਨਾ ਨਹੀਂ ਤਿਆਰ ਕੀਤੀ ਜਾਪਦੀ, ਜਿਸ ਵਿਚ ਸੁਤੰਤਰਤਾ ਪ੍ਰਾਪਤੀ ਲਈ ਜੂਝੇ ਮਹਾਰਥੀਆਂ ਤੇ ਲਹਿਰਾਂ ਨੂੰ ਇਕ ਜਿਲਦ ਵਿਚ ਕਲਮਬੰਦ ਕੀਤਾ ਗਿਆ। ਅਮਰੀਕਾ ਨਿਵਾਸੀ ਗੁਰੂਮੇਲ ਸਿੱਧੂ ਨੇ ਇਹ ਕੰਮ ਹਾਲ ਵਿਚ ਹੀ ਨੇਪਰੇ ਚਾੜ੍ਹਿਆ ਹੈ। 2020 ਦੇ ਸੁਤੰਤਰਤਾ ਦਿਵਸ ਨੇੜੇ ਪ੍ਰਕਾਸ਼ਿਤ ਹੋਈ ਉਸ ਦੀ ਵੱਡ-ਆਕਾਰੀ ਪੁਸਤਕ ‘ਹਿੰਦੁਸਤਾਨ ਦਾ ਆਜ਼ਾਦੀ ਸੰਗਰਾਮ: ਗਦਰੀ ਲਹਿਰਾਂ ਦੀ ਹਿੱਸੇਦਾਰੀ’ (ਲੋਕਗੀਤ ਪ੍ਰਕਾਸ਼ਨ, ਪੰਨੇ 880, ਮੁੱਲ 1195) ਸਿੱਧੂ ਦੀ ਵਿਗਿਆਨਕ ਧਾਰਨਾ ਤੇ ਜੁਟ ਕੇ ਕੀਤੇ ਕੰਮ ਦਾ ਨਤੀਜਾ ਹੈ।

ਪਿਛਲੇ ਸਾਲ ਜਦੋਂ 1919 ਦੀ ਵਿਸਾਖੀ ਵਾਲੇ ਦਿਨ ਵਾਪਰੀ ਘਟਨਾ ਦੇ ਸੌ ਸਾਲਾ ਯਾਦਗਾਰੀ ਸਮਾਗਮ ਰਚਾਏ ਗਏ ਤਾਂ ਬਰਤਾਨਵੀ ਹਾਕਮਾਂ ਵਲੋਂ ਹਿੰਦੁਸਤਾਨੀਆਂ ਦੇ ਖੂਨ ਨੂੰ ਪਾਣੀ ਵਾਂਗ ਵਹਾਏ ਜਾਣ ਦੀ ਗੱਲ ਹੀ ਨਹੀਂ ਹੋਈ, ਇਸ ਖੂਨ ਨਾਲ ਰੰਗੇ ਦੇਸ਼ ਭਗਤਾਂ ਦੇ ਗੇਰੂਏ ਰੰਗੇ ਚੋਲੇ ਵੀ ਚੇਤੇ ਕੀਤੇ ਗਏ। ਇਹ ਸੱਚ ਵੀ ਨਿੱਤਰ ਕੇ ਸਾਹਮਣੇ ਆਇਆ ਕਿ ਵਿਸਾਖੀ ਵਾਲਾ ਖੂਨ ਅਜਾਈਂ ਨਹੀਂ ਗਿਆ, ਗੋਰੀ ਸਰਕਾਰ ਦੇ ਪਤਨ ਦਾ ਸਬੱਬ ਬਣਿਆ। ਇਹ ਵੀ ਕਿ ਜ਼ਾਲਮ ਸਰਕਾਰ ਦੀ ਕਬਰ ਪੁੱਟਣ ਲਈ ਟੱਕ ਲਾਉਣ ਵਾਲੀ ਕੂਕਾ ਲਹਿਰ ਸੀ। ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੇ ਤਾਬੂਤ ਤਿਆਰ ਕੀਤਾ, ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਤਾਬੂਤ ਵਿਚ ਕਿੱਲ ਠੋਕੇ ਤੇ ਆਜ਼ਾਦ ਹਿੰਦ ਫੌਜ ਨੇ ਇਸ ਨੂੰ ਸਪੁਰਦਾ-ਏ-ਖਾਕ ਕੀਤਾ।
ਗੁਰੂਮੇਲ ਸਿੱਧੂ ਆਪਣੀ ਰਚਨਾ ਵਿਚ ਕੇਵਲ ਇਨ੍ਹਾਂ ਦਾ ਹੀ ਗੁਣ ਗਾਇਨ ਨਹੀਂ ਕਰਦਾ, ਉਹ ਇਸ ਗਾਥਾ ਨੂੰ ਈਸਟ ਇੰਡੀਆ ਕੰਪਨੀ ਨਾਲ ਆਢਾ ਲੈਣ ਵਾਲੇ ਸਿਰਾਜ-ਉਲ-ਦੀਨ ਦੌਲਾ, ਟੀਪੂ ਸੁਲਤਾਨ ਤੇ ਉਨ੍ਹਾਂ ਦੇ ਵਾਰਸਾਂ ਨਾਲ ਸ਼ੁਰੂ ਕਰਕੇ ਬਹਾਦਰ ਸ਼ਾਹ ਜਫਰ ਦੀ ਰੰਗੂਨ ਵਿਚ ਜਲਾਵਤਨੀ ਅਤੇ ਮੁਹੰਮਦ ਅਬਦੁੱਲਾ ਤੇ ਸ਼ੇਰ ਅਲੀ ਖਾਂ ਵਹਾਬੀ ਦੀ ਕੁਰਬਾਨੀ ‘ਤੇ ਫੁੱਲ ਚੜ੍ਹਾਉਂਦਾ ਹੋਇਆ (ਅਬਦੁੱਲਾ ਨੇ ਕਲੱਕਤਾ ਕੋਰਟ ਦੇ ਚੀਫ ਜਸਟਿਸ ਦਾ ਕਤਲ ਕੀਤਾ ਸੀ ਤੇ ਸ਼ੇਰ ਅਲੀ ਨੇ ਹਿੰਦੁਸਤਾਨ ਦੇ ਵਾਇਸਰਾਏ ਲਾਰਡ ਮਾਇਉ ਦਾ) ਕਿਸਾਨੀ ਬਗਾਵਤਾਂ ਵੱਲ ਪਰਤਦਾ ਹੈ।
ਇਨ੍ਹਾਂ ਵਿਚ ਹਿੱਸਾ ਲੈਣ ਵਾਲੇ ਬਾਗੀ ਫਕਰੀ ਤੇ ਸਨਿਆਸੀ ਹੀ ਨਹੀਂ, ਬਿਹਾਰ, ਉੜੀਸਾ ਤੇ ਬੰਗਾਲ ਦੇ ਸੰਥਲ, ਝਾਰਖੰਡ, ਉੜੀਸਾ ਤੇ ਪਛਮੀ ਬੰਗਾਲ ਦੀਆਂ ਪਹਾੜੀਆਂ ਵਿਚ ਰਹਿੰਦੇ ਮੁੰਡਾ, ਜੈਂਤੀਆ ਤੇ ਗਾਰੋ; ਮਹਾਰਾਸ਼ਟਰ, ਗੁਜਰਾਤ ਤੇ ਰਾਜਸਥਾਨ ਦੇ ਪਰਬਤੀ ਲਾਂਘਿਆ ਵਿਚ ਵੱਸੇ ਹੋਏ ਭੀਲ, ਛੋਟਾ ਨਾਗਪੁਰ ਨੇੜਲੇ ਸਿੰਘਭੂਮ ਕਬੀਲੇ ਦੇ ਕੁਝ ਲੋਕ ਵੀ ਸ਼ਾਮਲ ਸਨ।
ਰਾਜਨੀਤਕ ਤੇ ਸਮਾਜਕ ਲਹਿਰਾਂ ਵਿਚੋਂ ਇੰਡੀਅਨ-ਮੁਸਲਮਾਨਾਂ ਦੀ ਖਿਲਾਫਤ ਲਹਿਰ ਵਲੋਂ ਮਹਾਤਮਾ ਗਾਂਧੀ ਨਾਲ ਮਿਲ ਕੇ ਬਰਤਾਨਵੀ ਸਰਕਾਰ ਵਿਰੁੱਧ ਚਲਾਈ ਲਹਿਰ ਦਾ ਯੋਗਦਾਨ ਵਿਸ਼ੇਸ਼ ਧਿਆਨ ਮੰਗਦਾ ਹੈ, ਭਾਵੇਂ ਮਾਲਾਬਾਰ ਕਿੱਤੇ ਦੇ ਪੱਟੇਦਾਰ ਤੇ ਭੂਮੀਹੀਣ ਮੁਸਲਮਾਨਾਂ ਦੀ ਮਾਪਲਾ ਲਹਿਰ, ਦਿਓਬੰਦ ਵਿਖੇ ਮਜ਼੍ਹਬੀ ਸਿਖਿਆ ਦੇਣ ਵਾਲੇ ਹਾਜੀ ਮੁਹੰਮਦ ਆਬਿਦ ਦੇ ਚੇਲਿਆਂ ਦੀ ਵਿੱਢੀ ਦਿਓਬੰਦੀ ਲਹਿਰ ਤੇ ਰੇਸ਼ਮੀ ਰੁਮਾਲ ਲਹਿਰ ਨੇ ਨੌਜਵਾਨ ਵਰਗ ਵਿਚ ਆਜ਼ਾਦੀ ਦੀ ਰੂਹ ਫੂਕੀ। ਰੇਸ਼ਮੀ ਰੁਮਾਲ ਲਹਿਰ ਦੀ ਨੀਂਹ ਉਬੈਦਉਲਾ ਸਿੰਧੀ ਨੇ ਰੱਖੀ, ਜੋ ਆਪਣੇ ਸੰਦੇਸ਼ ਰੇਸ਼ਮੀ ਰੁਮਾਲਾਂ ਉਤੇ ਲਿਖ ਕੇ ਇਰਾਨ ਦੇ ਮੌਲਾਨਾ ਮਹਿਮੂਦ ਅਲਹਸਨ ਨੂੰ ਭੇਜਦਾ ਹੁੰਦਾ ਸੀ। ਸੁਤੰਤਰਤਾ ਵਿਚ ਇਸ ਲਹਿਰ ਦੇ ਯੋਗਦਾਨ ਨੂੰ ਮੁੱਖ ਰੱਖਦਿਆਂ ਭਾਰਤ ਦੇ ਸਵਰਗੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 20 ਜਨਵਰੀ 2013 ਨੂੰ ਇਸ ਲਹਿਰ ਦਾ ਡਾਕ ਟਿਕਟ ਜਾਰੀ ਕੀਤਾ ਸੀ।
ਹਿੰਦੁਸਤਾਨ ਦੀ ਆਜ਼ਾਦੀ ਦੇ ਸੰਗਰਾਮ ਵਿਚ ਹਿੰਦੁਸਤਾਨ ਦੀਆਂ ਸਾਰੀ ਰਿਆਸਤਾਂ ਦੇ ਵਿਰੁੱਧ ਵਿੱਢੇ ਪਰਜਾ ਮੰਡਲ ਅੰਦੋਲਨ ਦਾ ਯੋਗਦਾਨ ਵੀ ਇਸ ਪੁਸਤਕ ਦੀ ਸ਼ਾਨ ਹੈ। ਖਾਸ ਕਰਕੇ ਜੂਨ 1947 ਵਿਚ ਆਲ ਇੰਡੀਆ ਕਾਂਗਰਸ ਵੱਲੋਂ ਇਹ ਮਤਾ ਪਾਸ ਕਰਨ ਪਿਛੋਂ ਕਿ ਹਿੰਦੁਸਤਾਨ ਦੀਆਂ 565 ਰਿਆਸਤਾਂ ਵਿਚੋਂ ਕਿਸੇ ਨੂੰ ਵੀ ਖੁਦਮੁਖਤਿਆਰੀ ਦਾ ਦਰਜਾ ਨਹੀਂ ਦਿੱਤਾ ਜਾਵੇਗਾ। ਪੁਸਤਕ ਵਿਚ ਪਰਜਾ ਮੰਡਲ, ਨਾਮਧਾਰੀ ਲਹਿਰ, ਗਦਰ ਪਾਰਟੀ ਲਹਿਰ, ਸਾਰਾਗੜ੍ਹੀ ਦੀ ਜੰਗ, ਕਾਮਾਗਾਟਾ ਮਾਰੂ ਜਹਾਜ ਦੀ ਘਟਨਾ, ਜਰਮਨੀ ਦਾ ਹਾਫ ਮੂਨ ਕੈਂਪ, ਲਾਹੌਰ ਸਾਜ਼ਿਸ਼ ਕੇਸ, ਜਲ੍ਹਿਆਂਵਾਲਾ ਬਾਗ, ਭਗਤ ਸਿੰਘ ਦਾ ਮੁੱਕਦਮਾ, ਗੁਰਦੁਆਰਾ ਸੁਧਾਰ ਤੇ ਅਕਾਲੀ ਲਹਿਰ, ਨਨਕਾਣਾ ਸਾਹਿਬ ਤੇ ਜੈਤੋ ਦੇ ਮੋਰਚੇ, ਬੱਬਰ ਅਕਾਲੀ ਲਹਿਰ, ਭਾਰਤੀ ਕਿਸਾਨ ਪਾਰਟੀ, ਆਜ਼ਾਦ ਹਿੰਦ ਫੌਜ, ਆਦਿ ਅਨੇਕਾਂ ਕਾਂਡ ਹਨ, ਜਿਹੜੇ ਉਪਰੋਕਤ, ਲਹਿਰਾਂ, ਮੋਰਚਿਆਂ ਤੇ ਬਗਾਵਤਾਂ ਬਾਰੇ ਭਰਪੂਰ ਜਾਣਕਾਰੀ ਦਿੰਦੇ ਹਨ। ਇਨ੍ਹਾਂ ਲਹਿਰਾਂ ਤੇ ਮੋਰਚਿਆਂ ਵਿਚ ਹਿੱਸਾ ਲੈਣ ਵਾਲੀਆਂ ਹਸਤੀਆਂ ਦੇ ਨਾਂ ਪਤੇ ਤੇ ਪਿੰਡ, ਕਸਬੇ ਤੇ ਜਿਲੇ ਵੀ ਦਿੱਤੇ ਗਏ ਹਨ ਤਾਂ ਕਿ ਉਨ੍ਹਾਂ ਥਾਂਵਾਂ ਦੇ ਵਸਨੀਕ ਆਪਣੇ ਪੁਰਖਿਆਂ ‘ਤੇ ਮਾਣ ਕਰ ਸਕਣ। ਇਹ ਪੁਸਤਕ ਮਿਡਲ ਤੇ ਪ੍ਰਾਇਮਰੀ ਪਾਠਸ਼ਾਲਾਵਾਂ ਜਾਂ ਦਿਹਾਤੀ ਲਾਇਬਰੇਰੀਆਂ ਤੱਕ ਹੀ ਸੀਮਤ ਨਹੀਂ ਰਹਿਣੀ ਚਾਹੀਦੀ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਲਾਇਬਰੇਰੀਆਂ ਦਾ ਸ਼ਿੰਗਾਰ ਵੀ ਹੋਣੀ ਚਾਹੀਦੀ ਹੈ। ਖਾਸ ਕਰਕੇ ਲਾਹੌਰ ਵਾਲੇ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਦੀ ਲਾਇਬਰੇਰੀ ਦੀ। ਜੇ ਉਸ ਸੰਸਥਾ ਦਾ ਕਰਤਾ-ਧਰਤਾ ਤੇ ਮੇਰਾ ਜਾਣੂ ਜਨਾਬ ਐਸ਼ ਐਸ਼ ਨਦੀਮ ਪੜ੍ਹ-ਸੁਣ ਰਿਹਾ ਹੋਵੇ ਤਾਂ ਮੈਂ ਚਾਹਾਂਗਾ ਕਿ ਸਰਕਾਰੀ ਤੌਰ ‘ਤੇ ਇਸ ਦਾ ਫਾਰਸੀ ਵਿਚ ਲਿਪੀਅੰਤਰ ਕਰਵਾ ਕੇ ਪਾਕਿਸਤਾਨ ਦੀਆਂ ਵਿਦਿਅਕ ਸੰਸਥਾਵਾਂ ਵਿਚ ਵੀ ਪਹੁੰਚਾਵੇ। ਇਹ ਦੱਸਦੀ ਹੈ ਕਿ ਹਿੰਦੁਸਤਾਨ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਹਿੰਦੁਸਤਾਨ ਨੂੰ ਗੋਰਿਆਂ ਤੋਂ ਆਜ਼ਾਦ ਕਰਵਾਉਣ ਲਈ ਕਿੰਨੀਆਂ ਕੁਰਬਾਨੀਆਂ ਦੇ ਚੁਕੇ ਹਨ, ਇੱਕ-ਦੂਜੇ ਦੇ ਮੋਢੇ ਨਾਲ ਮੋਢਾ ਡਾਹ ਕੇ।
ਇਹ ਵਾਲੀ ਰਚਨਾ ਆਦਿਵਾਸੀ ਕਬੀਲਿਆਂ ਦੀ ਨਵੀਂ ਪਨੀਰੀ ਨੂੰ ਵੀ ਦਸਦੀ ਹੈ ਕਿ ਕਿਸ ਤਰ੍ਹਾਂ ਬਰਤਾਨਵੀ ਸਰਕਾਰ ਨੇ 1871 ਵਿਚ ਕ੍ਰਿਮੀਨਲ ਟਰਾਈਬਜ਼ ਐਕਟ ਪਾਸ ਕਰਕੇ ਸਰਕਾਰੀ ਏਜੰਸੀਆਂ ਨੂੰ ਹੁਕਮ ਦਿੱਤਾ ਸੀ ਕਿ ਉਨ੍ਹਾਂ ਨੂੰ ਲੱਭ ਕੇ ਉਨ੍ਹਾਂ ਦੇ ਆਗੂਆਂ ਨੂੰ ਮੁਜ਼ਰਮ ਐਲਾਨਣ। ਉਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋਣਾ ਜ਼ਰੂਰੀ ਹੈ ਕਿ ਉਨ੍ਹਾਂ ਦੇ ਵਡੇਰਿਆਂ ਨੇ ਬਰਤਾਨਵੀ ਸਰਕਾਰ ਨਾਲ ਲੜ ਕੇ ਕਿੰਨੀਆਂ ਤੇ ਕਿਹੋ ਜਿਹੀਆਂ ਕੁਰਬਾਨੀਆਂ ਦਿੱਤੀਆਂ ਹਨ। ਇਨ੍ਹਾਂ ਅਣਖੀ ਜੀਵਾਂ ਨੂੰ ਅਪਰਾਧੀ ਬਣਾਉਣ ਵਾਲੇ ਗੋਰੀ ਸਰਕਾਰ ਦੇ ਕਾਲੇ ਕਾਨੂੰਨ ਹੀ ਸਨ।
ਹਥਲੀ ਪੁਸਤਕ ਵਿਚਲੀ ਜਾਣਕਾਰੀ ਨੂੰ ਨਿਤਾਰ ਕੇ, ਜਿੱਥੇ-ਕਿਤੇ ਜ਼ਰੂਰੀ ਸੀ, ਨੁਕਤਿਆਂ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ਤਾਂ ਕਿ ਗੱਲ ਪਾਠਕ ਦੇ ਪੱਲੇ ਪੈ ਜਾਵੇ। ਵਿਸ਼ਿਆਂ ਬਾਰੇ ਮੌਲਿਕ ਜਾਣਕਾਰੀ ਵਰਤੀ ਗਈ ਹੈ, ਦੁਜੈਲੀ ਵਾਕਫੀਅਤ ਦਾ ਆਸਰਾ ਨਾ ਸਰਦੇ ਨੂੰ ਲਿਆ ਗਿਆ ਹੈ। ਜਾਣਕਾਰੀ ਇਕੱਠੀ ਕਰਦਿਆਂ ਵਿਸ਼ੇ ਦੀ ਪ੍ਰਮਾਣਿਕਤਾ ਨੂੰ ਧਿਆਨ ਵਿਚ ਰੱਖਿਆ ਹੈ। ਲੋੜੀਂਦੀ ਸਮੱਗਰੀ ਨੂੰ ਵੱਖ-ਵੱਖ ਪੁਸਤਕਾਂ ਤੇ ਮੈਗਜ਼ੀਨਾਂ ਅਤੇ ਇੰਟਰਨੈਟ ਦੇ ਖੋਜ-ਲੇਖਾਂ ‘ਚੋਂ ਕਸ਼ੀਦ ਕਰਕੇ ਵਰਤਿਆ ਗਿਆ ਹੈ। ਲਿਖਤ ਅਤੇ ਲੇਖਕ ਦੀ ਅਹਿਮੀਅਤ ਨੂੰ ਧਿਆਨ ਵਿਚ ਰੱਖਦਿਆਂ, ਉਨ੍ਹਾਂ ਦੀਆਂ ਪੁਸਤਕਾਂ, ਲੇਖਾਂ ਵਿਚੋਂ ਟੂਕਾਂ ਅੰਕਿਤ ਕੀਤੀਆਂ ਹਨ। ਗਦਰ ਲਹਿਰ ਦੇ ਤਤਕਾਲੀ ਅੰਗਰੇਜ਼ ਲੇਖਕਾਂ, ਬ੍ਰਿਟਿਸ਼ ਸਰਕਾਰ ਦੇ ਅਫਸਰਾਂ ਅਤੇ ਹਾਕਮਾਂ ਵੱਲੋਂ ਲਿਖੀਆਂ ਪੁਸਤਕਾਂ ਇੰਟਰਨੈਟ ‘ਤੇ ਮਿਲਦੀਆਂ ਹਨ। ਪਰ ਇਨ੍ਹਾਂ ਦੀ ਥਾਹ ਪਾਉਣ ਲਈ ਲਾਇਬਰੇਰੀ ਆਫ ਦੀ ਕਾਂਗਰਸ ਦਾ ਮੈਂਬਰ ਹੋਣਾ ਲਾਜ਼ਮੀ ਹੈ, ਜੋ ਲੇਖਕ ਹੈ। ਸੋ ਵਿਗਿਆਨਕ ਢੰਗ ਨਾਲ ਵਿਓਂਤੀ ਗਈ ਇਸ ਰਚਨਾ ਦੀ ਸਮਗਰੀ ਸਮਾਜਕ ਵਿਗਿਆਨੀਆਂ, ਇਤਿਹਾਸਕਾਰਾਂ ਤੇ ਖੋਜੀਆਂ ਲਈ ਲਾਭਦਾਇਕ ਹੈ, ਖਾਸ ਕਰਕੇ ਅਗਲੀਆਂ-ਪਿਛਲੀਆਂ ਪੀੜ੍ਹੀਆਂ ਵਿਚਾਲੇ ਜਾਣਕਾਰੀ ਦੀ ਤੰਦ ਜੋੜਨ ਪੱਖੋਂ।
ਇਨ੍ਹਾਂ ਲਹਿਰਾਂ ਨੇ ਜੁਝਾਰੂ ਕਵਿਤਾ ਨੂੰ ਵੀ ਜਨਮ ਦਿੱਤਾ, ਨਮੂਨੇ ਵਜੋਂ ਪਹਿਲਾਂ ਕੂਕਿਆਂ ਦੀ ਕੁਰਬਾਨੀ ਬਾਰੇ ਇੰਦਰ ਸਿੰਘ ਚਕਰਵਰਤੀ ਦੀ ਕਵਿਤਾ ਦਾ ਇਕ ਬੰਦ ਹੈ,
ਸਭ ਤੋਂ ਪਹਿਲਾ ਮਾਲਵੇ ਕਰੀ ਅਵਾਜ਼ ਬੁਲੰਦ
ਹੋਣਾ ਅਸੀਂ ਆਜ਼ਾਦ ਹੈ, ਕੱਢ ਗੁਲਮੀ ਗੰਦ।
ਇਸ ਥਾਂ ਹੋਏ ਕੁਰਬਾਨ ਨੇ, ਹੀਰੇ ਮੋਤੀ ਲਾਲ
ਭਰਿਆ ਸੀ ਦਿਲ ਜਿਨ੍ਹਾਂ ਦਾ, ਸੁਤੰਤਰਤਾ ਦੇ ਨਾਲ।
ਮਾਰਿਆ ਨਾਅਰਾ ਮਾਲਵੇ, ਕੱਢਣ ਲਈ ਅੰਗਰੇਜ਼
ਕਿਹਾ ਭਰ ਕੇ ਜਹਾਜ ਇਹ, ਲੰਡਨ ਦੇਣੇ ਭੇਜ।
ਸਾਡੀ ਧਰਤੀ, ਏਸ ‘ਤੇ ਅਸੀਂ ਕਰਾਂਗੇ ਰਾਜ
ਕਰ ਗਏ ਏਹੋ ਕੂਕਦੇ, ਤੋਪ ਅੱਗੇ ਪਰਵਾਜ਼।
ਗਦਰ ਲਹਿਰ ਬਾਰੇ ਭਗਵਾਨ ਸਿੰਘ ਪ੍ਰੀਤਮ ਦਾ ਲਿਖਿਆ ਇਕ ਬੰਦ ਹੈ,
ਤੇਜੀ ਨਾਲ ਫਰੰਗੀ ਜਿਤਨੇ ਬਹੁਤੇ ਜੁਲਮ ਕਮਾਵਣਗੇ,
ਆਪੇ ਰਲ ਮਿਲ ਬਾਗੀ ਬਾਰੇ ਜਲਦੀ ਗਦਰ ਮਚਾਵਣਗੇ।
ਜਿਤਨੀ ਹਾਲਤ ਵਿਗੜ ਜਾਏਗੀ ਇਸ ਮੱਕਾਰ ਕੁਸੰਗੀ ਤੋਂ,
ਅਖਾਰ ਮਿਲਸੀ ਖੁੱਲ੍ਹ ਅਸਾਂ ਨੂੰ, ਸਾਡੀ ਇਸ ਬਦਰੰਗੀ ਤੋਂ।
ਗਰਕ ਜਾਣਗੇ ਵਿਚ ਗੁਲਾਮੀ ਜਾਂ ਫਿਰ ਤੇਗ ਉਠਾਵਣਗੇ,
ਆਪੇ ਰਲ ਕੇ ਬਾਗੀ ਸਾਰੇ ਜਲਦੀ ਗਦਰ ਮਚਾਵਣਗੇ।
ਚੇਤੇ ਰਹੇ, ਅਜਿਹੀਆਂ ਕਵਿਤਾਵਾਂ ਗਦਰ ਪਾਰਟੀ ਵਲੋਂ ਅਮਰੀਕਾ ਦੇ ਪੱਛਮੀ ਤੱਟ ਤੋਂ ਜਾਰੀ ਕੀਤੇ ‘ਗਦਰ’ ਨਾਮੀ ਉਰਦੂ ਦੇ ਅਖਬਾਰ ਵਿਚ ਛਪਦੀਆਂ ਸਨ, ਜੋ ਪਹਿਲਾਂ ਸਾਈਕਲੋਸਟਾਈਲ ਮਸ਼ੀਨ ਅਤੇ ਫਿਰ ਪ੍ਰਿੰਟਿਗ ਮਸ਼ੀਨ ਉਤੇ ਛਾਪ ਕੇ ਮਨੀਲਾ, ਸ਼ਿੰਘਾਈ, ਹਾਂਗ ਕਾਂਗ, ਰੰਗੂਨ, ਸਿੰਘਾਪੁਰ, ਕੈਸਾਬਲਾਂਕਾ ਬਟਾਣੀਆ, ਮੈਡਾਗਾਸਕਰ, ਮੁਰਾਕੋ, ਰੋਡੇਸ਼ੀਆ, ਅਦਨ, ਮੈਸੋਪੋਟੇਮੀਆ ਤੇ ਇਰਾਕ ਦੇ ਰਸਤੇ ਹੀ ਨਹੀਂ, ਚੀਨ ਰਾਹੀਂ ਰੂਸ ਤੇ ਰੂਸ ਤੋਂ ਈਰਾਨ ਪੁਚਾਇਆ ਜਾਂਦਾ ਸੀ। ਇਹ ਵੀ ਕਿ ਇਸ ਦੇ ਖਾਸ ਅੰਕ ਹਿੰਦੀ, ਗੁਜਰਾਤੀ, ਬੰਗਾਲੀ, ਨੇਪਾਲੀ ਆਦਿ ਵਿਚ ਵੀ ਛਾਪੇ ਤੇ ਵੰਡੇ ਜਾਂਦੇ ਸਨ-ਸਾਰੇ ਦੇ ਸਾਰੇ ਹੱਥੀਂ ਲਿਖ ਕੇ। ਪੁਸਤਕ ਵਿਚਲੇ ਚਿੱਤਰ ਤੇ ਨਕਸ਼ੇ ਇਸ ਦਾ ਸਬੂਤ ਹਨ।
ਅੰਤਿਕਾ: ਬਹਾਦਰ ਸ਼ਾਹ ਜ਼ਫਰ
ਕਿਤਨਾ ਹੈ ਬਦਨਸੀਬ ਜ਼ਫਰ ਦਫਨ ਕੇ ਲੀਏ
ਦੋ ਗਜ਼ ਜ਼ਮੀਨ ਭੀ ਨਾ ਮਿਲੀ ਕੂ-ਏ ਯਾਰ ਮੇਂ।