ਭਾਰਤ ਦੇ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਉਘੀ ਅਦਾਕਾਰਾ ਸਵਰਾ ਭਾਸਕਰ ਵਿਰੁਧ ਅਦਾਲਤੀ ਹੱਤਕ ਬਾਰੇ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੀ ਸਹਿਮਤੀ ਨਹੀਂ ਦਿੱਤੀ। ਸਵਰਾ ਭਾਸਕਰ ‘ਤੇ ਸੁਪਰੀਮ ਕੋਰਟ ਵਲੋਂ ਰਾਮ ਜਨਮਭੂਮੀ-ਬਾਬਰੀ ਮਸਜਿਦ ਕੇਸ ਬਾਰੇ ਫੈਸਲੇ ਖਿਲਾਫ ਅਪਮਾਨਜਨਕ ਬਿਆਨਬਾਜ਼ੀ ਕਰਨ ਦੇ ਦੋਸ਼ ਲਾਏ ਗਏ ਸਨ। ਦੱਸਣਯੋਗ ਹੈ ਕਿ ਕਿਸੇ ਵਿਅਕਤੀ ਖਿਲਾਫ ਅਦਾਲਤੀ ਹੱਤਕ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਕਾਨੂੰਨ ਅਨੁਸਾਰ, ਅਟਾਰਨੀ ਜਨਰਲ ਜਾਂ ਸੌਲਿਸਟਰ ਜਨਰਲ ਤੋਂ ਸਹਿਮਤੀ ਲੈਣੀ ਪੈਂਦੀ ਹੈ।
ਇਕ ਵਕੀਲ ਅਨੁਜ ਸਕਸੈਨਾ ਨੇ ਅਦਾਕਾਰਾ ਖਿਲਾਫ ਹੱਤਕ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਅਟਾਰਨੀ ਜਨਰਲ ਤੋਂ ਸਹਿਮਤੀ ਮੰਗੀ ਸੀ। ਵੇਣੂਗੋਪਾਲ ਨੇ ਸਕਸੈਨਾ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਅਦਾਕਾਰਾ ਦਾ ਬਿਆਨ ਅਸਲੀ ਜਾਪਦਾ ਹੈ ਅਤੇ ਉਹ ਉਸ ਦੀ ਆਪਣੀ ਧਾਰਨਾ ਹੈ। ਉਨ੍ਹਾਂ ਕਿਹਾ ਕਿ “ਮੈਨੂੰ ਨਹੀਂ ਲੱਗਦਾ ਕਿ ਇਸ ਕੇਸ ਵਿਚ ਅਦਾਲਤ ਦੇ ਮਾਣ ਨੂੰ ਠੇਸ ਪੁੱਜੀ ਹੈ ਜਾਂ ਹੱਤਕ ਦਾ ਅਪਰਾਧ ਹੋਇਆ ਹੈ। ਇਸ ਕਰ ਕੇ ਮੈਂ ਸਵਰਾ ਭਾਸਕਰ ਖਿਲਾਫ ਮਾਣਹਾਨੀ ਦੇ ਕੇਸ ਸਬੰਧੀ ਕਾਰਵਾਈ ਸ਼ੁਰੂ ਕਰਨ ਦੀ ਸਹਿਮਤੀ ਨਹੀਂ ਦਿੰਦਾ।” ਅਟਾਰਨੀ ਜਨਰਲ ਦੇ ਇਸ ਫੈਸਲੇ ਦੀ ਹਰ ਪਾਸਿਓਂ ਖੂਬ ਤਾਰੀਫ ਹੋ ਰਹੀ ਹੈ।
ਯਾਦ ਰਹੇ ਕਿ ਹਾਲ ਹੀ ਵਿਚ ਇਕ ਹੋਰ ਚਰਚਿਤ ਕੇਸ ਵਿਚ ਵੀ ਅਟਾਰਨੀ ਜਨਰਲ ਨੇ ਚੰਗਾ ਰੋਲ ਨਿਭਾਇਆ ਹੈ। ਉਘੇ ਵਕੀਲ ਪ੍ਰਸ਼ਾਂਤ ਭੂਸ਼ਨ ਖਿਲਾਫ ਅਦਾਲਤੀ ਹੱਤਕ ਦੇ ਕੇਸ ਵਿਚ ਵੀ ਅਟਾਰਨੀ ਜਨਰਲ ਨੇ ਕਿਹਾ ਹੈ ਕਿ ਪ੍ਰਸ਼ਾਂਤ ਨੂੰ ਸਜ਼ਾ ਨਾ ਸੁਣਾਈ ਜਾਵੇ। ਅਟਾਰਨੀ ਜਨਰਲ ਆਮ ਕਰ ਕੇ ਕੇਂਦਰ ਸਰਕਾਰ ਦਾ ਹੀ ਪੱਖ ਪੂਰਦਾ ਹੈ। ਹੁਣ ਜਦੋਂ ਕੇਂਦਰ ਸਰਕਾਰ ਆਪਣੇ ਵਿਰੋਧੀਆਂ ਦੀ ਜ਼ੁਬਾਨਬੰਦੀ ਕਰ ਰਹੀ ਹੈ ਤਾਂ ਅਟਾਰਨੀ ਜਨਰਲ ਵਲੋਂ ਇਨ੍ਹਾਂ ਦੋ ਮਾਮਲਿਆਂ ਵਿਚ ਵੱਖਰੀ ਰਾਏ ਰੱਖੀ ਗਈ ਹੈ ਤਾਂ ਬਹੁਤਿਆਂ ਨੇ ਉਸ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਹੈ ਕਿ ਅਟਾਰਨੀ ਜਨਰਲ ਨੇ ਇਨਸਾਫ ਅਤੇ ਸਚਾਈ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ।
ਚੇਤੇ ਰਹੇ ਕਿ ਸਵਰਾ ਭਾਸਕਰ ਵੱਖ-ਵੱਖ ਮਸਲਿਆਂ ਉਤੇ ਆਪਣਾ ਪੱਖ ਰੱਖਦੀ ਰਹੀ ਹੈ। ਉਸ ਦੇ ਅਜਿਹੇ ਬਿਆਨਾਂ ਦੇ ਕੇਂਦਰ ਵਿਚ ਸਦਾ ਮਨੁੱਖਤਾ ਹੀ ਹੁੰਦੀ ਹੈ। ਉਸ ਨੇ ਆਪਣੀਆਂ ਕਈ ਇੰਟਰਵਿਊਜ਼ ਵਿਚ ਇਹ ਮੰਨਿਆ ਹੈ ਕਿ ਇਨ੍ਹਾਂ ਕਈ ਕਾਰਨਾਂ ਕਰ ਕੇ ਉਸ ਦੇ ਕੰਮ ਦਾ ਨੁਕਸਾਨ ਵੀ ਬਹੁਤ ਹੋਇਆ ਹੈ ਪਰ ਉਸ ਦਾ ਕਹਿਣਾ ਹੈ ਕਿ ਉਹ ਸੱਚ ਬੋਲਣ ਤੋਂ ਕਦੀ ਝਿਜਕੇਗੀ ਨਹੀਂ ਭਾਵੇਂ ਉਸ ਦਾ ਕਿੰਨਾ ਵੀ ਨੁਕਸਾਨ ਕਿਉਂ ਨਾ ਹੋ ਜਾਵੇ। ਉਹ ਹਮੇਸ਼ਾਂ ਆਪਣੇ ਦਿਲ ਦਾ ਕਹਿਣਾ ਮੰਨਦੀ ਹੈ ਅਤੇ ਜਦੋਂ ਵੀ ਉਸ ਨੂੰ ਲੱਗੇਗਾ ਕਿ ਕਿਸੇ ਨਾਲ ਵਧੀਕੀ ਹੋ ਰਹੀ ਹੈ ਤਾਂ ਉਹ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰੇਗੀ।
ਸਵਰਾ ਭਾਸਕਰ ਨੇ ਨਾਗਰਿਕਤਾ ਕਾਨੂੰਨ ਖਿਲਾਫ ਵੀ ਮੋਰਚਾਬੰਦੀ ਕੀਤੀ ਸੀ ਅਤੇ ਦਿੱਲੀ ਦੇ ਸ਼ਾਹੀਨ ਬਾਗ ਵਿਚ ਚੱਲੇ ਲੰਮੇ ਧਰਨੇ ਅਤੇ ਮੁਜ਼ਾਹਰੇ ਦੌਰਾਨ ਵੱਡਾ ਯੋਗਦਾਨ ਪਾਇਆ ਸੀ। ਉਸ ਦਾ ਆਖਣਾ ਹੈ ਕਿ ਉਸ ਨੂੰ ਮਨੁੱਖਤਾ ਦੇ ਹੱਕ ਵਿਚ ਖੜ੍ਹਨ ਦੀ ਜਾਗ ਉਸ ਦੇ ਮਾਪਿਆਂ ਨੇ ਲਾਈ ਹੈ ਅਤੇ ਉਹ ਸਾਰੀ ਉਮਰ ਇਸ ਉਤੇ ਪਹਿਰਾ ਦੇਵੇਗੀ। ਉਸ ਨੇ ਮੋਦੀ ਸਰਕਾਰ ਦੀ ਤਿਖੀ ਨੁਕਤਾਚੀਨੀ ਕੀਤੀ ਹੈ ਜਿਹੜੀ ਮੁਲਕ ਦੇ ਲੋਕਾਂ ਤੋਂ ਉਨ੍ਹਾਂ ਦੇ ਬੋਲਣ ਦਾ ਹੱਕ ਵੀ ਖੋਹ ਰਹੀ ਹੈ। -ਆਮਨਾ ਕੌਰ