ਨਵਜੋਤ ਕੌਰ, ਜਲੰਧਰ
ਫੋਨ: 91-79018-23881
ਡਾ. ਪਰਮਜੀਤ ਸਿੰਘ ਕੱਟੂ ਪੰਜਾਬ ਦਾ ਅਜਿਹਾ ਨੌਜਵਾਨ ਫਿਲਮਸਾਜ਼ ਹੈ, ਜਿਸ ਨੇ ਆਪਣੇ ਵਿਲੱਖਣ ਫਿਲਮੀ ਪ੍ਰਾਜੈਕਟਾਂ ਨਾਲ ਕੌਮਾਂਤਰੀ ਪੱਧਰ ਦੀ ਪਛਾਣ ਵੀ ਬਣਾ ਲਈ ਹੈ ਤੇ ਪ੍ਰਵਾਨਗੀ ਵੀ ਪਾ ਲਈ ਹੈ। ਉਸ ਵਲੋਂ ਪਿਛਲੇ ਸਾਲ ਰਿਲੀਜ਼ ਕੀਤੀ ਸ਼ਾਰਟ ਫਿਲਮ ‘ਸਟਰੇਅ ਸਟਾਰ’ ਪੰਜਾਬ ਦੇ ਕਿਸੇ ਵੀ ਫਿਲਮਸਾਜ਼ ਵਲੋਂ ਬਣਾਈਆਂ ਗਈਆਂ ਫਿਲਮਾਂ ਵਿਚੋਂ ਪਹਿਲੀ (ਲਘੂ) ਫਿਲਮ ਹੈ, ਜਿਸ ਨੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ 16 ਫਿਲਮ ਮੇਲਿਆਂ ਵਿਚ ਸ਼ਿਰਕਤ ਕੀਤੀ ਹੈ।
ਅੱਜ ਕੱਲ੍ਹ ਉਹ ਦੋ ਵੱਖਰੇ-ਵੱਖਰੇ ਫਿਲਮ ਪ੍ਰਾਜੈਕਟਾਂ ਵਿਚ ਰੁੱਝਾ ਹੋਇਆ ਹੈ। ਦੋਵੇਂ ਫਿਲਮ ਪ੍ਰਾਜੈਕਟ ਆਪਣੇ ਆਪ ਵਿਚ ਵਿਲੱਖਣ ਤੇ ਵਿਸ਼ੇਸ਼ ਹਨ। ਲੌਕਡਾਊਨ ਕਰਕੇ ਬਾਕੀਆਂ ਵਾਂਗ ਉਸ ਦੇ ਫਿਲਮ ਖੇਤਰ ਦੇ ਪ੍ਰਾਜੈਕਟ ਵੀ ਪ੍ਰਭਾਵਿਤ ਹੋਏ। ਉਸ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਵੱਡੇ ਬਜਟ ਦੀ ਦਸਤਾਵੇਜ਼ੀ ਫਿਲਮ ‘ਦ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਨੂੰ ਅਪਰੈਲ ਵਿਚ ਰਿਲੀਜ਼ ਕਰਨ ਦਾ ਟੀਚਾ ਸੀ, ਪਰ ਕੋਵਿਡ-19 ਕਰਕੇ ਸਾਰਾ ਕੁਝ ਨਵੇਂ ਸਿਰਿਓਂ ਵਿਉਂਤਣਾ ਪੈ ਰਿਹਾ ਹੈ।
ਪਰਮਜੀਤ ਦਾ ਕਹਿਣਾ ਹੈ ਕਿ ਇਨ੍ਹਾਂ ਨਵੀਆਂ ਪ੍ਰਸਥਿਤੀਆਂ ਅੱਗੇ ਗੋਡੇ ਵੀ ਤਾਂ ਨਹੀਂ ਟੇਕੇ ਜਾ ਸਕਦੇ। ਇਸੇ ਕਰਕੇ ਉਸ ਨੇ ਇਨ੍ਹਾਂ ਸੰਕਟਕਾਲ ਪ੍ਰਸਥਿਤੀਆਂ ਵਿਚੋਂ ਨਵੀਆਂ ਸੰਭਾਵਨਾਵਾਂ ਤਲਾਸ਼ ਲਈਆਂ। ਇਸ ਸਮੇਂ ਉਸ ਨੇ ਵਰਚੁਅਲ ਨਿਰਦੇਸ਼ਨ ਦਾ ਕਾਰਜ ਸ਼ੁਰੂ ਕੀਤਾ ਹੈ, ਭਾਵ ਪਰਮਜੀਤ ਪੰਜਾਬ ਦੇ ਜਿਲਾ ਬਰਨਾਲਾ ਦੇ ਪਿੰਡ ਕੱਟੂ ‘ਚ ਬਹਿ ਕੇ ਅਰਜਨਟੀਨਾ ਦੀ ਅਦਾਕਾਰਾ ਮਾਗਦਾ ਨੂੰ ਆਨਲਾਈਨ ਨਿਰਦੇਸ਼ਿਤ ਕਰ ਰਿਹਾ ਹੈ। ‘ਲਲੂਵਾ’ ਨਾਮ ਦੀ ਇਸ ਲਘੂ ਫਿਲਮ ਦੀ ਸ਼ੂਟਿੰਗ ਅਰਜਨਟੀਨਾ ਵਿਚ ਸੰਪੰਨ ਹੋ ਚੁਕੀ ਹੈ। ਅਦਾਕਾਰਾ ਮਾਗਦਾ ਅਰਜਨਟੀਨਾ ਦੀ ਨਾਮੀ ਯੂਨੀਵਰਸਿਟੀ ‘ਚ ਅਦਾਕਾਰੀ ਦੀ ਵਿਦਿਆਰਥਣ ਹੈ। ਇਹ ਫਿਲਮ ਨਾ ਸਿਰਫ ਕੌਮਾਂਤਰੀ ਕਲਾਕਾਰਾਂ ਨਾਲ ਜੁਗਲਬੰਦੀ ਹੈ, ਸਗੋਂ ਇਸ ਦਾ ਵਿਸ਼ਾ ਵੀ ਕੌਮਾਂਤਾਰੀ ਹੈ। ਫਿਲਮ ਦੋ ਵਿਅਕਤੀਆਂ ਦੀ ਚੈਟ ‘ਤੇ ਆਧਾਰਿਤ ਹੈ, ਜੋ ਅੰਗਰੇਜ਼ੀ ਭਾਸ਼ਾ ਵਿਚ ਚੈਟ ਕਰਦੇ ਹਨ। ਕਰੀਬ ਛੇ ਮਿੰਟਾਂ ਦੀ ਇਹ ਫਿਲਮ ਨਸਲਵਾਦ ਅਤੇ ਮਾਨਵਵਾਦ ਵਿਸ਼ੇ ਬਾਰੇ ਦਾਰਸ਼ਨਿਕ ਸੰਵਾਦ ਰਚਾਉਂਦੀ ਹੈ।
ਇਸ ਦੇ ਨਾਲ ਹੀ ਉਸ ਦੀ ਦੂਜੀ ਫਿਲਮ ਆਪਣੇ ਆਪ ਵਿਚ ਇਕ ਵਿਲੱਖਣ ਪ੍ਰਯੋਗ ਹੈ। ਇਸ ਫਿਲਮ ਦਾ ਨਾਂ ਠeਅਸਅਲੁਰe ਹੈ। ਅੰਗਰੇਜ਼ੀ ਦਾ ਇਹ ਸ਼ਬਦ ਵੀ ਉਸ ਨੇ ਖੁਦ ਘੜਿਆ ਹੈ। ਪਰਮਜੀਤ ਦਾ ਕਹਿਣਾ ਹੈ ਕਿ ਇਹ ਸ਼ਬਦ ਟੀਜ਼ਰ, ਟਰੇਲਰ ਤੇ ਫੀਚਰ ਦਾ ਮਿਸ਼ਰਣ ਹੈ, ਟੀਜ਼ਰ ਮਾਇਨੇ ਪਹਿਲੀ ਝਲਕ, ਟਰੇਲਰ ਮਾਇਨੇ ਮੁੱਖ ਝਲਕ ਤੇ ਫੀਚਰ ਮਾਇਨੇ ਪੂਰੀ ਫਿਲਮ। ਪਰਮਜੀਤ ਅਨੁਸਾਰ ਇਹ ਸ਼ਬਦ ਠeਅਸਅਲੁਰe ਤਿੰਨਾਂ ਅਰਥਾਂ ਨੂੰ ਪ੍ਰਗਟ ਕਰਨ ਦਾ ਯਤਨ ਹੈ। ਇਸ ਫਿਲਮ ਬਾਰੇ ਰੌਚਕ ਗੱਲ ਇਹ ਹੈ ਕਿ ਇਹ ਮਹਿਜ ਸੱਠ ਸਕਿੰਟਾਂ ਭਾਵ ਇਕ ਮਿੰਟ ਦੀ ਫਿਲਮ ਹੈ ਅਤੇ ਇਸ ਵਿਚ ਧਰਤ ਦੇ ਬਣਨ ਤੋਂ ਲੈ ਕੇ 2020 ਭਾਵ ਅੱਜ ਤੱਕ ਦੀ ਕੁਦਰਤ ਤੇ ਮਨੁੱਖ ਦੇ ਆਪਸੀ ਸਬੰਧਾਂ ਅਤੇ ਸਟੇਟ ਦੀ ਭੂਮਿਕਾ ਨੂੰ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਸਾਰਾ ਕੁਝ ਫਿਲਮਸਾਜ਼ ਨੇ ਮੁੱਖ ਰੂਪ ਵਿਚ ਸਤਰੰਜ ਦੀ ਖੇਡ ਰਾਹੀਂ ਪੇਸ਼ ਕੀਤਾ ਹੈ।
ਪਰਮਜੀਤ ਅਨੁਸਾਰ ਇਸ ਵੇਲੇ ਦੁਨੀਆਂ ਵਿਚ ਆਪਣੀ ਗੱਲ ਕਹਿਣ ਲਈ ਦ੍ਰਿਸ਼ ਮਾਧਿਅਮ ਹੀ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਹੈ। ਇਸ ਲਈ ਸਾਹਿਤ ਦਾ ਵਿਦਿਆਰਥੀ ਹੋਣ ਅਤੇ ਪੀਐਚ.ਡੀ. ਕਰਨ ਦੇ ਬਾਵਜੂਦ ਉਸ ਨੇ ਫਿਲਮ ਲਿਖਣ ਤੇ ਨਿਰਦੇਸ਼ਨ ਦਾ ਖੇਤਰ ਚੁਣਿਆ ਹੈ। ਇਸ ਗੱਲ ਦਾ ਉਸ ਨੂੰ 2012 ਵਿਚ ਹੀ ਅਹਿਸਾਸ ਹੋ ਗਿਆ ਸੀ, ਜਦੋਂ ਉਸ ਦੀ ਬਣਾਈ ਲਘੂ ਫਿਲਮ ‘ਅੱਡਾ ਖੱਡਾ’ ਨੇ ਬਹੁ-ਗਿਣਤੀ ਵਿਚ ਪ੍ਰਵਾਨਗੀ ਪਾ ਲਈ ਸੀ। ਉਹ ਜਲਦੀ ਹੀ ਹੋਰ ਵੱਡੇ ਪ੍ਰਾਜੈਕਟਾਂ ਦਾ ਐਲਾਨ ਤੇ ਨਿਰਮਾਣ ਕਰਨ ਵਾਲਾ ਹੈ। ਆਮੀਨ!