ਕਿਰਿਆਵੀ ਕਿਰਨਾਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਤਲਖ ਹਕੀਕਤ ਬਿਆਨ ਕੀਤੀ ਸੀ ਕਿ ਜ਼ਿੰਦਗੀ ਦੇ ਰੰਗਾਂ ਨੂੰ ਹੰਢਾਉਂਦਿਆਂ ਅਤੇ ਤ੍ਰਾਸਦੀਆਂ, ਤਕਲੀਫਾਂ ਤੇ ਤੰਗੀਆਂ ਤੁਰਸ਼ੀਆਂ ਨੂੰ ਪਿੰਡੇ ‘ਤੇ ਹੰਢਾ ਕੇ ਜੋ ਗਿਆਨ ਹਾਸਲ ਹੁੰਦਾ, ਉਹ ਵਰਕਿਆਂ ਵਿਚੋਂ ਨਹੀਂ ਮਿਲਦਾ। ਨਾਲ ਹੀ ਉਨ੍ਹਾਂ ਨਸੀਹਤ ਕੀਤੀ ਸੀ,

“ਗਿਆਨ, ਜੋ ਕਿਸੇ ਦੇ ਤਜਰਬੇ ਤੋਂ ਮਿਲਦਾ ਹੋਵੇ ਅਤੇ ਉਹ ਤੁਹਾਡੇ ਲਈ ਸਾਰਥਕ ਸਿੱਧ ਹੁੰਦਾ ਹੋਵੇ, ਉਸ ਨੂੰ ਗ੍ਰਹਿਣ ਕਰਨ ਵਿਚ ਕੋਈ ਹਰਜ਼ ਨਹੀਂ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਿਰਿਆਵਾਂ ਦੀਆਂ ਕਿਰਨਾਂ ਬਿਖੇਰਦਿਆਂ ਵਿਚਾਰਾਂ ਦੀ ਸਾਂਝ ਪਾਈ ਹੈ ਕਿ ਕਿਰਿਆ ਤੋਂ ਪਤਾ ਲਗਦਾ ਕਿ ਕਹਿਣੀ ਤੇ ਕਰਨੀ ਵਿਚ ਕੀ ਅੰਤਰ ਹੈ ਅਤੇ ਇਸ ਨੂੰ ਮਿਟਾਉਣ ਲਈ ਕਿਹੜੇ ਉਚੇਚ ਕਰਨੇ ਚਾਹੀਦੇ? ਉਹ ਕਹਿੰਦੇ ਹਨ, “ਸਭ ਤੋਂ ਉਤਮ ਕਿਰਿਆ ਹੈ-ਖੁਦ ਨੂੰ ਜਗਾਉਣਾ, ਅੰਤਰੀਵ ‘ਚ ਝਾਤ ਪਾਉਣਾ, ਇਸ ‘ਤੇ ਜੰਮੀ ਹੋਈ ਮੈਲ ਨੂੰ ਲਾਹੁਣਾ, ਆਪਣੀਆਂ ਨਾਕਾਮੀਆਂ, ਕਮੀਆਂ, ਕੁਤਾਹੀਆਂ ਜਾਂ ਕਮੀਨਗੀਆਂ ਨੂੰ ਪਛਾਣਨਾ ਅਤੇ ਇਨ੍ਹਾਂ ਨੂੰ ਦੂਰ ਕਰਕੇ ਪਰਮ ਮਨੁੱਖ ਬਣਨ ਦਾ ਸਫਰ ਜਾਰੀ ਰੱਖਣਾ।” ਡਾ. ਭੰਡਾਲ ਕਿਰਿਆਵਾਂ ਦੀਆਂ ਕਿਸਮਾਂ ਬਿਆਨਦੇ ਹਨ, “ਕੁਝ ਮਾਨਵੀ ਤੇ ਕੁਝ ਅਮਾਨਵੀ ਹੁੰਦੀਆਂ; ਕੁਝ ਦੀ ਤਾਸੀਰ ਫੁੱਲਾਂ ਜਿਹੀ ਤੇ ਕੁਝ ਕੰਡਿਆਂ ਦਾ ਤਾਜ; ਕੁਝ ਦੀਆਂ ਸੁਰਾਂ ਸੋਗਮਈ ਤੇ ਕੁਝ ਦੀਆਂ ਸੁਖਨਮਈ; ਕੁਝ ਜਿੰ.ਦਗੀ ਦਾ ਸੱਚ ਤੇ ਕੁਝ ਕੱਚ ਹੁੰਦੀਆਂ; ਕੁਝ ਸਰੂਪ ਤੇ ਕੁਝ ਕਰੂਪ ਹੁੰਦੀਆਂ; ਕੁਝ ਮੋਹਵੰਤੀਆਂ ਤੇ ਕੁਝ ਨਿਰਮੋਹੀਆਂ; ਕੁਝ ਵੱਗਦੇ ਦਰਿਆ ਜਿਹੀਆਂ ਤੇ ਕੁਝ ਉਗ ਰਹੇ ਬਰੇਤੇ ਜਿਹੀਆਂ ਹੁੰਦੀਆਂ ਅਤੇ ਕੁਝ ਕਿਰਤ-ਕਾਮਨਾ ਤੇ ਕੁਝ ਤਬਾਹੀ ਦਾ ਸਿਰਨਾਵਾਂ ਹੁੰਦੀਆਂ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਕਿਰਿਆ ਗਤੀਵਿਧੀ, ਕੁਝ ਕਰਨਾ, ਕਰਵਾਉਣਾ ਜਾਂ ਸਿਰਜਣ ਦਾ ਆਗਾਜ਼। ਕਿਰਿਆ ਦਿੱਸਦੀ ਤੇ ਅਦਿੱਖ ਵੀ ਅਤੇ ਅਚੇਤ ਵੀ ਤੇ ਸੁਚੇਤ ਵੀ। ਕਿਰਿਆਵਾਂ ਸਰੀਰਕ ਤੇ ਮਾਨਸਿਕ ਵੀ ਅਤੇ ਧਾਰਮਿਕ ਤੇ ਸਮਾਜਕ ਵੀ। ਖੁਦ ਨਾਲ ਵੀ ਜੁੜੀਆਂ ਹੁੰਦੀਆਂ ਅਤੇ ਸਮੂਹ ਦਾ ਹਿੱਸਾ ਵੀ।
ਕਿਰਿਆਵਾਂ ਦਾ ਅੰਬਰ ਵੀ ਤੇ ਪਾਤਾਲ ਵੀ, ਅਰੰਭ ਵੀ ਤੇ ਸੰਪੂਰਨਤਾ ਵੀ, ਨਿਰੰਤਰਤਾ ਵੀ ਤੇ ਖੜੋਤ ਵੀ ਅਤੇ ਬਦਲਦੀ ਰੰਗਤਾ ਵੀ ਤੇ ਇਕਸਾਰਤਾ ਵੀ। ਕਿਰਿਆ ਨੇ ਕਿਹੜੇ ਰੂਪ, ਕਿਸ ਸਮੇਂ ਅਤੇ ਕਿਸ ਰੰਗਤ ਵਿਚ ਖੁਦ ਨੂੰ ਪ੍ਰਗਟਾਉਣਾ, ਇਹ ਇਸ ‘ਤੇ ਨਿਰਭਰ ਕਰਦਾ ਕਿ ਕਿਰਿਆ ਦੀ ਤਹਿ ਵਿਚ ਕੀ ਛੁਪਿਆ?
ਕਿਰਿਆ ਤਾਂ ਜੀਵਨ ਦੀ ਭਟਕਣ, ਸਮਾਜਕ ਉਲਝਣਾਂ ਵਿਚ ਹੀ ਖੁਦ ਨੂੰ ਉਲਝਾਉਣਾ, ਖੁਦ ਤੋਂ ਖੁਦ ਤੀਕ ਦਾ ਸਫਰ ਜਾਂ ਅੰਤਰੀਵ ਯਾਤਰਾ ਬਣ ਕੇ ਜੀਵਨ ਨੂੰ ਨਿਰਧਾਰਤ ਕਰਨਾ। ਕਿਰਿਆ ਕੁਝ ਚੰਗੇਰਾ ਕਰ, ਸਮਾਜ ਦੇ ਮੁੱਖ ਦੀਆਂ ਕਰਮ-ਰੇਖਾਵਾਂ ਨੂੰ ਨਵੀਂ ਤਰਜ਼ੀਹ ਤੇ ਤਸ਼ਬੀਹ ਦੇ ਕੇ ਨਵੀਆਂ ਪ੍ਰਾਪਤੀਆਂ ਰਾਹੀਂ ਇਸ ਨੂੰ ਲਿਸ਼ਕਾਉਣ ਦਾ ਨਾਮ ਵੀ ਹੁੰਦੀ।
ਕਿਰਿਆ ਕਾਗਜ਼ ‘ਤੇ ਵੀ ਤੇ ਖੇਤ ਵਿਚ ਵੀ, ਕਲਮ ਦੀ ਤੇ ਹਲ ਦੀ ਵੀ, ਸੋਚ ‘ਚ ਵੀ ਤੇ ਮਨ ‘ਚ ਵੀ। ਕਈ ਵਾਰ ਕਿਰਿਆ ਇਕਹਿਰੀ ਹੁੰਦੀ ਪਰ ਕਈ ਵਾਰ ਇਹ ਕੁਝ ਕਿਰਿਆਵਾਂ ਦਾ ਸਮੂਹ ਹੁੰਦੀ।
ਮਨੁੱਖੀ ਕਿਰਿਆ ਵਿਚ ਸਰੀਰ ਦੇ ਹਰੇਕ ਅੰਗਾਂ ਦਾ ਵੱਖੋ-ਵੱਖਰੇ ਪੱਧਰ ਉਤੇ ਅਤੇ ਸਮੂਹ ਵਿਚ ਸ਼ਾਮਲ ਹੋਣਾ ਬਹੁਤ ਜਰੂਰੀ। ਇਸ ਲਈ ਕਿਸੇ ਵੀ ਕਿਰਿਆ ਨੂੰ ਸਮੂਹਿਕ ਰੂਪ ਵਿਚ ਸਮਝ ਕੇ ਹੀ ਇਸ ਦੇ ਸੁਗਮ ਸੰਦੇਸ਼ ਨੂੰ ਮਨੁੱਖਤਾ ਦੇ ਨਾਂਵੇਂ ਕੀਤਾ ਜਾ ਸਕਦਾ।
ਸਰੀਰਕ ਕਿਰਿਆਵਾਂ ਦੇ ਸਮੂਹਿਕ ਰੋਲ ਨੂੰ ਸਮਝਣ ਲਈ ਮਹਾਂਪੁਰਸ਼ ਵਲੋਂ ਸੁਣਾਈ ਕਹਾਣੀ ਬਹੁਤ ਕੁਝ ਸਪੱਸ਼ਟ ਕਰਦੀ ਹੈ। ਇਹ ਕਹਾਣੀ ਇਕ ਵਿਅਕਤੀ ਵਲੋਂ ਚੋਰੀ ਅੰਬ ਤੋੜ ਕੇ ਚੂਪਣ ਅਤੇ ਮਾਲਕ ਵਲੋਂ ਪਈ ਕੁੱਟ ਬਾਰੇ ਹੈ ਕਿ ਕਿਵੇਂ ਇਸ ਘਟਨਾਕ੍ਰਮ ਵਿਚ ਸਰੀਰ ਦੇ ਬਹੁਤ ਸਾਰੇ ਅੰਗਾਂ ਦੀ ਸ਼ਮੂਲੀਅਤ ਹੁੰਦੀ ਹੈ। ਬਾਗ ਵਿਚ ਪੱਕੇ ਹੋਏ ਅੰਬ ਨੂੰ ਅੱਖਾਂ ਨੇ ਦੇਖਿਆ, ਇਸ ਨੂੰ ਚੋਰੀ ਕਰਕੇ ਚੂਪਣ ਦਾ ਖਿਆਲ ਮਨ ਵਿਚ ਆਇਆ, ਅੰਬ ਨੂੰ ਹੱਥ ਨੇ ਤੋੜਿਆ, ਇਸ ਨੂੰ ਮੂੰਹ ਨੇ ਚੂਪਿਆ, ਇਸ ਦਾ ਸਵਾਦ ਜੀਭ ਨੇ ਚੱਖਿਆ, ਪੇਟ ਨੇ ਇਸ ਨੂੰ ਪਚਾਇਆ ਤੇ ਸਰੀਰ ਦੇ ਸਾਰੇ ਅੰਗਾਂ ਨੂੰ ਊਰਜਾ ਦਿਤੀ; ਪਰ ਚੋਰੀ ਕਾਰਨ ਕੁੱਟ ਦਾ ਦਰਦ ਪਿੰਡੇ ਨੂੰ ਸਹਿਣਾ ਪਿਆ। ਇਕ ਦੀ ਕੁਤਾਹੀ ਦਾ ਹਰਜ਼ਾਨਾ ਕਿਸੇ ਹੋਰ ਨੂੰ ਭਰਨਾ ਪਿਆ। ਇਸ ਤੋਂ ਬਚਣ ਦਾ ਇਕ ਹੀ ਸਾਧਨ ਹੈ ਕਿ ਅਸੀਂ ਸਰੀਰਕ ਅੰਗਾਂ ਦੀ ਸੁਚਾਰੂ ਉਪਯੋਗਤਾ ਤੇ ਸੁਹਿਰਦਤਾ ਨੂੰ ਜੀਵਨ-ਜਾਚ ਦਾ ਹਿੱਸਾ ਬਣਾਈਏ ਤਾਂ ਕਿ ਕਿਸੇ ਦੇ ਗੁਨਾਹਾਂ ਦੀ ਸਜ਼ਾ ਬੇਦੋਸ਼ੇ ਨੂੰ ਨਾ ਭੁਗਤਣੀ ਪਵੇ।
ਕਿਰਿਆ ਦੇ ਬਹੁਤ ਸਾਰੇ ਰੂਪ-ਰੰਗ, ਰੰਗਰੇਜ਼ਤਾ, ਰੂਹਦਾਰੀ ਅਤੇ ਰੂਹ-ਰਵਾਨਗੀ। ਇਸ ਦੀਆਂ ਪਰਤਾਂ ਵਿਚੋਂ ਬਹੁਤ ਕੁਝ ਉਦੈ ਹੁੰਦਾ, ਜਿਸ ਵਿਚੋਂ ਜੀਵਨ ਨੂੰ ਚਾਨਣ ਦੀ ਮਾਰਗ-ਦਰਸ਼ਕਤਾ ਬਖਸ਼ੀ ਜਾ ਸਕਦੀ।
ਕਿਰਿਆ ਤਾਂ ਉਦਾਸ ਹੋਣਾ, ਉਡੀਕ ਕਰਨਾ, ਉਮੀਦ ਰੱਖਣਾ, ਊਂਘਣਾ, ਉਡਾਣ ਭਰਨਾ, ਉਲੰਘਣਾ ਕਰਨੀ, ਉਜਾਗਰ ਹੋਣਾ, ਉਪਰਾਮ ਹੋਣਾ, ਉਤਪਾਦਨ ਕਰਨਾ, ਉਦਾਰੀਕਰਨ, ਉਦੈ ਹੋਣਾ ਆਦਿ ਜਿਨ੍ਹਾਂ ‘ਚੋਂ ਕੁਝ ਸਰਘੀ ਜਿਹੀਆਂ ਅਤੇ ਕੁਝ ਸ਼ਾਮਾਂ ਜਿਹੀਆਂ।
ਕਿਰਿਆ ਅਰੰਭ ਕਰਨਾ, ਅੰਗੜਾਈ ਲੈਣੀ, ਆਸਵੰਦ ਹੋਣਾ, ਅਰਦਾਸ ਕਰਨੀ, ਆਰਤੀ ਉਤਾਰਨਾ, ਅਵਾਰਾ ਹੋਣਾ, ਅਧੀਨਗੀ ਮੰਨਣਾ, ਅੱਖੜ ਹੋਣਾ, ਆਕੜ ਭੰਨਣੀ, ਅੱਥਰੂ ਕੇਰਨਾ, ਆਹਾਂ ਭਰਨਾ, ਅਲਵਿਦਾ ਹੋਣਾ, ਅੰਤਿਮ-ਯਾਤਰਾ ਆਦਿ ਵੀ ਹੁੰਦੀ, ਜਿਨ੍ਹਾਂ ‘ਚੋਂ ਕੁਝ ਦੀ ਤਾਸੀਰ ਫੁੱਲਾਂ ਜਿਹੀ ਅਤੇ ਕੁਝ ਕੰਡਿਆਂ ਦਾ ਤਾਜ।
ਕਿਰਿਆ ਈਰਖਾ ਕਰਨਾ, ਇੱਜਤ ਕਰਨੀ ਤੇ ਕਰਵਾਉਣੀ, ਇੰਦਰੀਆਂ ਦੀ ਆਵੇਗਤਾ, ਇੰਤਹਾ ਹੋਣੀ ਜਾਂ ਇੰਤਜ਼ਾਰ ਕਰਨਾ ਆਦਿ ਹੁੰਦੀ, ਜਿਨ੍ਹਾਂ ‘ਚੋਂ ਕੁਝ ਮੁਖੜੇ ਦੀ ਨੁਹਾਰ ਨੂੰ ਨਿਖਾਰਦੀਆਂ ਤੇ ਕੁਝ ਵਿਗਾੜਦੀਆਂ।
ਕਿਰਿਆ ਵਿਚ ਸਮਰਪਿੱਤ ਹੋਣਾ, ਸਾਥ ਮਾਣਨਾ, ਸੰਗਦਿਲ ਹੋਣਾ, ਸੱਧਰਾਉਣਾ, ਸੰਧੂਰ ਭਰਨਾ, ਸਾਂਝੇਦਾਰੀ, ਸਫਰ ਕਰਨਾ, ਸਰਪੱਟ ਦੌੜਨਾ, ਸੰਵੇਦਨਸ਼ੀਲ ਹੋਣਾ, ਸੁਪਨੇ ਲੈਣਾ, ਸੰਪੂਰਨ ਕਰਨਾ, ਸਫਲ ਹੋਣਾ, ਸੇਧ ਦੇਣਾ ਤੇ ਲੈਣਾ, ਸੰਦੇਸ਼ ਸੁਣਨਾ, ਸੰਗੀਤ ਸੁਣਨਾ ਤੇ ਪੈਦਾ ਕਰਨਾ, ਸੁਹਾਗਾ ਫੇਰਨਾ, ਸਾਹ-ਸੁਰੰਗੀ ਨੂੰ ਰਿਦਮ ਵਿਚ ਵਜਾਉਣਾ, ਸੋਗ ਮਨਾਉਣਾ, ਸਿਸਕੀ ਲੈਣਾ ਆਦਿ ਸ਼ਾਮਲ, ਜਿਨ੍ਹਾਂ ਵਿਚੋਂ ਕੁਝ ਦੀਆਂ ਸੁਰਾਂ ਸੋਗਮਈ ਅਤੇ ਕੁਝ ਦੀਆਂ ਸੁਖਨਮਈ।
ਕਿਰਿਆ ਕਦੇ ਹੱਸਣਾ, ਹਸਾਉਣਾ, ਹਜ਼ਮ ਕਰਨਾ, ਹਮਸਫਰ ਬਣਨਾ, ਹਸਾਸਮਈ ਹੋਣਾ, ਹਸਮੁਖਤਾ ਅਪਨਾਉਣਾ, ਹਾਜ਼ਰ-ਜਵਾਬੀ, ਹਰਦਿਲ-ਅਜ਼ੀਜੀ, ਹਮਜੋਲਤਾ ਹੰਢਾਉਣੀ, ਹਰਖਣਾ, ਹਿੰਝ ਵਹਾਉਣਾ, ਹੱਲ ਵਾਹੁਣਾ, ਹਾਅ ਭਰਨਾ, ਹਿੱਚਕੀਆਂ ਲੈਣਾ, ਹਾੜੇ ਕੱਢਣੇ ਆਦਿ ਹੁੰਦੀ, ਜਿਨ੍ਹਾਂ ‘ਚੋਂ ਕੁਝ ਜੀਵਨ ਦਾ ਸੱਚ ਤੇ ਕੁਝ ਕੂੜ ਹੁੰਦੀਆਂ।
ਕਿਰਿਆ ਜਦ ਕਿਰਤ-ਸਾਧਨਾ, ਕਮਾਈ ਕਰਨਾ, ਕਲਮ-ਕੀਰਤੀ ਕਮਾਉਣਾ, ਕੂਕ ਮਾਰਨੀ, ਕਹਿਕਹੇ ਮਾਰਨਾ, ਕਹਿਣਾ ਅਤੇ ਕਹਾਉਣਾ, ਕਾਮ-ਕੀਰਤੀ, ਕਲਯੁੱਗੀ ਵਰਤਾਰਾ, ਕਲਾ-ਨਿਕਾਸ਼ੀ ਕਰਨਾ, ਕਰਮਯੋਗ ਕਮਾਉਣਾ, ਕੂੜ ਦਾ ਵਪਾਰ ਕਰਨਾ, ਕਮੀਨਗੀ ਦਿਖਾਉਣਾ ਆਦਿ ਦਾ ਰੂਪ ਵਟਾਉਂਦੀ ਤਾਂ ਕੁਝ ਸੁਰਖ ਰੰਗੀਆਂ ਅਤੇ ਕੁਝ ਪਲਿੱਤਣਾਂ ਮਾਰੀਆਂ।
ਕਿਰਿਆ ਤਾਂ ਖੁਸ਼ ਹੋਣਾ, ਖੁਸ਼ਨਸੀਬੀ, ਖੁਸ਼ਖਤ ਲਿਖਣਾ, ਖੁਸ਼ਫਹਿਮੀ ਪੈਦਾ ਹੋਣੀ, ਖਬਤੀ ਹੋਣਾ, ਖੁਆਬ ਲੈਣਾ, ਖਲਜਗਣਾਂ ਵਿਚ ਰੁੱਝੇ ਰਹਿਣਾ, ਖਰਮਸਤੀਆਂ ਕਰਨਾ, ਖੜੇ ਹੋਣਾ, ਖੋਹਣਾ, ਖੋਹ-ਖਿੰਝ ਕਰਨੀ, ਖਰੂਦ ਕਰਨਾ, ਖੇਡਣਾ, ਖਲਬਲੀ ਫੈਲਾਉਣਾ, ਖਲਲ ਪੈਦਾ ਕਰਨਾ ਆਦਿ ਵੀ ਹੁੰਦੀਆਂ। ਇਨ੍ਹਾਂ ਵਿਚੋਂ ਕੁਝ ਮਨਭਾਉਂਦੀਆਂ ਤੇ ਕੁਝ ਮਨ ਨੂੰ ਚੁੱਭਦੀਆਂ।
ਕਿਰਿਆ ਤਾਂ ਗਾਉਣਾ, ਗਾਹੁਣਾ, ਗਵਾਉਣਾ, ਗੱਦਾਰੀ ਕਰਨਾ, ਗਵਾਹੀ ਦੇਣਾ, ਗਲਵੱਕੜੀ ਪਾਉਣਾ, ਗਲਤੀ ਕਰਨਾ, ਗਰੂਰ ਕਰਨਾ, ਗੁਰੂ-ਧਾਰਨਾ, ਗੱਲਬਾਤ ਕਰਨੀ, ਗਾਲ੍ਹਾਂ ਕੱਢਣਾ, ਗੁਸਤਾਖੀ ਕਰਨਾ, ਗਮ ਹੰਢਾਉਣਾ, ਗਮਗੀਨ ਹੋਣਾ, ਗੁੰਮਸੁੰਮ ਹੋਣਾ ਵੀ ਹੁੰਦੀ, ਜਿਨ੍ਹਾਂ ‘ਚੋਂ ਕੁਝ ਜੋ ਮਨੁੱਖੀ ਬਿੰਬ ਨੂੰ ਪ੍ਰਕਾਸ਼ਮਾਨ ਕਰਦੀਆਂ ਅਤੇ ਕੁਝ ਧੁੰਦਲਾਉਂਦੀਆਂ।
ਕਿਰਿਆ ਤਾਂ ਘਰ ਬਣਾਉਣਾ, ਘਰਕਣਾ, ਘਿਰ ਜਾਣਾ, ਘੁਰਾੜੇ ਮਾਰਨਾ, ਘੁੰਢ ਚੁਕਾਈ, ਘੇਰਾਬੰਦੀ ਕਰਨੀ, ਘਾਟ-ਘਾਟ ਦਾ ਪਾਣੀ ਪੀਣਾ, ਘੁੰਡੀ ਖੋਲ੍ਹਣਾ, ਘਟਨਾਵਾਂ ਦਾ ਵਾਪਰਨਾ, ਘੁੰਮਣਘੇਰੀਆਂ, ਘਟਾਵਾਂ ਦਾ ਚੜ੍ਹ ਆਉਣਾ, ਘਬਰਾਉਣਾ, ਘੁਟਣ ਮਹਿਸੂਸ ਕਰਨਾ, ਘੋਰੜੂ ਵੱਜਣਾ ਵੀ ਹੁੰਦੀ, ਜਿਨ੍ਹਾਂ ‘ਚੋਂ ਕੁਝ ਜਿੰ.ਦਗੀ ਦਾ ਸੱਚ ਤੇ ਕੁਝ ਕੱਚ ਹੁੰਦੀਆਂ।
ਕਿਰਿਆ ਵਿਚ ਤਾਂ ਚਹਿਕਣਾ, ਚੋਹਲ-ਮੋਹਲ ਕਰਨਾ, ਚਾਅ ਮਨਾਉਣਾ, ਚੋਗ ਪਾਉਣਾ, ਚਿੱੜਗਿੱਲੀ ਪਾਉਣਾ, ਚਮਚਾਗੀਰੀ ਕਰਨਾ, ਚਾਪਲੂਸ ਬਣਨਾ, ਚੰਨ-ਚੰਦੋਆ ਤਣਨਾ, ਚਿੜੀਆਂ ਦੇ ਚੰਬੇ ਦਾ ਉਡਣਾ, ਚਾਨਣ ਦਾ ਛਿੜਕਾਅ, ਚਮਕਾਉਣਾ, ਚੁੰਧਿਆਉਣਾ ਸ਼ਾਮਲ, ਜਿਨ੍ਹਾਂ ਵਿਚੋਂ ਕੁਝ ਜੀਵਨ ਦੀਆਂ ਸੂਖਮ-ਪਰਤਾਂ ਅਤੇ ਕੁਝ ਕੱਚ-ਘੜਤਾਂ ਹੁੰਦੀਆਂ।
ਕਿਰਿਆ ਤਾਂ ਛਿੱਲਣਾ, ਛੇਕ ਕਰਨਾ, ਛਿੱਜ ਜਾਣਾ, ਛਿੱਲਤਰਾਂ ਲਾਹੁਣਾ, ਛੱਲ ਕਰਨਾ, ਛਾਂ ਕਰਨਾ ਤੇ ਛਾਂ ਬਣਨਾ, ਛਣਕਣਾ ਛਣਕਾਉਣਾ, ਛਮ ਛਮ ਰੋਣਾ, ਛਹਿ ਜਾਣਾ, ਛਾਂਗਣਾ, ਛੋਹ ਦਾ ਮਾਣਨਾ, ਛਿਛਕਾਰਨਾ ਆਦਿ ਵੀ, ਜਿਨ੍ਹਾਂ ‘ਚੋਂ ਕੁਝ ਜੀਵਨ ਝੀਤਾਂ ਤੇ ਕੁਝ ਰੌਸ਼ਨਦਾਨ ਹੁੰਦੀਆਂ।
ਕਿਰਿਆ ਤਾਂ ਜਾਗਣਾ ਤੇ ਜਗਾਉਣਾ, ਜੱਫੀ ਪਾਉਣਾ, ਜਾਗਰੂਕ ਹੋਣਾ, ਜਹਿਨੀਅਤ ਦਾ ਮਰਨਾ, ਜੋਤ ਜਗਾਉਣਾ, ਜੰਜ਼ੀਰਾਂ ਵਿਚ ਜਕੜਨਾ, ਜਨੂਨੀ ਹੋਣਾ, ਜਜ਼ਬਾਤੀ ਹੋਣਾ, ਜਕੜੇ ਜਾਣਾ, ਜ਼ਮੀਰ ਦਾ ਮਰ ਜਾਣਾ, ਜਿਸਮਾਨੀ ਦੂਰੀਆਂ ਹੋਣਾ, ਜਾਗ ਲਾਉਣਾ ਤੇ ਜਾਗ ਬਣਨਾ ਵੀ ਹੁੰਦੀ, ਜਿਸ ਵਿਚੋਂ ਕੁਝ ਰਾਸਲੀਲਾ ਤੇ ਕੁਝ ਰਾਮਲੀਲਾ ਹੁੰਦੀਆਂ।
ਕਿਰਿਆ ਨੂੰ ਤਾਂ ਝੰਬਣਾ, ਝੰਜੋੜਨਾ, ਝਰਨਾਹਟ ਪੈਦਾ ਕਰਨੀ, ਝੱਲ ਪਾਉਣਾ ਜਾਂ ਝੱਲ ਖਿਲਾਰਨਾ, ਝੱਲਾ ਹੋਣਾ, ਝਾਂਜਰ ਛਣਕਾਉਣਾ, ਝੋਰਾ ਕਰਨਾ, ਝਗੜਨਾ, ਝੱਜੂ ਪਾਉਣਾ ਅਤੇ ਝੁੱਡੂ ਬਣਨਾ ਵੀ ਹੋ ਸਕਦਾ, ਜਿਨ੍ਹਾਂ ‘ਚੋਂ ਕੁਝ ਸਰੂਪ ਤੇ ਕੁਝ ਕਰੂਪ ਹੁੰਦੀਆਂ।
ਕਿਰਿਆ ਨੂੰ ਤਾਂ ਕਈ ਵਿਅਕਤੀ ਟਹਿਲਣਾ, ਟਹਿਕਣਾ, ਟੰਗਣਾ, ਟੁੰਬਣਾ, ਟਿਮਕਣਾ, ਟੌਹਰ ਕੱਢਣਾ, ਟੀਰ ਮਾਰਨਾ, ਟੰਗ ਅੜਾਉਣਾ, ਟੇਢੀ ਤਕਦੀਰ ਬਣਨਾ, ਟੋਲਣਾ ਆਦਿ ਵਿਚੋਂ ਜੀਵਨ ਦੇ ਪੜਾਅ ਚਿੱਤਵਦੇ ਤਾਂ ਕੁਝ ਸਵੇਰ ਜਿਹੇ ਤੇ ਕੁਝ ਹਨੇਰ ਜਿਹੇ ਹੁੰਦੇ।
ਕਿਰਿਆ ਤਾਂ ਠੁੱਠ ਮਾਰਨਾ, ਠੁੱਡ ਦਿਖਾਉਣਾ, ਠੇਂਗਾ ਮਾਰਨਾ, ਠੱਗੀ ਮਾਰਨਾ, ਠੰਢੇ-ਤੱਤੇ ਹੋਣਾ, ਠਹਿਰਨਾ, ਠੁੰਮਣਾ ਦੇਣਾ, ਠਰੰਮਾ ਦਿਖਾਉਣਾ, ਠਿੱਬੀ ਲਾਉਣਾ ਆਦਿ ਵੀ ਹੁੰਦੀ, ਜਿਨ੍ਹਾਂ ‘ਚੋਂ ਕੁਝ ਜਖਮ ਤੇ ਕੁਝ ਮਰਹਮ ਹੁੰਦੀਆਂ।
ਕਿਰਿਆ ਡੁੱਬਣਾ ਤੇ ਡੁੱਬਾਉਣਾ, ਡੋਬੂ ਪੈਣਾ, ਡੁਗਡੁਗੀ ਵਜਾਉਣਾ, ਡਰਨਾ ਤੇ ਡਰਾਉਣਾ, ਡਗਮਗਾਉਣਾ, ਡੰਗੋਰੀ ਬਣਨਾ, ਡਾਹ ਨਾ ਦੇਣਾ ਆਦਿ ਵੀ ਹੁੰਦੀਆਂ, ਜਿਨ੍ਹਾਂ ‘ਚੋਂ ਕੁਝ ਮਾਨਵੀ ਤੇ ਕੁਝ ਅਮਾਨਵੀ ਹੁੰਦੀਆਂ।
ਕਿਰਿਆ ਤਾਂ ਢੋਲ ਵਜਾਉਣਾ, ਢਿੰਬਰੀ ਟੈਟ ਕਰਨਾ, ਢਕਵੰਜੀ ਹੋਣਾ, ਢਾਕ ‘ਤੇ ਹੱਥ ਰੱਖਣਾ, ਢਕਣਾ, ਢੰਡੋਰਾ ਪਿੱਟਣਾ, ਢੱਡ ਵਜਾਉਣਾ ਆਦਿ ਵੀ ਹੁੰਦੀ, ਜਿਨ੍ਹਾਂ ‘ਚੋਂ ਕੁਝ ਨੀਰਸਮਈ ਤੇ ਕੁਝ ਸੀਰਤਗਾਮੀ ਹੁੰਦੀਆਂ।
ਕਿਰਿਆ ਤਾਂ ਤਾਂਘ ਕਰਨੀ, ਤਿਆਰ ਹੋਣਾ, ਤੰਗਦਿਲ ਹੋਣਾ, ਤੰਦਰੁਸਤੀ ਮਾਣਨਾ, ਤਾਜ਼ਗੀ ਦੀ ਛੋਹ ਮਾਣਨਾ, ਤਮੰਨਾਵਾਂ ਦਾ ਉਗਣਾ, ਤਹਿਆਂ ਦਾ ਖੁਲ੍ਹਣਾ, ਤਾਮੀਰਦਾਰੀ ਕਰਨਾ, ਤਾਰੀਫ ਕਰਨਾ, ਤਕਦੀਰ ਬਣਾਉਣਾ, ਤਸ਼ਬੀਹ ਬਣਨਾ, ਤਰਜ਼ੀਹ ਬਣਾਉਣਾ, ਤਦਬੀਰਾਂ ਸਿਰਜਣਾ, ਤਾਸੀਰ ਹੋਣਾ, ਤੁਰਨਾ ਤੇ ਤੁਰਾਉਣਾ, ਤੈਰਨਾ ਤੇ ਤਰਾਉਣਾ, ਤਰੰਗਾਂ ਪੈਦਾ ਕਰਨਾ, ਤੇਲ ਚੋਣਾ, ਤਵਾਰੀਖ ਦੀ ਤਾਮੀਰਦਾਰੀ, ਤੰਗੀਆਂ ਦੀ ਦਾਸਤਾਨ ਸੁਣਨਾ ਤੇ ਸੁਣਾਉਣਾ, ਤਹੁਮਤ ਲਾਉਣਾ, ਤੜਫਣਾ, ਤਨਹਾਈ ਹੰਢਾਉਣਾ ਆਦਿ ਵੀ ਹੁੰਦੀ, ਜਿਨ੍ਹਾਂ ‘ਚੋਂ ਕੁਝ ਮੋਹਵੰਤੀਆਂ ਅਤੇ ਕੁਝ ਨਿਰਮੋਹੀਆਂ।
ਕਿਰਿਆ ਤਾਂ ਥਿੜਕਣਾ, ਥਿੜਕਾਉਣਾ, ਥਰਕਣਾ, ਥਰਕਾਉਣਾ, ਥੱਕ ਜਾਣਾ, ਥਰਥਰਾਹਟ ਪੈਦਾ ਕਰਨਾ, ਥੰਮਣਾ, ਥਪਕੀ ਦੇਣਾ, ਥੰਮ ਜਾਣਾ, ਥੋੜ੍ਹਦਿਲ ਹੋਣਾ ਆਦਿ ਵੀ ਹੁੰਦੀ, ਜਿਸ ਵਿਚੋਂ ਕੁਝ ਵੱਗਦੇ ਦਰਿਆ ਜਿਹੀਆਂ ਅਤੇ ਕੁਝ ਉਗ ਰਹੇ ਬਰੇਤੇ ਜਿਹੀਆਂ ਹੁੰਦੀਆਂ।
ਕਿਰਿਆ ਤਾਂ ਦਿਲ-ਲਗੀ ਕਰਨਾ, ਦਰਿਆ-ਦਿਲ ਹੋਣਾ, ਦੀਦਿਆਂ ਵਿਚ ਉਤਰਨਾ, ਦ੍ਰਿਸ਼ਟੀਕੋਣ ਬਣਾਉਣਾ, ਦਿੱਬ-ਦ੍ਰਿਸ਼ਟੀ ਦਾ ਪ੍ਰਗਟਾਅ, ਦਮ ਭਰਨਾ, ਦਨਦਨਾਉਣਾ, ਦਬਕਾਉਣਾ, ਦਬਾਉਣ, ਦੱਬ ਜਾਣਾ, ਦਗਾ ਕਮਾਉਣਾ, ਦੁੱਖ ਦੇਣਾ, ਦੁੱਖੀ ਹੋਣਾ, ਦਰਦਮੰਦ ਹੋਣਾ, ਦਰਦ ਵੰਡਾਉਣਾ ਆਦਿ ਵੀ ਹੁੰਦਾ, ਜਿਨ੍ਹਾਂ ਵਿਚੋਂ ਕੁਝ ਦਿਲ ਵਿਚਲੀ ਖਲਬਲੀ ਅਤੇ ਕੁਝ ਸਹਿਜ-ਸਰੂਪ ਬਣਦੀਆਂ।
ਕਿਰਿਆ ਤਾਂ ਧੰਨਭਾਗੀ ਹੋਣਾ, ਧਰਮੀ ਹੋਣਾ, ਧਰੂ ਤਾਰਾ ਬਣਨਾ, ਧਰਾਤਲ ਬਣਨਾ, ਧਮਕਾਉਣਾ, ਧੱਕਾ ਕਰਨਾ, ਧੱਕੇ ਚੜ੍ਹਨਾ ਆਦਿ ਵੀ ਹੁੰਦੀ, ਜਿਨ੍ਹਾਂ ‘ਚੋਂ ਕੁਝ ਮਨ ਦੀ ਪਕਿਆਈ ਤੇ ਕੁਝ ਮਨ ਦੀ ਕਚਿਆਈ ਹੁੰਦੀਆਂ।
ਕਿਰਿਆ ਹੁੰਦੀ ਏ ਨਰਮਾਈ, ਨਿਆਰਾਪਣ, ਨਿਮਰ ਹੋਣਾ, ਨਿਮਾਣਾ ਬਣਨਾ, ਨਦੀ ਬਣਨਾ, ਨਿਸ਼ਾਨਦੇਹੀ ਕਰਨੀ, ਨਾਮਕਰਨ ਕਰਨਾ, ਨਵੀਨੀਕਰਨ, ਨਿਗਰ ਹੋਣਾ, ਨਦੀ ਦਾ ਵਹਾਅ, ਨਿਹੁੰ ਲਾਉਣਾ, ਨਿਹਾਰਨਾ, ਨਾਰਾਜ਼ ਹੋਣਾ, ਨਿਰਾਸ਼ ਹੋਣਾ, ਨਕਾਰਨਾ, ਨਕਾਰਾਤਮਕਤਾ ਪੈਦਾ ਹੋਣਾ ਆਦਿ, ਪਰ ਇਨ੍ਹਾਂ ਵਿਚੋਂ ਕੁਝ ਸੁਚੱਜੀਆਂ ਅਤੇ ਕੁਝ ਕੁ ਕੁਚੱਜੀਆਂ।
ਕਿਰਿਆ ਤਾਂ ਪਹਿਨਣਾ, ਪੀਣਾ, ਪੈਗੰਬਰ ਬਣਨਾ, ਪਾਕ ਹੋਣਾ, ਪੈਰਵੀ ਕਰਨਾ, ਪੈੜ ਬਣਨਾ, ਪੀਂਘ ਝੁਟਾਉਣਾ/ਝੂਟਣੀ, ਪਹਿਰਾ ਲਾਉਣਾ, ਪਹਿਰ ਬਣਨਾ, ਪਗਡੰਡੀਆਂ ਦੀ ਸਿਰਜਣਾ, ਪਰਿਕਰਮਾ ਕਰਨਾ, ਪੈਰਾਂ ਨੂੰ ਹੱਥ ਲਾਉਣਾ, ਪੈਰ ਪਕੜਨਾ, ਪੈਰਾਂ ਦੀ ਧੂੜ ਬਣਨਾ, ਪਹਿਆਂ ‘ਚੋਂ ਘੱਟਾ ਉਡਾਉਣਾ, ਪਵਿੱਤਰਤਾ ਨੂੰ ਪਾਉਣਾ, ਪਿਆਰ ਕਰਨਾ, ਪਿਆਰ ਪਾਉਣਾ, ਪੁਚਕਾਰਨਾ, ਪਸੀਜਣਾ, ਪਾਲੀਤ ਹੋਣਾ, ਪਾਖੰਡ ਕਰਨਾ, ਪਾਜ਼ ਖੋਲ੍ਹਣਾ ਆਦਿ ਵੀ ਹੁੰਦੀਆਂ ਜਿਨ੍ਹਾਂ ‘ਚੋਂ ਕੁਝ ਹੁਲਾਸ ਅਤੇ ਕੁਝ ਉਦਾਸੀ ਉਤਪੰਨ ਕਰਦੀਆਂ।
ਕਿਰਿਆ ਤਾਂ ਫੁੱਟਣਾ, ਫਟਕਾਰ ਲਾਉਣਾ, ਫੈਲਰਨਾ, ਫਹੇ ਧਰਨਾ, ਫੁਰਨਾ, ਫਸੀਲ ‘ਤੇ ਤਿਲਕਣਾ, ਫੁੱਲਕਾਰੀ ਕੱਢਣਾ, ਫਰਮਾਬਰਦਾਰੀ ਕਰਨਾ, ਫਰਮਾਇਸ਼ ਕਰਨੀ, ਫਰਮਾਉਣਾ, ਫਰਾਖਦਿਲ ਹੋਣਾ, ਫਕੀਰੀ ਮੱਲਣੀ, ਫਰਕ ਮਿਟਾਉਣਾ/ਪਾਉਣਾ, ਫੁੱਟ ਪਾਉਣਾ, ਫਨਾਹ ਹੋਣਾ ਆਦਿ ਵੀ ਹੁੰਦੀ, ਜਿਨ੍ਹਾਂ ‘ਚੋਂ ਕੁਝ ਕੀਰਤੀ ਅਤੇ ਕੁਝ ਕੁਤਾਹੀ ਹੁੰਦੀਆਂ।
ਕਿਰਿਆ ਤਾਂ ਬੰਦਾ ਬਣਨਾ, ਬੰਦਗੀ ਕਰਨਾ, ਬੰਦਿਆਈ ਦਾ ਰੂਪ ਹੋਣਾ, ਬੁਲੰਦੀਆਂ ਨੂੰ ਪਾਉਣਾ, ਬਗਲਗੀਰ ਹੋਣਾ, ਬਾਂਹ ਫੜਨੀ, ਬੇਨਿਆਜ਼ ਹੋਣਾ, ਬਹੁਤਾਤ ਹੋਣੀ, ਬੋਲਣਾ, ਬੁਲਾਉਣਾ, ਬੰਦ-ਬੂਹੇ ‘ਤੇ ਦਸਤਕ ਦੇਣਾ, ਬਹਾਰ ਦੀ ਆਮਦ, ਬੇਗਾਨਾ ਹੋਣਾ, ਬੜਬੋਲਾ ਹੋਣਾ, ਬੇ-ਤਰਤੀਬ ਹੋਣਾ ਆਦਿ ਵੀ ਹੁੰਦੀ, ਜਿਨ੍ਹਾਂ ਵਿਚੋਂ ਕੁਝ ਕਿਰਿਆਵਾਂ ਮਹਿਕੀਲੀਆਂ ਤੇ ਕੁਝ ਮਹਿਕ ਵਿਹੂਣੀਆਂ ਹੁੰਦੀਆਂ।
ਕਿਰਿਆ ਤਾਂ ਭਗਤੀ ਕਰਨਾ, ਭਲਿਆਈ ਕਰਨਾ, ਭੁੱਲਣਾ, ਭੁਲਾਉਣਾ, ਭੱਲ-ਮਾਰਨੀ, ਭਾਵਾਂ ਨੂੰ ਪ੍ਰਗਟਾਉਣਾ, ਭਰਤੀ ਹੋਣਾ, ਭਗਵਾਨ ਬਣਾਉਣਾ ਤੇ ਬਣਨਾ, ਭਰਾ ਬਣਨਾ, ਭਰਾਤਰੀ ਭਾਵ ਪੈਦਾ ਕਰਨਾ, ਭਗਵਾਂਕਰਨ, ਭੰਬਲਭੂਸਾ ਪੈਦਾ ਕਰਨਾ ਆਦਿ ਵੀ ਹੁੰਦੀ, ਜਿਨ੍ਹਾਂ ‘ਚੋਂ ਕੁਝ ਮਾਨਸਿਕ ਉਲਝਣਾ ਅਤੇ ਕੁਝ ਸੁੱਲਝਣਾ ਬਣਦੀਆਂ।
ਕਿਰਿਆ ਤਾਂ ਮਿਹਰ ਕਰਨਾ, ਮੰਗਣਾ, ਮੰਗਾਉਣਾ, ਮੋਹ ਕਰਨਾ, ਮਮਤਾ ਪ੍ਰਗਟਾਉਣਾ, ਮੁਰਾਦ ਮੰਗਣਾ, ਮੰਨਤਾਂ ਮੰਗਣਾ, ਮੰਗਣੀ ਹੋਣਾ, ਮਹਿੰਦੀ ਲਾਉਣਾ, ਮਾਂ ਬਣਨਾ, ਮਿਹਨਤ ਕਰਨਾ ਅਤੇ ਮਿਹਨਤਾਨਾ ਮੰਗਣਾ, ਮਿਰਗ-ਨੈਣੀਂ ਦਾ ਮਟਕਾਉਣਾ, ਮਾਂਗਵੀ ਧਾੜ ਦਾ ਹਮਲਾ, ਮੰਨਣਾ ਤੇ ਮਨਾਉਣਾ, ਮਾਤਹਿਤ ਹੋਣਾ, ਮਰਦ ਬਣਨਾ, ਮਾਣ ਬਣਨਾ ਤੇ ਮਾਣ ਬਣਾਉਣਾ, ਮਨ ਫਰੋਲਣਾ, ਮਰਹਮ ਲਾਉਣਾ, ਮਰਸੀਆ ਪੜ੍ਹਨਾ, ਮਾਤਮ ਮਨਾਉਣਾ ਆਦਿ ਵੀ ਹੁੰਦੀ, ਜਿਨ੍ਹਾਂ ਕੁਝ ਜੀਵਨੀ ਇਨਾਇਤ ਤੇ ਕੁਝ ਜੀਵਨ ਲਈ ਸਰਾਪ ਹੁੰਦੀਆਂ। ਕਿਰਿਆ ਤਾਂ ਯਾਰੀ ਲਾਉਣਾ, ਯਾਰੀ ਨਿਭਾਉਣਾ, ਯੱਬਲੀਆਂ ਮਾਰਨਾ, ਯਕੀਨ ਕਰਨਾ ਆਦਿ ਵੀ, ਜਿਨ੍ਹਾਂ ਵਿਚੋਂ ਕੁਝ ਕਾਰਗਰ ਅਤੇ ਕੁਝ ਨਿਕੰਮੀਆਂ ਹੁੰਦੀਆਂ।
ਕਿਰਿਆ ਤਾਂ ਰੱਖੜੀ ਬੰਨਣਾ, ਰਾਖੀ ਕਰਨਾ, ਰੋਲਣਾ, ਰਿਆੜ ਕਰਨਾ, ਰੰਗਣਾ, ਰੰਗੇ ਜਾਣਾ, ਰੂਹ-ਰੇਜ਼ਤਾ, ਰੂਹਦਾਰੀ, ਰੰਗ-ਰੇਜ਼ਤਾ, ਰਾਗ ਗਾਉਣਾ, ਰਾਗਣੀ ਬਣਨਾ, ਰਮਣਾ ਤੇ ਰਮਾਉਣਾ, ਰੁੱਸਣਾ, ਰੁਆਉਣਾ, ਰਾਜ਼ੀ ਹੋਣਾ, ਰਾਹ ਬਣਨਾ ਤੇ ਰਾਹ ਬਣਾਉਣੇ, ਰੰਦਿਆਂ ਨਾਲ ਰੰਦੇ ਜਾਣਾ, ਰੂਹ ‘ਚ ਉਤਰਨਾ, ਰੂਹ-ਰੌਸ਼ਨਦਾਨਾਂ ਨੂੰ ਖੋਲ੍ਹਣਾ, ਰਵਾਨਾ ਹੋਣਾ, ਰਮਤਾ ਜੋਗੀ ਬਣਨਾ ਆਦਿ ਹੁੰਦੀ, ਜਿਨ੍ਹਾਂ ‘ਚੋਂ ਕੁਝ ਅੰਤਰੀਵ ਯਾਤਰਾ ਦਾ ਆਗਾਜ਼ ਅਤੇ ਕੁਝ ਖੜੋਤ ਦਾ ਨਾਮ ਹੁੰਦੀਆਂ।
ਕਿਰਿਆ ਹੀ ਹੁੰਦੀ ਏ ਲਾਲਚੀ ਹੋਣਾ, ਲੋਭ ਕਰਨਾ, ਲਾਭ ਕਮਾਉਣਾ, ਲੋਹਾ-ਲਾਖਾ ਹੋਣਾ, ਲਹੂ ਵਿਚ ਹੱਥ ਰੰਗਣੇ, ਲਾਗ ਲੱਗਣੀ, ਲਾਗ ਲਾਉਣੀ, ਲਲਾਰੀ ਬਣਨਾ, ਲੋਅ ਬਣਨਾ, ਲੰਘ ਜਾਣਾ ਜਾਂ ਲੰਘਾਉਣਾ, ਲੰਗੜਾਉਣਾ, ਲੱਤ ਮਾਰਨੀ, ਲੱਤ ਅੜਾਉਣੀ, ਲੂਹਰੀਆਂ ਕੱਢਣਾ, ਲਹਿਰ-ਲਹਿਰ ਹੋਣਾ, ਲਹਿਰਾਂ-ਬਹਿਰਾਂ ਲੱਗਣੀਆਂ, ਜਿਨ੍ਹਾਂ ਵਿਚੋਂ ਕੁਝ ਕਿਰਤ-ਕਾਮਨਾ ਤੇ ਕੁਝ ਤਬਾਹੀ ਦਾ ਸਿਰਨਾਵਾਂ ਹੁੰਦੀਆਂ।
ਕਿਰਿਆ ਤਾਂ ਸ਼ਗਨ ਮਨਾਉਣਾ, ਸ਼ਹੁਰਤ ਕਮਾਉਣੀ, ਸ਼ਰਮੀਲਾ ਹੋਣਾ, ਸ਼ੁਗਲ ਕਰਨਾ, ਸ਼ਹਿਨਾਈ ਦਾ ਵੱਜਣਾ/ਵਜਾਉਣਾ, ਸ਼ਰਾਰਤ ਕਰਨੀ, ਸ਼ੱਕ ਪੈਦਾ ਹੋਣਾ, ਸ਼ੋਹਦਾ ਹੋਣਾ, ਸ਼ਰਮਸ਼ਾਰ ਹੋਣਾ ਆਦਿ ਵੀ ਹੁੰਦੀ, ਪਰ ਇਨ੍ਹਾਂ ਵਿਚੋਂ ਕੁਝ ਚੰਗੀਆਂ ਅਤੇ ਕੁਝ ਮਾੜੀਆਂ ਹੁੰਦੀਆਂ।
ਕਿਰਿਆ ਤਾਂ ਖੁੰਦਕ ਕੱਢਣੀ, ਖਾਰਸ਼ ਕਰਨਾ, ਖੰਘਣਾ, ਖੌਫਜ਼ਦਾ ਹੋਣਾ, ਖੁੰਖਾਰ ਹੋਣਾ, ਖੁਆਬ ਲੈਣਾ, ਖਬਤੀ ਹੋਣਾ ਆਦਿ ਵੀ ਤਾਂ ਹੁੰਦੀ, ਪਰ ਇਨ੍ਹਾਂ ‘ਚ ਕੁਝ ਚੜ੍ਹਦਾ ਸੂਰਜ ਅਤੇ ਕੁਝ ਢਲਦੇ ਪਰਛਾਵੇਂ ਹੁੰਦੀਆਂ।
ਕਿਰਿਆ ਤਾਂ ਫਕੀਰੀ ਮੱਲਣੀ, ਫਕੀਰੀ ਹੰਢਾਉਣੀ, ਫਰਾਖਦਿਲੀ ਦਿਖਾਉਣੀ ਅਤੇ ਫੱਕਰਤਾ ਮਾਣਨੀ ਵੀ ਹੁੰਦੀ, ਜਿਨ੍ਹਾਂ ‘ਚੋਂ ਕੁਝ ਸਰਘੀ ਦੀ ਝਰਦੀ ਲੋਅ ਤੇ ਕੁਝ ਡੁੱਬਦੀ ਸ਼ਾਮ ਦੀ ਪਲਿੱਤਣ ਵੀ ਹੁੰਦੀਆਂ।
ਕਿਰਿਆ ਜਦ ਕੀਰਤੀ, ਕਰਨੀ ਤੇ ਕਾਮਯਾਬੀ ਦੀ ਕਹਾਣੀ ਬਣ ਕੇ ਕੀਰਤੀਮਾਨ ਸਿਰਜਣ ਦਾ ਆਗਾਜ਼ ਕਰਦੀ ਤਾਂ ਕਿਰਿਆ ਨੂੰ ਨਮਸਕਾਰਨਾ ਬਣਦਾ।
ਕਿਰਿਆ ਕਰਮ, ਕਿੱਤਾ ਅਤੇ ਕਿਰਿਆਸ਼ੀਲਤਾ ਨੂੰ ਆਪਣੀ ਰੂਹ ਵਿਚ ਉਤਾਰਦੀ ਤਾਂ ਕਰਮੀ ਕਰਮਯੋਗੀ ਬਣਦਾ।
ਕਿਰਿਆ ਕਦੇ ਵੀ ਕਮੀਨਗੀ, ਕੁੜੱਤਣ, ਕੁਲਹਿਣੀ, ਕਾਲਖੀ ਜਾਂ ਕਮਜੋਰੀ ਨਾ ਬਣਾਓ, ਕਿਉਂਕਿ ਅਜਿਹੀ ਕਿਰਿਆ ਵਿਚ ਸੋਗੀ ਸੁਰ ਪਸਰਦੀ।
ਕਿਰਿਆ ਤਾਂ ਧਰਤੀ ਦਾ ਸੂਰਜ ਦੁਆਲੇ ਘੁੰਮਣਾ, ਦਿਨ ਰਾਤ ਦਾ ਗੇੜਾ, ਮੌਸਮਾਂ ਦੀ ਮਾਰਫਤ, ਪਤਝੜ ਤੇ ਬਹਾਰ ਦਾ ਆਉਣਾ-ਜਾਣਾ, ਬੀਜ ਦਾ ਪੁੰਗਰਨਾ, ਫੁੱਲਣਾ ਤੇ ਫਲਣਾ ਵੀ ਹੁੰਦਾ। ਸਮੁੱਚੀ ਕਾਇਨਾਤ ਇਕ ਸੰਪੂਰਨ ਕਿਰਿਆ ਵਿਚ ਬੱਝੀ, ਸਭ ਦੇ ਕਾਰਜ ਸੰਵਾਰਦੀ, ਮਨੁੱਖੀ ਸਦੀਵਤਾ ਦਾ ਪੈਗਾਮ।
ਕਿਰਿਆ ਵਿਚੋਂ ਮਨੁੱਖੀ ਅੰਤਰੀਵ ਦ੍ਰਿਸ਼ਟਮਾਨ ਹੁੰਦਾ ਅਤੇ ਇਸ ਦੇ ਬਹੁਤ ਅਰਥ ਪ੍ਰਗਟਦੇ। ਜਦ ਕਿਰਿਆ ਵਿਚੋਂ ਮਨੁੱਖ ਹੀ ਮਨਫੀ ਹੋ ਜਾਵੇ ਤਾਂ ਕਿਰਿਆ ਦੇ ਕੋਈ ਅਰਥ ਨਹੀਂ ਹੁੰਦੇ।
ਕਿਰਿਆ ਕਰਮ-ਰੇਖਾਵਾਂ, ਜੀਵਨ-ਸ਼ੈਲੀ ਦਾ ਆਧਾਰ, ਮਨੁੱਖੀ ਵਿਸਥਾਰ ਅਤੇ ਇਸ ਵਿਚੋਂ ਹੀ ਹੁੰਦਾ ਮਨੁੱਖ ਦੇ ਵਿਅਕਤੀਤਵ ਦਾ ਪਸਾਰ। ਕਿਰਿਆ ਤੋਂ ਪਤਾ ਲਗਦਾ ਕਿ ਕਹਿਣੀ ਅਤੇ ਕਰਨੀ ਵਿਚ ਕੀ ਅੰਤਰ ਏ ਅਤੇ ਇਸ ਨੂੰ ਮਿਟਾਉਣ ਲਈ ਕਿਹੜੇ ਉਚੇਚ ਕਰਨੇ ਚਾਹੀਦੇ?
ਕਿਰਿਆ ਸਕਾਰਤਮਕ ਹੋਵੇ ਤਾਂ ਇਹ ਜੀਵਨ ਦਾ ਮੂਲ-ਮੰਤਰ। ਇਸ ਵਿਚੋਂ ਮਨੁੱਖ ਦਾ ਇਨਸਾਨ ਹੋਣਾ ਨਿਸ਼ਚਿਤ ਅਤੇ ਮਾਨਵੀ ਅਰਾਧਨਾ, ਇਸ ਦਾ ਅਧਾਰ।
ਕਿਰਿਆ, ਜੋ ਖੁਸ਼ੀ, ਖੇੜਾ, ਖੁਸ਼ਹਾਲੀ ਅਤੇ ਖੁਆਬ ਲੈਣ ਦੀ ਤਮੰਨਾ ਬਣ ਜਾਵੇ, ਉਸ ਦੇ ਸਦਕੇ ਜਾਣ ਨੂੰ ਜੀਅ ਕਰਦਾ। ਅਜਿਹੀਆਂ ਕਿਰਿਆਵਾਂ ਹੀ ਕਰਮ-ਖੰਡ ਦਾ ਰੂਪ ਹੁੰਦੀਆਂ।
ਕਿਰਿਆ ਜਦ ਜੀਵਨ ਨੂੰ ਮੁਖਾਤਿਬ ਹੋਵੇ ਤਾਂ ਖੁਸ਼ਨਸੀਬੀ ਹਾਸਲ ਹੁੰਦੀ। ਕਿਰਿਆ ਵਿਚ ਆਤਮਿਕ ਖੇੜੇ ਦੀ ਪ੍ਰਮੁਖਤਾ ਹੋਣੀ ਚਾਹੀਦੀ। ਕਿਰਿਆ ਦੇ ਕਰਮ-ਫਲ ਦਾ ਹੱਕਦਾਰ ਵੀ ਕਿਰਤੀ ਹੀ ਹੁੰਦਾ।
ਕਿਰਿਆ ਅਤੇ ਇਸ ਦੀ ਪ੍ਰਕਿਰਿਆ ਵਿਚੋਂ ਉਭਰਨਾ, ਮਨੁੱਖ ਦਾ ਉਹ ਸ਼ਖਸੀ ਗੁਣ, ਜਿਸ ਤੋਂ ਉਸ ਦੀ ਜਿਸਮਾਨੀ/ਮਾਨਸਿਕ ਤਾਕਤ ਅਤੇ ਖੁਦ ‘ਤੇ ਭਰੋਸੇ ਦਾ ਅੰਦਾਜ਼ਾ ਲਾਇਆ ਜਾ ਸਕਦਾ। ਡਰ ਮਨੁੱਖ ਨੂੰ ਮਾਰਦਾ ਅਤੇ ਹੌਸਲੇ ਨਾਲ ਅੱਗੇ ਵੱਧਦੇ ਕਦਮ, ਡਰ ‘ਤੇ ਜਿੱਤ ਦਾ ਪ੍ਰਤੀਕ। ਕਈ ਵਾਰ ਅਸੀਂ ਕੁਝ ਕਰਨ ਤੋਂ ਇਸ ਲਈ ਡਰਦੇ ਕਿ ਇਸ ਨਾਲ ਸਾਡੀ ਹੋਂਦ ਹੀ ਖਤਮ ਹੋ ਜਾਣੀ ਏ, ਪਰ ਕਈ ਵਾਰ ਇਹ ਹਾਸਲਤਾ ਦਾ ਸਫਰ ਹੁੰਦਾ। ਪਹਾੜਾਂ ਤੋਂ ਅਰੰਭ ਕਰ ਅਤੇ ਮੈਦਾਨ ਗਾਹ ਕੇ ਸਮੁੰਦਰ ਵਿਚ ਲੀਨ ਹੋਣ ਵੇਲੇ ਦਰਿਆ ਦੇ ਮਨ ਵਿਚ ਇਕ ਡਰ ਹੁੰਦਾ ਕਿ ਉਸ ਦੀ ਹਸਤੀ ਮਿੱਟ ਜਾਣੀ ਹੈ, ਪਰ ਉਸ ਸਮੇਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ, ਜਦ ਦਰਿਆ ਸਮੁੰਦਰ ਵਿਚ ਸਮਾ ਕੇ, ਖੁਦ ਵੀ ਸਮੁੰਦਰ ਹੀ ਹੋ ਜਾਂਦਾ। ਕਦੇ ਦਰਿਆ ਤੋਂ ਸਮੁੰਦਰ ਬਣਨ ਦੀ ਕਿਰਿਆ ਨੂੰ ਅਪਨਾਉਣ ਤੋਂ ਨਾ ਹਿਚਕਚਾਉਣਾ, ਕਿਉਂਕਿ ਇਕ ਹੀ ਕਦਮ ਨਾਲ ਖੁਦ ਤੋਂ ਖੁਦਾਈ ਤੀਕ ਦਾ ਸਫਰ ਤੈਅ ਹੋ ਜਾਂਦਾ।
ਕਿਰਿਆ ਨੂੰ ਅਧੂਰਾ ਜਾਂ ਅਪੂਰਨ ਛੱਡਣ ਨਾਲੋਂ ਬਿਹਤਰ ਹੁੰਦਾ ਕਿ ਕੁਝ ਨਾ ਕਰੋ। ਇਸ ਨਾਲ ਅਪੂਰਨਤਾ ਦੀ ਪੀੜਾ ਤੋਂ ਬਚਿਆ ਜਾ ਸਕਦਾ। ਕਿਰਿਆ ਨੂੰ ਸ਼ੁਰੂ ਕਰਨ ਦਾ ਮਤਲਬ, ਇਸ ਦੀ ਸੰਪੂਰਨਤਾ ਹੁੰਦਾ। ਮੰਜ਼ਿਲ ਦੇ ਅੱਧ-ਵਿਚਕਾਰ ਅਟਕਣ ਵਾਲੇ, ਜੀਵਨ ਦੇ ਸ਼ਾਹ-ਅਸਵਾਰ ਨਹੀਂ ਹੋ ਸਕਦੇ।
ਕਿਰਿਆ, ਜੋ ਦੁੱਖ ਨੂੰ ਸੁੱਖ ਕਰੇ, ਹਾਵਿਆਂ ਨੂੰ ਹਾਸੇ ਵਰੇ, ਚੁੱਪ ਵਿਚ ਬੋਲ ਧਰੇ, ਧੁੱਖਦੇ ਮਨਾਂ ਨੂੰ ਸ਼ਾਤ ਕਰੇ, ਬਲਦੇ ਸਿਵਿਆਂ ਨੂੰ ਠੰਢਾ ਕਰੇ, ਉਜੜੇ ਘਰਾਂ ਨੂੰ ਵੱਸਦਾ ਕਰੇ ਅਤੇ ਦਰਿਆ ਵਿਚ ਉਗੇ ਬਰੇਤਿਆਂ ਦਾ ਬੀਜ ਨਾਸ਼ ਕਰੇ, ਉਹ ਹੀ ਕਿਰਿਆ ਬਣਨ ਦਾ ਧਰਮ ਨਿਭਾਵੇ ਅਤੇ ਮਨੁੱਖ ਨੂੰ ਮਾਨਵਤਾ ਦਾ ਮਾਰਗ ਦਿਖਾਵੇ।
ਕਿਰਿਆ, ਜੋ ਹਰਫਾਂ ਵਿਚ ਜੁਗਨੂੰਆਂ ਦੀ ਡਾਰ ਬਣਾਵੇ, ਇਸ ਦੀ ਤਾਸੀਰ ਨੂੰ ਸਮਿਆਂ ਦਾ ਹਾਣੀ ਬਣਾਵੇ ਅਤੇ ਯੁੱਗ ਯੁੱਗ ਜਿਉਣ ਦਾ ਵਰਦਾਨ ਬਣ ਜਾਵੇ, ਉਹ ਹੀ ਕਰਮਾਂ ਵਾਲੀ ਅਖਵਾਵੇ।
ਕਿਰਿਆਵੀ ਕਿਰਨਾਂ ਕਰਮ, ਕੀਰਤੀ, ਕਰਮ-ਯੋਗਤਾ, ਕਿਰਿਆਸ਼ੀਲਤਾ ਅਤੇ ਕਹਿਕਸ਼ਾਂ ਰਾਹੀਂ ਕੀਰਤੀਮਾਨ ਸਿਰਜਦੀਆਂ, ਜੋ ਜੀਵਨ ਦੀ ਸਾਹ-ਰਗ ਹੁੰਦੀਆਂ।
ਸਭ ਤੋਂ ਉਤਮ ਕਿਰਿਆ ਹੈ ਖੁਦ ਨੂੰ ਜਗਾਉਣਾ, ਅੰਤਰੀਵ ‘ਚ ਝਾਤ ਪਾਉਣਾ, ਇਸ ‘ਤੇ ਜੰਮੀ ਹੋਈ ਮੈਲ ਨੂੰ ਲਾਹੁਣਾ, ਆਪਣੀਆਂ ਨਾਕਾਮੀਆਂ, ਕਮੀਆਂ, ਕੁਤਾਹੀਆਂ ਜਾਂ ਕਮੀਨਗੀਆਂ ਨੂੰ ਪਛਾਣਨਾ ਅਤੇ ਇਨ੍ਹਾਂ ਨੂੰ ਦੂਰ ਕਰਕੇ, ਪਰਮ ਮਨੁੱਖ ਬਣਨ ਦਾ ਸਫਰ ਜਾਰੀ ਰੱਖਣਾ। ਕਿਰਿਆ ਵਿਚ ਨਿਰੰਤਰਤਾ, ਨਰੋਇਆਪਣ, ਨਵੀਨਗੀ, ਨਿਆਰਾਪਣ, ਨਿੱਗਰਤਾ ਤੇ ਨਿਵੇਕਲਾਪਣ ਹੋਵੇ ਤਾਂ ਕਿਰਿਆ ਮਾਣਨਯੋਗ ਅਤੇ ਸਨਮਾਨਯੋਗ ਹੁੰਦੀ। ਬੰਦੇ ਵਿਚ ਬੰਦਿਆਈ ਨੂੰ ਜਗਾਉਂਦੀ।
ਅਜਿਹੀ ਕਿਰਿਆ-ਮਾਰਗ ‘ਤੇ ਸਭ ਨੂੰ ਹੀ ਤੁਰਨ ਦੀ ਲੋੜ ਹੈ ਅਤੇ ਬਿਨਾ ਦੇਰੀ ਕੀਤਿਆਂ ਹੁਣੇ ਤੋਂ ਤੁਰਨਾ ਸ਼ੁਰੂ ਕਰੀਏ।