ਕਲਮ ਦੀ ਸ਼ਹਾਦਤ ਬਨਾਮ ਜ਼ੁਬਾਨਬੰਦੀ ਦੀ ਸਿਆਸਤ

ਬੂਟਾ ਸਿੰਘ
ਫੋਨ: +91-94634-74342
5 ਸਤੰਬਰ ਗੌਰੀ ਲੰਕੇਸ਼ ਦਾ ਸ਼ਹਾਦਤ ਦਿਵਸ ਹੈ। 2017 ਵਿਚ ਇਸ ਨਿਧੜਕ ਪੱਤਰਕਾਰ ਅਤੇ ਲੋਕਪੱਖੀ ਚਿੰਤਕ ਨੂੰ ਇਕ ਗੁਪਤ ਦਹਿਸ਼ਤੀ ਗਰੋਹ ਨੇ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਨਿਰਸੰਦੇਹ, ਇਸ ਕਤਲ ਦਾ ਇਕੋ-ਇਕ ਮਨੋਰਥ ਹਿੰਦੂਤਵ ਫਾਸ਼ੀਵਾਦੀਆਂ ਵਲੋਂ ਇਸ ਧੜਲੇਦਾਰ ਕਲਮ ਨੂੰ ਖਾਮੋਸ਼ ਕਰਨਾ ਸੀ। ਇਸ ਵਿਚਾਰਧਾਰਾ ਦੇ ਪੈਰੋਕਾਰਾਂ ਵਲੋਂ ਸ਼ਰੇਆਮ ਇਸ ਕਤਲ ਨੂੰ ਜਾਇਜ਼ ਠਹਿਰਾਉਣ ਲਈ ਕੀਤੀ ਜ਼ਹਿਰੀਲੀ ਬਿਆਨਬਾਜ਼ੀ ਇਸ ਦਾ ਸਾਫ ਸਬੂਤ ਸੀ।

ਇਹ ਇਸ ਤਰ੍ਹਾਂ ਦਾ ਪਹਿਲਾ ਕਤਲ ਨਹੀਂ ਸੀ ਅਤੇ ਇਹ ਆਖਰੀ ਵੀ ਨਹੀਂ। ਇਸ ਲੜੀ ‘ਚ ਸਭ ਤੋਂ ਪਹਿਲਾਂ 20 ਅਗਸਤ 2013 ਨੂੰ ਹਰਮਨਪਿਆਰੇ ਤਰਕਸ਼ੀਲ ਆਗੂ ਤੇ ਲੋਕਪੱਖੀ ਚਿੰਤਕ ਡਾ. ਨਰਿੰਦਰ ਡਭੋਲਕਰ ਨੂੰ ਕਤਲ ਕੀਤਾ ਗਿਆ। ਡਭੋਲਕਾਰ ਤੋਂ ਬਾਅਦ ਅਗਾਂਹਵਧੂ ਚਿੰਤਕ ਅਤੇ ਲੋਕ ਆਗੂ ਗੋਵਿੰਦ ਪਾਨਸਰੇ ਅਤੇ ਫਿਰ ਉਘੇ ਸਿੱਖਿਆ ਵਿਗਿਆਨੀ ਡਾ. ਐਮ.ਐਮ. ਕਲਬੁਰਗੀ ਨੂੰ ਵੀ ਹਿੰਦੂਤਵ ਫਾਸ਼ੀਵਾਦੀਆਂ ਵਲੋਂ ਇਸੇ ਤਰ੍ਹਾਂ ਮਾਰਿਆ ਗਿਆ। ਸਾਰੇ ਕਤਲਾਂ ਦੀ ਸੂਤਰਧਾਰ ਵੀ ਇੱਕੋ ਤਾਕਤ ਸੀ ਅਤੇ ਸਾਰੇ ਕਤਲਾਂ ਦਾ ਮਕਸਦ ਵੀ ਲੋਕਪੱਖੀ ਬੁੱਧੀਜੀਵੀਆਂ ਦੀ ਜ਼ੁਬਾਨਬੰਦੀ ਸੀ।
ਸਰਸਰੀ ਜਾਂਚ ਦੌਰਾਨ ਹੀ ਇਹ ਸਾਹਮਣੇ ਆ ਗਿਆ ਸੀ ਕਿ ਇਹ ਸਾਰੇ ਕਤਲ ਸਨਾਤਨ ਸੰਸਥਾ ਦੇ ਕਾਤਲ ਗਰੋਹ ‘ਸਾਈਲੈਂਟ ਸੈੱਲ’ ਨੇ ਕੀਤੇ ਸਨ। ਇਸ ਸੰਬੰਧ ‘ਚ ਕੁਝ ਗ੍ਰਿਫਤਾਰੀਆਂ ਵੀ ਹੋਈਆਂ, ਲੇਕਿਨ ਤਫਤੀਸ਼ ਇਕ ਹੱਦ ਤੋਂ ਅੱਗੇ ਨਹੀਂ ਗਈ। ਜਦਕਿ ਮੁੱਢਲੀ ਜਾਂਚ ਵਿਚ ਹੀ ਇਹ ਸਪਸ਼ਟ ਹੋ ਗਿਆ ਸੀ ਕਿ ਕਤਲਾਂ ਨੂੰ ਅੰਜਾਮ ਦੇਣ ਵਾਲੇ ਆਮ ਮੁਜਰਿਮ ਨਹੀਂ, ਇਨ੍ਹਾਂ ਦੇ ਪਿੱਛੇ ਇਕ ਜਥੇਬੰਦ ਤਾਕਤ ਕੰਮ ਕਰ ਰਹੀ ਹੈ ਅਤੇ ਇਹ ਸਾਰੇ ਬਾਕਾਇਦਾ ਸਿਖਲਾਈਸ਼ੁਦਾ ਅਤੇ ਖਾਸ ਵਿਚਾਰਧਾਰਾ ਦੀ ਪਾਣ ਚੜ੍ਹੇ ਦਹਿਸ਼ਤਵਾਦੀ ਦਿਮਾਗ ਹਨ। ਜੇ ਇਸ ਦੀ ਬਾਰੀਕੀ ਵਿਚ ਜਾਂਚ ਕੀਤੀ ਜਾਂਦੀ ਤਾਂ ਸਨਾਤਨ ਸੰਸਥਾ, ਅਭਿਨਵ ਭਾਰਤ ਅਤੇ ਹੋਰ ਹਿੰਦੂਤਵ ਦਹਿਸ਼ਤੀ ਗਰੁੱਪਾਂ ਦੇ ਗੁਪਤ ਤਾਣੇ-ਬਾਣੇ ਦੀ ਪੈੜ ਨਾਗਪੁਰ ਸਦਰ-ਮੁਕਾਮ ਅਤੇ ਇਸ ਦੇ ਹਥਿਆਰਬੰਦ ਸਿਖਲਾਈ ਸਕੂਲਾਂ ਦੇ ਅੰਦਰ ਤੱਕ ਪਹੁੰਚ ਜਾਣੀ ਸੀ। ਇਨ੍ਹਾਂ ਵਿਚੋਂ ਕਿਸੇ ਵੀ ਮਾਮਲੇ ਵਿਚ ਜਾਂਚ ਰਾਹੀਂ ਸੱਚ ਸਾਹਮਣੇ ਆਉਣ ਦਾ ਸਵਾਲ ਹੀ ਨਹੀਂ ਹੈ ਕਿਉਂਕਿ ‘ਵਿਰੋਧੀ-ਧਿਰ’ ਦੀਆਂ ਸਰਕਾਰਾਂ ਵਿਚ ਅਸਲ ਸਾਜ਼ਿਸ਼ਘਾੜਿਆਂ ਨੂੰ ਹੱਥ ਪਾਉਣ ਦੀ ਜੁਅਰਤ ਨਹੀਂ ਸੀ। ਹੁਣ ਤਾਂ ਸਟੇਟ ਉਪਰ ਕਾਬਜ਼ ਹੋਣ ਕਾਰਨ ਸਮੁੱਚੀ ਅਮਨ-ਕਾਨੂੰਨ ਅਤੇ ਅਦਾਲਤੀ ਵਿਵਸਥਾ ਹੀ ਦਹਿਸ਼ਤੀ ਸਾਜ਼ਿਸ਼ਘਾੜਿਆਂ ਦੇ ਰਾਜਨੀਤਕ ਵਿੰਗ ਦੀ ਮਨਮਰਜ਼ੀ ਅਨੁਸਾਰ ਕੰਮ ਕਰ ਰਹੀ ਹੈ।
ਡਾ. ਡਭੋਲਕਰ ਅਤੇ ਹੋਰ ਕਤਲਾਂ ਦੀ ਜਾਂਚ ਨੂੰ ਦਬਾਉਣ ਲਈ ਰਾਜ-ਮਸ਼ੀਨਰੀ ਵਲੋਂ ਜਾਂਚ ਨੂੰ ਸਿਲਸਿਲੇਵਾਰ ਤਰੀਕੇ ਨਾਲ ਲਮਕਾਇਆ ਗਿਆ ਤਾਂ ਜੋ ਸਾਰਾ ਕੇਸ ਸਿਰਫ ਕਥਿਤ ਕਾਤਲਾਂ ਦੇ ਇਰਦ-ਗਿਰਦ ਹੀ ਘੁੰਮਦਾ ਰਹੇ ਅਤੇ ਅਸਲ ਸਾਜ਼ਿਸ਼ਘਾੜਿਆਂ, ਆਰ.ਐਸ਼ਐਸ਼ ਅਤੇ ਇਸ ਨਾਲ ਜੁੜੇ ਭਗਵੇਂ ਸਰਗਨਿਆਂ ਦੀ ਸ਼ਨਾਖਤ ਲੁਕੀ ਰਹੇ। ਇਨ੍ਹੀਂ ਦਿਨੀਂ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੇ ਮਾਮਲੇ ਉਪਰ ਵਿਸ਼ੇਸ਼ ਚਰਚਾ ਕਰਨ ਵਾਲੇ ਮੁੱਖਧਾਰਾ ਮੀਡੀਆ ਨੇ ਕਦੇ ਵੀ ਇਹ ਸਵਾਲ ਗੰਭੀਰਤਾ ਨਾਲ ਨਹੀਂ ਉਠਾਇਆ ਕਿ ਚਾਰ ਹਰਮਨਪਿਆਰੀਆਂ ਬੌਧਿਕ ਸ਼ਖਸੀਅਤਾਂ ਦੇ ਕਤਲਾਂ ਦੇ ਮਾਮਲੇ ‘ਚ ਨਿਆਂ ਦੀ ਕੀ ਸਥਿਤੀ ਹੈ?
ਪ੍ਰੋਫੈਸਰ ਵਰਵਰਾ ਰਾਓ ਸਮੇਤ ਉਘੇ ਬੁੱਧੀਜੀਵੀਆਂ ਨਾਲ ਸੰਬੰਧਤ ਝੂਠੇ ਸਾਜ਼ਿਸ਼ ਮਾਮਲੇ ਦੀ ਜਾਂਚ ਉਪਰੋਕਤ ਚਾਰ ਮਾਮਲਿਆਂ ਤੋਂ ਬਿਲਕੁਲ ਵੱਖਰੀ ਤਰ੍ਹਾਂ ਚੱਲ ਰਹੀ ਹੈ। ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿਚ ਸਾੜਨ ਲਈ ਵਿਸ਼ੇਸ਼ ਜਾਂਚ ਏਜੰਸੀਆਂ ਸਮੇਤ ਪੂਰੀ ਆਰ.ਐਸ਼ਐਸ਼-ਭਾਜਪਾ ਸਰਕਾਰ ਪੱਬਾਂ ਭਾਰ ਹੋਈ ਦੇਖੀ ਜਾ ਸਕਦੀ ਹੈ। ਇਹ ਜਾਂਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਤੁਰੰਤ ਕੌਮੀ ਜਾਂਚ ਏਜੰਸੀ ਦੇ ਹਵਾਲੇ ਕਰ ਦਿੱਤੀ ਤਾਂ ਜੋ ਆਪਣੀ ਪਸੰਦ ਦੇ ਨਤੀਜੇ ਹਾਸਲ ਕੀਤੇ ਜਾ ਸਕਣ। ਅਮਿਤ ਸ਼ਾਹ/ਕੇਂਦਰੀ ਗ੍ਰਹਿ ਮੰਤਰਾਲੇ ਦੀ ਨਿਗਰਾਨੀ ਇਸ ਲਈ ਤਾਂ ਜੋ ਕਿਤੇ ਮਹਾਰਾਸ਼ਟਰ ਸਰਕਾਰ ਦੇਸ਼-ਵਿਦੇਸ਼ ਵਿਚ ਬਣ ਰਹੇ ਲੋਕ ਦਬਾਓ ਹੇਠ ਆ ਕੇ ਭੀਮਾ-ਕੋਰੇਗਾਓਂ ਕੇਸ ਨੂੰ ਬੰਦ ਕਰਨ ਅਤੇ ਗ੍ਰਿਫਤਾਰ ਸ਼ਖਸੀਅਤਾਂ ਨੂੰ ਜ਼ਮਾਨਤ ਦੇਣ ਬਾਰੇ ਨਾ ਸੋਚ ਲਵੇ।
ਸਨਾਤਨ ਸੰਸਥਾ ਦਾ ਹੱਥ ਸਿਰਫ ਲੋਕਪੱਖੀ ਬੁੱਧੀਜੀਵੀਆਂ ਦੇ ਕਤਲਾਂ ਵਿਚ ਹੀ ਨਹੀਂ, ਪਿਛਲੇ ਦੋ ਦਹਾਕਿਆਂ ਤੋਂ ਇਸ ਦਾ ਨਾਂ ਦਹਿਸ਼ਤੀ ਕਾਰਵਾਈਆਂ ਦੇ ਕੇਸਾਂ ਵਿਚ ਵਾਰ-ਵਾਰ ਸਾਹਮਣੇ ਆਉਂਦਾ ਰਿਹਾ ਹੈ। 2007 ਵਿਚ ਵਾਸ਼ੀ, ਥਾਨੇ ਅਤੇ ਪਨਵੇਲ ਵਿਚ ਹੋਏ ਚਾਰ ਬੰਬ ਧਮਾਕਿਆਂ ਅਤੇ 2009 ਵਿਚ ਗੋਆ ਵਿਚ ਹੋਏ ਬੰਬ ਧਮਾਕਿਆਂ ਵਿਚ ਵੀ ਸਨਾਤਨ ਸੰਸਥਾ ਨਾਲ ਸੰਬੰਧਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਵਿਸਤਾਰਤ ਤੱਥ ਅਤੇ ਵੇਰਵੇ ਐਸ਼ਐਮ. ਮੁਸ਼ਰਿਫ ਦੀ ਚਰਚਿਤ ਕਿਤਾਬ ‘ਬ੍ਰਾਹਮਣਵਾਦੀਆਂ ਦੇ ਦਹਿਸ਼ਤੀ ਕਾਰੇ’ ਵਿਚ ਦਿੱਤੇ ਗਏ ਹਨ। ‘ਕਰਕਰੇ ਦੀ ਹੱਤਿਆ ਕਿਸੇ ਨੇ ਕੀਤੀ’ ਐਸ਼ਐਮ. ਮੁਸ਼ਰਿਫ ਦੀ ਲਿਖੀ ਇਕ ਹੋਰ ਚਰਚਿਤ ਕਿਤਾਬ ਹੈ ਜਿਸ ਵਿਚ ਦਹਿਸ਼ਤਵਾਦ ਵਿਰੋਧੀ ਦਸਤੇ ਦੇ ਤੱਤਕਾਲੀ ਮੁਖੀ ਹੇਮੰਤ ਕਰਕਰੇ ਦੇ ਕਤਲ ਦੇ ਮਨੋਰਥ ਨੂੰ ਬਾਖੂਬੀ ਬੇਪਰਦ ਕੀਤਾ ਗਿਆ ਹੈ। ਕਰਕਰੇ ਨੇ ਸਾਧਵੀ ਪ੍ਰਗਿਆ (ਜੋ ਹੁਣ ਭਾਰਤੀ ਲੋਕਤੰਤਰ ਦੀ ‘ਚੁਣੀ ਹੋਈ ਲੋਕ ਨੁਮਾਇੰਦਾ’ ਹੈ), ਅਸੀਮਾਨੰਦ ਅਤੇ ਫੌਜੀ ਅਧਿਕਾਰੀ ਸ੍ਰੀਕਾਂਤ ਕਰਨਲ ਪੁਰੋਹਿਤ ਦੀ ਅਗਵਾਈ ਹੇਠਲੇ ਦਹਿਸ਼ਤੀ ਗਰੁੱਪਾਂ ਵਲੋਂ 2003 ਤੋਂ ਲੈ ਕੇ 2008 ਦਰਮਿਆਨ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਅੰਜਾਮ ਦਿੱਤੇ ਲੜੀਵਾਰ ਬੰਬ ਕਾਂਡਾਂ ਦੀ ਨਿਰਪੱਖ ਜਾਂਚ ਕਰ ਕੇ ਆਰ.ਐਸ਼ਐਸ਼ ਸਮੇਤ ਸੰਘ ਪਰਿਵਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਸੀ। ਇਹ ਵੱਖਰੀ ਗੱਲ ਹੈ ਕਿ ਤੱਤਕਾਲੀ ਕਾਂਗਰਸ ਸਰਕਾਰ ਦੀ ਬੁਜ਼ਦਿਲੀ ਕਾਰਨ ਸਾਹਮਣੇ ਆਏ ਮਹੱਤਵਪੂਰਨ ਸਬੂਤ ਖੁਰਦ-ਬੁਰਦ ਕਰ ਦਿੱਤੇ ਗਏ ਅਤੇ ਇਕ ਵਾਰ ਫਿਰ ਸਾਜ਼ਿਸ਼ ਦੇ ਅਸਲ ਸੂਤਰਧਾਰ ਸਾਫ ਬਚ ਗਏ।
‘ਬ੍ਰਾਹਮਣਵਾਦੀਆਂ ਦੇ ਦਹਿਸ਼ਤੀ ਕਾਰੇ’ ਕਿਤਾਬ ਵਿਚ ਐਸ਼ਐਮ. ਮੁਸ਼ਰਿਫ ਨੇ ਬੇਹੱਦ ਮਹੱਤਵਪੂਰਨ ਖੁਲਾਸੇ ਕੀਤੇ ਹਨ ਕਿ ਤਫਤੀਸ਼ ਕੀਤੇ ਜਾ ਚੁੱਕੇ 18 ਦਹਿਸ਼ਤੀ ਕੇਸਾਂ ਵਿਚ ਆਰ.ਐਸ਼ਐਸ਼ ਅਤੇ ਇਸ ਦੀਆਂ ਫਰੰਟ ਜਥੇਬੰਦੀਆਂ ਦੀ ਭੂਮਿਕਾ ਸਬੂਤਾਂ ਸਮੇਤ ਸਾਹਮਣੇ ਆ ਚੁੱਕੀ ਹੈ। ਗੌਰਤਲਬ ਹੈ ਕਿ 9 ਚਾਰਜਸ਼ੀਟਾਂ ਅਤੇ ਚੱਲ ਰਹੀ ਜਾਂਚ ਵਿਚ ਆਰ.ਐਸ਼ਐਸ਼ ਦਾ ਨਾਂ ਚੌਦਾਂ ਵਾਰ ਅਤੇ ਸਨਾਤਨ ਸੰਸਥਾ ਦਾ ਨਾਂ ਚਾਰ ਵਾਰ ਆਇਆ ਹੈ। ਭਾਵ ਸਾਰੇ ਦੇ ਸਾਰੇ 18 ਕੇਸਾਂ ਵਿਚ ਸੰਘ ਪਰਿਵਾਰ ਦਾ ਹੱਥ ਸੀ ਜਿਸ ਵਿਚ ਆਰ.ਡੀ.ਐਸ਼ ਵਰਗੇ ਬੇਹੱਦ ਖਤਰਨਾਕ ਵਿਸਫੋਟਕ ਵਰਤ ਕੇ ਸੈਂਕੜੇ ਨਿਰਦੋਸ਼ ਲੋਕਾਂ ਦੀ ਜਾਨ ਲਈ ਗਈ। ਉਸ ਤਾਣੇ-ਬਾਣੇ ਦੀ ਜਾਂਚ ਕਦੇ ਨਹੀਂ ਕੀਤੀ ਗਈ ਜਿਸ ਦੇ ਜ਼ਰੀਏ ਇਹ ਆਰ.ਡੀ.ਐਕਸ਼ ਥੋਕ ਤਾਦਾਦ ‘ਚ ਇਨ੍ਹਾਂ ਗਰੁੱਪਾਂ ਨੂੰ ਸਪਲਾਈ ਕੀਤਾ ਗਿਆ ਜੋ ਕਿ ਸਿਰਫ ਤੇ ਸਿਰਫ ਫੌਜ ਕੋਲ ਹੁੰਦਾ ਹੈ। ਇਹ ਸਿਰਫ 2008 ਤੱਕ ਹੋਏ ਬੰਬ-ਧਮਾਕਿਆਂ ਦੇ ਉਹ ਮਾਮਲੇ ਹਨ ਜੋ ਕਿਸੇ ਤਰ੍ਹਾਂ ਨੰਗੇ ਹੋ ਗਏ। ਇਸ ਤਰ੍ਹਾਂ ਦੇ ਹੋਰ ਵੀ ਬਥੇਰੇ ਮਾਮਲੇ ਹੋਣਗੇ, ਜਿਨ੍ਹਾਂ ਉਪਰ ਅਜੇ ਤੱਕ ਪਰਦਾ ਬਣਿਆ ਹੋਇਆ ਹੈ। ਐਨੀ ਖਤਰਨਾਕ ਦਹਿਸ਼ਤੀ ਸਾਜ਼ਿਸ਼ ਸਾਹਮਣੇ ਆਉਣ ਦੇ ਬਾਵਜੂਦ ਨਾ ਤਾਂ ਇਨ੍ਹਾਂ ਵਿਚੋਂ ਕਿਸੇ ਜਥੇਬੰਦੀ ਨੂੰ ਗੈਰਕਾਨੂੰਨੀ ਕਰਾਰ ਦੇ ਕੇ ਇਨ੍ਹਾਂ ਉਪਰ ਪਾਬੰਦੀ ਲਗਾਈ ਗਈ ਅਤੇ ਨਾ ਇਨ੍ਹਾਂ ਵਿਰੁੱਧ ਯੂ.ਏ.ਪੀ.ਏ. ਅਤੇ ਰਾਜ ਵਿਰੁਧ ਸਾਜ਼ਿਸ਼/ਯੁੱਧ ਛੇੜਨ ਦੀਆਂ ਕਾਨੂੰਨੀ ਧਾਰਾਵਾਂ ਲਗਾਈਆਂ ਗਈਆਂ ਜੋ ਦਲਿਤਾਂ, ਆਦਿਵਾਸੀਆਂ, ਕੌਮੀਅਤਾਂ, ਘੱਟਗਿਣਤੀਆਂ ਅਤੇ ਜਮਹੂਰੀ ਕਾਰਕੁਨਾਂ ਵਿਰੁਧ ਆਮ ਹੀ ਲਗਾਈਆਂ ਜਾਂਦੀਆਂ ਹਨ।
ਮਹਾਰਾਸ਼ਟਰ-ਕਰਨਾਟਕਾ ਦੇ ਜਿਸ ਖੇਤਰ ਵਿਚ ਉਪਰੋਕਤ ਚਾਰ ਬੁੱਧੀਜੀਵੀਆਂ ਦੇ ਕਤਲ ਹੋਏ, ਜਿੱਥੇ ਭੀਮਾ-ਕੋਰੇਗਾਓਂ ਸਮਾਗਮ ਹੋਇਆ ਅਤੇ ਜਿੱਥੇ ਕਥਿਤ ‘ਸ਼ਹਿਰੀ ਨਕਸਲੀ’ ਦੀ ਮਨਘੜਤ ਸਾਜ਼ਿਸ਼ ਨੂੰ ਬੁੱਧੀਜੀਵੀਆਂ ਨੂੰ ਦਬਾਉਣ ਦੀ ਪਹਿਲੀ ਪ੍ਰਯੋਗਸ਼ਾਲਾ ਬਣਾਇਆ ਗਿਆ, ਉਹ ਸਨਾਤਨੀ ਬ੍ਰਾਹਮਣਵਾਦ ਦਾ ਰਵਾਇਤੀ ਗੜ੍ਹ ਹੈ ਅਤੇ ਬ੍ਰਾਹਮਣਵਾਦ ਭਾਰਤੀ ਫਾਸ਼ੀਵਾਦ ਦਾ ਮੂਲ ਹੈ। ਆਰ.ਐਸ਼ਐਸ਼ ਅਤੇ ਇਸ ਦੇ ਖੁੱਲ੍ਹੇ-ਗੁਪਤ ਸੰਗਠਨ ਜਾਗਦੀ ਜ਼ਮੀਰ ਵਾਲੇ ਬੁੱਧੀਜੀਵੀਆਂ ਅਤੇ ਕਾਰਕੁਨਾਂ ਨੂੰ ਆਪਣੇ ਹਿੰਦੂ ਰਾਸ਼ਟਰ ਦੇ ਪ੍ਰਾਜੈਕਟ ਵਿਚ ਮੁੱਖ ਅੜਿੱਕਾ ਸਮਝਦੇ ਹਨ। ਤਰਕਪੂਰਨ ਦਲੀਲਾਂ ਤੋਂ ਭੈਭੀਤ ਹੋਣਾ ਕੁਲ ਆਲਮ ਦੇ ਫਾਸ਼ੀਵਾਦੀਆਂ ਦੀ ਮੂਲ ਫਿਤਰਤ ਹੈ। ਉਹ ਰੌਸ਼ਨਖਿਆਲ ਦਿਮਾਗਾਂ ਨੂੰ ਸਰੀਰਕ ਤੌਰ ‘ਤੇ ਖਤਮ ਕਰਕੇ ਅਤੇ ਫਰਜ਼ੀ ਸਾਜ਼ਿਸ਼ ਕੇਸਾਂ ਤਹਿਤ ਜੇਲ੍ਹਾਂ ਵਿਚ ਡੱਕ ਕੇ ਆਪਣਾ ਰਾਹ ਪੱਧਰਾ ਕਰਨ ਦੇ ਮੱਤ ਵਿਚ ਯਕੀਨ ਰੱਖਦੇ ਹਨ। ਇਸੇ ਮਕਸਦ ਲਈ ਸਾਡੇ ਮੁਲਕ ਦੇ ਸਿਰਮੌਰ ਬੁੱਧੀਜੀਵੀਆਂ ਅਤੇ ਜਮਹੂਰੀ ਸ਼ਖਸੀਅਤਾਂ ਨੂੰ ਭੀਮਾ-ਕੋਰੇਗਾਓਂ ਦੇ ਮਨਘੜਤ ਸਾਜ਼ਿਸ਼ ਕੇਸ ਵਿਚ ਫਸਾ ਕੇ ਦੋ ਸਾਲ ਤੋਂ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਪ੍ਰੋਫੈਸਰ ਸਾਈਬਾਬਾ ਸਮੇਤ ਪੰਜ ਲੋਕਪੱਖੀ ਬੁੱਧੀਜੀਵੀ ਅਤੇ ਕਾਰਕੁੰਨ 2017 ਤੋਂ ਗੜ੍ਹਚਿਰੌਲੀ ਦੇ ਝੂਠੇ ਸਾਜ਼ਿਸ਼ ਕੇਸ ਤਹਿਤ ਜੇਲ੍ਹ ਵਿਚ ਨਹੱਕੀ ਸਜ਼ਾ ਭੁਗਤ ਰਹੇ ਹਨ। ਸੀ.ਏ.ਏ.-ਐਨ.ਆਰ.ਸੀ. ਵਿਰੁਧ ਲੋਕ ਲਾਮਬੰਦੀ ਦੀ ਪਹਿਲ ਕਰਨ ਵਾਲੀਆਂ ਯੂਨੀਵਰਸਿਟੀ ਵਿਦਿਆਰਥਣਾਂ ਅਤੇ ਹੋਰ ਕਾਰਕੁਨਾਂ ਨੂੰ ਦਿੱਲੀ ਸਾਜ਼ਿਸ਼ ਕੇਸ (ਫਰਵਰੀ 2020) ਵਿਚ ਗ੍ਰਿਫਤਾਰ ਕਰ ਕੇ ਅਤੇ ਯੂ.ਏ.ਪੀ.ਏ. ਲਗਾ ਕੇ ਜੇਲ੍ਹਾਂ ਵਿਚ ਸਾੜਿਆ ਜਾ ਰਿਹਾ ਹੈ।
ਇਹ ਜਾਗਦੀ ਜ਼ਮੀਰ ਵਾਲੇ ਬੁੱਧੀਜੀਵੀ, ਪੱਤਰਕਾਰ ਅਤੇ ਹੋਰ ਕਲਮਕਾਰ ਹੀ ਹਨ ਜੋ ਭਾਰਤੀ ਸਟੇਟ ਅਤੇ ਸਰਕਾਰਾਂ ਦੇ ਜ਼ੁਲਮਾਂ ਵਿਰੁਧ ਬੇਖੌਫ ਹੋ ਕੇ ਆਵਾਜ਼ ਉਠਾ ਰਹੇ ਹਨ। ਲੋਕਪੱਖੀ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿਚ ਸਾੜਨ ਅਤੇ ਬਾਕੀਆਂ ਉਪਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੋਣ ਦੇ ਬਾਵਜੂਦ ਇਹ ਇਨਸਾਫਪਸੰਦ ਬੁੱਧੀਜੀਵੀ ਹੀ ਹਨ ਜੋ ਹਿਟਲਰ ਅਤੇ ਮੁਸੋਲਿਨੀ (ਫਾਸ਼ੀਵਾਦ/ਨਾਜ਼ੀਵਾਦ) ਦੇ ਭਾਰਤੀ ਪੈਰੋਕਾਰਾਂ ਦੀ ਦਹਿਸ਼ਤੀ ਸੱਤਾ ਨੂੰ ਵੰਗਾਰ ਰਹੇ ਹਨ ਅਤੇ ਮਜ਼ਲੂਮ ਹਿੱਸਿਆਂ ਲਈ ਹਾਅ ਦਾ ਨਾਅਰਾ ਮਾਰ ਰਹੇ ਹਨ। ਹਜੂਮੀ ਕਤਲਾਂ, ਦਲਿਤਾਂ ਉਪਰ ਜਾਤਪਾਤੀ ਜ਼ੁਲਮਾਂ ਅਤੇ ਭਗਵੇਂ ਬ੍ਰਿਗੇਡ ਦੀਆਂ ਹੋਰ ਧੱਕੇਸ਼ਾਹੀਆਂ ਵਿਰੁਧ ਮੋਹਰਲੀ ਕਤਾਰ ਦੇ ਯੋਧੇ ਬੁੱਧੀਜੀਵੀ ਹੀ ਹਨ। ਉਹ ਹੀ ਘੂਕ ਸੁੱਤੀ ਖਲਕਤ ਨੂੰ ਹਲੂਣ ਕੇ ਜਗਾਉਣ ਲਈ ਇਹ ਹੋਕਾ ਦੇਣ ਦੀ ਜੁਅਰਤ ਰੱਖਦੇ ਹਨ – ‘ਕਸ਼ਮੀਰ ਨਜ਼ਰਬੰਦ ਹੈ ਲੇਕਿਨ ਸਾਡੀ ਨਜ਼ਰ ਕਿਉਂ ਬੰਦ ਹੈ’, ਜਿੱਥੇ ਭਾਰਤੀ ਸਟੇਟ ਖਾਸ ਧਾਰਮਿਕ ਦਿਨਾਂ ਉਪਰ ਵੀ ਬੇਕਿਰਕੀ ਨਾਲ ਗੋਲੀਆਂ ਚਲਾਉਣ ਤੋਂ ਗੁਰੇਜ਼ ਨਹੀਂ ਕਰਦਾ। ਥੋੜ੍ਹੇ ਦਿਨ ਪਹਿਲਾਂ ਸ੍ਰੀਨਗਰ ਵਿਚ ਮੁਹੱਰਮ ਦੇ ਜਲੂਸ ਉਪਰ ਪੈਲੇਟ ਗੰਨਾਂ ਦੀਆਂ ਬੌਛਾੜਾਂ ਕਰਕੇ 40 ਕਸ਼ਮੀਰੀਆਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜਿਵੇਂ ਜੰਮੂ ਕਸ਼ਮੀਰ ਸਿਵਲ ਸੁਸਾਇਟੀ ਨੇ ਆਪਣੇ ਹਾਲੀਆ ਰਿਪੋਰਟ ‘ਕਸ਼ਮੀਰ ਇੰਟਰਨੈੱਟ ਸੀਜ਼: ਡਿਜੀਟਲ ਹੱਕਾਂ ਉਪਰ ਜਾਰੀ ਹਮਲਾ’ ਵਿਚ ਆਮ ਨਾਗਰਿਕ ਦੀ ਰੋਜ਼ਮਰਾ ਜ਼ਿੰਦਗੀ ਉਪਰ ਪਏ ਅਸਰਾਂ ਦੀ ਜ਼ਮੀਨੀ ਹਕੀਕਤ ਪੇਸ਼ ਕੀਤੀ ਹੈ, ਐਸੇ ਸਮਾਜੀ ਸਰੋਕਾਰਾਂ ਨੂੰ ਜ਼ੁਬਾਨ ਬੁੱਧੀਜੀਵੀ ਹੀ ਦੇ ਸਕਦੇ ਹਨ। ਰਿਪੋਰਟ ਦੱਸਦੀ ਹੈ ਕਿ ਕਸ਼ਮੀਰ ਨੂੰ ਖੁੱਲ੍ਹੀ ਜੇਲ੍ਹ ਬਣਾਏ ਜਾਣ ਅਤੇ ਉਥੇ ਪਿਛਲੇ ਇਕ ਸਾਲ ਤੋਂ ਥੋਪੀ ਇੰਟਰਨੈੱਟਬੰਦੀ ਦੇ ਰੋਜ਼ਮਰਾ ਜ਼ਿੰਦਗੀ ਉਪਰ ਕਿੰਨੇ ਖਤਰਨਾਕ ਪ੍ਰਭਾਵ ਪਏ ਹਨ।
ਸੱਤਾ ਅਤੇ ਹੋਰ ਧੌਂਸਬਾਜ਼ ਤਾਕਤਾਂ ਵਿਰੁਧ ਡਟਣ ਦੀ ਇਸੇ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਮੁਲਕ ਦੀਆਂ 400 ਤੋਂ ਵਧੇਰੇ ਜਥੇਬੰਦੀਆਂ ਨੇ ਗੌਰੀ ਲੰਕੇਸ਼ ਦੇ ਸ਼ਹਾਦਤ ਦਿਵਸ ਉਪਰ ‘ਹਮ ਅਗਰ ਉਠੇ ਨਹੀਂ ਤੋ… ‘ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਔਰਤਾਂ ਦੇ ਗਰੁਪ, ਸਿਵਿਲ ਰਾਈਟਸ ਜਥੇਬੰਦੀਆਂ ਅਤੇ ਸੈਕਸੂਅਲ ਅਤੇ ਜੈਂਡਰ ਮਾਇਨਾਰਿਟੀਜ਼ ਜਥੇਬੰਦੀਆਂ ਸ਼ਾਮਲ ਹਨ। ਜਿਸ ਤਰ੍ਹਾਂ ਹਾਲਾਤ ਹੋਰ ਵੀ ਜ਼ਿਆਦਾ ਖਤਰਨਾਕ ਬਣਦੇ ਜਾ ਰਹੇ ਹਨ, ਗੌਰੀ ਲੰਕੇਸ਼ ਦੀਆਂ ਵਾਰਿਸ ਸਮੂਹ ਇਨਸਾਫਪਸੰਦ ਤਾਕਤਾਂ ਨੂੰ ਇਨ੍ਹਾਂ ਕਤਲਾਂ ਪਿੱਛੇ ਕੰਮ ਕਰਦੇ ਹਿੰਦੂਤਵ ਫਾਸ਼ੀਵਾਦ ਵਿਰੁਧ ਬੇਕਿਰਕ ਸੰਘਰਸ਼ ਲਈ ਹੁਣ ਕਮਰਕੱਸੇ ਕਰ ਲੈਣੇ ਚਾਹੀਦੇ ਹਨ। 5 ਅਗਸਤ ਨੂੰ ਅਯੁੱਧਿਆ ਵਿਚ ਸਿਰਫ ਰਾਮ ਮੰਦਰ ਦਾ ਨੀਂਹ ਪੱਥਰ ਹੀ ਨਹੀਂ ਰੱਖਿਆ ਗਿਆ, ਇਹ ਦਰਅਸਲ ਹਿੰਦੂਤਵ ਫਾਸ਼ੀਵਾਦ ਦੀ ਮੂਲ ਵਿਚਾਰਧਾਰਾ ਬ੍ਰਾਹਮਣਵਾਦ ਨੂੰ ਸੱਤਾ ਰਾਹੀਂ ਸ਼ਰੇਆਮ ਮੁੜ ਸਥਾਪਤ ਕਰਨ ਦਾ ਐਲਾਨ ਹੈ ਜਿਸ ਦੀ ਗੂੰਜ ਮੋਹਨ ਭਾਗਵਤ, ਮਹੰਤ ਅਦਿੱਤਿਆਨਾਥ ਅਤੇ ਨਰਿੰਦਰ ਮੋਦੀ ਦੇ ਭਾਸ਼ਣਾਂ, ਬਿਆਨਾਂ ਅਤੇ ਹਿੰਦੂ ਰਾਸ਼ਟਰ ਦੇ ਕੰਨ-ਪਾੜਵੇਂ ਸ਼ੋਰ ਵਿਚ ਸਾਫ ਸੁਣੀ ਜਾ ਸਕਦੀ ਹੈ। ਭਵਿਖ ਵਿਚ ਤਿੱਖੇ ਅਤੇ ਵਿਆਪਕ ਹੋਣ ਜਾ ਰਹੇ ਇਸ ਹਮਲੇ ਨੂੰ ਪਛਾੜਨ ਦੀ ਤਿਆਰੀ ਕਰਨ ਦਾ ਦ੍ਰਿੜ ਸੰਕਲਪ ਲੈਣਾ ਹੀ ਗੌਰੀ ਲੰਕੇਸ਼ ਵਰਗੀਆਂ ਬੇਖੌਫ ਆਵਾਜ਼ਾਂ ਨੂੰ ਸੱਚੇ ਮਾਇਨਿਆਂ ‘ਚ ਯਾਦ ਕਰਨਾ ਹੈ।