ਪੈਸੇ ਦੀ ਤਾਲ ‘ਤੇ ਨੱਚਦੀ ਦੁਨੀਆਂ

ਕਲਵੰਤ ਸਿੰਘ ਸਹੋਤਾ
ਫੋਨ: 1-604-589-5919
ਪੈਸੇ ਬਿਨਾ ਗੱਡੀ ਚੱਲਦੀ ਨਹੀਂ, ਵਸਤਾਂ ਤੇ ਸੇਵਾਵਾਂ ਖਰੀਦਣ ਲਈ ਇਹ ਮਾਧਿਅਮ ਵਜੋਂ ਵਰਤਿਆ ਜਾਂਦਾ ਹੈ। ਇਸ ਨੂੰ ਕਮਾਉਣ ਲਈ ਕੰਮ ਕਰਨਾ ਪੈਂਦਾ ਹੈ; ਹੱਡ ਭੰਨਵੀਂ ਮੁਸ਼ੱਕਤ ਹੋਵੇ, ਕੰਮ ਦਿਮਾਗੀ ਲਿਖਾ-ਪੜ੍ਹੀ ਦਾ ਹੋਵੇ ਜਾਂ ਵਪਾਰਕ-ਸਾਰੇ ਕੰਮ ਹੀ ਹਨ। ਇਹ ਕਰਨ ਬਦਲੇ ਪੈਸਾ ਮਿਲਦਾ ਹੈ ਤੇ ਉਸ ਨਾਲ ਅੱਗੇ ਹਰ ਬੰਦਾ ਆਪਣੀ ਲੋੜ ਮੁਤਾਬਿਕ ਆਪਣੀਆਂ ਗਰਜਾਂ ਪੂਰੀਆਂ ਕਰਦਾ ਹੈ। ਲੋੜਾਂ ਮੁਤਾਬਿਕ ਪੈਸੇ ਦੀ ਆਮਦ ਹੁੰਦੀ ਰਹੇ ਤਾਂ ਜ਼ਿੰਦਗੀ ਦੀ ਗੱਡੀ ਵਧੀਆ ਸੁਖਾਵੀਂ ਚਲਦੀ ਰਹਿੰਦੀ ਹੈ ਤੇ ਇੰਜ ਜੀਵਨ ਦਾ ਨਿਰਵਾਹ ਸਹੀ ਲੀਹ ‘ਤੇ ਤੁਰਿਆ ਜਾਂਦਾ ਹੈ। ਪੈਸਾ ਕਿੰਨਾ ਹੋਵੇ, ਕਿੰਨਾ ਨਾ ਹੋਵੇ? ਇਹ ਸਵਾਲੀਆ ਚਿੰਨ ਹਮੇਸ਼ਾ ਮਨ ਦੀ ਸੋਚ ‘ਚ ਬਣਿਆ ਰਹਿੰਦਾ ਹੈ। ਜਿਉਂ ਜਿਉਂ ਲੋੜਾਂ ਦੀ ਪੂਰਤੀ ਦੀ ਖਾਹਿਸ਼ ਵਧਦੀ ਹੈ ਤੇ ਨਾਲ ਹੀ ਪੈਸਾ ਵਧੇਰੇ ਹੋਣ ਦੀ ਤਮੰਨਾ ਵੀ ਵਧ ਜਾਂਦੀ ਹੈ ਅਤੇ ਇਹ ਵਧਦੀ ਵਧਦੀ ਅਮੁੱਕ ਦਿਸ਼ਾ ਵਲ ਨੂੰ ਤੁਰ ਪੈਂਦੀ ਹੈ, ਇੱਥੇ ਆ ਕੇ ਮਨ ਦੇ ਸੰਤੁਲਿਤ ਰਹਿਣ ਦੀ ਸਥਿਤੀ ਵਿਗੜਨੀ ਸ਼ੁਰੂ ਹੁੰਦੀ ਹੈ।

ਅੱਜ ਦੇ ਪਦਾਰਥੀ ਯੁੱਗ ‘ਚ ਸਾਡੀ ਬਿਰਤੀ ਪਦਾਰਥਾਂ ਨਾਲ ਬੱਝ ਕੇ ਪੈਸੇ ਦੇ ਗੇੜ ‘ਚ ਹੀ ਘੁੰਮਣ ਲੱਗ ਪਈ ਹੈ ਅਤੇ ਇੰਜ ਜਿੰ.ਦਗੀ ਦਾ ਬਹੁ-ਕੀਮਤੀ ਸਮਾਂ ਜਜ਼ਬ ਕਰ ਰਹੀ ਹੈ। ਅਜਿਹੀ ਸਥਿਤੀ ‘ਚ ਇੱਕ ਖਲਾਅ ਪੈਦਾ ਹੁੰਦਾ ਹੈ, ਜੋ ਆਖਿਰ ਖਤਰਨਾਕ ਬਿੰਦੂ ‘ਤੇ ਪਹੁੰਚ ਜਾਂਦਾ ਹੈ, ਜਿਸ ਤੋਂ ਪਿੱਛੇ ਮੁੜਨਾ ਅਸੰਭਵ ਹੋ ਜਾਂਦਾ ਹੈ। ਇਸ ਬਿੰਦੂ ‘ਤੇ ਮਨ ਦੀ ਸ਼ਾਂਤੀ, ਪਿਆਰ, ਸਰਲ ਜੀਵਨ ਜਿਉਣ ਦਾ ਅਨੰਦ, ਅਪਣੱਤ ਤੇ ਸਮਾਜਕ ਪ੍ਰਤੀਬੱਧਤਾ ਵਾਲੀਆਂ ਭਾਵਨਾਵਾਂ; ਪਰਿਵਾਰਾਂ ਪ੍ਰਤੀ ਭਾਵਨਾਵਾਂ ਸਭ ਖੰਭ ਲਾ ਕੇ ਉਡ ਜਾਂਦੀਆਂ ਹਨ। ਅਸੀਂ ਅੰਦਰੋਂ ਖੋਖਲੇ ਖੋਖਲੇ ਹੋਣ ਲੱਗਦੇ ਹਾਂ। ਪੈਸੇ ਦੀ ਦੌੜ ਸਭ ਆਮ-ਖਾਸ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੰਦੀ ਹੈ। ਨਵੀਂ ਤੋਂ ਨਵੀਂ ਦਿਨੋਂ ਦਿਨ ਆ ਰਹੀ ਤਕਨਾਲੋਜੀ ਸਾਡੀ ਜ਼ਿੰਦਗੀ ਨੂੰ ਪੈਸੇ ਦੁਆਲੇ ਘੁੰਮਣ ਲਾ ਦਿੰਦੀ ਹੈ ਤੇ ਇੰਜ ਅਸੀਂ ਸੀਮਤ ਦਾਇਰੇ ‘ਚ, ਸੀਮਤ ਲੋੜਾਂ ਦੀ ਪੂਰਤੀ ਲਈ; ਸੀਮਤ ਦਾਇਰੇ ਵਿਚੋਂ ਬਾਹਰ ਧੂਹ ਹੋ, ਇਸ ਪੈਸੇ ਦੀ ਹਨੇਰੀ ਦੇ ਵਾਵਰੋਲੇ ‘ਚ ਉਡਦਿਆਂ ਬੇਸੁੱਧ ਹੋਣ ਲੱਗ ਪੈਂਦੇ ਹਾਂ।
ਵੱਧ ਪੈਸਾ ਸਭ ਰਿਸ਼ਤਿਆਂ ਅਤੇ ਮੁਹੱਬਤਾਂ ਤੋਂ ਪਰੇ ਧੱਕ ਦਿੰਦਾ ਹੈ। ਜਦੋਂ ਇਨਸਾਨ ਇਸ ਦੁਨੀਆਂ ਤੋਂ ਕੂਚ ਕਰਦਾ ਹੈ ਤਾਂ ਕਦੇ ਦੇਖਿਆ ਕਿ ਅਗਲੇ ਜਹਾਨ ਜਾਂਦਾ ਪੈਸਾ ਨਾਲ ਲੈ ਗਿਆ ਹੋਵੇ? ਕਦੇ ਦੇਖਿਆ ਕਿ ਬਣੇ ਘਰ ਬਾਰ ਅਤੇ ਧਨ ਦੌਲਤ ਅਗਲੇ ਜਹਾਨ ਟਰਾਂਸਫਰ ਹੋਏ ਹੋਣ? ਪੈਸੇ ‘ਚ ਖੁੱਭੀ ਬਿਰਤੀ ਵੱਧ ਪੈਸੇ ਕਮਾਉਣ ਲਈ ਯੁਗਤਾਂ ਬਣਾ, ਹੋਰ ਪੈਸੇ ਜਮ੍ਹਾਂ ਕਰਨ ‘ਚ ਤਾਂ ਜਰੂਰ ਸਹਾਈ ਹੋਈ ਹੋਏਗੀ ਤੇ ਖੂਬ ਧਨ ਇਕੱਠਾ ਕਰ ਲਿਆ ਹੋਏਗਾ, ਪਰ ਇਹ ਜਹਾਨ ਛੱਡਦਿਆਂ ਸਭ ਕੁਝ ਇਥੇ ਹੀ ਛੱਡ ਜਾਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੁੰਦਾ। ਹਵਾਈ ਜਹਾਜ ਦੇ ਸਫਰ ਸਮੇਂ ਸਿਕਿਉਰਿਟੀ ਚੈਕ ਵੇਲੇ ਕੈਰੀ ਔਨ ਬੈਗ ‘ਚ ਵਰਜਿਤ ਚੀਜ਼, ਭਾਵੇਂ ਕਿੰਨੀ ਵੀ ਕੀਮਤੀ ਹੋਵੇ, ਨਾਲ ਲੈ ਜਾਣ ਦੀ ਆਗਿਆ ਨਹੀਂ ਮਿਲਦੀ ਤੇ ਉਥੇ ਹੀ ਸੁੱਟ ਕੇ ਜਾਣੀ ਪੈਂਦੀ ਹੈ ਤੇ ਸਬਰ ਕਰਨਾ ਪੈਂਦਾ ਹੈ, ਭਾਵੇਂ ਖੇਦ ਕਿੰਨਾ ਵੀ ਕਿਉਂ ਨਾ ਹੋਇਆ ਹੋਵੇ ਕਿ ਉਹ ਚੀਜ਼ ਨਾਲ ਖੜਨ ਦੀ ਆਗਿਆ ਨਹੀਂ ਮਿਲੀ।
ਹੁਣ ਜਰਾ ਸੋਚੋ! ਜਦ ਸਾਨੂੰ ਪਰਪੱਕ ਪਤਾ ਹੈ ਕਿ ਹਰ ਯਤਨ ਨਾਲ ਕਮਾਈ ਧਨ ਦੌਲਤ ਮਰਨ ਉਪਰੰਤ ਨਾਲ ਨਹੀਂ ਜਾ ਸਕਦੀ ਤਾਂ ਇਸ ਨੂੰ ਲੋੜੋਂ ਵੱਧ, ਬੇਸ਼ੁਮਾਰ ਇਕੱਠੇ ਕਰਨ ਦੀ ਹੋੜ ‘ਚ ਹੀ ਜੀਵਨ ਬਤੀਤ ਕਰ ਦੇਣਾ ਜ਼ਿੰਦਗੀ ਦਾ ਕੀਮਤੀ ਸਮਾਂ ਅਜਾਈਂ ਗੁਆਉਣ ਦੇ ਤੁਲ ਨਹੀਂ? ਸਾਰੀ ਜ਼ਿੰਦਗੀ ਬੰਦਾ ਇਹ ਤਵਾਜ਼ਨ ਹੀ ਨਹੀਂ ਲੱਭ ਸਕਦਾ ਕਿ ਪਦਾਰਥੀ ਵਸਤਾਂ ਇਕੱਤਰ ਕਰਨ ਦਾ ਅੰਤ ਕਿਥੇ ਹੈ! ਮਨ ਦੀ ਸ਼ਾਂਤੀ, ਜੀਵਨ ਸੰਤੁਲਨ, ਅਨੰਦਮਈ ਜੀਵਨ ਜਾਂਚ ਵਲ ਸੋਚਣ ਦੀ ਥਾਂ ਹੋਰ ਹੋਰ ਪਾਸੇ ਹੀ ਬੰਦਾ ਸਮਾਂ ਬਰਬਾਦ ਕਰੀ ਜਾਂਦਾ ਹੈ। ਬੰਦੇ ਨੂੰ ਪਤਾ ਨਹੀਂ ਲਗਦਾ ਕਿ ਸਮਾਂ ਬਰਬਾਦ ਹੋਈ ਜਾ ਰਿਹਾ ਹੈ, ਸਗੋਂ ਬਰਬਾਦ ਕੀਤੇ ਜਾ ਰਹੇ ਸਮੇਂ ਨੂੰ ਹੋਰ ਬਰਬਾਦ ਕਰਨ ਵਲ ਨੂੰ ਹੀ ਮਨ ਨੂੰ ਧੂਹੀ ਤੁਰਿਆ ਜਾਂਦਾ ਹੈ।
ਪੈਸਾ ਇਕ ਅਜਿਹੀ ਸ਼ੈਅ ਹੈ, ਜਿਸ ਨਾਲ ਕਦੇ ਕੋਈ ਰੱਜਿਆ ਨਹੀਂ, ਸਗੋਂ ਅੱਗੋਂ ਹੋਰ ਭੁੱਖ ਵਧਦੀ ਜਾਂਦੀ ਹੈ। ਜਿੰਨੀ ਹੋਰ ਭੁੱਖ ਵਧਦੀ ਹੈ, ਉਨੀ ਹੀ ਹੋਰ ਅੱਗੋਂ ਬੇਚੈਨੀ ਦੀ ਤਲਖੀ ਵਧਦੀ ਹੈ। ਕਮਾਇਆ ਜਾਂ ਇਕੱਠਾ ਕੀਤਾ ਪੈਸਾ ਜੇ ਤਾਂ ਕੋਈ ਜ਼ਿੰਦਗੀ ‘ਚ ਅਨੰਦ ਲੈਣ ਦਾ ਸਾਧਨ ਬਣਾ ਕੇ ਕੁਝ ਸ਼ਾਂਤ, ਸਹਿਜ ਮਾਹੌਲ ਸਿਰਜਣ ‘ਤੇ ਖਰਚ ਕੀਤਾ, ਫਿਰ ਤਾਂ ਪੈਸਾ ਕਿਸੇ ਹੱਦ ਤੱਕ ਅਰਥ ਆਇਆ ਅਤੇ ਜੇ ਪੈਸਾ ਅੱਤ ਲੋੜਵੰਦਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਲਾਇਆ ਜਾਂ ਉਨ੍ਹਾਂ ਦੀ ਮਦਦ ਕੀਤੀ ਤਾਂ ਇਹ ਅਰਥ ਭਰਪੂਰ ਕਾਜ ਹੈ। ਹਾਂ, ਜੇ ਸਿਰਫ ਆਪਣੀ ਤਮਾ ਪੂਰੀ ਕਰਨ ਲਈ ਹੀ ਪੈਸਾ ਇਕੱਠਾ ਕਰਨਾ/ਕਰਦੇ ਰਹਿਣਾ ਹੈ, ਫਿਰ ਤਾਂ ਇਹ ਮਕਸਦਹੀਣ ਹੈ।
ਪਿਛਲੇ 60-70 ਸਾਲਾਂ ‘ਚ ਇੰਨੀ ਤਬਦੀਲੀ ਆਈ ਹੈ ਕਿ ਪਿਛਲੇ ਕਈ ਸੌ ਸਾਲਾਂ ‘ਚ ਨਹੀਂ ਆਈ; ਸਗੋਂ ਪਿਛਲੀਆਂ ਸਦੀਆਂ ‘ਚ ਤਾਂ ਜੀਵਨ ਸਥਿਰ ਤੇ ਸਮ ਰਿਹਾ ਹੈ। ਵਿਗਿਆਨ ਤੇ ਤਕਨਾਲੋਜੀ ਨੇ ਜੋ ਸਿਖਰਾਂ ਛੂਹੀਆਂ ਹਨ, ਉਸ ਨੇ ਹਜ਼ਾਰਾਂ ਸਾਲਾਂ ਤੋਂ ਸਥਿਰ ਤੁਰਿਆ ਆ ਰਿਹਾ ਪਰਿਵਾਰਕ ਜੀਵਨ ਉਲਝਾ ਕੇ ਰੱਖ ਦਿੱਤਾ ਹੈ। ਦੇਖੋ, ਵੱਖੋ ਵੱਖਰੇ ਸਟੋਰਾਂ ਦੇ ਸੇਲ ਦੇ ਪੇਪਰ ਹਰ ਹਫਤੇ ਘਰੀਂ ਪਹੁੰਚਦੇ ਹੋ ਜਾਂਦੇ ਹਨ। ਬੇਅੰਤ ਚੀਜ਼ਾਂ ਘੱਟ ਕੀਮਤ ‘ਤੇ ਵੇਚਣੀਆਂ ਲਾਈਆਂ ਹੂੰਦੀਆਂ ਹਨ। ਕਈ ਵਾਰੀ ਨਾ ਚਾਹੁੰਦਿਆਂ ਅਤੇ ਬਿਨਾ ਲੋੜ ਤੋਂ ਹੀ ਕੋਈ ਵਸਤ ਖਰੀਦਣ ਲਈ ਮਨ ਉਤਸਕ ਹੋ ਜਾਂਦਾ ਹੈ। ਮਨ ‘ਚ ਖਿਆਲ ਬਣਨੇ ਸ਼ੁਰੂ ਹੋ ਜਾਂਦੇ ਹਨ ਕਿ ਇਹ ਚੀਜ਼ ਬੜੀ ਸਸਤੀ ਹੈ, ਜਰੂਰ ਖਰੀਦੀ ਜਾਏ, ਪਰ ਨਾਲ ਹੀ ਦੂਜਾ ਮਨ ਕਹਿੰਦਾ ਹੈ ਕਿ ਇਸ ਦੀ ਕਿਹੜੀ ਲੋੜ ਹੈ? ਕਿਉਂ ਐਵੇਂ ਪੈਸੇ ਖਰਚ ਕੇ ਘਰ ਭਰਨਾ ਹੈ?
ਇੰਜ ਮਨ ਦੇ ਦੋਹਾਂ ਵਿਚਾਰਾਂ ਦਾ ਭੇੜ, ਬੜੀ ਸੋਹਣੀ ਮਨ ਦੀ ਬਣੀ ਸਥਿਰਤਾ ਨੂੰ ਵਿਗਾੜ ਤੇ ਬੇਚੈਨੀ ਦਾ ਆਲਮ ਸੁ.ਰੂ ਕਰਾ ਦਿੰਦਾ ਹੈ; ਸਿਰਫ ਇਸ ਕਰਕੇ ਕਿ ਫਲਾਣੀ ਚੀਜ਼ ਅੱਧੀ ਕੀਮਤ ‘ਤੇ ਲੱਗੀ ਹੈ ਤੇ ਇਉਂ ਪੈਸੇ ਦੀ ਬੱਚਤ ਹੋਏਗੀ। ਚੰਗੇ ਭਲੇ ਘਰ ਬੈਠਿਆਂ ਨੂੰ ਸੇਲ ਦੇ ਆਏ ਪੇਪਰਾਂ ਨੇ ਅਖੌਤੀ ਪੈਸੇ ਦੀ ਬੱਚਤ ਦੇਖ ਮਨ ਉਲਝਾ ਦਿੱਤਾ; ਭਾਵੇਂ ਅੱਧੇ ਪੈਸੇ ਖਰਚ ਕੇ ਵੀ ਉਹ ਬੇਲੋੜੀ ਚੀਜ਼ ਸਾਲਾਂ ਬੱਧੀ ਘਰ ਦੇ ਖੂੰਜੇ ਮੱਲੀ ਰੱਖੇ ਤੇ ਕਿਸੇ ਕੰਮ ਵੀ ਨਾ ਆਏ। ਪੈਸੇ ‘ਚ ਉਲਝੇ ਮਨ ਦਾ ਇਹ ਹਾਲ ਹੈ। ਚੀਜ਼ਾਂ ਵੇਚਣ ਤੇ ਬਣਾਉਣ ਵਾਲੀਆਂ ਕੰਪਨੀਆਂ ਬੜੀ ਜੁਗਤ ਨਾਲ ਸਾਡੇ ਮਨਾਂ ਨੂੰ ਪ੍ਰੇਰਤ ਕਰਨ ਦੇ ਢੰਗ ਤਰੀਕੇ ਅਪਨਾਉਂਦੀਆਂ ਹਨ ਤੇ ਇੰਜ ਅਸੀਂ ਬੇਲੋੜਾ ਪੈਸਾ ਵੀ ਖਰਚ ਆਉਂਦੇ ਹਾਂ ਤੇ ਘੱਟ ਜਾਂ ਨਾ ਕੰਮ ਆਉਣ ਵਾਲੀ ਵਸਤੂ ਵੀ ਖਰੀਦ ਲਿਆਉਂਦੇ ਹਾਂ। ਪੈਸਾ ਬੰਦੇ ਨੂੰ ਚੱਕਰ ‘ਚ ਪਾ ਦਿੰਦਾ ਹੈ ਤੇ ਬਣਿਆ ਮਨ ਦਾ ਤਵਾਜ਼ਨ ਵਿਗਾੜ ਦਿੰਦਾ ਹੈ।
ਇੱਕ ਵਾਰੀ ਡਾਕੀਆ ਕਿਸੇ ਪੈਟਰੋਲ ਪੰਪ ਦਾ ਇਕ ਕੂਪਨ ਡਾਕ ਨਾਲ ਸਾਡੇ ਘਰ ਸੁੱਟ ਗਿਆ। ਕੂਪਨ ‘ਤੇ ਲਿਖਿਆ ਸੀ ਕਿ ਪੰਜ ਸੈਂਟ ਪ੍ਰਤੀ ਲਿਟਰ ਰਿਆਇਤ ਮਿਲੇਗੀ ਫਲਾਣੀ ਤਰੀਕ ਤੱਕ ਅਤੇ ਪੈਟਰੋਲ ਦੀ ਹੱਦ ਡੇਢ ਸੌ ਲਿਟਰ ਸੀ; ਭਾਵ ਜੇ ਮੈਂ 150 ਲਿਟਰ ਵੀ ਖਰੀਦ ਲਵਾਂ ਤਾਂ ਮੈਨੂੰ ਸਾਢੇ ਸੱਤ ਡਾਲਰ ਦੀ ਛੋਟ ਮਿਲੇਗੀ। ਸ਼ਰਤਾਂ ਇਹ ਸਨ ਕਿ ਫਲਾਣਾਂ ਮਾਰਕਾ ਪੈਟਰੋਲ ਪੰਪ ‘ਤੇ ਹੀ ਇਹ ਕੂਪਨ ਵਰਤ ਸਕਦੇ ਹਾਂ ਅਤੇ ਨਾਲ ਹੀ ਫਲਾਣੀ ਬੈਂਕ ਦਾ ਵੀਜ਼ਾ ਕਾਰਡ ਵਰਤਣਾ ਪਏਗਾ। ਪੜ੍ਹ ਕੇ ਲੱਗਿਆ ਕਿ ਡੀਲ ਤਾਂ ਵਧੀਆ ਹੈ। ਮੇਰੇ ਕੋਲ ਉਸ ਬੈਂਕ ਦਾ ਵੀਜ਼ਾ ਕਾਰਡ ਵੀ ਹੈ ਅਤੇ ਪੈਟਰੋਲ ਵੀ ਮੈਂ ਉਸੇ ਕੰਪਨੀ ਦੇ ਪੰਪਾਂ ਤੋਂ ਪੁਆਉਂਦਾ ਹਾਂ। ਹੁਣ ਸੋਚਣ ਲਈ ਸਮੱਸਿਆ ਇਹ ਬਣ ਗਈ ਕਿ ਪੂਰੇ ਸਾਢੇ ਸੱਤ ਡਾਲਰ ਦੀ ਛੋਟ ਕਿਵੇਂ ਲਈ ਜਾਏ? ਇੱਕ ਕਾਰ ‘ਚ ਮਸਾਂ ਸੱਤਰ ਲਿਟਰ ਪੈਟਰੋਲ ਪੈਣਾ ਸੀ ਤੇ ਸੱਤਰ ਹੀ ਦੂਜੀ ਵਿਚ। ਮਨ ‘ਚ ਵਿਧੀਆਂ ਬਣਨ ਲੱਗੀਆਂ ਕਿ ਦੋਵੇਂ ਕਾਰਾਂ ਖਾਲੀ ਹੋਣ ‘ਤੇ ਦੋਵੇਂ ਇਕੱਠੀਆਂ ਹੀ ਭਰਾ ਲਈਆਂ ਜਾਣ; ਨਾਲ ਹੀ ਸਮੱਸਿਆ ਇਹ ਬਣਦੀ ਲੱਗੇ ਕਿ ਦੋਵੇਂ ਕਾਰਾਂ ਇਕੱਠੀਆਂ ਤਾਂ ਕਦੇ ਖਾਲੀ ਹੁੰਦੀਆਂ ਹੀ ਨਹੀਂ, ਜੇ ਸਾਰੀ ਯੁਗਤ ਬਣਾ ਦੋਵੇਂ ਵੀ ਇਕੱਠੀਆਂ ਭਰਾਈਆਂ ਜਾਣ ਤਾਂ ਵੀ ਮਸਾਂ ਸੱਤ ਡਾਲਰ ਦੀ ਬੱਚਤ ਹੋਣੀ ਹੈ। ਡਾਕੀਆ ਡਾਕ ‘ਚ ਕੂਪਨ ਕਾਹਦਾ ਸੁੱਟ ਗਿਆ, ਮੈਨੂੰ ਤਾਂ ਸੋਚਾਂ ‘ਚ ਹੀ ਪਾ ਗਿਆ। ਮਨ ਦਾ ਚੰਗਾ ਭਲਾ ਬਣਿਆ ਤਵਾਜ਼ਨ ਇਕ ਕੂਪਨ ਨੇ ਵਿਗਾੜ ਕੇ ਰੱਖ ਦਿੱਤਾ। ਇਹ ਹੈ ਪੈਸਾ! ਪੰਜ ਸੈਂਟ ਪ੍ਰਤੀ ਲਿਟਰ ਦੀ ਛੋਟ ਵਾਲੇ ਕੂਪਨ ਨੇ ਕਈ ਦਿਨ ਮੇਰੇ ਮਨ ਦੀ ਬਿਰਤੀ ਹਿਲਾਈ ਰੱਖੀ।
ਇੱਕ ਹੋਰ ਮਿਸਾਲ ਦੇ ਕੇ ਲੇਖ ਦੀ ਸਮਾਪਤੀ ਕਰਾਂਗਾ, ਮਤਾਂ ਇਹ ਨਾ ਹੋਵੇ ਕਿ ਪੈਸੇ ਬਾਰੇ ਲਿਖਦਾ ਲਿਖਦਾ ਅੱਗੋਂ ਲੇਖ ਹੀ ਮੇਰੇ ਮਨ ਦੀ ਬੇਚੈਨੀ ਹੋਰ ਵਧਾ ਦੇਵੇ! ਇਕ ਵਾਰੀ ਮੈਨੂੰ ਇਕ ਸਿੱਕਾ ਲੱਭਾ, ਬਿਲਕੁਲ ਟੂਨੀ (ਦੋ ਡਾਲਰ ਦਾ ਸਿੱਕਾ) ਜਿਹਾ, ਚੁੱਕ ਕੇ ਜੇਬ ‘ਚ ਪਾ ਘਰ ਲੈ ਆਇਆ, ਆ ਕੇ ਦੇਖਿਆ ਤਾਂ ਉੱਪਰ ਲਿਖੀ ਭਾਸ਼ਾ ਪੜ੍ਹੀ ਨਾ ਜਾਏ। ਸੋਚੀ ਜਾਵਾਂ ਕਿ ਕਿਸੇ ਕੌਇਨ ਡੀਲਰ ਦੇ ਜਾ ਕੇ ਦਿਖਾਵਾਂ? ਇਹ ਕਿਹੜੇ ਮੁਲਕ ਦਾ ਸਿੱਕਾ ਹੋਊ? ਕਿੰਨੇ ਇਸ ਦੇ ਡਾਲਰ ਬਣਨਗੇ? ਇਤਿਆਦਿ ਸੋਚਾਂ ਨੇ ਮੇਰਾ ਮਨ ਭੰਬਲਭੂਸੇ ‘ਚ ਪਾਈ ਰੱਖਿਆ। ਸਾਹਮਣੇ ਡਰੈਸਰ ‘ਤੇ ਪਿਆ ਸਿੱਕਾ ਜਦੋਂ ਭੀ ਮੇਰੀ ਨਿਗ੍ਹਾ ਚੜ੍ਹੇ, ਮੈਨੂੰ ਸੋਚਾਂ ‘ਚ ਪਾ ਦਿਆ ਕਰੇ। ਆਖਿਰ ਮੈਂ ਉਹ ਸਿੱਕਾ ਚੁੱਕ ਕੇ ਭਾਨ ਵਾਲੇ ਡੱਬੇ ‘ਚ ਸੁੱਟ ਅੱਖਾਂ ਤੋਂ ਪਰੇ ਕੀਤਾ ਤੇ ਮਨ ਦੀ ਦੁਬਿਧਾ ਦਾ ਖਹਿੜਾ ਛੁਡਾਇਆ। ਇਹ ਹੈ ਪੈਸਾ, ਕਿਸੇ ਵੀ ਹਾਲਤ ਵਿਚ ਸਾਡਾ ਖਹਿੜਾ ਨਹੀਂ ਛੱਡਦਾ ਤੇ ਸਾਡੇ ਮਨ ਨੂੰ ਭਟਕਾਈ ਹੀ ਫਿਰਦਾ ਹੈ। ਨਾ ਅੱਜ ਦੇ ਯੁੱਗ ‘ਚ ਇਸ ਬਿਨਾ ਸਰ ਸਕਦਾ ਹੈ ਅਤੇ ਨਾ ਹੀ ਇਹ ਸਾਡੇ ਮਨ ਨੂੰ ਟਿਕਣ ਦਿੰਦਾ ਹੈ।