ਨਵੀਂ ਦਿੱਲੀ: ਕਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਤੇ ਉਸ ਦੀ ਰੋਕਥਾਮ ਲਈ ਲਾਏ ਗਏ ਲੌਕਡਾਊਨ ਨੇ ਦੇਸ਼ ਦੇ ਸੁਸਤ ਅਰਥਚਾਰੇ ਉਤੇ ਹੋਰ ਬੁਰਾ ਅਸਰ ਪਾਇਆ ਹੈ। ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਵਰ੍ਹੇ 2020-21 ਦੀ ਅਪਰੈਲ-ਜੂਨ ਦੀ ਤਿਮਾਹੀ ਦੌਰਾਨ ਅਰਥਚਾਰੇ ‘ਚ 23.9 ਫੀਸਦੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਦੌਰਾਨ ਖੇਤੀ ਨੂੰ ਛੱਡ ਕੇ ਨਿਰਮਾਣ, ਊਸਾਰੀ ਤੇ ਸੇਵਾਵਾਂ ਸਮੇਤ ਸਾਰੇ ਖੇਤਰਾਂ ਦਾ ਪ੍ਰਦਰਸ਼ਨ ਖਰਾਬ ਰਿਹਾ ਹੈ।
ਸਭ ਤੋਂ ਵੱਧ ਪ੍ਰਭਾਵ ਉਸਾਰੀ ਸੈਕਟਰ ਉਤੇ ਪਿਆ ਹੈ ਜੋ 50 ਫੀਸਦ ਤੋਂ ਹੇਠਾਂ ਡਿੱਗਿਆ ਹੈ। ਕੌਮੀ ਅੰਕੜਾ ਦਫਤਰ (ਐਨ.ਸੀ.ਓ.) ਦੇ ਅੰਕੜਿਆਂ ਅਨੁਸਾਰ ਕੁੱਲ ਘਰੇਲੂ ਉਤਪਾਦਨ (ਜੀ.ਡੀ.ਪੀ.) ‘ਚ ਇਸ ਤੋਂ ਪਿਛਲੇ ਵਰ੍ਹੇ 2019-20 ਦੀ ਇਸੇ ਤਿਮਾਹੀ ਵਿਚ 5.2 ਫੀਸਦੀ ਦਾ ਵਾਧਾ ਹੋਇਆ ਸੀ। ਸਰਕਾਰ ਨੇ ਕਰੋਨਾ ਵਾਇਰਸ ਦੀ ਰੋਕਥਾਮ ਲਈ 25 ਮਾਰਚ ਨੂੰ ਪੂਰੇ ਦੇਸ਼ ‘ਚ ਲੌਕਡਾਊਨ ਲਾਇਆ ਸੀ। ਇਸ ਦਾ ਅਸਰ ਅਰਥਚਾਰੇ ਦੇ ਸਾਰੇ ਖੇਤਰਾਂ ਉਤੇ ਪਿਆ ਹੈ।
ਨਿਮਰਾਣ ਖੇਤਰ ਦੇ ਜੀ.ਡੀ.ਪੀ. ਵਿਚ ਕੁੱਲ ਮੁੱਲ ਯੋਗਦਾਨ (ਜੀ.ਵੀ.ਏ.) 2020-21 ਦੀ ਪਹਿਲੀ ਤਿਮਾਹੀ ਦੌਰਾਨ 39.3 ਫੀਸਦ ਘਟਿਆ ਜਦਕਿ ਇਸ ਸਾਲ ਪਹਿਲਾਂ ਇਸੇ ਤਿਮਾਹੀ ‘ਚ ਇਸ ‘ਚ 3 ਫੀਸਦ ਵਾਧਾ ਹੋਇਆ ਸੀ। ਹਾਲਾਂਕਿ ਖੇਤੀ ਸੈਕਟਰ ‘ਚ ਇਸ ਦੌਰਾਨ 3.4 ਫੀਸਦ ਵਾਧਾ ਹੋਇਆ ਹੈ ਜਦਕਿ 2019-20 ਦੀ ਪਹਿਲੀ ਤਿਮਾਹੀ ਇਹ ਵਾਧਾ 3 ਫੀਸਦ ਸੀ। ਉਸਾਰੀ ਖੇਤਰ ‘ਚ ਜੀ.ਵੀ.ਏ. ਵਿਕਾਸ ‘ਚ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ 50.3 ਫੀਸਦ ਦੀ ਗਿਰਾਵਟ ਆਈ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ 5.2 ਫੀਸਦ ਵਾਧਾ ਦਰਜ ਕੀਤਾ ਗਿਆ ਸੀ। ਖਣਨ ਖੇਤਰ ਉਤਪਾਦਨ ‘ਚ 23.3 ਫੀਸਦ ਕਮੀ ਆਈ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਇਸ ਨੇ 4.7 ਫੀਸਦ ਵਿਕਾਸ ਕੀਤਾ ਸੀ। ਬਿਜਲੀ, ਗੈਸ, ਜਲ ਸਪਲਾਈ ਤੇ ਹੋਰ ਜ਼ਰੂਰੀ ਸੇਵਾ ਖੇਤਰਾਂ ‘ਚ ਵੀ 2020-21 ਦੀ ਪਹਿਲੀ ਤਿਮਾਹੀ ਵਿਚ 7 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਇਸ ਵਿਚ 7 ਫੀਸਦ ਵਾਧਾ ਦਰਜ ਕੀਤਾ ਗਿਆ ਸੀ।
ਅੰਕੜਿਆਂ ਅਨੁਸਾਰ ਵਪਾਰ, ਹੋਟਲ, ਟਰਾਂਸਪੋਰਟ, ਸੰਚਾਰ ਤੇ ਪ੍ਰਸਾਰਨ ਨਾਲ ਜੁੜੀਆਂ ਸੇਵਾਵਾਂ 47 ਫੀਸਦ ਤੱਕ ਘਟੀਆਂ ਹਨ। ਵਿੱਤੀ, ਰੀਅਲ ਅਸਟੇਟ ਤੇ ਪੇਸ਼ੇਵਰ ਸੇਵਾਵਾਂ ‘ਚ 5.3 ਫੀਸਦ, ਲੋਕ ਪ੍ਰਸ਼ਾਸਨ, ਰੱਖਿਆ ਤੇ ਹੋਰਨਾਂ ਸੇਵਾਵਾਂ ‘ਚ ਵੀ 10.3 ਦੀ ਗਿਰਾਵਟ ਦਰਜ ਕੀਤੀ ਗਈ ਹੈ। ਐਨ.ਐਸ਼ਓ. ਨੇ ਬਿਆਨ ਵਿਚ ਕਿਹਾ, ‘ਸਥਿਰ ਮੁੱਲ (2011-12) ‘ਤੇ ਜੀ.ਡੀ.ਪੀ. 2020-21 ਦੀ ਪਹਿਲੀ ਤਿਮਾਹੀ ‘ਚ 26.90 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ ਇਸੇ ਸਮੇਂ 35.35 ਲੱਖ ਕਰੋੜ ਰੁਪਏ ਸੀ। ਮਤਲਬ ਇਸ ‘ਚ 23.9 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ।’
________________________________________
ਕਾਂਗਰਸ ਵਲੋਂ ਮੋਦੀ ਸਰਕਾਰ ਦੇ ਇਰਾਦਿਆਂ ‘ਤੇ ਫਿਕਰਮੰਦੀ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਉਤੇ ਦੋਸ਼ ਲਾਇਆ ਹੈ ਕਿ ਉਹ ਮੁਲਕ ਦੇ ਅਸੰਗਠਿਤ ਖੇਤਰ ਨੂੰ ਤਬਾਹ ਕਰ ਕੇ ਉਸ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੰਗਠਿਤ ਖੇਤਰ ਖਤਮ ਹੋ ਗਿਆ ਤਾਂ ਮੁਲਕ ‘ਚ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋਣਗੇ। ਉਨ੍ਹਾਂ ਪੂਰੇ ਮੁਲਕ ਨੂੰ ਇਕਜੁੱਟ ਹੋ ਕੇ ਸਰਕਾਰ ਦੇ ਇਸ ਇਰਾਦੇ ਖਿਲਾਫ ਲੜਨ ਦਾ ਹੋਕਾ ਦਿੱਤਾ ਹੈ। ਉਂਜ ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਰਾਹੁਲ ਦੇ ਇਸ ਬਿਆਨ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਉਹ ‘ਜੀ-23’ ਬਾਰੇ ਵੀਡੀਓ ਜਾਰੀ ਕਰੇ। ਭਾਜਪਾ ਦਾ ਸਿੱਧਾ ਇਸ਼ਾਰਾ ਕਾਂਗਰਸ ਦੇ ਉਨ੍ਹਾਂ 23 ਆਗੂਆਂ ਵਲ ਹੈ ਜਿਨ੍ਹਾਂ ਕਾਂਗਰਸ ਪ੍ਰਧਾਨ ਨੂੰ ਪਾਰਟੀ ‘ਚ ਫੇਰਬਦਲ ਲਈ ਚਿੱਠੀ ਲਿਖੀ ਸੀ।
ਕਰੋਨਾ ਤੋਂ ਪਹਿਲੇ ਮੰਦੇ ਅਰਥਚਾਰੇ ਬਾਰੇ ਦੱਸਣ ਵਿੱਤ ਮੰਤਰੀ: ਚਿਦੰਬਰਮ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ‘ਰੱਬੀ ਘਟਨਾ’ (ਐਕਟ ਆਫ ਗੌਡ) ਵਾਲੇ ਬਿਆਨ ਨੂੰ ਲੈ ਕੇ ਉਨ੍ਹਾਂ ਨੂੰ ਨਿਸ਼ਾਨੇ ‘ਤੇ ਲਿਆ ਤੇ ਸਵਾਲ ਕੀਤਾ ਕਿ ਕੀ ਵਿੱਤ ਮੰਤਰੀ ‘ਰੱਬ ਦੇ ਦੂਤ ਵਜੋਂ’ ਇਸ ਦਾ ਜਵਾਬ ਦੇਣਗੇ ਕਿ ਕਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ ਅਰਥਚਾਰੇ ਦੇ ਮਾੜੇ ਪ੍ਰਬੰਧਨ ਦੀ ਵਿਆਖਿਆ ਕਿਵੇਂ ਕੀਤੀ ਜਾਵੇ। ਸਾਬਕਾ ਵਿੱਤ ਮੰਤਰੀ ਨੇ ਜੀ.ਐਸ਼ਟੀ. ਦੇ ਮੁਆਵਜ਼ੇ ਦੇ ਮੁੱਦੇ ‘ਤੇ ਸੂਬਿਆਂ ਸਾਹਮਣੇ ਕਰਜ਼ਿਆਂ ਦਾ ਬਦਲ ਰੱਖੇ ਜਾਣ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਵੀ ਹਮਲਾ ਬੋਲਿਆ।