ਸੰਤੋਖ ਮਿਨਹਾਸ
ਫੋਨ: 559-283-6376
ਮਿਲਦੀ ਨਹੀਂ ਮੁਸਕਾਨ ਹੀ ਹੋਠੀਂ ਸਜਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ।
ਸੁਰਜੀਤ ਪਾਤਰ ਦੀਆਂ ਇਹ ਸਤਰਾਂ ਕਈ ਵਾਰ ਪੜ੍ਹੀਆਂ ਤੇ ਕਈ ਵਾਰ ਸੁਣੀਆਂ ਵੀ ਹਨ। ਭਾਵੇਂ ਪਾਤਰ ਇੱਥੇ ਮੁਸਕਾਨ ਨੂੰ ਵਿਅੰਗ ਦੇ ਤੌਰ ‘ਤੇ ਵਰਤਦਾ ਹੈ, ਪਰ ਮੁਸਕਾਨ ਦਾ ਹੋਠਾਂ ਤੋਂ ਗੁਵਾਚ ਜਾਣਾ ਦੁੱਖਦਾਈ ਹੈ। ਮੁਸਕਾਨ ਦਾ ਹੋਠਾਂ ‘ਤੇ ਖਿੜਨਾ ਸਾਡੇ ਨਸੀਬ ਵਿਚੋਂ ਚੋਰੀ ਹੁੰਦਾ ਜਾ ਰਿਹਾ ਹੈ। ਬੰਦੇ ਦੇ ਥੱਕੇ, ਬੁੱਝੇ-ਖਿੱਝੇ ਚਿਹਰੇ ਡਰਾਉਣੇ ਤਾਂ ਲੱਗਦੇ ਹੀ ਹਨ, ਪਰ ਦੂਜੇ ਬੰਦੇ ਦੇ ਸਕੂਨ ਦਾ ਨਾਸ਼ ਵੀ ਕਰਦੇ ਹਨ। ਇਹ ਆਪਣੇ ਨਿੱਜ ਦੇ ਦੁਆਲੇ ਕੁੰਡਲੀ ਮਾਰ ਕੇ ਬੈਠੇ ਸੱਪ ਲੱਗਦੇ ਹਨ। ਕਿਸੇ ਨੂੰ ਵੇਖ ਕੇ ਮੁਸਕਾਉਣ ਦੀ ਥਾਂ ਬੇਗਾਨਗੀ ਦਾ ਵਿਖਾਵਾ ਕਰਨਾ ਦੂਜੇ ਦੇ ਨਿਰਾਦਰ ਦੇ ਤੁੱਲ ਹੁੰਦਾ ਹੈ। ਬੇਰੁਖੀ ਦਾ ਵਿਹਾਰ ਮਨੁੱਖੀ ਵਿਅਕਤੀਤਵ ਦੇ ਚੰਗੇਪਣ ਨੂੰ ਖੋਰਾ ਲਾਉਂਦਾ ਹੈ।
ਮੁਸਕਾਨ ਸੋਹਣੇ ਨੂੰ ਹੋਰ ਸੋਹਣਾ ਬਣਾਉਂਦੀ ਹੈ। ਮੁਸਕਾਨ ਖਿਡਾAੁਂਦੇ ਬੰਦੇ ਰੰਗ-ਬਰੰਗੇ ਫੁੱਲਾਂ ਦੀ ਨਿਆਈਂ ਹੁੰਦੇ ਹਨ। ਮੁਸਕਾਨ ਹਵਾ ਵਿਚ ਘੁਲੀਆਂ ਸੁਗੰਧੀਆਂ ਨੂੰ ਅੱਗੇ ਵੰਡਦੀ ਹੈ। ਮੁਸਕਾਨ ਵੰਡਦੇ ਚਿਹਰੇ ਕੁਦਰਤ ਨਾਲ ਇੱਕਮਿਕਤਾ ਦੀ ਫੁਲਕਾਰੀ ਹੁੰਦੇ ਹਨ। ਮੁਸਕਰਾਉਂਦੇ ਚਿਹਰੇ ਸੱਜਰੀ ਪ੍ਰਭਾਤ ਦੀ ਪਹਿਲੀ ਕਿਰਨ ਵਰਗੇ ਹੁੰਦੇ ਹਨ। ਉਨ੍ਹਾਂ ਕੋਲ ਦੂਜਿਆਂ ਦੀ ਝੋਲੀ ਵਿਚ ਕੁਝ ਪਾਉਣ ਦੀ ਸਮੱਰਥਾ ਹੁੰਦੀ ਹੈ। ਮੁਸਕਾਨ ਤਪਦੇ ਹਿਰਦਿਆ ‘ਤੇ ਠੰਡੀ ਮੱਲ੍ਹਮ ਦਾ ਫੈਹਾ। ਮੁਸਕਾਨ ਦੀ ਆਪਣੀ ਬੋਲੀ ਹੁੰਦੀ ਹੈ, ਜੋ ਚੁੱਪ ਨੂੰ ਬੋਲ ਬਖਸ਼ਦੀ ਹੈ। ਮੁਸਕਾਨ ਅੱਖੀਆਂ ਦੀ ਤੱਕਣੀ ਅਤੇ ਦਿਲ ਦੀ ਰਮਜ਼ ਨੂੰ ਹੁੰਗਾਰਾ ਦਿੰਦੀ ਹੈ। ਮੁਸਕਾਨ ਤੁਹਾਡੇ ਚੰਗੇ ਸੁਭਾਅ ਹੋਣ ਦੀ ਗਵਾਹੀ ਭਰਦੀ ਹੈ। ਚਿਹਰਾ ਬੰਦੇ ਦੇ ਸੁਭਾਅ ਦੇ ਚੰਗੇ-ਮੰਦੇ ਹੋਣ ਦੀ ਨਿਸ਼ਾਨਦੇਹੀ ਕਰਦਾ ਹੈ। ਮੱਥੇ ਦੀਆਂ ਤਿਉੜੀਆਂ ਤੇ ਅੱਖਾਂ ਦੇ ਡੋਰੇ ਤੁਹਾਡੇ ਝਗੜਾਲੂ ਹੋਣ ਦੀ ਤੁਹਾਡੇ ਗਲ ਪਾਈ ਤਖਤੀ ਹੁੰਦੀ ਹੈ। ਖਿੜੇ ਮੱਥੇ ਵਾਲੇ ਬੰਦੇ ਜਿੰ.ਦਗੀ ਨੂੰ ਇੱਕ ਜਸ਼ਨ ਦੀ ਤਰ੍ਹਾਂ ਮਾਣਦੇ ਹਨ। ਮੁਸਕਾਨ ਵੰਡਦੇ ਮਨੁੱਖ ਆਪਣਾ ਹੀ ਨਹੀਂ, ਸਗੋਂ ਮਿਲਣ ਵਾਲੇ ਸੱਜਣ ਦਾ ਵੀ ਉਤਸ਼ਾਹ ਵਧਾਉਂਦੇ ਹਨ। ਮੁਸਕਾਨ ਅੱਖ ‘ਚ ਅੱਖ ਪਾ ਕੇ ਦਿੱਤਾ ਸੁਨੱਖਾ ਸੁਨੇਹਾ।
ਮੁਸਕਾਨ ਅਣਗੌਲੇ ਬੰਦੇ ਨੂੰ ਮਾਣ ਹੀ ਨਹੀਂ ਦਿੰਦੀ, ਸਗੋਂ ਉਸ ਦੀ ਪਛਾਣ ਨੂੰ ਵੀ ਸਵੀਕ੍ਰਿਰਤੀ ਦਿੰਦੀ ਹੈ। ਮੁਸਕਾਨ ਹਰਿਆਲੇ ਰੁੱਖਾਂ ਦੀ ਬੁਕਲ ਵਿਚੋਂ ਝਰਦੇ ਨਿਰਮਲ ਪਾਣੀਆਂ ਦਾ ਮਿੱਠਾ ਸੰਗੀਤ। ਮੁਸਕਾਨ ਸੋਹਣੇ ਹਰਫਾਂ ਦੀ ਇਬਾਰਤ, ਜੋ ਬਿਨ ਲਿਖਿਆ ਪੜ੍ਹ ਲਈ ਜਾਂਦੀ ਹੈ। ਮੁਸਕਾਨ ਅੰਦਰਲੀ ਖੁਸ਼ੀ ਦਾ ਇਜ਼ਹਾਰ।
ਅੱਜ ਕਾਹਲ ਦੇ ਯੁੱਗ ਵਿਚ ਬਹੁਤੇ ਘਰਾਂ ਵਿਚੋਂ ਮੁਸਕਾਨ ਕਿੱਧਰੇ ਗਵਾਚ ਗਈ ਹੈ। ਘਰ ਦੇ ਸਾਰੇ ਜੀਅ ਇਸ ਤਰ੍ਹਾਂ ਵਿਚਰ ਰਹੇ ਹਨ, ਜਿਵੇਂ ਇੱਕ ਦੂਜੇ ਨਾਲ ਰੁੱਸੇ ਹੋਏ ਹੋਣ। ਅੱਜ ਨਿੱਜ ਦੀ ਸੋਚ ਵਿਚ ਗਵਾਚਿਆ ਬੰਦਾ ਦੂਜਿਆਂ ਦੀ ਹਾਜ਼ਰੀ ਤੋਂ ਵਿਰਵਾ ਹੈ। ਦੂਜਿਆਂ ਦੀ ਹਾਜ਼ਰੀ ਪਸੰਦ ਜਾਂ ਨਾ-ਪਸੰਦ ਤੋਂ ਵੀ ਅਸੀਂ ਅੱਗੇ ਜਾ ਪਹੁੰਚੇ ਹਾਂ, ਜਿਥੇ ਉਨ੍ਹਾਂ ਦੀ ਹੋਂਦ ਹੀ ਚੁੱਭਣ ਲੱਗ ਪਈ ਹੈ। ਖਾਸ ਕਰਕੇ ਉਨ੍ਹਾਂ ਘਰਾਂ ਵਿਚ, ਜਿੱਥੇ ਬਜੁਰਗ ਮਾਪੇ ਆਪਣੇ ਬੱਚਿਆਂ ਨਾਲ ਰਹਿੰਦੇ ਹਨ। ਇਹ ਰਿਸ਼ਤਿਆਂ ਵਿਚ ਵੱਧ ਰਹੀਆਂ ਦੂਰੀਆਂ ਵਸਦੇ-ਰਸਦੇ ਘਰਾਂ ਦਾ ਬੜਾ ਖੌਫਨਾਕ ਪਹਿਲੂ ਹੈ। ਅੱਜ ਕੱਲ ਬਜੁਰਗਾਂ ਦੀ ਬੇਕਦਰੀ ਦੀਆਂ ਖਬਰਾਂ ਅਖਬਾਰਾਂ ਦੀਆਂ ਵੱਡੀਆਂ ਸੁਰਖੀਆਂ ਹੁੰਦੀਆਂ ਹਨ। ਇਹ ਵਧ ਰਿਹਾ ਰੁਝਾਨ ਬੰਦੇ ਨੂੰ ਭੈਭੀਤ ਕਰ ਰਿਹਾ ਹੈ।
ਸਵੇਰੇ ਸੈਰ ਕਰਦਿਆਂ ਕਈ ਲੋਕ ਮਿਲਦੇ ਹਨ, ਜਿਨ੍ਹਾਂ ਵਿਚ ਪੰਜਾਬੀ ਅਤੇ ਕਈ ਹੋਰ ਵੱਖ ਵੱਖ ਕੌਮਾਂ ਦੇ ਲੋਕ ਹੁੰਦੇ ਹਨ। ਦੁਆ ਸਲਾਮ, ਹਾਏ ਵਗੈਰਾ ਹੁੰਦੀ ਰਹਿੰਦੀ ਹੈ। ਏਸ਼ੀਅਨ ਲੋਕਾਂ ਦੀ ਦੁਆ ਸਲਾਮ ਫਿਕੀ ਅਤੇ ਰਸਮੀ ਜਿਹੀ ਹੁੰਦੀ ਹੈ, ਖਾਸ ਕਰਕੇ ਪੰਜਾਬੀਆਂ ਦੀ ਤਾਂ ਰੁੱਖੀ ਤੇ ਬੇਧਿਆਨੀ ਜਿਹੀ ਵੀ ਹੁੰਦੀ ਹੈ; ਪਰ ਅੰਕਲ ਕਰਨੈਲ ਸਿੰਘ, ਜੋ ਸੜਕ ਨੂੰ ਪਾਰ ਕਰਦਿਆਂ ਹੀ ਵਾਕਿੰਗ ਟਰੈਕ ਦੇ ਮੁੱਢ ‘ਚ ਪੱਥਰਾਂ ਦੀ ਬਣੀ ਬੰਨੀ ‘ਤੇ ਬੈਠਾ ਮਿਲਦਾ ਹੈ, ਜਦੋਂ ਉਹਦੀ ਸੁੱਖ-ਸਾਂਦ ਪੁੱਛੀਦੀ ਹੈ ਤਾਂ ਉਹਦਾ ਚਿਹਰਾ ਖਿੜ ਜਾਂਦਾ ਹੈ। ਉਹ ਕੋਈ ਰੌਣਕੀ ਅਨੰਦ ਮਹਿਸੂਸ ਕਰਦਾ ਹੈ। ਉਹਦੇ ਮਿੱਠੇ ਬੋਲਾਂ ਦੀ ਬਾਰਸ਼ ਸਵੇਰ ਦੀ ਸੁਹਾਵਣੀ ਹਵਾ ਨੂੰ ਹੋਰ ਠੰਡਾ ਕਰ ਦਿੰਦੀ ਹੈ। ਉਹ ਸਵੇਰੇ ਜਲਦੀ ਹੀ ਆਪਣੀ ਸੈਰ ਮੁਕਾ ਕੇ ਇਸ ਬੰਨੀ ‘ਤੇ ਆ ਬੈਠਦਾ ਹੈ। ਇਹ ਕਰਮ ਉਸ ਦਾ ਨਿੱਤਨੇਮ ਹੈ। ਕਦੇ ਕਦੇ ਉਹ ਸ਼ਾਮ ਨੂੰ ਵੀ ਇਸ ਬੰਨੀ ‘ਤੇ ਬੈਠਾ ਮਿਲ ਜਾਂਦਾ ਹੈ। ਭਾਵੇਂ ਸ਼ਾਮ ਨੂੰ ਸੈਰ ਕਰਨ ਵਾਲਿਆਂ ਦੀ ਆਵਾਜਾਈ ਘੱਟ ਹੁੰਦੀ ਹੈ, ਪਰ ਉਹ ਆਪਣੇ ਇਸ ਨਿੱਤਨੇਮ ਨੂੰ ਨਹੀਂ ਤੋੜਦਾ। ਇੱਕ ਦਿਨ ਮੈਂ ਉਸ ਕੋਲ ਬੈਠਦਿਆਂ ਗੱਲਾਂ ਗੱਲਾਂ ਵਿਚ ਉਨ੍ਹਾਂ ਦੇ ਸੈਰ ਕਰਨ ਪਿਛੋਂ ਇੱਥੇ ਲੰਮਾਂ ਸਮਾਂ ਬੈਠਣ ਦਾ ਕਾਰਨ ਪੁੱਛ ਬੈਠਾ। ਮੇਰੀ ਗੱਲ ਪੂਰੀ ਹੁੰਦਿਆਂ ਹੀ ਅੰਕਲ ਫਿਸ ਪਿਆ।
ਕਾਕਾ! ਜਿੰਨਾ ਚਿਰ ਮੈਂ ਇੱਥੇ ਬੈਠਦਾਂ, ਇਹ ਸਮਾਂ ਮੇਰੇ ਲਈ ਸਾਰੇ ਦਿਨ ਦੀ ਤਾਕਤ ਬਣਦੈ। ਇੱਥੇ ਜਿੰਨੇ ਵੀ ਲੋਕ ਮੈਨੂੰ ਮਿਲਦੇ ਹਨ, ਬੜੇ ਪਿਆਰ ਨਾਲ ਬੁਲਾਉਂਦੇ ਹਨ। ਜਦੋਂ ਉਹ ਮੈਨੂੰ ਹਾਏ ਜਾਂ ਗੁੱਡ ਮਾਰਨਿੰਗ ਕਹਿੰਦੇ ਹਨ, ਉਨ੍ਹਾਂ ਦੇ ਚਿਹਰੇ ਗੁਲਾਬ ਵਾਂਗ ਖਿੜੇ ਹੁੰਦੇ ਹਨ, ਉਨ੍ਹਾਂ ਦੀ ਸੁਹਣੀ ਮੁਸਕਾਨ ਮੈਨੂੰ ਸਕੂਨ ਦਿੰਦੀ ਹੈ। ਜਿੰਨੇ ਇਹ ਗੋਰੇ-ਗੋਰੀਆਂ ਆਪ ਸੁਹਣੇ ਹਨ, ਉਨੀ ਹੀ ਇਨ੍ਹਾਂ ਦੇ ਬੋਲਾਂ ਵਿਚ ਮਿਠਾਸ ਹੁੰਦੀ ਹੈ। ਮੇਰੇ ਲਈ ਇੰਨਾ ਹੀ ਕਾਫੀ ਹੈ ਕਿ ਉਹ ਮੇਰੀ ਹੋਂਦ ਨੂੰ ਸਵੀਕਾਰ ਕਰਦੇ ਹਨ। ਨਿੱਤ ਦੀ ਦੁਆ ਸਲਾਮ ਹੋਣ ਕਾਰਨ ਹੁਣ ਇਹ ਮੈਨੂੰ ਜਾਣਨ ਲੱਗ ਪਏ ਹਨ। ਉਨ੍ਹਾਂ ਦਾ ਮੁਸਕਰਾ ਕੇ ਬੁਲਾਉਣਾ ਮੇਰੀ ਰੂਹ ਦਾ ਰੱਜ ਹੈ। ਇਨ੍ਹਾਂ ਦੀ ਮਿੱਠੀ ਮੁਸਕਾਨ ਤੇ ਸੁਹਣੀ ਤੱਕਣੀ ਦੀ ਝਾਕ ਵਿਚ ਮੈਂ ਇੱਥੇ ਆ ਬੈਠਦਾ ਹਾਂ।
ਅੰਕਲ ਕਰਨੈਲ ਸਿੰਘ ਪੰਜਾਬ ਵਿਚ ਸਕੂਲ ਅਧਿਆਪਕ ਰਿਹਾ। ਉਸ ਦੇ ਆਪਣੇ ਅਧਿਆਪਕ ਸਾਥੀਆਂ ਤੇ ਸਕੂਲ ਦੇ ਬੱਚਿਆਂ ਨਾਲ ਹਮੇਸ਼ਾ ਅਪਣਤ ਭਰੇ ਸਬੰਧ ਰਹੇ ਸਨ। ਉਸ ਦੇ ਮਿਹਨਤੀ ਤੇ ਚੰਗੇ ਸੁਭਾਅ ਕਾਰਨ ਉਸ ਨੂੰ ਰੱਜਵਾਂ ਪਿਆਰ ਤੇ ਸਤਿਕਾਰ ਆਪਣੇ ਵਿੱਦਿਆਰਥੀਆਂ ਤੇ ਸਾਥੀ ਅਧਿਆਪਕਾਂ ਕੋਲੋਂ ਮਿਲਿਆ। ਉਹਨੇ ਆਪਣੇ ਬੱਚਿਆਂ ਨੂੰ ਚੰਗਾ ਪੜ੍ਹਾਇਆ-ਲਿਖਾਇਆ, ਸੁਹਣੇ ਵਿਆਹ ਕੀਤੇ ਅਤੇ ਚੰਗਾ ਪੈਸਾ ਖਰਚ ਕਰਕੇ ਅਮਰੀਕਾ ਵਿਚ ਸੈਟ ਹੋਣ ਵਿਚ ਮਦਦ ਕੀਤੀ। ਹੁਣ ਉਹ ਆਪਣੀ ਪਤਨੀ ਨਾਲ ਆਪਣੇ ਵੱਡੇ ਮੁੰਡੇ ਕੋਲ ਪਿਛਲੇ ਪੰਜ ਕੁ ਵਰ੍ਹਿਆਂ ਤੋਂ ਰਹਿ ਰਿਹਾ ਸੀ। ਛੋਟਾ ਮੁੰਡਾ ਕਿਸੇ ਹੋਰ ਸ਼ਹਿਰ ਵਿਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ, ਜਿਸ ਦਾ ਆਪਣਾ ਚੰਗਾ ਬਿਜਨਸ ਹੈ। ਬਿਜਨਸ ਦੇ ਬਹਾਨੇ ਦੋਹਾਂ ਮੁੰਡਿਆਂ ਨੇ ਪੰਜਾਬ ਵਿਚਲਾ ਘਰ ਤੇ ਜਿਹੜੇ ਚਾਰ ਸਿਆੜ ਸਨ, ਉਹ ਵੀ ਵਿਕਾ ਦਿੱਤੇ ਸਨ। ਦੋ ਕੁ ਵਰ੍ਹੇ ਪਹਿਲਾਂ ਅਚਾਨਕ ਉਸ ਦੀ ਪਤਨੀ ਥੋੜ੍ਹਾ ਚਿਰ ਬੀਮਾਰ ਰਹਿਣ ਪਿੱਛੋਂ ਵਿਛੋੜਾ ਦੇ ਗਈ। ਉਸ ਦੇ ਜਾਣ ਪਿਛੋਂ ਜਿਵੇਂ ਸਾਰੇ ਦੁੱਖ ਉਸ ਦੀ ਝੋਲੀ ਵਿਚ ਪੈ ਗਏ ਹੋਣ। ਹੁਣ ਉਹ ਇੱਕਲਾ ਇੱਕਲਾ ਮਹਿਸੂਸ ਕਰਨ ਲੱਗ ਪਿਆ ਸੀ। ਉਹ ਪਤਨੀ ਦੇ ਵਿਛੋੜੇ ਦਾ ਦਰਦ ਤਾਂ ਸਹਿ ਲੈਂਦਾ, ਜੇ ਘਰ ਵਿਚ ਉਸ ਦੀ ਪੁੱਛ ਪ੍ਰਤੀਤ ਬਣੀ ਰਹਿੰਦੀ, ਪਰ ਮੁੰਡੇ ਤੇ ਉਸ ਦੀ ਘਰਵਾਲੀ ਦੀ ਬੇਰੁਖੀ ਦਿਨੋ ਦਿਨ ਵਧ ਗਈ ਸੀ। ਉਨ੍ਹਾਂ ਦੋਹਾਂ ਜੀਆਂ ਨੂੰ ਆਏਂ ਲੱਗਣ ਲੱਗ ਪਿਆ ਸੀ, ਜਿਵੇਂ ਉਹ ਕੋਈ ਘਰ ਵਿਚ ਵਾਧੂ ਜਿਹੀ ਚੀਜ਼ ਹੋਵੇ। ਵੱਡਿਆਂ ਨੂੰ ਬੁਲਾਉਣ ਵਾਲੇ ਸਤਿਕਾਰ ਭਰੇ ਸ਼ਬਦ ਜਿਵੇਂ ਘਰ ਵਿਚੋਂ ਗੁਵਾਚ ਗਏ ਹੋਣ। ਬੱਚਿਆਂ ਨੂੰ ਡਾਟਣਾ, ਉੱਚੀ ਉੱਚੀ ਬੋਲਣਾ ਅਤੇ ਆਪਸ ਵਿਚ ਝਗੜਨਾ ਆਮ ਜਿਹੀ ਗੱਲ ਹੋ ਗਈ ਸੀ। ਮੈਨੂੰ ਲੱਗਦਾ, ਜਿਵੇਂ ਇਹ ਸਾਰਾ ਕੁਝ ਮੈਨੂੰ ਸੁਣਾ ਕੇ ਕਿਹਾ ਜਾ ਰਿਹਾ ਹੋਵੇ। ਦਿਨ ਵਿਚ ਇਹ ਖਿਝ ਕਈ ਵਾਰੀ ਮੈਨੂੰ ਵੀ ਸਹਿਣੀ ਪੈ ਜਾਂਦੀ ਹੈ।
ਬੰਦਾ ਕਿਥੋਂ ਤੱਕ ਜਰ ਸਕਦਾ ਹੈ! ਜਦੋਂ ਮੈਂ ਉਹਨੂੰ ਅੰਕਲ ਕਹਿ ਕੇ ਸੰਬੋਧਨ ਹੁੰਨਾਂ, ਉਹ ਵੈਰਾਗ ਵਿਚ ਆ ਜਾਂਦਾ। “ਬੇਟਾ ਹੁਣ ਤਾਂ ਰਿਸ਼ਤੇ ਦੇ ਨਾਂ ਵੀ ਗਵਾਚ ਗਏ ਨੇ, ਕਹਿਣਗੇ ਹੁਣ ਤੁਸੀਂ ਏਧਰ ਬੈਠੋ, ਹੁਣ ਤੁਸੀਂ ਬਾਹਰ ਬੈਠੋ; ਜਿਵੇਂ ਮੇਰੇ ਰਿਸ਼ਤੇ ਦੇ ਨਾਂ ਦਾ ਕੋਈ ਅਰਥ ਨਾ ਰਹਿ ਗਿਆ ਹੋਵੇ। ਸੰਬੋਧਨੀ ਸ਼ਬਦ ਬੰਦੇ ਦੇ ਰਿਸ਼ਤੇ ਦੀ ਗਵਾਹੀ ਹੁੰਦੇ ਹਨ। ਜਦੋਂ ਤੁਸੀਂ ਪਿਤਾ ਜੀ ਜਾਂ ਪਾਪਾ ਜੀ ਜਾਂ ਕੋਈ ਹੋਰ ਰਿਸ਼ਤੇ ਦਾ ਨਾਂ ਲੈ ਕੇ ਬੁਲਾਉਂਦੇ ਹੋ ਤਾਂ ਅਪਣੱਤ ਦਾ ਅਹਿਸਾਸ ਹੁੰਦਾ ਹੈ ਤੁਹਾਡੇ ਰਿਸ਼ਤੇ ਦੀ ਤੰਦ ਦਾ ਸਿਰਾ ਬੁਲਾਉਣ ਵਾਲੇ ਨਾਲ ਜੁੜਿਆ ਰਹਿੰਦਾ ਹੈ।”
ਅੰਕਲ ਆਖਦਾ, ਹੁਣ ਘਰ ਘਰ ਨਹੀਂ ਲੱਗਦਾ। ਮਨ ਉਚਾਟ ਹੋ ਜਾਂਦਾ ਹੈ। ਇਸੇ ਲਈ ਮੈਂ ਬਾਹਰ ਨੂੰ ਭੱਜਦਾ ਹਾਂ। ਖੁੱਲ੍ਹੇ ਅਸਮਾਨ ਵਿਚ ਉਡਦੇ ਪੰਛੀ, ਇਹ ਹਰੇ ਭਰੇ ਰੁੱਖ, ਰੁੱਖਾਂ ਦੇ ਪੱਤਿਆਂ ਨਾਲ ਖਹਿ ਕੇ ਲੰਘਦੀ ਹਵਾ ਦਾ ਸੰਗੀਤ ਮੈਨੂੰ ਧਰਵਾਸ ਦਿੰਦਾ ਹੈ। ਇਹ ਹੱਸਦੇ ਚਿਹਰੇ ਵੇਖ ਮੇਰਾ ਦੁੱਖ ਦੂਰ ਹੋ ਜਾਂਦਾ ਹੈ। ਮੈਂ ਇੱਥੇ ਬੈਠਾ ਕੁਦਰਤ ਦੀ ਗੋਦ ਵਿਚ ਬੈਠਾ ਮਹਿਸੂਸ ਕਰਦਾ ਹਾਂ। ਮੇਰੇ ਅੰਦਰਲੀ ਦੁੱਖਾਂ ਦੀ ਸਾਰੀ ਮੈਲ ਇਹ ਹੱਸਦੇ ਚਿਹਰੇ ਸੋਹਣੀਆਂ ਮੁਸਕਾਨਾਂ ਧੋ ਸੁੱਟਦੀਆਂ ਹਨ। ਮੈਨੂੰ ਕਿਸੇ ਦੇ ਕਹੇ ਬੋਲ ਚੇਤੇ ਆਏ, ਜੇ ਕਿਸੇ ਦੀਆਂ ਖਾਮੋਸ਼ ਅੱਖਾਂ ਤੁਹਾਡੇ ਤੋਂ ਸਹਾਰਾ ਮੰਗਦੀਆਂ ਹਨ ਤਾਂ ਉਸ ਨੂੰ ਐਸਾ ਸਹਾਰਾ ਦਿਉ ਕਿ ਉਹ ਕਦੇ ਵੀ ਗਿਰ ਨਾ ਸਕਣ। ਭਗਤ ਕਬੀਰ ਜੀ ਵੀ ਇਹੋ ਕਹਿੰਦੇ ਹਨ,
ਐਸੀ ਵਾਣੀ ਬੋਲੀਏ ਮਨ ਕਾ ਆਪਾ ਖੋਏ॥
ਅੋਰਹੁੰ ਕੋ ਸੀਤਲ ਕਰੇ ਆਪਹੁੰ ਸੀਤਲ ਹੋਏ॥
ਪਹਿਲਾਂ ਪਹਿਲ ਮੈਨੂੰ ਅੰਕਲ ਦਾ ਇਸ ਤਰ੍ਹਾਂ ਬੈਠਣਾ ਚੰਗਾ ਨਹੀਂ ਸੀ ਲੱਗਦਾ। ਮੇਰੇ ਮਨ ਵਿਚ ਕਈ ਪੁੱਠੇ-ਸਿੱਧੇ ਸਵਾਲ ਪੈਦਾ ਹੁੰਦੇ ਰਹਿੰਦੇ ਸਨ, ਪਰ ਅੰਕਲ ਦੇ ਦਰਦ ਦੀ ਚੀਸ ਸੁਣ ਮੇਰੇ ਅੰਦਰ ਵੀ ਕਸਕ ਜਾਗ ਪਈ। ਦਿਲ ਨੂੰ ਝੰਜੋੜਨ ਵਾਲੀ ਇਸ ਵਿਥਿਆ ਨੇ ਮੈਨੂੰ ਵੀ ਆਪਣੇ ਘਰ ਅੰਦਰ ਝਾਕਣ ਦਾ ਸੁਨੇਹਾ ਦਿੱਤਾ।