ਗਰੀਬੀ ਨਾਲ ਵਿੰਨ੍ਹੀਆਂ ਰੂਹਾਂ ‘ਬਿਔਂਡ ਦਿ ਕਲਾਊਡਜ਼’

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਰਾਨ ਦੇ ਸਰਕਰਦਾ ਫਿਲਮਸਾਜ਼ ਮਾਜਿਦ ਮਾਜੀਦੀ ਦੀ ਫਿਲਮ ‘ਬਿਔਂਡ ਦਿ ਕਲਾਊਡਜ਼’ ਬਾਰੇ ਚਰਚਾ ਕੀਤੀ ਗਈ ਹੈ।

-ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330
ਇਰਾਨੀ ਫਿਲਮਸਾਜ਼ ਮਾਜਿਦ ਮਾਜੀਦੀ ਦੀ ਫਿਲਮ ‘ਬਿਔਂਡ ਦਿ ਕਲਾਊਂਡਜ਼’ ਦੇਖਦਿਆਂ ਮੁੰਬਈ ਦੀਆਂ ਸਾਰੀਆਂ ਰਮਜ਼ਾਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ। ਜਦੋਂ ਉਸ ਦੇ ਕਿਰਦਾਰ ਮੁੰਬਈ ਦੀਆਂ ਗੰਦੀਆਂ ਬਸਤੀਆਂ ਦੇ ਢੱਠੇ ਮਕਾਨਾਂ ਅਤੇ ਝੁੱਗੀਆਂ ਵਿਚਲੀਆਂ ਵਿਰਲਾਂ ਵਿਚੋਂ ਪੁਲਿਸ ਅਤੇ ਗੁੰਡਿਆਂ ਤੋਂ ਬਚਣ ਲਈ ਭੱਜਦੇ ਹਨ ਤਾਂ ਭਾਰਤ ਦੇ ਗਰੀਬ ਤਬਕਿਆਂ ਨਾਲ ਵਾਬਸਤਾ ਕੋਈ ਵੀ ਇਨਸਾਨ ਭਾਰਤ ਵਿਚ ਗਰੀਬ ਹੋਣ ਦੀਆਂ ਤਰਾਸਦੀਆਂ ਵਾਪਰਦੀਆਂ ਮਹਿਸੂਸ ਕਰ ਸਕਦਾ ਹੈ। ਇਹ ਫਿਲਮ ਬਣਾਉਣ ਦੀ ਜ਼ਰੂਰਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਧੀਆ ਕਥਾਨਿਕ ਅਤੇ ਵਿਸ਼ਾ-ਵਸਤੂ ਹੋਣ ਦੇ ਬਾਵਜੂਦ ਇਹ ਫਿਲਮ ਭਾਰਤੀ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਅਸਫਲ ਹੋ ਜਾਂਦੀ ਹੈ। ਬਾਅਦ ਵਿਚ ਇਸ ਫਿਲਮ ਬਾਰੇ ਗੱਲ ਕਰਦਿਆਂ ਇੱਕ ਇੰਟਰਵਿਊ ਵਿਚ ਮਾਜਿਦ ਮਾਜੀਦੀ ਪੁੱਛਦਾ ਹੈ ਕਿ ਭਾਰਤੀ ਫਿਲਮਸਾਜ਼ ਉਨ੍ਹਾਂ ਦੇ ਸਾਹਮਣੇ ਵਾਪਰ ਰਹੇ ਵਰਤਾਰਿਆਂ ਅਤੇ ਤਰਾਸਦੀਆਂ ਨੂੰ ਦਰਕਿਨਾਰ ਕਰ ਕੇ ਹਾਲੀਵੁੱਡ ਦੀਆਂ ਬਿਨਾ ਸਿਰ-ਪੈਰ ਵਾਲੀਆਂ ਕਹਾਣੀਆਂ ‘ਤੇ ਕਿਉਂ ਯਕੀਨ ਕਰਦੇ ਹਨ? ਉਹ ਅਜਿਹੀਆਂ ਫਿਲਮਾਂ ਦੀਆਂ ਨਕਲਾਂ ਬਣਾਉਣ ਦੀ ਜਗ੍ਹਾ ਇੱਥੋਂ ਦੀ ਤਰਜ਼-ਏ-ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ‘ਤੇ ਫਿਲਮਾਂ ਕਿਉਂ ਨਹੀਂ ਬਣਾਉਂਦੇ?
ਇਸ ਫਿਲਮ ਦੇ ਰਿਲੀਜ਼ ਹੁੰਦੇ ਸਾਰ ਹੀ ਇਸ ਦੀ ਤੁਲਨਾ ਮਾਜਿਦ ਮਾਜੀਦੀ ਦੀਆਂ ਪਹਿਲੀਆਂ ਫਿਲਮਾਂ ਜਿਵੇਂ ‘ਚਿਲਡਰਨ ਆਫ ਹੈਵਨ’ ਅਤੇ ‘ਸੌਂਗ ਆਫ ਸਪੈਰੋਜ਼’ ਨਾਲ ਹੋਣੀ ਸ਼ੁਰੂ ਹੋ ਗਈ। ਬਹੁਤ ਸਾਰੇ ਆਲੋਚਕਾਂ ਨੇ ਇਸ ਫਿਲਮ ਨੂੰ ਮਾਜਿਦ ਮਾਜੀਦੀ ਦੀ ਬਾਲੀਵੁਡ ਵਿਚ ‘ਆਊਟ-ਸਾਈਡਰ’ ਵਜੋਂ ਬਣਾਈ ਹੋਈ ਫਿਲਮ ਮੰਨਿਆ। ਇਸ ਫਿਲਮ ਦੀ ਕਹਾਣੀ ਦਾ ਮੁੱਖ ਧੁਰਾ ਗਰੀਬੀ ਦਾ ਅੰਨਾ੍ਹ ਖੂਹ ਹੈ ਜਿਹੜਾ ਗਰੀਬਾਂ ਦੇ ਸਰੀਰਾਂ ਵਿਚੋਂ ਲਹੂ ਦਾ ਆਖਰੀ ਤੁਪਕਾ ਤੱਕ ਚੂਸ ਲੈਂਦਾ ਹੈ ਅਤੇ ਉਨ੍ਹਾਂ ਦੀਆਂ ਹੱਡੀਆਂ ਦੀ ਮਿੱਝ ਪੀੜ੍ਹੀ ਦਰ ਪੀੜ੍ਹੀ ਸ਼ਹਿਰਾਂ, ਕਸਬਿਆਂ, ਫੈਕਟਰੀਆਂ ਤੇ ਕਾਰਖਨਿਆਂ ਵਿਚ ਧੁਖਦੇ ਕੋਲੇ ਵਾਂਗ ਬਲਦੀ ਹੈ। ਫਿਲਮਸਾਜ਼ ਮੀਰਾ ਨਾਇਰ ਦੀ ਫਿਲਮ ‘ਸਲਾਮ ਬੰਬੇ’ ਤੋਂ ਬਾਅਦ ਇਹ ਦੂਜੀ ਫਿਲਮ ਹੈ ਜਿਹੜੀ ਮਹਾਂਨਗਰਾਂ ਦੀ ਬੇਕਿਰਕ ਅਤੇ ਹਮਦਰਦੀ ਤੋਂ ਸੱਖਣੀ ਬੇਰੰਗ ਦੁਨੀਆ ਵਿਚ ਪਲ ਰਹੇ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਇੰਨੀ ਬਾਰੀਕੀ ਨਾਲ ਫਿਲਮਾਉਂਦੀ ਹੈ।
ਇਸ ਫਿਲਮ ਦੀ ਕਹਾਣੀ ਅਨੁਸਾਰ ਅਲੀ ਦਾ ਪਾਲਣ-ਪੋਸ਼ਣ ਉਸ ਦੀ ਭੈਣ ਤਾਰਾ ਨੇ ਕੀਤਾ ਹੈ। ਅਲੀ ਗਰੀਬੀ ਦੇ ਇਸ ਦਮ-ਘੋਟੂ ਮਾਹੌਲ ਵਿਚੋਂ ਨਿਕਲ ਕੇ ‘ਵੱਡਾ ਆਦਮੀ’ ਬਣਨਾ ਚਾਹੁੰਦਾ ਹੈ ਅਤੇ ਇਹੀ ਲਾਲਚ ਉਸ ਨੂੰ ਹੌਲੀ-ਹੌਲੀ ਜੁਰਮ ਅਤੇ ਦਹਿਸ਼ਤ ਦੀ ਅੰਨ੍ਹੀ ਸੁਰੰਗ ਵਿਚ ਧੱਕ ਦਿੰਦਾ ਹੈ। ਅਲੀ ਦੀਆਂ ਗਲਤੀਆਂ ਦਾ ਖਮਿਆਜ਼ਾ ਤਾਰਾ ਨੂੰ ਭੁਗਤਣਾ ਪੈਂਦਾ ਹੈ ਜਿਸ ਨੂੰ ਨਾ ਸਿਰਫ ਬਿਨਾ ਕਿਸੇ ਕਸੂਰ ਤੋਂ ਪੁਲਿਸ ਦੀਆਂ ਵਧੀਕੀਆਂ ਸਹਿਣੀਆਂ ਪੈਂਦੀਆਂ ਹਨ ਸਗੋਂ ਸਮਾਜਿਕ ਤੌਰ ‘ਤੇ ਵੀ ਲਗਾਤਾਰ ਜ਼ਿਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਰੇ ਘਟਨਾਕ੍ਰਮ ਵਿਚ ਉਨ੍ਹਾਂ ਢਾਂਚਿਆਂ ਅਤੇ ਸੰਸਥਾਵਾਂ ਜਿਨ੍ਹਾਂ ਦਾ ਕੰਮ ਅਜਿਹੇ ਮੌਕਿਆਂ ‘ਤੇ ਪੀੜਤ ਧਿਰ ਦੇ ਨਾਲ ਖੜ੍ਹੇ ਹੋਣਾ ਹੁੰਦਾ ਹੈ, ਉਹ ਸਾਰਾ ਸਵਾਲਾਂ ਦੇ ਘੇਰੇ ਵਿਚ ਆ ਜਾਂਦਾ ਹੈ। ਪੁਲਿਸ ਅਤੇ ਕਾਨੂੰਨ ਪੀੜਤ ਦੀ ਮਦਦ ਕਰਨ ਅਤੇ ਉਸ ਨੂੰ ਇਨਸਾਫ ਦਿਵਾਉਣ ਦੀ ਥਾਂ ਉਲਟਾ ਉਸ ਉਪਰ ਹੀ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਅਤੇ ਦੋਸ਼ੀਆਂ ਨੂੰ ਲੱਭਣ ਦੀ ਜ਼ਿੰਮੇਵਾਰੀ ਸੁੱਟ ਕੇ ਸੁਰਖਰੂ ਹੋ ਜਾਂਦੇ ਹਨ। ਤਾਰਾ ਦੇ ਜੇਲ੍ਹ ਵਿਚੋਂ ਬਾਹਰ ਆਉਣ ਲਈ ਅਲੀ ਨੂੰ ਗੁੰਗੇ-ਬੋਲੇ ਬਲਾਤਕਾਰੀ ਨੂੰ ਸੱਚ ਬੋਲਣ ਲਈ ਮਜਬੂਰ ਕਰਨਾ ਪੈਣਾ ਹੈ। ਇਸ ਸਾਰੀ ਪ੍ਰਕਿਰਿਆ ਦੌਰਾਨ ਮਾਜਿਦ ਮਾਜੀਦੀ ਦੀ ਆਪਣੀ ਕਲਾ ਲਈ ਵੀ ਪਰਖ ਦੀ ਘੜੀ ਹੈ। ਭਾਰਤ ਵਰਗੇ ਮੁਲਕਾਂ ਵਿਚ ਗਰੀਬੀ ਸਿਰਫ ਸਾਧਨਾਂ ਦੀ ਗਰੀਬੀ ਨਹੀਂ; ਇਨ੍ਹਾਂ ਮੁਲਕਾਂ ਵਿਚ ਗਰੀਬ ਹੋਣਾ ਗੁਨਾਹਗਾਰ ਹੋਣ ਵਾਂਗ ਸੰਗੀਨ ਤੇ ਜ਼ਿਲਤ ਨਾਲ ਭਰਿਆ ਹੋਇਆ ਹੈ। ਗਰੀਬ ਦਾ ਸੱਚ ਵੀ ਮੂੰਹ ਲੁਕਾਉਂਦਾ ਫਿਰਦਾ ਹੈ। ਮਾਜਿਦ ਅਨੁਸਾਰ ਮੁੰਬਈ ਵਿਚ ਗਰੀਬ ਹੋਣਾ ਅਜਿਹੇ ਬੰਦ ਦਾਇਰੇ ਵਾਂਗ ਹੈ ਜਿਸ ਵਿਚ ਆਪਣੇ ਹੱਕ ਤੇ ਇਨਸਾਫ ਦੀ ਗੱਲ ਕਰਨ ਵਾਲਾ ਗਰੀਬ ਪਾਗਲਪਣ ਦੀਆਂ ਅਣਕਿਆਸੀਆਂ ਖੁੰਦਕਾਂ ਵਿਚ ਧੱਕ ਦਿੱਤਾ ਜਾਂਦਾ ਹੈ। ਉਸ ਦੀ ਪਛਾਣ, ਉਸ ਦੀ ਹੋਂਦ, ਉਸ ਦੇ ਮਸਲੇ ਸਮਾਜਿਕ ਤੌਰ ‘ਤੇ ਮਜ਼ਾਕ ਅਤੇ ਘ੍ਰਿਣਾ ਦਾ ਪਾਤਰ ਬਣ ਜਾਂਦੇ ਹਨ। ਗਰੀਬ ਹੋਣ ਦੀ ਪਛਾਣ ਉਸ ਤੋਂ ਮਨੁੱਖ ਹੋਣ ਦੇ ਮੁੱਢਲੇ ਅਧਿਕਾਰ ਤੱਕ ਖੋਹ ਲੈਂਦੀ ਹੈ। ਇਸ ਫਿਲਮ ਰਾਹੀਂ ਸਮਾਜਿਕ ਤੌਰ ‘ਤੇ ਗਰੀਬਾਂ ਖਿਲਾਫ ਸਦੀਆਂ ਤੋਂ ਲਾਗੂ ਅਣਲਿਖਤ ਕਾਨੂੰਨਾਂ ਦੀ ਲੰਮੀ ਕੜੀ ਦੇ ਦਰਸ਼ਨ ਹੁੰਦੇ ਹਨ। ਇਹ ਅਣ-ਲਿਖਤ ਕਾਨੂੰਨ ਅਲੀ ਅਤੇ ਤਾਰਾ ਖਿਲਾਫ ਕੋਈ ਜੁਰਮ ਸਾਬਿਤ ਹੋਣ ਦੀ ਉਡੀਕ ਨਹੀਂ ਕਰਦੇ। ਅਲੀ ਗਰੀਬ ਅਤੇ ਗੰਦੀ ਬਸਤੀ ਵਿਚ ਪਲਿਆ ਮੁੰਡਾ ਹੈ ਅਤੇ ਤਾਰਾ ਗਰੀਬ ਕੁੜੀ ਹੈ। ਸਮਾਜ ਅਤੇ ਇਨਸਾਫ ਦੇ ਸਾਰੇ ਕਾਇਦੇ-ਕਾਨੂੰਨ ਉਨ੍ਹਾਂ ਦੀ ਇਸ ਪਛਾਣ ਨੂੰ ਹੀ ਅੰਤਿਮ ਸੱਚ ਮੰਨ ਕੇ ਉਨ੍ਹਾਂ ਲਈ ਫਤਵੇ ਜਾਰੀ ਕਰ ਦਿੰਦੇ ਹਨ। ਉਨ੍ਹਾਂ ਦੇ ਅੰਦਰਲੀ ਜ਼ਿੰਦਗੀ ਦੀ ਤਾਂਘ ਦੀ ਸੰਘੀ ਘੁੱਟ ਦਿੱਤੀ ਜਾਂਦੀ ਹੈ। ਗਰੀਬ ਨੂੰ ਸੁਪਨੇ ਦੇਖਣ ਜਾਂ ਆਜ਼ਾਦੀ ਦੀ ਭਾਲ ਕਰਨ ਦਾ ਕੀ ਹੱਕ ਹੈ? ਅਲੀ ਅਤੇ ਤਾਰਾ ਦੁਆਰਾ ਕਿਣਕਾ-ਕਿਣਕਾ ਜੋੜ ਕੇ ਬਣਾਈ ਨਿੱਕੀ ਜਿਹੀ ਦੁਨੀਆ ਗਰੀਬੀ ਦੇ ਦੈਂਤ ਨਾਲ ਟਕਰਾ ਕੇ ਪਲਾਂ ਵਿਚ ਖਿੱਲਰ ਜਾਂਦੀ ਹੈ। ਮਾਜਿਦ ਮਾਜੀਦੀ ਦੀ ਫਿਲਮਸਾਜ਼ੀ ਦੀ ਖਾਸੀਅਤ ਇਹ ਹੈ ਕਿ ਉਹ ਇਸ ਡਰਾਵਣੇ ਸੱਚ ਨੂੰ ਕਿਤੇ ਵੀ ਵਪਾਰਕ ਅਤੇ ਬਾਜ਼ਾਰੀ ਨਹੀਂ ਬਣਨ ਦਿੰਦਾ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਸ ਨੂੰ ਇਹ ਫਿਲਮ ਬਣਾਉਣ ਦੇ ਦਿਨਾਂ ਵਿਚ ਹੀ ਪਤਾ ਲੱਗ ਗਿਆ ਹੋਵੇਗਾ ਕਿ ਇਹ ਫਿਲਮ ਬਾਕਿਸ ਆਫਿਸ ‘ਤੇ ਇੱਕ ਦਿਨ ਵੀ ਨਹੀਂ ਟਿਕਣੀ!
ਇਸ ਫਿਲਮ ਵਿਚ ਬਹੁਤ ਸਾਰੇ ਯਾਦਗਾਰੀ ਦ੍ਰਿਸ਼ ਹਨ। ਨੰਗੀ-ਚਿੱਟੀ ਹਕੀਕਤ ਦੇ ਬਾਵਜੂਦ ਫਿਲਮ ਵਿਚ ਬਹੁਤ ਸਾਰੇ ਰੁਕ ਕੇ ਮਹਿਸੂਸ ਕਰਨ ਦੇ ਪਲ ਹਨ ਜਿਨ੍ਹਾਂ ਵਿਚ ਏ.ਕੇ. ਰਹਿਮਾਨ ਦਾ ਸੰਗੀਤ ਵੀ ਸ਼ਾਮਿਲ ਹੈ। ਇੱਕ ਦ੍ਰਿਸ਼ ਵਿਚ ਅਲੀ ਕਠਪੁਤਲੀਆਂ ਦਾ ਤਮਾਸ਼ਾ ਕਰ ਰਿਹਾ ਹੈ। ਮੁੰਬਈ ਦੀਆਂ ਟਰੇਨਾਂ ਵਿਚ ਜ਼ਿੰਦਗੀ ਕਿਸੇ ਖੂਬਸੂਰਤ ਪਹਾੜੀ ਨਦੀ ਵਾਂਗ ਵਹਿ ਰਹੀ ਹੈ। ਚੁਰਾਹਿਆਂ ਵਿਚ ਚਿੜੀਆਂ ਤੇ ਕਬੂਤਰਾਂ ਨੇ ਆਪਣੀਆਂ ਆਵਾਜ਼ਾਂ ਰਾਹੀ ਇੱਕ ਅਲੱਗ ਹੀ ਸੰਸਾਰ ਰਚਿਆ ਹੋਇਆ ਹੈ। ਫਿਲਮ ਵਿਚ ਸੁਪਨੇ ਲੈਂਦੇ ਅਤੇ ਹਰ ਰੋਜ਼ ਨਵੀਂ ਦੁਨੀਆਂ ਬਣਾਉਂਦੇ ਤੇ ਉਸ ਨੂੰ ਢਹਿੰਦੇ ਦੇਖਣ ਦਾ ਦਰਦ ਸਹਿੰਦੇ ਬੱਚੇ ਹਨ। ਉਨ੍ਹਾਂ ਦੀਆਂ ਦੋਸਤੀਆਂ ਅਤੇ ਮੁਸੀਬਤਾਂ ਹਨ। ਅਸੰਭਵ ਅਤੇ ਬੇਗੈਰਤ ਜ਼ਿੰਦਗੀ ਜਿਊਣ ਦੇ ਜਵਾਰਭਾਟੇ ਵਿਚ ਉਲਝੇ ਲੋਕ ਹਨ। ਇਸ ਤੋਂ ਬਿਨਾ ਗੰਦੀਆਂ ਬਸਤੀਆਂ ਨੂੰ ਨਰਕ ਵਿਚ ਬਦਲ ਕੇ ਆਪਣਾ ‘ਕਾਲਾ ਸਾਮਰਾਜ’ ਕਾਇਮ ਕਰਨ ਦੀਆਂ ਸਾਜ਼ਿਸ਼ਾਂ ਵਿਚ ਉਲਝੇ ਨਸ਼ਾ ਵੇਚਣ ਵਾਲੇ ਹਨ। ਮੌਕਾ ਆਉਣ ‘ਤੇ ਬੰਦਿਆਂ ਦਾ ਗੋਸ਼ਤ ਤੱਕ ਵੇਚ ਦੇਣ ਵਾਲੇ ਠੇਕੇਦਾਰ ਹਨ। ਆਪਣੇ ਅਗਲੇ ਸ਼ਿਕਾਰ ਦੀ ਤਲਾਸ਼ ਵਿਚ ਅੰਨ੍ਹੇ ਹੋ ਚੁੱਕੇ ਬਲਾਤਕਾਰੀ ਹਨ, ਤੇ ਬਹੁਤ ਸਾਰੀਆਂ ਰੋਂਦੀਆਂ-ਕਲਪਦੀਆਂ ਤੇ ਆਪਣੇ ਭਰਾਵਾਂ-ਪ੍ਰੇਮੀਆਂ-ਪੁੱਤਾਂ ਲਈ ਕਲਪਦੀਆਂ ਮਾਵਾਂ ਹਨ। ਮਾਜਿਦ ਮਾਜੀਦੀ ਇਨ੍ਹਾਂ ਸਾਰੀਆਂ ਉਲਝੀਆਂ ਕਹਾਣੀਆਂ ਦਾ ਪਿੱਛਾ ਕਰਦਾ ਹੈ। ਉਸ ਨੂੰ ਰੰਜ਼ ਹੈ ਕਿ ਭਾਰਤੀ ਫਿਲਮਸਾਜ਼ਾਂ ਦੀ ਬੌਧਿਕ ਗਰੀਬੀ ਕਾਰਨ ਇਹ ਸਾਰੀਆਂ ਕਹਾਣੀਆਂ ਅਣ-ਦਿਸਦੀਆਂ ਤੇ ਅਣ-ਸੁਣੀਆਂ ਰਹਿ ਜਾਂਦੀਆਂ ਹਨ। ਉਸ ਨੂੰ ਇਹ ਜਾਣ ਕੇ ਹੋਰ ਵੀ ਹੈਰਾਨੀ ਹੋ ਸਕਦੀ ਹੈ ਕਿ ਸਿਆਸੀ ਅਤੇ ਸਮਾਜਿਕ ਤੌਰ ‘ਤੇ ਇਨ੍ਹਾਂ ਕਹਾਣੀਆਂ ਨੂੰ ਘੜਦਾ ਤੰਤਰ ਤਾਂ ਇਨ੍ਹਾਂ ਦੀ ਹੋਂਦ ਤੋਂ ਹੀ ਮੁਨਕਰ ਹੈ। ਅਜਿਹੀ ਹਾਲਤ ਵਿਚ ‘ਬੱਦਲਾਂ ਦੇ ਪਾਰ’ ਦੇਖਣ ਦਾ ਹੌਸਲਾ ਕਿਸ ਕੋਲ ਬਚਿਆ ਹੈ?