ਅਨਲੌਕ 4: ਪੰਜਾਬ ਵਿਚ ਹਫਤਾਵਾਰੀ ਲੌਕਡਾਊਨ 30 ਤੱਕ ਵਧਾਇਆ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਅਨਲੌਕ-4 ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸਰਕਾਰ ਨੇ ਰਾਜ ਦੇ ਸ਼ਹਿਰੀ ਖੇਤਰਾਂ ‘ਚ ਹਫਤਾਵਾਰੀ ਲੌਕਡਾਊਨ ਅਤੇ ਰਾਤਰੀ ਕਰਫਿਊ ਨੂੰ 30 ਸਤੰਬਰ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ 167 ਮਿਉਂਸਪਲ ਕਸਬਿਆਂ ਵਿਚ ਹਫਤਾਵਾਰੀ ਲੌਕਡਾਊਨ ਅਤੇ ਸ਼ਹਿਰਾਂ ਵਿਚ ਰਾਤ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਸਤੰਬਰ ਦੇ ਅਖੀਰ ਤੱਕ ਲਾਗੂ ਰਹੇਗਾ।

ਰਾਜ ਭਰ ਵਿਚ ਧਾਰਾ 144 ਲਾਗੂ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਜਦੋਂਕਿ ਵਿਆਹ ਅਤੇ ਅੰਤਿਮ ਸੰਸਕਾਰ ਸਬੰਧੀ ਇਕੱਠਾਂ ਵਿਚ ਕ੍ਰਮਵਾਰ 30 ਅਤੇ 20 ਵਿਅਕਤੀ ਹੀ ਜਾ ਸਕਣਗੇ। ਮਿਉਂਸਪਲ ਖੇਤਰਾਂ ਵਿਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਫਿਊ ਰਹੇਗਾ ਜਦਕਿ ਵਿਅਕਤੀਆਂ ਦੀ ਪੰਜਾਬ ਦੇ ਸਾਰੇ ਸ਼ਹਿਰਾਂ ਦੀਆਂ ਮਿਉਂਸਪਲ ਹੱਦਾਂ ਵਿਚ ਪੂਰੇ ਹਫਤੇ ਦੌਰਾਨ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੇ ਗੈਰਜ਼ਰੂਰੀ ਕੰਮਾਂ ਲਈ ਆਵਾਜਾਈ ਦੀ ਪਾਬੰਦੀ ਕਾਇਮ ਰਹੇਗੀ। ਇਨ੍ਹਾਂ ਪਾਬੰਦੀਆਂ ਤੋਂ ਲੋਕ ਸੇਵਾ ਕਮਿਸ਼ਨਾਂ, ਬੋਰਡਾਂ, ਯੂਨੀਵਰਸਿਟੀਆਂ ਦੁਆਰਾ ਲਈਆਂ ਜਾਣ ਵਾਲੀਆਂ ਪ੍ਰਵੇਸ਼ ਅਤੇ ਹੋਰ ਸਭ ਕਿਸਮ ਦੀਆਂ ਪ੍ਰੀਖਿਆਵਾਂ ਸਬੰਧੀ ਵਿਦਿਆਰਥੀਆਂ ਅਤੇ ਹੋਰਨਾਂ ਨੂੰ ਬਾਹਰ ਰੱਖਿਆ ਗਿਆ ਹੈ।
ਧਾਰਮਿਕ ਸਥਾਨਾਂ ਨੂੰ ਸਾਰੇ ਦਿਨ ਸ਼ਾਮ 6.30 ਵਜੇ ਤੱਕ ਖੁੱਲ੍ਹੇ ਰੱਖਣ ਦੀ ਇਜਾਜ਼ਤ ਹੋਵੇਗੀ। ਰੈਸਟੋਰੈਂਟ (ਮਾਲਜ਼ ਵਾਲਿਆਂ ਸਮੇਤ) ਅਤੇ ਸ਼ਰਾਬ ਦੇ ਠੇਕੇ ਖੁੱਲ੍ਹਣਗੇ। ਦਿਨ/ਰਾਤ ਦੀਆਂ ਬੰਦਿਸ਼ਾਂ ਹੋਟਲਾਂ ‘ਤੇ ਲਾਗੂ ਨਹੀਂ ਹੋਣਗੀਆਂ। ਬੰਦਿਸ਼ਾਂ ਦੀਆਂ ਹਾਲਤਾਂ ਦੌਰਾਨ ਵੀ ਕੌਮੀ ਤੇ ਸੂਬਾਈ ਮਾਰਗਾਂ ਉਤੇ ਅੰਤਰ-ਰਾਜ ਤੇ ਰਾਜ ਦੇ ਅੰਦਰ ਲੋਕਾਂ ਦੇ ਆਉਣ ਜਾਣ, ਜ਼ਰੂਰੀ ਵਸਤਾਂ ਤੇ ਸੇਵਾਵਾਂ ਨਾਲ ਸਬੰਧਤ ਗਤੀਵਿਧੀਆਂ, ਬੱਸ, ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ ਰਾਹੀਂ ਆਪਣੀ ਮੰਜ਼ਿਲ ਉਤੇ ਜਾਣ ਵਾਲੇ ਲੋਕਾਂ ਅਤੇ ਮਾਲ ਉਤਾਰਨ ਤੇ ਲਿਜਾਣ ਲਈ ਆਗਿਆ ਹੋਵੇਗੀ। ਜ਼ਰੂਰੀ ਵਸਤਾਂ ਨਾਲ ਸਬੰਧ ਰੱਖਣ ਵਾਲਿਆਂ ਨੂੰ ਛੱਡ ਕੇ ਦੁਕਾਨਾਂ/ਮਾਲਜ਼ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6.30 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਪਰ ਸ਼ਨਿਚਰਵਾਰ ਤੇ ਐਤਵਾਰ ਨੂੰ ਸਾਰੇ ਸ਼ਹਿਰਾਂ ਵਿਚ ਇਹ ਬੰਦ ਰਹਿਣਗੇ।
ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਹਫਤੇ ਦੇ ਅੰਤਲੇ ਦਿਨਾਂ (ਸ਼ਨਿਚਰਵਾਰ ਤੇ ਐਤਵਾਰ) ਨੂੰ ਵੀ ਸ਼ਾਮ 6.30 ਵਜੇ ਤੱਕ ਜ਼ਰੂਰ ਖੁੱਲ੍ਹ ਸਕਦੀਆਂ ਹਨ। ਵਾਹਨਾਂ ਵਿਚ ਸਵਾਰੀਆਂ ਦੀ ਸਮਰੱਥਾ ਉਤੇ ਲਗਾਈਆਂ ਬੰਦਿਸ਼ਾਂ ਲਾਗੂ ਰਹਿਣਗੀਆਂ। ਸਰਕਾਰੀ ਤੇ ਪ੍ਰਾਈਵੇਟ ਦਫਤਰ ਇਸ ਮਹੀਨੇ ਦੇ ਅੰਤ ਤੱਕ 50 ਫੀਸਦੀ ਸਟਾਫ ਸਮਰੱਥਾ ਨਾਲ ਕੰਮ ਕਰਨਗੇ। ਜ਼ਿਆਦਾ ਪ੍ਰਭਾਵਿਤ ਪੰਜ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ, ਮੁਹਾਲੀ ਤੇ ਲੁਧਿਆਣਾ ਵਿਚ ਦੁਕਾਨਾਂ ਖੋਲ੍ਹਣ ਸਬੰਧੀ ਢਿੱਲ ਦੇ ਹੁਕਮ ਦਿੱਤੇ ਹੋਏ ਹਨ। ਇਨ੍ਹਾਂ ਸ਼ਹਿਰਾਂ ਵਿਚ ਨਿਰਧਾਰਿਤ ਦਿਨ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ 50 ਫੀਸਦੀ ਖੋਲ੍ਹਣ ਦੀ ਸ਼ਰਤ ਹੁਣ ਹਟਾ ਦਿੱਤੀ ਗਈ ਹੈ।
__________________________________________
ਇਕਾਂਤਵਾਸ ਬਾਰੇ ਨਿਯਮ ਬਦਲੇ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਵਿਦੇਸ਼ਾਂ ਤੋਂ ਪਰਤਣ ਵਾਲੇ ਯਾਤਰੀਆਂ ਨੂੰ ਆਪਣੇ ਖਰਚੇ ਉਤੇ ਘਰੇਲੂ ਇਕਾਂਤਵਾਸ ਦੀ ਸਹੂਲਤ ਦੇ ਦਿੱਤੀ ਹੈ। ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਕੌਮਾਂਤਰੀ ਯਾਤਰੀਆਂ ਨੂੰ ਨਿਰਧਾਰਿਤ ਯਾਤਰਾ ਤੋਂ ਘੱਟੋ-ਘੱਟ 72 ਘੰਟੇ ਪਹਿਲਾਂ ਆਨਲਾਈਨ ਪੋਰਟਲ ਉਤੇ ਸਵੈ- ਘੋਸ਼ਣਾ ਪੱਤਰ ਜਮ੍ਹਾਂ ਕਰਨਾ ਹੋਵੇਗਾ ਕਿ ਉਹ 14 ਦਿਨਾਂ ਦੇ ਲਾਜ਼ਮੀ ਇਕਾਂਤਵਾਸ- ਸੱਤ ਦਿਨਾਂ ਦਾ ਸੰਸਥਾਗਤ ਇਕਾਂਤਵਾਸ ਤੇ ਮਗਰੋਂ ਸਿਹਤ ਦੀ ਸਵੈ-ਨਿਗਰਾਨੀ ਦੀ ਸ਼ਰਤ ‘ਤੇ 7 ਦਿਨਾਂ ਦੇ ਘਰੇਲੂ ਇਕਾਂਤਵਾਸ ਦੀ ਪਾਲਣਾ ਕਰਨਗੇ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਯਾਤਰੀ ਘਰੇਲੂ ਇਕਾਂਤਵਾਸ ਲਈ ਸਿੱਧੇ ਆਨਲਾਈਨ ਵੀ ਅਪਲਾਈ ਕਰ ਸਕਦੇ ਹਨ ਜਿਸ ਤਹਿਤ ਸਿਰਫ ਮਾਨਸਿਕ ਪਰੇਸ਼ਾਨੀ ਦੇ ਠੋਸ ਕਾਰਨਾਂ/ਕੇਸਾਂ ਜਿਵੇਂ ਕਿ ਗਰਭ ਅਵਸਥਾ, ਪਰਿਵਾਰ ਵਿਚ ਮੌਤ ਹੋਣ, ਗੰਭੀਰ ਬਿਮਾਰੀ ਅਤੇ 10 ਸਾਲ ਜਾਂ ਇਸ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਮਾਪਿਆਂ ਲਈ 14 ਦਿਨਾਂ ਦੇ ਘਰੇਲੂ ਇਕਾਂਤਵਾਸ ਦੀ ਆਗਿਆ ਹੋਵੇਗੀ।