ਪੰਜਾਬ ਨਾਲ ਲੱਗਦੀ ਸਰਹੱਦ ‘ਤੇ ਪਾਕਿਸਤਾਨੀ ਤਸਕਰਾਂ ਨੇ ਸਰਗਰਮੀ ਵਧਾਈ

ਚੰਡੀਗੜ੍ਹ: ਗੁਆਂਢੀ ਦੇਸ਼ ਪਾਕਿਸਤਾਨ ਵਾਲੇ ਪਾਸਿਉਂ ਭਾਰਤ ਵਿਚ ਨਸ਼ੀਲੇ ਪਦਾਰਥ, ਹਥਿਆਰ ਅਤੇ ਜਾਅਲੀ ਕਾਰੰਸੀ ਦੀ ਤਸਕਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਵਧ ਰਹੀਆਂ ਹਨ। ਪਾਕਿਸਤਾਨੀ ਤਸਕਰ ਪੰਜਾਬ ਨਾਲ ਸਬੰਧਤ ਜ਼ਿਲ੍ਹਾ ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਾਜ਼ਿਲਕਾ ਅਤੇ ਅਬੋਹਰ ਜ਼ਿਲ੍ਹੇ ਨਾਲ ਲੱਗਦੀ 530 ਕਿਲੋਮੀਟਰ ਭਾਰਤ-ਪਾਕਿਸਤਾਨ ਸਰਹੱਦ ਨੂੰ ਸੁਰੱਖਿਅਤ ਮੰਨਦੇ ਹਨ ਅਤੇ ਇਨ੍ਹਾਂ ਸਰਹੱਦਾਂ ਰਾਹੀਂ ਉਹ ਹੈਰੋਇਨ, ਘਾਤਕ ਹਥਿਆਰ ਅਤੇ ਜਾਅਲੀ ਕਰੰਸੀ ਨੂੰ ਭਾਰਤ ਵਿਚ ਭੇਜਣ ਦੀ ਤਾਕ ਵਿਚ ਰਹਿੰਦੇ ਹਨ।

ਪੰਜਾਬ ਦੇ 220 ਸਰਹੱਦੀ ਪਿੰਡਾਂ ਨਾਲ ਲੱਗਦੀ ਇਸ ਸਰਹੱਦ ਦੇ ਕੰਡਿਆਲੀ ਤਾਰ ਪਾਰ 21300 ਏੇਕੜ ਜ਼ਮੀਨ ਉਪਰ ਵਾਹੀ ਕਰਨ ਲਈ ਸਰਹੱਦੀ ਕਿਸਾਨ ਕੰਡਿਆਲੀ ਤਾਰ ਪਾਰ ਜਾਂਦੇ ਹਨ। ਤਾਰ ਪਾਰ ਜਾਣ ਅਤੇ ਆਉਣ ਸਮੇਂ ਬੀ.ਐਸ਼ਐਫ਼ ਵਲੋਂ ਕਿਸਾਨਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਜਾਂਦੀ ਹੈ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਜਲਦੀ ਅਮੀਰ ਹੋਣ ਦੇ ਲਾਲਚ ਵਿਚ ਸਮੇਂ-ਸਮੇਂ ‘ਤੇ ਵੱਖਰੇ ਢੰਗ ਅਪਣਾ ਕੇ ਪਾਕਿਸਤਾਨੀ ਤਸਕਰਾਂ ਵਲੋਂ ਰਾਤ ਸਮੇਂ ਉਨ੍ਹਾਂ ਦੇ ਖੇਤਾਂ ਵਿਚ ਲੁਕੋ ਕੇ ਰੱਖੀ ਜਾਂਦੀ ਹੈਰੋਇਨ ਨੂੰ ਭਾਰਤੀ ਖੇਤਰ ਵਿਚ ਲਿਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। 22 ਅਗਸਤ ਦੀ ਤੜਕਸਾਰ ਨੂੰ ਭਾਰਤ-ਪਾਕਿਸਤਾਨ ਸਰਹੱਦ ਖਾਲੜਾ ਸੈਕਟਰ ਅਧੀਨ ਬੀ.ਐਸ਼ਐਫ਼ ਦੀ ਸਰਹੱਦੀ ਚੌਂਕੀ ਡੱਲ ਦੇ ਨਜ਼ਦੀਕ ਬੀ.ਐਸ਼ਐਫ਼ ਵਲੋਂ ਭਾਰਤੀ ਖੇਤਰ ਵਿਚ ਦਾਖਲ ਹੋਏ ਪੰਜ ਘੁਸਪੈਠੀਆਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ।
ਪੁਲਿਸ ਵਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਮਾਰੇ ਗਏ ਘੁਸਪੈਠੀਆਂ ਦੇ ਕਬਜ਼ੇ ‘ਚੋਂ ਬਰਾਮਦ ਹੋਏ 2 ਮੋਬਾਈਲ ਫੋਨਾਂ ਜ਼ਰੀਏ ਉਨ੍ਹਾਂ ਭਾਰਤੀ ਤਸਕਰਾਂ ਬਾਰੇ ਵੀ ਪਤਾ ਲੱਗ ਜਾਵੇਗਾ ਜੋ ਇਨ੍ਹਾਂ ਦੇ ਸੰਪਰਕ ਵਿਚ ਸਨ। ਪਤਾ ਚੱਲਿਆ ਹੈ ਕਿ ਅਜੇ ਤੱਕ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਾ। ਇਸ ਤੋਂ ਬਾਅਦ ਵੀ ਇਹ ਸਿਲਸਲਾ ਰੁਕਿਆ ਨਹੀਂ। ਹੁਣ ਬੀ.ਐਸ਼ਐਫ਼ ਦੀ 181 ਬਟਾਲੀਅਨ ਨੇ ਭਾਰਤ-ਪਾਕਿ ਸਰਹੱਦ ‘ਤੇ 14.790 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਹ ਹੈਰੋਇਨ ਬੀ.ਐਸ਼ਐਫ਼ ਵਲੋਂ ਖਾਨਪੁਰ ਚੈੱਕ ਪੋਸਟ ਤੋਂ ਬਰਾਮਦ ਕੀਤੀ ਗਈ। ਕੌਮਾਂਤਰੀ ਬਾਜ਼ਾਰ ‘ਚ ਇਸ ਦੀ ਕੀਮਤ 74 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਨੇ ਪਾਕਿਸਤਾਨੀ ਸਮਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕੀਤਾ ਹੈ। ਇਸ ਮਾਮਲੇ ਵਿਚ ਬੀ. ਐਸ਼ ਐਫ਼ ਦੀ 181 ਬਟਾਲੀਅਨ ਦੇ ਅਧਿਕਾਰੀ ਰਮੇਸ਼ ਚੰਦਰ ਸਹਾਇਕ ਕੰਪਨੀ ਕਮਾਂਡਰ ਦੀ ਸ਼ਿਕਾਇਤ ਉਤੇ ਕਿਸਾਨ ਰਣਵੀਰ ਸਿੰਘ ਪੁੱਤਰ ਮਦਨ ਲਾਲ ਵਾਸੀ ਖਾਨਪੁਰ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਐਨ.ਡੀ.ਪੀ.ਐਸ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
1990 ਵਿਚ ਖਾੜਕੂਵਾਦ ਦੇ ਸਮੇਂ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਪੈਂਦੀ 530 ਕਿਲੋਮੀਟਰ ਲੰਬੀ ਜੋ ਕਿ ਜ਼ਿਲ੍ਹਿਆਂ ਦੀ ਸਰਹੱਦ ‘ਤੇ ਕੰਡਿਆਲੀ ਤਾਰ ਲਗਾਈ ਸੀ, ਜਿਸ ਤੋਂ ਬਾਅਦ ਭਾਵੇਂ ਤਸਕਰੀ ਅਤੇ ਘੁਸਪੈਠ ਦੀਆਂ ਵਾਰਦਾਤਾਂ ਵਿਚ ਕਮੀ ਆਈ ਹੈ ਪਰ ਇਸ ਦੇ ਬਾਵਜੂਦ ਗੁਆਂਢੀ ਦੇਸ਼ ਆਪਣੀਆਂ ਹਰਕਤਾਂ ਨੂੰ ਲਗਾਤਾਰ ਜਾਰੀ ਰੱਖ ਰਿਹਾ ਹੈ। ਬੀ.ਐਸ਼ਐਫ਼ ਵਲੋਂ ਕੰਡਿਆਲੀ ਤਾਰ ਦੇ ਨਾਲ ਹੀ 11 ਫੁੱਟ ਰਸਤਾ ਗਸ਼ਤ ਕਰਨ ਲਈ ਬਣਾਇਆ ਹੋਇਆ ਹੈ। ਕੰਡਿਆਲੀ ਤਾਰ ਪਾਰ 220 ਪਿੰਡਾਂ ਦੀ 21300 ਜ਼ਮੀਨ ਉਪਰ ਕਿਸਾਨਾਂ ਨੂੰ ਸਿਰਫ ਕਣਕ ਅਤੇ ਝੋਨਾ ਬੀਜਣ ਦੀ ਮਨਜ਼ੂਰੀ ਮਿਲੀ ਹੈ। ਆਪਣੀ ਫਸਲ ਦੀ ਦੇਖ ਭਾਲ ਲਈ ਬੀ.ਐਸ਼ਐਫ਼ ਕਿਸਾਨਾਂ ਲਈ ਸਮਾਂ ਨਿਰਧਾਰਿਤ ਕੀਤਾ ਹੋਇਆ ਹੈ।