ਮਧਾਣੀ ਮੇਰੀ ਰੰਗਲੀ…

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 91-98885-10185
ਪਹਿਲੇ ਸਮਿਆਂ ਵਿਚ ਘਰਾਂ ‘ਚ ਦੁੱਧ ਨੂੰ ਹੱਥਾਂ ਨਾਲ ਰਿੜਕ ਕੇ ਮੱਖਣ ਕੱਢਿਆ ਜਾਂਦਾ ਸੀ। ਹੁਣ ਵੀ ਪੰਜਾਬ ਵਿਚ ਪਰੰਪਰਾਗਤ ਜਾਂ ਕਿਸੇ ਬਦਲਵੇਂ ਰੂਪ ਵਿਚ ਦਹੀਂ ਰਿੜਕਿਆ ਜਾਂਦਾ ਹੈ ਤੇ ਉਸ ਵਿਚੋਂ ਮੱਖਣ ਕੱਢਿਆ ਜਾਂਦਾ ਹੈ। ਪਹਿਲੇ ਸਮਿਆਂ ਵਿਚ ਔਰਤਾਂ ਤੜਕਸਾਰ ਉਠ ਕੇ ਨੇਮ ਨਾਲ ਦੁੱਧ-ਦਹੀਂ ਰਿੜਕਦੀਆਂ ਸਨ ਤੇ ਨਾਲ ਹੀ ਨਾਮ ਜਪਦੀਆਂ ਜਾਂਦੀਆਂ ਸਨ। ਦਹੀਂ ਰਿੜਕਣ ਦੀ ਪ੍ਰਕ੍ਰਿਆ ਲੱਸੀ ਵਿਚੋਂ ਮੱਖਣ ਕੱਢਣ ਨਾਲ ਸਿਰੇ ਚੜ੍ਹਦੀ ਸੀ ਤੇ ਫਿਰ ਔਰਤਾਂ ਲੱਸੀ ਵਗੈਰਾ ਨੂੰ ਸਾਂਭਣ ਦੇ ਆਹਰ ਵਿਚ ਜੁਟ ਜਾਂਦੀਆਂ ਸਨ। ਦਹੀਂ ਰਿੜਕਣ ਦਾ ਕੰਮ ਅਕਸਰ ਤੜਕਸਾਰ ਕਰ ਲਿਆ ਜਾਂਦਾ ਸੀ। ਉਹ ਵੀ ਸਮੇਂ ਸਨ, ਜਦੋਂ ਸਵੇਰ ਸਾਰ ਚਾਟੀ ਵਿਚ ਮਧਾਣੀ ਪੈ ਜਾਂਦੀ ਸੀ ਅਤੇ ਮਧਾਣੀਆਂ ਦੇ ਘੁੰਮਣ ਦੀ ਘੂੰਅ ਘੂੰਅ ਦੀ ਅਵਾਜ਼ ਨਾਲ ਘਰ ਤੇ ਚੌਗਿਰਦਾ ਝੂਮ ਉਠਦਾ ਸੀ।

ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ, “ਮਧਾਣੀ ਦਹੀਂ ਨੂੰ ਰਿੜਕਣ ਵਾਲਾ ਇਕ ਡੰਡਾ ਹੁੰਦਾ ਹੈ, ਜਿਸ ਦੇ ਹੇਠਾਂ ਫੁੱਲ ਦੀ ਸ਼ਕਲ ਦਾ ਚੱਕਰ ਬਣਿਆ ਹੁੰਦਾ ਹੈ। ਇਸ ਨਾਲ ਨੇਤਰਾ ਬੰਨ੍ਹ ਕੇ ਦਹੀਂ ਨੂੰ ਚਾਟੀ ਵਿਚ ਪਾ ਕੇ ਮਥਿਆ (ਰਿੜਕਿਆ) ਜਾਂਦਾ ਹੈ। ਦਹੀਂ ਨੂੰ ਮੱਥਣ ਦੀ ਪਰੰਪਰਾ ਬਹੁਤ ਪੁਰਾਣੀ ਹੈ।” (ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਪੰਨਾ 1877)। ਵਾਰਿਸ ਸ਼ਾਹ ਨੇ ਉਨ੍ਹਾਂ ਸਮਿਆਂ ਦੇ ਦ੍ਰਿਸ਼ਾਂ ਨੂੰ ਬਾਖੂਬੀ ਚਿਤਰਿਆ ਹੈ,
ਚਿੜੀ ਚੂਕਦੀ ਨਾਲ ਜਾ ਤੁਰੇ ਪਾਂਧੀ
ਪਈਆਂ ਦੁੱਧ ਦੇ ਵਿਚ ਮਧਾਣੀਆਂ ਨੀ।
ਇਕਨਾ ਉਠ ਕੇ ਰਿੜਕਣਾ ਪਾ ਦਿੱਤਾ
ਇੱਕ ਧੋਂਦੀਆਂ ਫਿਰਨ ਮਧਾਣੀਆਂ ਨੀ।
ਮਧਾਣੀ ਦਾ ਮੁੱਖ ਧੁਰਾ ਲੱਕੜ ਦਾ ਬਣਿਆ ਕੋਈ ਤਿੰਨ ਕੁ ਫੁੱਟ ਦਾ ਗੋਲਾਕਾਰ ਡੰਡਾ ਹੁੰਦਾ ਹੈ। ਉਸ ਡੰਡੇ ਦੇ ਹੇਠਲੇ ਸਿਰੇ ‘ਤੇ ਗਿੱਠ ਕੁ ਦੇ ਕਰੀਬ ਜਾਂ ਉਸ ਤੋਂ ਕੁਝ ਘੱਟ ਲੱਕੜੀ ਦੇ ਚਰਖੜੀ ਵਰਗੇ ਦੋ ਟੁਕੜੇ ਫਿੱਟ ਕੀਤੇ ਗਏ ਹੁੰਦੇ ਹਨ। ਗੋਲਾਈ ਵਾਲੇ ਮੁੱਖ ਡੰਡੇ ਉਪਰਲੇ ਹਿੱਸੇ ‘ਤੇ ਗੋਲਾਈ ਵਿਚ ਹੀ ਕੁਝ ਵੱਢ੍ਹੇ (ਬਾਰੀਕ ਝਰੀਆਂ) ਹੁੰਦੇ ਹਨ। ਮਧਾਣੀ ਨਾਲ ਬੰਨ੍ਹੇ ਘੁੰਗਰੂਆਂ ਦੀ ਛਣਛਣ ਦੀਆਂ ਅਵਾਜ਼ਾਂ ਜਿਵੇਂ ਕਿਸੇ ਅਜੀਬ ਵੰਨਗੀ ਦੀ ਧੁਨ ਛੇੜ ਦਿੰਦੀਆਂ ਸਨ। ਉਹ ਅਵਾਜ਼ਾਂ ਸੰਗੀਤ ਨਾਲ ਉਪਜਦੀ ਸੁਰ-ਤਾਲ ਦੀ ਲੈਆਤਮਕ ਧੁਨ ਦਾ ਅਹਿਸਾਸ ਕਰਵਾਉਣ ਵਾਲੀਆਂ ਹੁੰਦੀਆਂ ਸਨ। ਮਧਾਣੀ ਵਿਚ ਪਈਆਂ ਝਰੀਆਂ ਦੁਆਲੇ ਵਲੇ ਨੇਤਰੇ (ਡੋਰੀ) ਨਾਲ ਮਧਾਣੀ ਨੂੰ ਘੁਮਾਇਆ ਜਾਂਦਾ ਹੈ। ਹੇਠਾਂ ਘੜਵੰਜੀ ਉਤੇ ਚਾਟੀ ਟਿਕਾਈ ਜਾਂਦੀ ਹੈ, ਜਿਸ ਵਿਚ ਰਿੜਕਣ ਵਾਲਾ ਦਹੀਂ ਪਾਇਆ ਜਾਂਦਾ ਹੈ। ਚਾਟੀ ਮਿੱਟੀ ਦਾ ਬਣਿਆ ਤੇ ਪਕਾਇਆ ਖੁੱਲ੍ਹੇ ਮੂੰਹ ਵਾਲਾ, ਖੁੱਲ੍ਹਾ ਭਾਂਡਾ ਹੁੰਦੀ ਹੈ। ਮਧਾਣੀ ਨੂੰ ਕੁੜ ਵਿਚ ਟਿਕਾ ਲਿਆ ਜਾਂਦਾ ਹੈ। ਕੁੜ ਲੱਕੜ ਦਾ ਬਣਿਆ ਯੂ ਆਕਾਰ ਦਾ ਹੋਲਡਰ ਹੁੰਦਾ ਹੈ। ਕੁੜ ਦੇ ਦੋਹਾਂ ਸਿਰਿਆਂ ‘ਤੇ ਇੱਕ ਪੱਕੀ ਸੂਤੀ ਰੱਸੀ ਬੰਨ੍ਹੀ ਹੁੰਦੀ ਹੈ। ਉਸ ਨੂੰ ਚਾਟੀ ‘ਤੇ ਰੱਖ ਕੇ ਵਿਚੋਂ ਮਧਾਣੀ ਦਾ ਡੰਡਾ ਲੰਘਾਇਆ ਜਾਂਦਾ ਹੈ। ਚਾਟੀ ਘੜਵੰਜੀ ‘ਤੇ ਰੱਖੀ ਹੁੰਦੀ ਹੈ। ਕੁੜ ਨੂੰ ਚਾਟੀ ‘ਤੇ ਰੱਖ ਕੇ ਉਸ ਵਿਚੋਂ ਮਧਾਣੀ ਦੇ ਡੰਡੇ ਨੂੰ ਲੰਘਾ ਕੇ ਘੜਵੰਜੀ ‘ਤੇ ਲੱਗੇ ਡੰਡੇ ਨਾਲ ਕੱਸ ਕੇ ਬੰਨ੍ਹ ਦਿੱਤਾ ਜਾਂਦਾ ਹੈ। ਇਸ ਸਥਿਤੀ ਵਿਚ ਟਿਕਾ ਕੇ ਮਧਾਣੀ ਨੂੰ ਚਾਟੀ ਵਿਚ ਘੁੰਮਾਇਆ ਜਾਂਦਾ ਹੈ। ਮਧਾਣੀ ਨੂੰ ਨੇਤਰੇ ਨਾਲ ਘੁੰਮਾਇਆ ਜਾਂਦਾ ਹੈ। ਨੇਤਰੇ ਦੇ ਦੋਹਾਂ ਸਿਰਿਆਂ ਨੂੰ ਫੜਨ ਲਈ ਸਿਰਿਆਂ ‘ਤੇ ਲੱਕੜ ਦੀ ਇੱਕ ਇੱਕ ਗੋਲ ਗੁੱਲੀ ਬੰਨ੍ਹ ਦਿੱਤੀ ਜਾਂਦੀ ਸੀ। ਉਨ੍ਹਾਂ ਗੁੱਲੀਆਂ ਵਿਚ ਉਂਗਲਾਂ ਫਸਾ ਕੇ ਮਧਾਣੀ ਨੂੰ ਆਸਾਨੀ ਨਾਲ ਘੁੰਮਾਇਆ ਜਾ ਸਕਦਾ ਹੈ। ਪਕੜ ਵੀ ਚੰਗੀ ਬਣੀ ਰਹਿੰਦੀ।
ਪੰਜਾਬੀ ਲੋਕਧਾਰਾ ਵਿਚ ਮਧਾਣੀ ਦਾ ਜ਼ਿਕਰ ਬਹੁਤ ਥਾਂਈਂ ਬੜੀ ਸ਼ਿੱਦਤ ਨਾਲ ਕੀਤਾ ਗਿਆ ਮਿਲਦਾ ਹੈ। ਮਧਾਣੀ ਦਾ ਸੰਦ ਕਿਉਂਕਿ ਲੋਕ ਮਨ ਦੀ ਕਾਢ ਮੰਨਿਆ ਜਾਂਦਾ ਹੈ, ਇਸ ਲਈ ਲੋਕਧਾਰਾ ਵਿਚ ਉਸ ਦਾ ਵਰਣਨ ਕੀਤਾ ਜਾਣਾ ਮਹਿਜ ਸੁਭਾਵਿਕ ਵਰਤਾਰਾ ਬਣ ਜਾਂਦਾ ਹੈ ਤੇ ਮਧਾਣੀ ਨਾਲ ਸਬੰਧਤ ਕਈ ਗੀਤ ਵੀ ਲੋਕ ਗੀਤ ਦਾ ਦਰਜਾ ਹਾਸਲ ਕਰ ਲੈਂਦੇ ਹਨ,
ਮਧਾਣੀਆਂ…
ਹਾਏ ਉਇ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਣੀਆਂ।

ਮਧਾਣੀਆਂ, ਮਧਾਣੀਆਂ, ਮਧਾਣੀਆਂ
ਪੇਕੇ ਦੋਵੇਂ ਭੈਣਾਂ ਨੱਚੀਆਂ
ਸਹੁਰੇ ਨੱਚੀਆਂ ਦਰਾਣੀਆਂ ਜਠਾਣੀਆਂ।
ਇਕ ਪੰਜਾਬੀ ਲੋਕ ਗੀਤ ਦੀ ਇੱਕ ਹੋਰ ਤੁਕ ਵਿਚ ਧਾਰ ਕੱਢਣ ਤੇ ਦੁੱਧ ਰਿੜਕਣ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਹੈ,
ਦੁੱਧ ਰਿੜਕੇ ਝਾਂਜਰਾਂ ਵਾਲੀ
ਕੈਂਠੇ ਵਾਲਾ ਧਾਰ ਕੱਢਦਾ।

ਮਧਾਣੀ ਮੇਰੀ ਰੰਗਲੀ
ਤੇ ਚਾਟੀ ਮੇਰੀ ਕੋਰੀ,
ਅੱਧ ਰਿੜਕੇ ਦਾ ਛੰਨਾ ਪੀ ਜਾ
ਸੱਸ ਚੰਦਰੀ ਤੋਂ ਚੋਰੀ।
ਦੁੱਧ-ਦਹੀਂ ਨੂੰ ਰਿੜਕਣਾ ਤੇ ਚਾਟੀਆਂ ਨੂੰ ਮਾਂਜਣਾ, ਕੂਚਣਾ, ਧੋਣਾ, ਸੰਵਾਰਨਾ, ਸੁਕਾਉਣਾ ਆਦਿ ਬਹੁਤ ਕਠਿਨ ਕੰਮ ਸਮਝੇ ਜਾਂਦੇ ਸਨ। ਅਜਿਹਾ ਕੰਮ ਕਰਦੀ ਕਰਦੀ ਥੱਕ ਹਾਰ ਗਈ ਇੱਕ ਸੁਆਣੀ ਆਪਣੇ ਮਨ ਦਾ ਦਰਦ ਇੰਜ ਪ੍ਰਗਟਾਉਂਦੀ ਹੈ,
ਕੂਚ ਕੂਚ ਚਾਟੀਆਂ ਮੈਂ ਹੇਠਾਂ ਉਤੇ ਰੱਖੀਆਂ
ਉਤਲੀ ਚਾਟੀ ਵਿਚ ਲੱਸੀ ਮਾਏ ਮੇਰੀਏ
ਸੌਂਕਣ ਬੜੀ ਕੁਪੱਤੀ ਮਾਏ ਮੇਰੀਏ।

ਸੱਸੂ ਨੇ ਤਾਂ ਪਾ ਲੀ ਮਧਾਣੀ
ਉਠ ਕੇ ਵੱਡੇ ਤੜਕੇ,
ਮੈਨੂੰ ਕਹਿੰਦੀ ਚੱਕੀ ਝੋਅ ਲੈ
ਕੰਮ ਮੁਕਾਈਏ ਰਲ ਕੇ,
ਉਠਿਆ ਨਾ ਜਾਏ ਸੱਸੀਏ
ਨੀਂਦ ਅੱਖਾਂ ਵਿਚ ਰੜਕੇ।
ਦਹੀਂ ਰਿੜਕਣ ਵਾਲੀਆਂ ਔਰਤਾਂ ਦੀ ਇਸ ਪ੍ਰਕ੍ਰਿਆ ਦੌਰਾਨ ਸਰੀਰਕ ਕਸਰਤ ਵੀ ਹੋ ਜਾਂਦੀ ਸੀ। ਉਹ ਤੰਦਰੁਸਤ ਰਹਿੰਦੀਆਂ ਸਨ। ਉਹ ਹੱਥੀਂ ਕੰਮ ਕਰਨ ਵਿਚ ਵਿਸ਼ਵਾਸ ਰੱਖਦੀਆਂ ਸਨ। ਹੱਥੀਂ ਕੰਮ ਕਰਕੇ ਉਹ ਤਸੱਲੀ ਮਹਿਸੂਸ ਕਰਦੀਆਂ ਸਨ। ਚਾਟੀ ਦੀ ਲੱਸੀ ਨੂੰ ਘਰ ਦੀ ਬਰਕਤ ਸਮਝਿਆ ਜਾਂਦਾ ਸੀ। ਗਰਮੀਆਂ ਦੇ ਦਿਨੀਂ ਵਰਦਾਨ ਸਮਝੀ ਜਾਣ ਵਾਲੀ ਲੱਸੀ ਨੂੰ ਆਂਢ-ਗੁਆਂਢ ਵਿਚ ਵੀ ਭੇਜ ਦਿੱਤਾ ਜਾਂਦਾ ਸੀ ਜਾਂ ਆਂਢੀ-ਗੁਆਂਢੀ ਆਪ ਆ ਕੇ ਲੱਸੀ ਲੈ ਜਾਂਦੇ ਸਨ। ਕੱਚੇ ਕੋਰੇ ਘੜੇ ਜਾਂ ਮਟਕੀ ਵਿਚ ਸਾਂਭ ਕੇ ਰੱਖੀ ਲੱਸੀ ਨੂੰ ਦਿਨ ਭਰ ਲਈ ਪੀਣ ਵਾਸਤੇ ਵਰਤ ਲਿਆ ਜਾਂਦਾ ਸੀ।
ਖੂਹ ਵਿਚ ਪਾਣੀ, ਮਾਂ ਮੇਰੀ ਰਾਣੀ
ਕੱਢੇਗੀ ਕਸੀਦੜਾ, ਪਾਏਗੀ ਮਧਾਣੀ।
ਮਧਾਣੀ ਦੇ ਨਾਲ-ਨਾਲ ਕਈ ਲੋਕ ਗੀਤਾਂ ਵਿਚ ਚਾਟੀ ਦਾ ਜ਼ਿਕਰ ਵੀ ਆਉਂਦਾ ਹੈ। ਇਨ੍ਹਾਂ ਦੋਹਾਂ ਦੀ ਸਾਂਝ ਕਿਉਂਕਿ ਸਦੀਵੀ ਹੈ, ਇਸ ਲਈ ਚਾਟੀ ਦੀ ਗੱਲ ਕਰਨ ਵਾਲੇ ਲੋਕ ਗੀਤ ਵੀ ਵੇਖਦੇ ਹਾਂ,
ਬੀਕਾਨੇਰ ‘ਚੋਂ ਊਠ ਲਿਆਂਦਾ, ਦੇ ਕੇ ਰੋਕ ਪਚਾਸੀ
ਸ਼ਹਿਣੇ ਦੇ ਵਿਚ ਝਾਂਜਰ ਬਣਦੀ
ਮੁਕਤਸਰ ਬਣਦੀ ਕਾਠੀ
ਰਉਂਤੇ ਦੇ ਵਿਚ ਬਣਦੇ ਖੂੰਡੇ
ਧੁਰ ਭਦੌੜ ਦੀ ਚਾਟੀ।
ਮਧਾਣੀ ਨਾਲ ਰਿੜਕੇ ਦੁੱਧ ਵਿਚੋਂ ਮੱਖਣ ਕੱਢ ਲਿਆ ਜਾਂਦਾ ਹੈ ਤੇ ਉਸ ਨੂੰ ਉਬਾਲ ਕੇ ਘਿਓ ਬਣਾਇਆ ਜਾਂਦਾ ਹੈ। ਉਪਰੋਂ ਉਪਰੋਂ ਘਿਓ ਵੱਖ ਕਰ ਲਿਆ ਜਾਂਦਾ ਹੈ। ਭਾਂਡੇ ਵਿਚ ਲੱਸੀ ਰਲਿਆ ਤਿਰਮਿਰਾ ਜਿਹਾ ਪਦਾਰਥ ਥੱਲੇ ਲੱਗਿਆ ਰਹਿ ਜਾਂਦਾ ਹੈ। ਉਸ ਵਿਚ ਘਿਓ ਦੀ ਵੀ ਮਾਮੂਲੀ ਮਾਤਰਾ ਰਹਿ ਜਾਂਦੀ ਹੈ। ਉਸ ਪਦਾਰਥ ਨੂੰ ਝਹੇੜੂ ਕਹਿ ਲਿਆ ਜਾਂਦਾ ਹੈ। ਕਈ ਜੁਗਤੀ ਔਰਤਾਂ ਝਹੇੜੂ ਨੂੰ ਰੋਟੀਆਂ ਚੋਪੜਣ ਲਈ ਵਰਤ ਲੈਂਦੀਆਂ ਹਨ। ਮੱਖਣ, ਘਿਓ, ਲੱਸੀ, ਝਹੇੜੂ ਆਦਿ ਦੀਆਂ ਬਰਕਤਾਂ ਪ੍ਰਦਾਨ ਕਰਨ ਪਿੱਛੇ ਮਧਾਣੀ ਇੱਕ ਅਹਿਮ ਸੰਦ ਵਜੋਂ ਕੰਮ ਕਰਦੀ ਆਈ ਹੈ। ਹੁਣ ਦੁੱਧ, ਦਹੀਂ, ਮੱਖਣ, ਘਿਓ, ਪਨੀਰ, ਲੱਸੀ, ਖੀਰ ਆਦਿ ਪਦਾਰਥਾਂ ਦਾ ਉਤਪਾਦਨ ਵੱਡੀਆਂ ਵੱਡੀਆਂ ਕੰਪਨੀਆਂ ਕਰਨ ਲੱਗ ਪਈਆਂ ਹਨ ਤੇ ਇਹ ਸਾਰਾ ਕੁਝ ਵੱਡੇ ਵੱਡੇ ਬਰਾਂਡਾਂ ਦੇ ਨਾਂ ਹੇਠ ਡੱਬਾ ਬੰਦ, ਲਿਫਾਫੇ ਬੰਦ ਤੇ ਬੰਦ ਪੈਕ ਦੇ ਵੰਨ-ਸੁਵੰਨੇ ਰੂਪਾਂ ਵਿਚ ਉਪਲੱਬਧ ਹੋ ਜਾਂਦਾ ਹੈ।
ਕਈ ਵਾਰ ਬਿਨਾ ਕਿਸੇ ਗੱਲ ਤੋਂ ਐਵੇਂ ਹੀ ਵਧ ਗਏ ਝਗੜੇ ਜਾਂ ਫਜ਼ੂਲ ਦੀ ਬਹਿਸ ਲਈ ‘ਪਾਣੀ ਵਿਚ ਮਧਾਣੀ ਪਾਉਣਾ’ ਮੁਹਾਵਰਾ ਆਮ ਵਰਤ ਲਿਆ ਜਾਂਦਾ ਹੈ। ਮਧਾਣੀ ਪੰਜਾਬੀ ਲੋਕ ਜੀਵਨ ਤੇ ਪੰਜਾਬੀ ਲੋਕ ਸਾਹਿਤ ਦੇ ਬਹੁਤ ਕਰੀਬ ਰਹੀ ਹੈ। ਹੁਣ ਕੁਝ ਦਿਨਾਂ ਦੀ ਇਕੱਠੀ ਕੀਤੀ ਮਲਾਈ, ਦੁੱਧ ਦੀ ਕਰੀਮ ਤੇ ਦਹੀਂ ਆਦਿ ਨੂੰ ਬਿਜਲੀ ਨਾਲ ਚੱਲਣ ਵਾਲੀਆਂ ਮਧਾਣੀਆਂ, ਮਿਕਸਚਰ, ਗਰਾਈਂਡਰ, ਬਲੈਂਡਰ ਆਦਿ ਨਾਲ ਰਿੜਕ ਕੇ ਮੱਖਣ ਬਣਾ ਲਿਆ ਜਾਂਦਾ ਹੈ। ਵੱਡੀ ਤਬਦੀਲੀ ਆ ਜਾਣ ਦੇ ਬਾਵਜੂਦ ਦਹੀਂ ਰਿੜਕਣ ਵਾਲੀ ਪੁਰਾਣੀ ਮਧਾਣੀ ਦੇ ਮਹੱਤਵ ਨੂੰ ਛੁਟਿਆਇਆ ਨਹੀਂ ਜਾ ਸਕਦਾ। ਮਧਾਣੀ ਕਿਸੇ ਨਾ ਕਿਸੇ ਬਦਲੇ ਰੂਪ ਵਿਚ ਹੁਣ ਵੀ ਲੋਕ ਜੀਵਨ ਵਿਚ ਇਕ ਅਹਿਮ ਸੰਦ ਦਾ ਦਰਜਾ ਰੱਖਦੀ ਹੈ।