ਪਰਮ ਪਿਆਰੇ ਅਮੋਲਕ ਜੀ,
ਪੰਜਾਬ ਟਾਈਮਜ਼ ਵਿਚ ਛਪੀ ਰਘਬੀਰ ਢੰਡ ਦੀ ਕਹਾਣੀ ‘ਸ਼ਾਨੇ-ਪੰਜਾਬ’ ਪੜ੍ਹ ਕੇ ਮੇਰਾ ਮਨ ਗਦ ਗਦ ਹੋ ਉਠਿਆ। ਇਹ ਕਹਾਣੀ ਪੰਜਾਬ ਦੇ ਮਾਣਮੱਤੇ ਅਣਖੀਲੇ ਪਾਤਰਾਂ ਨੂੰ ਪੇਸ਼ ਕਰਨ ਦੇ ਨਾਲ ਨਾਲ ਮੇਰੀ ਜ਼ਿੰਦਗੀ ਦੇ ਜਵਾਨੀ ਚੜ੍ਹਨ ਵੇਲੇ ਦਿਨਾਂ ਨਾਲ ਸਬੰਧ ਰੱਖਦੀ ਹੈ। ਇੰਜ ਲਗਦਾ ਸੀ ਜਿਵੇਂ ਰਘਬੀਰ ਮੇਰੇ ਸਾਹਮਣੇ ਬੈਠਾ ਆਪਣੀ ਹੱਡਬੀਤੀ ਸੁਣਾ ਰਿਹਾ ਹੋਵੇ। ਮੈਨੂੰ ਉਹ ਦਿਨ ਯਾਦ ਹੈ ਜਦੋਂ ਰਘਬੀਰ ਢੰਡ 1954 ਵਿਚ ਗੌਰਮਿੰਟ ਹਾਈ ਸਕੂਲ, ਵੇਰਕਾ ਵਿਚ ਨੌਂਵੀਂ ਦੀ ਕਲਾਸ ਨੂੰ ਪੰਜਾਬੀ ਪੜ੍ਹਾਉਣ ਪਹਿਲੇ ਦਿਨ ਆਇਆ। ਆਪਣੀ ਜਾਣ-ਪਛਾਣ ਕਰਾਉਣ ਪਿਛੋਂ ਵਾਰਿਸ ਸ਼ਾਹ ਦੀ ਹੀਰ ਵਿਚੋਂ ਕੁਝ ਸ਼ੇਅਰ ਸੁਣਾ ਕੇ ਬੱਚਿਆਂ ਦਾ ਅਜਿਹਾ ਮਨ ਮੋਹਿਆ ਕਿ ਪਤਾ ਹੀ ਨਾ ਲੱਗਿਆ ਕਿ ਚਾਲੀ ਮਿੰਟ ਦਾ ਪੀਰੀਅਡ ਕਦੋਂ ਲੰਘ ਗਿਆ। ਉਹਦਾ ਪੰਜਾਬੀ ਪੜ੍ਹਾਉਣ ਦਾ ਤਰੀਕਾ ਅਜਿਹਾ ਸਰਲ ਤੇ ਦਿਲਚਸਪ ਸੀ ਕਿ ਬੱਚੇ ਉਹਨੂੰ ਟੀਚਰ ਨਹੀਂ ਸਗੋਂ ਦੋਸਤ ਦੇ ਰੂਪ ਵਿਚ ਵੇਖਦੇ ਸਨ। ਕੋਈ ਬੱਚਾ ਉਹਦੀ ਕਲਾਸ ਮਿਸ ਨਹੀਂ ਸੀ ਕਰਦਾ। ਦਸਵੀਂ ਦੇ ਸਾਲਾਨਾ ਇਮਤਿਹਾਨ ਵਿਚ ਸਾਡਾ ਉਹ ਇਕ ਵਧੀਆ ਟੀਚਰ ਹੋਣ ਦੇ ਨਾਲ ਨਾਲ ਵਧੀਆ ਇਨਸਾਨ ਵੀ ਸੀ। ਉਹ ਮੇਰੀਆਂ ਅਭੁੱਲ ਯਾਦਾਂ ‘ਚੋਂ ਕਦੀ ਵੀ ਨਹੀਂ ਵਿਸਰਿਆ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਮੇਰੀ ਜ਼ਿੰਦਗੀ ਦੀਆਂ ਚੰਗੀਆਂ ਯਾਦਾਂ ਦੀ ਰੀਲ ਘੁਮਾ ਕੇ ਮੇਰੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ।
ਹਮੇਸ਼ਾ ਹੀ ਤੁਹਾਡਾ ਸ਼ੁਭਚਿੰਤਕ,
-ਰਘਬੀਰ ਸਿੰਘ ਵੇਰਕਾ
Leave a Reply